Mohali
ਸਰਕਾਰ ਦੀਆਂ ਮੁਫਤ ਯੋਜਨਾਵਾਂ ਉੱਤੇ ਮੁੜ ਵਿਚਾਰ ਕਰਕੇ ਅਮੀਰ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਖਤਮ ਕਰਨ ਦੀ ਮੰਗ
ਐਸ ਏ ਐਸ ਨਗਰ, 4 ਅਕਤੂਬਰ (ਸ.ਬ.) ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਮੰਗ ਕੀਤੀ ਗਈ ਹੈ ਕਿ ਸੂਬੇ ਵਿੱਚ ਮੁਫਤ ਯੋਜਨਾਵਾਂ ਉੱਤੇ ਪੁਨਰ ਵਿਚਾਰ ਕਰਕੇ ਅਮੀਰ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਤੁਰੰਤ ਬੰਦ ਕੀਤੀਆਂ ਜਾਣ। ਇਸ ਸੰਬੰਧੀ ਫਰੰਟ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਫਰੰਟ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ 1997 ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਉੱਤੇ 3.55 ਕਰੋੜ ਰੁਪਏ ਦਾ ਕਰਜ਼ਾ ਚੜ ਚੁੱਕਾ ਹੈ ਜਿਸ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹੀ 1 ਕਰੋੜ 25 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਕਰਜ਼ਾ ਲੈਂਦੀ ਰਹੀ ਤਾਂ 2025 ਦੇ ਅੰਤ ਤੱਕ ਇਹ 4 ਲੱਖ ਕਰੋੜ ਤੋਂ ਵੀ ਜਿਆਦਾ ਹੋ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਦੀ ਜੀ.ਡੀ.ਪੀ. ਦਾ 48ਫੀਸਦੀ ਦੇ ਕਰੀਬ ਕਰਜ਼ਾ ਹੋ ਚੁੱਕਾ ਹੈ ਜੋ ਪੰਜਾਬ ਲਈ ਖਤਰੇ ਦੀ ਘੰਟੀ ਹੈ ਅਤੇ ਸਰਕਾਰ ਨੂੰ ਤੁਰੰਤ ਇਸ ਬਾਰੇ ਸੋਚ ਵਿਚਾਰ ਕਰਕੇ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਬਿਜਲੀ ਦੀ ਸਬਸਿਡੀ ਦਾ ਪੀ. ਐਸ. ਪੀ. ਸੀ. ਐਲ ਦਾ 22,000 ਕਰੋੜ ਰੁਪਏ ਬਣ ਚੁੱਕਾ ਹੈ ਜਿਸ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਆਉਂਦੇ ਦਿਨਾਂ ਤੱਕ ਬੰਦ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਦੇ ਮੁਫਤ ਬੱਸ ਸਫ਼ਰ ਕਾਰਨ ਪੈਪਸੂ ਅਤੇ ਪੰਜਾਬ ਰੋਡਵੇਜ਼ ਦਾ ਪੰਜਾਬ ਸਰਕਾਰ ਵੱਲ ਕਰਜ਼ਾ 800 ਕਰੋੜ ਰੁਪਏ ਦਾ ਬਕਾਇਆ ਬਣਿਆ ਹੈ ਅਤੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਕੋਈ ਵੀ ਸਰਕਾਰੀ ਬੱਸ ਨਹੀਂ ਖਰੀਦੀ ਗਈ। ਇਸ ਮੁਫਤ ਦੇ ਸਫਰ ਕਾਰਨ ਦੋਨੇਂ ਮਹਿਕਮੇ ਬੰਦ ਹੋਣ ਦੇ ਕਿਨਾਰੇ ਹਨ ਅਤੇ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਨੂੰ ਵੀ ਘਾਟਾ ਪੈ ਰਿਹਾ ਹੈ।
