Connect with us

Editorial

ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰੇ ਪ੍ਰਸ਼ਾਸਨ

Published

on

 

 

ਨਗਰ ਨਿਗਮ ਵਲੋਂ ਭਾਵੇਂ ਸ਼ਹਿਰ ਦੇ ਬੁਨਿਆਦੀ ਢਾਂਚੇ ਦਾ ਰਖ ਰਖਾਓ ਕਰਦਿਆਂ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਗੱਲ ਆਖੀ ਜਾਂਦੀ ਹੈ ਪਰੰਤੂ ਜਮੀਨੀ ਹਾਲਾਤ ਨਿਗਮ ਦੇ ਇਹਨਾਂ ਦਾਅਵਿਆਂ ਤੇ ਸਵਾਲ ਚੁੱਕਦੇ ਹਨ। ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਵਾਸਤੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਮਾਰਕੀਟ ਆਉਣ ਵਾਲੇ ਲੋਕਾਂ ਨੂੰ ਅਕਸਰ ਪਰੇਸ਼ਾਨੀ ਸਹਿਣੀ ਪੈਂਦੀ ਹੈ। ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਆਉਣ ਵਾਲੇ ਵਾਹਨਾਂ ਨੂੰ ਖੜ੍ਹਾ ਕਰਨ ਲਈ ਲਾਈਨਾਂ ਨਾ ਲੱਗੀਆਂ ਹੋਣ ਅਤੇ ਵਾਹਨਾਂ ਦੀ ਪਾਰਕਿੰਗ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵਲੋਂ ਅਕਸਰ ਮਨਮਰਜੀ ਨਾਲ ਅਤੇ ਆੜੇ ਤਿਰਛੇ ਢੰਗ ਨਾਲ (ਜਿੱਥੇ ਥਾਂ ਲੱਭਦੀ ਹੈ) ਆਪਣੇ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ ਅਤੇ ਮਾਰਕੀਟਾਂ ਦੀਆਂ ਪਾਰਕਿੰਗ ਵਿੱਚ ਹਰ ਵੇਲੇ ਵਾਹਨਾਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ।

ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਾਰਕੀਟਾਂ ਵਿੱਚ ਪਹੁੰਚਣ ਵਾਲੇ ਵਾਹਨ ਚਾਲਕਾਂ ਦਾ ਜਿੱਥੇ ਦਿਲ ਕਰਦਾ ਹੈ ਉਹ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ ਅਤੇ ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫੀ ਹੈ ਜਿਹੜੇ ਪਾਰਕਿੰਗ ਵਿੱਚ ਥਾਂ ਨਾ ਮਿਲਣ ਤੇ ਕਿਸੇ ਹੋਰ ਵਾਹਨ ਦੇ ਪਿੱਛੇ ਆਪਣਾ ਵਾਹਨ ਖੜ੍ਹਾ ਕਰਕੇ ਆਪਣੇ ਕੰਮ ਤੇ ਚਲੇ ਜਾਂਦੇ ਹਨ। ਬਾਅਦ ਵਿੱਚ ਜਦੋਂ ਪਹਿਲਾਂ ਤੋਂ ਖੜ੍ਹੇ ਵਾਹਨ ਦਾ ਚਾਲਕ ਵਾਪਸ ਜਾਣ ਲਈ ਆਪਣੀ ਗੱਡੀ ਤਕ ਪਹੁੰਚਦਾ ਹੈ ਤਾਂ ਉਸਨੂੰ ਆਪਣਾ ਵਾਹਨ ਬਾਹਰ ਕੱਢਣ ਲਈ ਥਾਂ ਨਹੀਂ ਮਿਲਦੀ ਅਤੇ ਉਸਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਤਰੀਕੇ ਨਾਲ ਕੀਤੀ ਜਾਂਦੀ ਬੇਤਰਤੀਬ ਪਾਰਕਿੰਗ ਕਾਰਨ ਕਈ ਵਾਰ ਵਾਹਨ ਚਾਲਕਾਂ ਵਿਚਾਲੇ ਝਗੜੇ ਦੀ ਨੌਬਤ ਤਕ ਆ ਜਾਂਦੀ ਹੈ।

ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਮਾੜੀ ਹਾਲਤ ਵਿੱਚ ਹਨ ਅਤੇ ਉਹਨਾਂ ਵਿੱਚ ਖੱਡੇ ਪਏ ਹੋਏ ਹਨ। ਇਹਨਾਂ ਵਿੱਚ ਵਾਹਨ ਖੜੇ ਕਰਨ ਲਈ ਲਗਾਈਆਂ ਲਾਈਨਾਂ ਵੀ ਮਿਟ ਚੁੱਕੀਆਂ ਹਨ ਅਤੇ ਪਾਰਕਿੰਗਾਂ ਵਿੱਚ ਇਹ ਜਾਣਕਾਰੀ ਦੇਣ ਲਈ ਕੋਈ ਬੋਰਡ ਜਾਂ ਨਿਸ਼ਾਨ ਵੀ ਨਹੀਂ ਹਨ ਜਿਸ ਨਾਲ ਇਹ ਪਤਾ ਚਲ ਸਕੇ ਕਿ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਕਿਹੜੇ ਪਾਸੇ ਖੜੇ ਕੀਤੇ ਜਾਣਗੇ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਕਿੱਥੇ ਕੀਤੀ ਜਾਵੇਗੀ। ਅਜਿਹਾ ਹੋਣ ਕਾਰਨ ਆਮ ਵਾਹਨ ਚਾਲਕ ਮਨ ਮਰਜੀ ਨਾਲ ਵਾਹਨ ਖੜੇ ਕਰ ਦਿੰਦੇ ਹਨ ਅਤੇ ਇਹਨਾਂ ਪਾਰਕਿੰਗਾਂ ਵਿੱਚ ਅੱਗੇ ਪਿੱਛੇ ਖੜ੍ਹੇ ਵਾਹਨਾਂ ਕਾਰਨ ਹਾਲਾਤ ਬੇਹਾਲ ਰਹਿੰਦੇ ਹਨ।

ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਆਪਣੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਖੜੇ ਕਰਨ ਵਿਚ ਵੱਡੀ ਸਮੱਸਿਆ ਪੇਸ਼ ਆਉਂਦੀ ਹੈ ਅਤੇ ਉਹਨਾਂ ਦੀ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੀ। ਇਸ ਸੰਬੰਧੀ ਜੇਕਰ ਸਥਾਨਕ ਪ੍ਰਸ਼ਾਸ਼ਨ (ਨਗਰ ਨਿਗਮ) ਵਲੋਂ ਕੀਤੀ ਜਾਂਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ।

ਇੱਥੇ ਹੀ ਬਸ ਨਹੀਂ ਬਲਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਰੇਹੜੀ ਫੜੀ ਵਾਲਿਆਂ ਵਲੋਂ ਨਾਜਾਇਜ ਕਬਜਾ ਕਰਕੇ ਖਾਣ ਪੀਣ ਦਾ ਸਾਮਾਨ ਵੇਚਣ ਦੀ ਕਾਰਵਾਈ ਵੀ ਪਾਰਕਿੰਗ ਵਿਵਸਥਾ ਵਿੱਚ ਵੱਡੀ ਰੁਕਾਵਟ ਬਣਦੀ ਹੈ। ਇਹ ਰੇਹੜੀਆਂ ਫੜੀਆਂ ਵਾਲੇ ਆਪਣੇ ਆਸ ਪਾਸ ਦੀ ਥਾਂ ਤੇ ਲੋਕਾਂ ਦੇ ਬੈਠਣ ਦਾ ਜੁਗਾੜ ਵੀ ਕਰ ਲੈਂਦੇ ਹਨ ਤਾਂ ਜੋ ਉਹਨਾਂ ਕੋਲ ਆਉਣ ਵਾਲੇ ਗ੍ਰਾਹਕ ਉੱਥੇ ਬੈਠ ਸਕਣ। ਇਸ ਸਾਰੇ ਕੁੱਝ ਕਾਰਨ ਮਾਰਕੀਟਾਂ ਵਿੱਚ ਆਉਣ ਵਾਲ ਲੋਕਾਂ ਨੂੰ ਆਪਣਾ ਵਾਹਨ ਖੜ੍ਹਾਉਣ ਲਈ ਲੋੜੀਂਦੀ ਥਾਂ ਨਹੀਂ ਮਿਲਦੀ ਅਤੇ ਉਹਨਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਪਰੇਸ਼ਾਨ ਹੋਣਾ ਪੈਂਦਾ ਹੈ।

ਸ਼ਹਿਰ ਦੇ ਵਪਾਰੀਆਂ ਦੀ ਨੁਮਾਇੰਦਿਗੀ ਕਰਨ ਵਾਲੇ ਵਪਾਰ ਮੰਡਲ ਵਲੋਂ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਤੋਂ ਮੰਗ ਕੀਤੀ ਜਾਂਦੀ ਹੈ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਅਤੇ ਇਹਨਾਂ ਵਿੱਚ ਲਾਈਨਾਂ ਅਤੇ ਸਿਗਨਲ ਆਦਿ ਲਗਾਏ ਜਾਣ ਪਰੰਤੂ ਇਸ ਪੱਖੋਂ ਨਗਰ ਨਿਗਮ ਦੀ ਕਾਰਗੁਜਾਰੀ ਸਿਰਫ ਖਾਨਾਪੂਰਤੀ ਕਰਨ ਤਕ ਹੀ ਸੀਮਿਤ ਹੈ ਜਿਸ ਕਾਰਨ ਲੋਕਾਂ ਨੂੰਨਾਂ ਸਿਰਫ ਖੱਜਲਖੁਆਰ ਹੋਣਾ ਪੈਂਦਾ ਹੈ ਬਲਕਿ ਇਸ ਕਾਰਨ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ। ਨਗਰ ਨਿਗਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚ ਵਾਹਨ ਖੜੇ ਕਰਨ ਲਈ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਅਤੇ ਇਸ ਵਾਸਤੇ ਇਹਨਾਂ ਪਾਰਕਿੰਗਾਂ ਦੀ ਲੋੜੀਂਦੀ ਮੁਰਮੰਤ ਕਰਕੇ ਉੱਥੇ ਵਾਹਨ ਖੜ੍ਹਾਉਣ ਲਈ ਲਾਈਨਾਂ ਅਤੇ ਹੋਰ ਸਿਗਨਲ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ।

