Connect with us

National

ਚਮੋਲੀ ਵਿੱਚ ਬੱਦਲ ਫਟਿਆ

Published

on

ਜ਼ਮੀਨ ਖਿਸਕਣ ਕਾਰਨ ਦਸ ਵਿਅਕਤੀ ਲਾਪਤਾ, ਪਿੰਡਾਂ ਵਿੱਚ ਹੜ੍ਹਾਂ ਵਾਲੇ ਹਾਲਾਤ

ਗੋਪੇਸ਼ਵਰ, 18 ਸਤੰਬਰ (ਸ.ਬ.) ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬੱਦਲ ਫੱਟਣ ਕਾਰਨ ਆਫ਼ਤ ਪ੍ਰਭਾਵਿਤ ਨੰਦਾਨਗਰ ਵਿੱਚ ਅੱਜ ਸਵੇਰੇ ਭਾਰੀ ਮੀਂਹ ਕਰ ਕੇ ਜ਼ਮੀਨ ਖਿਸਕਣ ਕਾਰਨ ਘਰ ਢਹਿ ਗਏ, ਜਿਸ ਕਾਰਨ ਦਸ ਲੋਕ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਨਗਰ ਪੰਚਾਇਤ ਨੰਦਾਨਗਰ ਦੇ ਕੁੰਤਰੀ ਵਾਰਡ ਵਿੱਚ ਜ਼ਮੀਨ ਖਿਸਕਣ ਕਰਕੇ ਆਏ ਮਲਬੇ ਨੇ ਅੱਧਾ ਦਰਜਨ ਘਰ ਤਬਾਹ ਕਰ ਦਿੱਤੇ। ਜ਼ਮੀਨ ਖਿਸਕਣ ਵੇਲੇ ਸੱਤ ਲੋਕ ਘਰਾਂ ਦੇ ਅੰਦਰ ਸਨ। ਇਨ੍ਹਾਂ ਵਿਚੋਂ ਦੋ ਨੂੰ ਜ਼ਿੰਦਾ ਬਚਾ ਲਿਆ ਗਿਆ, ਜਦੋਂ ਕਿ ਦਸ ਲੋਕ ਅਜੇ ਵੀ ਲਾਪਤਾ ਹਨ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਕੁੰਤਰੀ ਪਿੰਡ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਅੱਠ ਲੋਕ ਲਾਪਤਾ ਹਨ, ਜਿੱਥੇ ਜ਼ਮੀਨ ਖਿਸਕਣ ਨਾਲ ਲਗਪਗ ਅੱਧਾ ਦਰਜਨ ਘਰ ਪ੍ਰਭਾਵਿਤ ਹੋਏ। ਬਾਕੀ ਦੋ ਧੁਰਮਾ ਪਿੰਡ ਦੇ ਹਨ, ਜਿੱਥੇ ਮੋਕਸ਼ ਨਦੀ ਦੇ ਤੇਜ਼ ਪਾਣੀ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।

ਕੁੰਤਰੀ ਵਿੱਚ ਸਥਾਨਕ ਰਾਹਤ ਅਤੇ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਡੀਐਮ ਨੇ ਕਿਹਾ ਕਿ ਨੰਦਾਨਗਰ ਨੂੰ ਜਾਣ ਵਾਲੀ ਸੜਕ ਮਲਬੇ ਕਰਕੇ ਬੰਦ ਹੋ ਗਈ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਲਾਪਤਾ ਲੋਕਾਂ ਦੀ ਪਛਾਣ ਕੁੰਵਰ ਸਿੰਘ, ਉਨ੍ਹਾਂ ਦੀ ਪਤਨੀ ਕਾਂਤਾ ਦੇਵੀ ਅਤੇ ਉਨ੍ਹਾਂ ਦੇ ਦੋ ਪੁੱਤਰ ਵਿਕਾਸ ਅਤੇ ਵਿਸ਼ਾਲ, ਨਰਿੰਦਰ ਸਿੰਘ, ਜਗਦੰਬਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਭਾਗਾ ਦੇਵੀ ਅਤੇ ਦੇਵੇਸ਼ਵਰੀ ਦੇਵੀ ਵਜੋਂ ਹੋਈ ਹੈ।