ਸ਼੍ਰੀ ਧਾਲੀਵਾਲ ਨੇ ਕਿਹਾ ਕਿ ਇਹ ਮੁਫਤ ਦੀਆਂ ਸਹੂਲਤਾਂ ਸਿਰਫ ਲੋੜਵੰਦ ਲੋਕਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ ਅਤੇ ਬਾਕੀਆਂ ਲਈ ਇਹ ਤੁਰੰਤ ਬੰਦ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਮੌਜੂਦਾ ਸਰਕਾਰ ਵੋਟਾਂ ਅਤੇ ਨੋਟਾਂ ਦੀ ਰਾਜਨੀਤੀ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦੇ ਕੇ ਉਹਨਾਂ ਦੀਆਂ ਵੋਟਾਂ ਲੈਣ ਲਈ ਰਿਸ਼ਵਤ ਦੇ ਰਹੀ ਹੈ ਜੋ ਪੰਜਾਬ ਦੇ ਗਰੀਬ ਲੋਕਾਂ ਨਾਲ ਸ਼ਰੇਆਮ ਧੋਖਾ ਹੈ। ਸਰਕਾਰ ਦੀਆਂ ਇਹਨਾਂ ਨੀਤੀਆਂ ਕਾਰਨ ਸੂਬੇ ਵਿੱਚ ਸੜਕਾਂ, ਸਕੂਲਾਂ, ਹਸਪਤਾਲਾਂ ਆਦਿ ਦਾ ਬਹੁਤ ਬੁਰਾ ਹਾਲ ਹੈ ਅਤੇ ਕਈ ਸਰਕਾਰੀ ਮਹਿਕਮੇ ਬੰਦ ਹੋਣ ਦੇ ਕਿਨਾਰੇ ਤੇਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਸੂਬੇ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਆਪਣੀ ਮਸ਼ਹੂਰੀ ਦੇ ਇਸ਼ਤਿਹਾਰ ਤੁਰੰਤ ਬੰਦ ਕਰਨੇ ਚਾਹੀਦੇ ਹਨ ਅਤੇ ਇਹ ਪੈਸਾ ਸੂਬੇ ਦੇ ਆਰਥਿਕ ਸੁਧਾਰ ਲਈ ਵਰਤਣਾ ਚਾਹੀਦਾ ਹੈ।
ਸ਼੍ਰੀ ਧਾਲੀਵਾਲ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਸੂਬੇ ਦੀ ਮਾਲੀ ਹਾਲਤ ਸੁਧਾਰਨ ਲਈ ਸਰਬ ਪਾਰਟੀ ਮੀਟਿੰਗ ਤੁਰੰਤ ਬੁਲਾ ਕੇ ਰਜਾਮੰਦੀ ਨਾਲ ਸੂਬੇ ਨੂੰ ਇਸ ਸਮੱਸਿਆ ਵਿੱਚੋਂ ਕੱਢਣ ਲਈ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇੱਕ ਮਹੀਨੇ ਦੇਅੰਦਰ ਅੰਦਰ ਆਪਣਾ ਪੱਖ ਰੱਖਣਾ ਚਾਹੀਦਾ ਹੈ ਤਾਂ ਕਿ ਸੂਬੇ ਦੇ ਲੋਕ ਵੀ ਆਪਣੇ ਵਿਚਾਰ ਖੁੱਲ ਕੇ ਰੱਖ ਸਕਣ।
ਇਸ ਮੌਕੇ ਫਰੰਟ ਦੇ ਪ੍ਰਧਾਨ ਸ਼੍ਰੀ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਸਰਕਾਰ ਨੂੰ ਸਿਰਫ ਛੋਟੇ ਕਿਸਾਨਾਂ ਨੂੰ ਹੀ ਮੁਫਤ ਬਿਜਲੀ ਦੇਣੀ ਚਾਹੀਦੀ ਹੈ ਅਤੇ ਧਨਾਢ ਕਿਸਾਨਾਂ ਦੀ ਇਹ ਸਹੂਲਤਾਂ ਵੀ ਬੰਦ ਕਰਨੀਆਂ ਚਾਹੀਦੀਆਂ ਹਨ। ਸਰਕਾਰ ਨੂੰ ਆਪਣੇ ਵਾਅਦੇ ਮੁਤਾਬਕ 23 ਫਸਲਾਂ ਉੱਤੇ ਐਮ ਐਸ ਪੀ ਦੇਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਸਸਤੇ ਭਾਅ ਤੇ ਬੀਜ, ਖਾਦ ਅਤੇ ਖੇਤੀਬਾੜੀ ਦੇ ਹੋਰ ਔਜ਼ਾਰ ਮੁਹਈਆ ਕਰਾਉਣੇ ਚਾਹੀਦੇ ਹਨ।
ਫਰੰਟ ਦੇ ਜਨਰਲ ਸਕੱਤਰ ਸ੍ਰੀ ਮਹਿੰਦਰ ਸਿੰਘ ਮਨੌਲੀ ਸੂਰਤ ਨੇਕਿਹਾ ਕਿ ਸਰਕਾਰ ਨੂੰ ਸੂਬੇ ਵਿੱਚ ਸਰਕਾਰੀ ਮਹਿਕਮਿਆਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ ਚਾਹੀਦਾ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਉਹਨਾਂ ਦੀਆਂ ਹੋਰ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਹਨ।
ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਮਹਿਕਮਿਆਂ ਜਿਨ੍ਹਾਂ ਵਿੱਚ ਬਿਜਲੀ ਬੋਰਡ, ਵਿਦਿਆ ਵਿਭਾਗ, ਸਿਹਤ ਵਿਭਾਗ, ਪੀ. ਡਬਲਯੂ. ਡੀ. ਅਤੇ ਹੋਰ ਕਈ ਮਹਿਕਮਿਆਂ ਨੂੰ ਖਤਮ ਕਰਕੇ ਇਹ ਕੰਮ ਪ੍ਰਾਈਵੇਟ ਸੈਕਟਰ ਨੂੰ ਦੇਣਾ ਚਾਹੁੰਦੀ ਹੈ ਜਿਸ ਨਾਲ ਕਿ ਗਰੀਬ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਰਹੇਗਾ ਅਤੇ ਸੂਬੇ ਦੇ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ ਜਿਸਦੀ ਜਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ, ਰੋਹਿਤ ਕੁਮਾਰ ਅਤੇ ਪਰਮਜੀਤ ਮਲਕਪੁਰ ਵੀ ਹਾਜ਼ਰ ਸਨ।
Mohali
ਸੈਕਟਰ 74 ਅਤੇ ਸੈਕਟਰ 91 ਵਿੱਚ ਰੋਜ ਲਗਾਈ ਜਾਂਦੀ ਹੈ ਕੂੜੇ ਨੂੰ ਅੱਗ : ਰਾਮਦੀਪ ਕੌਰ
ਜਹਿਰੀਲੀ ਹਵਾ ਕਾਰਨ ਲੋਕ ਹੋ ਰਹੇ ਹਨ ਬਿਮਾਰ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਜਾਂਦੇ ਕੂੜੇ ਦੇ ਢੇਰ ਨੂੰ ਅੱਗ ਲਗਾਏ ਜਾਣ ਦੀ ਕਾਰਵਾਈ ਕਾਰਨ ਸ਼ਹਿਰ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੌਰਾਨ ਸੈਕਟਰ 74 ਵਿੱਚ ਪੁਰਾਣੇ ਡੰਪਿਗ ਮੈਦਾਨ ਵਾਲੀ ਥਾਂ ਦੇ ਨਾਲ ਅਤੇ ਸੈਕਟਰ 90-91 ਵਿੱਚ ਜਲ ਬੋਰਡ ਦੇ ਨੇੜੇ ਦੀ ਖਾਲੀ ਜਮੀਨ ਤੇ ਕੂੜਾ ਸੁੱਟਣ ਅਤੇ ਫਿਰ ਕੂੜੇ ਨੂੰ ਅੱਗ ਲਗਾਏ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਇੱਥੇ ਜਿਕਰਯੋਗ ਹੈ ਕਿ ਸੈਕਟਰ 74 ਏ ਦੇ ਨਾਲ ਲੱਗਦੀ ਥਾਂ ਵਿੱਚ ਪਹਿਲਾਂ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਨ ਲਈ ਡੰਪਿੰਗ ਯਾਰਡ ਬਣਿਆ ਸੀ ਅਤੇ ਇਸ ਥਾਂ ਤੇ ਲੱਗਦੇ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਸਥਾਨਕ ਵਸਨੀਕ ਪਰੇਸ਼ਾਨ ਰਹਿੰਦੇ ਸਨ। ਇਸ ਸੰਬੰਧੀ ਸਥਾਨਕ ਵਸਨੀਕਾਂ ਵਲੋਂ ਮਾਣਯੋਗ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ ਜਿਸਤੇ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਕੂੜਾ ਸੁੱਟਣ ਤੇ ਰੋਕ ਲਗਾ ਦਿੱਤੀ ਗਈ ਸੀ।