Continue Reading

Editorial

ਲਗਾਤਾਰ ਬਦਹਾਲ ਹੁੰਦੀ ਟ੍ਰੈਫਿਕ ਵਿਵਸਥਾ ਦੇ ਹਲ ਲਈ ਲੋੜੀਂਦੀ ਕਾਰਵਾਈ ਕਰੇ ਪ੍ਰਸ਼ਾਸਨ

Published

on

By

 

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਲਗਾਤਾਰ ਬਦਹਾਲ ਹੁੰਦੀ ਜਾ ਰਹੀ ਹੈ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ। ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ਹਿਰ ਦੀਆਂ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਸੜਕਾਂ ਤੇ ਲਗਾਤਾਰ ਵੱਧਦੀ ਵਾਹਨਾਂ ਦੀ ਇਸ ਭੀੜ ਕਾਰਨ ਆਵਾਜਾਈ ਦੀ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ।

ਅੱਜ ਕੱਲ ਨਵਾਂ ਵਾਹਨ ਲੈਣਾ ਤਾਂ ਆਸਾਨ ਹੋ ਗਿਆ ਹੈ, ਪਰ ਸੜਕ ਤੇ ਭਾਰੀ ਆਵਾਜਾਈ ਹੋਣ ਕਾਰਨ ਵਾਹਨ ਚਲਾਉਣਾ ਕਾਫੀ ਔਖਾ ਹੋ ਗਿਆ ਹੈ। ਟ੍ਰੈਫਿਕ ਵਿਵਸਥਾ ਵਿੱਚ ਸਭ ਤੋਂ ਵੱਡੀ ਸਮੱਸਿਆ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਕਾਰਨ ਆਉਂਂਦੀ ਹੈ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ। ਇਹਨਾਂ ਆਟੋ ਚਾਲਕਾਂ ਵਲੋਂ ਸ਼ਹਿਰ ਵਿੱਚ ਕਈ ਥਾਵਾਂ ਤੇ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਪੱਕੇ ਅੱਡੇ ਬਣਾਏ ਹੋਏ ਹਨ, ਜਿਥੇ ਕਾਫੀ ਗਿਣਤੀ ਵਿੱਚ ਆਟੋ ਸਾਰਾ ਦਿਨ ਖੜੇ ਰਹਿੰਦੇ ਹਨ। ਸੜਕ ਕਿੜਾਰੇ ਖੜ੍ਹੇ ਹੋਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਕਾਰਨ ਵੀ ਸੜਕ ਦਾ ਕਾਫੀ ਹਿੱਸਾ ਘੇਰਿਆ ਜਾਂਦਾ ਹੈੈ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ।

ਇਹ ਆਟੋ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਅਤੇ ਸਵਾਰੀਆਂ ਚੁਕਣ ਲਈ ਤੇਜ ਰਫਤਾਰ ਨਾਲ ਆਟੋ ਚਲਾਉਂਦੇ ਹਨ ਜਿਸ ਕਾਰਨ ਸੜਕ ਤੇ ਚਲਦੇ ਹੋਰਨਾਂ ਵਾਹਨਾਂ ਦੇ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਸਵਾਰੀ ਨੂੰ ਵੇਖ ਕੇ ਸੜਕ ਤੇ ਚਲਦੇ ਚਲਦੇ ਕੋਈ ਆਟੋ ਚਾਲਕ ਕਦੋਂ ਆਪਣੇ ਵਾਹਨ ਨੂੰ ਅਚਾਨਕ ਬ੍ਰੇਕ ਲਗਾ ਦੇਵੇਗਾ ਕੁੱਝ ਕਿਹਾ ਨਹੀਂ ਜਾ ਸਕਦਾ ਅਤੇ ਇਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ ਅਤੇ ਇਸ ਕਾਰਨ ਕਈ ਵਾਰ ਵਾਹਨ ਚਾਲਕਾਂ ਵਿਚਕਾਰ ਲੜਾਈ ਝਗੜੇ ਦੀ ਨੌਬਤ ਵੀ ਬਣ ਜਾਂਦੀ ਹੈ।

