Connect with us

Editorial

ਸਮਾਜਿਕ ਬੁਰਾਈਆਂ ਦਾ ਸਫਾਇਆ ਕਰਨ ਲਈ ਅੱਗੇ ਆਉਣ ਪੰਜਾਬੀ

Published

on

 

ਪਿਛਲੇ ਦਿਨੀਂ ਲੁਧਿਆਣਾ ਵਿੱਖੇ ਇੱਕ ਦੁਕਾਨ ਚਲਾਉਂਦੀ ਲੜਕੀ ਨੂੰ ਲੁੱਟਣ ਲਈ ਚਾਕੂ ਲੈ ਕੇ ਆਏ ਇੱਕ ਲੁਟੇਰੇ ਦਾ ਇਸ ਲੜਕੀ ਵੱਲੋਂ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ, ਜਿਸ ਕਾਰਨ ਲੁਟੇਰਾ ਆਪਣਾ ਚਾਕੁੂ ਉਥੇ ਹੀ ਛੱਡ ਕੇ ਭੱਜਣ ਲਈ ਮਜਬੂਰ ਹੋ ਗਿਆ। ਇਹ ਘਟਨਾ ਦਰਸਾਉਂਦੀ ਹੈ ਕਿ ਪੰਜਾਬ ਦੀਆਂ ਕੁੜੀਆਂ ਵੀ ਬਹਾਦਰ ਹੋ ਗਈਆਂ ਹਨ ਅਤੇ ਚੋਰਾਂ, ਡਾਕੂਆਂ ਅਤੇ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰ ਸਕਦੀਆਂ ਹਨ। ਇਤਿਹਾਸ ਗਵਾਹ ਹੈ ਕਿ ਪੁਰਤਾਨ ਸਮੇਂ ਤੋਂ ਪੰਜਾਬਣਾਂ ਬਹੁਤ ਬਹਾਦਰ ਰਹੀਆਂ ਹਨ। ਮਾਈ ਭਾਗੋ ਦੀ ਬਹਾਦਰੀ ਸਭ ਨੂੰ ਪਤਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਆਜ਼ਾਦੀ ਅੰਦੋਲਨ ਵਿੱਚ ਵੀ ਪੰਜਾਬਣਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਸਿਰਫ ਪੰਜਾਬੀ ਮੁਟਿਆਰਾਂ ਹੀ ਨਹੀਂ ਬਲਕਿ ਪੰਜਾਬੀ ਨੌਜਵਾਨ ਵੀ ਬਹਾਦਰੀ ਦੀ ਨਿਤ ਨਵੀਂ ਮਿਸਾਲ ਪੇਸ਼ ਕਰਦੇ ਹਨ। ਪੰਜਾਬੀ ਨੌਜਵਾਨਾਂ ਵੱਲੋਂ ਅਕਸਰ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕੀਤੇ ਜਾਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਦੇਸ਼ ਦੀ ਫ਼ੌਜ ਵਿੱਚ ਪੰਜਾਬੀ ਵੱਡਾ ਯੋਗਦਾਨ ਪਾਉਂਦੇ ਹਨ ਅਤੇ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਚਾਹਤ ਫ਼ੌਜ ਵਿੱਚ ਭਰਤੀ ਹੋਣ ਦੀ ਹੁੰਦੀ ਹੈ। ਭਾਰਤ ਦੀਆਂ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਪੰਜਾਬੀ ਫ਼ੌਜੀਆਂ ਨੇ ਬਹਾਦਰੀ ਦੀਆਂ ਕਹਾਣੀਆਂ ਦੀ ਚਰਚਾ ਅਕਸਰ ਹੁੰਦੀ ਹੈ।

ਪੰਜਾਬੀ ਜਦੋਂ ਕਿਸੇ ਮਕਸਦ ਲਈ ਸੰਘਰਸ਼ ਕਰਦੇ ਹਨ ਤਾਂ ਉਸ ਵਿੱਚ ਜ਼ਰੂਰ ਸਫਲ ਹੁੰਦੇ ਹਨ। ਪੰਜਾਬੀਆਂ ਦੀ ਬਹਾਦਰੀ ਅਤੇ ਹੌਂਸਲੇ ਨੂੰ ਤਾਂ ਸਾਰੀ ਦੁਨੀਆਂ ਮੰਨਦੀ ਹੈ। ਕੁਝ ਸਾਲ ਪਹਿਲਾਂ ਦਿੱਲੀ ਦੀਆਂ ਬਰੂੁਹਾਂ ਤੇ ਚੱਲਿਆ ਕਿਸਾਨ ਅੰਦੋਲਨ ਵੀ ਪੰਜਾਬੀਆਂ ਕਾਰਨ ਸਫਲ ਹੋਇਆ ਸੀ ਅਤੇ ਕੇਂਦਰ ਸਰਕਾਰ ਨੂੰ ਪੰਜਾਬੀ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ।

ਮੌਜੂਦਾ ਦੌਰ ਵਿੱਚ ਪੰਜਾਬ ਵਿੱਚ ਜੁਰਮਾਂ ਵਿੱਚ ਕਾਫੀ ਵਾਧਾ ਹੋ ਗਿਆ ਹੈ। ਆਏ ਦਿਨ ਕਤਲ, ਲੁੱਟਾਂ ਖੋਹਾਂ, ਨਸ਼ਿਆਂ ਦੀ ਸਮੱਸਿਆ ਦੀਆਂ ਖ਼ਬਰਾਂ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਯੂੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਨਸ਼ਾ ਵਿਕਦਾ ਹੈ ਅਤੇ ਨਸ਼ੇ ਦੀ ਓਵਰਡੋਜ ਨਾਲ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਹਨ।

ਪੰਜਾਬ ਸਰਕਾਰ ਦੀ ਨਸ਼ੇ ਵਿਰੁੱਧ ਮੁਹਿੰਮ ਓਨੀ ਦੇਰ ਸਫ਼ਲ ਨਹੀਂ ਹੋ ਸਕਦੀ, ਜਿੰਨੀ ਦੇਰ ਸਾਰੇ ਪੰਜਾਬੀ ਇਸ ਮੁਹਿੰਮ ਵਿੱਚ ਸਹਿਯੋਗ ਨਹੀਂ ਕਰਦੇ। ਜੇ ਪੰਜਾਬੀ ਪੰਜਾਬ ਵਿੱਚ ਹੋ ਰਹੇ ਜੁਰਮਾਂ, ਨਸ਼ੇ, ਲੁੱਟਾਂ ਖੋਹਾਂ, ਕਤਲੋਗਾਰਤ, ਗੈਂਗਸਟਰਵਾਦ, ਰੰਗਬਾਜੀ, ਅੱਤਵਾਦ ਖ਼ਿਲਾਫ਼ ਸੰਘਰਸ਼ ਕਰਨ ਲੱਗ ਪੈਣ ਤਾਂ ਇਹ ਬੁਰਾਈਆਂ ਪੰਜਾਬ ਵਿਚੋਂ ਹਮੇਸ਼ਾ ਲਈ ਦੂੁਰ ਹੋ ਸਕਦੀਆਂ ਹਨ। ਪੰਜਾਬ ਦੇ ਵੱਡੀ ਗਿਣਤੀ ਲੋਕ ਕਿਸਾਨ ਹਨ ਜਿਹਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਇਹ ਅੰਨਦਾਤਾ ਪੂਰੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਪੰਜਾਬੀ ਖੇਤੀ ਨਾਲ ਸਬੰਧਿਤ ਕੰਮ ਧੰਦੇ ਕਰਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਪੰਜਾਬੀ ਨਿੱਕੇ ਵੱਡੇ ਪ੍ਰਾਈਵੇਟ ਅਦਾਰੇ ਵੀ ਚਲਾਉਂਦੇ ਹਨ ਜਿੱਥੇ ਕਿ ਉਹਨਾਂ ਵੱਲੋਂ ਹੋਰਾਂ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ ਹੈ। ਕੁਝ ਪ੍ਰਾਈਵੇਟ ਅਦਾਰੇ ਅਜਿਹੇ ਵੀ ਹਨ ਜੋ ਕਿ ਘਾਟੇ ਵਿੱਚ ਜਾ ਰਹੇ ਹਨ ਜਾਂ ਉਹਨਾਂ ਤੋਂ ਮਾਲਕਾਂ ਨੂੰ ਚੰਗੀ ਕਮਾਈ ਨਹੀਂ ਹੋ ਰਹੀ ਪਰ ਮਾਲਕਾਂ ਵੱਲੋਂ ਉਹ ਅਦਾਰੇ ਇਸ ਲਈ ਚਲਾਏ ਜਾ ਰਹੇ ਹਨ ਕਿਉਂਕਿ ਉਹਨਾਂ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮਾਂ ਦਾ ਰੁਜ਼ਗਾਰ ਉਸ ਕੰਮ ਨਾਲ ਚੱਲਦਾ ਹੈ।

ਪੰਜਾਬੀ ਹਮੇਸ਼ਾਂ ਸਮਾਜਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹੇ ਹਨ ਅਤੇ ਪੰਜਾਬੀਆਂ ਦੀ ਬਹਾਦਰੀ ਅਤੇ ਹੌਂਸਲੇ ਨੂੰ ਦੁਨੀਆ ਮੰਨਦੀ ਹੈ। ਜੇਕਰ ਪੰਜਾਬੀ ਇਹ ਤਹਈਆ ਕਰ ਲੈਣ ਕਿ ਕਿ ਇਹਨਾਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਰਹਿਣਗੇ ਤਾਂ ਇਹ ਬੁਰਾਈਆਂ ਸਾਡੇ ਸਮਾਜ ਵਿੱਚ ਟਿਕ ਨਹੀਂ ਸਕਦੀਆਂ। ਇਸ ਲਈ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਯੋਗਤਾ ਦੀ ਪਹਿਚਾਣ ਕਰਨ ਅਤੇ ਪੰਜਾਬ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨ ਲਈ ਖੁਦ ਅੱਗੇ ਆ ਕੇ ਕੰਮ ਕਰਨ ਤਾਂ ਜੋ ਇਹਨਾਂ ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕੇ।

ਬਿਊਰੋ

Continue Reading

Editorial

ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ

Published

on

By

ਸਾਡੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਮ ਲੋਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਦੀ ਕਾਰਵਾਈ ਅਜਿਹੀ ਹੈ ਜਿਹੜੀ ਪਿਛਲੇ ਸਾਲਾਂ ਦੌਰਾਨ ਲਗਾਤਾਰ ਵੱਧਦੀ ਰਹੀ ਹੈ ਅਤੇ ਇਸ ਦੌਰਾਨ ਸ਼ਹਿਰ ਦੇ ਲਗਭਗ ਸਾਰੇ ਹੀ ਖੇਤਰਾਂ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਦੀ ਇਹ ਕਾਰਵਾਈ ਲਗਾਤਾਰ ਵੱਧਦੀ ਰਹੀ ਹੈ। ਵਾਹਨ ਚਾਲਕਾਂ ਵਲੋਂ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਕਾਰਵਾਈ ਭਾਵੇਂ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਦਿਖ ਜਾਂਦੀ ਹੈ ਪਰੰਤੂ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਫੇਜ਼ 1 ਵਿੱਚ ਪੁਰਾਣੇ ਬੈਰੀਅਰ ਵਾਲੀ ਥਾਂ ਤੋਂ ਲੈ ਕੇ ਫਰੈਂਕੋ ਲਾਈਟਾਂ ਤਕ, ਫੇਜ਼ 4 ਦੀ ਮਾਰਕੀਟ ਦੇ ਸਾਮਣੇ, ਫੇਜ਼ 5 ਵਿੱਚ 3-5 ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ ਦੀ ਮੁੱਖ ਸੜਕ, ਫੇਜ਼ 7 ਦੀ ਮਾਰਕੀਟ ਦੇ ਸਾਮ੍ਹਣੇ ਵਾਲੀ ਸੜਕ (ਜਿੱਥੇ ਵੱਡੀ ਗਿਣਤੀ ਬੈਂਕ ਮੌਜੂਦ ਹਨ) ਅਤੇ ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਤੋਂ ਇਲਾਵਾ ਫੇਜ਼ 9, ਫੇਜ਼ 10 ਅਤੇ ਫੇਜ਼ 11 ਵਿੱਚ ਮਾਰਕੀਟ ਦੇ ਸਾਮ੍ਹਣੇ ਵਾਲੀ ਥਾਂ ਤੇ ਇਹ ਸਮੱਸਿਆ ਕਾਫੀ ਜਿਆਦਾ ਹੈ।

ਇਸਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੈ ਕਿ ਮੁੱਖ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ। ਜੇਕਰ ਇਹਨਾਂ ਨੂੰ ਪੁੱਛਿਆ ਜਾਵੇ ਤਾਂ ਇਹ ਕਹਿ ਦਿੰਦੇ ਹਨ ਕਿ ਪਾਰਕਿੰਗ ਵਿੱਚ ਥਾਂ ਖਾਲੀ ਨਾ ਹੋਣ ਕਾਰਨ ਉਹ ਸੜਕ ਕਿਨਾਰੇ ਖੜ੍ਹੀ ਕਰਨ ਲਈ ਮਜਬੂਰ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਮਾਰਕੀਟਾਂ ਦੇ ਪਿਛਲੇ ਪਾਸੇ ਦੀ ਥਾਂ ਤੇ ਵੀ ਪਾਰਿਕੰਗ ਦਾ ਪ੍ਰਬੰਧ ਕੀਤਾ ਗਿਆ ਹੈ ਪਰੰਤੂ ਇਹ ਲੋਕ ਪਿਛਲੇ ਪਾਸੇ ਜਾਣ ਦੀ ਥਾਂ ਮੁੱਖ ਸੜਕ ਤੇ ਹੀ ਗੱਡੀਆਂ ਖੜ੍ਹਾ ਦਿੰਦੇ ਹਨ।

ਲੋਕਾਂ ਵਲੋਂ ਸੜਕਾਂ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਦੀ ਇਸ ਕਾਰਵਾਈ ਕਾਰਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਲੋਕ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਟ੍ਰੈਫਿਕ ਸਮੱਸਿਆ ਦੀ ਬਦਹਾਲੀ ਦੀ ਸ਼ਿਕਾਇਤ ਤਾਂ ਕਰਦੇ ਹਨ ਪਰੰਤੂ ਉਹ ਖੁਦ ਵੀ ਅਜਿਹਾ ਹੀ ਕਰਦੇ ਦਿਖਦੇ ਹਨ।

ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਦੇ ਵਸਨੀਕ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰਵਾਸੀ ਆਪਣੇ ਹੱਕਾਂ ਪ੍ਰਤੀ ਤਾਂ ਸੁਚੇਤ ਹਨ ਪਰੰਤੂ ਆਪਣੀ ਜਿੰਮੇਵਾਰੀ ਅਤੇ ਫਰਜ ਨੂੰ ਉਹ ਅਕਸਰ ਭੁੱਲ ਜਾਂਦੇ ਹਨ। ਸ਼ਾਇਦ ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਕੁੱਝ ਅਜਿਹੀ ਹੋ ਗਈ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।

ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੁੱਝ ਸਾਲ ਪਹਿਲਾਂ ਤਕ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਕ੍ਰੇਨ ਲਿਆ ਕੇ ਅਜਿਹੀਆਂ ਗੱਡੀਆਂ ਨੂੰ ਚੁਕਵਾ ਕੇ ਥਾਣੇ ਵੀ ਪਹੁੰਚਾ ਦਿੱਤਾ ਜਾਂਦਾ ਸੀ, ਜਿੱਥੇ ਇਹਨਾਂ ਵਾਹਨਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹ ਵਾਹਨ ਛੱਡੇ ਜਾਂਦੇ ਸੀ, ਪਰੰਤੂ ਪਿਛਲੇ ਕਈ ਸਾਲਾਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੋਣ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਪ੍ਰਛਾਛਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਛਹਿਰ ਦੀਆਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਕਾਰਨ ਵੱਧਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੇ ਕਾਬੂ ਕੀਤਾ ਜਾ ਸਕੇ।

Continue Reading

Editorial

ਪੰਜਾਬ ਵਿੱਚ ਕਿਸ ਪਾਰਟੀ ਦੀ ਬਣੇਗੀ ਅਗਲੀ ਸਰਕਾਰ?

Published

on

By

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ। ਦੂਜੇ ਪਾਸੇ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ। ਰਾਜਾ ਵੜਿੰਗ ਵੀ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਬਾਰੇ ਕਈ ਵਾਰ ਕਹਿ ਚੁੱਕੇ ਹਨ। ਇਹੋ ਕੁਝ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਵੀ ਕਹਿ ਰਹੇ ਹਨ। ਭਾਜਪਾ ਦੇ ਆਗੂ ਵੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ ਅਤੇ ਭਾਜਪਾ ਦੀ ਮੋਗਾ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਜਿਹੜੇ ਰਾਜਾਂ ਵਿੱਚ ਭਾਜਪਾ ਨੇ ਪਹਿਲਾਂ 19 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ, ਅਗਲੀ ਵਾਰ ਉਥੇ ਭਾਜਪਾ ਦੀ ਸਰਕਾਰ ਬਣੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਪੰਜਾਬ ਵਿੱਚ 19 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਕਾਰਨ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਹੋਰ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ।

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਾਂ ਪਿਛਲੇ ਡੇਢ ਸਾਲ ਤੋਂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਬਾਦਲ ਦੀ ਹੀ ਬਣੇਗੀ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਲਈ ਪੰਜਾਬ ਵਿੱਚ ਸਿਰਫ਼ ਚੋਣਾਂ ਹੋਣ ਦੀ ਦੇਰ ਹੈ ਅਤੇ ਅਗਲੀ ਸਰਕਾਰ ਹਰ ਹਾਲਤ ਵਿੱਚ ਅਕਾਲੀ ਦਲ ਬਾਦਲ ਦੀ ਬਣੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਹੁਣੇ ਤੋਂ ਮੁੱਖ ਮੰਤਰੀ ਵਾਂਗ ਵਿਚਰਨਾ ਸ਼ੁਰੂ ਕਰ ਦਿਤਾ ਹੈ ਅਤੇ ਅਕਾਲੀ ਆਗੂਆਂ ਨੂੰ ਆਪਣੀ ਕਲਪਿਤ ਕੈਬਨਿਟ ਦੇ ਮੰਤਰੀਆਂ ਦੇ ਅਹੁਦੇ ਵੀ ਵੰਡਣੇ ਸ਼ੁਰੂ ਕਰ ਦਿਤੇ ਹਨ।

ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰ ਸਿਆਸੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਸ ਦੀ ਰੈਲੀ ਵਿੱਚ ਸਭ ਤੋਂ ਵੱਧ ਇਕੱਠ ਹੋ ਰਿਹਾ ਹੈ। ਜਦੋਂ ਕਿ ਸਿਆਸੀ ਆਗੂ ਇਕ ਦੂਜੇ ਉਪਰ ਦੋਸ਼ ਵੀ ਲਗਾ ਰਹੇਹਨ ਕਿ ਉਹ ਰੈਲੀਆਂ ਵਿੱਚ ਵਧੇਰੇ ਇਕੱਠਾ ਦਿਖਾਉਣ ਲਈ ਦਿਹਾੜੀ ਤੇ ਬੰਦੇ ਲਿਆਉਂਦੇ ਹਨ। ਇਹਨਾਂ ਰੈਲੀਆਂ ਦੌਰਾਨ ਸਿਆਸੀ ਆਗੂਆਂ ਦਾ ਸਾਰਾ ਜੋਰ ਇੱਕ ਦੂਜੇ ਦੀ ਨਿਖੇਧੀ ਕਰਨ ਵੱਲ ਲੱਗਿਆ ਰਹਿੰਦਾ ਹੈ ਅਤੇ ਹਰ ਆਗੂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਜਾਂ ਮੰਤਰੀ ਬਣਨ ਲਈ ਕਾਹਲਾ ਦਿਖਦਾ ਹੈ। ਕਈ ਵਾਰ ਤਾਂ ਸਿਆਸੀ ਆਗੂ ਇੱਕ ਦੂਜੇ ਦੀ ਨਿਖੇਧੀ ਕਰਨ ਲਈ ਮਾਵਾਂ ਧੀਆਂ ਭੈਣਾਂ ਬਾਰੇ ਵੀ ਕੁਬੋਲ ਬੋਲ ਦਿੰਦੇ ਹਨ, ਜਿਸ ਕਾਰਨ ਅਕਸਰ ਵਿਵਾਦ ਖੜਾ ਹੋ ਜਾਂਦਾ ਹੈ।

ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਇਸ ਸਮੇਂ ਪੰਜਾਬ ਦੇ ਖੇਤਾਂ ਵਿੱਚ ਕਣਕ ਦੀ ਫਸਲ ਪੱਕ ਗਈ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਅਤੇ ਮਜਦੂਰ ਵਾਢੀ ਵਿੱਚ ਰੁਝ ਗਏ ਹਨ। ਕਈ ਇਲਾਕਿਆਂ ਵਿੱਚ ਫਸਲ ਦੀ ਕਟਾਈ ਦਾ ਕੰਮ ਚਲ ਰਿਹਾ ਹੈ, ਜਦੋਂ ਕਿ ਕੁਝ ਇਲਾਕਿਆਂ ਵਿਚ ਕਣਕ ਦੀ ਫਸਲ ਵਿਕਣ ਲਈ ਵੀ ਆ ਗਈ ਹੈ।

ਇਸ ਵੇਲੇ ਕਿਸਾਨਾਂ ਕੋਲ ਸਿਆਸੀ ਰੈਲੀਆਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਪਰ ਇਸ ਦੇ ਬਾਵਜੂਦ ਵੱਖ ਵੱਖ ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਪਿਛਲੇ ਦਿਨੀਂ ਬਰਸਾਤ ਪੈਣ ਕਾਰਨ ਕਿਸਾਨਾਂ ਦੀ ਕਾਫੀ ਫਸਲ ਖਰਾਬ ਹੋ ਗਈ ਹੈ, ਜਿਸ ਕਰਕੇ ਮੰਡੀਆਂ ਵਿੱਚ ਫਸਲ ਵੇਚਣ ਲਈ ਕਿਸਾਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਬਰਸਾਤ ਕਾਰਨ ਖਰਾਬ ਹੋਈਆਂ ਫਸਲਾਂ ਤੇ ਵੀ ਸਿਆਸੀ ਆਗੂਆਂ ਵੱਲੋਂ ਸਿਆਸਤ ਸ਼ੁਰੂ ਕਰ ਦਿਤੀ ਗਈ ਹੈ। ਜਿਥੇ ਪੰਜਾਬ ਦੇ ਮੁੱਖ ਮੰਤਰੀ ਨੇ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਲਈ ਗਿਰਦਾਵਰੀਆਂ ਕਰਵਾਉਣ ਦੇ ਹੁਕਮ ਦੇ ਦਿਤੇ ਹਨ। ਉਥੇ ਵੱਖ ਵੱਖ ਸਿਆਸੀ ਆਗੂ ਵੀ ਕਿਸਾਨਾਂ ਨਾਲ ਹੇਜ ਜਤਾ ਰਹੇ ਹਨ। ਅਸਲ ਵਿੱਚ ਸਾਰੇ ਸਿਆਸੀ ਆਗੂ ਕਿਸਾਨਾਂ ਦੀ ਖਰਾਬ ਹੋਈ ਫਸਲ ਬਾਰੇ ਬੋਲ ਕੇ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਦਾ ਯਤਨ ਕਰ ਰਹੇ ਹਨ।

ਜਮੀਨੀ ਹਾਲਾਤ ਇਹ ਹਨ ਕਿ ਕਣਕ ਦੀ ਫਸਲ ਦੀ ਕਟਾਈ ਅਤੇਮੰਡੀਆਂ ਵਿੱਚ ਪਹਬੁੰਚਦੀ ਫਸਲ ਦੌਰਾਨ ਕਿਸਾਨਾਂ ਦੇ ਨਾਲ ਨਾਲ ਖੇਤੀ ਨਾਲ ਜੁੜੇ ਲੋਕ ਪੰਜਾਬ ਦੇ ਵੱਡੀ ਗਿਣਤੀ ਲੋਕ ਇਸ ਕੰਮ ਵਿੱਚ ਰੁਝ ਗਏ ਹਨ ਅਤੇ ਇਸ ਵੇਲੇ ਉਹਨਾਂ ਕੋਲ ਪੰਜਾਬ ਦੀ ਅਗਲੀ ਸਰਕਾਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਵਿੱਚ ਅਗਲੀ ਸਰਕਾਰ ਬਣਨ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਹਵਾ ਹਵਾਈ ਹੀ ਕਿਹਾ ਜਾ ਸਕਦਾ ਹੈ।

ਬਿਊਰੋ

Continue Reading

Editorial

ਜਾਗਰੂਕਤਾ ਅਤੇ ਜਾਣਕਾਰੀ ਦੀ ਘਾਟ ਕਾਰਨ ਠੱਗੇ ਜਾਂਦੇ ਹਨ ਵਿਦੇਸ਼ ਜਾਣ ਦੇ ਚਾਹਵਾਨ ਲੋਕ

Published

on

By

ਅੱਜਕੱਲ ਪੰਜਾਬ ਵਿੱਚ ਵਿਦੇਸ਼ਾਂ ਤੋਂ ਆਉਂਦੇ ਡਾਲਰਾਂ ਅਤੇ ਉਹਨਾਂ ਕਾਰਨ ਪੰਜਾਬ ਦੀ ਆਰਥਿਕਤਾ ਦੇ ਮਜਬੂਤ ਹੋਣ ਦੀ ਚਰਚਾ ਹੋ ਰਹੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਪੰਜਾਬ ਤੋਂ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਰਹਿ ਕੇ ਕੋਈ ਨਾ ਕੋਈ ਕੰਮ ਧੰਦਾ ਕਰਨ ਲੱਗ ਪਏ ਹਨ ਪਰੰਤੂ ਇਸਦੇ ਬਾਵਜੂਦ ਹਰ ਸਾਲ ਡੇਢ ਲੱਖ ਪੰਜਾਬੀ ਵਿਦੇਸ਼ ਜਾ ਰਹੇ ਹਨ, ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਪੰਜਾਬੀਆਂ ਵਿੱਚ ਅਜੇ ਵੀ ਵਿਦੇਸ਼ ਜਾਣ ਦਾ ਰੁਝਾਨ ਜਾਰੀ ਹੈ।

ਮੀਡੀਆ ਵਿੱਚ ਅਕਸਰ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ ਜਿਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਚੁਸਤ ਟ੍ਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਪੰਜਾਬੀਆਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਲੁੱਟ ਲਿਆ ਜਾਂਦਾ ਹੈ। ਇਹ ਏਜੰਟ ਵਿਦੇਸ਼ ਭੇਜਣ ਲਈ ਲੋਕਾਂ ਤੋਂ ਲੱਖਾਂ ਰੁਪਏ ਲੈ ਲੈਂਦੇ ਹਨ ਪਰ ਇਹ ਏਜੰਟ ਨਾ ਤਾਂ ਇਹਨਾਂ ਲੋਕਾਂ ਨੂੰ ਵਿਦੇਸ਼ ਭੇਜਦੇ ਹਨ ਤੇ ਨਾ ਹੀ ਪੈਸੇ ਵਾਪਸ ਕਰਦੇ ਹਨ, ਜਿਸ ਕਰਕੇ ਵੱਡੀ ਗਿਣਤੀ ਲੋਕਾਂ ਨਾਲ ਠੱਗੀ ਹੋ ਜਾਂਦੀ ਹੈ।

ਪੰਜਾਬ ਦੇ ਵੱਡੀ ਗਿਣਤੀ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਜ਼ਿਆਦਾਤਰ ਲੋਕ ਅਨਪੜ੍ਹ ਵੀ ਹਨ, ਜੋ ਕਿ ਪੜੇ ਲਿਖੇ ਪੰਜਾਬੀਆਂ ਅਤੇ ਵਿਦਿਆਰਥੀਆਂ ਵਾਂਗ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਇਹਨਾਂ ਅਨਪੜ ਅਤੇ ਘੱਟ ਪੜੇ ਲਿਖੇ ਪੰਜਾਬੀਆਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਅਸਲੀ ਭਾਵ ਸਰਕਾਰ ਜਾਂ ਪ੍ਰਸ਼ਾਸਨ ਕੋਲ ਰਜਿਸਟਰਡ ਟ੍ਰੈਵਲ ਏਜੰਟ ਕਿਹੜਾ ਹੈ ਅਤੇ ਗੈਰ ਰਜਿਸਟਰਡ ਏਜੰਟ ਕਿਹੜਾ ਹੈ। ਐਸ ਏ ਐਸ ਨਗਰ ਮੁਹਾਲੀ ਅਤੇ ਜਲੰਧਰ ਦੇ ਪ੍ਰਸ਼ਾਸਨ ਵੱਲੋਂ ਤਾਂ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ ਜਨਤਕ ਕੀਤੀ ਹੋਈ ਹੈ, ਜਿਸ ਕਾਰਨ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਸਰਗਰਮ ਏਜੰਟਾਂ ਬਾਰੇ ਪਤਾ ਚੱਲ ਜਾਂਦਾ ਹੈ ਕਿ ਉਹ ਪ੍ਰਸ਼ਾਸਨ ਕੋਲ ਰਜਿਸਟਰਡ ਹਨ ਜਾਂ ਨਹੀਂ ਪਰ ਹੋਰਨਾਂ ਸ਼ਹਿਰਾਂ ਵਿੱਚ ਪ੍ਰਸ਼ਾਸਨ ਵੱਲੋਂ ਅਜਿਹੀ ਕੋਈ ਸੂਚੀ ਜਨਤਕ ਨਹੀਂ ਕੀਤੀ ਗਈ ਜਿਸ ਕਾਰਨ ਹੋਰ ਸ਼ਹਿਰਾਂ ਖਾਸ ਕਰਕੇ ਛੋਟੇ ਤੇ ਦਰਮਿਆਨੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਗੈਰ ਰਜਿਸਟਰਡ ਟ੍ਰੈਵਲ ਏਜੰਟ ਸਰਗਰਮ ਹਨ, ਜੋ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦਾਅਵਾ ਕਰਦੇ ਹਨ।

ਇਹਨਾਂ ਟ੍ਰੈਵਲ ਏਜੰਟਾਂ ਵੱਲੋਂ ਆਪਣੇ ਬੰਦੇ ਵੀ ਫੀਲਡ ਵਿੱਚ ਛੱਡੇ ਹੋਏ ਹਨ ਜੋ ਕਿ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਪਾਰਕਾਂ ਵਿੱਚ ਬੈਠੇ ਲੋਕਾਂ ਕੋਲ ਜਾ ਕੇ ਆਪਣੇ ਮਾਲਕ ਟ੍ਰੈਵਲ ਏਂਜਟਾਂ ਦੇ ਗੁਣ ਗਾਉਂਦੇ ਹਨ ਅਤੇ ਆਮ ਲੋਕਾਂ ਨੂੰ ਉਹਨਾਂ ਦੇ ਟ੍ਰੇਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਲਈ ਉਕਸਾਉਂਦੇ ਹਨ। ਇਹਨਾਂ ਟ੍ਰੇਵਲ ਏਜੰਟਾਂ ਵੱਲੋਂ ਆਮ ਲੋਕਾਂ ਕੋਲ ਕਈ ਤਰ੍ਹਾਂ ਦੇ ਦਾਅਵੇ ਅਤੇ ਵਾਅਦੇ ਵੀ ਕੀਤੇ ਜਾਂਦੇ ਹਨ। ਇਹਨਾਂ ਵੱਲੋਂ ਅਜਿਹੇ ਲੋਕਾਂ ਨੂੰ ਵੀ ਵਿਦੇਸ਼ ਭੇਜਣ ਦਾ ਦਾਅਵਾ ਕੀਤਾ ਜਾਂਦਾ ਹੈ ਜਿਹਨਾਂ ਨੂੰ ਕਿਸੇ ਕਾਰਨ ਵੀਜ਼ੇ ਨਹੀਂ ਮਿਲਦੇ।

ਇਹ ਗੈਰ ਰਜਿਸਟਰਡ ਟ੍ਰੈਵਲ ਏਜੰਟ ਆਪਣੇ ਬੰਦਿਆਂ ਰਾਹੀਂ ਗਾਹਕ ਫਸਾਉਂਦੇ ਹਨ ਅਤੇ ਉਹਨਾਂ ਤੋਂ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਦਿੰਦੇ ਹਨ। ਕੁਝ ਲੋਕਾਂ ਨੂੰ ਇਹ ਸਹੀ ਤਰੀਕੇ ਨਾਲ ਵਿਦੇਸ਼ ਭੇਜ ਵੀ ਦਿੰਦੇ ਹਨ ਤਾਂ ਲੋਕਾਂ ਉਪਰ ਇਹਨਾਂ ਦਾ ਵਿਸ਼ਵਾਸ ਬਣਿਆ ਰਹੇ। ਇਸ ਤੋਂ ਇਲਾਵਾ ਇਹ ਏਜੰਟ ਡੰਕੀ ਰੂਟ ਰਾਹੀਂ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦਾਅਵਾ ਕਰਦੇ ਹਨ ਅਤੇ ਲੱਖਾਂ ਰੁਪਏ ਲੈ ਕੇ ਇਹਨਾਂ ਲੋਕਾਂ ਨੂੰ ਡੰਕੀ ਰੂਟ ਤੇ ਭੇਜ ਦਿੰਦੇ ਹਨ। ਫਿਰ ਡੰਕੀ ਰੂਟ ਰਾਹੀਂ ਅਮਰੀਕਾ ਅਤੇ ਯੂਰੋਪ ਜਾਣ ਵਾਲੇ ਲੋਕਾਂ ਨਾਲ ਜੋ ਬੀਤਦੀ ਹੈ, ਉਹ ਸਭ ਨੂੰ ਪਤਾ ਹੀ ਹੈ।

ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ ਜਾਣ ਲਈ ਟ੍ਰੈਵਲ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਇਹ ਪਤਾ ਕਰ ਲੈਣ ਕਿ ਇਹ ਟ੍ਰੈਵਲ ਏਜੰਟ ਸਰਕਾਰ ਜਾਂ ਪ੍ਰਸ਼ਾਸਨ ਕੋਲ ਰਜਿਸਟਰਡ ਵੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਸਹੀ ਅਤੇ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣਾ ਚਾਹੀਦਾ ਹੈ। ਇਸੇ ਵਿੱਚ ਉਨਾਂ ਦੀ ਭਲਾਈ ਹੈ।

ਬਿਊਰੋ

Continue Reading

Latest News

Trending