National
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਜਨਜੀਵਨ ਠੱਪ, ਵੱਡੀ ਗਿਣਤੀ ਸੜਕਾਂ ਆਵਾਜਾਈ ਲਈ ਬੰਦ
ਸ਼ਿਮਲਾ, 24 ਜਨਵਰੀ (ਸ.ਬ.) ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਫ਼ਬਾਰੀ ਤੋਂ ਬਾਅਦ ਜਨਜੀਵਨ ਠੱਪ ਹੋ ਗਿਆ ਹੈ। ਰਾਜ ਭਰ ਵਿੱਚ ਸੈਂਕੜੇ ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ ਜਦੋਂ ਕਿ ਹਜ਼ਾਰਾਂ ਥਾਵਾਂ ਤੇ ਬਿਜਲੀ ਠੱਪ ਹੈ।
ਮੌਸਮ ਵਿਭਾਗ ਅਨੁਸਾਰ, ਮਨਾਲੀ ਨੇੜੇ ਕੋਠੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 105 ਸੈਂਟੀਮੀਟਰ ਬਰਫ਼ ਪਈ, ਜੋ ਕਿ ਰਾਜ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਲਾਹੌਲ ਅਤੇ ਸਪਿਤੀ ਦੇ ਗੋਂਡਲਾ ਵਿੱਚ 85 ਸੈਂਟੀਮੀਟਰ, ਸ਼ਿਮਲਾ ਜ਼ਿਲ੍ਹੇ ਦੇ ਕੇਲੋਂਗ ਵਿੱਚ 75 ਸੈਂਟੀਮੀਟਰ, ਖਦਰਾਲਾ ਵਿੱਚ 68.6 ਸੈਂਟੀਮੀਟਰ, ਕੁਫ਼ਰੀ ਵਿੱਚ 66 ਸੈਂਟੀਮੀਟਰ, ਮਨਾਲੀ ਵਿੱਚ 45.8 ਸੈਂਟੀਮੀਟਰ, ਸ਼ਿਲਾਰੂ 45 ਸੈਂਟੀਮੀਟਰ, ਕੁਕੁਮਸੇਰੀ 41.4 ਸੈਂਟੀਮੀਟਰ, ਜੋਤ 32 ਸੈਂਟੀਮੀਟਰ, ਹੰਸਾ 30 ਸੈਂਟੀਮੀਟਰ, ਸਾਂਗਲਾ 27.5 ਸੈਂਟੀਮੀਟਰ, ਸ਼ਿਮਲਾ 27 ਸੈਂਟੀਮੀਟਰ, ਭਰਮੌਰਅ 26 ਸੈਂਟੀਮੀਟਰ, ਕਲਪਾ 16.4 ਸੈਂਟੀਮੀਟਰ ਅਤੇ ਸਰਾਹਨ ਵਿੱਚ 11.5 ਸੈਂਟੀਮੀਟਰ ਬਰਫ਼ਬਾਰੀ ਹੋਈ।
ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕਈ ਥਾਵਾਂ ਤੇ ਭਾਰੀ ਮੀਂਹ ਪਿਆ, ਜਿਸ ਵਿੱਚ ਮੰਡੀ ਜ਼ਿਲ੍ਹੇ ਦੇ ਧਰਮਪੁਰ ਵਿੱਚ 91.4 ਮਿਲੀਮੀਟਰ, ਸੋਲਨ 68.6 ਮਿਲੀਮੀਟਰ, ਕੰਡਾਘਾਟ 67 ਮਿਲੀਮੀਟਰ, ਊਨਾ 54.2 ਮਿਲੀਮੀਟਰ, ਪਾਲਮਪੁਰ ਅਤੇ ਨਗਰੋਟਾ ਸੂਰੀਆਂ ਵਿੱਚ 53.2 ਮਿਲੀਮੀਟਰ ਅਤੇ ਨਾਹਨ ਵਿੱਚ 51.9 ਮਿਲੀਮੀਟਰ ਮੀਂਹ ਪਿਆ।
ਰਾਜਧਾਨੀ ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਧਰਮਸ਼ਾਲਾ ਵਿੱਚ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 0.4 ਡਿਗਰੀ, ਕਾਂਗੜਾ 1.7 ਡਿਗਰੀ, ਮੰਡੀ 4.3 ਡਿਗਰੀ, ਸੋਲਨ 1.8 ਡਿਗਰੀ, ਬਿਲਾਸਪੁਰ 4.5 ਡਿਗਰੀ, ਹਮੀਰਪੁਰ 3 ਡਿਗਰੀ, ਕਲਪਾ ਮਨਫੀ 3.8 ਡਿਗਰੀ, ਸੁੰਦਰਨਗਰ 3.7 ਡਿਗਰੀ, ਭੂੰਤਰ 2.5 ਡਿਗਰੀ, ਨਾਹਨ 6.2 ਡਿਗਰੀ, ਪਾਉਂਟਾ ਸਾਹਿਬ 8 ਡਿਗਰੀ, ਕੁਫ਼ਰੀ ਮਨਫੀ 2.5 ਡਿਗਰੀ, ਨਾਰਕੰਡਾ ਮਨਫੀ 4.2 ਡਿਗਰੀ, ਰੇਕੋਂਗ ਪੀਓ 0.1 ਡਿਗਰੀ ਅਤੇ ਤਾਬੋ ਮਨਫੀ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕੁਕੁਮਸੇਰੀ ਰਾਜ ਦਾ ਸਭ ਤੋਂ ਠੰਡਾ ਸਥਾਨ ਸੀ ਕਿਉਂਕਿ ਇੱਥੇ ਘੱਟੋ-ਘੱਟ ਤਾਪਮਾਨ ਮਨਫੀ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਪਰ ਰਾਜ ਦੇ ਉੱਚੇ ਇਲਾਕਿਆਂ ਵਿੱਚ ਅੱਜ ਭਾਰੀ ਬਰਫ਼ਬਾਰੀ ਜਾਰੀ ਰਹੇਗੀ।
ਉਧਰ ਮੈਕਲੌਡਗੰਜ ਅਤੇ ਨੇੜਲੇ ਪਿੰਡਾਂ ਨੱਡੀ, ਧਰਮਕੋਟ ਅਤੇ ਭਾਗਸੂਨਾਗ ਵਿੱਚ ਬੀਤੀ ਰਾਤ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਖੇਤਰ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕਾਂਗੜਾ ਜ਼ਿਲ੍ਹੇ ਵਿੱਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਇਸ ਦੌਰਾਨ ਅੱਤ ਦੀ ਠੰਢ ਕਰਕੇ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸ਼ੱਕ ਹੈ। ਬਰਫ਼ਬਾਰੀ ਕਰਕੇ ਸਰਕਾਰੀ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਜ਼ਿਲ੍ਹੇ ਵਿੱਚ 58 ਬੱਸ ਰੂਟ ਮੁਅੱਤਲ ਕਰ ਦਿੱਤੇ ਗਏ ਹਨ।
ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੇ ਘਰ ਮੈਕਲੌਡਗੰਜ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ ਹੈ। ਧਰਮਕੋਟ ਵਿੱਚ ਕਰੀਬ 3 ਇੰਚ, ਨੱਡੀ ਵਿੱਚ ਲਗਪਗ 2 ਇੰਚ ਅਤੇ ਭਾਗਸੂਨਾਗ ਵਿੱਚ ਦੋ ਇੰਚ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਮੈਕਲੌਡਗੰਜ ਦੇ ਕੁਝ ਹਿੱਸਿਆਂ ਵਿੱਚ ਇੱਕ ਤੋਂ ਦੋ ਇੰਚ ਬਰਫ਼ ਪਈ ਹੈ। ਧੌਲਾਧਾਰ ਪਹਾੜਾਂ ਦੀਆਂ ਉੱਚੀਆਂ ਟੀਸੀਆਂ ਤੇ ਅੱਜ ਸਵੇਰੇ ਬੱਦਲਵਾਈ ਵਾਲੇ ਮੌਸਮ ਦੌਰਾਨ ਬਰਫ਼ਬਾਰੀ ਜਾਰੀ ਰਹੀ।
ਬਰਫ਼ਬਾਰੀ ਕਾਰਨ ਧਰਮਸ਼ਾਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ, ਜਿਸ ਨਾਲ ਠੰਢ ਨੇ ਜ਼ੋਰ ਫੜ ਲਿਆ। ਮੈਕਲੌਡਗੰਜ ਅਤੇ ਧਰਮਸ਼ਾਲਾ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਬੰਦ ਹੋਣ ਦੀਆਂ ਰਿਪੋਰਟਾਂ ਆਈਆਂ, ਹਾਲਾਂਕਿ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਹੇਮਰਾਜ ਬੈਰਵਾ ਨੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਂਗੜਾ ਜ਼ਿਲ੍ਹੇ ਵਿੱਚ 58 ਸਰਕਾਰੀ ਬੱਸ ਰੂਟਾਂ ਨੂੰ ਖ਼ਰਾਬ ਮੌਸਮ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨਾਲ ਕਈ ਅੰਦਰੂਨੀ ਅਤੇ ਪਹਾੜੀ ਖੇਤਰਾਂ ਨਾਲ ਸੰਪਰਕ ਤੇ ਅਸਰ ਪਿਆ ਹੈ।