ਸ਼ਹਿਰ ਦੀਆਂ ਸੜਕਾਂ ਤੇ ਹਰ ਵੇਲੇ ਰਹਿਣ ਵਾਲੀ ਭਾਰੀ ਭੀੜ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ਹਿਰ ਵਿੱਚ ਰੋਜਾਨਾ ਵੱਡੀ ਗਿਣਤੀ ਲੋਕ ਆਪਣੇ ਕੰਮ ਕਾਰ ਲਈ ਨੇੜਲੇ ਖੇਤਰਾਂ ਤੋਂ ਆਉਂਦੇ ਹਨ। ਸਾਡੇ ਸ਼ਹਿਰ ਨੂੰ ਨਾ ਸਿਰਫ ਜਿਲ੍ਹਾ ਹੈਡਕੁਆਟਰ ਦਾ ਦਰਜਾ ਹਾਸਿਲ ਹੈ ਬਲਕਿ ਪੰਜਾਬ ਸਰਕਾਰ ਦੇ ਜਿਆਦਾਤਰ ਮੁੱਖ ਦਫਤਰ ਵੀ ਚੰਡੀਗੜ੍ਹ ਤੋਂ ਬਦਲ ਕੇ ਮੁਹਾਲੀ ਆ ਗਏ ਹਨ ਅਤੇ ਇਹਨਾਂ ਦਫਤਰਾਂ ਵਿੱਚ ਕੰਮ ਕਰਦੇ ਮੁਲਾਜਮ ਅਤੇ ਇਹਨਾਂ ਦਫਤਰਾਂ ਵਿੱਚ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕ ਵੀ ਆਪਣੇ ਵਾਹਨਾਂ ਰਾਂਹੀ ਹੀ ਸ਼ਹਿਰ ਵਿੱਚ ਆਉਂਦੇ ਜਾਂਦੇ ਹਨ।

ਗੇੜੀਆਂ ਮਾਰਨ ਦੇ ਸ਼ੌਕੀਨ ਪੂਰੇ ਜਿਲੇ ਦੇ ਨੌਜਵਾਨ ਵੀ ਆਪਣੇ ਵਾਹਨਾਂ ਵਿੱਚ ਸਵਾਰ ਹੋ ਕੇ ਸਾਰਾ ਦਿਨ ਸਾਡੇ ਸ਼ਹਿਰ ਵਿੱਚ ਇਧਰੋਂ ਉਧਰ ਘੁੰਮਦੇ ਰਹਿੰਦੇ ਹਨ। ਚੰਡੀਗੜ੍ਹ ਵਿੱਚ ਪੁਲੀਸ ਦੀ ਸਖਤੀ ਕਾਰਨ ਨੌਜਵਾਨਾ ਦੇ ਇਹ ਟੋਲੇ ਸਾਡੇ ਸ਼ਹਿਰ ਨੂੰ ਵੱਧ ਸੁਰਖਿਅਤ ਟਿਕਾਣਾ ਸਮਝਦੇ ਹਨ ਅਤੇ ਆਪਣੇ ਸਾਰਾ ਦਿਨ ਸੜਕਾਂ ਤੇ ਖੜਦੂੰਗ ਪਾਉਂਦੇ ਦਿਖਦੇ ਹਨ। ਹਾਲਾਂਕਿ ਸ਼ਹਿਰ ਵਿੱਚ ਆਵਾਜਾਈ ਵਿਵਸਥਾ ਨੂੰ ਕਾਬੂ ਕਰਨ ਲਈ ਇੱਥੇ ਟ੍ਰੈਫਿਕ ਪੁਲੀਸ ਵੀ ਤੈਨਾਤ ਹੈ ਪਰੰਤੂ ਸ਼ਹਿਰ ਵਿੱਚ ਤੈਨਾਤ ਟੈ੍ਰਫਿਕ ਪੁਲੀਸ ਦਾ ਧਿਆਨ ਵੀ ਆਵਾਜਾਈ ਨੂੰ ਸੁਚਾਰੂਰੂਪ ਨਾਲ ਚਲਦਾ ਰੱਖਣ ਦੀ ਥਾਂ ਵਾਹਨ ਚਾਲਕਾਂ ਦੇ ਚਾਲਾਨ ਕਰਨ ਵੱਲ ਵਧੇਰੇ ਰਹਿੰਦਾ ਹੈ।

