Editorial
ਪੰਜਾਬ ਨੂੰ ਲੁੱਟਣ ਲਈ 2013 ਵਾਲੀ ਲੈਂਡ ਪੂਲਿੰਗ ਸਕੀਮ ਤਬਦੀਲ ਕਰਕੇ ਲਿਆਂਦੀ ਨਵੀਂ ਨੀਤੀ?
ਆਪ ਦੀ ਕੇਂਦਰੀ ਲੀਡਰਸ਼ਿਪ ਦੇ ਫਾਇਦੇ ਲਈ ਲਿਆਂਦੀ ਗਈ ਹੈ ਪੰਜਾਬ ਸਰਕਰ ਦੀ ਲੈਂਡ ਪੁਲਿੰਗ ਪਾਲਿਸੀ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਦੋ ਤਿਹਾਈ ਆਬਾਦੀ ਖੇਤੀ ਤੇ ਨਿਰਭਰ ਹੈ। ਪੰਜਾਬ ਦਾ ਕੁਲ ਭੂਗੋਲਿਕ ਖੇਤਰ 50.35 ਲੱਖ ਹੈਕਟੇਅਰ ਹੈ ਜਿਸ ਵਿਚ ਕਾਸ਼ਤਯੋਗ ਏਰੀਆ 40 ਲੱਖ ਹੈਕਟੇਅਰ ਤੋਂ ਵੱਧ ਹੈ। ਪੰਜਾਬ ਦੀ ਮੌਜੂਦਾ ਆਪ ਸਰਕਾਰ ਨੇ ਹੁਣ (ਆਪਣੇ ਕਾਰਜ਼ ਕਾਲ ਦੇ 3 ਸਾਲ ਬਾਅਦ) 2013 ਵਾਲੀ ਲੈਂਡ ਪੂਲਿੰਗ ਸਕੀਮ ਤਬਦੀਲ ਕਰਕੇ ਇਕ ਨਵੀਂ ਨੀਤੀ ਲਿਆਂਦੀ ਹੈ। ਜਿਸ ਦਾ ਮੰਤਵ ਸਾਰੇ ਸ਼ਹਿਰਾਂ ਦਾ ਵਿਕਾਸ ਕਰਕੇ ਲੋਕਾਂ ਨੂੰ ਕਿਫਾਇਤੀ ਰੇਟਾਂ ਤੇ ਰਿਹਾਇਸ਼ਾਂ ਉਪਲਬੱਧ ਕਰਵਾਉਣਾ ਦੱਸਿਆ ਜਾਂਦਾ ਹੈ। ਇਸ ਸਕੀਮ ਤਹਿਤ ਮੁਹਾਲੀ ਜਿਲ੍ਹੇ ਦੀ 6225 ਏਕੜ ਅਤੇ ਲੁਧਿਆਣਾ ਅਤੇ ਨਾਲ ਲਗਦੇ ਜਿਲਿਆਂ ਦੀ 43000 ਏਕੜ ਤੋਂ ਵੱਧ ਜਮੀਨ ਅਕਵਾਇਰ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਜੇਕਰ ਸਾਰੇ ਜਿਲ੍ਹਿਆਂ ਦੀ ਜਮੀਨ ਜੋੜੀ ਜਾਏ ਤਾਂ ਇੱਕ ਲੱਖ ਏਕੜ ਤੋਂ ਵੱਧ ਜਮੀਨ ਅਕਵਾਇਰ ਕੀਤੀ ਜਾਵੇਗੀ।
ਪਾਲਸੀ ਦਾ ਸਾਰਾਂਸ਼ ਇਹ ਹੈ ਕਿ ਜੇਕਰ ਸਰਕਾਰ ਨੇ ਇੱਕ ਏਕੜ ਜਮੀਨ ਐਕਵਾਇਰ ਕਰਨੀ ਹੈ। ਇੱਕ ਏਕੜ 4840 ਵਰਗ ਗਜ ਜਿਸ ਵਿਚੋਂ ਕਿਸਾਨ ਨੂੰ 1000 ਗਜ ਰਿਹਾਇਸ਼ ਲਈ ਅਤੇ 200 ਗਜ ਕਮਰਸ਼ੀਅਲ ਪਲਾਟ ਮਿਲੇਗਾ। ਬਾਕੀ ਜਮੀਨ ਸਰਕਾਰ ਵਰਤੇਗੀ। ਜੇ ਇੰਡਸਟਰੀ ਵਾਸਤੇ ਐਕੁਵਾਇਰ ਕਰਨੀ ਹੈ ਤਾਂ ਇੱਕ ਏਕੜ ਵਿਚੋਂ ਕਿਸਾਨਾਂ ਨੂੰ 1600 ਗਜ਼ ਕਮਰਸ਼ਿਅਲ ਤੇ 300 ਗਜ਼ ਰਿਹਾਇਸ਼ੀ ਮਿਲੇਗਾ, ਬਾਕੀ ਜਮੀਨ ਸਰਕਾਰ ਦੀ ਰਹਿ ਜਾਵੇਗੀ। ਸਿਰਫ ਤਿੰਨ ਸਾਲ ਲਈ 30,000/- ਰੁਪਿਆ ਉਸ ਜਮੀਨ ਦਾ ਠੇਕੇ ਦੇ ਰੂਪ ਵਿੱਚ ਮਿਲੇਗਾ। ਉਹ ਸਰਕਾਰ ਨਹੀਂ ਵਰਤੇਗੀ ਸਗੋਂ ਮੁੱਖ ਸਕੱਤਰ ਅਤੇ ਪੰਜਾਬ ਵਿਕਾਸ ਬੋਰਡ ਵਰਤੇਗਾ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੁੱਖ ਸਕੱਤਰ ਅਤੇ ਵਿਕਾਸ ਬੋਰਡ ਦੇ ਸਾਰੇ ਮੈਂਬਰ ਪ੍ਰਵਾਸੀ ਹਨ। ਫਿਰ ਪੰਜਾਬ ਦੀ ਸੋਨੇ ਵਰਗੀ ਜਮੀਨ ਨੂੰ ਕਿਵੇਂ ਵਰਤਣਗੇ- ਪਤਾ ਹੀ ਹੈ। ਫਿਰ ਇੱਥੇ ਪ੍ਰਵਾਸੀ, ਅਡਾਨੀ ਅਤੇ ਅੰਬਾਨੀ ਭੰਗੜੇ ਪਾਉਣਗੇ।
ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਧਿਆਨ ਵਿੱਚ ਇਹ ਨੀਤੀ 3 ਸਾਲ ਬਾਅਦ ਕਿਉਂ ਆਈ। ਨਾਂ ਤਾਂ ਇਹ ਦਿੱਲੀ ਵਾਲਿਆਂ ਦੀਆਂ ਗਰੰਟੀਆਂ ਦਾ ਹਿੱਸਾ ਸੀ ਤੇ ਨਾ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਮੈਨੀਫੈਸਟੋ ਦਾ ਹਿੱਸਾ ਸੀ। ਫਿਰ ਇਹ ਨੀਤੀ ਲਿਆਉਣ ਦੇ ਕੀ ਕਾਰਨ ਹਨ। ਪੰਜਾਬ ਲਈ ਇਹ ਨੀਤੀ ਤਾਂ ਮੱਝ ਵੇਚ ਕੇ ਘੋੜੀ ਲੈਣ ਦੇ ਬਰਾਬਰ ਜਾਪਦੀ ਹੈ, ਪਰ ਦਿੱਲੀ ਵਾਲਿਆਂ ਲਈ ਇਹ ਨੀਤੀ ਬੜੀ ਲਾਹੇਵੰਦ ਹੈ। ਵੈਸੇ ਤਾਂ ਦਿੱਲੀ ਵਾਲਿਆਂ ਦਾ ਮਾਨ ਸਰਕਾਰ ਦੇ ਕੰਮ ਵਿੱਚ ਦਖਲ ਪਹਿਲਾਂ ਵੀ ਸੀ ਅਤੇ ਹੁਣ ਜਦੋਂ ਦਿੱਲੀ ਦੇ ਲੋਕਾਂ ਨੇ ਇਹਨਾਂ ਕੱਟੜ ਇਮਾਨਦਾਰਾਂ ਨੂੰ ਉਥੋਂ ਭਜਾ ਦਿੱਤਾ ਹੈ ਤਾਂ ਇਹਨਾਂ ਨੇ ਪੰਜਾਬ ਨੂੰ ਲੁੱਟਣ ਦੀ ਮਨਸ਼ਾ ਤਹਿਤ ਇਹ ਨੀਤੀ ਲਿਆਂਦੀ ਹੈ, ਕਿਉਂਕਿ 2017 ਦੀਆਂ ਚੋਣਾਂ ਵੇਲੇ ਟਿਕਟਾਂ ਦੀ ਵੰਡ ਸਮੇਂ ਇਹਨਾਂ ਦੇ ਮੂੰਹ ਲਹੂ ਲੱਗ ਚੁੱਕਾ ਸੀ। ਇਸ ਦੌਰਾਨ ਜਿਥੇ ਸਰਕਰ ਵਲੋਂ ਇਹ ਨੀਤੀ ਲਿਆਂਦੀ ਗਈ ਉਥੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਡਾ ਨਾਲ ਸਬੰਧਤ ਸਾਰੀਆਂ ਤਾਕਤਾਂ ਖੋਹ ਕੇ ਕੇਜਰੀਵਾਲ ਦੀ ਮਰਜੀ ਨਾਲ ਬਣੇ ਮੁੱਖ ਸਕੱਤਰ ਨੂੰ ਇਸ ਮਨਸ਼ਾ ਨਾਲ ਸੌਂਪ ਦਿੱਤੀਆਂ ਗਈਆਂ ਹਨ ਕਿ ਉਹ ਪੰਜਾਬ ਨੂੰ ਲੁੱਟਣ ਵੀ ਅਤੇ ਪੰਜਾਬ ਸਰਕਾਰ ਕੋਈ ਆਨਾਕਾਨੀ ਵੀ ਨਾ ਕਰੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਤਾਂ ਇਹ ਕਿਹਾ ਜਾਣ ਲੱਗ ਗਿਆ ਹੈ ਕਿ ਉਹ ਹੁਣ ਪੰਜਾਬ ਦੇ ਨਾਂ ਦੇ ਹੀ ਮੁੱਖ ਮੰਤਰੀ ਹਨ। ਇਥੇ ਹੀ ਬਸ ਨਹੀਂ, ਇਨ੍ਹਾਂ ਦਿੱਲੀ ਵਾਲਿਆਂ ਨੇ ਪੰਜਾਬ ਨੂੰ ਲੁੱਟਣ ਦਾ ਇਕ ਹੋਰ ਜਾਲ ਵੀ ਨਾਲੋ ਨਾਲ ਬੁਣ ਲਿਆ ਹੈ। ਪੰਜਾਬ ਵਿਚ ਪੰਜਾਬ ਵਿਕਾਸ ਬੋਰਡ ਨਾਂ ਦਾ ਇਕ ਬੋਰਡ ਬਣਾਇਆ ਗਿਆ ਹੈ ਜਿਸਦੇ ਪ੍ਰਧਾਨ ਸਮੇਤ 22 ਮੈਂਬਰ ਹਨ, ਜਿਹਨਾਂ ਦੀਆਂ ਤਨਖਾਹਾਂ 2 ਲੱਖ ਤੋਂ ਤਿੰਨ ਲੱਖ ਰੁਪਏ ਤੱਕ ਹਨ। ਕੋਠੀਆਂ, ਕਾਰਾਂ ਅਤੇ ਹੋਰ ਸਹੂਲਤਾਂ ਵੱਖ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਟੀਮ ਵਿੱਚ ਇੱਕ ਵੀ ਮੈਂਬਰ ਪੰਜਾਬ ਤੋਂ ਨਹੀਂ ਹੈ। ਇਹ ਤਾਂ ਦੁੱਧ ਦੀ ਰਾਖੀ ਬਿੱਲਾ ਬਿਠਾਉਣ ਵਾਲੀ ਗੱਲ ਹੈ। ਮੁੱਖ ਮੰਤਰੀ, ਸਾਰੇ ਵਜੀਰ, ਐਮ.ਐਲ.ਏ. ਤੇ ਮੈਂਬਰ ਪਾਰਲੀਮੈਂਟ (ਲੋਕ ਸਭਾ) ਮੂਕ ਦਰਸ਼ਕ ਬਣੇ ਬੈਠੇ ਹਨ।
ਜੇਕਰ ਮੁਹਾਲੀ ਦੇ ਆਲੇ ਦੁਆਲੇ ਝਾਤ ਮਾਰੀਏ ਤਾਂ ਤਕਰੀਬਨ ਲੱਖਾਂ ਦੀ ਗਿਣਤੀ ਵਿੱਚ ਫਲੈਟ ਬਣੇ ਹੋਏ ਹਨ ਜਾਂ ਨਿਰਮਾਣ ਅਧੀਨ ਹਨ। ਇਸ ਤਰ੍ਹਾਂ ਲੁਧਿਆਣਾ ਵਿੱਚ ਵੀ ਕਾਲੋਨੀਆਂ ਦਾ ਪੂਰਾ ਮਕੜਜਾਲ ਹੈ ਜਿਨ੍ਹਾ ਨੂੰ ਬਣਿਆਂ 25 ਤੋਂ 30 ਸਾਲ ਹੋ ਗਏ ਹਨ। ਜੇ ਇਹਨਾਂ ਕਾਲੋਨੀਆਂ ਵਿਚ ਫਲੈਟ ਤੇ ਪਲਾਟ ਖਾਲੀ ਪਏ ਹਨ ਹਨ ਤਾਂ ਇਸਦਾ ਮਤਲਬ ਹੈ ਕਿ ਲੋਕਾਂ ਦੀ ਕੋਈ ਮੰਗ ਨਹੀਂ ਹੈ। ਜੇਕਰ ਸਰਕਾਰ ਇਹਨਾਂ ਕਾਲੋਨੀਆਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਖੁੱਲ੍ਹੀ ਮੰਡੀ ਵਿੱਚ ਵੇਚ ਦੇਵੇ ਤਾਂ ਜਿਹੜੀ ਕੀਮਤੀ ਜਮੀਨ ਐਕੁਵਾਇਰ ਕੀਤੀ ਜਾ ਰਹੀ ਹੈ, ਬੱਚ ਸਕਦੀ ਹੈ ਤੇ ਲੋਕਾਂ ਦੀ ਘਰ ਬਣਾਉਣ ਦੀ ਮੰਗ ਵੀ ਪੂਰੀ ਹੋ ਸਕਦੀ ਹੈ।
ਪਿਛਲੀ ਸਰਕਾਰ ਨੇ 14000 ਗੈਰ ਕਾਨੂੰਨੀ ਕਾਲੋਨੀਆਂ ਨੂੰ ਮੰਨਜੂਰੀ ਦਿੱਤੀ ਸੀ। ਹੁਣ ਵੀ ਗਮਾਡਾ (ਭਾਵ ਲੁਧਿਆਣਾ) ਦੀ ਵੈਬਸਾਈਟ ਤੇ 600 ਤੇ ਕਰੀਬ ਨਜਾਇਜ਼ ਕਾਲੋਨੀਆਂ ਹਨ ਜੋ 3 ਏਕੜ ਤੋਂ 11 ਏਕੜ ਰਕਬੇ ਵਿੱਚ ਬਣੀਆਂ ਹਨ। ਜੇ ਔਸਤ 7 ਏਕੜ ਮੰਨ ਲਈਏ ਤਾਂ ਇਨ੍ਹਾਂ ਕਾਲੋਨੀਆਂ ਦੀ ਜਮੀਨ 4200 ਏਕੜ ਬਣਦੀ ਹੈ। ਸਰਕਾਰ ਨਜਾਇਜ਼ ਕਾਲੋਨੀਆਂ ਨੂੰ ਹੱਥ ਸ਼ਾਇਦ ਇਸ ਲਈ ਨਹੀਂ ਪਾਉਂਦੀ ਕਿ ਇਹਨਾਂ ਵਿੱਚ ਲੁੱਟ ਦੀ ਹੁਣ ਕੋਈ ਗੁੰਜਾਇਸ਼ ਨਹੀਂ ਰਹੀ। ਹੁਣ ਕੇਜਰੀਵਾਲ ਦੀ ਟੀਮ ਵੱਲੋਂ ਬਣਾਈਆਂ ਸਕੀਮਾਂ ਤਹਿਤ ਕਿਸਾਨਾਂ ਦਾ ਅਤੇ ਉਨ੍ਹਾਂ ਪਿੰਡਾਂ ਵਿੱਚ ਰਹਿ ਰਹੇ ਲੱਖਾਂ ਗੈਰ ਕਾਸ਼ਤਕਾਰਾਂ ਦਾ ਉਜਾੜਾ ਤੈਅ ਹੈ ਅਤੇ ਪੰਜਾਬ ਦੀ ਜਰਖੇਜ਼ ਜ਼ਮੀਨ ਕਾਰਪੋਰੇਟਾਂ ਦੇ ਹੱਥਾਂ ਵਿੱਚ ਜਾਣੀ ਵੀ ਤੈਅ ਹੈ।
ਲੋਕਾਂ ਦੀ ਇਸ ਲੁੱਟ ਨੂੰ ਰੋਕ ਕੌਣ ਸਕਦਾ ਹੈ। ਉਨ੍ਹਾਂ ਦੇ ਨੁਮਾਇੰਦੇ ਭਾਵ ਪੰਜਾਬ ਸਰਕਾਰ/ ਸਰਕਾਰ ਨੂੰ ਪਹਿਲਾਂ ਹੀ ਸਾਜਿਸ਼ ਤਹਿਤ ਇਕ ਪਾਸੇ ਕਰ ਦਿੱਤਾ ਗਿਆ ਹੈ। ਪੰਜਾਬ ਵਿਕਾਸ ਬੋਰਡ ਬਾਹਰਲਿਆਂ ਦਾ ਹੈ। ਅਸੀਂ ਪੰਜਾਬ ਦੀ ਲੁੱਟ ਨੂੰ ਦਿੱਲੀ ਵੱਲ ਜਾਂਦੀ ਵੇਖਾਂਗੇ। ਕਿਉਂਕਿ ਵਜਾਰਤ ਨੇ ਇਸ ਤੇ ਆਪਣੀ ਆਪਣੀ ਮੋਹਰ ਲਾ ਦਿੱਤੀ ਹੈ। ਪੰਜਾਬ ਵਜਾਰਤ ਨੇ ਪੰਜਾਬ ਦੀ ਲੁੱਟ ਤੇ ਮੁਹਰ ਹੀ ਨਹੀਂ ਲਾਈ ਬਲਕਿ ਆਪਣੀ ਸਿਆਸੀ ਕਬਰ ਵੀ ਪੁੱਟ ਲਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਉਹਨਾਂ ਦੀ ਸਰਕਾਰ ਇੰਨੇ ਵਧੀਆਂ ਕੰਮ ਕਰੇਗੀ ਕਿ ਲੋਕ ਅਕਾਲੀਆਂ ਨੂੰ ਤਾਂ ਭੁੱਲ ਗਏ, ਹੁਣ ਕਾਂਗਰਸ ਨੂੰ ਵੀ ਭੁੱਲ ਜਾਣਗੇ ਅਤੇ ਪੰਜਾਬ ਵਿੱਚ ਲੋਕ ਕਿਹਾ ਕਰਨਗੇ ਏਕ ਥੀ ਕਾਂਗਰਸ। ਪਰ ਮਾਨ ਸਾਹਿਬ ਇਹ ਯਾਦ ਰੱਖਿਓ ਜੇ ਤੁਸੀਂ ਪੰਜਾਬ ਵਿਚੋਂ ਦਿੱਲੀ ਵਾਲਿਆਂ ਨੂੰ ਨਾ ਭਜਾਇਆ ਤੇ ਇਹ ਲੋਕ ਮਾਰੂ ਨੀਤੀ ਵਾਪਸ ਨਾ ਲਈ ਤਾਂ ਲੋਕ ਕਿਹਾ ਕਹਿਨਗੇ ਪੰਜਾਬ ਵਿੱਚ ਏਕ ਥੀ ਆਮ ਆਦਮੀ ਪਾਰਟੀ। ਹਾਲੇ ਵੀ ਵਕਤ ਹੈ ਲੈਂਡ ਪੁਲਿੰਗ ਸਕੀਮ ਤੇ ਯੂ ਟਰਨ ਲੈ ਲਓ। ਤੁਸੀਂ ਪਹਿਲਾਂ ਵੀ ਕਈ ਯੂ ਟਰਨ ਲਏ ਹਨ ਜੇ ਇਕ ਹੋਰ ਲੈ ਲਉਗੇ ਤਾਂ ਪੰਜਾਬ ਬਚ ਜਾਏਗਾ ਤੇ ਤੁਹਾਡੀ ਮਾੜੀ ਮੋਟੀ ਹੋਂਦ ਵੀ ਬਚੀ ਰਹਿ ਸਕੇਗੀ।
