Editorial
ਵੱਡੇ ਪੱਧਰ ਤੇ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਕਾਬੂ ਕਰੇ ਸਰਕਾਰ
ਸਾਡੇ ਦੇਸ਼ ਵਿੱਚ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਦਾ ਧੰਦਾ ਖੁੱਲੇਆਮ ਚਲਦਾ ਹੈ ਅਤੇ ਜਿੱਥੇ ਵੀ ਵੇਖੋ ਅਜਿਹਾ ਸਾਮਾਨ ਆਮ ਵਿਕਦਾ ਹੈ। ਹਾਲਾਤ ਇਹ ਹਨ ਕਿ ਮਿਲਾਵਟਖੋਰ ਬਾਜ਼ਾਰ ਵਿੱਚ ਵਿਕਣ ਵਾਲੀ ਹਰ ਚੀਜ਼ ਵਿੱਚ ਵੱਡੇ ਪੱਧਰ ਤੇ ਮਿਲਾਵਟ ਕਰਦੇ ਹਨ। ਮਿਲਾਵਟੀ ਸਾਮਾਨ ਵੇਚਣ ਵਾਲਿਆਂ ਵਲੋਂ ਸਭ ਤੋਂ ਜ਼ਿਆਦਾ ਮਿਲਾਵਟ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਬਾਜਾਰਾਂ ਵਿੱਚ ਵਿਕਦਾ ਖਾਣ ਪੀਣ ਦਾ ਇਹ ਮਿਲਾਵਟੀ ਸਾਮਾਨ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਇਸ ਦੌਰਾਨ ਸਭ ਤੋਂ ਜਿਆਦਾ ਮਿਲਾਵਟ ਦੁੱਧ ਅਤੇ ਉਸ ਤੋਂ ਬਣਨ ਵਾਲੀਆਂ ਵਸਤੂਆਂ ਵਿੱਚ ਹੀ ਹੁੰਦੀ ਹੈ।
ਬਾਜਾਰਾਂ ਵਿੱਚ ਹੋਣ ਵਾਲੀ ਵਿਕਰੀ ਵਿੱਚ ਜਿਵੇਂ ਜਿਵੇਂ ਵਾਧਾ ਹੁੰਦਾ ਹੈ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਵੀ ਉਸੇ ਅਨੁਪਾਤ ਵਿੱਚ ਵੱਧਦੀ ਜਾਂਦੀ ਹੈ ਅਤੇ ਵਿਕਰੀ ਵਿੱਚ ਹੋਣ ਵਾਲੇ ਇਸ ਵਾਧੇ ਨਾਲ ਭਾਰੀ ਮੁਨਾਫਾ ਕਮਾਉਣ ਦੀ ਆਸ ਵਿੱਚ ਹਰ ਤਰ੍ਹਾਂ ਦੇ ਸਾਮਾਨ ਵਿੱਚ ਮਿਲਾਵਟ ਕਰਨ ਵਾਲੇ ਵੀ ਕੁੱਝ ਜਿਆਦਾ ਹੀ ਸਰਗਰਮ ਹੋ ਜਾਂਦੇ ਹਨ। ਇਸ ਸੰਬੰਧੀ ਟੀ ਵੀ ਚੈਨਲਾਂ ਵਲੋਂ ਸਮੇਂ ਸਮੇਂ ਤੇ ਦੇਸ਼ ਭਰ ਵਿੱਚ ਨਕਲੀ ਦੁੱਧ, ਖੋਆ, ਪਨੀਰ ਅਤੇ ਨਕਲੀ ਮਿਠਾਈਆਂ ਤਿਆਰ ਕਰਕੇ ਵੇਚੇ ਜਾਣ ਸੰਬੰਧੀ ਜਿਹੜੀਆਂ ਰਿਪੋਰਟਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਉਹ ਲੂ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ। ਦੁੱਧ ਅਤੇ ਉਸ ਨਾਲ ਬਣੀਆਂ ਵਸਤੂਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਮਿਲਾਵਟ ਅਤੇ ਇਹਨਾਂ ਦੇ ਨਕਲੀ ਉਤਪਾਦਨ ਦਾ ਅੰਦਾਜ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਵਿੱਚ ਦੁੱਧ ਦਾ ਜਿੰਨਾ ਉਤਪਾਦਨ ਹੁੰਦਾ ਹੈ ਉਸਦੇ ਮੁਕਾਬਲੇ ਉਸਦੀ ਖਪਤ ਦੋ-ਤਿੰਨ ਗੁਨਾ ਤਕ ਜਿਆਦਾ ਹੈ। ਇਸਤੋਂ ਇਲਾਵਾ ਦੁੱਧ ਤੋਂ ਬਣਨ ਵਾਲੀਆਂ ਮਿਠਾਈਆਂ ਅਤੇ ਹੋਰ ਪਦਾਰਥ ਵੀ ਬਹੁਤ ਜ਼ਿਆਦਾ ਖਰੀਦੇ ਵੇਚੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਖਪਤ ਜ਼ਿਆਦਾ ਹੋਣ ਕਾਰਨ ਨਕਲੀ ਦੁੱਧ, ਖੋਆ ਅਤੇ ਪਨੀਰ ਦਾ ਕਾਰੋਬਾਰ ਧੜੱਲੇ ਨਾਲ ਚਲਦਾ ਹੈ।
ਨਕਲੀ ਸਾਮਾਨ ਅਤੇ ਮਿਲਾਵਟ ਦਾ ਇਹ ਕਾਰੋਬਾਰ ਸਿਰਫ ਦੁੱਧ ਅਤੇ ਉਸਤੋਂ ਬਣਨ ਵਾਲੇ ਸਾਮਾਨ ਤਕ ਹੀ ਸੀਮਿਤ ਨਹੀਂ ਹੈ ਬਲਕਿ ਅੱਜ ਕੱਲ ਤਾਂ ਬਾਜਾਰਾਂ ਵਿੱਚ ਵਿਕਦੇ ਹਰ ਤਰ੍ਹਾਂ ਦੇ ਨਕਲੀ ਅਤੇ ਮਿਲਾਵਟੀ ਸਮਾਨ ਦੀ ਵਿਕਰੀ ਦੀਆਂ ਸ਼ਿਕਾਇਤਾਂ ਸਾਮ੍ਹਣੇ ਆਉਂਦੀਆਂ ਹਨ। ਅਨਾਜ, ਦਾਲਾਂ, ਮਸਾਲੇ ਅਤੇ ਖੁਰਾਕੀ ਤੇਲ ਸਮੇਤ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ ਵਿਚ ਵੱਡੇ ਪੱਧਰ ਉਪਰ ਮਿਲਾਵਟ ਕੀਤੀ ਜਾਂਦੀ ਹੈ ਅਤੇ ਅਜਿਹਾ ਸਮਾਨ ਖਰੀਦ ਕੇ ਵਰਤਣ ਵਾਲੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਸਾਮਾਨ ਉਹ ਬਾਜਾਰ ਤੋਂ ਖਰੀਦ ਕੇ ਖਾ ਰਹੇ ਹਨ, ਉਹ ਨਾ ਸਿਰਫ ਮਿਲਾਵਟੀ ਹੈ ਬਲਕਿ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਵੀ ਹੈ। ਇਸ ਦੌਰਾਨ ਵੱਡੇ ਵਪਾਰੀ ਹੋਣ ਜਾਂ ਆਮ ਦੁਕਾਨਦਾਰ, ਇਹ ਸਾਰੇ ਹੀ ਆਪਣਾ ਮੁਨਾਫਾ ਵਧਾਉਣ ਲਈ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰੰਤੂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲਾ ਤੰਤਰ ਜਿਵੇਂ ਡੂੰਘੀ ਨੀਂਦ ਸੁੱਤਾ ਰਹਿੰਦਾ ਹੈ।
ਖੁੱਲੇਆਮ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਦੇਸ਼ ਦੇ ਖਜਾਨੇ ਨੂੰ ਵੀ ਖੋਰਾ ਲਗਾਉਂਦੀ ਹੈ ਕਿਉਂਕਿ ਨਕਲੀ ਅਤੇ ਮਿਲਾਵਟੀ ਸਾਮਾਨ ਦਾ ਇਹ ਸਾਰਾ ਕਾਰੋਬਾਰ ਦੋ ਨੰਬਰ ਵਿੱਚ ਹੀ ਹੁੰਦਾ ਹੈ। ਇਸ ਸੰਬੰਧੀ ਆਮ ਲੋਕ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਇਹ ਕਾਰੋਬਾਰ ਵੱਡੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਦਾ ਹੈ ਅਤੇ ਇਸ ਕਾਰੋਬਾਰ ਨਾਲ ਹੋਣ ਵਾਲੀ ਕਮਾਈ ਦਾ ਹਿੱਸਾ ਵੀ ਉੱਪਰ ਤਕ ਜਾਂਦਾ ਹੈ। ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਚੁੱਕਦੀ ਹੈ ਅਤੇ ਸਰਕਾਰ ਵਲੋਂ ਇਸਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਨਕਲੀ ਅਤੇ ਮਿਲਾਵਟੀ ਸਾਮਾਨ ਦੀ ਇਸ ਤਰੀਕੇ ਨਾਲ ਖੁੱਲੇਆਮ ਕੀਤੀ ਜਾਂਦੀ ਵਿਕਰੀ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਦੇਸ਼ ਭਰ ਵਿਚ ਇਸਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਇਸ ਸੰਬੰਧੀ ਸਰਕਾਰੀ ਪੱਧਰ ਤੇ ਹੋਣ ਵਾਲੀ ਕਾਰਵਾਈ ਦੀ ਅਣਹੋਂਦ ਕਾਰਨ ਮਿਲਾਵਟੀ ਸਾਮਾਨ ਦੀ ਇਸ ਵਿਕਰੀ ਦਾ ਅਮਲ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਇਸ ਤਰੀਕੇ ਨਾਲ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ।
Editorial
ਠੱਗਾਂ ਵਲੋਂ ਵੱਖ ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਠੱਗੀ ਤੋਂ ਬਚਣ ਲਈ ਲੋਕਾਂ ਦਾ ਸੁਚੇਤ ਹੋਣਾ ਜਰੂਰੀ
ਅਸੀਂ ਸਾਰੇ ਹੀ ਇਹ ਗੱਲ ਜਣਦੇ ਹਾਂ ਕਿ ਸ਼ਾਤਿਰ ਠੱਗ ਆਮ ਲੋਕਾਂ ਨੂੰ ਠੱਗਣ ਲਈ ਅਜਿਹਾ ਮਾਇਆਜਾਲ ਬੁਣਦੇ ਹਨ ਕਿ ਆਮ ਆਦਮੀ ਉਸ ਵਿੱਚ ਉਲਝ ਕੇ ਰਹਿ ਜਾਂਦਾ ਹੈ। ਅੱਜਕੱਲ ਇੰਟਰਨੈਟ ਦੇ ਇਸ ਯੁਗ ਵਿੱਚ ਇਹ ਠੱਗ ਵੀ ਹਾਈਟੈਕ ਹਨ ਅਤੇ ਉਹ ਵੱਖ ਵੱਖ ਤਰੀਕੇ ਅਪਣਾ ਕੇ ਆਮ ਲੋਕਾਂ ਨੂੰ ਠੱਗਣ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ। ਇਹ ਠੱਗ ਇੰਨੇ ਸ਼ਾਤਿਰ ਹਨ ਕਿ ਸਾਮ੍ਹਣੇ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਨੂੰ ਧੋਖੇ ਨਾਲ ਫਸਾ ਕੇ ਉਸਨੂੰ ਲੁੱਟਿਆ ਜਾ ਰਿਹਾ ਹੈ ਅਤੇ ਜਦੋਂ ਤਕ ਉਸਨੂੰ ਸਾਰੀ ਗੱਲ ਸਮਝ ਆਉਂਦੀ ਹੈ ਉਹ ਪੂਰੀ ਤਰ੍ਹਾਂ ਲੁੱਟਿਆ ਜਾ ਚੁੱਕਿਆ ਹੁੰਦਾ ਹੈ।
ਇਹਨਾਂ ਸਾਈਬਰ ਠੱਗਾਂ ਵਲੋਂ ਪਹਿਲਾਂ ਆਮ ਲੋਕਾਂ ਨੂੰ ਲੱਖਾਂ ਕਰੋੜਾਂ ਦੀ ਲਾਟਰੀ ਨਿਕਲਣ ਦਾ ਲਾਲਚ ਦੇ ਕੇ ਠੱਗੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪਰੰਤੂ ਹੁਣ ਜਿਆਦਾਤਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋ ਜਾਣ ਕਾਰਨ ਠੱਗਾਂ ਨੇ ਹੋਰ ਨਵੇਂ ਤਰੀਕੇ ਅਖਤਿਆਰ ਕਰ ਲਏ ਹਨ। ਇਹ ਠੱਗ ਹੁਣ ਆਪਣੇ ਸ਼ਿਕਾਰ ਨੂੰ ਲਾਲਚ ਦੇਣ ਦੀ ਥਾਂ ਉਸਨੂੰ ਡਰਾਉਂਦੇ ਹਨ ਜਾਂ ਵਿਦੇਸ਼ ਰਹਿੰਦਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਬਣ ਕੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ। ਤਰੀਕਾ ਭਾਵੇਂ ਕੋਈ ਵੀ ਹੋਵੇ ਪਰੰਤੂ ਇਹਨਾਂ ਠੱਗਾਂ ਦਾ ਟੀਚਾ ਇਹੀ ਹੁੰਦਾ ਹੈ ਕਿ ਕਿਸੇ ਤਰੀਕੈ ਨਾਲ ਆਪਣੇ ਸ਼ਿਕਾਰ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸਦੀ ਆਰਥਿਕ ਲੁੱਟ ਕੀਤੀ ਜਾਵੇ।
ਅੱਜਕੱਲ ਇਹਨਾਂ ਸਾਈਬਰ ਠੱਗਾਂ ਵਲੋਂ ਸੀਬੀ ਆਈ, ਈ ਡੀ, ਇਨਕਮ ਟੈਕਸ ਜਾਂ ਪੁਲੀਸ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਇਹ ਠੱਗ ਆਮ ਤੌਰ ਤੇ ਇਕੱਲੇ ਰਹਿੰਦੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਂਉਂਦੇ ਹਨ ਅਤੇ ਉਹਨਾਂ ਨੂੰ ਫੋਨ ਤੇ ਇਹ ਕਹਿ ਕੇ ਧਮਕਾਉਂਦੇ ਹਨ ਕਿ ਉਹ ਕਿਸੇ ਦੂਰ ਦੁਰਾਡੇ ਦੇ ਸ਼ਹਿਰ (ਆਮ ਤਰ ਤੇ ਮੁੰਬਈ ਜਾਂ ਗੁਜਰਾਤ ਦੇ ਕਿਸੇ ਵੱਡੇ ਸ਼ਹਿਰ) ਤੋਂ ਬੋਲ ਰਹੇ ਹਨ ਅਤੇ ਉਹਨਾਂ ਦੇ ਫੋਨ ਨੰਬਰ ਰਾਂਹੀ ਕਰੋੜਾਂ ਰੁਪਏ ਦੀ ਰਕਮ ਦਾ ਲੈਣ ਦੇਣ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਲਈ ਉਹਨਾਂ ਨੂੰ ਉਕਤ ਸ਼ਹਿਰ ਦੇ ਥਾਣੇ ਵਿੱਚ ਆਉਣਾ ਪਵੇਗਾ। ਆਪਣੇ ਡਰ ਚੁੱਕੇ ਸ਼ਿਕਾਰ ਨੂੰ ਇਹਨਾਂ ਵਿਅਕਤੀਆਂ ਵਲੋਂ ਇੱਕ ਨੰਬਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਇਸ ਅਧਿਕਾਰੀ ਨਾਲ ਵੱਟਸਅੱਪ ਤੇ ਵੀਡੀਓ ਕਾਲ ਤੇ ਗੱਲ ਕਰਨ।
ਡਰਿਆ ਹੋਇਆ ਵਿਅਕਤੀ ਜਦੋਂ ਵਾਪਸ ਫੋਨ ਕਰਦਾ ਹੈ ਤਾਂ ਉਸਨੂੰ ਦਿਖਦਾ ਹੈ ਕਿ ਸਾਮ੍ਹਣੇ ਵਰਦੀ ਵਿੱਚ ਕੋਈ ਵੱਡਾ ਪੁਲੀਸ ਅਧਿਕਾਰੀ ਬੈਠਾ ਹੈ ਜਿਹੜਾ ਉਹਨਾਂ ਨੂੰ ਹੋਰ ਡਰਾਉਂਦਾ ਹੈ ਅਤੇ ਫਿਰ ਕਹਿੰਦਾ ਹੈ ਕਿ ਉਹਨਾਂ ਦੇ ਇੱਕ ਦੂਜੇ ਫੋਨ ਨੰਬਰ ਤੋਂ ਇਹ ਸਾਰਾ ਕਾਂਡ ਹੋਇਆ ਹੈ। ਅਧਿਕਾਰੀ ਬਣਿਆ ਇਹ ਠੱਗ ਆਪਣੇ ਸ਼ਿਕਾਰ ਦੋ ਬੈਂਕ ਖਾਤੇ ਅਤੇ ਹੋਰ ਮਾਇਕ ਵਸੀਲਿਆਂ ਦੀ ਪੂਰੀ ਜਾਣਕਾਰੀ ਮੰਗਦਾ ਹੈ ਅਤੇ ਜਾਣਕਾਰੀ ਲੈਣ ਤੋਂ ਬਾਅਦ ਆਪਣੇ ਸ਼ਿਕਾਰ ਨੂੰ ਕਹਿੰਦਾ ਹੈ ਕਿ ਜੇਕਰ ਉਹ ਬਚਨਾ ਚਾਹੁੰਦਾ ਹੈ ਤਾਂ ਇੱਕ ਵੱਡੀ ਰਕਮ (ਜੋ ਲੱਖਾਂ ਵਿੱਚ ਹੁੰਦੀ ਹੈ) ਉਸ ਵਲੋਂ ਦੱਸੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇ। ਉਸਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਫੋਨ ਬੰਦ ਨਾ ਕਰੇ ਕਿਉਂਕਿ ਵਿਭਾਗ ਦੇ ਅਧਿਕਾਰੀ ਉਸਤੇ ਹਰ ਵੇਲੇ ਨਜਰ ਰੱਖਣਗੇ ਅਤੇ ਜੇਕਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾਂ ਠੱਗਾਂ ਦੇ ਚੱਕਰ ਵਿੱਚ ਆਇਆ ਵਿਅਕਤੀ ਆਪਣੇ ਬੈਂਕ ਜਾ ਕੇ ਠੱਗਾਂ ਦੇ ਦੱਸੇ ਨੰਬਰ ਤੇ ਪੈਸੇ ਟ੍ਰਾਂਸਫਰ ਕਰਵਾ ਦਿੰਦਾ ਹੈ ਅਤੇ ਬਾਅਦ ਵਿੱਚ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਨੂੰ ਮੂਰਖ ਬਣਾ ਕੇ ਠੱਗੀ ਮਾਰੀ ਗਈ ਹੈ ਤਾਂ ਉਸ ਕੋਲ ਪਛਤਾਉਣ ਤੋਂ ਸਿਵਾਏ ਕੋਈ ਰਾਹ ਨਹੀਂ ਬਚਦਾ।
ਇਸਤੋਂ ਇਲਾਵਾ ਕਿਸੇ ਅੰਤਰਰਾਸ਼ਟਰੀ ਨੰਬਰ ਤੋਂ ਕੋਈ ਵਿਅਕਤੀ ਫੋਨ ਕਰਕੇ ਖੁਦ ਨੂੰ ਆਪਣੇ ਸ਼ਿਕਾਰ ਦਾ ਗਵਾਂਢੀ ਜਾਂ ਰਿਸ਼ਤੇਦਾਰ ਦੱਸਦਾ ਹੈ ਅਤੇ ਆਪਣੇ ਸ਼ਿਕਾਰ ਨੂੰ ਲਾਲਚ ਦਿੰਦਾ ਹੈ ਕਿ ਉਸਨੇ ਭਾਰਤ ਪੈਸੇ ਭੇਜਣੇ ਸੀ ਇਸ ਲਈ ਉਹ ਉਸਨੂੰ ਆਪਣੇ ਬੈਂਕ ਖਾਤੇ ਦਾ ਨੰਬਰ ਦੇ ਦੇਵੇ ਜਿੱਥੇ ਉਹ ਇਹ ਰਕਮ (ਲੱਖਾਂ ਵਿੱਚ) ਭੇਜੇਗਾ ਅਤੇ ਫਿਰ ਭਾਰਤ ਆਉਣ ਤੇ ਉਸਤੋਂ ਇਹ ਰਕਮ ਲੈ ਲਵੇਗਾ। ਫਿਰ ਵਿਦੇਸ਼ ਬੈਠੇ ਵਿਅਕਤੀ ਵਲੋਂ ਦੱਸਿਆ ਜਾਂਦਾ ਹੈ ਕਿ ਉਸਨੇ ਪੈਸੈੇਭੇਜ ਦਿੱਤੇ ਹਨ ਜਿਹੜੇ ਦੋ ਦਿਨ ਵਿੱਚ ਪਹੁੰਚ ਜਾਣਗੇ। ਇਸਤੋਂ ਬਾਅਦ ਵਿਦੇਸ਼ ਬੈਠੇ ਵਿਅਕਤੀ ਵਲੋਂ ਆਪਣੇ ਸ਼ਿਕਾਰ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਕਿਸੇ ਵਿਅਕਤੀ ਨੂੰ ਕੁੱਝ ਰਕਮ (ਹਜਾਰਾਂ ਵਿੱਚ) ਦੇਣੀ ਹੈ ਅਤੇ ਉਹ ਉਕਤ ਵਿਅਕਤੀ ਦੇ ਖਾਤੇ ਵਿੱਚ ਇਹ ਰਕਮ ਭੇਜ ਦੇਵੇ ਅਤੇ ਦੋ ਦਿਨਾਂ ਬਾਅਦ ਜਦੋਂ ਉਸਦੇ ਖਾਤੇ ਵਿੱਚ ਰਕਮ ਪਹੁੰਚ ਜਾਵੇਗੀ ਤਾਂ ਉਸ ਵਿੱਚੋਂ ਇਹ ਰਕਮ ਕੱਟ ਲਵੇ। ਠੱਗ ਦੀਆਂ ਗੱਲਾਂ ਵਿੱਚ ਆਇਆ ਵਿਅਕਤੀ ਇਹ ਰਕਮ ਭੇਜ ਦਿੰਦਾ ਹੈ ਅਤੇ ਫਿਰ ਬਾਅਦ ਵਿੱਚ ਉਸਨੂੰ ਪਤਾ ਲੱਗਦਾ ਹੈ ਕਿ ਉਸਨੂੰ ਠੱਗ ਲਿਆ ਗਿਆ ਹੈ।
ਇਸ ਠੱਗੀ ਤੋਂ ਬਚਣ ਦਾ ਇੱਕੋ ਇੱਕ ਰਾਹ ਸਿਰਫ ਇਹ ਹੈ ਕਿ ਲੋਕ ਇਹਨਾਂ ਠੱਗਾਂ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਜਦੋਂ ਵੀ ਉਹਨਾਂ ਨੂੰ ਅਜਿਹਾ ਕੋਈ ਫੋਨ ਆਏ ਤਾਂ ਤੁਰੰਤ ਪੁਲੀਸ ਵਿੱਚ ਇਸਦੀ ਸ਼ਿਕਾਇਤ ਕਰਨ। ਲੋਕਾਂ ਨੂੰ ਇਹ ਗਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਇਹ ਅਣਜਾਣ ਲੋਕ ਉਹਨਾਂ ਨੂੰ ਸਿਰਫ ਝਾਂਸਾ ਦਿੰਦੇ ਹਨ ਅਤੇ ਉਹਨਾਂ ਨੂੰ ਇਹਨਾਂ ਠੱਗਾਂ ਦੇ ਝਾਂਸੇ ਵਿੱਚ ਨਹੀਂ ਫਸਣਾ ਚਾਹੀਦਾ ਤਾਂ ਜੋ ਉਹ ਧੋਖੇ ਦਾ ਸ਼ਿਕਾਰ ਹੋਣ ਤੋਂ ਬਚ ਸਕਣ।
Editorial
ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਨਿਗਮ ਤੇ ਕੌਂਸਲ ਚੋਣ ਨਤੀਜੇ
ਪੰਜਾਬ ਵਿੱਚ ਬੀਤੇ ਸ਼ਨਿਚਰਵਾਰ ਨੂੰ ਹੋਈਆਂ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਨਤੀਜੇ ਭਾਵੇਂ ਜੋ ਮਰਜੀ ਰਹੇ ਹੋਣ ਪਰ ਇਹ ਚੋਣ ਨਤੀਜੇ ਪੰਜਾਬ ਦੀ ਸਿਆਸਤ ਤੇ ਕੁਝ ਹੱਦ ਤੱਕ ਪ੍ਰਭਾਵ ਪਾਉਣ ਵਾਲੇ ਸਾਬਿਤ ਹੋਣੇ ਹਨ। ਇਹਨਾਂ ਚੋਣਾਂ ਦੇ ਨਤੀਜੇ ਰਲਵੇਂ ਮਿਲਵੇਂ ਜਿਹੇ ਰਹੇ ਹਨ ਅਤੇ ਇਹਨਾਂ ਵਿੱਚ ਕਿਸੇ ਵੀ ਇੱਕ ਪਾਰਟੀ ਦੀ ਝੰਡੀ ਨਹੀਂ ਰਹੀ, ਜਿਸ ਕਰਕੇ ਕੋਈ ਵੀ ਪਾਰਟੀ ਇਹਨਾਂ ਚੋਣ ਨਤੀਜਿਆਂ ਦੇ ਆਧਾਰ ਤੇ ਆਪਣੇ ਆਪ ਨੂੰ ਪੰਜਾਬ ਵਿੱਚ ਸਭ ਤੋਂ ਮਜਬੂਤ ਸਿਆਸੀ ਪਾਰਟੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ।
ਇਹਨਾਂ ਚੋਣਾਂ ਵਿੱਚ ਵੱਡੀ ਗਿਣਤੀ ਆਜ਼ਾਦ ਉਮੀਦਵਾਰਾਂ ਨੂੰ ਮਿਲੀ ਜਿੱਤ ਇਹ ਦਰਸ਼ਾ ਰਹੀ ਹੈ ਕਿ ਵੋਟਰਾਂ ਦਾ ਝੁਕਾਅ ਸਿਰਫ ਸਿਆਸੀ ਪਾਰਟੀਆਂ ਵੱਲ ਹੀ ਨਹੀਂ ਹੈ ਬਲਕਿ ਕਈ ਇਲਾਕਿਆਂ ਵਿੱਚ ਲੋਕ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਕਾਰਗੁਜਾਰੀ ਤੋਂ ਨਿਰਾਸ਼ ਹੋ ਚੁੱਕੇ ਹਨ, ਜਿਸ ਕਾਰਨ ਉਹਨਾਂ ਵੱਲੋਂ ਆਜ਼ਾਦ ਉਮੀਦਵਾਰਾਂ ਨੂੰ ਜਿਤਾਇਆ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਜ ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਿਰਫ਼ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਬਹੁਮਤ ਹਾਸਲ ਕਰ ਸਕੀ ਹੈ ਜਦੋਂ ਕਿ ਬਾਕੀ ਚਾਰ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਫਗਵਾੜਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ਪਰ ਨਗਰ ਨਿਗਮ ਜਲੰਧਰ ਤੇ ਲੁਧਿਆਣਾ ਵਿੱਚ ‘ਆਪ’ ਅਤੇ ਅੰਮ੍ਰਿਤਸਰ ਤੇ ਫਗਵਾੜਾ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 42 ਨਗਰ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਵਿੱਚੋਂ 29 ਵਿੱਚ ‘ਆਪ’ ਅਤੇ 2 ਵਿੱਚ ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ।
ਪਿਛਲੇ ਦਿਨੀਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਚਾਰ ਸੀਟਾਂ ਵਿਚੋਂ ਤਿੰਨ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਅਤੇ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਚੌਥੀ ਬਰਨਾਲਾ ਸੀਟ ਵੀ ਸਿਰਫ ਅੰਦਰੂਨੀ ਫੁੱਟ ਕਾਰਨ ਹਾਰ ਗਈ ਸੀ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਆਸ ਸੀ ਕਿ ਨਿਗਮ ਤੇ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲੇਗਾ ਅਤੇ ਪੰਜੇ ਨਿਗਮਾਂ ਅਤੇ ਸਾਰੀਆਂ ਕੌਸਲਾਂ ਤੇ ਹੀ ਆਮ ਆਦਮੀ ਪਾਰਟੀ ਦਾ ਕਬਜਾ ਹੋਵੇਗਾ ਪਰ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਆਸ ਮੁਤਾਬਕ ਨਹੀਂ ਆਏ, ਜਿਸ ਕਾਰਨ ਚੋਣ ਨਤੀਜਿਆਂ ਤੋਂ ਬਾਅਦ ਨਿਗਮ ਤੇ ਕੌਂਸਲ ਚੋਣਾਂ ਵਾਲੇ ਸ਼ਹਿਰਾਂ ਵਿੱਚ ਸਿਆਸੀ ਸਮੀਕਰਨ ਬਦਲਦੇ ਦਿਖ ਰਹੇ ਹਨ।
ਇਹਨਾਂ ਚੋਣਾਂ ਵਿੱਚ ਕਾਂਗਰਸ ਦੀ ਮਜਬੂਤੀ ਵੀ ਉਭਰ ਕੇ ਸਾਹਮਣੇ ਆਈ ਹੈ, ਜਿਸ ਕਾਰਨ ਕਾਂਗਰਸੀ ਆਗੂ ਵੀ ਉਤਸ਼ਾਹਿਤ ਹਨ। ਇਸ ਤੋਂ ਇਲਾਵਾ ਕੁਝ ਸੀਟਾਂ ਤੇ ਅਕਾਲੀ ਉਮੀਦਵਾਰਾਂ ਦੀ ਵੀ ਜਿੱਤ ਹੋਈ ਹੈ, ਜਿਸ ਕਾਰਨ ਨਿਰਾਸ਼ਾ ਵਿੱਚ ਡੁੱਬੇ ਹੋਏ ਅਕਾਲੀ ਵਰਕਰਾਂ ਵਿੱਚ ਵੀ ਨਵਾਂ ਉਤਸ਼ਾਹ ਪੈਦਾ ਹੋ ਗਿਆ ਹੈ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਜੇ ਉਹ ਹੋਰ ਸਿਆਸੀ ਮਿਹਨਤ ਕਰਨਗੇ ਤਾਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਸਿਆਸੀ ਤੌਰ ਤੇ ਮੁੜ ਮਜਬੂਤ ਹੋ ਸਕਦਾ ਹੈ। ਇਹਨਾਂ ਚੋਣਾਂ ਵਿੱਚ ਭਾਜਪਾ ਦੀ ਜੋ ਕਾਰਗੁਜਾਰੀ ਰਹੀ ਹੈ, ਉਹ ਸਭ ਦੇ ਸਾਹਮਣੇ ਹੈ। ਭਾਜਪਾ ਆਗੂਆਂ ਨੂੰ ਉਮੀਦ ਸੀ ਕਿ ਸ਼ਹਿਰੀ ਇਲਾਕਿਆਂ ਵਿੱਚ ਭਾਜਪਾ ਦਾ ਵੱਡਾ ਆਧਾਰ ਹੈ,ਜਿਸ ਕਰਕੇ ਭਾਜਪਾ ਨੂੰ ਇਹਨਾਂ ਚੋਣਾਂ ਵਿੱਚ ਸਪਸ਼ਟ ਬਹੁਮਤ ਮਿਲ ਸਕਦਾ ਹੈ, ਪਰ ਭਾਜਪਾ ਦੀ ਇਸ ਆਸ ਨੂੰ ਬੂਰ ਨਹੀਂ ਪਿਆ ਫਿਰ ਵੀ ਭਾਜਪਾ ਆਗੂ ਇਹਨਾਂ ਚੋਣਾਂ ਵਿੱਚ ਭਾਜਪਾ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਜ਼ਰ ਦਿਖ ਰਹੇ ਹਨ।
ਦਿਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਹੋਈਆਂ ਨਿਗਮ ਤੇ ਕੌਂਸਲ ਚੋਣਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਦੇ ਨਤੀਜੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਵੀ ਕੁੱਝ ਹੱਕ ਤਕ ਪ੍ਰਭਾਵਿਤ ਕਰ ਸਕਦੇ ਹਨ। ਹਾਲਾਂਕਿ ਦਿੱਲੀ ਵਿਧਾਨ ਸਭਾ ਚੋਣਾਂ ਤੇ ਪੰਜਾਬ ਦੀਆਂ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਕੋਈ ਖਾਸ ਪ੍ਰਭਾਵ ਪੈਂਦਾ ਨਹੀਂ ਦਿਖਦਾ ਪਰੰਤੂ ਇਹ ਚੋਣ ਨਤੀਜੇ ਪੰਜਾਬ ਦੀ ਸਿਆਸਤ ਨੂੰ ਜਰੂਰ ਪ੍ਰਭਾਵਿਤ ਕਰਨਗੇ।
ਨਗਰ ਨਿਗਮ ਤੇ ਕੌਂਸਲ ਚੋਣਾਂ ਦੌਰਾਨ ਪੰਜਾਬ ਦੀ ਸਿਆਸਤ ਕੜਾਕੇ ਦੀ ਠੰਡ ਵਿੱਚ ਵੀ ਗਰਮ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਪੰਜਾਬ ਦੀ ਸਿਆਸਤ ਦੇ ਗਰਮ ਰਹਿਣ ਦੇ ਆਸਾਰ ਹਨ, ਕਿਉਂਕਿ ਹੁਣ ਨਗਰ ਨਿਗਮਾਂ ਦੇ ਮੇਅਰ ਅਤੇ ਕੌਸਲਾਂ ਦੇ ਪ੍ਰਧਾਨ ਚੁਣੇ ਜਾਣੇ ਹਨ, ਜਿਸ ਲਈ ਹੁਣੇ ਤੋਂ ਹੀ ਜੋੜ ਤੋੜ ਦੀ ਸਿਆਸਤ ਸ਼ੁਰੂ ਹੋ ਗਈ ਹੈ। ਲੁਧਿਆਣਾ ਵਿੱਚ ਤਾਂ ਇਹ ਵੀ ਕਨਸੋਆਂ ਹਨ ਕਿ ਉਥੇ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਰੋਕਣ ਲਈ ਕਾਂਗਰਸ ਅਤੇ ਭਾਜਪਾ ਆਪਸ ਵਿੱਚ ਵੀ ਸਮਝੌਤਾ ਵੀ ਕਰ ਸਕਦੀਆਂ ਹਨ। ਲੁਧਿਆਣਾ ਵਿੱਚ ਕਈ ਸਾਲ ਪਹਿਲਾਂ ਕਾਂਗਰਸ ਅਤੇ ਭਾਜਪਾ ਵਿਚਾਲੇ ਇਸੇ ਤਰਾਂ ਦਾ ਸਮਝੌਤਾ ਹੋ ਵੀ ਚੁੱਕਾ ਹੈ, ਜਿਸ ਕਰਕੇ ਕੁਝ ਕਾਂਗਰਸੀ ਆਗੂ ਇਸ ਵਾਰ ਵੀ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਰੋਕਣ ਲਈ ਲੁਧਿਆਣਾ ਵਿੱਚ ਭਾਜਪਾ ਨਾਲ ਸਹਿਯੋਗ ਕਰਨ ਲਈ ਸਰਗਰਮ ਦਸੇ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਜੇ ਲੁਧਿਆਣਾਂ ਵਿੱਚ ਇੱਕ ਦੂਜੇ ਵਿਰੁੱਧ ਚੋਣ ਲੜੀਆਂ ਕਾਂਗਰਸ ਅਤੇ ਭਾਜਪਾ ਵਿਚਾਲੇ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਤੋਂ ਰੋਕਣ ਲਈ ਸਮਝੌਤਾ ਹੋ ਵੀ ਜਾਂਦਾ ਹੈ ਤਾਂ ਕੋਈ ਅਲੋਕਾਰੀ ਗੱਲ ਨਹੀਂ ਹੋਵੇਗੀ। ਨਿਗਮ ਅਤੇ ਕੌਂਸਲ ਚੋਣਾਂ ਤੋਂ ਬਾਅਦ ਮੇਅਰ ਅਤੇ ਪ੍ਰਧਾਨ ਚੁਣਨ ਲਈ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ, ਜੋਕਿ ਅਗਲੇ ਕੁਝ ਦਿਨਾਂ ਦੌਰਾਨ ਹੋਰ ਤੇਜ ਹੋਣਗੀਆਂ।
ਬਿਊਰੋ
Editorial
ਆਪਣੀ ਅਤੇ ਲੋਕਤੰਤਰ ਦੀ ਮਰਿਆਦਾ ਨੂੰ ਕਾਇਮ ਰੱਖਣ ਸਾਡੇ ਸਿਆਸੀ ਆਗੂ
ਬੀਤੇ ਦਿਨੀਂ ਦੇਸ਼ ਦੀ ਪਾਰਲੀਮੈਂਟ ਵਿੱਚ ਜਿਸ ਤਰੀਕੇ ਨਾਲ ਸਾਂਸਦਾਂ ਵਿੱਚ ਧੱਕਾਮੁੱਕੀ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ ਉਸਨੇ ਪੂਰੇ ਦੇਸ਼ ਨੂੰ ਹੀ ਸ਼ਰਮਸਾਰ ਕੀਤਾ ਹੈ। ਹਾਲਾਂਕਿ ਇਸਤੋਂ ਪਹਿਲਾਂ ਵੱਖ ਵੱਖ ਰਾਜਾਂ ਦੀਆਂ ਵਿਧਾਨਸਭਾਵਾਂ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਆਪਸ ਵਿੱਚ ਧੱਕਾਮੁੱਕੀ ਹੋਣ ਦੇ ਮਾਮਲੇ ਸਾਮ੍ਹਣੇ ਆਉਂਦੇ ਰਹੇ ਹਨ ਪਰੰਤੂ ਪਾਰਲੀਮੈਂਟ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ ਇਸ ਨਾਲ ਸਾਡੇ ਲੋਕਤੰਤਰ ਦੀ ਮਰਿਆਦਾ ਵੀ ਲੀਰੋ ਲੀਰ ਹੋਈ ਹੈ।
ਸਾਡੇ ਦੇਸ਼ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਾਣ ਹਾਸਿਲ ਹੈ ਅਤੇ ਦੇਸ਼ ਨੂੰ ਆਜਾਦੀ ਮਿਲਣ ਤੋਂ ਬਾਅਦ ਤੋਂ ਹੀ ਦੇਸ਼ ਦੀ ਰਾਜਨੀਤੀ ਦੀ ਇੱਕ ਮਰਿਆਦਾ ਰਹੀ ਹੈ ਜਿਸਦੇ ਤਹਿਤ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਨਾ ਸਿਰਫ ਪੂਰਾ ਮਾਣ ਸਨਮਾਨ ਮਿਲਦਾ ਸੀ ਬਲਕਿ ਸੱਤਾਧਾਰੀ ਧਿਰ ਵਿਰੋਧੀ ਵਲੋਂ ਪਾਰਟੀਆਂ ਦੇ ਆਗੂਆਂ ਵਲੋਂ ਦੇਸ਼ ਹਿਤ ਵਿੱਚ ਦਿੱਤੇ ਜਾਂਦੇ ਸੁਝਾਵਾਂ ਤੇ ਵੀ ਅਮਲ ਕੀਤਾ ਜਾਂਦਾ ਸੀ। ਇਹੀ ਕਾਰਨ ਸੀ ਕਿ ਦੁਨੀਆ ਭਰ ਦੇ ਦੇਸ਼ਾਂ ਵਲੋਂ ਨਾ ਸਿਰਫ ਸਾਡੇ ਦੇਸ਼ ਵਿਚਲੀ ਸਿਆਸਤ ਦੀਆਂ ਕਦਰਾਂ ਕੀਮਤਾਂ ਨੂੰ ਅਪਨਾਇਆ ਜਾਂਦਾ ਸੀ ਬਲਕਿ ਭਾਰਤ ਦੀ ਹਾਂ ਪੱਖੀ ਰਾਜਨੀਤੀ ਦੀ ਮਿਸਾਲ ਵੀ ਦਿੱਤੀ ਜਾਂਦੀ ਸੀ। ਪਰੰਤੂ ਹੌਲੀ ਹੌਲੀ ਸਾਡੇ ਦੇਸ਼ ਦੀ ਸਿਆਸਤ ਸਿਆਸੀ ਬਦਲਾਖੋਰੀ ਅਤੇ ਦਬਾਓ ਪਾਊਣ ਦੀ ਰਾਜਨੀਤੀ ਵਿੱਚ ਬਦਲ ਗਈ ਜਿਸਦੇ ਤਹਿਤ ਸੱਤਾਧਾਰੀਆਂ ਵਲੋਂ ਵੱਖ ਵੱਖ ਸਰਕਾਰੀ ਏਜੰਸੀਆਂ ਨੂੰ ਆਪਣਾ ਹਥਿਆਰ ਬਣਾ ਕੇ ਵਿਰੋਧੀ ਆਗੂਆਂ ਤੇ ਕਾਰਵਾਈ ਕੀਤੀ ਜਾਂਦੀ ਹੈ।
ਇਸ ਦੀ ਸ਼ੁਰੂਆਤ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਹੋਈ ਸੀ ਜਦੋਂ ਸੀ ਬੀ ਆਈ ਨੂੰ ਹਥਿਆਰ ਬਣਾ ਕੇ ਵਿਰੋਧੀ ਆਗੂਆਂ ਤੇ ਦਬਾਓ ਬਣਾਇਆ ਜਾਂਦਾ ਸੀ। ਆਪਣੇ ਖਿਲਾਫ ਹੋਣ ਵਾਲੀ ਅਜਿਹੀ ਕਿਸੇ ਕਾਰਵਾਈ ਦੇ ਡਰ ਕਾਰਨ ਵਿਰੋਧੀ ਆਗੂ ਜਾਂ ਤਾਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਕਬੂਲਦੇ ਸਨ ਅਤੇ ਜਾਂ ਫਿਰ ਆਪਣੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦਾ ਸਾਮ੍ਹਣਾ ਕਰਦੇ ਸੀ। ਉਸ ਵੇਲੇ ਦੇਸ਼ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਡੀ ਗਿਣਤੀ ਆਗੂ ਆਪਣੀਆਂ ਮੂਲ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਵੀ ਹੋਏ ਸੀ।
2004 ਵਿੱਚ ਭਾਜਪਾ ਦੀ ਵੱਡੇ ਬਹੁਮਤ ਵਾਲੀ ਸਰਕਾਰ ਦੇ ਦੇਸ਼ ਦੀ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਦੇਸ਼ ਦੀ ਸਿਆਸਤ ਨੂੰ ਇੱਕ ਵਾਰ ਫੇਰ ਮੋੜਾ ਪੈਣ ਲੱਗ ਗਿਆ ਅਤੇ ਇਸ ਦੌਰਾਨ ਕੇਂਦਰ ਦੀ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਏਜੰਸੀਆਂ ਦਾ ਡੰਡਾ ਵਿਖਾ ਕੇ ਆਪਣੇ ਵਿਰੋਧੀਆਂ ਤੇ ਦਬਾਓ ਪਾਊਣ ਦੀ ਕਾਰਵਾਈ ਵੀ ਲਗਾਤਾਰ ਤੇਜ ਹੁੰਦੀ ਰਹੀ ਹੈ। ਇਸਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਵੀ ਲਗਾਤਾਰ ਜੋਰ ਫੜਦਾ ਰਿਹਾ ਹੈ। ਇਸ ਦੌਰਾਨ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਆਪਣੇ ਵਲੋਂ ਕੀਤੇ ਗਲਤ ਕੰਮਾਂ ਕਾਰਨ ਹੋਣ ਵਾਲੀ ਕਾਰਵਾਈ ਤੋਂ ਬਚਣ ਲਈ ਹੀ ਵਿਰੋਧੀ ਪਾਰਟੀਆਂ ਦੇ ਆਗੂ ਲਾਈਨ ਲਗਾ ਕੇ ਭਾਜਪਾ ਵਿੱਚ ਸ਼ਾਮਿਲ ਹੁੰਦੇ ਰਹੇ ਹਨ। ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾ ਤੋਂ ਬਾਅਦ ਭਾਵੇਂ ਦੇਸ਼ ਵਿੱਚ ਭਾਜਪਾ ਅਗਵਾਈ ਵਾਲੀ ਸਰਕਾਰ ਨੇ ਮੁੜ ਸੰਭਾਲ ਲਈ ਪਰੰਤੂ ਇਸ ਵਾਰ ਉਸਦੀ ਤਾਕਤ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ ਅਤੇ ਦੂਜੇ ਪਾਸੇ ਪਹਿਲਾਂ ਬਹੁਤ ਕਮਜੋਰ ਰਹੀ ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਕਾਫੀ ਮਜਬੂਤ ਹੋਈਆਂ ਹਨ। ਇਸਦਾ ਅਸਰ ਲੋਕਸਭਾ ਵਿੱਚ ਸਾਫ ਦਿਖਦਾ ਹੈ ਅਤੇ ਵਿਰੋਧੀ ਪਾਰਟੀਆਂ ਵਲੋਂ ਵੱਖ ਵੱਖ ਮੁੱਦਿਆਂ ਤੇ ਸਰਕਾਰ ਦੀ ਮਜਬੂਤ ਤਰੀਕੇ ਨਾਲ ਘੇਰਾਬੰਦੀ ਵੀ ਕੀਤੀ ਜਾਂਦੀ ਹੈ ਜਿਸ ਕਾਰਨ ਸੱਤਾਧਾਰੀਆਂ ਦੀ ਝੁੰਝਲਾਹਟ ਵੀ ਸਾਫ ਦਿਖਦੀ ਹੈ।
ਪਰੰਤੂ ਵਿਰੋਧੀ ਧਿਰ ਦੇ ਆਗੂਆਂ ਦੇ ਵਿਰੋਧ ਤੋਂ ਰੋਕਣ ਦੀ ਸੱਤਾਧਾਰੀਆਂ ਦੀ ਕਵਾਇਦ ਧੱਕਾਮੁੱਕੀ ਤਕ ਬਿਲਕੁਲ ਨਹੀਂ ਪਹੁੰਚਣੀ ਚਾਹੀਦੀ। ਇਸ ਸੰਬੰਧੀ ਭਾਵੇਂ ਸੱਤਾਧਾਰੀਆਂ ਵਲੋਂ ਵਿਰੋਧੀ ਧਿਰ ਦੇ ਆਗੂਆਂ ਤੇ ਧੱਕਾਮੁੱਕੀ ਦੇ ਇਲਜਾਮ ਲਗਾਏ ਜਾ ਰਹੇ ਹਨ ਪਰੰਤੂ ਸੱਤਾਧਾਰੀ ਧਿਰ ਦੇ ਸਾਂਸਦਾਂ ਵਲੋਂ ਵਿਰੋਧੀ ਆਗੂਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਜਬਰੀ ਰੋਕੇ ਜਾਣ ਤੋਂ ਬਾਅਦ ਹੀ ਇਸ ਸਾਰਾ ਕੁੱਝ ਵਾਪਰਿਆ ਹੈ ਜਿਸਦੀ ਜਿੰਮੇਵਾਰੀ ਵੀ ਸੱਤਾਧਾਰੀ ਧਿਰ ਦੀ ਹੀ ਬਣਦੀ ਹੈ। ਪਿਛਲੇ ਸਾਲਾਂ ਦੌਰਾਨ ਸੱਤਾਧਾਰੀ ਧਿਰ ਦੇ ਦਬਾਉ ਕਾਰਨ ਵੱਡੀ ਗਿਣਤੀ ਵਿਰੋਧੀ ਆਗੂ ਭਾਜਪਾ ਵਿੱਚ ਸ਼ਾਮਿਲ ਹੁੰਦੇ ਰਹੇ ਹਨ ਅਤੇ ਇੰਝ ਲਗਣ ਲੱਗ ਗਿਆ ਸੀ ਕਿ ਭਾਰਤ ਦੀ ਸਿਆਸਤ ਵਿਚ ਵਿਰੋਧੀ ਧਿਰ ਦੀ ਭੂਮਿਕਾ ਲਗਭਗ ਖਤਮ ਹੁੰਦੀ ਜਾ ਰਹੀ ਹੈ ਪਰੰਤੂ ਪਿਛਲੀ ਵਾਰ ਹੋਈਆਂ ਚੋਣਾਂ ਵਿੱਚ ਵਿਰੋਧੀ ਧਿਰ ਕਾਫੀ ਮਜਬੂਤ ਹੋ ਕੇ ਉਭਰੀ ਹੈ। ਸੱਤਾਧਾਰੀਆਂ ਨੂੰ ਵੀ ਚਾਹੀਦਾ ਹੈ ਕਿ ਲੋਕਤੰਤਰ ਦੀ ਮਰਿਆਦਾ ਦੀ ਪਾਲਣਾ ਕਰਦਿਆਂ ਵਿਰੋਧੀ ਧਿਰ ਨੂੰ ਬਣਦਾ ਮਾਨ ਦੇਣ ਅਤੇ ਉਸਦੇ ਵਿਰੋਧ ਨੂੰ ਹਾਂ ਪੱਖੀ ਨਜੀਏ ਨਾਲ ਲੈਣ ਤਾਂ ਜੋ ਸਾਡੇ ਲੋਕਤੰਤਰ ਨੂੰ ਕੋਈ ਆਂਚ ਨਾ ਆਏ। ਸਿਆਸੀ ਆਗੂਆਂ ਵਲੋਂ ਲੋਕਤਾਂਤਰਿਕ ਕਦਰਾਂ ਕੀਮਤਾਂ ਅਤੇ ਸਿਆਸਤ ਦੇ ਅਸੂਲਾਂ ਦੀ ਪਾਲਣਾ ਜਰੂਰ ਕੀਤੀ ਜਾਣੀ ਚਾਹੀਦੀ ਹੈ ਅਤੇ ਸਿਆਸਤ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
Mohali2 months ago
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