ਸੜਕਾਂ ਤੇ ਚਲਦੇ ਵਾਹਨਾਂ ਦੇ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਵੀ ਆਮ ਦਿਖਦੀ ਹੈ ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਅਕਸਰ ਜਾਮ ਦੀ ਹਾਲਤ ਬਣ ਜਾਂਦੀ ਹੈ। ਲੋਕਾਂ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਕਾਰਨ ਵੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਸੜਕਾਂ ਦੇ ਕਿਨਾਰੇ ਤੇ ਵਾਹਨਾਂ ਦੀ ਕਤਾਰ ਲੱਗ ਜਾਣ ਕਾਰਨ ਪਹਿਲਾਂ ਹੀ ਤੰਗ ਸੜਕਾਂ ਹੋਰ ਵੀ ਤੰਗ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਥਾਵਾਂ ਤੇ ਸੜਕਾਂ ਕਿਨਾਰੇ ਫਲ ਫਰੂਟ ਅਤੇ ਹੋਰ ਸਮਾਨ ਵੇਚਣ ਵਾਲੀਆਂ ਰੇਹੜ੍ਹੀਆਂ ਵੀ ਖੜੀਆਂ ਹੁੰਦੀਆਂ ਹਨ, ਜਿਹਨਾਂ ਕਾਰਨ ਸੜਕ ਦਾ ਕਾਫੀ ਹਿੱਸਾ ਰੁਕ ਜਾਂਦਾ ਹੈ। ਇਹਨਾਂ ਰੇਹੜੀਆਂ ਫੜੀਆਂ ਤੋਂ ਸਮਾਨ ਖਰੀਦਣ ਵਾਲੇ ਲੋਕਾਂ ਦੇ ਵਾਹਨ ਵੀ ਸੜਕ ਉਪਰ ਹੀ ਖੜ੍ਹਾਂ ਦਿੱਤੇ ਜਾਂੰਦੇ ਹਨ, ਜਿਸ ਕਾਰਨ ਆਵਾਜਾਈ ਦੀ ਸਮੱਸਿਆ ਖੜੀ ਹੋ ਜਾਂਦੀ ਹੈ।

ਸਥਾਨਕ ਪ੍ਰਸ਼ਾਸਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਆਵਾਜਾਈ ਦੀ ਸਮੱਸਿਆ ਦੇ ਹਲ ਲਈ ਠੋਸ ਉਪਰਾਲੇ ਕੀਤੇ ਜਾਣ ਅਤੇ ਸ਼ਹਿਰ ਵਿੱਚ ਤੇਜ ਰਫਤਾਰ ਨਾਲ ਚਲਦੇ ਵਾਹਨਾਂ ਅਤੇ ਲੋਕਾਂ ਵਲੋਂ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਹਲ ਹੋਣ।

 

Continue Reading

Editorial

ਪਰਵਾਸੀ ਪੰਛੀਆਂ ਦੀ ਉਡੀਕ ਕਰਨ ਲੱਗੇ ਪੰਜਾਬੀ

Published

on

By

 

 

ਕੱਤਕ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬੀਆਂ ਨੂੰ ਪਰਵਾਸੀ ਪੰਛੀਆਂ ਦੀ ਉਡੀਕ ਸ਼ੁਰੂ ਹੋ ਗਈ ਹੈ। ਹਰ ਸਾਲ ਹੀ ਕੱਤਕ ਮਹੀਨੇ ਹਲਕੀ ਠੰਡ ਸ਼ੁਰੂ ਹੋਣ ਦੇ ਨਾਲ ਹੀ ਦੂਰ ਦੇ ਦੇਸ਼ਾਂ ਤੋਂ ਕਈ ਤਰ੍ਹਾਂ ਦੇ ਪਰਵਾਸੀ ਪੰਛੀ ਪੰਜਾਬ ਅਤੇ ਦੇਸ਼ ਦੇ ਹੋਰਨਾਂ ਇਲਾਕਿਆਂ ਵਿੱਚ ਆਉਂਦੇ ਹਨ ਜੋ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਵਾਪਸ ਚਲੇ ਜਾਂਦੇ ਹਨ।

ਇਹਨਾਂ ਪਰਵਾਸੀ ਪੰਛੀਆਂ ਵਿੱਚ ਕੂੰਜਾਂ ਵੀ ਹੁੰਦੀਆਂ ਹਨ। ਪੰਜਾਬੀ ਸਭਿਆਚਾਰ ਵਿੱਚ ਕੂੰਜਾਂ ਨੂੰ ਵਿਸ਼ੇਸ ਥਾਂ ਦਿੱਤੀ ਹੋਈ ਹੈ ਅਤੇ ਪੰਜਾਬੀ ਲੋਕ ਗੀਤਾਂ ਵਿੱਚ ਵੀ ਕੂੰਜਾਂ ਦਾ ਜ਼ਿਕਰ ਮਿਲਦਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਕੱਤਕ ਮਹੀਨੇ ਵਿੱਚ ਵੱਡੀ ਗਿਣਤੀ ਪਰਵਾਸੀ ਪੰਜਾਬੀ ਵੀ ਪੰਜਾਬ ਆਉਂਦੇ ਹਨ ਅਤੇ ਇੱਥੇ ਆ ਕੇ ਵੱਡੇ ਪੱਧਰ ਤੇ ਖਰੀਦਦਾਰੀ ਕਰਦੇ ਹਨ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਮਜਬੂਤ ਹੁੰਦੀ ਹੈ ਅਤੇ ਦੁਕਾਨਦਾਰਾਂ ਨੂੰ ਚੰਗੀ ਆਮਦਨੀ ਹੁੰਦੀ ਹੈ। ਇਸਦੇ ਨਾਲ ਹੀ ਪੰਜਾਬ ਦੇ ਅਸਮਾਨ ਵਿੱਚ ਉਡਾਰੀਆਂ ਮਾਰਦੇ ਪਰਵਾਸੀ ਪੰਛੀ ਵੀ ਆਪਣੀਆਂ ਮਧੁਰ ਆਵਾਜ਼ਾਂ ਵਿੱਚ ਬੋਲਦੇ ਪੰਜਾਬ ਦੇ ਵਾਤਾਵਰਣ ਵਿੱਚ ਰੰਗ ਲਾਉਂਦੇ ਹਨ।

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਵੀ ਹਰ ਸਾਲ ਸਿਆਲ ਰੁੱਤ ਦੀ ਆਮਦ ਦੇ ਨਾਲ ਹੀ ਅਨੇਕਾਂ ਤਰ੍ਹਾਂ ਦੇ ਪਰਵਾਸੀ ਪੰਛੀ ਆ ਕੇ ਆਪਣਾ ਡੇਰਾ ਲਗਾ ਲੈਂਦੇ ਹਨ ਅਤੇ ਪੰਜਾਬ, ਹਰਿਆਣਾ ਅਤੇ ਹੋਰਨਾਂ ਰਾਜਾਂ ਦੇ ਲੋਕ ਦੂਰ ਦੂਰ ਤੋਂ ਇਹਨਾਂ ਪਰਵਾਸੀ ਪੰਛੀਆਂ ਨੂੰ ਵੇਖਣ ਅਤੇ ਸੁਖਨਾ ਝੀਲ ਦਾ ਆਨੰਦ ਮਾਨਣ ਲਈ ਆਉਂਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਹਰੀਕੇ ਪੱਤਣ ਵਿਖੇ ਵੀ ਹਜਾਰਾਂ ਦੀ ਗਿਣਤੀ ਵਿੱਚ ਪਰਵਾਸੀ ਪੰਛੀ ਆਉਂਦੇ ਹਨ। ਪੰਜਾਬ ਵਿੱਚ ਹੋਰ ਵੀ ਕਈ ਜਲਗਾਹਾਂ ਅਤੇ ਪੱਤਣ ਹਨ, ਜਿਥੇ ਕਿ ਪਰਵਾਸੀ ਪੰਛੀ ਆਪਣਾ ਡੇਰਾ ਲਗਾਉਂਦੇ ਹਨ। ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਰੱਖੜਾ ਨੇੜੇ ਵਸੇ ਪਿੰਡ ਹਿਆਣਾ ਕਲਾਂ ਦੇ ਵੱਡੇ ਟੋਭੇ ਵਿੱਚ ਵੀ ਹਰ ਸਾਲ ਪਰਵਾਸੀ ਪੰਛੀ ਆ ਕੇ ਆਪਣਾ ਡੇਰਾ ਲਗਾਉਂਦੇ ਹਨ।

ਇਹ ਪਰਵਾਸੀ ਪੰਛੀ ਪੰਜਾਬੀ ਜਨ ਜੀਵਨ ਦਾ ਅੰਗ ਬਣੇ ਹੋਏ ਹਨ ਅਤੇ ਹਰ ਸਾਲ ਇਹ ਪਰਵਾਸੀ ਪੰਛੀ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਦਾ ਆਨੰਦ ਮਾਣਦੇ ਹਨ। ਇਸ ਸਮੇਂ ਪੰਛੀ ਪ੍ਰੇਮੀ ਇਹਨਾਂ ਪਰਵਾਸੀ ਪੰਛੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਬਿਊਰੋ

Continue Reading

Editorial

ਪਹਿਲਾਂ ਦੇ ਮੁਕਾਬਲੇ ਪੰਜਾਬੀਆਂ ਦਾ ਕੈਨੇਡਾ ਪ੍ਰਤੀ ਮੋਹ ਘਟਿਆ

Published

on

By

 