ਜਿਥੋਂ ਤੱਕ ਕਿਸਾਨ ਯੂਨੀਅਨ ਦਾ ਸਬੰਧ ਹੈ ਪੰਧੇਰ-ਡੱਲੇਵਾਲ ਗਰੁੱਪ ਜਿਨ੍ਹਾਂ ਤਿਕੜਮਬਾਜੀ ਕਰਕੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਮੋਰਚਾ ਲਾਇਆ ਸੀ ਉਹ ਲੋਕਾਂ ਨਾਲੋਂ ਸੌ ਫੀਸਦੀ ਟੁੱਟ ਚੁੱਕੇ ਹਨ। ਫਿਰ ਵੀ ਸਰਕਾਰ ਨੇ ਜਿਸ ਜਾਲਮਾਨਾ ਢੰਗ ਨਾਲ ਕਿਸਾਨਾਂ ਨੂੰ ਉਥੋਂ ਖਦੇੜਿਆ ਹੈ ਇਹ ਸੰਘਰਸ਼ ਵਿੱਚੋਂ ਨਿਕਲੀ ਪਾਰਟੀ ਲਈ ਮਾਰੂ ਸਾਬਤ ਹੋਵੇਗਾ। ਦੂਜੇ ਗਰੁੱਪਾਂ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਅਤੇ ਇਕੱਠੇ ਹੋ ਕੇ ਮੈਦਾਨ ਵਿੱਚ ਨਿਤਰੋ। ਜੇ ਇਕੱਠੇ ਹੋ ਕੇ ਮੋਦੀ ਨੂੰ ਝੂਕਾਅ ਸਕਦੇ ਹੋ ਤਾਂ ਏਕੇ ਮੂਹਰੇ ਪੰਜਾਬ ਸਰਕਾਰ ਵੀ ਕਿਤੇ ਨਈਂ ਠਹਿਰ ਸਕੇਗੀ।
ਪੰਜਾਬ ਦੇ ਆਮ ਆਦਮੀ ਪਾਰਟੀ ਦੇ 94 ਵਿਧਾਇਕਾਂ ਨੂੰ ਦੱਸਣਾ ਪੈਣਾ ਹੈ ਕਿ, ਕੀ ਉਹ ਆਪਣੇ ਸੂਬੇ ਦੇ ਵਾਸੀਆਂ ਨਾਲ ਧਰੋਹ ਕਮਾ ਰਹੇ ਹਨ ਜਾਂ ਉਨ੍ਹਾਂ ਦੇ ਹੱਕਾਂ ਦੀ ਗੱਲ ਕਰ ਰਹੇ ਹਨ? ਮੁੱਖ ਮੰਤਰੀ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੋ ਹੁਕਮ ਜਾਰੀ ਕਰਨੇ ਚਾਹੀਦੇ ਹਨ। ਪਹਿਲਾ ਇਹ ਕਿ ਲੈਂਡ ਪੂਲਿੰਗ ਵਾਲੀ ਪਾਲਿਸੀ ਦਾ ਨੋਟੀਫਿਕੇਸ਼ਨ ਰੱਦ ਕਰ ਦਿਓ ਅਤੇ ਦੂਜਾ ਹੁਕਮ, ਦਿੱਲੀ ਵਾਲਿਆਂ ਨੂੰ ਦਿੱਲੀ ਵਾਪਸ ਭੇਜ ਦਿਓ। ਜੇ ਸਰਕਾਰ ਟੁੱਟਦੀ ਵੀ ਹੈ ਫਿਰ ਵੀ ਉਹਨਾਂ ਲਈ ਇਹ ਸੌਦਾ ਮਹਿੰਗਾ ਨਹੀਂ ਹੋਵੇਗਾ, ਬਲਕਿ ਇਤਿਹਾਸ ਦੇ ਪੰਨਿਆਂ ਵਿੱਚ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਜੇ ਕੁਝ ਦਿਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਇਹ ਕੰਮ ਨਾ ਕੀਤਾ ਤਾਂ ਦਰਬਾਰਾ ਸਿੰਘ ਵਾਂਗੂ ਪੰਜਾਬ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਇਲਜਾਮ ਸਹਿਣਾ ਪਵੇਗਾ ਅਤੇ ਪੰਜਾਬ ਦੇ ਲੋਕ ਉਹਨਾਂ ਕੀ ਕਹਿਣਗੇ, ਇਹ ਉਹ ਖੁਦ ਹੀ ਸੋਚ ਲੈਣ।
ਬੀਤੇ ਦਿਨ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਬੇਅਦਬੀ ਬਾਰੇ ਕਾਨੂੰਨ ਤੇ ਤਿੰਨ ਕਰੋੜ ਪੰਜਾਬੀਆਂ ਦੀ ਰਾਏ ਲਈ ਜਾਵੇਗੀ, ਬਹੁਤ ਵੱਧੀਆ ਗੱਲ ਹੈ, ਚੰਗਾ ਹੋਵੇ ਕਿ ਇੱਕ ਲੱਖ ਏਕੜ ਸੋਨੇ ਵਰਗੀ ਜਮੀਨ ਅਕਵਾਇਰ ਕਰਕੇ ਦਿੱਲੀ ਵਾਲਿਆਂ ਰਾਹੀਂ ਵੰਡਣ ਦੇ ਮਸਲੇ ਤੇ ਵੀ ਤਿੰਨ ਕਰੋੜ ਲੋਕਾਂ ਨੂੰ ਨਾਲੋ ਨਾਲ ਪੁੱਛ ਲਿਆ ਜਾਵੇ।
ਜੇਕਰ ਸਰਕਾਰ ਨੇ ਜਮੀਨ ਅਕਵਾਇਰ ਕਰਨ ਦੀ ਨੀਤੀ ਤੇ ਯੂ ਟਰਨ ਨਾ ਲਿਆ ਤਾਂ ਹਾਲਾਤ ਬੇਕਾਬੂ ਹੋ ਜਾਣੇ। ਮੁੱਲ ਮੰਤਰੀ ਨੂੰ100 ਗੰਡਿਆ ਵਾਲੀ ਗੱਲ ਚੇਤੇ ਕਰਕੇ ਸੁਝਾਅ ਮੰਨ ਲੈਣੇ ਚਾਹੀਦੇ ਹਨ। ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਇਸ ਨੀਤੀ ਨਾਲ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਗੈਰ ਕਾਸ਼ਤਕਾਰ ਲੋਕਾਂ ਦਾ ਜੋ ਉਜਾੜਾ ਹੋਵੇਗਾ ਉਸਨੂੰ ਮੁੱਖ ਰੱਖਕੇ ਐਸ. ਕੇ. ਐਮ. ਇੱਕ ਜਨ ਅੰਦੋਲਨ ਸ਼ੁਰੂ ਕਰਨ ਦੀ ਰੂਪ-ਰੇਖਾ ਉਲੀਕ ਰਿਹਾ ਹੈ। ਜੇ ਹਾਲਾਤ ਵਿਗੜੇ ਤਾਂ ਕੇਂਦਰ ਰਾਸ਼ਟਰਪਤੀ ਰਾਜ ਵੀ ਲਾਗੂ ਕਰ ਸਕਦਾ ਹੈ। ਮੁੱਖ ਮੰਤਰੀ ਦੀ ਕੁਰਸੀ ਹਣ ਚਾਰੇ-ਪਾਸਿਓ ਘਿਰਦੀ ਨਜ਼ਰ ਆ ਰਹੀ ਹੈ ਅਤੇ ਸਮੱਸਿਆ ਦਾ ਇੱਕੋ ਇੱਕ ਹੱਲ ਇਹ ਹੈ ਕਿ ਲੈਂਡ ਪੂਲਿੰਗ ਨੀਤੀ ਵਾਪਸ ਲਈ ਜਾਵੇ। ਆਸ ਹੈ ਮੁੱਖ ਮੰਤਰੀ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰਣਗੇ।
ਗੁਰਮੇਲ ਸਿੰਘ ਮੋਜੋਵਾਲ
Editorial
ਦੇਸ਼ ਦੀਆਂ ਅਦਾਲਤਾਂ ਵਿੱਚ ਜੜ੍ਹਾਂ ਮਜਬੂਤ ਕਰਦੇ ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾਣਾ ਜਰੂਰੀ