ਸਥਾਨਕ ਨਿਵਾਸੀ ਅਤੇ ਇੰਡੀਅਨ ਰੈਡ ਕਰਾਸ ਦੀ ਜ਼ਿਲ੍ਹਾ ਸ਼ਾਖਾ ਦੇ ਉਪ-ਪ੍ਰਧਾਨ ਨੰਦਨ ਸਿੰਘ, ਜੋ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ, ਨੇ ਕਿਹਾ ਕਿ ਦਲਦਲ ਕਾਰਨ ਬਚਾਅ ਕਾਰਜ ਵਿੱਚ ਅੜਿੱਕਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਪਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣਾ ਮੁਸ਼ਕਲ ਹੈ ਕਿਉਂਕਿ ਨੰਦਾਨਗਰ ਜਾਣ ਵਾਲੀ ਸੜਕ ਕਈ ਥਾਵਾਂ ਤੇ ਬੰਦ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੁੰਤਰੀ ਵਿੱਚ ਤਿੰਨ ਥਾਵਾਂ ਤੇ ਪਹਾੜੀਆਂ ਤੋਂ ਮਿੱਟੀ ਅਤੇ ਪੱਥਰਾਂ ਦਾ ਹੜ੍ਹ ਆ ਗਿਆ, ਜਿਸ ਨਾਲ ਉਨ੍ਹਾਂ ਦੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਤਬਾਹ ਹੋ ਗਈ।

ਨੰਦਨ ਸਿੰਘ ਨੇ ਕਿਹਾ ਕਿ ਜਦੋਂ ਜ਼ਮੀਨ ਖਿਸਕਣ ਮੌਕੇ ਘਰ ਉਸ ਦੀ ਜ਼ੱਦ ਵਿਚ ਆਏ ਤਾਂ ਅੰਦਰ ਮੌਜੂਦ ਕੁਝ ਲੋਕ ਭੱਜਣ ਵਿੱਚ ਸਫ਼ਲ ਹੋ ਗਏ, ਪਰ ਉਨ੍ਹਾਂ ਨੂੰ ਸੱਟਾਂ ਲੱਗੀਆਂ। ਮੋਖ ਘਾਟੀ ਖੇਤਰ ਵਿੱਚ ਭਾਰੀ ਮੀਂਹ ਕਾਰਨ ਮੋਕਸ਼ ਨਦੀ ਵਿੱਚ ਹੜ੍ਹ ਆ ਗਿਆ, ਜਿਸ ਕਾਰਨ ਧੁਰਮਾ ਤੋਂ ਸੇਰਾ ਤੱਕ ਮਿੱਟੀ ਖੁਰ ਗਈ। ਇਸ ਨਾਲ ਛੇ ਘਰਾਂ ਸਮੇਤ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਦੋ ਵਿਅਕਤੀ ਲਾਪਤਾ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਨੇ ਦੱਸਿਆ ਕਿ ਧੁਰਮਾ ਵਿੱਚ ਲਾਪਤਾ ਲੋਕਾਂ ਦੀ ਪਛਾਣ ਗੁਮਾਨ ਸਿੰਘ ਅਤੇ ਮਮਤਾ ਦੇਵੀ ਵਜੋਂ ਹੋਈ ਹੈ। ਕੌਮੀ ਆਫ਼ਤ ਰਿਸਪੌਂਸ ਟੀਮ ਅਤੇ ਰਾਜ ਆਫ਼ਤ ਰਿਸਪੌਂਸ ਬਲ ਬਲ ਦੀਆਂ ਟੀਮਾਂ, ਇੱਕ ਮੈਡੀਕਲ ਟੀਮ ਅਤੇ ਤਿੰਨ ਐਂਬੂਲੈਂਸਾਂ ਮੌਕੇ ਤੇ ਪਹੁੰਚ ਗਈਆਂ ਹਨ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ ਤੇ ਇਕ ਪੋਸਟ ਵਿਚ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਘਾਟ ਖੇਤਰ ਵਿੱਚ ਭਾਰੀ ਮੀਂਹ ਕਾਰਨ ਨੇੜਲੇ ਘਰਾਂ ਨੂੰ ਹੋਏ ਨੁਕਸਾਨ ਦੀ ਦੁਖਦਾਈ ਖ਼ਬਰ ਮਿਲੀ ਹੈ। ਸਥਾਨਕ ਪ੍ਰਸ਼ਾਸਨ ਯੂ ਕੇ ਐਸ ਡੀ ਆਰ ਐਫ ਅਤੇ ਪੁਲੀਸ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਦੇਹਰਾਦੂਨ ਅਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਕਈ ਸੜਕਾਂ ਟੁੱਟ ਗਈਆਂ, ਪੁਲ ਰੁੜ ਗਏ ਅਤੇ ਘਰ ਨੁਕਸਾਨੇ ਗਏ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 16 ਲਾਪਤਾ ਦੱਸ ਜਾਂਦੇ ਹਨ।

Continue Reading

National

ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਦਾ ਹਿਮਾਚਲ ਨਾਲ ਦਹਾਕਿਆਂ ਪੁਰਾਣਾ ਵਿਵਾਦ ਨਬੇੜਿਆ

Published

on

By

ਅਗਲੇ 20 ਸਾਲਾਂ ਵਿੱਚ 11,973 ਮਿਲੀਅਨ ਯੂਨਿਟ ਬਿਜਲੀ ਦੇ ਰੂਪ ਵਿੱਚ ਹੋਵੇਗੀ ਬਕਾਏ ਦੀ ਅਦਾਇਗੀ

ਨਵੀਂ ਦਿੱਲੀ, 6 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰੋਜੈਕਟਾਂ ਤੋਂ ਸਾਲ 1966 ਤੋਂ ਲਟਕਦੇ ਆ ਰਹੇ ਬਿਜਲੀ ਬਕਾਏ ਦੇ ਭੁਗਤਾਨ ਨੂੰ ਲੈ ਕੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਦਹਾਕਿਆਂ ਪੁਰਾਣੇ ਊਰਜਾ ਵਿਵਾਦ ਦਾ ਪੱਕਾ ਨਿਬੇੜਾ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਦੇ ਰੂਪ ਵਿੱਚ ਬਕਾਏ ਦਾ ਭੁਗਤਾਨ ਕਰਨ ਦੇ ਕੇਂਦਰ ਸਰਕਾਰ ਦੇ ਕੈਸ਼ਲੈਸ ਸੁਝਾਅ ਨੂੰ ਪ੍ਰਵਾਨ ਕਰ ਲਿਆ ਹੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਇਸ ਇਤਿਹਾਸਕ ਫੈਸਲੇ ਰਾਹੀਂ ਸਾਰੇ ਪੱਖਾਂ ਦੇ ਹਿੱਸੇ ਤੈਅ ਕਰ ਦਿੱਤੇ ਹਨ।

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵਾਂ ਪ੍ਰਬੰਧ ਸਾਲ 2011 ਦੇ ਉਸ ਫੈਸਲੇ ਦੇ ਮੁਤਾਬਕ ਹੀ ਹੋਵੇਗਾ ਜਿਸ ਵਿੱਚ ਸਾਲ 1966 ਤੋਂ ਚੱਲ ਰਹੇ ਭਾਖੜਾ ਨੰਗਲ ਅਤੇ ਬਿਆਸ ਹਾਈਡ੍ਰੋ ਪ੍ਰੋਜੈਕਟਾਂ ਦੇ ਬਿਜਲੀ ਬਕਾਏ ਵਿੱਚ ਹਿਮਾਚਲ ਪ੍ਰਦੇਸ਼ ਦਾ ਹਿੱਸਾ 7.19 ਫੀਸਦੀ ਤੈਅ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਕਿ, ‘ਪੰਜਾਬ ਅਤੇ ਹਰਿਆਣਾ ਅਗਲੇ 20 ਸਾਲਾਂ ਦੀ ਮਿਆਦ ਦੇ ਦੌਰਾਨ ਹਿਮਾਚਲ ਪ੍ਰਦੇਸ਼ ਨੂੰ 11,973 ਮਿਲੀਅਨ ਯੂਨਿਟ ਬਿਜਲੀ ਦਾ ਭੁਗਤਾਨ ਕਰਨਗੇ।’ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਅਸਲ ਹੱਕਾਂ ਦੀ ਗਣਨਾ 13,066 ਮਿਲੀਅਨ ਯੂਨਿਟ ਕੀਤੀ ਗਈ ਸੀ, ਜਿਸ ਨੂੰ ਹੁਣ ਆਪਸੀ ਸਹਿਮਤੀ ਅਤੇ ਸ਼ਰਤਾਂ ਮੁਤਾਬਕ ਸੋਧਿਆ ਗਿਆ ਹੈ।