ਪੰਜਾਬੀਆਂ ਵਿੱਚ ਨਿਊਜ਼ੀਲੈਂਡ ਅਤੇ ਹੋਰਨਾਂ ਦੇਸ਼ਾਂ ਵੱਲ ਪ੍ਰਵਾਸ ਦਾ ਵਧਿਆ ਰੁਝਾਨ

ਪਿਛਲੇ ਸਮੇਂ ਦੌਰਾਨ ਕੈਨੇਡਾ ਵੱਲੋਂ ਵੀਜ਼ਾ ਨਿਯਮ ਸਖ਼ਤ ਕੀਤੇ ਜਾਣ ਅਤੇ ਉਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਤਨਾਓ ਪੈਦਾ ਹੋਣ ਕਾਰਨ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀ ਹੁਣ ਕੈਨੇਡਾ ਜਾਣ ਦੀ ਥਾਂ ਨਿਊਜ਼ੀਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦੇਣ ਲੱਗੇ ਹਨ। ਕੈਨੇਡਾ ਤੋਂ ਇਲਾਵਾ ਅਮਰੀਕਾ ਅਤੇ ਆਸਟ੍ਰੇਲੀਆ ਵੱਲੋਂ ਵੀ ਵੀਜ਼ਾ ਨਿਯਮ ਸਖ਼ਤ ਕਰਨ, ਗ਼ੈਰਕਾਨੂੰਨੀ ਪਰਵਾਸੀਆਂ ਨੂੰ ਪਨਾਹ ਨਾ ਦੇਣ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਦੇ ਮੂਲ ਦੇਸ਼ਾਂ ਵਿੱਚ ਵਾਪਸ ਭੇਜਣ ਦੇ ਨਵੇਂ ਨਿਯਮਾਂ ਕਾਰਨ ਪਰਵਾਸੀਆਂ ਲਈ ਹੁਣ ਇਹਨਾਂ ਦੇਸ਼ਾਂ ਦੇ ਪੱਕੇ ਵਸਨੀਕ ਬਣਨਾ ਬਹੁਤ ਔਖਾ ਹੋ ਗਿਆ ਹੈ। ਇਸੇ ਕਾਰਨ ਵੱਡੀ ਗਿਣਤੀ ਪੰਜਾਬੀ ਹੁਣ ਨਿਊਜ਼ੀਲੈਂਡ ਅਤੇ ਹੋਰਨਾਂ ਦੇਸ਼ਾਂ ਵੱਲ ਜਾਣ ਦੀ ਤਿਆਰੀ ਕਰਨ ਲੱਗ ਪਏ ਹਨ।

ਹਾਲਾਂਕਿ ਨਿਊਜ਼ੀਲੈਂਡ ਵਿੱਚ ਪਹਿਲਾਂ ਤੋਂ ਹੀ ਵੱਡੀ ਗਿਣਤੀ ਪੰਜਾਬੀ ਅਤੇ ਭਾਰਤੀ ਰਹਿ ਰਹੇ ਹਨ। ਨਿਊਜ਼ੀਲੈਂਡ ਵਿੱਚ ਸਾਲ 2023 ਵਿੱਚ ਹੋਈ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਹੁਣ ਤੀਜੇ ਨੰਬਰ ਤੇ ਪਹੁੰਚ ਗਏ ਹਨ। ਇੰਨਾਂ ਦੀ ਗਿਣਤੀ 5.8 ਫੀਸਦੀ ਯਾਨੀ 2,92,092 ਹੈ। ਜਦਕਿ ਪਹਿਲੀ ਥਾਂ ਤੇ ਯੂਰਪੀਅਨ ਲੋਕ (62.1 ਫੀਸਦੀ) ਹਨ, ਜਿਨ੍ਹਾਂ ਦੀ ਗਿਣਤੀ 30,99,858 ਹੈ। ਦੂਜੇ ਨੰਬਰ ਤੇ ਮੂਲ ਨਿਵਾਸੀ ਮਾਓਰੀ ਲੋਕ 17.8 ਫ਼ੀਸਦੀ ਹਨ, ਇਨ੍ਹਾਂ ਦੀ 8,87,493 ਅਬਾਦੀ ਹੈ।

ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਸਭਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਆ ਗਈ ਹੈ। ਉਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ 45.1 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 9ਵੇਂ ਨੰਬਰ ਉੱਤੇ ਹੈ। ਉਧਰ ਦੂਜੇ ਪਾਸੇ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 5ਵੇਂ ਨੰਬਰ ਉੱਤੇ ਹੈ।

ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਪਰਵਾਸੀ ਲੋਕਾਂ ਦੀ ਵੱਧਦੀ ਗਿਣਤੀ ਤੋਂ ਉਥੋਂ ਦੀ ਸਰਕਾਰ ਚਿੰਤਤ ਹੋ ਗਈ ਹੈ। ਸਪੁਟਨਿਕ ਦੀ ਰਿਪੋਰਟ ਅਨੁਸਾਰ ਇਕੱਲੇ ਸਾਲ 2023 ਵਿੱਚ 173,000 ਪ੍ਰਵਾਸੀ ਮਜ਼ਦੂਰ ਨਿਊਜ਼ੀਲੈਂਡ ਪਹੁੰਚੇ ਸਨ, ਜਿਨ੍ਹਾਂ ਵਿਚੋਂ 35 ਫੀਸਦੀ ਭਾਰਤੀ ਸਨ। ਨਿਊਜ਼ੀਲੈਂਡ ਸਰਕਾਰ ਨੇ 7 ਅਪ੍ਰੈਲ 2024 ਨੂੰ ਦੇਸ਼ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਲਈ ਵੀਜ਼ਾ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਸੀ। ਨਿਊਜ਼ੀਲੈਂਡ ਦੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਭਾਰਤੀ ਕਾਮਿਆਂ ਲਈ ਵੱਡਾ ਝਟਕਾ ਮੰਨਿਆ ਗਿਆ ਹੈ। ਜਾਰੀ ਕੀਤੇ ਗਏ ਬਦਲਾਅ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਨਿਊਜ਼ੀਲੈਂਡ ਦੀ ਤਰਜੀਹ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਪ੍ਰਦਾਨ ਕਰਨਾ ਹੈ। ਇਸਦੇ ਬਾਵਜੂਦ ਪੰਜਾਬੀਆਂ ਦਾ ਨਿਊਜ਼ੀਲੈਂਡ ਜਾਣ ਦਾ ਰੁਝਾਨ ਵੱਧ ਰਿਹਾ ਹੈ ਅਤੇ ਨਿਊਜ਼ੀਲੈਂਡ ਦੇ ਕਈ ਇਲਾਕਿਆਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਵੇਖੇ ਜਾ ਰਹੇ ਹਨ।

ਅੰਤਰਰਾਸ਼ਟਰੀ ਪਰਵਾਸ ਦੇ ਮਾਹਿਰ ਕਹਿੰਦੇ ਹਨ ਕਿ ਵੱਖ- ਵੱਖ ਦੇਸ਼ਾਂ ਵੱਲੋਂ ਵੀਜ਼ਾਂ ਨਿਯਮਾਂ ਭਾਵੇਂ ਜਿੰਨੇ ਮਰਜ਼ੀ ਸਖ਼ਤ ਕਰ ਲਏ ਜਾਣ ਪਰ ਪੰਜਾਬੀਆਂ ਦੇ ਪਰਵਾਸ ਨੂੰ ਇਹ ਸਖ਼ਤ ਨਿਯਮ ਵੀ ਰੋਕ ਨਹੀਂ ਸਕਦੇ। ਅਸਲ ਵਿੱਚ ਪੰਜਾਬੀਆਂ ਸਮੇਤ ਪੂਰੇ ਦੇਸ਼ ਦੇ ਨਾਗਰਿਕਾਂ ਦਾ ਵਿਦੇਸ਼ਾਂ ਵਿੱਚ ਵਸਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਮਹੀਨੇ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਭਾਰਤੀਆਂ ਦੇ ਪਰਵਾਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਵਿਦੇਸ਼ ਰਾਜ ਮੰਤਰੀ ਵਲੋਂ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ ਬਾਰੇ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ 834,000 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ। ਰਾਜ ਸਭਾ ਵਿੱਚ ਉਨ੍ਹਾਂ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ 2023 ਵਿੱਚ ਦੋ ਲੱਖ 16 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਸੀ, ਜਿਹਨਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਸੀ। ਇਹ ਬਹੁਤ ਵੱਡੀ ਗਿਣਤੀ ਹੈ ਅਤੇ ਇਹ ਸਵਾਲ ਉੱਠਦਾ ਹੈ ਕਿ ਇੰਨੇ ਸਾਰੇ ਲੋਕ ਭਾਰਤ ਛੱਡ ਕੇ ਵਿਦੇਸ਼ਾਂ ਵਿੱਚ ਕਿਉਂ ਜਾ ਰਹੇ ਹਨ।

ਪਿਛਲੇ ਸਾਲ ਸਤੰਬਰ ਮਹੀਨੇ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਇਆ ਤਣਾਅ ਕਦੋਂ ਖਤਮ ਹੋਵੇਗਾ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਵੱਡੀ ਗਿਣਤੀ ਪੰਜਾਬੀ ਹੁਣ ਕੈਨੇਡਾ ਦੀ ਥਾਂ ਨਿਊਜ਼ੀਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਜਾ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਰੁਜ਼ਗਾਰ ਦੀ ਘਾਟ, ਵੱਧ ਰਹੀ ਮਹਿੰਗਾਈ, ਰਿਹਾਇਸ਼ ਲਈ ਆ ਰਹੀ ਵੱਡੀ ਸਮੱਸਿਆ ਅਤੇ ਹੋਰਨਾਂ ਕਾਰਨਾਂ ਕਾਰਨ ਪੰਜਾਬੀਆਂ ਦਾ ਕੈਨੇਡਾ ਤੋਂ ਮੋਹ ਕੁਝ ਘੱਟ ਹੋ ਰਿਹਾ ਹੈ ਤੇ ਪੰਜਾਬੀ ਹੋਰਨਾਂ ਦੇਸ਼ਾਂ ਵੱਲ ਉਡਾਰੀਆਂ ਮਾਰਨ ਲੱਗ ਪਏ ਹਨ।

ਬਿਊਰੋ

Continue Reading

Trending