ਸਾਡੇ ਦੇਸ਼ ਵਿੱਚ ਅਦਾਲਤਾਂ ਨੂੰ ਇਨਸਾਫ ਦੇ ਮੰਦਰਾਂ ਦਾ ਦਰਜਾ ਹਾਸਿਲ ਹੈ ਪਰੰਤੂ ਇਸ ਵੇਲੇ ਹਾਲਤ ਕਮੋਬੇਸ਼ ਅਜਿਹੇ ਹੀ ਹਨ ਕਿ ਅਦਾਲਤਾਂ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਲਗਾਤਾਰ ਪੱਕੀਆਂ ਹੋ ਰਹੀਆਂ ਹਨ ਅਤੇ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਅਧਿਕਾਰੀ, ਕਰਮਚਾਰੀ ਸਮੇਤ ਵਕੀਲ ਅਤੇ ਉਹਨਾਂ ਦੇ ਸਹਿਯੋਗੀ ਕਰਮਚਾਰੀ ਭ੍ਰਿਸ਼ਟਾਚਾਰ ਦੀ ਇਸ ਨਦੀ ਵਿੱਚ ਗੋਤੇ ਲਗਾਉਂਦੇ ਦਿਖਦੇ ਹਨ ਜਿਸ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ। ਲੋਕਾਂ ਦੀ ਸਭਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਇਨਸਾਫ ਦੇ ਇਹਨਾਂ ਮੰਦਰਾਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਵੇ ਤਾਂ ਉਹ ਕਿੱਥੇ ਜਾ ਕੇ ਫਰਿਆਦ ਕਰਨ। ਹਾਲਾਂਕਿ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤਾਂ ਬਹੁਤ ਪੁਰਾਣੀਆਂ ਹਨ ਪਰੰਤੂ ਹੁਣ ਇਹਨਾਂ ਵਿੱਚ ਵਾਧਾ ਹੋਣ ਕਾਰਨ ਲੋਕ ਇਸਦੀ ਖੁੱਲ੍ਹੇਆਮ ਸ਼ਿਕਾਇਤ ਕਰਨ ਲੱਗ ਗਏ ਹਨ।
ਜੇਕਰ ਅਦਾਲਤਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਸ਼ੁਰੂਆਤ ਅਰਜੀ ਨਵੀਸਾਂ, ਅਸਟਾਮ ਫਰੋਸਾਂ ਅਤੇ ਟਾਈਪਿਸਟਾਂ ਤੋਂ ਹੁੰਦੀ ਹੈ, ਜਿਹੜਾ ਵਕੀਲਾਂ ਦੇ ਕੈਬਿਨ ਤੋਂ ਹੁੰਦਾ ਹੋਇਆ ਹੌਲੀ ਹੌਲੀ ਜੱਜ ਸਾਹਿਬ ਦੇ ਅਦਾਲਤੀ ਕਮਰੇ ਤਕ ਜਾ ਪਹੁੰਚਦਾ ਹੈ। ਅਰਜੀ ਨਵੀਸ, ਅਸਟਾਮ ਫਰੋਸ ਅਤੇ ਟਾਈਪਿਸਟ ਜਿੱਥੇ ਲੋਕਾਂ ਤੋਂ ਆਮ ਕਾਗਜ ਤਕ ਟਾਈਪ ਕਰਨ ਅਤੇ ਉਸਨੂੰ ਫੋਟੋਸਟੇਟ ਕਰਨ ਦੇ ਮੂੰਹ ਮੰਗੇ ਪੈਸੇ ਵਸੂਲਦੇ ਹਨ ਉੱਥੇ ਮਹਿੰਗੇ ਰੇਟ ਤੇ ਅਸ਼ਟਾਮ ਵੇਚੇ ਜਾਣ ਦੀਆਂ ਖਬਰਾਂ ਵੀ ਆਮ ਹਨ। ਇਸੇ ਤਰ੍ਹਾਂ ਜਿਆਦਾਤਾਰ ਵਕੀਲਾਂ ਦੇ ਮੁਨਸ਼ੀ, ਚਪੜਾਸੀ, ਟੇ੍ਰਨਿੰਗ ਕਰ ਰਹੇ ਛੋਟੇ ਵਕੀਲ ਵੀ ਹਰ ਵਾਰ ਮੁਕਦਮੇ ਦੀ ਪੇਸ਼ੀ ਭੁਗਤਣ ਆਏ ਵਿਅਕਤੀ ਤੋਂ ਆਪਣਾ ਚਾਹ ਪਾਣੀ ਵੱਖਰਾ ਵਸੂਲਦੇ ਹਨ। ਇਹਨਾਂ ਸਾਰੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਜਦੋਂ ਮੁਕਦਮਾ ਲੜ ਰਿਹਾ ਵਿਅਕਤੀ ਅਦਾਲਤ ਦੇ ਕਮਰੇ ਤਕ ਪਹੁੰਚਦਾ ਹੈ ਤਾਂ ਉੱਥੇ ਪੇਸ਼ੀ ਲਈ ‘ਹਾਜਰ ਹੋ’ ਦੀਆਂ ਆਵਾਜਾਂ ਮਾਰਨ ਵਾਲਾ ਵਿਅਕਤੀ ਹੋਵੇ ਜਾਂ ਅਦਾਲਤ ਵਿੱਚ ਜੱਜ ਸਾਹਿਬ ਦੇ ਕਮਰੇ ਵਿੱਚ ਬੈਠੇ ਜਿਆਦਾਤਰ ਕਰਮਚਾਰੀ (ਟਾਈਪਿਸਟ, ਨਾਇਬ ਕੋਰਟ ਅਤੇ ਹੋਰ ਮੁਲਾਜਮ), ਮੌਕਾ ਮਿਲਣ ਤੇ ਪੇਸ਼ੀ ਭੁਗਤਣ ਆਏ ਲੋਕਾਂ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ।
ਇਸ ਦੌਰਾਨ ਅਦਾਲਤ ਦੇ ਹੀ ਕਿਸੇ ਕਰਮਚਾਰੀ ਵਲੋਂ ਜੱਜ ਸਾਹਿਬ ਦੇ ਨਾਮ ਤੇ ਮੁਕਦਮਾ ਲੜ ਰਹੇ ਵਿਅਕਤੀਆਂ ਨੂੰ ਫੈਸਲਾ ਉਹਨਾਂ ਦੇ ਪੱਖ ਵਿੱਚ ਕਰਵਾਉਣ ਦੇ ਨਾਮ ਹੇਠ ਮੋਟੀ ਰਕਮ ਲੈਣ ਦੇ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਸਿਰਫ ਸਰਕਾਰੀ ਕਰਮਚਾਰੀ ਹੀ ਨਹੀਂ ਬਲਕਿ ਮੁਕਦਮਾ ਲੜ ਰਹੇ ਵਕੀਲਾਂ ਤੇ ਵੀ ਜੱਜ ਨਾਲ ਸਿੱਧੀ ਗੱਲ ਹੋਣ ਅਤੇ ਮੁਕਦਮੇ ਦਾ ਫੈਸਲਾ ਆਪਣੇ ਪੱਖ ਵਿੱਚ ਕਰਵਾਉਣ ਦਾ ਦਾਅਵਾ ਕਰਨ ਦੇ ਇਲਜਾਮ ਲੱਗਦੇ ਹਨ, ਜਿਹੜੇ ਆਪਣੇ ਮੁਵੱਕਿਲ ਤੋਂ ਮੋਟੀ ਫੀਸ ਤਾਂ ਵਸੂਲਦੇ ਹੀ ਹਨ, ਜੱਜ ਨੂੰ ਦੇਣ ਦੇ ਨਾਮ ਤੇ ਵੀ ਮੋਟੀ ਰਕਮ ਲੈਂਦੇ ਹਨ। ਗਨੀਮਤ ਇਹ ਹੈ ਕਿ ਹੁਣ ਵੀ ਸਾਡੀਆਂ ਅਦਾਲਤਾਂ ਦੇ ਮਾਣਯੋਗ ਜੱਜ ਆਮ ਤੌਰ ਤੇ ਇਮਾਨਦਾਰ ਹਨ। ਹਾਲਾਂਕਿ ਸਮੇਂ ਸਮੇਂ ਤੇ ਜੱਜਾਂ ਉਪਰ ਵੀ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਹਨ ਪਰੰਤੂ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਇੱਕਾ ਦੁੱਕਾ ਮਾਮਲਿਆਂ ਨੂੰ ਛੱਡ ਕੇ ਸਾਡੇ ਦੇਸ਼ ਦੀਆਂ ਅਦਾਲਤਾਂ ਦੇ ਵੱਡੀ ਗਿਣਤੀ ਜੱਜ ਇਮਾਨਦਾਰ ਹਨ।
ਦੇਸ਼ ਦੀਆਂ ਅਦਾਲਤਾਂ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਕਰ ਰਹੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਦਾ ਦੇਸ਼ ਦੀ ਨਿਆਂ ਵਿਵਸਥਾ ਤੋਂ ਭਰੋਸਾ ਉਠਦਾ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਲੋਕ ਕਿਸੇ ਮੁਕੱਦਮੇਬਾਜੀ ਵਿੱਚ ਉਲਝਣ ਦੀ ਥਾਂ ਵਿਰੋਧੀਆਂ ਨਾਲ ਸਮਝੌਤਾ ਕਰਨ ਦਾ ਰਾਹ ਅਪਣਾਉਂਦੇ ਹਨ ਤਾਂ ਜੋ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਕੁੱਝ ਠੱਗ ਕਿਸਮ ਦੇ ਲੋਕ ਆਮ ਲੋਕਾਂ ਦੇ ਇਸ ਡਰ ਦਾ ਪੂਰਾ ਫਾਇਦਾ ਚੁੱਕਦੇ ਹਨ ਅਤੇ ਕਈ ਵਾਰ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਲੋਕ ਕਿਸੇ ਨਾ ਕਿਸੇ ਸ਼ਰੀਫ ਵਿਅਕਤੀ ਨੂੰ ਮੁਕਦਮੇਬਾਜੀ ਵਿੱਚ ਉਲਝਾ ਲੈਂਦੇ ਹਨ ਅਤੇ ਫਿਰ ਉਸ ਵਿਅਕਤੀ ਵਲੋਂ ਅਦਾਲਤ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਣ ਲਈ ਮੁਕਦਮਾ ਭੁਗਤਣ ਦੀ ਥਾਂ, ਕੁਝ ਲੈ ਦੇ ਕੇ ਸਮਝੌਤਾ ਕਰਨ ਦਾ ਰਾਹ ਅਖਤਿਆਰ ਕਰਦਾ ਹੈ।
ਦੇਸ਼ ਦੀਆਂ ਅਦਾਲਤਾਂ ਵਿੱਚ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਦੇ ਇਸ ਕੋਹੜ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਅਦਾਲਤਾਂ ਵਿੱਚ ਤੈਨਾਤ ਮਾਣਯੋਗ ਜੱਜਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਮੁਕੱਦਮਿਆਂ ਦੀ ਸੁਣਵਾਈ ਦੇ ਨਾਲ ਨਾਲ ਆਪਣੇ ਦਫਤਰੀ ਅਮਲੇ ਫੈਲੇ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕਣ ਅਤੇ ਅਜਿਹੇ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇ, ਜਿਹੜੇ ਰਿਸ਼ਵਤ ਦੇ ਨਾਮ ਤੇ ਇਨਸਾਫ ਦੀ ਆਸ ਵਿੱਚ ਅਦਾਲਤ ਵਿੱਚ ਪਹੁੰਚਣ ਵਾਲੇ ਮਜਲੂਮਾਂ ਦੀ ਹੀ ਲੁੱਟ ਕਰਦੇ ਹਨ। ਸਾਡੀ ਨਿਆਂ ਵਿਵਸਥਾ ਵਿੱਚ ਆਮ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਲਈ ਤੁਰੰਤ ਕਾਰਵਾਈ ਜਰੂਰੀ ਹੈ ਅਤੇ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਪੰਜਾਬ ਬੰਦ ਦਾ ਸੱਦਾ ਦੇਣ ਲਈ ਕਿਉਂ ਮਜਬੂਰ ਹੁੰਦੀਆਂ ਹਨ ਸੰਘਰਸ਼ਸ਼ੀਲ ਜਥੇਬੰਦੀਆਂ
ਪਿਛਲੇ ਦਿਨੀਂ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਰਿਹਾ। ਇਸ ਬੰਦ ਦਾ ਸੱਦਾ ਪਰਵਿੰਦਰ ਸਿੰਘ ਦੇ ਪਰਿਵਾਰ ਅਤੇ ਵੱਖ- ਵੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਇਸ ਦੌਰਾਨ ਕਈ ਥਾਵਾਂ ਤੇ ਧਰਨਾਕਾਰੀਆਂ ਵੱਲੋਂ ਮੁੱਖ ਸੜਕਾਂ ਤੇ ਧਰਨੇ ਲਗਾ ਕੇ ਕਈ ਘੰਟੇ ਆਵਾਜਾਈ ਵੀ ਠੱਪ ਕੀਤੀ ਗਈ, ਜਿਸ ਕਾਰਨ ਜਿੱਥੇ ਆਮ ਲੋਕ ਖੱਜਲ ਖੁਆਰ ਹੋਏ, ਉਥੇ ਅਨੇਕਾਂ ਥਾਵਾਂ ਤੇ ਆਵਾਜਾਈ ਠੱਪ ਕਰਨ ਵਾਲਿਆਂ ਅਤੇ ਰਾਹਗੀਰਾਂ, ਵਾਹਨ ਚਾਲਕਾਂ ਵਿਚਾਲੇ ਬਹਿਸ ਵੀ ਹੋਈ।
ਇਸ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਬੰਦ ਦਾ ਅਸਰ ਘੱਟ ਰਿਹਾ। ਪਟਿਆਲਾ ਜ਼ਿਲ੍ਹੇ ਦੀ ਵਪਾਰ ਜਥੇਬੰਦੀ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਅਤੇ ਟੀ. ਵੀ. ਚੈਨਲਾਂ ਤੇ ਲਾਈਵ ਹੋ ਕੇ ਕਿਹਾ ਸੀ ਕਿ ਉਹ ਪੰਜਾਬ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਖੇਧੀ ਕਰਦੇ ਹਨ ਅਤੇ ਪੀੜਤ ਪਰਿਵਾਰ ਦਾ ਦੁੱਖ ਸਮਝਦੇ ਹਨ ਪਰ ਪਟਿਆਲਾ ਜ਼ਿਲ੍ਹੇ ਦੇ ਵਪਾਰੀ ਅਤੇ ਦੁਕਾਨਦਾਰ ਦੁਕਾਨਾਂ ਬੰਦ ਨਹੀਂ ਕਰਨਗੇ ਕਿਉਂਕਿ ਇਸ ਵੇਲੇ ਤਿਉਹਾਰੀ ਸੀਜਨ ਚੱਲ ਰਿਹਾ ਹੈ ਅਤੇ ਦੁਕਾਨਦਾਰਾਂ ਨੇ ਆਪਣੀ ਰੋਜ਼ੀ ਰੋਟੀ ਦੁਕਾਨਾਂ ਖੋਲ੍ਹ ਕੇ ਹੀ ਕਮਾਉਣੀ ਹੁੰਦੀ ਹੈ।
ਬੰਦ ਦੌਰਾਨ ਕਈ ਥਾਵਾਂ ਨੇ ਸੰਘਰਸ਼ ਸ਼ੀਲ ਜਥੇਬੰਦੀਆਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ, ਜਿਸ ਕਾਰਨ ਮਾਹੌਲ ਤਨਾਓ ਪੂਰਨ ਰਿਹਾ। ਵੱਡੀ ਗਿਣਤੀ ਲੋਕਾਂ ਨੇ ਡਰ ਅਤੇ ਸਹਿਮ ਕਾਰਨ ਆਪਣੀਆਂ ਦੁਕਾਨਾਂ ਬੰਦ ਰਖੀਆਂ ਤਾਂ ਕਿ ਸ਼ਰਾਰਤੀ ਅਨਸਰ ਉਹਨਾਂ ਨਾਲ ਕੋਈ ਅਣਸੁਖਾਂਵੀ ਘਟਨਾ ਨੂੰ ਅੰਜਾਮ ਨਾ ਦੇਣ।
ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਦਾ ਦਿੱਤਾ ਗਿਆ ਇਹ ਸੱਦਾ ਪਹਿਲੀ ਵਾਰ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਵੀ ਵੱਖ- ਵੱਖ ਜਥੇਬੰਦੀਆਂ ‘ਪੰਜਾਬ ਬੰਦ’ ਦਾ ਸੱਦਾ ਦੇ ਚੁੱਕੀਆਂ ਹਨ ਅਤੇ ਉਹਨਾਂ ਦੇ ਬੰਦ ਦੇ ਸੱਦੇ ਨੂੰ ਹੁੰਗਾਰਾ ਵੀ ਮਿਲਦਾ ਰਿਹਾ ਹੈ। ਪਿਛਲੇ ਮਹੀਨੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੀ ਸੰਗਤ ਤੇ ਅਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਖ਼ਿਲਾਫ਼ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਵੱਖ- ਵੱਖ ਥਾਵਾਂ ਤੇ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਵਾਜਾਈ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ। ਇਸ ਤੋਂ ਵੀ ਕੁਝ ਦਿਨ ਪਹਿਲਾਂ ਦਲਿਤ ਜਥੇਬੰਦੀਆਂ ਵੱਲੋਂ ਵੀ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੀ ਪਿਛਲੇ ਸਮੇਂ ਦੌਰਾਨ ‘ਪੰਜਾਬ ਬੰਦ’ ਕਰ ਚੁੱਕੀਆਂ ਹਨ। ਜਿਸ ਕਰਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਸੂਬੇ ਵਿੱਚ ‘ਪੰਜਾਬ ਬੰਦ’ ਦੀ ਰਾਜਨੀਤੀ ਇੱਕ ਵਾਰ ਮੁੜ ਸ਼ੁਰੂ ਹੋ ਗਈ ਹੈ।
ਪੰਜਾਬੀਆਂ ਨੂੰ ਉਹ ਲੰਘਿਆ ਸਮਾਂ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਸੂਬੇ ਵਿੱਚ ਹਰ ਤੀਜੇ ਦਿਨ ‘ਪੰਜਾਬ ਬੰਦ’ ਦਾ ਸੱਦਾ ਦੇ ਦਿੱਤਾ ਜਾਂਦਾ ਸੀ। ਉਸ ਸਮੇਂ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ ਅਤੇ ਡਰਦੇ ਹੋਏ ਲੋਕ ਕੁਝ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਦੇ ਸਨ। ਇਸ ਦੇ ਨਾਲ ਹੀ ਵਿਦਿਅਕ ਅਦਾਰੇ ਵੀ ਅਕਸਰ ਬੰਦ ਰਹਿੰਦੇ ਸਨ। ਉਸ ਸਮੇਂ ਅਕਸਰ ਰੇਲ ਅਤੇ ਬੱਸ ਆਵਾਜਾਈ ਵੀ ਠੱਪ ਕਰ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਅਮਨ-ਸ਼ਾਂਤੀ ਪਰਤ ਆਉਣ ਤੋਂ ਬਾਅਦ ਇਹ ‘ਬੰਦ ਦੀ ਰਾਜਨੀਤੀ’ ਵੀ ਇੱਕ ਤਰ੍ਹਾਂ ਸਮਾਪਤ ਹੋ ਗਈ ਸੀ।
ਪਰੰਤੂ ਹੁਣ ਪੰਜਾਬ ਵਿੱਚ ਮੁੜ ‘ਬੰਦ’ ਦੀ ਰਾਜਨੀਤੀ ਦੀ ਸ਼ੁਰੂੁਆਤ ਹੋ ਚੁੱਕੀ ਹੈ। ਇਸ ਤਰੀਕੇ ਦੀ ਸਿਆਸਤ ਦੀ ਸ਼ੁਰੂਆਤ ਭਾਵੇਂ ਸਿਆਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾਂਦੀ ਮੰਨੀ ਜਾਂਦੀ ਹੈ ਪਰ ਕਿਸਾਨ ਜਥੇਬੰਦੀਆਂ ਜਦੋਂ ਵੀ ਕਿਸੇ ਥਾਂ ਧਰਨਾ ਲਗਾਉਂਦੀਆਂ ਹਨ ਤਾਂ ਪੂਰੇ ਅਨੁਸ਼ਾਸਨ ਵਿੱਚ ਰਹਿੰਦੀਆਂ ਹਨ ਅਤੇ ਉਥੇ ਇਹਨਾਂ ਜਥੇਬੰਦੀਆਂ ਵੱਲੋਂ ‘ਲੰਗਰ’ ਵੀ ਲਗਾਏ ਜਾਂਦੇ ਹਨ। ਇਹਨਾਂ ‘ਲੰਗਰਾਂ’ ਵਿੱਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਖਾਣਾ ਖਾ ਸਕਦਾ ਹੈ। ਕੁਝ ਕਿਸਾਨ ਆਗੂ ਕਹਿੰਦੇ ਹਨ ਕਿ ਉਹਨਾਂ ਦੀ ਲੜਾਈ ਸਰਕਾਰਾਂ ਨਾਲ ਹੈ ਅਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਹਨ।
ਪੰਜਾਬ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਹਨ, ਜੋਕਿ ਹਰ ਦਿਨ ਦਿਹਾੜੀ ਲਗਾਉਂਦੇ ਹਨ ਜਾਂ ਰੇਹੜੀਆਂ ਫੜੀਆਂ ਲਗਾਉਂਦੇ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਹਰ ਦਿਨ ਕਮਾਈ ਕਰਨੀ ਹੁੰਦੀ ਹੈ, ਕਿਉਂਕਿ ਹਰ ਦੁਕਾਨ ਦਾ ਹਰ ਦਿਨ ਖਰਚਾ ਪੈਂਦਾ ਰਹਿੰਦਾ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮ ਵੀ ਇੱਕ ਤਰ੍ਹਾਂ ਦਿਹਾੜੀਦਾਰਾਂ ਵਰਗੇ ਹੁੰਦੇ ਹਨ। ਜਦੋਂ ਵੀ ਕਿਸੇ ਥਾਂ ਆਵਾਜਾਈ ਠੱਪ ਹੁੰਦੀ ਹੈ ਜਾਂ ‘ਬੰਦ’ ਹੁੰਦਾ ਹੈ ਤਾਂ ਅਕਸਰ ਆਮ ਲੋਕਾਂ ਦੇ ਕੰਮ ਕਾਰ ਬੰਦ ਹੋ ਜਾਂਦੇ ਹਨ ਅਤੇ ਪ੍ਰਾਈਵੇਟ ਮੁਲਾਜਮ ਆਪਣੇ ਦਫਤਰਾਂ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਦੇ। ਜਿਸ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੋਈ ਵੀ ਸਿਆਸੀ ਪਾਰਟੀ ਬੰਦੀ ਸਿੰਘਾਂ, ਕਿਸਾਨਾਂ ਦੇ ਮਸਲਿਆਂ, ਪਾਣੀਆਂ ਦਾ ਮਸਲਾ, ਨਸ਼ੇ ਦੇ ਕਹਿਰ ਅਤੇ ਪੰਜਾਬੀਆਂ ਦੀਆਂ ਹੋਰ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਹੋ ਕਾਰਨ ਹੈ ਕਿ ਇਹਨਾਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ‘ਪੰਜਾਬ ਬੰਦ’ ਵਰਗੇ ਸੱਦੇ ਦੇਣ ਲਈ ਮਜ਼ਬੂਰ ਹੁੰਦੀਆਂ ਹਨ। ‘ਪੰਜਾਬ ਬੰਦ’ ਦੇ ਸੱਦੇ ਦੇਣ ਤੋਂ ਪਹਿਲਾਂ ਜਥੇਬੰਦੀਆਂ ਨੂੰ ਇਸ ਬੰਦ ਕਾਰਨ ਆਮ ਲੋਕਾਂ ਦੇ ਹੁੰਦੇ ਆਰਥਿਕ, ਸਮਾਜਿਕ ਤੇ ਮਾਨਸਿਕ ਨੁਕਸਾਨ ਬਾਰੇ ਸੋਚਣਾ ਚਾਹੀਦਾ ਹੈ।