ਇਸ ਦੌਰਾਨ ਦਮਤਾਲ ਇਲਾਕੇ ਦੀ ਪੁਲੀਸ ਨੇ ਮੋਹਤਾਲੀ ਪੰਚਾਇਤ ਵਿੱਚ ਸੜਕ ਕੰਢਿਉਂ ਤੋਂ ਅੱਧਖੜ ਉਮਰ ਦੇ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਕੀਤੀ। ਪੀੜਤ ਦੀ ਉਮਰ 40 ਤੋਂ 44 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਸ਼ੱਕ ਹੈ ਕਿ ਵਿਅਕਤੀ ਦੀ ਮੌਤ ਠੰਢ ਲੱਗਣ ਕਰਕੇ ਹੋਈ ਹੈ, ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਜਾਂਚ ਤੋਂ ਬਾਅਦ ਕੀਤੀ ਜਾਵੇਗੀ।
ਇੱਕ ਵੱਖਰੀ ਘਟਨਾ ਵਿੱਚ ਬਿਹਾਰ ਦਾ ਪਰਵਾਸੀ ਮਜ਼ਦੂਰ, ਜਿਸ ਦੀ ਪਛਾਣ ਭੋਲਾ ਪਾਸਵਾਨ ਵਜੋਂ ਹੋਈ ਹੈ, ਭਾਗਸੂਨਾਗ ਦੇ ਸਬਜ਼ੀ ਮੰਡੀ ਖੇਤਰ ਵਿੱਚ ਆਪਣੀ ਝੌਪੜੀ ਵਿੱਚ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਠੰਢੇ ਮੌਸਮ ਕਾਰਨ ਹੋਣ ਦਾ ਸ਼ੱਕ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਧਰਮਸ਼ਾਲਾ ਦੇ ਜ਼ੋਨਲ ਹਸਪਤਾਲ ਵਿੱਚ ਰੱਖਿਆ ਗਿਆ ਹੈ।
National
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਲੋਕ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਦੱਸਿਆ ਕਿ ਇਸ ਸੈਸ਼ਨ ਵਿੱਚ ਕੁੱਲ 31 ਬੈਠਕਾਂ ਹੋਈਆਂ ਅਤੇ ਸਦਨ ਦੀ ਕਾਰਵਾਈ 151 ਘੰਟੇ ਅਤੇ 42 ਮਿੰਟ ਤੱਕ ਚੱਲੀ। ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਕੁੱਲ 12 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਨੌਂ ਪਾਸ ਕੀਤੇ ਗਏ। ਪਾਸ ਕੀਤੇ ਗਏ ਵਿੱਤ ਬਿੱਲਾਂ ਵਿੱਚ ਆਂਧਰਾ ਪ੍ਰਦੇਸ਼ ਪੁਨਰਗਠਨ ਸੋਧ ਬਿੱਲ ਅਤੇ ਜਨ ਵਿਸ਼ਵਾਸ ਸੋਧ ਬਿੱਲ ਪ੍ਰਮੁੱਖ ਹਨ।
ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਨਾਲ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿੱਚ ਕਾਰਜ ਉਤਪਾਦਕਤਾ 93 ਪ੍ਰਤੀਸ਼ਤ ਰਹੀ। ਇਸ ਦੌਰਾਨ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਪਾਰਟੀਆਂ ਦੇ ਪ੍ਰਮੁੱਖ ਨੇਤਾ ਸਦਨ ਵਿੱਚ ਮੌਜੂਦ ਰਹੇ।
ਪਹਿਲਾਂ ਇਹ ਸੈਸ਼ਨ ਦੋ ਅਪਰੈਲ ਨੂੰ ਮੁਕੰਮਲ ਹੋਣਾ ਸੀ, ਪਰ ਮਹਿਲਾ ਰਾਖਵਾਂਕਰਨ ਨਾਲ ਸਬੰਧਤ ‘ਸੰਵਿਧਾਨ (131ਵੀਂ) ਸੋਧ ਬਿੱਲ 2026’ ਅਤੇ ਇਸ ਨਾਲ ਸਬੰਧਤ ਦੋ ਹੋਰ ਬਿੱਲਾਂ ਤੇ ਚਰਚਾ ਕਰਨ ਅਤੇ ਇਨ੍ਹਾਂ ਨੂੰ ਪਾਸ ਕਰਾਉਣ ਦੇ ਮਕਸਦ ਨਾਲ ਸੈਸ਼ਨ ਨੂੰ ਵਧਾ ਦਿੱਤਾ ਗਿਆ ਅਤੇ 16 ਤੋਂ 18 ਅਪਰੈਲ ਤੱਕ ਤਿੰਨ ਦਿਨਾਂ ਦੀ ਵਿਸ਼ੇਸ਼ ਬੈਠਕ ਬੁਲਾਈ ਗਈ ਸੀ।
ਹਾਲਾਂਕਿ ਇਹ ਸੰਵਿਧਾਨਕ ਸੋਧ ਬਿੱਲ ਪਾਸ ਨਹੀਂ ਹੋ ਸਕਿਆ। ਬਿੱਲ ਤੇ ਹੋਈ ਵੋਟਿੰਗ ਦੌਰਾਨ ਇਸ ਦੇ ਪੱਖ ਵਿੱਚ 298 ਅਤੇ ਵਿਰੋਧ ਵਿੱਚ 230 ਵੋਟਾਂ ਪਈਆਂ। ਲੋਕ ਸਭਾ ਵਿੱਚ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ।
ਇਸ ਤੋਂ ਇਲਾਵਾ ਰਾਜ ਸਭਾ ਦੀ ਬੈਠਕ ਵੀ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਉੱਚ ਸਦਨ ਦੇ 270ਵੇਂ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਦ ਦੇ ਤਿੰਨੋਂ ਸੈਸ਼ਨਾਂ ਵਿੱਚ ਬਜਟ ਸੈਸ਼ਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਕਿਉਂਕਿ ਇਹ ਨਾ ਸਿਰਫ਼ ਸਭ ਤੋਂ ਲੰਬਾ ਸੈਸ਼ਨ ਹੁੰਦਾ ਹੈ, ਸਗੋਂ ਦੇਸ਼ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਵਿੱਚ ਵੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
National
ਕੁੱਲੂ ਵਿੱਚ ਜ਼ਮੀਨ ਖਿਸਕਣ ਕਾਰਨ ਕਾਰ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ
ਕੁੱਲੂ, 18 ਅਪ੍ਰੈਲ (ਸ.ਬ.) ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅਚਾਨਕ ਜ਼ਮੀਨ ਖਿਸਕਣ ਕਾਰਨ ਸੜਕ ਤੇ ਇੱਕ ਵਾਹਨ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਪੋਰਟਾਂ ਅਨੁਸਾਰ, ਇਹ ਘਟਨਾ ਮਣੀਕਰਨ-ਬਰਸ਼ੈਣੀ ਸੜਕ ਤੇ ਘਾਟੀਗੜ੍ਹ ਦੇ ਨੇੜੇ ਵਾਪਰੀ ਹੈ।
ਜ਼ਿਕਰਯੋਗ ਹੈ ਕਿ ਸ਼ੁਰੂ ਵਿੱਚ ਪਹਾੜੀ ਤੋਂ ਹਲਕਾ ਮਲਬਾ ਡਿੱਗਣਾ ਸ਼ੁਰੂ ਹੋ ਗਿਆ, ਜਿਸ ਕਾਰਨ ਡਰਾਈਵਰ ਸੁਚੇਤ ਹੋ ਗਿਆ ਅਤੇ ਉਹ ਤੁਰੰਤ ਗੱਡੀ ਤੋਂ ਬਾਹਰ ਨਿਕਲ ਗਿਆ। ਕੁਝ ਪਲਾਂ ਬਾਅਦ ਭਾਰੀ ਪੱਥਰ ਡਿੱਗਣੇ ਸ਼ੁਰੂ ਹੋ ਗਏ, ਜਿਸ ਨਾਲ ਉਕਤ ਸਥਾਨ ਵਿਚੋਂ ਲੰਘ ਰਹੀ ਇਕ ਗੱਡੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਹ ਰਾਹਤ ਦੀ ਗੱਲ ਹੈ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘਾਟੀਗੜ੍ਹ ਇਲਾਕਾ ਜ਼ਮੀਨ ਖਿਸਕਣ ਲਈ ਬਹੁਤ ਕਮਜ਼ੋਰ ਹੋ ਗਿਆ ਹੈ। ਇੱਥੇ ਅਕਸਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਇਹ ਰਸਤਾ ਹੁਣ ਰਾਹਗੀਰਾਂ ਅਤੇ ਸੈਲਾਨੀਆਂ ਲਈ ਜੋਖਮ ਭਰਿਆ ਬਣ ਗਿਆ ਹੈ।
National
ਪੁਣੇ ਵਿੱਚ ਹਵਾਈ ਸੈਨਾ ਦੇ ਜਹਾਜ਼ ਦੀ ‘ਹਾਰਡ ਲੈਂਡਿੰਗ’
ਪੁਣੇ, 18 ਅਪ੍ਰੈਲ (ਸ.ਬ.) ਪੁਣੇ ਹਵਾਈ ਅੱਡੇ ਦਾ ਰਨਵੇਅ ਬੀਤੀ ਦੇਰ ਰਾਤ ਇਕ ਆਈ.ਏ.ਐਫ਼.ਜਹਾਜ਼ ਵਲੋਂ ਸਖ਼ਤ ਲੈਂਡਿੰਗ ਕਰਨ ਤੋਂ ਬਾਅਦ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਦੇ ਅਨੁਸਾਰ ਇਸ ਘਟਨਾ ਕਾਰਨ ਹਵਾਈ ਅੱਡੇ ਤੇ ਉਡਾਣ ਸੰਚਾਲਨ ਅੱਠ ਘੰਟਿਆਂ ਲਈ ਪ੍ਰਭਾਵਿਤ ਰਿਹਾ।
ਆਈ.ਏ.ਐਫ਼. ਦੇ ਅਨੁਸਾਰ ਲੈਂਡਿੰਗ ਘਟਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਰਨਵੇ ਨੂੰ ਤੁਰੰਤ ਬੰਦ ਕਰਨਾ ਪਿਆ। ਜਹਾਜ਼ ਦਾ ਅਮਲਾ ਸੁਰੱਖਿਅਤ ਹੈ ਤੇ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਅੱਜ ਸਵੇਰੇ 7:30 ਵਜੇ ਤੋਂ ਬਾਅਦ ਹਵਾਈ ਅੱਡੇ ਤੇ ਉਡਾਣ ਸੰਚਾਲਨ ਆਮ ਵਾਂਗ ਸ਼ੁਰੂ ਹੋ ਗਿਆ। ਹਵਾਈ ਅੱਡੇ ਦੇ ਨਿਰਦੇਸ਼ਕ ਦੇ ਅਨੁਸਾਰ ਪੰਜ ਏਅਰਲਾਈਨਾਂ ਦੀਆਂ 91 ਉਡਾਣਾਂ ਨੂੰ ਰੱਦ ਕਰਨਾ ਪਿਆ।
ਰੱਦ ਕੀਤੀਆਂ ਗਈਆਂ ਉਡਾਣਾਂ ਵਿਚ ਇੰਡੀਗੋ ਦੀਆਂ 65 ਉਡਾਣਾਂ, ਏਅਰ ਇੰਡੀਆ ਦੀਆਂ ਛੇ, ਸਪਾਈਸਜੈਟ ਦੀਆਂ ਪੰਜ, ਅਕਾਸਾ ਏਅਰ ਦੀਆਂ ਪੰਜ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ 10 ਉਡਾਣਾਂ ਸ਼ਾਮਿਲ ਹਨ। ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਬੀਤੀ ਰਾਤ ਲਗਭਗ 10:25 ਵਜੇ ਇਕ ਲੜਾਕੂ ਜਹਾਜ਼ ਦਾ ਅੰਡਰਕੈਰੇਜ (ਲੈਂਡਿੰਗ ਗੀਅਰ) ਲੈਂਡਿੰਗ ਦੌਰਾਨ ਫੇਲ੍ਹ ਹੋ ਗਿਆ, ਜਿਸ ਕਾਰਨ ਰਨਵੇਅ ਤੇ ਰੁਕਾਵਟ ਆ ਗਈ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National1 month agoਬੰਦ ਕਮਰੇ ਵਿੱਚੋਂ ਮਾਂ-ਪੁੱਤ ਸਮੇਤ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ
