Connect with us

Editorial

ਆਜ਼ਾਦ ਭਾਰਤ ਦਾ ਉਹ ਕਾਲਾ ਦੌਰ : 25 ਜੂਨ 1975

Published

on

 

ਐਮਰਜੈਂਸੀ ਨੇ ਦੇਸ਼ ਦੀ ਜਮਹੂਰੀਅਤ ਨੂੰ ਸ਼ਰਮਸਾਰ ਕੀਤਾ

25 ਜੂਨ 1975 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਜਮਹੂਰੀਅਤ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਦਿਆਂ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਐਮਰਜੈਂਸੀ ਦੇ ਵਿਰੋਧ ਵਿੱਚ ਆਏ ਹਜ਼ਾਰਾਂ ਲੋਕਾਂ ਅਤੇ ਵੱਡੇ-ਵੱਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਐਮਰਜੈਂਸੀ ਲੱਗਣ ਦੇ ਚੌਥੇ ਕੁ ਦਿਨ ਮੈਂ ਪਟਿਆਲੇ ਤੋਂ ਪਿੰਡ ਜਾਣ ਲਈ ਬੱਸ ਫੜ੍ਹ ਕੇ ਜਿਵੇਂ ਹੀ ਰਾਜਪੁਰੇ ਬੱਸ ਅੱਡੇ ਤੇ ਉਤਰਿਆਂ ਤਾਂ ਪੁਲੀਸ ਦੀ ਟੀਮ ਨੇ ਆ ਦਬੋਚਿਆ। ਕਾਰਨ ਪੁੱਛਣ ਤੇ ਥਾਣੇਦਾਰ ਨੇ ਕਿਹਾ ਕਿ ਡੀ. ਐਸ. ਪੀ. ਨੇ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ।

ਸ਼ਾਮ ਤੱਕ ਜਦੋਂ ਡੀ. ਐਸ. ਪੀ. ਨਾ ਆਇਆ ਤਾਂ ਥਾਣੇਦਾਰ ਕਹਿਣ ਲੱਗਿਆ ਡਿਪਟੀ ਸਾਹਿਬ ਕੱਲ੍ਹ ਸਵੇਰ ਆਉਣਗੇ। ਉਸ ਵੇਲੇ ਤੱਕ ਮੈਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਮੇਰੀ ਹਿਰਾਸਤ ਦਾ ਕਾਰਨ ਮੁਲਕ ਵਿੱਚ ਲੱਗੀ ਐਮਰਜੈਂਸੀ ਹੀ ਹੈ। ਮੈਂਨੂੰ ਗ੍ਰਿਫਤਾਰ ਕਰਨ ਦਾ ਕਾਰਨ ਸੀ ਕਿ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ” ਵਲੋਂ ਪਟਿਆਲੇ ਇਲਾਕੇ ਵਿਚ ਐਮਰਜੈਂਸੀ ਦਾ ਵਿਰੋਧ ਕਰਨ ਦੀ ਹੱਥ ਲਿਖਤ ਅਪੀਲ ਵੰਡੀ ਸੀ।

ਅਗਲੇ ਦਿਨ ਇੱਕ ਡੀ. ਐਸ. ਪੀ. ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਸਿਰਫ ਇਕ ਸ਼ਰਤ ਉੱਤੇ ਹੀ ਛੱਡ ਸਕਦੇ ਹਾਂ ਕਿ ਤੁਸੀ ਐਮਰਜੈਂਸੀ ਦੀ ਹਮਾਇਤ ਵਿਚ ਇਕ ਪ੍ਰੈਸ ਬਿਆਨ ਜਾਰੀ ਕਰ ਦਿਉ। ਮੇਰੇ ਨਾ ਕਰਨ ਉੱਤੇ ਉਸਨੇ ਧਮਕੀ ਭਰੇ ਲਹਿਜ਼ੇ ਵਿਚ ਬੁਰੇ ਨਤੀਜੇ ਭੁਗਤਣ ਤੋਂ ਬਚਣ ਦੀ ਸਲਾਹ ਦਿੱਤੀ। ਅਗਲੇ 15 ਦਿਨ ਮੈਂਨੂੰ ਰਾਜਪੁਰੇ ਥਾਣੇ ਵਿਚ ਰੱਖ ਕੇ ਐਮਰਜੈਂਸੀ ਦੀ ਹਿਮਾਇਤ ਕਰਨ ਲਈ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ। ਉਸ ਵੇਲੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਡੀ. ਆਈ. ਜੀ. ਇੰਟੈਲੀਜੈਂਸ ਮਿਸਟਰ ਬਾਵਾ ਉਚੇਚਾ ਮੈਨੂੰ ਮਨਾਉਣ ਲਈ ਭੇਜਿਆ। ਹਰ ਤਰ੍ਹਾ ਦੇ ਡਰਾਵੇ ਅਤੇ ਲਾਲਚ ਦੇ ਕੇ ਵੀ ਜਦੋਂ ਸਰਕਾਰ ਮੇਰੇ ਕੋਲੋਂ ਐਮਰਜੈਂਸੀ ਦੀ ਹਮਾਇਤ ਨਾ ਕਰਵਾ ਸਕੀ ਤਾਂ ਆਖਰ ਮੀਸਾ (ਅੰਦਰੂਨੀ ਸੁਰੱਖਿਆ ਐਕਟ) ਲਾ ਕੇ ਮੈਨੂੰ ਪਟਿਆਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ।

ਪਟਿਆਲਾ ਜੇਲ੍ਹ ਦੀ ਡਿਉਢੀ ਵਿਚ ਜਦੋਂ ਮੈਨੂੰ ਸਮੱਗਲਰਾਂ ਦੇ ਅਹਾਤੇ ਵਿਚ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਪਹਿਲਾਂ ਹੀ ਸਹਿਮਿਆ ਹੋਇਆ ਮੈਂ ਹੋਰ ਡਰ ਗਿਆ। ਪ੍ਰੰਤੂ ਇਹ ਡਰ ਉਸ ਵੇਲੇ ਦੂਰ ਹੋ ਗਿਆ ਜਦੋਂ ਉਨ੍ਹਾਂ ਨੇ ‘ਪਾੜਾ’ ਆਖ ਮੇਰਾ ਸਵਾਗਤ ਕੀਤਾ। ਅਗਲੇ ਹੀ ਦਿਨ ਅਕਾਲੀ ਆਗੂ ਜਸਵਿੰਦਰ ਸਿੰਘ ਬਰਾੜ ਅਤੇ ਬਾਅਦ ਵਿੱਚ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਖਿਲਾਫ਼ ਇਕ ਸਾਂਝਾ ਐਲਾਨ ਨਾਮਾ ਜਾਰੀ ਕਰਕੇ ਸ਼ੁਰੂ ਕੀਤੇ ਮੋਰਚੇ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਆਤਮਾ ਸਿੰਘ, ਬਸੰਤ ਸਿੰਘ ਖਾਲਸਾ ਨੇਤਾ ਵੀ ਆਪਣੇ ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰਕੇ ਵੱਖ ਵੱਖ ਜੇਲ੍ਹਾਂ ਵਿਚ ਆ ਗਏ।

ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਅਤੇ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਲਰਾਮ ਜੀ ਦਾਸ ਟੰਡਨ ਵੀ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤੇ ਗਏ। ਦੇਸ਼ ਅੰਦਰ ‘ਅੰਦਰੂਨੀ ਐਮਰਜੈਂਸੀ’ ਠੋਸੀ ਹੋਣ ਕਰਕੇ ਸਰਕਾਰ ਵਲੋਂ ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ, ਅਖਬਾਰਾਂ ਉੱਤੇ ਲਾਈ ਸੈਂਸਰਸ਼ਿਪ ਅਤੇ ਸਰਕਾਰੀ ਸਾਧਨਾਂ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ।