ਇਸ ਨਵੇਂ ਸਮਝੌਤੇ ਦੇ ਤਹਿਤ ਹਿਮਾਚਲ ਪ੍ਰਦੇਸ਼ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਨ੍ਹਾਂ ਡੈਮਾਂ ਦੇ ਨਿਰਮਾਣ ਦੌਰਾਨ ਹੋਏ ਇਤਿਹਾਸਕ ਖਰਚਿਆਂ ਨੂੰ ਵੀ ਸੈਟਲਮੈਂਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

Continue Reading

National

ਟਰੱਕ ਦੀ ਟੱਕਰ ਕਾਰਨ 7 ਵਿਅਕਤੀਆਂ ਦੀ ਮੌਤ, 2 ਗੰਭੀਰ ਜ਼ਖਮੀ

Published

on

By

ਖੂੰਟੀ, 6 ਨਵੰਬਰ (ਸ.ਬ.) ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ ਬੀਤੀ ਦੇਰ ਰਾਤ ਕਰਰਾ-ਟੋਰਪਾ ਮੁੱਖ ਸੜਕ ਤੇ, ਕਰਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਕਈ ਲੋਕਾਂ ਨੂੰ ਦਰੜ ਦਿੱਤਾ। ਇਸ ਘਟਨਾ ਵਿੱਚ 10 ਮਹੀਨਿਆਂ ਦੇ ਬੱਚੇ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਮਰਨ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ।

ਰਿਪੋਰਟਾਂ ਅਨੁਸਾਰ, ਇਹ ਘਟਨਾ ਖੂੰਟੀ ਜ਼ਿਲ੍ਹੇ ਦੇ ਕਰਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਜੋਨ-ਲੁਦਰੂ ਮੋੜ ਨੇੜੇ ਵਾਪਰੀ। ਬੀਤੀ ਰਾਤ ਨੇੜਲੇ ਇਲਾਕੇ ਦੇ ਵਸਨੀਕ ਇੱਕ ਹਾਦਸਾ ਹੋਣ ਦੀ ਆਵਾਜ਼ ਸੁਣ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਬਾਅਦ, ਉਹ ਘਟਨਾ ਵਾਲੀ ਥਾਂ ਦੇਖਣ ਲਈ ਕਰਰਾ-ਤੋਰਪਾ ਮੁੱਖ ਸੜਕ ਤੇ ਇਕੱਠੇ ਹੋ ਗਏ।

ਇਸੇ ਦੌਰਾਨ, ਤੋਰਪਾ ਵੱਲੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ। ਸੜਕ ਤੇ ਮੌਜੂਦ ਲੋਕਾਂ ਨੂੰ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਹੀ, ਟਰੱਕ ਉਨ੍ਹਾਂ ਦੇ ਉੱਪਰ ਚੜ੍ਹ ਗਿਆ। ਕਈ ਲੋਕ ਇਸ ਵਾਹਨ ਦੀ ਲਪੇਟ ਵਿੱਚ ਆ ਗਏ, ਜ਼ਿਕਰਯੋਗ ਹੈ ਕਿ ਟਰੱਕ ਨੇ ਇੱਕ ਤੋਂ ਬਾਅਦ ਇੱਕ ਕਰਕੇ ਲਗਭਗ ਅੱਠ ਤੋਂ ਨੌਂ ਵਿਅਕਤੀਆਂ ਨੂੰ ਦਰੜ ਦਿੱਤਾ।

ਟਰੱਕ ਲੋਕਾਂ ਨੂੰ ਕੁਚਲਣ ਤੋਂ ਬਾਅਦ ਵੀ ਨਹੀਂ ਰੁਕਿਆ। ਬੇਕਾਬੂ ਹੋਇਆ ਵਾਹਨ ਸੜਕ ਦੇ ਕਿਨਾਰੇ ਬਣੀ ਇੱਕ ਪੁਲੀ ਨੂੰ ਤੋੜਦਾ ਹੋਇਆ ਨੇੜਲੇ ਖੱਡੇ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਮੌਜੂਦ ਲੋਕ ਤੁਰੰਤ ਉੱਥੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਜੁੱਟ ਗਏ।

ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ ਸੱਤ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਲਗਭਗ 10 ਮਹੀਨਿਆਂ ਦਾ ਇੱਕ ਬੱਚਾ ਵੀ ਸ਼ਾਮਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਹਾਲਾਂਕਿ, ਮ੍ਰਿਤਕਾਂ ਦੀ ਪਛਾਣ ਅਤੇ ਆਪਸੀ ਰਿਸ਼ਤਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਆਉਣੀ ਅਜੇ ਬਾਕੀ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸਥਾਨਕ ਵਸਨੀਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਿਹਤਰ ਡਾਕਟਰੀ ਦੇਖਭਾਲ ਲਈ ਦੋਵਾਂ ਜ਼ਖ਼ਮੀਆਂ ਨੂੰ ਖੂੰਟੀ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Continue Reading

National

ਮੋਬਾਈਲ ਦੀ ਦੁਕਾਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

ਨਵੀਂ ਦਿੱਲੀ, 6 ਨਵੰਬਰ (ਸ.ਬ.) ਦਿੱਲੀ ਦੀ ਗੱਫਾਰ ਮਾਰਕੀਟ ਵਿੱਚ ਅੱਜ ਤੜਕੇ ਇੱਕ ਮੋਬਾਈਲ ਐਕਸੈਸਰੀਜ਼ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ, ਜੋ ਚਾਰ ਮੰਜਿਲਾ ਵਪਾਰਕ ਇਮਾਰਤ ਵਿੱਚ ਫੈਲ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਲਗਪਗ 22 ਅੱਗ ਬੁਝਾਊ ਗੱਡੀਆਂ ਤਾਇਨਾਤ ਕਰਨੀਆਂ ਪਈਆਂ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਜਦੋਂ ਕਿ ਅੱਗ ਨਾਲ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰੇ ਬੈਟਰੀਆਂ ਦਾ ਜ਼ਿਆਦਾ ਗਰਮ ਹੋਣਾ ਜਾਂ ਓਵਰਚਾਰਜਿੰਗ ਅੱਗ ਲੱਗਣ ਦਾ ਸੰਭਾਵੀ ਕਾਰਨ ਜਾਪਦਾ ਹੈ, ਉਨ੍ਹਾਂ ਅੱਗੇ ਕਿਹਾ ਕਿ ਵਿਸਥਾਰਤ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗੇਗਾ।

ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਰੀ ਪਲਾਜ਼ਾ ਵਿਖੇ ਬੀਤੀ ਰਾਤ 1.28 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਕਰੌਲ ਬਾਗ ਪੁਲੀਸ ਥਾਣੇ ਵਿੱਚ ਇੱਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਥਾਣੇ ਦਾ ਰਾਤ ਦਾ ਸਟਾਫ਼ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਵਪਾਰਕ ਇਮਾਰਤ ਦੀ ਦੁਕਾਨ ਨੰਬਰ 13/21 ਵਿੱਚ ਅੱਗ ਲੱਗੀ ਦੇਖੀ, ਜਿਸ ਵਿੱਚ ਮੋਬਾਈਲ ਐਕਸੈਸਰੀਜ਼ ਨਾਲ ਸਬੰਧਤ ਕਾਰੋਬਾਰ ਹੁੰਦੇ ਹਨ।

ਪੁਲੀਸ ਅਨੁਸਾਰ ਸ਼ੱਕ ਹੈ ਕਿ ਅੱਗ ਗਰਾਊਂਡ ਫਲੋਰ ਤੇ ਸਥਿਤ ਇਕ ਦੁਕਾਨ ਤੋਂ ਸ਼ੁਰੂ ਹੋਈ, ਜਿੱਥੇ ਮੋਬਾਈਲ ਬੈਟਰੀਆਂ ਰੱਖੀਆਂ ਹੋਈਆਂ ਸਨ, ਇਸ ਤੋਂ ਪਹਿਲਾਂ ਕਿ ਇਹ ਚਾਰ ਮੰਜਿਲਾ ਇਮਾਰਤ ਦੀਆਂ ਉੱਪਰਲੀਆਂ ਮੰਜਿਲਾਂ ਤੱਕ ਫੈਲ ਜਾਵੇ। ਅੱਗ ਤੇ ਕਾਬੂ ਪਾਉਣ ਅਤੇ ਐਮਰਜੈਂਸੀ ਰਿਸਪਾਂਸ ਵਿੱਚ ਮਦਦ ਲਈ ਲਗਪਗ 20 ਤੋਂ 25 ਅੱਗ ਬੁਝਾਊ ਗੱਡੀਆਂ, ਤਿੰਨ ਸੈਂਟਰਲਾਈਜ਼ਡ ਐਕਸੀਡੈਂਟ ਐਂਡ ਟਰਾਮਾ ਸਰਵਿਸਿਜ਼ ਐਂਬੂਲੈਂਸਾਂ ਅਤੇ ਦੋ ਪੀ.ਸੀ.ਆਰ. ਵਾਹਨ ਮੌਕੇ ਤੇ ਭੇਜੇ ਗਏ। ਜਿਵੇਂ ਹੀ ਅੱਗ ਤੇਜ਼ ਹੋਈ, ਹੋਰ ਅੱਗ ਬੁਝਾਊ ਵਾਹਨ ਕੰਮ ਤੇ ਲਗਾਏ ਗਏ। ਪੁਲੀਸ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਅਤੇ ਬਾਅਦ ਵਿੱਚ ਇਸ ਨੂੰ ਬੁਝਾਉਣ ਤੋਂ ਪਹਿਲਾਂ ਅੱਗ ਬੁਝਾਊ ਅਭਿਆਨ ਕਈ ਘੰਟਿਆਂ ਤੱਕ ਚੱਲਿਆ।

ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਿੱਲੀ ਫਾਇਰ ਸਰਵਿਸ ਅਤੇ ਇਲੈਕਟ੍ਰੀਕਲ ਇੰਸਪੈਕਟਰ ਤੋਂ ਰਿਪੋਰਟ ਹਾਸਲ ਕੀਤੀ ਜਾਵੇਗੀ। ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਵੀ ਇਮਾਰਤ ਦੀ ਜਾਂਚ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉੱਥੇ ਕੋਈ ਹੋਰ ਜਲਨਸ਼ੀਲ ਸਮੱਗਰੀ ਤਾਂ ਨਹੀਂ ਰੱਖੀ ਗਈ ਸੀ।

ਪੁਲੀਸ ਨੇ ਕਿਹਾ ਕਿ ਰਿਪੋਰਟਾਂ ਦੇ ਨਤੀਜਿਆਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਮਨੁੱਖੀ ਜਾਨਾਂ ਦੇ ਕਿਸੇ ਵੀ ਖਤਰੇ ਨੂੰ ਖਾਰਜ ਕਰਨ ਲਈ ਮਿਊਂਸਪਲ ਕਾਰਪੋਰੇਸ਼ਨ ਆਫ ਦਿੱਲੀ ਤੋਂ ਸਟ੍ਰਕਚਰਲ ਸੇਫਟੀ ਅਸੈਸਮੈਂਟ ਜਾਂ ਸਰਟੀਫਿਕੇਟ ਵੀ ਮੰਗਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਅਤੇ ਮੌਕੇ ਤੇ ਸਥਿਤੀ ਕਾਬੂ ਹੇਠ ਹੈ, ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Continue Reading

Latest News

Trending