ਸਮਾਜਸੇਵੀ ਆਗੂ ਰਾਮਦੀਪ ਕੌਰ ਨੇ ਕਿਹਾ ਕਿ ਮਾਣਯੋਗ ਅਦਾਲਤ ਵਲੋਂ ਇੱਥੇ ਕੂੜਾ ਸੁੱਟਣ ਤੇ ਰੋਕ ਲਗਾਏ ਜਾਣ ਤੋਂ ਬਾਅਦ ਕੁੱਝ ਸਮਾਂ ਤਾਂ ਠੀਕ ਠਾਕ ਲੰਘਿਆ ਸੀ ਪਰੰਤੂ ਬਾਅਦ ਵਿੱਚ ਨਗਰ ਨਿਗਮ ਵਲੋਂ ਇਸ ਪੁਰਾਣੇ ਡੰਪਿੰਗ ਯਾਰਡ ਦੇ ਨੇੜੇ ਪੈਂਦੀ ਖਾਲੀ ਥਾਂ ਅਤੇ ਸੈਕਟਰ 90-91 ਦੇ ਜਲ ਬੋਰਡ ਦੇ ਨੇੜੇ ਦੀ ਥਾਂ ਤੇ ਕੂੜੇ ਦੇ ਢੇਰ ਲਗਾਉਣੇ ਆਰੰਭ ਕਰ ਦਿੱਤੇ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਟਰਾਲੀਆਂ ਵਿੱਚ ਦਰਖਤਾਂ ਦੀ ਰਹਿੰਦ ਖੁਹੰਦ ਅਤੇ ਹੋਰ ਕੂੜਾ ਲਿਆ ਕੇ ਇੱਥੇ ਢੇਰ ਲਗਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕੂੜੇ ਦੇ ਇਹਨਾਂ ਢੇਰਾਂ ਵਿੱਚ ਰਾਤ ਵੇਲੇ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਇਸ ਖੇਤਰ ਵਿੱਚ ਹਰ ਪਾਸੇ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਸਨੀਕਾਂ ਨੂੰ ਪੱਲਿਉਂ ਟੈਕਰ ਮੰਗਵਾ ਕੇ ਇਹ ਅੱਗ ਬੁਝਾਉਣੀ ਪੈਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਅੱਗ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
Mohali
ਗੁ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿੱਚ ਬੀਬੀ ਹਰਜਿੰਦਰ ਕੌਰ ਬਟਾਲਾ ਵਾਲਿਆਂ ਦੇ ਜੱਥੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਬ੍ਰਿਤਾਂਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ ਕੇ ਗੁਰੂ ਅੰਗਦ ਦੇਵ ਜੀ ਬਣਾਉਣ ਦਾ ਪ੍ਰਸੰਗ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਨਰਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸੰਤ ਬਾਬਾ ਸਵਰਨ ਸਿੰਘ ਮਲਕਪੁਰ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਨ ਧੁਰ ਕੀ ਬਾਣੀ ਦੇ 62 ਸਲੋਕ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਇਮਾਨ ਹਨ ਉਨਾਂ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।
ਇਸ ਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਅਕਾਲ ਕਵੀਸ਼ਰੀ ਜੱਥਾ, ਭਾਈ ਪਰਵਿੰਦਰ ਸਿੰਘ, ਭਾਈ ਓਂਕਾਰ ਸਿੰਘ, ਭਾਈ ਗੁਰਵਿੰਦਰ ਸਿੰਘ, ਮਾਤਾ ਸੰਦਰ ਕੌਰ ਜੀ ਸਰਬ ਸਾਂਝੀ ਸੋਸਾਇਟੀ, ਭਾਈ ਕੁਲਤਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਮਨਦੀਪ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।
Mohali
ਖਾਲਸਾ ਕਾਲਜ ਵਿੱਚ ਫੇਅਰਵੈਲ ਪਾਰਟੀ ਰੁਖ਼ਸਤ 2026 ਦਾ ਆਯੋਜਨ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਫੇਜ਼-3ਏ ਵਿੱਚ ਸਥਿਤ ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟਡੀਜ਼ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਹਰਿਸ਼ ਕੁਮਾਰੀ ਦੀ ਅਗਵਾਈ ਹੇਠ ਫੇਅਰਵੈਲ ਪਾਰਟੀ ‘ਰੁਖ਼ਸਤ 2026’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀ. ਕਾਮ, ਬੀ. ਕਾਮ ਆਨਰਜ਼, ਬੀ. ਬੀ. ਏ., ਬੀ. ਸੀ. ਏ., ਬੀ. ਏ., ਪੀ. ਜੀ. ਡੀ. ਸੀ. ਏ., ਐਮ. ਐਸ. ਸੀ. ਆਈ ਟੀ, ਐਮ. ਏ. ਸੋਸ਼ਿਓਲੋਜੀ, ਐਮ. ਬੀ. ਏ., ਐਮ. ਕਾਮ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਫੇਅਰਵੈਲ ਪਾਰਟੀ ਦਿੱਤੀ ਗਈ। ਇਸ ਮੌਕੇ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਤ ਦੌਰਾਨ ਮਿਸਟਰ ਅਤੇ ਮਿਸ ਫੇਅਰਵੈਲ, ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਪਹਿਰਾਵਿਆਂ ਵਿੱਚ ਰੈਂਪ ਤੇ ਮਨਮੋਹਕ ਅੰਦਾਜ਼ ਵਿੱਚ ਵਾਕ ਕੀਤੀ। ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਲੋਕ ਗੀਤ, ਵੈਸਟਰਨ ਗਾਣੇ, ਡਾਂਸ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ।
ਮਿਸਟਰ ਅਤੇ ਮਿਸ ਫੇਅਰਵੈਲ ਮੁਕਾਬਲੇ ਵਿੱਚ ਬੀ. ਬੀ. ਏ. ਛੇਵੇਂ ਸੈਮਿਸਟਰ ਦੀ ਨੇਹਾ ਨੂੰ ਮਿਸ ਫੇਅਰਵੈਲ ਅਤੇ ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕੇਤਨ ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਮਿਲਿਆ। ਇਸੇ ਤਰ੍ਹਾਂ, ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕਰਮਵੀਰ ਨੂੰ ਮਿਸਟਰ ਹੈਂਡਸਮ ਅਤੇ ਬੀ. ਕਾਮ ਛੇਵੇਂ ਸੈਮਿਸਟਰ ਦੀ ਪ੍ਰੀਤੀ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ।
ਸਮਾਗਮ ਦੇ ਅੰਤ ਵਿੱਚ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਮੈਂਬਰਾਂ ਲਈ ਮੁਫ਼ਤ ਐਸਟ੍ਰੋ ਵਰਕਸ਼ਾਪ ਵੀ ਆਯੋਜਿਤ ਕੀਤੀ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National1 month agoਬੰਦ ਕਮਰੇ ਵਿੱਚੋਂ ਮਾਂ-ਪੁੱਤ ਸਮੇਤ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ
