Mohali
ਵਾਰਡ ਨੰਬਰ 20 ਵਿੱਚ ਬਹੁਕੋਨਾ ਮੁਕਾਬਲਾ, ਕੁਲ 6 ਉਮੀਦਵਾਰ ਮੈਦਾਨ ਵਿੱਚ
ਐਸ ਏ ਐਸ ਨਗਰ, 22 ਮਈ (ਭਗਵੰਤ ਸਿੰਘ ਬੇਦੀ) 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਵਿੱਚ ਵਾਰਡ ਨੰਬਰ 20 ਤੋਂ ਛੇ ਉਮੀਦਵਾਰ ਮੈਦਾਨ ਹਨ ਅਤੇ ਇੱਥੇ ਬਹੁਕੋਨਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਇਸ ਵਾਰਡ ਵਿੱਚ ਕਾਂਗਰਸ ਵੱਲੋਂ ਗੌਰਵ ਜੈਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਵਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਵੱਲੋਂ ਮਦਨ ਲਾਲ ਗੋਇਲ ਅਤੇ ਆਮ ਆਦਮੀ ਪਾਰਟੀ ਵੱਲੋਂ ਤਰਨਜੀਤ ਸਿੰਘ ਚੋਣ ਮੈਦਾਨ ਵਿੱਚ ਹਨ। ਇਸਤੋਂ ਇਲਾਵਾ ਸਾਬਕਾ ਕੌਂਸਲਰ ਅਤੇ ਕਾਂਗਰਸ ਦੇ ਬਾਗੀ ਉਮੀਦਵਾਰ ਜਸਵੀਰ ਸਿੰਘ ਮਣਕੂ ਅਤੇ ਹਰਮਨਜੋਤ ਸਿੰਘ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ।
ਵਾਰਡ ਨਬਰ 20 ਵਿੱਚ ਮੁਹਾਲੀ ਦੇ ਫੇਜ਼ 11 ਦੇ ਐਲ ਆਈ ਜੀ ਅਤੇ ਐਮ ਆਈ ਜੀ ਮਕਾਨ ਅਤੇ ਪਿੰਡ ਕੰਬਾਲੀ ਦਾ ਖੇਤਰ ਸ਼ਾਮਿਲ ਹੈ। ਨਵੀਂ ਵਾਰਡਬੰਦੀ ਦੌਰਾਨ ਪਹਿਲਾਂ ਵਾਲੇ ਵਾਰਡਾਂ ਦੀ ਕੱਟ ਵੱਢ ਤੋਂ ਬਾਅਦ ਬਣੇ ਇਸ ਵਾਰਡ ਵਿੱਚ ਵੱਖ ਵੱਖ ਵਾਰਡਾਂ ਦਾ ਹਿੱਸਾ ਸ਼ਾਮਿਲ ਕੀਤਾ ਗਿਆ ਹੈ ਅਤੇ ਨਾਲ ਹੀ ਪਿੰਡ ਕੰਬਾਲੀ ਦਾ ਖੇਤਰ ਵੀ ਪਾਇਆ ਗਿਆ ਹੈ। ਪੁਰਾਣੀ ਵਾਰਡਬੰਦੀ ਦੌਰਾਨ ਇਹਨਾਂ ਦੋਵਾਂ ਵਾਰਡਾਂ ਤੋਂ ਸਵਰਗੀ ਰਿਸ਼ਵ ਜੈਨ ਅਤੇ ਜਸਵੀਰ ਸਿੰਘ ਮਣਕੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਪਿਛਲੇ ਸਮੇਂ ਦੌਰਾਨ ਸ੍ਰੀ ਰਿਸ਼ਵ ਜੈਨ ਦੀ ਮੌਤ ਹੋਣ ਤੋਂ ਬਾਅਦ ਇਸ ਵਾਰ ਪਾਰਟੀ ਵਲੋਂ ਉਹਨਾਂ ਦੇ ਪੁੱਤਰ ਗੌਰਵ ਜੈਨ ਨੂੰ ਟਿਕਟ ਦਿੱਤੀ ਗਈ ਹੈ, ਜਦੋਂਕਿ ਸਾਬਕਾ ਕੌਂਸਲਰ ਜਸਵੀਰ ਸਿੰਘ ਮਣਕੂ ਵਲੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਜਾ ਰਹੀ ਹੈ।
ਇਸ ਵਾਰਡ ਵਿੱਚ ਸਵਰਗੀ ਰਿਸ਼ਵ ਜੈਨ ਦਾ ਤਕੜਾ ਆਧਾਰ ਸੀ ਅਤੇ ਦੂਜੇ ਪਾਸੇ ਜਸਵੀਰ ਸਿੰਘ ਮਣਕੂ ਦਾ ਵੀ (ਵਾਰਡ ਦੇ ਆਪਣੇ ਖੇਤਰ ਵਿੱਚ ਪੈਂਦੇ ਹਿੱਸੇ ਵਿੱਚ) ਚੰਗਾ ਆਧਾਰ ਹੈ। ਉਹਨਾਂ ਦੇ ਆਜ਼ਾਦ ਖੜੇ ਹੋਣ ਨਾਲ ਕਾਂਗਰਸੀ ਵਰਕਰਾਂ ਦੀਆਂ ਵੋਟਾਂ ਦੇ ਕੁੱਝ ਹੱਦ ਤਕ ਦੋ ਜਗ੍ਹਾ ਤੇ ਵੰਡੀਆਂ ਜਾਣ ਦੀ ਸੰਭਾਵਨਾ ਹੈ। ਇਸ ਵੇਲੇ ਜਿੱਥੇ ਵੱਡੀ ਗਿਣਤੀ ਕਾਂਗਰਸੀ ਵਰਕਰ ਗੌਰਵ ਜੈਨ ਨਾਲ ਚੱਲ ਰਹੇ ਹਨ ਉੱਥੇ ਕਈ ਵਰਕਰ ਜਸਵੀਰ ਸਿੰਘ ਮਣਕੂ ਦੇ ਨਾਲ ਵੀ ਹਨ।
