Connect with us

Mohali

ਮੁਹਾਲੀ ਪੁਲੀਸ ਵੱਲੋਂ ਟ੍ਰਾਈਸਿਟੀ ਅਧਾਰਿਤ ਲੁੱਟ ਅਤੇ ਚੋਰੀ ਗੈਂਗ ਦਾ ਪਰਦਾਫਾਸ਼, ਪੰਜ ਆਰੋਪੀ ਗ੍ਰਿਫਤਾਰ

Published

on

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਮੁਹਾਲੀ ਪੁਲੀਸ ਨੇ ਟ੍ਰਾਈਸਿਟੀ ਖੇਤਰ ਵਿੱਚ ਸਰਗਰਮ ਚੋਰੀ ਅਤੇ ਲੁੱਟ ਮਾਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਸ੍ਰੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਡੇਰਾਬੱਸੀ ਸਬ ਡਿਵੀਜ਼ਨ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਜੈ ਕੁਮਾਰ ਵਾਸੀ ਮਿਰਚ ਮੰਡੀ, ਰਾਜਪੁਰਾ (ਪਟਿਆਲਾ), ਨਸੀਬ ਕੁਮਾਰ ਉਰਫ਼ ਮਾਲਟਾ ਵਾਸੀ ਢੇਹਾ ਕਾਲੋਨੀ, ਲਾਲੜੂ ਮੰਡੀ (ਐਸ. ਏ. ਐਸ. ਨਗਰ), ਸਾਜਨ ਉਰਫ਼ ਬਿੰਦਰ ਵਾਸੀ ਖਟੀਕ ਮੁਹੱਲਾ, ਬਨੂੰੜ (ਐਸ. ਏ. ਐਸ. ਨਗਰ), ਗੋਪੀ ਉਰਫ਼ ਸਿੱਲੂ ਵਾਸੀ ਦੇਹਾ ਕਾਲੋਨੀ, ਲਾਲੜੂ ਅਤੇ ਵਿਕੀ ਉਰਫ਼ ਸਾਗਰ ਵਾਸੀ ਮਿਰਚ ਮੰਡੀ, ਰਾਜਪੁਰਾ ਵਜੋਂ ਹੋਈ ਹੈ।

ਐਸ. ਐਸ. ਪੀ. ਨੇ ਦੱਸਿਆ ਕਿ 20-21 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਇੱਕ ਬਿਜਲੀ ਦੇ ਸਾਮਾਨ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਵਾਪਰੀ ਸੀ, ਜਿਸ ਦੌਰਾਨ ਪਾਣੀ ਵਾਲੇ ਪੰਪ, ਬੈਟਰੀਆਂ, ਕੇਬਲ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ। ਹਮਲਾਵਰ ਆਟੋ-ਰਿਕਸ਼ਾ ਅਤੇ ਮੋਟਰਸਾਈਕਲ ਤੇ ਆਏ ਸਨ ਅਤੇ ਦੁਕਾਨਦਾਰ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ।

ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਵਲੋਂ ਐਫ. ਆਈ. ਆਰ. ਦਰਜ ਕਰਕੇ ਐਸ.ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਐਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇੰਸਪੈਕਟਰ ਯੋਗੇਸ਼ ਕੁਮਾਰ (ਐਸ. ਐਚ. ਓ. ਲਾਲੜੂ) ਦੀ ਅਗਵਾਈ ਹੇਠ ਟੀਮ ਨੇ ਤਕਨੀਕੀ ਜਾਣਕਾਰੀ ਅਤੇ ਮਨੁੱਖੀ ਖੁਫੀਆ ਸਰੋਤਾਂ ਦੀ ਮਦਦ ਨਾਲ ਤਿੰਨ ਆਰੋਪੀਆਂ ਨੂੰ 26 ਅਪ੍ਰੈਲ ਨੂੰ ਗੈਸ ਪਲਾਂਟ, ਆਲਮਗੀਰ (ਲਾਲੜੂ) ਨੇੜਿਓਂ ਕਾਬੂ ਕੀਤਾ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਹੋਰ ਦੋ ਸਾਥੀਆਂ ਗੋਪੀ ਉਰਫ਼ ਸਿੱਲੂ ਅਤੇ ਵਿਕੀ ਉਰਫ਼ ਸਾਗਰ ਦਾ ਖੁਲਾਸਾ ਕੀਤਾ, ਜਿਨ੍ਹਾਂ ਨੂੰ 27 ਅਪ੍ਰੈਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਵਿਕੀ ਉਰਫ਼ ਸਾਗਰ ਅਤੇ ਅਜੈ ਕੁਮਾਰ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਡਕੈਤੀ, ਚੋਰੀ, ਸਨੈਚਿੰਗ ਅਤੇ ਐਨ. ਡੀ. ਪੀ. ਐਸ. ਐਕਟ ਅਧੀਨ ਕੇਸ ਸ਼ਾਮਲ ਹਨ। ਗੋਪੀ ਉਰਫ਼ ਸਿੱਲੂ ਖ਼ਿਲਾਫ਼ ਵੀ ਪਹਿਲਾਂ ਸਨੈਚਿੰਗ ਦਾ ਮਾਮਲਾ ਦਰਜ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਹੋਰ ਕਈ ਵਾਰਦਾਤਾਂ ਦੇ ਭੇਦ ਖੁਲ੍ਹਣ ਦੀ ਸੰਭਾਵਨਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਅਕਸਰ ਰਾਤ ਦੇ ਸਮੇਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਵਾਰਦਾਤ ਤੋਂ ਪਹਿਲਾਂ ਰੇਕੀ ਕਰਦਾ ਸੀ। ਚੋਰੀ ਕੀਤੇ ਸਮਾਨ ਦੀ ਵਿਕਰੀ ਨਾਲ ਜੁੜੇ ਸੰਦਰਭਾਂ ਅਤੇ ਹੋਰ ਸਾਥੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।

Continue Reading

Mohali

ਮੱਸਿਆ ਦਾ ਮਾਸਿਕ ਲੰਗਰ ਲਗਾਇਆ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਦਿਵਾਲੀ ਦੀ ਪੂਰਵ ਸੰਧਿਆ ਤੇ ਪੀ ਜੀ ਆਈ, ਚੰਡੀਗੜ ਦੀ ਨਵੀਂ ਓ ਪੀ ਡੀ (ਗੇਟ ਨੰ: 4) ਦੇ ਸਾਹਮਣੇ ਮੱਸਿਆ ਦਾ ਮਾਸਿਕ ਲੰਗਰ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਇਸ ਵਾਰ ਸੇਬ, ਕੇਲੇ ਵੰਡੇ ਗਏ। ਇਸ ਮੌਕੇ ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਹਾਜਿਰ ਸਨ।

Continue Reading

Mohali

ਦੀਵਾਲੀ ਦੇ ਤਿਉਹਾਰ ਮੌਕੇ ਮਾਵਾਂ ਭੈਣਾਂ ਨੂੰ ਸੂਟ ਵੰਡੇ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਦੀਵਾਲੀ ਦੇ ਤਿਉਹਾਰ ਮੌਕੇ ਮਿਉਂਸਪਲ ਕੌਂਸਲਰ ਕਮਲਪੀਤ ਸਿੰਘ ਬੰਨੀ ਦੇ ਵਾਰਡ (ਵਾਰਡ ਨੰਬਰ 14) ਵਿਖੇ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਭ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ। ਉਹਨਾਂ ਹਾਜਰੀਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਵਾਰਡ ਦੀਆਂ ਮਾਵਾਂ ਭੈਣਾਂ ਵਲੋਂ ਉਹਨਾਂ ਨੂੰ ਦੂਜੀ ਵਾਰ ਫੇਜ਼ 9 ਦੇ ਕੌਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਬੀਬੀਆਂ ਵੱਲੋਂ ਮਿਲਿਆ ਪਿਆਰ, ਵਿਸ਼ਵਾਸ ਅਤੇ ਸਹਿਯੋਗ ਉਹਨਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਕਿਹਾ ਕਿ ਇਹ ਰਿਸ਼ਤਾ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇਪਣ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਢੀਂਡਸਾ, ਬਲਿਹਾਰ ਸਿੰਘ ਵਿਰਕ, ਪਰਵੀਨ ਸ਼ਰਮਾ, ਹਰਿੰਦਰ ਸਿੰਘ ਵਾਲੀਆ, ਪ੍ਰਿੰਸ ਵਰਮਾ, ਸਚਿਨ ਰਾਏਜ਼ਾਦਾ, ਅਨਿਲ ਆਨੰਦ, ਆਈ. ਡੀ ਗਰਗ, ਅੰਮ੍ਰਿਤਪਾਲ ਸਿੰਘ, ਚੰਦਰ ਅਰੋੜਾ ਵੀ ਹਾਜਿਰ ਸਨ।

Continue Reading

Mohali

ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

Published

on

By

ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਰਾਮਗੜ੍ਹੀਆ ਸਭਾ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਭਾਈ ਲਾਲੋ ਕੋ-ਆਪ ਐਨ. ਏ. ਟੀ ਐਂਡ ਸੀ ਸੁਸਾਇਟੀ ਲਿਮਟਿਡ, ਦਸ਼ਮੇਸ਼ ਵੈਲਫੇਅਰ ਕੌਸਲ (ਰਜਿ.) ਅਤੇ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 9 ਨਵੰਬਰ ਨੂੰ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ ਸੰਸਥਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਮੀਤੀ ਪ੍ਰਧਾਨ ਮਨਜੀਤ ਸਿੰਘ ਮਾਨ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ, ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ, ਖਜ਼ਾਨਚੀ ਬਲਵਿੰਦਰ ਸਿੰਘ, ਮੈਨੇਜ਼ਰ ਗੁਰਬਚਨ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।

ਸ. ਦੀਦਾਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਅੱਜ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅਤੇ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ।

ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ 9 ਨਵੰਬਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਸਵੇਰੇ 9 ਤੋਂ 10 ਵਜੇ ਤੱਕ ਭਾਈ ਪੁਰਸ਼ੋਤਮ ਸਿੰਘ ਅਤੇ ਸਾਥੀ (ਹਜ਼ੂਰੀ ਰਾਗੀ ਜੱਥਾ) ਵੱਲੋਂ ਮਨੋਹਰ ਕੀਰਤਨ ਕੀਤਾ ਜਾਵੇਗਾ। ਸਵੇਰੇ 10 ਤੋਂ 11 ਵਜੇ ਤੱਕ ਇਸਤਰੀ ਸਤਿਸੰਗ ਜੱਥਾ, ਰਾਮਗੜ੍ਹੀਆ ਸਭਾ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਸਵੇਰੇ 11 ਤੋਂ 11:30 ਵਜੇ ਤੱਕ ਭਾਈ ਬਲਿਹਾਰ ਸਿੰਘ (ਹੈਡ ਗ੍ਰੰਥੀ, ਰਾਮਗੜ੍ਹੀਆ ਸਭਾ) ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 11:30 ਤੋਂ ਦੁਪਹਿਰ 1 ਵਜੇ ਤੱਕ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਭਾਈ ਗੁਰਿੰਦਰ ਪ੍ਰਿਤਪਾਲ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Continue Reading

Latest News

Trending