ਹੌਲੀ-ਹੌਲੀ ਪਟਿਆਲੇ ਦੀ ਪੂਰੀ ਜੇਲ੍ਹ ਹੀ ਰਾਜਨੀਤਿਕ ਰੰਗਤ ਵਿਚ ਰੰਗੀ ਜਾਣ ਕਾਰਨ ਮੈਂ ਪੂਰੀ ਤਰ੍ਹਾਂ ਨਿਰਭੈਅ ਹੋ ਗਿਆ ਅਤੇ ਕਿਸੇ ਵੀ ਕੀਮਤ ਉੱਤੇ ਐਮਰਜੈਂਸੀ ਦੀ ਹਿਮਾਇਤ ਨਾ ਕਰਨ ਤੇ ਅੜ੍ਹ ਗਿਆ। ਮੀਸਾ ਤਹਿਤ ਨਜ਼ਰਬੰਦ ਕੀਤੇ ਗਏ ਸਾਰੇ ਆਗੂਆਂ ਵਿਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਾਰਨ ਸਾਰਿਆਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਸਦਕਾ ਮੇਰੀ ਦ੍ਰਿੜਤਾ ਹੋਰ ਵੀ ਪਰਪੱਕ ਹੋ ਗਈ ਸੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਸੰਗਤ ਨੇ ਮੇਰੀ ਰਾਜਸੀ ਸੋਚ ਵਿਚ ਤਬਦੀਲੀ ਵੀ ਲਿਆਂਦੀ ਅਤੇ ਸਪਸ਼ਟਤਾ ਵੀ। ਐਮਰਜੈਂਸੀ ਦੌਰਾਨ ਜੇਲ੍ਹ ਵਿਚ ਮੇਰੀ ਨਜ਼ਰਬੰਦੀ ਨੇ ਹੀ ਸ਼ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਮੁੱਢ ਬੰਨ੍ਹਿਆ। ਇਲਾਕਾਈ ਸਾਂਝ ਹੋਣ ਕਾਰਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨ੍ਹਾਂ ਮੇਰੀ ਕਿਸੇ ਹੋਰ ਅਕਾਲੀ ਲੀਡਰ ਨਾਲ ਕੋਈ ਜਾਣ ਪਛਾਣ ਨਹੀਂ ਸੀ। ਇਕ ਸਧਾਰਨ ਕਿਸਾਨ ਦਾ ਪੁੱਤ ਹੋਣ ਕਰਕੇ ਰਾਜਨੀਤਿਕ ਅਹੁਦੇ ਆਪਣੀ ਪਹੁੰਚ ਤੋਂ ਦੂਰ ਲੱਗਦੇ ਸਨ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੜ੍ਹਾਈ ਪੂਰੀ ਹੋਣ ਕਾਰਨ ਮੇਰਾ ਨਿਸ਼ਾਨਾ ਉਸ ਵੇਲੇ ਕਿਸੇ ਕਾਲਜ ਵਿਚ ਲੈਕਚਰਾਰ ਲੱਗਣ ਤੱਕ ਹੀ ਸੀਮਿਤ ਸੀ। ਪਰ ਫਿਰੋਜ਼ਪੁਰ ਜੇਲ੍ਹ ਤੋਂ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿਘ ਟੌਹੜਾ ਨੂੰ ਜਦੋਂ ਪਟਿਆਲਾ ਜੇਲ੍ਹ ਵਿਚ ਲਿਆਂਦਾ ਗਿਆ ਤਾਂ ਉਹਨਾਂ ਆਉਦਿਆਂ ਹੀ ਆਪਣਾ ਬਿਸਤਰਾ ਮੇਰੇ ਅਹਾਤੇ ਵਿਚ ਲਗਵਾ ਲਿਆ। ਜਦੋਂ ਵੀ ਉਹ ਪੇਸ਼ੀ ਭੁਗਤਣ ਪਟਿਆਲੇ ਆਉਦੇ ਤਾਂ ਉਹ ਮੇਰੇ ਕੋਲ ਹੀ ਰਹਿੰਦੇ। ਜੇਲ੍ਹ ਦੀ ਇਸ ਨਜ਼ਰਬੰਦੀ ਦੌਰਾਨ ਟੌਹੜਾ ਸਾਹਿਬ ਨਾਲ ਬਣੇ ਨੇੜਲੇ ਸੰਬੰਧਾਂ ਕਾਰਨ ਹੀ ਮੈਂ ਸਰਗਰਮ ਰਾਜਨੀਤੀ ਵਿਚ ਦਾਖ਼ਲ ਹੋਇਆ।

ਇਕ ਦਿਨ ਜੇਲ੍ਹ ਵਿਚ ਇਹ ਅਫ਼ਵਾਹ ਫੈਲੀ ਕਿ ਸਰਕਾਰ ਅਕਾਲੀ ਦਲ ਨਾਲ ਗੱਲਬਾਤ ਕਰ ਕੇ ਮੋਰਚਾ ਵਾਪਸ ਕਰਵਾ ਰਹੀ ਹੈ ਤੇ ਇਸੇ ਮਕਸਦ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਫਿਰੋਜ਼ਪੁਰ ਤੋਂ ਪਟਿਆਲਾ ਜੇਲ੍ਹ ਵਿਚ ਲਿਆਂਦਾ ਜਾ ਰਿਹਾ ਹੈ ਤਾਂ ਕਿ ਸਾਰੀ ਅਕਾਲੀ ਲੀਡਰਸ਼ਿਪ ਨੂੰ ਇਕ ਥਾਂ ਇਕੱਠਾ ਕਰਕੇ ਗੱਲਬਾਤ ਕੀਤੀ ਜਾ ਸਕੇ। ਜਥੇਦਾਰ ਟੌਹੜਾ ਜਦੋਂ ਜੇਲ੍ਹ ਵਿਚ ਆਏ ਤਾਂ ਉਸ ਵੇਲੇ ਬੰਦੀ ਹੋ ਚੁੱਕੀ ਸੀ। ਰਾਤ ਨੂੰ ਉਹ ਮੇਰੇ ਅਹਾਤੇ ਵਿਚ ਹੀ ਰਹੇ। ਸਵੇਰੇ ਜਦੋਂ ਸਾਰੇ ਅਕਾਲੀ, ਜਨਸੰਘੀ ਤੇ ਸੋਸ਼ਲਿਸਟ ਆਗੂ ਇਕੱਠੇ ਬੈਠੇ ਸਨ ਤਾਂ ਬਲਰਾਮ ਦਾਸ ਟੰਡਨ ਟੌਹੜਾ ਸਾਹਿਬ ਨੂੰ ਪੁੱਛਣ ਲੱਗੇ ਕਿ ਐਮਰਜੈਂਸੀ ਕਦੋਂ ਤੱਕ ਚੱਲ ਸਕਦੀ ਹੈ ਅਤੇ ਤੁਹਾਡਾ ਮੋਰਚਾ ਕਦੋਂ ਤੱਕ ਚਲੇਗਾ। ਜਥੇਦਾਰ ਟੌਹੜਾ ਨੇ ਕਿਹਾ ਕਿ ਐਮਰਜੈਂਸੀ ਘੱਟੋ ਘੱਟ 12 ਸਾਲ ਤਾਂ ਚੱਲੇਗੀ ਹੀ। ਇਹ ਸੁਣਦਿਆਂ ਹੀ ਬਟਾਲੇ ਦੇ ਉੱਥੇ ਬੈਠੇ ਜਨਸੰਘ ਦੇ ਇਕ ਆਗੂ ਦੇ ਹੱਥੋਂ ਚਾਹ ਪੀਂਦਿਆਂ ਦਾ ਕੱਪ ਛੁੱਟ ਕੇ ਹੇਠਾਂ ਡਿੱਗ ਪਿਆ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਗੱਲ ਹਾਸੇ ਵਿਚ ਪਾਉਂਦਿਆਂ ਟੌਹੜਾ ਸਾਹਿਬ ਨੂੰ ਕਿਹਾ, ਤੂੰ ਕਿਹੜਾ ਧਰਮ ਰਾਜ ਕੋਲੋਂ ਆਇਐਂ ਵੀ ਤੈਨੂੰ ਪਤਾ ਕਿ ਐਮਰਜੈਂਸੀ 12 ਸਾਲ ਚੱਲੇਗੀ।” ਜਥੇਦਾਰ ਟੌਹੜਾ ਨੇ ਕਿਹਾ ਕਿ ਉਹ ਧਰਮਰਾਜ ਕੋਲੋਂ ਤਾਂ ਨਹੀਂ ਆਏ, ਪਰ ਉਹ ਇਹ ਅੰਦਾਜ਼ਾ ਤਾਂ ਲਾ ਰਹੇ ਹਨ ਕਿ ਇੰਦਰਾ ਗਾਂਧੀ ਦੀ ਸਹੇਲੀ ਸਿਰੀਮਾਵੋ ਭੰਡਾਰਨਾਇਕੇ ਨੇ ਸ੍ਰੀ ਲੰਕਾ ਵਿਚ 12 ਸਾਲ ਐਮਰਜੈਂਸੀ ਲਾ ਕੇ ਰੱਖੀ ਸੀ, ਇਸ ਲਈ ਭਾਰਤ ਵਿਚ ਵੀ 12 ਸਾਲ ਤਾਂ ਰਹੇਗੀ ਹੀ। ਉਹਨਾਂ ਨਾਲ ਹੀ ਕਿਹਾ ਕਿ ਅਕਾਲੀ ਮੋਰਚਾ ਐਮਰਜੈਂਸੀ ਹੱਟਣ ਤੱਕ ਚਲੇਗਾ। ਅਕਾਲੀ ਕਦੇ ਪਿਛੇ ਨਹੀਂ ਹੱਟਦੇ ਕਿਉਂਕਿ ਇਹਨਾਂ ਦੀ ਗੱਡੀ ਵਿਚ ਬੈਕ ਗੇਅਰ ਹੀ ਨਹੀਂ ਹੁੰਦਾ ਅਤੇ ਇਹ ਗੱਡੀ ਖਰੀਦਦੇ ਹੀ ਬੈਕ ਗੇਅਰ ਕਢਵਾ ਦਿੰਦੇ ਹਨ। ਇਹ ਸੁਣਦਿਆਂ ਹੀ ਮਾਹੌਲ ਹਲਕਾ ਹੋ ਗਿਆ।

ਜੇਲ੍ਹ ਵਿਚ ਹੀ ਮੈਨੂੰ ਸੋਸ਼ਲਿਸਟ ਆਗੂ ਕ੍ਰਿਪਾਲ ਸਿੰਘ ਨੇ ਰਾਜਨੀਤੀ ਸਾਸ਼ਤਰ ਵਿਚ ਐਮ. ਏ. ਕਰਨ ਦੀ ਸਲਾਹ ਦਿੱਤੀ, ਭਾਵੇਂ ਮੈਂ ਪਹਿਲਾਂ ਹੀ ਅਰਥ ਸਾਸ਼ਤਰ ਦੀ ਐਮ.ਏ. ਕੀਤੀ ਹੋਈ ਸੀ। ਪਰ ਦਿੱਕਤ ਕਿਤਾਬਾਂ ਦੀ ਸੀ ਕਿਉਂਕਿ ਮੀਸਾ ਤਹਿਤ ਨਜ਼ਰਬੰਦ ਹੋਣ ਕਾਰਨ ਮੈਨੂੰ ਬਾਹਰੋਂ ਕਿਤਾਬਾਂ ਮੰਗਵਾਉਣ ਉਤੇ ਪਾਬੰਦੀ ਸੀ, ਕਾਗਜ਼ ਵੀ ਸੀਮਤ ਮਾਤਰਾ ਵਿਚ ਹੀ ਮਿਲਦੇ ਸਨ। ਪਰ ਉਹਨਾਂ ਸਮੇਤ ਜੇਲ੍ਹ ਵਿਚ ਬੰਦ ਵੱਖ ਵੱਖ ਆਗੂਆਂ ਨੇ ਮੈਨੂੰ ਜ਼ਬਾਨੀ ਹੀ ਵੱਖ ਵੱਖ ਪੇਪਰ ਪੜਾਉਣੇ ਸ਼ੁਰੂ ਕਰ ਦਿੱਤੇ। ਮੁਲਕ ਦੇ ਪ੍ਰਧਾਨ ਮੰਤਰੀ ਬਣੇ ਚੰਦਰ ਸ਼ੇਖਰ ਨੇ ਮੈਨੂੰ ਇੰਡੀਅਨ ਪੁਲੀਟੀਕਲ ਥੌਟ ਅਤੇ ਮਹਾਤਮਾ ਗਾਂਧੀ ਦੇ ਰਾਜਨੀਤਕ ਸਿਧਾਂਤ, ਸੁਰਜੀਤ ਸਿੰਘ ਬਰਨਾਲਾ ਨੇ ਮੁਲਕ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੀ ਵਿਚਾਰਧਾਰਾ ਤੇ ਇਤਿਹਾਸ ਖੁਦ ਕ੍ਰਿਪਾਲ ਸਿੰਘ ਨੇ ਸਿੱਖ ਰਾਜਸੀ ਵਿਚਾਰਧਾਰਾ ਪੜਾਈ ।

ਸਰਕਾਰੀ ਫਿਜ਼ੀਕਲ ਕਾਲਜ ਵਿਚ ਜਦੋਂ ਪੇਪਰ ਦੇਣ ਗਿਆ ਤਾਂ ਮੇਰੇ ਸੱਜੇ ਹੱਥ ਨੂੰ ਹੱਥਕੜੀ ਲਾਈ ਹੋਈ ਸੀ। ਇਮਤਿਹਾਨ ਹਾਲ ਤੋਂ ਬਾਹਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੇ ਥਾਣੇਦਾਰ ਨੂੰ ਕਿਹਾ ਕਿ ਉਹ ਸੱਜੇ ਹੱਥ ਦੀ ਥਾਂ ਖੱਬੇ ਹੱਥ ਨੂੰ ਹੱਥਕੜੀ ਲਾ ਲਵੇ ਤਾਂ ਕਿ ਲਿਖਣਾ ਸੌਖਾ ਹੋ ਜਾਵੇ। ਉਹ ਅੜ ਗਿਆ ਕਿ ਹੱਥਕੜੀ ਤਾਂ ਸੱਜੇ ਹੱਥ ਨੂੰ ਹੀ ਲੱਗੇਗੀ। ਹੰਗਾਮਾ ਖੜਾ ਹੋ ਗਿਆ ਤਾਂ ਜ਼ਿਲ੍ਹੇ ਦੇ ਐਸ. ਐਸ. ਪੀ. ਨੇ ਆ ਕੇ ਮਸਲਾ ਹੱਲ ਕਰਵਾਇਆ। ਹੱਥਕੜੀ ਖੱਬੇ ਹੱਥ ਨੂੰ ਲਾ ਦਿੱਤੀ ਗਈ ਜਿਸ ਕਾਰਨ ਲਿਖਣਾ ਸੌਖਾ ਹੋ ਗਿਆ। ਮੈਂ ਇਹ ਇਮਤਿਹਾਨ ਬਗੈਰ ਕਿਤਾਬਾਂ ਤੋਂ ਬਹੁਤ ਹੀ ਚੰਗੇ ਨੰਬਰਾਂ ਵਿਚ ਪਾਸ ਕੀਤਾ।

ਜਦੋਂ ਮੈਨੂੰ ਮੀਸਾ ਲਾ ਕੇ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਕਰਨ ਦਾ ਫੈਸਲਾ ਹੋ ਗਿਆ ਸੀ ਤਾਂ ਇਕ ਡੀ. ਐਸ. ਪੀ. ਨੇ ਮੈਨੂੰ ਮੀਸਾ ਤਹਿਤ ਜਾਰੀ ਹੋਏ ਵਰੰਟ ਦੇ ਕੇ ਜੀਪ ਵਿਚ ਬਿਠਾ ਲਿਆ ਅਤੇ ਨਾਲ ਹੀ ਮੇਰੇ ਮੋਢੇ ਉਤੇ ਹੱਥ ਰੱਖ ਕੇ ਕਹਿਣ ਲੱਗਾ, ਘਬਰਾਈਂ ਨਾ ਕਾਕਾ, ਤੂੰ ਇਕ ਦਿਨ ਵਜ਼ੀਰ ਬਣੇਗਾ।” ਭਾਵੇਂ ਉਸ ਵੇਲੇ ਇਹ ਗੱਲ ਮੇਰਾ ਦਿਲ ਧਰਾੳਣ ਲਈ ਕਹੀ ਗਈ ਹੋਵੇ, ਪਰ ਬਾਅਦ ਵਿਚ ਇਹ ਠੀਕ ਸਿੱਧ ਹੋਈ। ਇਹੀ ਗੱਲ ਇਕ ਵਾਰੀ ਸਟੇਜ ਉੱਤੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਵਲੋਂ ਰਾਜਪੁਰਾ ਵਿਖੇ ਕਰਵਾਈ ਗਈ ਜ਼ਬਰ ਵਿਰੋਧੀ ਰੈਲੀ ਵਿਚ ਕਹੀ ਸੀ।