ਬਿਊਰੋ
Editorial
ਕੱਤਕ ਮਹੀਨੇ ਆਵਣ ਕੂੰਜਾਂ
ਘਰਾਂ ਨੂੰ ਪਰਤਣ ਦਾ ਮਹੀਨਾ ਕੱਤਕ
ਕੱਤਕ ਮਹੀਨੇ ਨੂੰ ਕੱਤਾ ਅਤੇ ਕੱਤੇ ਵੀ ਕਹਿ ਲਿਆ ਜਾਂਦਾ ਹੈ। ਕੱਤਕ ਮਹੀਨੇ ਨੂੰ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਵਿਚ ‘ਕਾਰਤਿਕ ‘ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਨੂੰ ਇੰਗਲਿਸ਼ ਵਿਚ ‘ਪਲੀਅਡੀਜ’ ਕਹਿੰਦੇ ਹਨ, ਇਸੇ ਤਰਾਂ ਫਾਰਸੀ ਵਿਚ ਕੱਤਕ ਮਹੀਨੇ ਨੂੰ ‘ਪਰਵੀਨ’ ਅਤੇ ਅਰਬੀ ਭਾਸ਼ਾ ਵਿੱਚ ‘ਸੋਰਯਾ’ ਕਹਿੰਦੇ ਹਨ।
ਜਦੋਂ ਪੰਜਾਬ ਦੇ ਹਰ ਇਲਾਕੇ ਵਿੱਚ ਭਰ ਜਵਾਨ ਹੋਇਆ ਝੋਨਾ, ਮਾਲਵਾ ਇਲਾਕੇ ਵਿੱਚ ਕਪਾਹ ਅਤੇ ਨਰਮੇ ਨੂੰ ਖਿੜੇ ਚਿੱਟੇ ਚਿੱਟੇ ਫੁੱਲ ਅਤੇ ਇਹਨਾਂ ਚਿੱਟੇ ਦੁੱਧ ਵਰਗੇ ਫੁੱਲਾਂ ਤੇ ਪਈ ਤਰੇਲ ਦੀਆਂ ਬੂੰਦਾਂ, ਕਪਾਹ ਅਤੇ ਨਰਮਾ ਚੁਗਦੀਆਂ ਹੋਈਆਂ ਪੰਜਾਬ ਦੀਆਂ ਮੁਟਿਆਰਾਂ, ਗਵਾਰ ਅਤੇ ਮੂੰਗੀ ਦੀਆਂ ਫਸਲਾਂ ਭਰ ਜੋਬਨ ਤੇ ਆ ਕੇ ਪੈਲਾਂ ਪਾਉਣ ਲੱਗ ਪੈਣ ਤਾਂ ਹਰ ਆਮ ਤੇ ਖਾਸ ਨੂੰ ਪਤਾ ਚਲ ਜਾਂਦਾ ਹੈ ਕਿ ਕੱਤਕ ਮਹੀਨੇ ਨੇ ਦਸਤਕ ਦੇ ਦਿੱਤੀ ਹੈ।
ਕੱਤਕ ਮਹੀਨੇ ਕੂੰਜਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਪਰਵਾਸੀ ਪੰਛੀਆਂ ਦੇ ਆਉਣ ਦੇ ਨਾਲ ਹੀ ਉਹਨਾਂ ਵਿਆਹੁਤਾ ਮੁਟਿਆਰਾਂ ਨੂੰ ਆਪਣੇ ਕੰਤ ਦੇ ਆਉਣ ਦੀ ਉਡੀਕ ਵੀ ਸ਼ੁਰੂ ਹੋ ਜਾਂਦੀ ਹੈ, ਜਿਹਨਾਂ ਦੇ ਕੰਤ ਰੋਜ਼ੀ ਰੋਟੀ ਦੇ ਜੁਗਾੜ ਲਈ ਸੱਤ ਸਮੁੰਦਰ ਪਾਰ ਪਰਦੇਸ਼ ਉਡਾਰੀ ਮਾਰ ਗਏ ਹੁੰਦੇ ਹਨ। ਅਕਸਰ ਹੀ ਵੱਡੀ ਗਿਣਤੀ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਵਤਨ ਪੰਜਾਬ ਗੇੜਾ ਮਾਰਦੇ ਹਨ। ਬਿਰਹੋਂ ਦੀ ਅਗਨੀ ਵਿੱਚ ਤੜਫਦੀਆਂ ਜੋਬਨਵੰਤੀਆਂ ਮੁਟਿਆਰਾਂ ਦੇ ਕੰਤ ਜਦੋਂ ਕੱਤਕ ਮਹੀਨੇ ਉਹਨਾਂ ਦੇ ਕੋਲ ਆ ਜਾਂਦੇ ਹਨ ਤਾਂ ਉਹਨਾਂ ਦੀ ਜਿੰਦਗੀ ਵਿੱਚ ਲੱਖਾਂ ਬਲਬਾਂ ਤੇੇ ਕਰੋੜਾਂ ਟਿਊਬ ਲਾਈਟਾਂ ਦੀ ਰੌਸ਼ਨੀ ਹੋ ਜਾਂਦੀ ਹੈ।
ਕੱਤਕ ਮਹੀਨੇ ਮਾਲਵਾ ਇਲਾਕੇ ਦੇ ਅਬੋਹਰ ਅਤੇ ਹੋਰ ਇਲਾਕਿਆਂ ਵਿੱਚ ਮੌਸਮੀ (ਮੁਸੰਮੀ) ਦੇ ਪੌਦਿਆਂ ਨੂੰ ਭਰਪੂਰ ਫਲ ਲੱਗਿਆ ਹੁੰਦਾ ਹੈ, ਇਸ ਦੇ ਨਾਲ ਕਿੰਨੂੰ ਦੇ ਪੌਦਿਆਂ ਨੂੰ ਕੱਤਕ ਮਹੀਨੇ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਅਗਲੇ ਮਹੀਨਿਆਂ ਦੌਰਾਨ ਵੱਡਾ ਹੁੰਦਾ ਜਾਂਦਾ ਹੈ। ਕੱਤਕ ਮਹੀਨੇ ਗੰਨੇ ਦੀ ਫਸਲ ਵੀ ਪੈਲਾਂ ਪਾਉਂਦੀ ਆਪਣੀ ਜਵਾਨੀ ਦਾ ਜਲਵਾ ਦਿਖਾਉਂਦੀ ਪ੍ਰਤੀਤ ਹੁੰਦੀ ਹੈ। ਅੱਧੇ ਕੱਤੇ ਤੋਂ ਭਾਵ ਕੱਤਕ ਮਹੀਨੇ ਦੇ ਅੱਧ ਵਿਚਕਾਰ ਜਾ ਕੇ ਪੰਜਾਬ ਦੇ ਖੇਤਾਂ ਵਿੱਚ ਹਾੜੀ ਦੀ ਫਸਲ ਕਣਕ ਅਤੇ ਸਰ੍ਹੋਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ।
ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿੱਚ ਗੰਨਾ ਬਹੁਤ ਵੱਡੇ ਪੱਧਰ ਉਪਰ ਬੀਜਿਆ ਜਾਂਦਾ ਸੀ ਪਰ ਹੁਣ ਗੰਨੇ ਦੀ ਫਸਲ ਹੇਠ ਰਕਬਾ ਬਹੁਤ ਹੀ ਘੱਟ ਗਿਆ ਹੈ। ਗੰਨੇ ਦੀ ਫਸਲ ਨੂੰ ਕਮਾਦ ਵੀ ਕਿਹਾ ਜਾਂਦਾ ਹੈ। ਗੰਨੇ ਤੋਂ ਹੀ ਗੁੜ ਅਤੇ ਸ਼ੱਕਰ ਬਣਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਕੱਤਕ ਮਹੀਨੇ ਵਿੱਚ ਅਨੇਕਾਂ ਹੀ ਥਾਂਵਾਂ ਉਪਰ ਗੁੜ ਤੇ ਸ਼ੱਕਰ ਬਣਾਉਣ ਵਾਲੇ ਵੇਲਣੇ ਅਤੇ ਘੁਲਾੜੀਆਂ ਨਜ਼ਰ ਆਉਂਦੇ ਹਨ। ਮਿਥਿਹਾਸ ਅਨੁਸਾਰ ਗੰਨੇ ਦੀ ਉਤਪਤੀ ਭਾਰਤ ਵਿੱਚ ਹੀ ਹੋਈ ਅਤੇ ਇਥੋਂ ਹੀ ਗੰਨਾ ਸਾਰੀ ਦੁਨੀਆ ਵਿੱਚ ਪਹੁੰਚਿਆ। ਇਹ ਵੀ ਕਿਹਾ ਜਾਂਦਾ ਹੈ ਕਿ ਸਿਕੰਦਰ ਦੇ ਫ਼ੌਜੀ ਵਾਪਸ ਮੁੜਦੇ ਸਮੇਂ ਆਪਣੇ ਨਾਲ ਗੰਨਾ ਵੀ ਯੂਰੋਪ ਵਿੱਚ ਲੈ ਗਏ। ਕੱਤਕ ਮਹੀਨੇ ਗੰਨੇ ਚੂਪਦੇ ਬੱਚੇ ਅਤੇ ਜਵਾਨ ਅੱਜ ਵੀ ਨਜ਼ਰ ਆ ਜਾਂਦੇ ਹਨ।
ਕੱਤਕ ਮਹੀਨੇ ਨੂੰ ਖਾਣ ਪੀਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਦੀ ਮੱਸਿਆ ਨੂੰ ਰੌਸ਼ਨੀਆਂ ਦਾ ਪ੍ਰਸਿੱਧ ਤਿਉਹਾਰ ਦਿਵਾਲੀ ਮਨਾਇਆ ਜਾਂਦਾ ਹੈ। ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਆਮ ਤੌਰ ਤੇ ਸਿੱਖ ਭਾਈਚਾਰੇ ਦੇ ਘਰਾਂ ਵਿੱਚ ਦਿਵਾਲੀ ਮੌਕੇ ਲਗਾਈਆਂ ਗਈਆਂ ਰੰਗ ਬਿਰੰਗੇ ਬਲਬਾਂ ਦੀ ਲੜੀਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੱਕ ਚਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕਰਵਾ ਚੌਥ, ਚੱਕਰੀਆਂ (ਮਾਤਾ ਦਾ ਵਰਤ) ਵਰਗੇ ਤਿਉਹਾਰ ਵੀ ਇਸੇ ਕੱਤਕ ਮਹੀਨੇ ਵਿੱਚ ਆਉਂਦੇ ਹਨ। ਇਹਨਾਂ ਤਿਉਹਾਰਾਂ ਮੌਕੇ ਵੱਡੀ ਗਿਣਤੀ ਔਰਤਾਂ ਵੱਲੋਂ ਵਰਤ ਵੀ ਰੱਖੇ ਜਾਂਦੇ ਹਨ ।
ਕੱਤਕ ਮਹੀਨੇ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਦਿਵਾਲੀ ਵਾਲੇ ਦਿਨ ਹੀ ਹੁੰਦਾ ਹੈ। ਦਿਵਾਲੀ ਦੇ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ , ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ 52 ਰਾਜਿਆਂ ਨੂੰ ਛੁੱਡਵਾ ਕੇ ਅੰਮ੍ਰਿਤਸਰ ਪਹੁੰਚੇ ਸਨ, ਇਹ ਹੀ ਕਾਰਨ ਹੈ ਕਿ ਦਿਵਾਲੀ ਨੂੰ ਘਰਾਂ ਨੂੰ ਪਰਤਣ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਕੱਤਕ ਨੂੰ ਘਰਾਂ ਨੂੰ ਪਰਤਣ ਦਾ ਮਹੀਨਾ। ਇਸੇ ਕਾਰਨ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਵਸੇ ਹੋਏ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਪਿੰਡ ਵਾਲੇ ਜੱਦੀ ਘਰ ਗੇੜਾ ਮਾਰਦੇ ਹਨ। ਪਰਿਵਾਰ ਨੂੰ ਮਿਲ ਕੇ ਪਰਵਾਸੀ ਪੰਜਾਬੀਆਂ ਦੇ ਨਾਲ ਨਾਲ ਪਰਿਵਾਰ ਵਾਲਿਆਂ ਦੀ ਖੁਸ਼ੀ ਵੀ ਵੇਖਣ ਵਾਲੀ ਹੁੰਦੀ ਹੈ।
ਹੁਣ ਨਾ ਤਾਂ ਪਹਿਲਾਂ ਵਰਗਾ ਵਾਤਾਵਰਣ ਰਿਹਾ ਹੈ ਤੇ ਨਾ ਸ਼ੁੱਧ ਪੌਣ ਪਾਣੀ। ਨਾ ਹੁਣ ਪਹਿਲਾਂ ਵਰਗਾ ਅੰਮ੍ਰਿਤ ਵੇਲਾ ਤੇ ਸਰਘੀ ਵੇਲਾ ਰਿਹਾ ਹੈ ਤੇ ਨਾ ਛਾਹ ਵੇਲਾ। ਹਰ ਪਾਸੇ ਫੈਲੀ ਆਪਾ-ਧਾਪੀ ਦੇ ਇਸ ਦੌਰ ਵਿੱਚ ਕਿਸੇ ਕੋਲ ਏਨਾ ਕੁ ਸਮਾਂ ਨਹੀਂ ਕਿ ਉਹ ਆਪਣੇ ਪਿੰਡ ਵਾਸੀਆਂ, ਸ਼ਹਿਰ ਵਾਸੀਆਂ ਨਾਲ ਬਹਿ ਕੇ ਕੁਝ ਸਮਾਂ ਕੁਦਰਤ ਦੀ ਗੋਦ ਵਿੱਚ ਗੁਜ਼ਾਰ ਸਕੇ। ਹਰ ਕੋਈ ਹੁਣ ਕੰਕਰੀਟ ਦੇ ਜੰਗਲਾਂ ਵਿੱਚ ਬਣਾਏ ਕੋਠੀ ਨੁਮਾ ਘੁਰਨਿਆਂ ਵਿੱਚ ਵੜ ਕੇ ਆਪਣੇ ਆਪ ਤਕ ਸੀਮਿਤ ਜਿਹਾ ਹੋ ਗਿਆ ਹੈ, ਜਿਸ ਕਰਕੇ ਅਨੇਕਾਂ ਲੋਕਾਂ ਨੂੰ ਹੁਣ ਕੱਤਕ ਮਹੀਨੇ ਦੀਆਂ ਮੌਜਾਂ ਮਾਨਣ ਦੀ ਵਿਹਲ ਨਹੀਂ ਮਿਲਦੀ।
ਕੱਤਕ ਮਹੀਨੇ ਦੀ ਸ਼ੁਰੂਆਤ ਮੌਕੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਆਪਣੇ ਵਿਰਸੇ ਅਤੇ ਕੁਦਰਤ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬ ਦੇ ਅਮੀਰ ਵਿਰਸੇ ਅਤੇ ਕੁਦਰਤ ਨਾਲ ਜੋੜਨ। ਕੱਤਕ ਮਹੀਨੇ ਦੌਰਾਨ ਸਮੂਹ ਪੰਜਾਬੀਆਂ ਨੂੰ ਪੰਜਾਬ ਵਿੱਚ ਵਹਿ ਰਹੇ ਪਰਵਾਸ ਦੇ ਸੱਤਵੇਂ ਦਰਿਆ ਨੂੰ ਠੱਲਖ਼ ਪਾਉਣ ਲਈ ਵੀ ਸਿਰ ਜੋੜ ਕੇ ਮੰਥਨ ਕਰਨ ਦੀ ਲੋੜ ਹੈ ਤਾਂ ਕਿ ਸੱਤ ਸਮੁੰਦਰ ਪਾਰ ਗਏ ਉਹਨਾਂ ਦੇ ਬੱਚੇ ਆਪਣੇ ਵਤਨ, ਆਪਣੀ ਮਾਂ ਬੋਲੀ, ਆਪਣੇ ਅਮੀਰ ਵਿਰਸੇ ਅਤੇ ਆਪਣੀ ਜੱਦੀ ਜ਼ਮੀਨ ਨਾਲ ਜੁੜੇ ਰਹਿ ਸਕਣ।
ਕੱਤਕ ਮਹੀਨੇ ਦੂਰ ਦੇ ਦੇਸ਼ਾਂ ਦੇਸਾਂਤਰਾਂ ਤੋਂ ਆਉਂਦੀਆਂ ਕੂੰਜਾਂ ਵਾਂਗ ਪੰਜਾਬੀਆਂ ਦੇ ਸੱਤ ਸਮੁੰਦਰ ਪਾਰ ਗਏ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੱਤਕ ਮਹੀਨੇ ਆਪਣੇ ਵਤਨਾਂ ਨੂੰ ਗੇੜਾ ਮਾਰਨ ਤਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਉਹਨਾਂ ਬਿਨਾਂ ਸੁੰਨੇ ਪਏ ਉਹਨਾਂ ਦੇ ਮਹੱਲ ਮੁਨਾਰਿਆਂ ਅਤੇ ਜੱਦੀ ਘਰਾਂ ਵਿੱਚ ਮੁੜ ਰੌਣਕਾਂ ਲੱਗਣ।
ਜਗਮੋਹਨ ਸਿੰਘ ਲੱਕੀ
ਮੋ: 9463819174
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International1 month ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
