International
ਨਿਊਯਾਰਕ ਹਵਾਈ ਅੱਡੇ ਤੇ ਜਹਾਜ਼ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਦੀ ਟੱਕਰ ਕਾਰਨ 2 ਦੀ ਮੌਤ
ਨਿਊਯਾਰਕ, 23 ਮਾਰਚ (ਸ.ਬ.) ਨਿਊਯਾਰਕ ਦੇ ਲਾ ਗਾਰਡੀਆ ਹਵਾਈ ਅੱਡੇ ਤੇ ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਰਨਵੇਅ ਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਟਕਰਾ ਗਿਆ। ਅਮਰੀਕੀ ਮੀਡੀਆ ਅਤੇ ਅਧਿਕਾਰੀਆਂ ਮੁਤਾਬਕ ਇਸ ਟੱਕਰ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦਰਜਨਾਂ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ ਜਿਸ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਟੱਕਰ ਹੋਈ, ਉਸ ਵਿੱਚ ਪੁਲੀਸ ਮੁਲਾਜ਼ਮ ਸਵਾਰ ਸਨ। ਜ਼ਿਕਰਯੋਗ ਹੈ ਕਿ ਇੱਕ ਪੁਲੀਸ ਸਾਰਜੈਂਟ ਅਤੇ ਇੱਕ ਅਧਿਕਾਰੀ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਨਿਊਯਾਰਕ ਦੇ ਲਾ-ਗਾਰਡੀਆ ਹਵਾਈ ਅੱਡੇ ਤੇ ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ ਜ਼ਮੀਨ ਤੇ ਖੜ੍ਹੀ ਇੱਕ ਗੱਡੀ ਨਾਲ ਟਕਰਾ ਗਿਆ। ਫਲਾਈਟ ਟ੍ਰੈਕਿੰਗ ਵੈਬਸਾਈਟ ਫਲਾਈਟ ਰਡਾਰ 24 ਮੁਤਾਬਕ ਇਹ ਜਹਾਜ਼ ਕੈਨੇਡਾ ਦੇ ਮਾਂਟਰੀਅਲ ਤੋਂ ਆ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਪੂਰੇ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ।
ਰਿਪੋਰਟਾਂ ਅਨੁਸਾਰ ਜਹਾਜ਼ ਉਸ ਸਮੇਂ ਲਗਪਗ 39 ਕਿਲੋਮੀਟਰ ਪ੍ਰਤੀ ਘੰਟਾ (24 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲ ਰਿਹਾ ਸੀ ਜਦੋਂ ਉਸ ਨੇ ਜ਼ਮੀਨੀ ਗੱਡੀ ਨੂੰ ਟੱਕਰ ਮਾਰੀ। ਇਹ ਜਹਾਜ਼ ਜੈਜ਼ ਐਵੀਏਸ਼ਨ ਦੁਆਰਾ ਚਲਾਇਆ ਜਾ ਰਿਹਾ ਸੀ, ਜੋ ਕਿ ਏਅਰ ਕੈਨੇਡਾ ਦੀ ਭਾਈਵਾਲ ਕੰਪਨੀ ਹੈ। ਇੰਨੀ ਰਫ਼ਤਾਰ ਤੇ ਹੋਈ ਟੱਕਰ ਕਾਰਨ ਜਹਾਜ਼ ਅਤੇ ਗੱਡੀ ਦੋਵਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ।
ਇਸ ਹਾਦਸੇ ਤੋਂ ਤੁਰੰਤ ਬਾਅਦ ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਹਵਾਈ ਅੱਡੇ ਤੇ ਮੌਜੂਦ ਸਾਰੇ ਜਹਾਜ਼ਾਂ ਨੂੰ ਰੋਕਣ ਦਾ ਹੁਕਮ ਜਾਰੀ ਕਰ ਦਿੱਤਾ। ਇੱਕ ਸਰਕਾਰੀ ਨੋਟਿਸ ਰਾਹੀਂ ਦੱਸਿਆ ਗਿਆ ਕਿ ਹਵਾਈ ਅੱਡੇ ਤੇ ਗਰਾਊਂਡ ਸਟਾਪ ਲਗਾ ਦਿੱਤੀ ਗਈ ਸੀ। ਇਸ ਕਾਰਨ ਸੈਂਕੜੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਉਡਾਣਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ।