ਐਮਰਜੈਂਸੀ ਤੋਂ ਥੋੜ੍ਹਾ ਸਮਾਂ ਪਹਿਲਾਂ ਮੇਰਾ ਮੰਗਣਾ ਹੋ ਚੁੱਕਿਆ ਸੀ ਨਜ਼ਰਬੰਦੀ ਲੰਬੀ ਹੋਣ ਕਰਕੇ ਇਹ ਰਿਸ਼ਤਾ ਟੁੱਟਣ ਲੱਗਿਆ ਸੀ ਕਿਉਂਕਿ ਮੇਰੇ ਸਹੁਰਾ ਪਰਿਵਾਰ ਉਤੇ ਉਹਨਾਂ ਦੇ ਰਿਸ਼ਤੇਦਾਰਾਂ ਵਲੋਂ ਦਬਾਅ ਪੈ ਰਿਹਾ ਸੀ ਕਿ ਪਤਾ ਨਹੀਂ ਮੁੰਡਾ ਕਦੋਂ ਬਾਹਰ ਆਊ, ਕੁੜੀ ਕਿਸੇ ਹੋਰ ਥਾਂ ਵਿਆਹ ਦਿਉ। ਪੇਸ਼ੀ ਭੁਗਤਣ ਲਈ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ ਪਟਿਆਲਾ ਜੇਲ੍ਹ ਵਿਚ ਮੇਰੇ ਅਹਾਤੇ ਵਿਚ ਰਹੇ ਤਾਂ ਮੈਂ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਕਿਉਂਕਿ ਮੇਰਾ ਸਹੁਰਾ ਪਰਿਵਾਰ ਦਾ ਉਹਨਾਂ ਨਾਲ ਬਹੁਤ ਸਹਿਚਾਰ ਸੀ। ਟੌਹੜਾ ਸਾਹਿਬ ਕਹਿਣ ਲੱਗੇ ਕਿ ਬੇਫਿਕਰ ਰਹਿ ਇਹ ਨਹੀਂ ਹੋਣ ਦਿਆਂਗੇ। ਦੂਜੇ ਦਿਨ ਪੇਸ਼ੀ ਮੌਕੇ ਕਚਹਿਰੀ ਵਿਚ ਉਹਨਾਂ ਨੂੰ ਵੱਡੀ ਗਿਣਤੀ ਵਿਚ ਮਿਲਣ ਆਏ ਅਕਾਲੀ ਵਰਕਰਾਂ ਵਿਚ ਮੇਰਾ ਰਿਸ਼ਤੇਦਾਰ ਸਰਪੰਚ ਗਿਆਨ ਸਿੰਘ ਵੀ ਸੀ। ਜਥੇਦਾਰ ਟੌਹੜਾ ਨੇ ਉਸ ਨੂੰ ਸਖ਼ਤੀ ਨਾਲ ਕਿਹਾ ਕਿ ਇਹ ਰਿਸ਼ਤਾ ਤੋੜਣ ਬਾਰੇ ਸੋਚਣਾ ਵੀ ਨਹੀਂ ਅਤੇ ਉਹਨਾਂ ਨੇ ਇਹ ਗੱਲ ਸਿਰ ਮੱਥੇ ਮੰਨ ਲਈ। ਇਸ ਫੇਰੀ ਦੌਰਾਨ ਜਥੇਦਾਰ ਟੌਹੜਾ ਮੇਰੇ ਛੋਟੇ ਭਰਾ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਭਰਤੀ ਕਰਨ ਲਈ ਬੈਂਕ ਦੇ ਚੇਅਰਮੈਨ ਡਾ. ਇੰਦਰਜੀਤ ਸਿੰਘ ਦੇ ਨਾਂ ਇਕ ਸਿਫ਼ਾਰਸੀ ਚਿੱਠੀ ਵੀ ਦੇ ਕੇ ਗਏ।

1977 ਦੇ ਸ਼ੁਰੂ ਵਿਚ ਹੀ ਸ੍ਰੀਮਤੀ ਇੰਦਰਾ ਗਾਂਧੀ ਨੇ ਅਚਾਨਕ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ। ਚੋਣਾਂ ਦਾ ਐਲਾਨ ਹੁੰਦਿਆਂ ਹੀ ਅਕਾਲੀ ਆਗੂਆਂ ਨੂੰ 18 ਜਨਵਰੀ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਮੇਰੀ ਨਜ਼ਰਬੰਦੀ ਜਾਰੀ ਰਹੀ। 16 ਤੋਂ 20 ਮਾਰਚ ਤੱਕ ਹੋਈਆਂ ਲੋਕ ਸਭਾ ਚੋਣ ਦੇ ਨਤੀਜੇ 21 ਮਾਰਚ ਦੀ ਰਾਤ ਨੂੰ ਆਉਣੇ ਸ਼ੁਰੂ ਹੋਏ। ਪਹਿਲਾਂ ਸੰਜੇ ਗਾਂਧੀ ਦੇ ਚੋਣ ਹਾਰਨ ਦੀ ਖਬਰ ਆਈ ਤੇ ਬਾਅਦ ਵਿਚ ਜਦੋਂ ਇੰਦਰਾ ਗਾਂਧੀ ਦੇ ਚੋਣ ਹਾਰਨ ਦੀ ਖ਼ਬਰ ਆਈ ਤਾਂ ਜੇਲ੍ਹ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।

ਅਗਲੇ ਦਿਨ 22 ਮਾਰਚ ਨੂੰ ਸਵੇਰੇ ਸੱਤ ਵਜੇ ਕੇਂਦਰੀ ਮੰਤਰੀ ਮੰਡਲ ਦੁਆਰਾ ਐਮਰਜੈਂਸੀ ਹਟਾਉਣ ਦਾ ਐਲਾਨ ਹੋਣ ਨਾਲ ਮੇਰੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਗਿਆ। ਇਸ ਕਾਲੇ ਦੌਰ ਦੌਰਾਨ 21 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਮੈਂ 22 ਮਾਰਚ 1977 ਨੂੰ ਰਿਹਾਅ ਹੋਇਆ।

ਭਾਵੇਂ ਦੇਸ਼ ਦੀ ਐਮਰਜੈਸੀ ਦਾ ਉਹ ਸਮਾਂ ਇਕ ਕਾਲਾ ਦੋਰ ਸੀ, ਪਰ ਉਸ ਵਿਚੋਂ ਦੇਸ਼ ਨੂੰ ਇਕ ਨਵੀਂ ਲੀਡਰਸ਼ਿਪ ਵੀ ਮਿਲੀ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

ਸਾਬਕਾ ਪਾਰਲੀਮੈਂਟ ਮੈਂਬਰ

9888900070

Continue Reading

Editorial

ਦੀਵੇ ਤੋਂ ਦੀਵਾ ਬਲਦਾ ਜਾਵੇ, ਘਰ-ਘਰ ਨਵਾਂ ਚਾਨਣ ਆਵੇ

Published

on

By

ਦਿਵਾਲੀ ਦੇ ਸ਼ਬਦਾਂਤਿਕ ਅਰਥ ਦੀਪਮਾਲਿਕਾ, ਦੀਪਾਵਲਿ ਅਤੇ ਦੀਵਿਆਂ ਦੀ ਕਤਾਰ ਹੁੰਦੇ ਹਨ। ਦਿਵਾਲ਼ੀ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦੀਪ ਅਤੇ ਆਵਲੀ ਤੋਂ ਬਣਿਆ ਹੈ ਜਿਹਨਾਂ ਦਾ ਅਰਥ ‘ਦੀਵਿਆਂ ਦੀ ਲੜੀ’ ਹੈ। ਸੰਸਕ੍ਰਿਤ ਲਫ਼ਜ਼ ‘ਦੀਪ’ ਦਾ ਅਰਥ ਹੈ ਦੀਵਾ, ਪ੍ਰਕਾਸ਼, ਚਿਰਾਗ਼, ਗਿਆਨ ਜਾਂ ਕੋਈ ਚੀਜ਼ ਜੋ ਚਮਕਦੀ ਹੈ’ ਅਤੇ ‘ਆਵਲੀ’ ਦਾ ਅਰਥ ਹੈ ‘ਕਤਾਰ, ਸੀਮਾ, ਨਿਰੰਤਰ ਰੇਖਾ ਜਾਂ ਲੜੀ’।

ਕੱਤਕ (ਨਵੰਬਰ) ਮਹੀਨੇ ‘ਮੱਸਿਆ ਦੀ ਹਨੇਰੀ ਰਾਤ’ ਨੂੰ ਹਰ ਪਾਸੇ ਜਗਾਏ ਦੀਵਿਆਂ, ਬਿਜਲਈ ਲੜੀਆਂ, ਰੰਗ ਬਿਰੰਗੀਆਂ ਰੌਸ਼ਨੀਆਂ ਅਤੇ ਰੰਗ ਬਿਰੰਗੇ ਬਲਬਾਂ ਦੀਆਂ ਰਿਸ਼ਮਾਂ ਨਾਲ ‘ਧਰਤੀ ਤੋਂ ਲੈ ਕੇ ਅੰਬਰ ਤੱਕ’ ਹਰ ਕੋਨਾ ਰੁਸ਼ਨਾਇਆ ਹੁੰਦਾ ਹੈ। ਇਹ ਰੌਸ਼ਨੀਆਂ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਨਵਾਂ ਉਤਸ਼ਾਹ ਅਤੇ ਜੋਸ਼ ਭਰਦੀਆਂ ਹਨ ਅਤੇ ਇਸ ਮੌਕੇ ਹਰ ਵਿਅਕਤੀ ਦੇ ਚਿਹਰੇ ਤੇ ਇੱਕ ਵੱਖਰਾ ਹੀ ਨੂਰ ਹੁੰਦਾ ਹੈ। ਇਹਨਾਂ ਰੌਸ਼ਨੀਆਂ ਤੋਂ ਪ੍ਰੇਰਨਾ ਲੈ ਕੇ ਵੱਡੀ ਗਿਣਤੀ ਮਨੁੱਖ ਵੀ ਆਪਣਾ ਵਰਤਮਾਨ ਤੇ ਭਵਿੱਖ ਨੂੰ ਪੂਰੀ ਤਰ੍ਹਾਂ ਰੌਸ਼ਨ ਕਰਨ ਲਈ ਤਿਆਰ ਹੋ ਜਾਂਦੇ ਹਨ।

ਦਿਵਾਲੀ ਮੌਕੇ ਧਰਤੀ ਤੇ ਜਗਾਏ ਮਿੱਟੀ ਦੇ ਦੀਵਿਆਂ ਅਤੇ ਹਨੇਰੀ ਰਾਤ ਨੂੰ ਅੰਬਰ ਉੱਤੇ ਚਮਕਦੇ ਤਾਰਿਆਂ ਵਿਚਾਲੇ ਵੀ ਇੱਕ ਤਰ੍ਹਾਂ ਦਾ ਮੁਕਾਬਲਾ ਹੋਣ ਲੱਗਦਾ ਹੈ ਕਿ ਦੋਵਾਂ ਵਿਚੋਂ ਵਧੇਰੇ ਕੌਣ ਚਮਕੇਗਾ? ਨਿੱਕੇ ਬਾਲਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਵਿੱਚ ਦਿਵਾਲੀ ਵਾਲੇ ਦਿਨ-ਰਾਤ ਹੋਈ ਚਮਕ ਦਮਕ ਅਤੇ ਲੱਗੀਆਂ ਰੌਣਕਾਂ ਨਵੇਂ ਵਲਵਲੇ ਪੈਦਾ ਕਰਦੀਆਂ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਹੋਰ ਰੁਸ਼ਨਾਉਣ ਲਈ ਤਿਆਰ ਹੋ ਜਾਂਦੇ ਹਨ।

ਦਿਵਾਲੀ ਦੀ ਰਾਤ ਇੱਕ ਪਾਸੇ ਖੁਸ਼ੀਆਂ ਵਿੱਚ ਢੋਲ ਨਗਾੜੇ ਵੱਜ ਰਹੇ ਹੁੰਦੇ ਹਨ, ਦੂਜੇ ਪਾਸੇ ਵਲਵਲਿਆਂ ਦੀ ਸ਼ਹਿਨਾਈ ਗੂੰਜ ਰਹੀ ਹੁੰਦੀ ਹੈ। ਇਸ ਦੇ ਨਾਲ ਹੀ ਦਿਵਾਲੀ ਮੌਕੇ ਲਕਸ਼ਮੀ ਮਾਤਾ ਜੀ ਦੀ ਪੂਜਾ ਵੀ ਹੋ ਰਹੀ ਹੁੰਦੀ ਹੈ। ਇੱਕ ਦੀਵੇ ਨੂੰ ਜਗਾ ਕੇ ਫਿਰ ਉਸ ਦੀਵੇ ਤੋਂ ਹੀ ਬਾਕੀ ਦੀਵੇ ਜਗਾਏ ਜਾਂਦੇ ਹਨ ਅਤੇ ਘਰਾਂ ਵਿੱਚ ਰੌਸ਼ਨੀ ਕੀਤੀ ਜਾਂਦੀ ਹੈ। ਇਸ ਦਿਨ ਦਿਵਾਲੀ ਦੇ ਦੀਵਿਆਂ, ਲੜੀਆਂ, ਰੰਗੀਨ ਬਲਬਾਂ ਦੀ ਰੌਸ਼ਨੀ ਵਿੱਚ ਘਰ ਅਤੇ ਦੁਕਾਨਾਂ, ਸ਼ੋ-ਰੂਮ ਬੜੇ ਸੁੰਦਰ ਲੱਗਦੇ ਹਨ, ਕਿਉਂਕਿ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਘਰਾਂ ਅਤੇ ਦੁਕਾਨਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਹੁੰਦੀ ਹੈ, ਕਈਆਂ ਨੂੰ ਤਾਂ ਨਵਾਂ ਰੰਗ ਰੋਗਨ ਵੀ ਕੀਤਾ ਜਾਂਦੈ, ਇਸ ਕਾਰਨ ਹੀ ਹਰ ਘਰ ਵੀ ਸੁੰਦਰ ਲੱਗਦੈ ਤੇ ਸ਼ੁੱਧ ਵੀ ਮੰਨਿਆ ਜਾਂਦੈ।

ਹੁਣ ਪਿੰਡਾਂ ਵਿੱਚ ਬੋੜੇ ਦਰਾਂ ਵਾਲੇ ਘਰ ਨਹੀਂ ਰਹੇ। ਕੱਚੇ ਜਿਹੇ ਘਰਾਂ ਦੀ ਥਾਂ ਵੀ ਪੱਕੇ ਮਕਾਨ ਬਣ ਗਏ ਹਨ। ਕਈ ਘਰਾਂ ਦੇ ਦਰਵਾਜੇ ਹੀ ਏਨੇ ਉੱਚੇ ਬਣਾਏ ਗਏ ਹੁੰਦੇ ਹਨ ਕਿ ਕੰਬਾਈਨ ਵੀ ਆਰਾਮ ਨਾਲ ਅੰਦਰ ਚਲੀ ਜਾਂਦੀ ਹੈ। ਇਹਨਾਂ ਮਹਿਲਾਂ ਵਰਗੇ ਘਰਾਂ ਵਿੱਚ ਉੱਪਰਲੀ ਮੰਜ਼ਿਲ ਤੇ ਕਿਸੇ ਨੇ ਜਹਾਜ਼ ਬਣਾ ਰਖਿਆ ਹੈ ਤੇ ਕਿਸੇ ਨੇ ਟੈਂਕ, ਕਿਸੇ ਨੇ ਛੱਤ ਉੱਪਰ ਬਲਦਾਂ ਦੀ ਜੋੜੀ ਹੀ ਬਣਾ ਰੱਖੀ ਹੈ ਤੇ ਕਿਸੇ ਨੇ ਘੋੜੀ, ਕਿਸੇ ਨੇ ਫੁੱਟਬਾਲ ਬਣਾ ਰੱਖੀ ਹੈ ਤੇ ਕਿਸੇ ਨੇ ਕਾਰ ਹੀ ਛੱਤ ਉੱਪਰ ਚੜ੍ਹਾ ਰੱਖੀ ਹੈ, ਪਰ ਇਸ ਸਭ ਦੇ ਬਾਵਜੂਦ ਕੁਝ ਆਲੀਸ਼ਾਨ ਘਰਾਂ ਵਿੱਚ ਦਿਵਾਲੀ ਮੌਕੇ ਵੀ ਹਨੇਰਾ ਜਿਹਾ ਹੀ ਰਹਿੰਦਾ ਹੈ ਜਾਂ ਕਿਸੇ ਨੁੱਕਰ ਵਿੱਚ ਜਾਂ ਦੇਹਲੀ ਉੱਪਰ ਹੀ ਇੱਕ ਦੀਵਾ ਜਗਦਾ -ਬੁਝਦਾ ਦਿਖਾਈ ਦੇ ਦਿੰਦਾ ਹੈ।

