Connect with us

Mohali

ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਰਾਂਹੀ ਭੇਜਿਆ ਮੰਗ ਪੱਤਰ

Published

on

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਰਾਂਹੀ ਮੰਗ ਪੱਤਰ ਦਿੱਤਾ ਗਿਆ ਹੈ। ਪੱਤਰ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੌਰਾਨ ਹੋਈ ਤਬਾਹੀ ਲਈ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੌਰਾਨ ਪੰਜਾਬ ਦੇ ਕਿਸਾਨਾਂ ਅਤੇ ਵਸਨੀਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਅਗਸਤ 2025 ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋਏ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਲੱਗਭੱਗ 59 ਇਨਸਾਨਾਂ ਦੀ ਜਾਨ ਚਲੀ ਗਈ, ਘਰ ਢਹਿ ਗਏ, ਪਸ਼ੂ ਰੁੜ੍ਹ ਗਏ, ਜਮੀਨ ਦਰਿਆ ਬੁਰਦ ਹੋ ਗਈ, ਖੇਤਾਂ ਵਿੱਚ ਗਾਰ ਭਰ ਗਈ ਅਤੇ ਫਸਲਾਂ ਤਬਾਹ ਹੋ ਗਈਆਂ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਹਾਲਾਤਾਂ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨੇ, ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਹੜ੍ਹ ਕੁਦਰਤੀ ਕਰੋਪੀ ਨਹੀਂ ਬਲਕਿ ਮਨੁੱਖੀ ਲਾਪਰਵਾਹੀ ਵਜੋਂ ਆਈ ਆਫਤ ਹੈ ਜਿਸ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਮੁੱਖ ਰੂਪ ਵਿੱਚ ਜਿੰਮੇਵਾਰ ਹਨ। ਭਾਰੀ ਮੀਂਹ ਦੀ ਭਵਿੱਖਬਾਣੀ ਦੇ ਬਾਵਜੂਦ ਆਮ ਤੌਰ ਤੇ ਜਰੂਰੀ ਦਰਿਆਵਾਂ, ਡਰੇਨਾਂ, ਧੁੰਸੀ ਬੰਨ੍ਹ, ਡੈਮਾਂ ਅਤੇ ਉਹਨਾਂ ਦੇ ਫਲੱਡ ਗੇਟਾਂ ਵਗੈਰਾ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫ਼ਾਈ ਅਤੇ ਮੁਰੰਮਤ ਕਰਨ ਵਿੱਚ ਭਾਰੀ ਲਾਪਰਵਾਹੀ ਦਿਖੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਮਾਂ ਰਹਿੰਦਿਆਂ ਡੈਮਾਂ ਵਿੱਚੋਂ ਢੁੱਕਵੇਂ ਢੰਗ ਨਾਲ ਪਾਣੀ ਛੱਡ ਕੇ ਥਾਂ ਖਾਲੀ ਨਹੀਂ ਕੀਤੀ ਗਈ ਅਤੇ ਜਦੋਂ ਡੈਮ ਨੱਕੋ ਨੱਕ ਭਰ ਗਏ ਉਦੋਂ ਇਕਦਮ ਅਣਗਹਿਲੀ ਭਰੇ ਢੰਗ ਨਾਲ ਪਾਣੀ ਛੱਡ ਦਿੱਤਾ ਗਿਆ। ਇਸੇ ਅਣਗਹਿਲੀ ਦੇ ਚੱਲਦਿਆਂ ਰਣਜੀਤ ਸਾਗਰ ਡੈਮ ਤੋਂ ਇਕਦਮ ਛੱਡੇ ਲੱਖਾਂ ਕਿਊਸਕ ਪਾਣੀ ਕਾਰਨ ਮਾਧੋਪੁਰ ਹੈਡ ਦੇ ਤਿੰਨ ਗੇਟ ਟੁੱਟ ਗਏ। ਅਜਿਹੀਆਂ ਪ੍ਰਬੰਧਕੀ ਕੁਤਾਹੀਆਂ ਲਈ ਜ਼ਿੰਮੇਵਾਰ ਸਿਆਸੀ ਆਗੂਆ ਅਤੇ ਅਫਸਰਸ਼ਾਹੀ ਦੀ ਨਿਸ਼ਾਨਦੇਹੀ ਕਰਨ ਲਈ ਸੁਪਰੀਮ ਕੋਰਟ ਦੇ ਮੀਟਿੰਗ ਜੱਜ ਦੀ ਅਗਵਾਈ ਹੇਠ ਜੁਡੀਸ਼ਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਹੜ੍ਹਾਂ ਨੂੰ ਕੌਮੀ ਆਫਤ ਮੰਨ ਕੇ ਹੋਏ ਨੁਕਸਾਨ ਅਤੇ ਮੁੜ ਵਸੇਬੇ, ਇਸਦੀ ਭਵਿੱਖੀ ਰੋਕਥਾਮ ਦਾ ਪ੍ਰਬੰਧ ਕਰਨ ਅਤੇ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਲਈ 25 ਹਜਾਰ ਕਰੋੜ ਰੁਪਏ ਦਾ ਵਿਸ਼ੇਸ਼ ਵਿੱਤੀ ਪੈਕੇਜ ਦਿੱਤਾ ਜਾਵੇ। ਦਰਿਆਵਾਂ ਵਿੱਚ ਪਾਈ ਦਾ ਘੱਟੋ ਘੱਟ ਇੱਕ ਮਾਤਰਾ ਵਿੱਚ ਵਹਾਅ ਸਾਰਾ ਸਾਲ ਯਕੀਨੀ ਬਣਾਉਣ ਅਤੇ ਡੈਮਾਂ ਤੋਂ ਪਾਈ ਛੱਡਣ ਦੀ ਪ੍ਰਕਿਰਿਆ ਵਿੱਚ ਜਰੂਰੀ ਤਕਨੀਕੀ ਸੁਧਾਰ ਕੀਤੇ ਜਾਣ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੋਂ ਡੈਮ ਬਣੇ ਹਨ ਉਹਨਾਂ ਦੀ ਕਦੇ ਵੀ ਡੀਸਿਲਟਿੰਗ ਨਹੀਂ ਕਰਵਾਈ ਗਈ ਜਿਸ ਕਾਰਨ ਡੈਮਾਂ ਦੀ ਪਾਣੀ ਦੇ ਭੰਡਾਰਨ ਦੀ ਸਮਰੱਥਾ ਘੱਟ ਗਈ ਹੈ। ਇਸ ਸੰਬੰਧੀ ਮੀਡੀਆ ਰਿਪੋਰਟ ਅਨੁਸਾਰ ਭਾਖੜਾ ਡੈਮ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ 19 ਫੀਸਦੀ ਘੱਟ ਗਈ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਦਰਿਆਵਾਂ ਦੇ ਕਿਨਾਰਿਆਂ ਨੇੜੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਵਾਈ ਜਾਵੇ, ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਦੀ ਸਫਾਈ ਕਰਵਾਈ ਜਾਵੇ, ਦਰਿਆਵਾਂ ਵਿੱਚ ਡਾਟ ਲੱਗਣ ਵਾਲੀਆਂ ਥਾਵਾਂ ਤੇ ਡਾਫ ਨਾ ਲੱਗਣ ਲਈ ਲੋੜੀਂਦੇ ਕਦਮ ਉਠਾਏ ਜਾਣ ਅਤੇ ਭਾਰਤ ਮਾਲਾ ਪ੍ਰੋਜੈਕਟ ਸਮੇਤ ਬਾਕੀ ਹੋਰ ਸੜਕਾਂ ਹੇਠਾਂ ਪਾਣੀ ਨਿਕਾਸੀ ਦੇ ਕੁਦਰਤੀ ਲਾਂਘੇ ਬਰਕਰਾਰ ਰੱਖਕੇ ਪਾਣੀ ਦੀ ਨਿਰਵਿਘਨ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਦਰਿਆਵਾਂ ਦੇ ਧੁੰਸੀ ਬੰਨਾਂ ਨੂੰ ਤਕਨੀਕੀ ਮਾਹਰਾਂ ਦੀ ਰਾਏ ਲੈ ਕੇ ਆਧੁਨਿਕ ਢੰਗਾਂ ਨਾਲ ਮਜ਼ਬੂਤ ਕੀਤਾ ਜਾਵੇ। ਜਿਥੋਂ ਬੰਨ੍ਹ ਅਕਸਰ ਟੁੱਟਦੇ ਹਨ ਉਨ੍ਹਾਂ ਥਾਵਾਂ ਦੀ ਖਾਸ ਤੌਰ ਤੇ ਨਿਸ਼ਾਨਦੇਹੀ ਕਰਕੇ ਮਜਬੂਤ ਬੰਨ੍ਹਾਂ ਦੀ ਉਸਾਰੀ ਕੀਤੀ ਜਾਵੇ। ਦਰਿਆਵਾਂ ਦੇ ਨਾਲ ਲਗਦੀਆਂ ਆਬਾਦਕਾਰਾਂ ਦੀਆਂ ਕੱਚੀਆਂ ਜ਼ਮੀਨਾਂ (ਜਿਨ੍ਹਾਂ ਦੀਆਂ ਗਿਰਦਾਵਰੀਆਂ ਪਿਛਲੇ ਸਮੇਂ ਵਿੱਚ ਤੋੜ ਦਿੱਤੀਆਂ ਗਈਆਂ ਸਨ) ਸਮੇਤ ਸਾਰੇ ਕਾਸ਼ਤਕਾਰਾਂ ਨੂੰ ਵੀ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਹੜ੍ਹ ਪੀੜਤ ਕਿਸਾਨਾਂ ਨੂੰ ਬਿਨਾ ਕਿਸੇ ਸ਼ਰਤ ਤੋਂ ਆਪਣੇ ਖੇਤਾਂ ਵਿੱਚੋਂ ਰੇਤ/ਗਾਰ ਚੱਕਣ ਦੀ ਪੱਕੇ ਤੌਰ ਤੇ ਖੁੱਲ੍ਹ ਦਿੱਤੀ ਜਾਵੇ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕਾਸ਼ਤਕਾਰਾਂ ਨੂੰ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਇਸਦੇ 10 ਫੀਸਦੀ ਦੇ ਹਿਸਾਬ ਨਾਲ ਦਿੱਤਾ ਜਾਵੇ। ਇਸ ਸਬੰਧੀ ਪੰਜ ਏਕੜ ਵਾਲੀ ਸ਼ਰਤ ਹਟਾਈ ਜਾਵੇ। ਆਫਤ ਪ੍ਰਬੰਧਨ ਦੀ ਨੁਕਸਦਾਰ ਮੁਆਵਜਾ ਰਾਹਤ ਨੀਤੀ ਨੂੰ ਬਦਲ ਕੇ ਜਿੰਨਾ ਨੁਕਸਾਨ ਉੱਨਾ ਮੁਆਵਜ਼ਾ ਦੇ ਆਧਾਰ ਤੇ ਮੁਆਵਜਾ/ਰਾਹਤ ਨੀਤੀ ਬਣਾਈ ਜਾਵੇ। ਮੁਆਵਜ਼ਾ ਪ੍ਰਕਿਰਿਆ ਸਮਾਂ ਬੰਧ ਕੀਤੀ ਜਾਵੇ। ਪੰਜਾਬ ਦੇ ਬਾਕੀ ਜਿਲਿਆਂ ਵਿੱਚ ਵੀ ਮੀਹਾਂ ਕਾਰਨ ਝੋਨੇ ਅਤੇ ਨਰਮੇ ਦਾ ਝਾੜ ਕ੍ਰਮਵਾਰ 7 ਕੁਇੰਟਲ ਅਤੇ 30-50 ਫੀਸਦੀ ਪ੍ਰਤੀ ਏਕੜ ਤੱਕ ਘੱਟ ਗਿਆ ਹੈ। ਇਸ ਘਟੇ ਹੋਏ ਝਾੜ ਦੀ ਪ੍ਰਤੀ ਪੂਰਤੀ ਕੀਤੀ ਜਾਵੇ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਦਰਿਆ ਬੁਰਦ ਹੋਈ ਜ਼ਮੀਨ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੀਟ ਰੇਟ ਤੇ ਅਕੁਆਇਰ ਕਰਕੇ ਕਿਸਾਨਾਂ ਨੂੰ ਬਦਲਵੀਂ ਜ਼ਮੀਨ ਦਿੱਤੀ ਜਾਵੇ ਜਾਂ ਜੇਕਰ ਕਿਸਾਨ ਚਾਹੁੰਣ ਤਾਂ ਉਨ੍ਹਾਂ ਦੀ ਢੁੱਕਵੀਂ ਕੀਮਤ ਅਦਾ ਕੀਤੀ ਜਾਵੇ। ਹੜ੍ਹਾਂ ਦੌਰਾਨ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਢਹੇ ਹੋਏ ਮਕਾਨਾਂ ਦਾ 20 ਲੱਖ, ਗਾਂ ਮੱਝ ਵਗੈਰਾ ਪਸ਼ੂਆਂ ਦਾ ਇਕ ਲੱਖ ਰੁਪਏ ਪ੍ਰਤੀ ਪਸੂ ਭੇਡ ਬੱਕਰੀ ਵਗੈਰਾ ਛੋਟੇ ਪਸੂਆਂ ਦਾ 20 ਹਜ਼ਾਰ ਰੁਪਏ ਪ੍ਰਤੀ ਪਸੂ ਮੁਆਵਜ਼ਾ ਦਿੱਤਾ ਜਾਵੇ। ਮਜਦੂਰ ਪਰਿਵਾਰਾਂ ਨੂੰ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਇੱਕ ਮੁਸਤ ਸਹਾਇਤਾ ਤੁਰੰਤ ਦਿੱਤੀ ਜਾਵੇ। ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦਾ ਬੀਜ ਮੁਫਤ ਮੁਹੱਈਆ ਕਰਵਾਇਆ ਜਾਵੇ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੀਆਂ ਜ਼ਮੀਨਾਂ ਵਿਚ ਗਾਰ ਅਤੇ ਰੇਤਾ ਭਰ ਗਈ ਹੈ ਜਾਂ ਜਿੱਥੇ ਵੱਡੇ ਪੱਧਰ ਤੇ ਮਿੱਟੀ ਖੋਰ ਕੇ ਡੂੰਘੇ ਟੋਏ ਪੈ ਗਏ ਉਹਨਾਂ ਨੂੰ ਵਾਹੀ ਯੋਗ ਬਣਾਉਣ ਲਈ ਕਿਸਾਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ। ਫਸਲ ਬੀਜਣ ਲਈ ਬੀਜ ਅਤੇ ਖਾਦ ਮੁਹੱਈਆ ਕਰਵਾਈ ਜਾਵੇ। ਹੜ੍ਹ ਪੀੜਤਾਂ ਦੀਆਂ ਕਰਜੇ ਦੀਆਂ ਕਿਸ਼ਤਾਂ ਇੱਕ ਸਾਲ ਲਈ ਅੱਗੇ ਪਾਈਆਂ ਜਾਣ ਅਤੇ ਇੱਕ ਸਾਲ ਲਈ ਵਿਆਜ ਸਰਕਾਰ ਭਰੇ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੈਦਾ ਹੋ ਸਕਣ ਵਾਲੀਆਂ ਬਿਮਾਰੀਆਂ ਦੀ ਅਗਾਉ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣ। ਹਲਦੀ ਰੋਗ ਅਤੇ ਮਧਰਾ/ ਬੰਨਾ ਰੋਗ ਕਾਰਨ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਇਸ ਨੁਕਸਾਨ ਦੀ ਭਰਪਾਈ ਲਈ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਸz. ਪਰਮਦੀਪ ਸਿੰਘ ਬੈਦਵਾਨ, ਜਗਜੀਤ ਸਿੰਘ ਜਿਲ੍ਹਾ ਪ੍ਰਧਾਨ ਡਕੌਦਾ, ਲਖਵਿੰਦਰ ਸਿੰਘ, ਜਸਵੰਤ ਸਿੰਘ ਪੂਨੀਆ, ਜਗਪਾਲ ਸਿੰਘ, ਜਗਤਾਰ ਸਿੰਘ ਝਰਮੜੀ, ਹਰਜੀਤ ਸਿੰਘ, ਗੁਰਮੀਤ ਸਿੰਘ ਖੂਨੀਮਾਜਰਾ, ਰਾਜੇਸ਼ ਕੁਮਾਰ, ਵਿਜੈ ਕੁਮਾਰ, ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਮੁਹਾਲੀ, ਅਮਰ ਸਿੰਘ ਛੱਤ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਬਰਿੰਦਰ ਸਿੰਘ ਹਾਜ਼ਰ ਸਨ।

Continue Reading

Mohali

ਆਮ ਆਦਮੀ ਪਾਰਟੀ ਨੇ ਵਿਨੀਤ ਵਰਮਾ ਨੂੰ ਬਣਾਇਆ ਪੰਜਾਬ ਦਾ ਮੀਤ ਪ੍ਰਧਾਨ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਟ੍ਰੇਡਰਜ਼ ਕਮਿਸ਼ਨ ਦੇ ਸਾਬਕਾ ਮੈਂਬਰ ਸ੍ਰੀ ਵਿਨੀਤ ਵਰਮਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਤ ਪ੍ਰਧਾਨ (ਬੀ ਸੀ ਵਿੰਗ) ਨਿਯੁਕਤ ਕੀਤਾ ਹੈ। ਸ੍ਰੀ ਵਿਨੀਤ ਵਰਮਾ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ, ਵਪਾਰ ਮੰਡਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਮੁਹਾਲੀ ਵਪਾਰ ਮੰਡਲ ਦੇ ਵੀ ਪ੍ਰਧਾਨ ਹਨ ਅਤੇ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਹਨ।

ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵਲੋਂ ਸਮੇਂ ਸਮੇਂ ਤੇ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹਨਾਂ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ ਅਤੇ ਹੁਣ ਵੀ ਪਾਰਟੀ ਵਲੋਂ ਉਹਨਾਂ ਨੂੰ ਪਾਰਟੀ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ (ਬੀ ਸੀ ਵਿੰਗ) ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਾ ਜਾਰੀ ਰੱਖਣਗੇ।

Continue Reading

Mohali

ਬਿਜਲੀ ਵਿਭਾਗ ਨੇ ਖਪਤਕਾਰ ਨੂੰ ਸਿਫਰ ਰੀਡਿੰਗ ਵਾਲੇ ਮੀਟਰ ਦਾ ਭੇਜਿਆ 5 ਲੱਖ 92 ਹਜਾਰ ਦਾ ਬਿਲ

Published

on

By

ਖਪਤਕਾਰ ਵਲੋਂ 9 ਸਾਲਾਂ ਤੋਂ ਕੀਤੀ ਜਾ ਰਹੀ ਹੈ ਬਿਜਲੀ ਦਾ ਮੀਟਰ ਪੁੱਟਣ ਦੀ ਮੰਗ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਪਿੰਡ ਸੋਹਾਣਾ ਦੇ ਇੱਕ ਖਪਤਕਾਰ ਸੁੰਦਰ ਲਾਲ ਅਗਰਵਾਲ ਨੂੰ 2017 ਵਿੱਚ ਉਸਦੇ ਘਰ ਵਿੱਚ ਲਗਾਏ ਗਏ ਬਿਜਲੀ ਦੇ ਮੀਟਰ ਦੀ ਸਿਫਰ ਰੀਡਿੰਗ ਹੋਣ ਦੇ ਬਾਵਜੂਦ ਉਸਨੂੰ 5 ਲੱਖ 92 ਹਜਾਰ ਰੁਪਏ ਦਾ ਬਿਜਲੀ ਦਾ ਬਿਲ ਭੇਜਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਪਿੰਡ ਸੋਹਾਣਾ ਵਿੱਚ ਉਹਨਾਂ ਦੀ ਪੁਰਾਣੀ ਹਵੇਲੀ ਵਿੱਚ ਬਿਜਲੀ ਦਾ ਜੱਦੀ ਕਨੈਕਸ਼ਨ ਨੰਬਰ 30001799204 ਚਲਦਾ ਸੀ। ਉਹਨਾਂ ਦੱਸਿਆ ਕਿ ਬਾਅਦ ਵਿੱਚ ਪਰਿਵਾਰ ਵਲੋਂ ਹਵੇਲੀ ਢਾਅ ਦਿੱਤੀ ਗਈ ਅਤੇ ਬਿਜਲੀ ਬਿਲ ਦਾ ਕੁੱਝ ਬਕਾਇਆ ਰਹਿਣ ਕਾਰਨ ਬਿਜਲੀ ਵਿਭਾਗ ਨਾਲ ਵਿਵਾਦ ਹੋ ਗਿਆ ਸੀ ਜਿਸਤੇ ਉਹਨਾਂ ਨੇ ਉਹ ਕਨੈਕਸ਼ਨ ਕਟਵਾ ਦਿੱਤਾ ਸੀ।

ਉਹਨਾਂ ਦੱਸਿਆ ਕਿ ਸਾਲ 2016 ਵਿੱਚ ਉਹਨਾਂ ਨੇ ਉੱਥੇ ਬਿਜਲੀ ਦੇ ਦੋ ਨਵੇਂ ਕਨੈਕਸ਼ਨ ਲਗਵਾਏ ਸੀ ਜਿਹਨਾਂ ਦੇ ਨੰਬਰ 3004542282 ਅਤੇ 3004740110 ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਵਿਭਾਗ ਨੇ ਜੱਦੀ ਕਨੈਕਸ਼ਨ ਦਾ ਬਕਾਇਆ ਉਹਨਾਂ ਦੇ ਨਵੇਂ ਕਨੈਕਸ਼ਨ (ਖਾਤਾ ਨੰਬਰ 3004542282) ਵਿੱਚ ਪਾ ਦਿੱਤਾ, ਜਿਸਦੇ ਖਿਲਾਫ ਉਹਨਾਂ ਵਲੋਂ ਪਟਿਆਲਾ ਵਿਖੇ ਅਪੀਲ ਦਾਇਰ ਕੀਤੀ ਗਈ ਅਤੇ ਉਸਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ।

ਉਹਨਾਂ ਕਿਹਾ ਕਿ ਬਾਅਦ ਵਿੱਚ ਵਿਭਾਗ ਵਲੋਂ ਲੋਕਪਾਲ ਵਿੱਚ ਪਾਈ ਅਪੀਲ ਦਾ ਫੈਸਲਾ ਉਹਨਾਂ ਦੇ ਖਿਲਾਫ ਹੋ ਗਿਆ ਅਤੇ ਉਹਨਾਂ ਵਲੋਂ 44 ਹਜਾਰ ਰੁਪਏ ਦੀ ਰਕਮ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਉਪਰੰਤ ਵਿਭਾਗ ਵਲੋਂ ਉਹਨਾਂ ਵੱਲ 36 ਹਾਜਾਰ ਦਾ ਹੋਰ ਬਕਾਇਆ ਕੱਢ ਦਿੱਤਾ ਗਿਆ। ਉਸਤੋਂ ਬਾਅਦ ਉਹਨਾਂ ਵਲੋਂ ਵਿਭਾਗ ਨੂੰ ਅਰਜੀ ਦਿੱਤੀ ਗਈ ਕਿ ਉਹ ਇਹ ਅਦਾਇਗੀ ਕਰਨ ਲਈ ਤਿਆਰ ਹਨ ਇਸ ਬਿਜਲੀ ਦੇ ਮੀਟਰ ਨੂੰ ਲਾਹ ਲਿਆ ਜਾਵੇ ਪਰੰਤੂ ਵਿਭਾਗ ਵਲੇ ਇਸਦੀ ਥਾਂ ਦੂਜਾ ਮੀਟਰ ਲਾਹ ਕੇ ਲੈ ਗਏ। ਦੁਬਾਰਾ ਸ਼ਿਕਾਇਤ ਕਰਨ ਤੇ ਇਸ ਮੀਟਰ ਤੋਂ ਅੱਗੇ ਘਰ ਤਕ ਸਪਲਾਈ ਹੋਣ ਵਾਲੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਅਤੇ ਇਸ ਮੀਟਰ ਤੋਂ ਸਪਲਾਈ ਵੀ ਬੰਦ ਹੋ ਗਈ।

ਉਹਨਾਂ ਕਿਹਾ ਕਿ ਹੁਣ ਬਿਜਲੀ ਵਿਭਾਗ ਵਲੋਂ ਉਹਨਾਂ ਨੂੰ ਇਸ ਮੀਟਰ ਦਾ 5 ਲੱਖ 92 ਹਜਾਰ ਰੁਪਏ ਦਾ ਬਿਲ ਭੇਜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।

ਉਹਨਾਂ ਕਿਹਾ ਕਿ ਉਸ ਤੋਂ ਬਾਅਦ ਤੋਂ ਉਹ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਦੇ ਚੁੱਕੇ ਹਨ ਕਿ ਜਦੋਂ ਇਸ ਮੀਟਰ ਵਿੱਚ ਸਪਲਾਈ ਹੀ ਨਹੀਂ ਆਉਣੀ ਤਾਂ ਇਸਨੂੰ ਇੱਥੋਂ ਹਟਾਇਆ ਜਾਵੇ ਪਰੰਤੂ ਬਿਜਲੀ ਵਿਭਾਗ ਇਸ ਮੀਟਰ ਨੂੰ ਪੁੱਟਣ ਤੋਂ ਵੀ ਇਨਕਾਰੀ ਹੈ ਅਤੇ ਹੁਣ ਉਹਨਾਂ ਨੂੰ ਲਗਭਗ 6 ਲੱਖ ਦਾ ਬਿਲ ਭੇਜਿਆ ਗਿਆ ਹੈ।

ਉਹਨਾਂ ਕਿਹਾ ਕਿ ਜਦੋਂ ਪਿਛਲੇ 9 ਸਾਲਾਂ ਤੋਂ ਬਿਜਲੀ ਦੀ ਸਪਲਾਈ ਹੀ ਨਹੀਂ ਮਿਲ ਰਹੀ ਫਿਰ ਬਿਜਲੀ ਵਿਭਾਗ ਉਹਨਾਂ ਤੋਂ ਬਿਜਲੀ ਬਿਲ ਦੀ ਇੰਨੀ ਵੱਡੀ ਰਕਮ ਕਿਵੇਂ ਮੰਗ ਸਕਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣਾ 36 ਹਜਾਰ ਰੁਪਏ ਦਾ ਬਕਾਇਆ ਜਮਾਂ ਕਰਨ ਲਈ ਤਿਆਰ ਹਨ ਪਰੰਤੂ ਬਿਜਲੀ ਵਿਭਾਗ ਹੈ ਕਿ ਉਹਨਾਂ ਨਾਲ ਜਿਆਦਤੀ ਕਰ ਰਿਹਾ ਹੈ।

ਉਹਨਾਂ ਪੰਜਾਬ ਦੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਸ ਮਾਮਲੇ ਦਾ ਹਲ ਕੱਢ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਸਬੰਧੀ ਸੰਪਰਕ ਕਰਨ ਤੇ ਐਡੀਸ਼ਨਲ ਐਸ ਈ ਸ੍ਰੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਖਪਤਕਾਰ ਦਾ ਪੁਰਾਣਾ ਬਕਾਇਆ ਰੁਕਿਆ ਹੋਇਆ ਹੈ ਜਿਸ ਸਬੰਧੀ ਖਪਤਕਾਰ ਨੇ ਅਦਾਲਤ ਵਿੱਚ ਕੇਸ ਵੀ ਪਾਇਆ ਸੀ ਅਤੇ ਉਸ ਦੀ ਆੜ ਹੇਠ ਇਸ ਖਪਤਕਾਰ ਵੱਲੋਂ ਬਿਜਲੀ ਦੇ ਅਗਲੇ ਬਿਲ ਵੀ ਜਮ੍ਹਾ ਨਹੀਂ ਕਰਵਾਏ ਗਏ ਜਿਸ ਕਾਰਨ ਉਸ ਦੇ ਪੁਰਾਣੇ ਬਕਾਏ ਅਤੇ ਵਿਆਜ ਦਾ ਬਿਲ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਖਪਤਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਸਕਦਾ ਹੈ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਉਤਸ਼ਾਹ ਪੁਰਵਕ ਮਨਾਇਆ ਗਿਆ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਵਿਸ਼ੇਸ਼ ਗੁਮਰਤਿ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਗੁਰਮਤਿ ਸਮਾਗਮ ਵਿੱਚ ਬੀਬੀ ਰਾਜਵੰਤ ਕੌਰ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਇੰਨਟਰਨੈਸ਼ਨਲ ਢਾਡੀ ਜੱਥੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਜੀ ਨੂੰ 5 ਗੁਰੂ ਸਾਹਿਬਾਨਾਂ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਮਾਣ ਹਾਸਲ ਹੈ। ਭਾਈ ਧਰਮ ਸਿੰਘ ਮਾਹੀ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਗੁਰਪ੍ਰੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਪ੍ਰਵਚਣਾਂ ਰਾਹੀਂ ਦਸਿੱਆ ਕਿ ਬਾਬਾ ਬੂੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪ੍ਰਤਾਪੀ ਪੁੱਤਰ ਹੋਣ ਦਾ ਵਰ ਦਿੱਤਾ ਅਤੇ ਲੰਗਰ ਛਕਦਿਆਂ ਹੋਇਆ ਗੰਢਾ ਭੰਨਦੇ ਹੋਏ ਬਚਨ ਕੀਤੇ ਕਿ ਜਿਵੇਂ ਇਹ ਗੰਢਾ ਭੰਨਿਆ ਹੈ, ਉਸੇ ਤਰ੍ਹਾਂ ਆਪ ਜੀ ਦਾ ਪੁੱਤਰ ਦੁਸ਼ਮਣਾਂ ਦੇ ਸਿਰ ਭੰਨੇਗਾ। ਉਹਨਾਂ ਦੇ ਬਚਨਾਂ ਅਨੁਸਾਰ ਮਾਤਾ ਗੰਗਾ ਜੀ ਦੀ ਕੁੱਖੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

ਇਸ ਤੋਂ ਇਲਾਵਾ ਭਾਈ ਰਵਿੰਦਰ ਸਿੰਘ, ਸ਼ੇਰ ਏ ਪੰਜਾਬ ਕਵੀਸ਼ਰੀ ਜੱਥਾ, ਭਾਈ ਹਰਮਨਜੀਤ ਸਿੰਘ, ਭਾਈ ਸਰੂਪ ਸਿੰਘ, ਭਾਈ ਮਹਿੰਦਰਪਾਲ ਸਿੰਘ, ਬੀਬੀ ਹਰਜਿੰਦਰ ਕੌਰ ਜੀ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਸੀ। ਇਸ ਮੌਕੇ ਤੇ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।

Continue Reading

Latest News

Trending