ਆਮ ਆਦਮੀ ਪਾਰਟੀ ਵੱਲੋਂ ਇਸ ਵਾਰਡ ਤੋਂ ਤਰਨਜੀਤ ਸਿੰਘ (ਪੱਪੂ) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਤਰਨਜੀਤ ਸਿੰਘ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਹਨ ਅਤੇ ਲੋਕਲ ਵਿਧਾਇਕ ਸz. ਕੁਲਵੰਤ ਸਿੰਘ ਦੇ ਨਜ਼ਦੀਕੀ ਸਮਝੇ ਜਾਂਦੇ ਹਨ। ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਉਹਨਾਂ ਦੇ ਚੋਣ ਦਫਤਰ ਦਾ ਉਦਘਾਟਨ ਕਰਦਿਆਂ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਜਾ ਚੁੱਕਿਆ ਹੈ ਅਤੇ ਉਹਨਾਂ ਵਲੋਂ ਆਪਣੇ ਸਾਥੀਆਂ ਨਾਲ ਚੋਣ ਪ੍ਰਚਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਵਾਰਡ ਤੋਂ ਹੀ ਪਿੰਡ ਕੰਬਾਲੀ ਦੇ ਨਿਵਾਸੀ ਕੁਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਿੰਡ ਕੰਬਾਲੀ ਵਿੱਚ ਚੰਗਾ ਵਧੀਆ ਆਧਾਰ ਰੱਖਣ ਵਾਲੇ ਕੁਲਵਿੰਦਰ ਸਿੰਘ ਦਾ ਮੰਨਣਾ ਹੈ ਕਿ ਉਹਨਾਂ ਨੂੰ ਵਾਰਡ ਨੰ. 20 ਦੇ ਫੇਜ਼ 11 ਵਾਲੇ ਹਿੱਸੇ ਵਿੱਚੋਂ ਵੀ ਲੋਕਾਂ ਦਾ ਭਰਵਾਂ ਸਹਿਯੋਗ ਮਿਲੇਗਾ ਅਤੇ ਉਹ ਜਿੱਤ ਪ੍ਰਾਪਤ ਕਰਨਗੇ।
ਭਾਰਤੀ ਜਨਤਾ ਪਾਰਟੀ ਵਲੋਂ ਇੱਥੇ ਮਦਨ ਲਾਲ ਗੋਇਲ ਚੋਣ ਮੈਦਾਨ ਵਿੱਚ ਹਨ ਅਤੇ ਉਹਨਾਂ ਵੱਲੋਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਲੋਕਾਂ ਦਾ ਭਾਰੀ ਸਮਰਥਨ ਮਿਲਣ ਦਾ ਦਾਅਵਾ ਕਰ ਰਹੇ ਹਨ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਹਰਮਨਜੋਤ ਸਿੰਘ ਵੱਲੋਂ ਵੀ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਪੂਰੇ ਵਾਰਡ ਦੇ ਵਿੱਚ ਪੂਰੀ ਗਹਿਮਾ ਗਹਿਮੀ ਦਾ ਮਾਹੌਲ ਹੈ।
ਇਹਨਾਂ ਸਾਰੇ ਉਮੀਦਵਾਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਆਪਣੀ-ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ। ਇਸ ਦੌਰਾਨ ਗੌਰਵ ਜੈਨ ਆਪਣੇ ਪਿਤਾ ਦੀ ਵਿਰਾਸਤ ਨੂੰ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਵਰਗੀ ਰਿਸ਼ਵ ਜੈਨ ਨੇ 30 ਸਾਲ ਇਸ ਇਲਾਕੇ ਦੀ ਸੇਵਾ ਕੀਤੀ ਹੈ ਅਤੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹੋਏ ਮੈਨੂੰ ਵੋਟਾਂ ਪਾ ਕੇ ਜਰੂਰ ਕਾਮਯਾਬ ਕਰਨਗੇ। ਦੂਜੇ ਪਾਸੇ ਜਸਵੀਰ ਸਿੰਘ ਮਣਕੂ ਆਪਣੀ ਸੀਟ ਨੂੰ ਦੁਬਾਰਾ ਹਾਸਲ ਕਰਨ ਵਾਸਤੇ ਯਤਨਸ਼ੀਲ ਹਨ। ਜਸਵੀਰ ਸਿੰਘ ਮਣਕੂ ਇਹ ਕਹਿ ਰਹੇ ਹਨ ਕਿ ਟਿਕਟ ਉਹਨਾਂ ਦੀ ਸੀ ਅਤੇ ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਨਾਲ ਧੱਕਾ ਕੀਤਾ ਗਿਆ ਹੈ। ਆਪ ਉਮੀਦਵਾਰ ਤਰਨਜੀਤ ਸਿੰਘ ਵੱਲੋਂ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਹਨਾਂ ਸਿੰਘ ਦਾ ਕਹਿਣਾ ਹੈ ਕਿ ਵਾਰਡ ਦੇ ਲੋਕ ਉਹਨਾਂ ਨੂੰ ਪਿਆਰ ਦੇ ਰਹੇ ਹਨ ਅਤੇ ਜਿੱਤ ਦਿਵਾਉਣ ਦਾ ਵਾਇਦਾ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਅਤੇ ਭਾਜਪਾ ਉਮੀਦਵਾਰ ਮਦਨ ਲਾਲ ਵੀ ਪੂਰੀ ਤਾਕਤ ਲਗਾ ਰਹੇ ਹਨ। ਇਸ ਦੌਰਾਨ ਆਜਾਦ ਤੌਰ ਤੇ ਚੋਣ ਲੜ ਰਹੇ ਹਰਮਨਜੋਤ ਸਿੰਘ ਵੀ ਆਪਣੀ ਵਧੀਆ ਕਾਰਗੁਜ਼ਾਰੀ ਕਰਨ ਲਈ ਯਤਨਸ਼ੀਲ ਹੈ ਅਤੇ ਵੇਖਣਾ ਇਹ ਹੈ ਕਿ ਵਾਰਡ ਦੇ ਵੋਟਰ ਇਹਨਾਂ ਵਿੱਚੋਂ ਕਿਸਨੂੰ ਕਾਮਯਾਬ ਕਰਦੇ ਹਨ।
Mohali
ਫੇਜ਼ 4 ਦੇ ਵਸਨੀਕ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪਰਿਵਾਰ ਵਾਲਿਆਂ ਨੇ ਪੁਲੀਸ ਥਾਣੇ ਦੇ ਬਾਹਰ ਧਰਨਾ ਦਿੱਤਾ
ਆਪ ਉਮੀਦਵਾਰ ਗੁਰਮੁਖ ਸਿੰਘ ਸੋਹਲ ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਇਲਜਾਮ ਲਗਾਇਆ, ਸੋਹਲ ਨੇ ਦੋਸ਼ ਨਕਾਰੇ
ਐਸ ਏ ਐਸ ਨਗਰ, 22 ਮਈ (ਸ.ਬ.) ਸਥਾਨਕ ਫੇਜ਼ 4 ਦੀ ਕੋਠੀ ਨੰਬਰ 636 ਵਿੱਚ ਰਹਿੰਦੇ ਪਵਨ ਕੁਮਾਰ ਨਾਮ ਦੇ ਇੱਕ ਨੌਜਵਾਨ (ਜੋ ਮੂਲ ਰੂਪ ਤੋਂ ਫਾਜਿਲਕਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ) ਵਲੋਂ ਬੀਤੇ ਦਿਨ ਮੋਰਿੰਡਾ ਨੇੜੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪਵਨ ਕੁਮਾਰ ਦੇ ਪਰਿਵਾਰ ਵਾਲਿਆਂ ਨੇ ਫੇਜ਼ 4 ਤੋਂ ਨਗਰ ਨਿਗਮ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਹਲ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ ਗਿਆ ਹੈ| ਨਗਰ ਨਿਗਮ ਚੋਣਾਂ ਦਾ ਮਾਹੌਲ ਹੋਣ ਕਾਰਨ ਇਹ ਮਾਮਲਾ ਸਿਆਸੀ ਰੂਪ ਧਾਰਨ ਕਰ ਗਿਆ ਹੈ ਅਤੇ ਇਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰਾਂ ਵਲੋਂ ਪਰਿਵਾਰ ਵਲੋਂ ਦਿੱਤੇ ਗਏ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 4 ਦੇ ਮਕਾਨ ਨੰਬਰ 636 ਵਿੱਚ ਫਾਜਿਲਕਾ ਦੇ ਦੌ ਨੌਜਵਾਨ (ਪਵਨ ਕੁਮਾਰ ਅਤੇ ਮਾਧਵ) ਕਿਰਾਏ ਤੇ ਰਹਿੰਦੇ ਹਨ ਅਤੇ ਪਿਛਲੇ ਦਿਨਾਂ ਦੌਰਾਨ ਇਹਨਾਂ ਦੋਵਾਂ ਵਲੋਂ ਘਰ ਦੇ ਨੇੜੇ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਪੜੌਸੀਆਂ ਨਾਲ ਵਿਵਾਦ ਚੱਲ ਰਿਹਾ ਸੀ| ਇਸ ਸੰਬੰਧੀ ਨੌਜਵਾਨ ਮਾਧਵ ਨੇ ਦੱਸਿਆ ਕਿ ਉਹਨਾਂ ਵਲੋਂ ਆਪਣੀਆਂ ਗੱਡੀਆਂ ਮਕਾਨਾਂ ਦੇ ਸਾਮ੍ਹਣੇ ਪੈਂਦੀ ਸਰਕਾਰੀ ਥਾਂ ਤੇ ਖੜ੍ਹੀ ਕੀਤੀ ਜਾਂਦੀ ਹੈ ਪਰੰਤੂ ਨਾਲ ਦੇ ਘਰਾਂ ਵਾਲੇ ਇਹ ਕਹਿ ਕੇ ਇਤਰਾਜ ਕਰਦੇ ਹਨ ਕਿ ਉਹ ਥਾਂ ਉਹਨਾਂ ਦੇ ਘਰ ਸਾਮ੍ਹਣੇ ਪੈਂਦੀ ਹੈ ਅਤੇ ਇੱਥੇ ਗੱਡੀ ਨਾ ਖੜ੍ਹਾਈ ਜਾਵੇ| ਇਸ ਸੰਬੰਧੀ ਕੁੱਝ ਦਿਨ ਪਹਿਲਾਂ ਵੀ ਉਹਨਾਂ ਦੀ ਪੜੌਸੀਆਂ ਨਾਲ ਬਹਿਸ ਹੋਈ ਸੀ|
ਉਸ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਉਹਨਾਂ ਦੀ ਗੱਡੀ ਖੜ੍ਹਾਉਣ ਦੇ ਮਾਮਲੇ ਤੇ ਪੜੌਸੀਆਂ ਦੀ ਬਹਿਸ ਹੋਈ ਜਿਸ ਦੌਰਾਨ ਕੁੱਝ ਨੌਜਵਾਨਾਂ ਵਲੋਂ ਉਹਨਾਂ ਦੋਵਾਂ ਦੀ ਕੁੱਟਮਾਰ ਕੀਤੀ ਗਈ ਅਤੇ ਉੱਥੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਹਲ ਵਲੋਂ ਮੌਕੇ ਤੇ ਪੁਲੀਸ ਬੁਲਾ ਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਉਹਨਾਂ ਨੂੰ ਅੰਦਰ ਕਰਵਾ ਦੇਣਗੇ|
ਉਹਨਾਂ ਦੱਸਿਆ ਕਿ ਅਗਲੇ ਦਿਨ ਥਾਣਾ ਫੇਜ਼ 1 ਦੀ ਪੁਲੀਸ ਵਲੋਂ ਉਹਨਾਂ ਦੋਵਾਂ ਨੂੰ ਥਾਣੇ ਸੱਦ ਲਿਆ ਗਿਆ ਜਿਸ ਦੌਰਾਨ ਉਸਦੇ ਪਿਤਾ ਅਤੇ ਪਿੰਡ ਦੇ ਮੋਹਤਬਾਰ ਵੀ ਥਾਣੇ ਪਹੁੰਚੇ| ਇਸ ਦੌਰਾਨ ਗੁਰਮੁਖ ਸਿੰਘ ਸੋਹਲ ਵਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਜਲੀਲ ਕੀਤਾ ਗਿਆ, ਧਮਕੀਆਂ ਦਿੱਤੀਆਂ ਗਈਆਂ ਅਤੇ ਕੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ| ਉਹਨਾਂ ਨੂੰ ਲਗਭਗ ਚਾਰ ਘੰਟੇ ਤਕ ਥਾਣੇ ਹੀ ਰਹਿਣਾ ਪਿਆ|
ਉਸਨੇ ਦੱਸਿਆ ਕਿ ਇਸਤੋਂ ਬਾਅਦ ਪੁਲੀਸ ਦੇ ਦਬਾਓ ਹੇਠ ਉਹਨਾਂ ਤੋਂ ਸਮਝੌਤਾ ਲਿਖਵਾਇਆ ਗਿਆ ਅਤੇ ਘਰ ਭੇਜ ਦਿੱਤਾ ਗਿਆ| ਉਸਨੇ ਕਿਹਾ ਕਿ ਬਾਅਦ ਵਿੱਚ ਪਵਨ ਘਰ ਤੋਂ ਗੱਡੀ ਲੈ ਕੇ ਚਲਾ ਗਿਆ ਅਤੇ ਦੇਰ ਰਾਤ ਉਸਨੇ ਆਪਣੇ ਪਿਤਾ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਉਹ ਇਸ ਜਲਾਲਤ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ| ਉਸਦੇ ਪਿਤਾ ਉਸ ਵੇਲੇ ਰਾਜਸਥਾਨ ਵਿੱਚ ਸਨ ਅਤੇ ਉੱਥੋਂ ਵਾਪਸ ਆਏ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਵਿੱਚੋਂ ਪਵਨ ਕੁਮਾਰ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਇਸ ਮਾਮਲੇ ਵਿੱਚ ਗੁਰਮੁਖ ਸਿੰਘ ਸੋਹਲ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਰਾਤ ਥਾਣੇ ਪਹੁੰਚ ਕੀਤੀ ਗਈ ਸੀ ਪਰੰਤੂ ਉੱਥੇ ਉਹਨਾਂ ਦੀ ਤਸੱਲੀ ਨਾ ਹੋਣ ਤੇ ਉਹਨਾਂ ਵਲੋਂ ਅੱਜ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ| ਇਸ ਦੌਰਾਨ ਮੁਹਾਲੀ ਦੇ ਡੀ ਐਸ ਪੀ ਸ੍ਰ ਗੁਰਚਰਨ ਸਿੰਘ ਵਲੋਂ ਥਾਣੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ ਪਰੰਤੂ ਪੀੜਿਤ ਪਰਿਵਾਰ ਵਾਲੇ ਇਸ ਮਾਮਲੇ ਵਿੱਚ ਗੁਰਮੁਖ ਸਿੰਘ ਸੋਹਲ ਦੇ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਰਹੇ|
ਇਸ ਸੰਬੰਧੀ ਡੀ ਐਸ ਪੀ ਗੁਰਚਰਨ ਸਿੰਘ ਨੇ ਦੱਸਿਆ ਕਿ ਫੇਜ਼ 4 ਦੇ ਨੌਜਵਾਨ ਪਵਨ ਕੁਮਾਰ ਵਲੋਂ ਬੀਤੇ ਦਿਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਸੀ ਜਿਸਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਹੁਣ ਤਕ ਇਸ ਮਾਮਲੇ ਵਿੱਚ ਆਪ ਉਮੀਦਵਾਰ ਦੀ ਕੋਈ ਸ਼ਮੂਲੀਅਤ ਸਾਮ੍ਹਣੇ ਨਹੀਂ ਆਈ ਹੈ ਅਤੇ ਪੁਲੀਸ ਵਲੋਂ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ|
ਧਮਕੀਆਂ ਦੇਣ ਅਤੇ ਕੁੱਟਮਾਰ ਦੇ ਇਲਜਾਮ ਬੇਬੁਨਿਆਦ : ਗੁਰਮੁਖ ਸਿੰਘ ਸੋਹਲ
ਇਸ ਮਾਮਲੇ ਵਿੱਚ ਸੰਪਰਕ ਕਰਨ ਤੇ ਫੇਜ਼ 4 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸ੍ਰ ਗੁਰਮੁਖ ਸਿੰਘ ਸੋਹਲ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਅਸਲ ਵਿੱਚ ਇਹਨਾਂ ਨੌਜਵਾਨਾਂ ਦੀ 15 ਕੁ ਦਿਨ ਪਹਿਲਾਂ ਮੁਹੱਲੇ ਵਾਲਿਆਂ ਨਾਲ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ ਸੀ ਅਤੇ ਘਟਨਾ ਵਾਲੇ ਦਿਨ ਵੀ ਪਾਰਕਿੰਗ ਨੂੰ ਲੈ ਕੇ ਹੋ ਰਹੀ ਬਹਿਸ ਦੌਰਾਨ ਉਹਨਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲੀਸ ਇਹਨਾਂ ਦੀ ਇੱਕ ਗੱਡੀ ਲੈ ਗਈ ਸੀ| ਉਹਨਾਂ ਕਿਹਾ ਕਿ ਅਗਲੇ ਦਿਨ ਇਹਨਾਂ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਥਾਣੇ ਵਿੱਚ ਲਿਖਤੀ ਤੌਰ ਤੇ ਮਾਫੀ ਮੰਗਦਿਆਂ ਮਾਮਲਾ ਖਤਮ ਕਰ ਦਿੱਤਾ ਸੀ| ਉਹਨਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਤਾਂ ਕਿਸੇ ਨਾਲ ਬਹਿਸ ਵੀ ਨਹੀਂ ਹੋਈ ਸੀ ਅਤੇ ਉਹਨਾਂ ਦੇ ਲਗਾਏ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ|
Mohali