ਹਵਾਈ ਅੱਡਾ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜ਼ਮੀਨੀ ਗੱਡੀ ਜਹਾਜ਼ ਦੇ ਇੰਨੇ ਨੇੜੇ ਕਿਵੇਂ ਪਹੁੰਚੀ ਅਤੇ ਕੀ ਇਹ ਕੋਈ ਤਕਨੀਕੀ ਖ਼ਰਾਬੀ ਸੀ ਜਾਂ ਕਿਸੇ ਕਰਮਚਾਰੀ ਦੀ ਗ਼ਲਤੀ। ਇਸ ਹਾਦਸੇ ਕਾਰਨ ਲਾ ਗਾਰਡੀਆ ਹਵਾਈ ਅੱਡੇ ਤੇ ਕੁਝ ਹੋਰ ਉਡਾਣਾਂ ਵਿੱਚ ਦੇਰੀ ਹੋਣ ਦੀ ਵੀ ਸੰਭਾਵਨਾ ਹੈ।
International
ਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
ਕਾਠਮੰਡੂ, 9 ਅਕਤੂਬਰ (ਸ.ਬ.) ਨੇਪਾਲ ਦੇ ਪੱਛਮੀ ਸ਼ਹਿਰ ਪੋਖਰਾ ਵਿੱਚ ਅੱਜ ਤੜਕਸਾਰ ਇੱਕ ਸਕੂਲੀ ਬੱਸ ਸੜਕ ਤੇ ਪਲਟ ਕੇ 200 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਚਾਰ ਸਕੂਲੀ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਿਕਾ ਇੰਗਲਿਸ਼ ਬੋਰਡਿੰਗ ਸਕੂਲ ਦੀ ਇਹ ਬੱਸ ਸਵੇਰੇ ਕਰੀਬ 6:20 ਵਜੇ ਕਾਸਕੀ ਜ਼ਿਲ੍ਹੇ ਦੇ ਪੋਖਰਾ ਮਹਾਨਗਰ ਦੇ ਵਾਰਡ ਨੰਬਰ 28 ਵਿੱਚ ਸਥਿਤ ਓਖਲੇਕੋ ਭੀਰ ਵਿਖੇ ਸੜਕ ਤੋਂ ਤਿਲਕ ਕੇ ਖੱਡ ਵਿਚ ਡਿੱਗ ਗਈ। ਕਾਸਕੀ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਮੁਖੀ ਨਵੀਨ ਕਾਰਕੀ ਅਨੁਸਾਰ ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ, ਇੱਕ ਲੜਕਾ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਹਨ।
ਨਵੀਨ ਕਾਰਕੀ ਨੇ ਦੱਸਿਆ ਕਿ ਪੰਜ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸਾਨੂੰ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਬੱਸ ਵਿੱਚ 20 ਵਿਦਿਆਰਥੀ, ਇੱਕ ਹੋਰ ਯਾਤਰੀ ਅਤੇ ਇੱਕ ਡਰਾਈਵਰ ਸਵਾਰ ਸਨ। ਪੁਲੀਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਪੋਖਰਾ ਇੰਸਟੀਚਿਊਟ ਆਫ਼ ਹੈਲਥ ਸਾਇੰਸਿਜ਼ ਲਿਜਾਇਆ ਗਿਆ। ਪੁਲੀਸ ਦੀ ਪਹਿਲੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਹਾਦਸੇ ਵਿੱਚ 18 ਬੱਚੇ ਜ਼ਖ਼ਮੀ ਹੋਏ ਸਨ, ਪਰ ਤਾਜ਼ਾ ਜਾਣਕਾਰੀ ਵਿੱਚ ਪੰਜ ਮੌਤਾਂ ਅਤੇ 14 ਜ਼ਖ਼ਮੀ ਯਾਤਰੀਆਂ ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ ਕੁੱਲ 22 ਲੋਕ ਸਵਾਰ ਸਨ। ਪੁਲੀਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਸਕੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਕੁਮਾਨ ਸਿੰਘ ਗੁਰੂੰਗ ਨੇ ਦੱਸਿਆ ਕਿ ਬੱਸ ਵਿੱਚ ਜ਼ਿਆਦਾਤਰ 10ਵੀਂ ਜਮਾਤ ਦੇ ਵਿਦਿਆਰਥੀ ਸਵਾਰ ਸਨ, ਜੋ ਟਿਊਸ਼ਨ ਕਲਾਸਾਂ ਵਿੱਚ ਜਾਣ ਲਈ ਸਫ਼ਰ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ।
International
ਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
ਇਗਬੋਕੋਡਾ, 6 ਅਕਤੂਬਰ (ਸ.ਬ.) ਨਾਈਜੀਰੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬਚਾਅ ਅਤੇ ਰਾਹਤ ਟੀਮਾਂ ਨੂੰ ਤੱਟਵਰਤੀ ਸ਼ਹਿਰ ਇਗਬੋਕੋਡਾ ਨੇੜੇ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਮਿਲਿਆ ਹੈ। ਲਾਸ਼ਾਂ ਨੂੰ ਬਰਾਮਦ ਕਰਕੇ ਮੁਰਦਾਘਰ ਵਿੱਚ ਰੱਖ ਦਿੱਤੀਆਂ ਗਈਆਂ ਹਨ। ਦੇਸ਼ ਦੇ ਹਵਾਬਾਜ਼ੀ ਮੰਤਰੀ, ਫੇਸਟਸ ਕੀਮੋ, ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਰਾਸ਼ਟਰਪਤੀ ਬੋਲਾ ਟੀਨੂਬੂ ਨੇ ਤਿੰਨ ਦਿਨਾਂ ਦੇ ਸੋਗ ਦੀ ਮਿਆਦ ਦਾ ਐਲਾਨ ਕੀਤਾ ਹੈ।
ਹਵਾਬਾਜ਼ੀ ਮੰਤਰੀ ਫੇਸਟਸ ਕੀਮੋ ਦੇ ਅਨੁਸਾਰ, ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਬੀਤੇ ਦਿਨ ਸਥਾਨਕ ਸਮੇਂ ਅਨੁਸਾਰ ਸਵੇਰੇ 8:13 ਵਜੇ ਹਵਾਈ ਆਵਾਜਾਈ ਕੰਟਰੋਲਰਾਂ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਸੀ, ਅਤੇ ਮਲਬਾ ਦੱਖਣ-ਪੱਛਮੀ ਓਂਡੋ ਰਾਜ ਦੇ ਇਗਬੋਕੋਡਾ ਸ਼ਹਿਰ ਵਿੱਚ ਮਿਲਿਆ ਸੀ। ਹਾਦਸੇ ਵਿੱਚ 25 ਯਾਤਰੀਆਂ ਅਤੇ 7 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਬੋਲਾ ਟੀਨੂਬੂ ਨੇ ਕਿਹਾ ਕਿ ਜਹਾਜ਼ ਹਾਦਸਾ ਹਾਲ ਹੀ ਦੇ ਸਾਲਾਂ ਵਿੱਚ ਨਾਈਜੀਰੀਆ ਵਿੱਚ ਸਭ ਤੋਂ ਭਿਆਨਕ ਹਵਾਈ ਆਫ਼ਤ ਹੈ। ਕੋਈ ਵੀ ਨਹੀਂ ਬਚਿਆ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਹਵਾਈ ਸੈਨਾ ਦੇ ਮੁਖੀ ਨੇ ਮੈਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਮੈਂ ਨਾਈਜੀਰੀਆਈ ਹਵਾਈ ਸੈਨਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪੂਰੀ ਜਾਂਚ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਿਪੋਰਟ ਮੰਗੇ।
International
ਨਾਲੇ ਵਿੱਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 6 ਵਿਅਕਤੀਆਂ ਦੀ ਮੌਤ, 10 ਜ਼ਖ਼ਮੀ
ਕਾਠਮਾਂਡੂ, 3 ਅਕਤੂਬਰ (ਸ.ਬ.) ਅੱਜ ਨੇਪਾਲ ਦੇ ਨਵਲਪਰਾਸੀ (ਬਰਦਾਘਾਟ ਸੁਸਤਾ ਈਸਟ) ਜ਼ਿਲ੍ਹੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖਾਈ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬਿਨਾਯੀ ਤ੍ਰਿਵੇਣੀ ਪੇਂਡੂ ਨਗਰਪਾਲਿਕਾ-2 ਵਿੱਚ ਐਸ-ਬੈਂਡ ਨੇੜੇ ਪੂਰਬ-ਪੱਛਮ ਰਾਜਮਾਰਗ ਤੇ ਵਾਪਰਿਆ। ਬੱਸ ਵਿੱਚ ਡਰਾਈਵਰ ਸਮੇਤ ਕੁੱਲ 18 ਲੋਕ ਸਵਾਰ ਸਨ। ਦੋ ਯਾਤਰੀ ਸੁਰੱਖਿਅਤ ਬਚ ਗਏ। ਹਾਦਸੇ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚੀ, ਬੱਸ ਦੇ ਅੰਦਰ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਪੁਲੀਸ ਅਨੁਸਾਰ, ਬੱਸ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ। ਐਸ-ਬੈਂਡ ਨੇੜੇ ਡਰਾਈਵਰ ਨੇ ਵਾਹਨ ਤੇ ਕਾਬੂ ਗੁਆ ਦਿੱਤਾ, ਜਿਸ ਕਾਰਨ ਬੱਸ ਸੜਕ ਤੋਂ ਹੇਠਾਂ ਖਾਈ ਵਿੱਚ ਪਲਟ ਗਈ। ਹਾਦਸੇ ਦੀ ਸੂਚਨਾ ਮਿਲਣ ਤੇ ਇੰਸਪੈਕਟਰ ਥਮਨ ਸਿੰਘ ਰਾਣਾ ਦੀ ਅਗਵਾਈ ਵਿੱਚ ਪੁਲੀਸ ਟੀਮ ਮੌਕੇ ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲੀਸ ਮੁਲਾਜ਼ਮਾਂ ਨੇ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ।
ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਜਾਜਰਕੋਟ ਜ਼ਿਲ੍ਹੇ ਦੀ ਭੇਰੀ ਨਗਰਪਾਲਿਕਾ-3 ਦੇ ਵਸਨੀਕ 50 ਸਾਲਾ ਨਿਰਜੰਗ ਖਤਰੀ ਵਜੋਂ ਹੋਈ ਹੈ। ਬਾਕੀ ਪੰਜ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲੀਸ ਨੇ ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਸਹਾਇਤਾ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਡਾਂਡਾ ਸਥਿਤ ਮੱਧਯਬਿੰਦੂ ਸੂਬਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਇਸ ਹਾਦਸੇ ਦੀ ਵਿਸਥਾਰਪੂਰਵਕ ਜਾਂਚ ਕਰ ਰਹੀ ਹੈ।
-
National2 months agoਹਸਪਤਾਲ ਵਿੱਚ ਵੈਂਟੀਲੇਟਰ ਫਟਣ ਕਾਰਨ ਲੱਗੀ ਅੱਗ ਵਿੱਚ 3 ਨਵਜੰਮੇ ਬੱਚਿਆਂ ਦੀ ਮੌਤ
-
International4 weeks ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International1 month agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
Mohali2 months agoਬੂਥ ਮਾਰਕੀਟ ਐਸੋਸੀਏਸ਼ਨ ਫੇਜ਼ 2 ਮੁਹਾਲੀ ਦਾ ਵਫਦ ਮੇਅਰ ਸਰਬਜੀਤ ਸਿੰਘ ਸਮਾਣਾ ਨੂੰ ਮਿਲਿਆ
-
International1 month agoਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 210 ਹੋਈ, ਕਈ ਲਾਪਤਾ
-
International1 month agoਤਿੱਬਤ ਤੋਂ ਆਏ ਹੜ੍ਹ ਕਾਰਨ ਨੇਪਾਲ ਵਿੱਚ ਭਾਰੀ ਤਬਾਹੀ, ਦਰਜਨਾਂ ਪਿੰਡ ਤਬਾਹ
-
International3 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