ਇਸ ਦਾ ਕਾਰਨ ਇਹ ਹੈ ਕਿ ਪਿੰਡਾਂ ਵਿੱਚ ਵੱਡੀ ਗਿਣਤੀ ਮਹਿਲਾਂ ਵਰਗੇ ਆਲੀਸ਼ਾਨ ਘਰਾਂ ਦੇ ਅਸਲੀ ਮਾਲਕ ਤਾਂ ਵਿਦੇਸ਼ਾਂ ਵਿੱਚ ਰਹਿੰਦੇ ਹਨ ਤੇ ਉਹ ਦਿਵਾਲੀ ਮੌਕੇ ਵੀ ਵਤਨ ਗੇੜਾ ਨਹੀਂ ਮਾਰ ਸਕਦੇ ਇਸੇ ਕਾਰਨ ਉਹਨਾਂ ਦੇ ਘਰਾਂ ਵਿੱਚ ਦਿਨੇ ਕਬੂਤਰ ਗੁੂੰਟਰ ਗੂੰ ਕਰਦੇ ਹਨ ਤੇ ਰਾਤ ਨੂੰ ਚਮਗਿੱਦੜ ਤੇ ਕੋਚਰੀਆਂ ਬੋਲਦੀਆਂ ਹਨ। ਇਹਨਾਂ ਕੋਠੀਆਂ ਦੀ ਰਾਖੀ ਲਈ ਰੱਖੇ ਚੌਕੀਦਾਰ ਜਾਂ ਆਂਢੀ ਗੁਆਂਢੀ ਹੀ ਇਹਨਾਂ ਮਹਿਲਾਂ ਵਰਗੇ ਘਰਾਂ ਦੇ ਦਰਾਂ ਅੱਗੇ ਦਿਵਾਲੀ ਦੀ ਰਾਤ ਦੀਵਾ ਜਗਾ ਦਿੰਦਾ ਹੈ ਤਾਂ ਕਿ ਸ਼ਗਨ ਜਿਹਾ ਹੋ ਜਾਵੇ।

ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਦਿਵਾਲੀ ਮੌਕੇ ਵੱਡੀ ਗਿਣਤੀ ਐਨ. ਆਰ. ਆਈ. ਪੰਜਾਬੀ ਆਪਣੇ ਜੱਦੀ ਘਰਾਂ ਵਿੱਚ ਗੇੜਾ ਮਾਰਦੇ ਹਨ। ਇਹਨਾਂ ਐਨ. ਆਰ. ਆਈ. ਪੰਜਾਬੀਆਂ ਦੇ ਆਉਣ ਨਾਲ ਇਹਨਾਂ ਦੇ ਵੱਖ- ਵੱਖ ਪਿੰਡਾਂ ਵਿੱਚ ਬਣੇ ਆਲੀਸ਼ਾਨ ਘਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਹਨ ਅਤੇ ਬਿਜਲਈ ਲੜੀਆਂ ਅਤੇ ਬਲਬਾਂ ਦੀ ਰੌਸ਼ਨੀ ਹਰ ਪਾਸੇ ਹੀ ਚਾਨਣ ਫੈਲਾਉਂਦੀ ਹੈ। ਅਜਿਹੇ ਆਲੀਸ਼ਾਨ ਤੇ ਵੱਡੇ ਘਰਾਂ ਵਿੱਚ ਦਿਵਾਲੀ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ।

ਹੁਣ ਜਰਾਂ ਉਹਨਾਂ ਲੋਕਾਂ ਬਾਰੇ ਸੋਚੋ, ਜਿਨ੍ਹਾਂ ਕੋਲ ਜ਼ਿੰਦਗੀ ਤਾਂ ਹੈ ਪਰ ਜਿਉਣ ਦਾ ਹੱਕ ਹੀ ਨਹੀਂ ਹੈ। ਪੰਜਾਬ ਵਿੱਚ ਵੀ ਵੱਡੀ ਗਿਣਤੀ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬਜ਼ੁਰਗ ਮਾਪੇ ਬਿਰਧ ਘਰਾਂ ਵਿੱਚ ਰਹਿੰਦੇ ਹਨ, ਆਪਣੇ ਪੁੱਤਰਾਂ ਦੇ ਅਮੀਰ ਹੋਣ ਦੇ ਬਾਵਜੂਦ ਬਿਰਧ ਘਰਾਂ ਵਿੱਚ ਜਿੰਦਗੀ ਦੀ ਸ਼ਾਮ ਗੁਜ਼ਾਰ ਰਹੇ ਅਜਿਹੇ ਬਜ਼ੁਰਗ ਵੀ ਦਿਵਾਲੀ ਮੌਕੇ ਆਪਣੇ ਪਰਿਵਾਰ ਵਿੱਚ ਰਹਿਣ ਲਈ ‘ਚਾਨਣ ਦੀ ਇੱਕ ਛਿੱਟ’ ਭਾਲਦੇ ਨਜ਼ਰ ਆਉਂਦੇ ਹਨ।

ਹੁਣ ਉਹਨਾਂ ਲੋਕਾਂ ਬਾਰੇ ਕੀ ਲਿਖਾਂ? ਜਿਨ੍ਹਾਂ ਦੇ ਪੁੱਤਰ ਪੰਜਾਬ ਵਿੱਚ ਫੈਲੇ ਨਸ਼ੇ ਨੂੰ ਬੰਦ ਕਰਵਾਉਣ ਦਾ ਯਤਨ ਕਰਦਿਆਂ ਮਾਰੇ ਗਏ, ਜਾਂ ਮਾਲਟਾ ਦੇ ਬਰਫ਼ੀਲੇ ਪਾਣੀਆਂ ਵਿੱਚ ਜਿਉਂਦੇ ਹੀ ਜੰਮ ਗਏ ਤੇ ਜਿਨ੍ਹਾਂ ਦੇ ਪੁੱਤ ਡੌਂਕੀ ਲਗਾ ਕੇ ਵਿਦੇਸ਼ ਜਾਣ ਦੇ ਲਾਲਚ ਵਿੱਚ ਅੱਧ ਰਸਤੇ ਵਿਚਾਲੇ ਹੀ ਮਰ ਮੁੱਕ ਗਏ ਅਤੇ ਜਿਹੜੇ ਮਾਪਿਆਂ ਦੇ ਪੁੱਤ ਸੱਤ ਸਮੁੰਦਰ ਪਾਰ ਪਰਾਏ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਜਿਥੇ ਉਹ ਉਹਨਾਂ ਮੁਲਕਾਂ ਦੀ ਭਾਸ਼ਾ ਨਾ ਆਉਣ ਅਤੇ ਪੈਸੇ ਦੀ ਘਾਟ ਕਾਰਨ ਆਪਣੇ ਬਚਾਓ ਲਈ ਕੋਈ ਚਾਰਾਜੋਈ ਹੀ ਨਹੀਂ ਕਰ ਸਕਦੇ।

ਕੱਤਕ/ਨਵੰਬਰ ਮਹੀਨੇ ਨੂੰ ‘ਘਰਾਂ ਨੂੰ ਪਰਤਨ ਦਾ ਮਹੀਨਾ’ ਵੀ ਕਿਹਾ ਜਾਂਦਾ ਹੈ। ਵੱਡੀ ਗਿਣਤੀ ਦੇਸ਼ ਵਾਸੀ ਪਰਦੇਸਾਂ ਵਿਚੋਂ ਕਮਾਈ ਕਰਕੇ ਦਿਵਾਲੀ ਮੌਕੇ ਆਪਣੇ ਜੱਦੀ ਘਰਾਂ ਵਿੱਚ ਆ ਕੇ ਦਿਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਹਨ। ਦਿਵਾਲੀ ਵਰਗੇ ਤਿਉਹਾਰ ਸਮਾਜ ਵਿੱਚ ਰਹਿੰਦੇ ਵੱਖ- ਵੱਖ ਧਰਮਾਂ, ਜਾਤਾਂ, ਰੰਗਾਂ ਤੇ ਨਸਲਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੇ ਹਨ।

ਜਗਮੋਹਨ ਸਿੰਘ ‘ਲੱਕੀ’

ਮੋਬਾਇਲ : 9463819174

Continue Reading

Editorial

ਸ਼ਹਿਰ ਅਤੇ ਜਿਲ੍ਹੇ ਵਿੱਚ ਲੱਗੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ

Published

on

By

ਦਿਵਾਲੀ ਦਾ ਤਿਉਹਾਰ ਆ ਗਿਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਿਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਲਿਆਂ ਲਈ ਸਮਾਂ ਸੀਮਾਂ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਇਹਨਾਂ ਤਿਉਹਾਰਾਂ ਮੌਕੇ ਮਿੱਥੇ ਸਮੇਂ ਤੇ ਹੀ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾ ਸਕੇਗੀ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਵਾਸਤੇ ਸਮਾਂ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਕੀ ਹਸ਼ਰ ਹੋਣਾ ਹੈ। ਪਟਾਕੇ ਚਲਾਉਣ ਦੀ ਸਮਾਂ ਸੀਮਾਂ ਤੈਅ ਕਰਨ ਦੇ ਹੁਕਮ ਹਰ ਸਾਲ ਹੀ ਜਾਰੀ ਕੀਤੇ ਜਾਂਦੇ ਹਨ ਪਰੰਤੂ ਪਟਾਕੇ ਚਲਾਉਣ ਵਾਲੇ ਲੋਕ ਇਹਨਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਪੂਰੀ ਰਾਤ ਪਟਾਕੇ ਚਲਦੇ ਰਹਿੰਦੇ ਹਨ।

ਇਸ ਗੱਲ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣੂੰ ਹਾਂ ਕਿ ਪਟਾਕੇ ਚਲਾਉਣ ਦੌਰਾਨ ਜਿਹੜਾ ਜਹਿਰੀਲਾ ਧੂਆਂ ਨਿਕਲਦਾ ਹੈ ਉਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਵੇਲੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਹੀ ਜਿਆਦਾ ਹੈ ਇਸ ਲਈ ਪਟਾਕਿਆਂ ਦੇ ਧੂਏਂ ਨਾਲ ਸਾਡੇ ਵਾਤਾਵਰਨ ਵਿੱਚ ਜਿਹੜਾ ਜਹਿਰ ਘੁਲਣਾ ਹੈ ਉਸ ਨੇ ਸਾਡੇ ਸਾਰਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾਉਣਾ ਹੈ। ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਰਹਿੰਦੇ ਹਨ ਜਿਹੜੇ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਪਟਾਕਿਆਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਵਧਣ ਵਾਲਾ ਪ੍ਰਦੂਸ਼ਨ ਦਾ ਇਹ ਜਹਿਰ ਅਜਿਹੇ ਵਿਅਕਤੀਆਂ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।

ਇਸ ਪੱਖੋਂ ਪ੍ਰਸ਼ਾਸ਼ਨ ਵਲੋਂ ਵੀ ਸਿਰਫ ਹੁਕਮ ਜਾਰੀ ਕਰਕੇ ਆਪਣੇ ਹੱਥ ਝਾੜ ਲਏ ਜਾਂਦੇ ਹਨ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਹੁੰਦੀ। ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਹੁਕਮ ਜਾਰੀ ਕੀਤੇ ਜਾਣ ਦਾ ਨਾ ਤਾਂ ਕੋਈ ਅਸਰ ਦਿਖਦਾ ਹੈ ਅਤੇ ਨਾ ਹੀ ਇਹਨਾਂ ਹੁਕਮਾਂ ਦਾ ਅਸਲ ਮੰਤਵ ਹੀ ਪੂਰਾ ਹੁੰਦਾ ਹੈ। ਇਹ ਠੀਕ ਹੈ ਕਿ ਲੋਕਾਂ ਵਿੱਚ ਤਿਉਹਾਰ ਦੇ ਉਤਸਾਹ ਨੂੰ ਵੇਖਦਿਆਂ ਪਟਾਕੇ ਚਲਾਉਣ ਤੇ ਰੋਕ ਲਗਾਉਣਾ ਆਸਾਨ ਨਹੀਂ ਹੈ ਪਰੰਤੂ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਅਜਿਹੇ ਸਖਤ ਫੈਸਲੇ ਲੈਣੇ ਜਰੂਰੀ ਹੋ ਜਾਂਦੇ ਹਨ ਅਤੇ ਜੇਕਰ ਸਥਾਨਕ ਪ੍ਰਸ਼ਾਸ਼ਨ ਪਟਾਕੇ ਚਲਾਉਣ ਲਈ ਜਾਰੀ ਕੀਤੀ ਗਈ ਸਮਾਂ ਸੀਮਾ ਨੂੰ ਮੁਕੰਮਲ ਤੌਰ ਤੇ ਲਾਗੂ ਨਹੀਂ ਕਰਵਾ ਸਕਦਾ ਤਾਂ ਉਸ ਵਲੋਂ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰਨੇ ਚਾਹੀਦੇ ਹਨ।

ਇਸ ਸੰਬੰਧੀ ਵਾਤਾਵਰਨ ਪ੍ਰੇਮੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਸਾਹ ਦੀਆਂ ਵੱਧਦੀਆਂ ਬਿਮਾਰੀਆਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ਦੀ ਕਾਰਵਾਈ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ, ਪਰੰਤੂ ਅਜਿਹਾ ਨਹੀਂ ਹੋਇਆ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਸ਼ਹਿਰ ਅਤੇ ਜਿਲ੍ਹੇ ਵਿੱਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਜਹਿਰੀਲੇ ਧੂਏ ਕਾਰਨ ਵਾਤਾਵਰਨ ਦੇ ਬੁਰੀ ਤਰ੍ਹਾਂ ਪਲੀਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤੇ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਸਾਲ ਵੀ ਸ਼ਹਿਰ ਵਿੱਚ ਨਾ ਸਿਰਫ ਵੱਡੇ ਪੱਧਰ ਤੇ ਪਟਾਕੇ ਵੇਚੇ ਜਾਣਗੇ ਬਲਕਿ ਇਹਨਾਂ ਪਟਾਕਿਆ ਨੂੰ ਚਲਾਏ ਜਾਣ ਕਾਰਨ ਸ਼ਹਿਰ ਦੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਸਹਿਣਾ ਪੈਣਾ ਹੈ।

ਜੇਕਰ ਪ੍ਰਸ਼ਾਸ਼ਨ ਵਲੋਂ ਤਿਉਹਾਰਾਂ ਮੌਕੇ ਪਟਾਕੇ ਵੇਚਣ ਅਤੇ ਚਲਾਉਣ ਉਪਰ ਪਾਬੰਦੀ ਨਾ ਲਗਾਈ ਗਈ ਤਾਂ ਤਿਉਹਾਰਾਂ ਮੌਕੇ ਲੋਕਾਂ ਵਲੋਂ ਬਹੁਤ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਣੇ ਹਨ ਜਿਸ ਨਾਲ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਵਾਸਤੇ ਸਮਾਂ ਸੀਮਾ ਤੈਅ ਕਰਨ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪਟਾਕਿਆਂ ਦੀ ਖਰੀਦ, ਵੇਚ ਅਤੇ ਵਰਤੋਂ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਪਟਾਕਿਆਂ ਕਾਰਨ ਵਾਪਰਦੇ ਹਾਦਸਿਆਂ ਤੋਂ ਵੀ ਬਚਾਓ ਹੋ ਸਕੇ।

Continue Reading

Editorial

ਪ੍ਰੋ. ਪ੍ਰੇਮ ਚੰਦੂਮਾਜਰਾ ਵੱਲੋਂ ਅਕਾਲੀ ਦਲ ਬਾਦਲ ਵਿੱਚ ਵਾਪਸੀ ਦੇ ਮਾਇਨੇ

Published

on

By

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਅਤੇ ਮਾਂ ਪਾਰਟੀ ਅਕਾਲੀ ਦਲ ਬਾਦਲ ਵੱਲ ਪਰਤਣ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੇ ਉਲਟਫੇਰ ਹੋਣ ਦੀ ਆਸ ਬਣ ਗਈ ਹੈ। ਪ੍ਰੋ. ਚੰਦੂਮਾਜਰਾ ਦੇ ਬਾਦਲ ਦਲ ਨਾਲ ਜੁੜਨ ਨਾਲ ਇਹ ਧੜਾ ਮਜਬੂਤ ਹੋ ਗਿਆ ਹੈ ਜਦੋਂਕਿ ਅਕਾਲੀ ਦਲ ਪੁਨਰ ਸੁਰਜੀਤ ਦਾ ਗਰਾਫ਼ ਹੇਠਾਂ ਜਾ ਰਿਹਾ ਹੈ।

ਹਾਲਾਂਕਿ ਪ੍ਰੋ. ਚੰਦੂਮਾਜਰਾ ਪਹਿਲੇ ਅਕਾਲੀ ਆਗੂ ਨਹੀਂ ਹਨ, ਜਿਹਨਾਂ ਨੇ ਪੁਨਰ ਸੁਰਜੀਤ ਧੜੇ ਨੂੰ ਅਲਵਿਦਾ ਕਿਹਾ ਹੈ। ਇਸ ਤੋਂ ਪਹਿਲਾਂ ਪੰਜ ਪ੍ਰਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਮੰਤਰੀ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਧੂਰੀ ਤੋਂ ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾ ਸ਼ਾਮਲ ਹਨ।

ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਅਕਾਲੀ ਧੜਿਆਂ ਨੂੰ ਏਕਤਾ ਦਾ ਸੱਦਾ ਦਿੱਤਾ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਪੰਥਕ ਵੋਟਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਸੀ ਕਿ ਵੱਖ ਵੱਖ ਅਕਾਲੀ ਧੜੇ ਹੋਣ ਨਾਲ ਪੰਥਕ ਵੋਟਾਂ ਵੰਡੀਆਂ ਨਹੀਂ ਜਾਂਦੀਆਂ ਬਲਕਿ ਪੰਥਕ ਵੋਟਾਂ ਜਿਸ ਪਾਰਟੀ ਜਾਂ ਧੜੇ ਵੱਲ ਉਲਾਰ ਹੋ ਜਾਣ, ਉਸ ਪਾਰਟੀ ਜਾਂ ਧੜੇ ਦੀ ਜਿੱਤ ਹੋ ਜਾਂਦੀ ਹੈ। ਇਹ ਪੰਥਕ ਵੋਟਾਂ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਮਾਨ ਵੱਲ ਚਲੀਆਂ ਗਈਆਂ ਸਨ, ਜਿਸ ਕਾਰਨ ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਉਮੀਦਵਾਰਾਂ ਦੀ ਹੁੰਝਾਫੇਰ ਜਿੱਤ ਹੋਈ ਸੀ। ਉਸ ਤੋਂ ਬਾਅਦ ਇਹ ਪੰਥਕ ਵੋਟਾਂ ਪੂਰੀ ਤਰ੍ਹਾਂ ਬਾਦਲ ਦਲ ਦੇ ਹੱਕ ਵਿੱਚ ਵੀ ਭੁਗਤਦੀਆਂ ਰਹੀਆਂ। ਪੰਥਕ ਵੋਟਾਂ ਦੇ ਸਹਾਰੇ ਬਾਦਲ ਦਲ ਪੂਰੇ 10 ਸਾਲ ਲਗਾਤਾਰ ਪੰਜਾਬ ਵਿੱਚ ਸਰਕਾਰ ਚਲਾਉਣ ਵਿੱਚ ਕਾਮਯਾਬ ਰਿਹਾ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਕਾਲੀ ਆਗੂਆਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ।

ਪ੍ਰੋ. ਚੰਦੂਮਾਜਰਾ ਦੇ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਛੱਡਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਲੱਗੇ ਹਨ। ਇਸ ਦੇ ਨਾਲ ਹੀ ਹੋਰ ਆਗੂਆਂ ਦੇ ਵੀ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜੇ ਕੁਝ ਹੋਰ ਆਗੂ ਵੀ ਇਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।

ਪੰਜਾਬ ਦੇ ਲੋਕਾਂ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਹਰ ਨਵੀਂ ਚੀਜ਼ ਨੂੰ ਜਲਦੀ ਅਪਨਾ ਲੈਂਦੇ ਹਨ। ਪੰਜਾਬ ਦੇ ਚੋਣ ਨਤੀਜੇ ਅਕਸਰ ਪੂਰੇ ਦੇਸ਼ ਨਾਲੋਂ ਵੱਖਰੇ ਹੁੰਦੇ ਹਨ ਅਤੇ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਵੱਡਾ ਸਿਆਸੀ ਸੰਦੇਸ਼ ਦਿੰਦਾ ਆਇਆ ਹੈ। ਇਸ ਸੰਬੰਧੀ ਜੇਕਰ ਪੰਜਾਬ ਦੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਇਸ ਸਮੇਂ ਇੱਕ ਮਜਬੂਤ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਰਵਾਇਤੀ ਪਾਰਟੀਆਂ ਵਾਂਗ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੀ ਪਰਖ ਲਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਥੇ ਸਿਆਸੀ ਆਗੂਆਂ ਨੂੰ ਬੇਸਬਰੀ ਨਾਲ ਉਡੀਕ ਹੋ ਰਹੀ ਹੈ ਉਥੇ ਆਮ ਪੰਜਾਬੀ ਆਪਣਾ ਫੈਸਲਾ ਸੁਣਾਉਣ ਲਈ ਅਗਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਵੱਡੀ ਗਿਣਤੀ ਪੰਜਾਬੀਆਂ ਦਾ ਕਹਿਣਾ ਹੈ ਕਿ ਪੁਰਾਣੇ ਪੰਥਕ ਆਗੂ ਹੁਣ ਵੇਲਾ ਵਿਹਾ ਚੁੱਕੇ ਹਨ ਅਤੇ ਅਕਾਲੀ ਸਿਆਸਤ ਵਿੱਚ ਹੁਣ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਅਤੇ ਪੰਜਾਬੀਆਂ ਦੀ ਅਗਵਾਈ ਸੰਭਾਲਣ ਦੀ ਲੋੜ ਹੈ। ਦੂਜੇ ਪਾਸੇ ਪੰਜਾਬ ਦੇ ਸੀਨੀਅਰ ਸਿਆਸੀ ਆਗੂ ਆਪਣੀਆਂ ਕੁਰਸੀਆਂ ਛੱਡਣ ਲਈ ਤਿਆਰ ਨਹੀਂ ਹੋ ਰਹੇ, ਜਿਸ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਇਸ ਸਮੇਂ ਕੋਈ ਸਿਆਸੀ ਹਵਾ ਨਹੀਂ ਚੱਲੀ ਹੈ।

ਪ੍ਰੋ. ਚੰਦੂਮਾਜਰਾ ਦੀਆਂ ਸਰਗਰਮੀਆਂ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਹੋਣ ਲੱਗੀ ਹੈ। ਦੂਜੇ ਪਾਸੇ ਪ੍ਰੋ. ਚੰਦੂਮਾਜਰਾ ਵੱਲੋਂ ਦਿਤੇ ਗਏ ਅਕਾਲੀ ਏਕਤਾ ਦੇ ਸੱਦੇ ਨੂੰ ਦੂਸਰੇ ਅਕਾਲੀ ਆਗੂ ਕਿੰਨਾ ਕੁ ਹੁੰਗਾਰਾ ਭਰਦੇ ਹਨ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।

ਬਿਊਰੋ

Continue Reading

Latest News

Trending