ਨਗਰ ਨਿਗਮ ਚੋਣਾਂ ਦੌਰਾਨ ਜਾਅਲੀ ਵੋਟਿੰਗ ਅਤੇ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਵਿਰੁੱਧ ਸਖ਼ਤ ਚੌਕਸੀ ਅਤੇ ਰੋਕਥਾਮ ਦੀ ਕਾਰਵਾਈ ਦੀ ਲੋੜ : ਪਰਮਜੀਤ ਸਿੰਘ ਕਾਹਲੋਂ
ਡੀ ਸੀ ਅਤੇ ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 22 ਮਈ (ਸ.ਬ.) ਸਮਾਜ ਸੇਵੀ ਆਗੂ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਨੂੰ ਪੱਤਰ ਲਿਖ ਕੇ ਨਗਰ ਨਿਗਮ ਚੋਣਾਂ ਦੌਰਾਨ ਜਾਅਲੀ ਵੋਟਿੰਗ ਅਤੇ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਵਿਰੁੱਧ ਸਖ਼ਤ ਚੌਕਸੀ ਅਤੇ ਰੋਕਥਾਮ ਕਾਰਵਾਈ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਉਹਨਾਂ ਲਿਖਿਆ ਕਿ ਉਨ੍ਹਾਂ ਵੱਲੋਂ ਪਿਛਲੀਆਂ ਨਗਰ ਨਿਗਮ ਚੋਣਾਂ ਵਾਰਡ ਨੰਬਰ 10, ਮੁਹਾਲੀ ਤੋਂ ਲੜੀਆਂ ਸਨ। ਉਕਤ ਚੋਣਾਂ ਦੌਰਾਨ, ਹਲਕੇ ਵਿੱਚ ਜਾਅਲੀ ਵੋਟਿੰਗ ਨਾਲ ਸਬੰਧਤ ਵੱਡੇ ਪੱਧਰ ਤੇ ਬੇਨਿਯਮੀਆਂ ਵੇਖੀਆਂ ਗਈਆਂ ਸਨ ਅਤੇ ਕੁਝ ਵਿਅਕਤੀ ਕਥਿਤ ਤੌਰ ਤੇ ਗੈਰ-ਕਾਨੂੰਨੀ ਵੋਟਿੰਗ ਅਤੇ ਨਕਲ ਕਰਨ ਦੇ ਉਦੇਸ਼ ਲਈ ਜਾਅਲੀ ਅਤੇ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਕਰ ਰਹੇ ਸਨ।
ਉਹਨਾਂ ਲਿਖਿਆ ਹੈ ਕਿ ਪਿਛਲੀਆਂ ਚੋਣਾਂ ਦੌਰਾਨ, ਇੱਕ ਵਿਅਕਤੀ ਨੂੰ ਜਾਅਲੀ ਆਧਾਰ ਕਾਰਡ ਲੈ ਕੇ ਫੜਿਆ ਗਿਆ ਸੀ ਅਤੇ ਇਸ ਮਾਮਲੇ ਸੰਬੰਧੀ ਸ਼ਿਕਾਇਤ ਪੁਲੀਸ ਨੂੰ ਸੌਂਪੀ ਗਈ ਸੀ। ਹਾਲਾਂਕਿ, ਜਾਅਲਸਾਜ਼ੀ, ਨਕਲ ਅਤੇ ਲੋਕਤੰਤਰੀ ਚੋਣ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਨਾਲ ਜੁੜੇ ਅਪਰਾਧ ਦੀ ਗੰਭੀਰਤਾ ਦੇ ਬਾਵਜੂਦ, ਸ਼ਾਮਲ ਵਿਅਕਤੀਆਂ ਵਿਰੁੱਧ ਅੱਜ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਹੁਣ, ਨਗਰ ਨਿਗਮ ਚੋਣਾਂ ਦੁਬਾਰਾ ਹੋਣੀਆਂ ਹਨ ਅਤੇ ਫਿਰ ਵਾਰਡ ਨੰਬਰ 10, ਮੁਹਾਲੀ ਤੋਂ ਚੋਣ ਲੜ ਰਿਹਾ ਹਾਂ। ਪੱਕਾ ਖਦਸ਼ਾ ਹੈ ਕਿ ਉਹੀ ਸਮਾਜ ਵਿਰੋਧੀ ਤੱਤ ਦੁਬਾਰਾ ਜਾਅਲੀ ਆਧਾਰ ਕਾਰਡਾਂ ਦੀ ਦੁਰਵਰਤੋਂ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਢੰਗ ਨਾਲ ਪ੍ਰਭਾਵਿਤ ਕਰਨ ਲਈ ਹਲਕੇ ਵਿੱਚ ਜਾਅਲੀ ਵੋਟਿੰਗ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਉਹਨਾਂ ਮੰਗ ਕੀਤੀ ਹੈ ਕਿ ਵਾਰਡ ਨੰਬਰ 10 ਵਿੱਚ ਤਾਇਨਾਤ ਸਾਰੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਜਾਅਲੀ ਵੋਟਰਾਂ ਅਤੇ ਸ਼ੱਕੀ ਪਛਾਣ ਦਸਤਾਵੇਜ਼ਾਂ ਪ੍ਰਤੀ ਵਿਸ਼ੇਸ਼ ਚੌਕਸੀ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਦਿੱਤੇ ਜਾਣ, ਜਿੱਥੇ ਵੀ ਲੋੜ ਹੋਵੇ ਸ਼ੱਕੀ ਆਧਾਰ ਕਾਰਡਾਂ ਅਤੇ ਵੋਟਰਾਂ ਦੀ ਪਛਾਣ ਦੀ ਸਹੀ ਤਸਦੀਕ ਕੀਤੀ ਜਾਵੇ, ਸੰਵੇਦਨਸ਼ੀਲ ਪੋਲਿੰਗ ਬੂਥਾਂ ਤੇ ਲੋੜੀਂਦੇ ਪੁਲੀਸ ਕਰਮਚਾਰੀ ਅਤੇ ਨਿਗਰਾਨੀ ਟੀਮਾਂ ਤਾਇਨਾਤ ਕੀਤੇ ਜਾਣ, ਨਕਲ, ਜਾਅਲੀ ਦਸਤਾਵੇਜ਼ ਜਾਂ ਗੈਰ-ਕਾਨੂੰਨੀ ਵੋਟਿੰਗ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿਛਲੀਆਂ ਚੋਣਾਂ ਦੌਰਾਨ ਜਾਅਲੀ ਆਧਾਰ ਕਾਰਡ ਲੈ ਕੇ ਫੜੇ ਗਏ ਵਿਅਕਤੀ ਸੰਬੰਧੀ ਉਹਨਾਂ ਦੀ ਪਿਛਲੀ ਸ਼ਿਕਾਇਤ ਤੇ ਵੀ ਢੁਕਵੀਂ ਕਾਰਵਾਈ ਕੀਤੀ ਜਾਵੇ।
Mohali
ਕੁਲਜੀਤ ਸਿੰਘ ਬੇਦੀ ਨੇ ਅਵਾਰਾ ਕੁੱਤਿਆਂ ਦੇ ਮੁੱਦੇ ਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖਿਆ ਪੱਤਰ
ਸਮਗੋਲੀ ਵਿੱਚ ਡੌਗ ਸ਼ੈਲਟਰ ਬਣਾਉਣ ਦੀ ਕੀਤੀ ਮੰਗ
ਐਸ ਏ ਐਸ ਨਗਰ, 22 ਮਈ (ਸ.ਬ.) ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਸ਼ਹਿਰ ਵਿੱਚ ਵੱਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਦਿਆਂ ਸਮਗੋਲੀ ਵਿਖੇ ਨਗਰ ਨਿਗਮ ਦੀ ਜ਼ਮੀਨ ਵਿੱਚ ਡੌਗ ਸ਼ੈਲਟਰ ਬਣਾਉਣ ਦੀ ਮੰਗ ਕੀਤੀ ਹੈ।
ਆਪਣੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਖਾਸ ਕਰਕੇ ਸੀਨੀਅਰ ਸਿਟੀਜ਼ਨ, ਸਵੇਰੇ-ਸ਼ਾਮ ਸੈਰ ਕਰਨ ਵਾਲੇ ਲੋਕ, ਸਕੂਲੀ ਬੱਚੇ ਅਤੇ ਮਹਿਲਾਵਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਹਾਲ ਹੀ ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਸਬੰਧੀ ਦਿੱਤੇ ਗਏ ਆਦੇਸ਼ਾਂ ਵਿੱਚ ਜਨਤਕ ਥਾਵਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾ ਕੇ ਉਨ੍ਹਾਂ ਨੂੰ ਸ਼ੈਲਟਰਾਂ ਵਿੱਚ ਭੇਜਣ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਅਤੇ ਸੁਪਰੀਮ ਕੋਰਟ ਨੇ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੱਸਿਆ ਹੈ।
ਬੇਦੀ ਨੇ ਕਿਹਾ ਕਿ ਸਮਗੋਲੀ ਵਿਖੇ ਨਗਰ ਨਿਗਮ ਦੇ ਕਬਜ਼ੇ ਹੇਠ ਲਗਭਗ 39 ਏਕੜ ਜ਼ਮੀਨ ਪਈ ਹੈ, ਜਿਸ ਵਿੱਚੋਂ ਕੁਝ ਹਿੱਸੇ ਨੂੰ ਡੌਗ ਸ਼ੈਲਟਰ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ ਦੇ ਇੱਕ ਪਾਸੇ ਚਾਰ ਦੀਵਾਰੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਡੰਪਿੰਗ ਗਰਾਊਂਡ ਦਾ ਕੰਮ ਵੀ ਅਜੇ ਤੱਕ ਸ਼ੁਰੂ ਨਹੀਂ ਹੋਇਆ। ਇਸ ਲਈ ਘੱਟ ਖਰਚੇ ਨਾਲ ਉੱਥੇ ਤੁਰੰਤ ਡੌਗ ਸ਼ੈਲਟਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੀ ਜਗ੍ਹਾ ਹੋਣ ਕਾਰਨ ਕੁੱਤਿਆਂ ਨੂੰ ਵੀ ਵਧੀਆ ਮਾਹੌਲ ਮਿਲੇਗਾ ਅਤੇ ਡੌਗ ਲਵਰ ਵੀ ਉੱਥੇ ਜਾ ਕੇ ਉਨ੍ਹਾਂ ਦੀ ਦੇਖ-ਭਾਲ ਕਰ ਸਕਣਗੇ। ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਡਰ ਦਾ ਮਾਹੌਲ ਘੱਟ ਹੋਵੇਗਾ।
ਉਹਨਾਂ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਗਮਾਡਾ ਵੱਲੋਂ ਹੋਰ ਜ਼ਮੀਨ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਇਸ ਜਗ੍ਹਾ ਨੂੰ ਅਸਥਾਈ ਅਤੇ ਤੁਰੰਤ ਹੱਲ ਵਜੋਂ ਵਰਤਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਮੌਕੇ ਦਾ ਮੁਆਇਨਾ ਕਰਵਾ ਕੇ ਨਕਸ਼ਾ ਤਿਆਰ ਕੀਤਾ ਜਾਵੇ ਅਤੇ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ।
-
International1 month agoਆਰਟੇਮਿਸ 2 ਮਿਸ਼ਨ ਦੇ 4 ਪੁਲਾੜ ਯਾਤਰੀ ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਪਰਤੇ
-
Chandigarh1 month agoਪੰਜਾਬ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026’ ਸਰਬਸੰਮਤੀ ਨਾਲ ਪਾਸ
-
International1 month agoਇੰਡੋਨੇਸ਼ੀਆ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 8 ਵਿਅਕਤੀਆਂ ਦੀ ਮੌਤ
-
Mohali1 month agoਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਦਾ ਧਰਨਾ ਜਾਰੀ
-
Chandigarh1 month agoਪੰਜਾਬ ਕੈਬਨਿਟ ਨੇ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਗਾਰ ਕੱਢਣ ਦੀ ਪ੍ਰਵਾਨਗੀ ਦਿੱਤੀ
-
International1 month agoਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ਤੇ ਵਧਾਈ ਦਿੱਤੀ
-
National2 months agoਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਕਾਫਲੇ ਤੇ ਹਮਲਾ, ਗੰਨਮੈਨ ਜ਼ਖ਼ਮੀ
-
Mohali1 month agoਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕੈਂਸਰ ਸਬੰਧੀ ਫਰੀ ਚੈਕਅੱਪ ਟੈਸਟ ਅਤੇ ਮੈਡੀਕਲ ਕੈਂਪ ਦਾ ਆਯੋਜਨ
