Chandigarh
ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਤੋਂ ਮਹਾਰਾਸ਼ਟਰ ਦੀ ਤਰਜ਼ ਤੇ ਪੰਜਾਬ ਲਈ ਕਰਜ਼ਾ ਮੁਆਫ਼ੀ ਦੀ ਮੰਗ
ਪੰਜਾਬ ਸਰਕਾਰ ਦੇ ਫਸਲੀ ਕਰਜ਼ਾ ਹੱਦ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ
ਚੰਡੀਗੜ੍ਹ, 3 ਜੂਨ (ਸ.ਬ.) ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਕੌਮੀ ਪ੍ਰਧਾਨ, ਸਾਬਕਾ ਰਾਜਸਭਾ ਮੈਂਬਰ ਅਤੇ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸz. ਭੁਪਿੰਦਰ ਸਿੰਘ ਮਾਨ, ਬੀਕੇਯੂ (ਮਾਨ) ਦੇ ਮੀਤ ਪ੍ਰਧਾਨ ਸ. ਸੁਖਦੇਵ ਸਿੰਘ ਝੁਨੀਰ ਅਤੇ ਸ. ਸੁਖਵਿੰਦਰ ਸਿੰਘ ਕਾਹਲੋਂ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ. ਬਲਰਾਜ ਸਿੰਘ ਸਰਪੰਚ ਅਤੇ ਹੋਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਕਰੈਡਿਟ ਕਾਰਡ ਸਕੀਮ ਅਧੀਨ ਫਸਲੀ ਕਰਜ਼ਿਆਂ ਦੀ ਹੱਦ ਵਧਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਾਰਾਸ਼ਟਰ ਦੀ ਤਰਜ਼ ਤੇ ਪੰਜਾਬ ਲਈ ਕਰਜ਼ਾ ਮੁਆਫ਼ੀ ਦਿੱਤੀ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਣਕ, ਗੰਨਾ, ਮੱਕੀ, ਕਪਾਹ, ਦਾਲਾਂ, ਬਾਗਬਾਨੀ, ਫੁੱਲਾਂ ਦੀ ਖੇਤੀ, ਹਲਦੀ, ਪਿਆਜ਼, ਆਲੂ, ਗੋਭੀ ਅਤੇ ਹੋਰ ਫਸਲਾਂ ਲਈ ਕਰਜ਼ੇ ਦੀ ਹੱਦ ਵਧਾਉਣਾ ਇੱਕ ਚੰਗਾ ਅਤੇ ਲੋੜੀਂਦਾ ਕਦਮ ਹੈ। ਇਸ ਦੇ ਨਾਲ ਨਾਲ ਸਬਜ਼ੀਆਂ ਦੀਆਂ ਕਈ ਕਿਸਮਾਂ, ਡੇਅਰੀ, ਮੱਛੀ ਪਾਲਣ, ਮਧੂ ਮੱਖੀ ਪਾਲਣ ਅਤੇ ਖੁੰਭਾਂ ਦੀ ਖੇਤੀ ਨੂੰ ਵੀ ਸੰਸਥਾਗਤ ਕਰਜ਼ੇ ਦੇ ਘੇਰੇ ਵਿੱਚ ਲਿਆਉਣਾ ਕਿਸਾਨੀ ਵੰਨ ਸੁਵੰਨਤਾ ਵੱਲ ਇੱਕ ਸਕਾਰਾਤਮਕ ਇਸ਼ਾਰਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਈ ਦਹਾਕਿਆਂ ਤੋਂ ਕਣਕ-ਝੋਨੇ ਦੇ ਚੱਕਰ ਵਿੱਚ ਫਸਿਆ ਹੋਇਆ ਹੈ। ਫਸਲੀ ਵੰਨ-ਸੁਵੰਨਤਾ ਸਿਰਫ਼ ਭਾਸ਼ਣਾਂ ਨਾਲ ਨਹੀਂ ਆ ਸਕਦੀ। ਇਸ ਲਈ ਸਸਤਾ ਕਰਜ਼ਾ, ਪੱਕਾ ਮੰਡੀ ਪ੍ਰਬੰਧ, ਨਿਆਂਯੋਗ ਭਾਅ, ਖਰੀਦ ਦੀ ਗਾਰੰਟੀ, ਪ੍ਰੋਸੈਸਿੰਗ ਅਤੇ ਜੋਖਮ ਤੋਂ ਸੁਰੱਖਿਆ ਲਾਜ਼ਮੀ ਹੈ ਅਤੇ ਪੰਜਾਬ ਸਰਕਾਰ ਦਾ ਇਹ ਫੈਸਲਾ ਉਸ ਦਿਸ਼ਾ ਵਿੱਚ ਇੱਕ ਸ਼ੁਰੂਆਤੀ ਕਦਮ ਹੈ। ਆਗੂਆਂ ਨੇ ਕਿਹਾ ਕਿ ਜੇਕਰ ਬੈਂਕਾਂ ਨੂੰ ਕਿਸਾਨਾਂ ਦੀ ਗਿਰਵੀ ਰੱਖੀ ਜ਼ਮੀਨ ਜਾਂ ਸੰਪਤੀ ਵੇਚਣ ਤੋਂ ਪਹਿਲਾਂ ਹੋਰ ਰਾਹ ਲੱਭਣ ਲਈ ਕਿਹਾ ਗਿਆ ਹੈ, ਤਾਂ ਇਸਦਾ ਵੀ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਅੱਜ ਕਿਸਾਨ ਦੀ ਮੁਸ਼ਕਲ ਸਿਰਫ਼ ਵਿਅਕਤੀਗਤ ਨਹੀਂ ਬਲਕਿ ਨੀਤੀਗਤ ਨਾਕਾਮੀ ਦਾ ਨਤੀਜਾ ਹੈ ਅਤੇ ਕਿਸਾਨ ਨੂੰ ਕਰਜ਼ੇਦਾਰ ਬਣਾ ਕੇ ਉਸ ਦੀ ਬੇਇੱਜ਼ਤੀ ਕਰਨਾ ਜਾਂ ਉਸ ਨੂੰ ਜ਼ਮੀਨ ਤੋਂ ਵਾਂਝਾ ਕਰਨਾ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ ਹੈ।
ਕਿਸਾਨ ਆਗੂਆਂ ਨੇ ਮਹਾਰਾਸ਼ਟਰ ਸਰਕਾਰ ਵੱਲੋਂ 36,585 ਕਰੋੜ ਦੀ ਫਸਲੀ ਕਰਜ਼ਾ ਮੁਆਫ਼ੀ ਨੂੰ ਵੀ ਵੱਡਾ ਅਤੇ ਹੌਸਲੇ ਵਾਲਾ ਕਦਮ ਕਰਾਰ ਦਿੱਤਾ। ਇਸ ਸਕੀਮ ਨਾਲ ਲਗਭਗ 56 ਲੱਖ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਮਹਾਰਾਸ਼ਟਰ ਸਰਕਾਰ ਨੇ 2 ਲੱਖ ਤੱਕ ਦੇ ਫਸਲੀ ਕਰਜ਼ੇ ਮੁਆਫ਼ ਕਰਨ ਅਤੇ ਸਮੇਂ ਸਿਰ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਨੂੰ ਵੀ ਪ੍ਰੋਤਸਾਹਨ ਦੇਣ ਦਾ ਫੈਸਲਾ ਕੀਤਾ ਹੈ। ਇਹ ਇਸ ਗੱਲ ਦੀ ਸਵੀਕ੍ਰਿਤੀ ਹੈ ਕਿ ਦੇਸ਼ ਦੀ ਕਿਸਾਨੀ ਗੰਭੀਰ ਕਰਜ਼ਾ ਸੰਕਟ ਵਿਚੋਂ ਲੰਘ ਰਹੀ ਹੈ। ਸ. ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਜੇ ਮਹਾਰਾਸ਼ਟਰ ਦੇ ਕਿਸਾਨਾਂ ਲਈ 36,585 ਕਰੋੜ ਦੀ ਕਰਜ਼ਾ ਮੁਆਫ਼ੀ ਹੋ ਸਕਦੀ ਹੈ, ਤਾਂ ਪੰਜਾਬ ਦੇ ਕਿਸਾਨਾਂ ਲਈ ਵੀ ਇਸ ਤੋਂ ਘੱਟ ਮੰਗ ਨਹੀਂ ਹੋ ਸਕਦੀ। ਪੰਜਾਬ ਦਾ ਮਾਮਲਾ ਹੋਰ ਵੀ ਮਜ਼ਬੂਤ ਹੈ, ਕਿਉਂਕਿ ਪੰਜਾਬ ਨੇ ਆਪਣੀ ਮਰਜ਼ੀ ਨਾਲ ਆਪਣੀ ਧਰਤੀ, ਪਾਣੀ ਅਤੇ ਮਿੱਟੀ ਨੂੰ ਖਾਲੀ ਨਹੀਂ ਕੀਤਾ। ਪੰਜਾਬ ਨੂੰ ਦੇਸ਼ ਦੀ ਅਨਾਜ ਸੁਰੱਖਿਆ ਲਈ ਕਣਕ-ਝੋਨੇ ਦੇ ਚੱਕਰ ਵਿੱਚ ਧੱਕਿਆ ਗਿਆ। ਪੰਜਾਬ ਨੇ ਦੇਸ਼ ਦੇ ਭੰਡਾਰ ਭਰੇ, ਪਰ ਇਸ ਦੀ ਕੀਮਤ ਕਿਸਾਨ ਨੇ ਕਰਜ਼ੇ, ਡਿੱਗਦੇ ਪਾਣੀ, ਮਹਿੰਗੇ ਖਰਚੇ ਅਤੇ ਖਰਾਬ ਹੋ ਰਹੀ ਮਿੱਟੀ ਦੇ ਰੂਪ ਵਿੱਚ ਚੁਕਾਈ।
ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਨੂੰ ਪਰਾਲੀ, ਪਾਣੀ ਅਤੇ ਪ੍ਰਦੂਸ਼ਣ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਫਸਲੀ ਢਾਂਚਾ ਕੇਂਦਰੀ ਖਰੀਦ ਨੀਤੀ, ਐਮ ਐਸ ਪੀ, ਖਾਦ ਨੀਤੀ, ਆਯਾਤ-ਨਿਰਯਾਤ ਨੀਤੀ ਅਤੇ ਰਾਸ਼ਟਰੀ ਭੋਜਨ ਸੁਰੱਖਿਆ ਦੀ ਲੋੜ ਕਾਰਨ ਬਣਿਆ। ਇਸ ਲਈ ਪੰਜਾਬ ਦੀ ਕਰਜ਼ਾ ਮੁਆਫ਼ੀ ਦਾ ਭਾਰ ਇਕੱਲੀ ਪੰਜਾਬ ਸਰਕਾਰ ਤੇ ਨਹੀਂ ਪਾਇਆ ਜਾ ਸਕਦਾ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਲਈ ਵਿਸ਼ੇਸ਼ ਖੇਤੀ ਕਰਜ਼ਾ ਰਾਹਤ ਪੈਕੇਜ ਦਾ ਐਲਾਨ ਕਰੇ।
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਵਿਸਥਾਰਪੂਰਵਕ ਮੈਮੋਰੈਂਡਮ ਭੇਜੇ। ਕਰਜ਼ਾ ਮੁਆਫ਼ੀ ਵਿੱਚ ਡਿਫਾਲਟਰ ਕਿਸਾਨਾਂ ਦੇ ਨਾਲ ਉਹ ਕਿਸਾਨ ਵੀ ਸ਼ਾਮਲ ਕੀਤੇ ਜਾਣ ਜੋ ਮੁਸ਼ਕਲਾਂ ਦੇ ਬਾਵਜੂਦ ਸਮੇਂ ਸਿਰ ਕਰਜ਼ਾ ਵਾਪਸ ਕਰਦੇ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਕੋਈ ਖੈਰਾਤ ਨਹੀਂ ਮੰਗ ਰਿਹਾ। ਪੰਜਾਬ ਆਪਣੇ ਹੱਕ ਦੀ ਮੰਗ ਕਰ ਰਿਹਾ ਹੈ। ਜਿਸ ਕਿਸਾਨ ਨੇ ਦੇਸ਼ ਨੂੰ ਅਨਾਜ ਦਿੱਤਾ, ਉਸ ਨੂੰ ਕਰਜ਼ੇ, ਬੇਇੱਜ਼ਤੀ ਅਤੇ ਬੇਬਸੀ ਵਿੱਚ ਛੱਡਣਾ ਰਾਸ਼ਟਰੀ ਨਿਆਂ ਦੇ ਖ਼ਿਲਾਫ਼ ਹੈ।
Chandigarh
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ 50 ਫੀਸਦੀ ਮਹਿੰਗਾਈ ਭੱਤਾ
ਮੁੱਖ ਮੰਤਰੀ ਅਤੇ ਮੁਲਾਜ਼ਮ ਧਿਰਾਂ ਵਿੱਚ ਬਣੀ ਸਹਿਮਤੀ
ਚੰਡੀਗੜ੍ਹ, 18 ਸਤੰਬਰ (ਸ.ਬ.) ਪੰਜਾਬ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਪੰਜਾਹ ਫ਼ੀਸਦੀ ਡੀ ਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਸਤੰਬਰ ਦੀ ਤਨਖ਼ਾਹ ਦਾ ਡੀਏ ਅਕਤੂਬਰ ਦੀ ਤਨਖਾਹ ਨਾਲ ਦੋ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਅੱਜ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਅਤੇ ਸਾਂਝੀ ਤਾਲਮੇਲ ਕਮੇਟੀ ਵਿਚਾਲੇ ਮਹਿੰਗਾਈ ਭੱਤੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਮੀਟਿੰਗ ਵਿੱਚ ਹੋਏ ਫ਼ੈਸਲਿਆਂ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸਾਂਝੀ ਤਾਲਮੇਲ ਕਮੇਟੀ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕਰਕੇ ਜਾਣੂ ਕਰਾਇਆ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਅਕਤੂਬਰ ਤੋਂ 50 ਫ਼ੀਸਦੀ ਮਹਿੰਗਾਈ ਭੱਤਾ ਦੇਵੇਗੀ। ਨਵੇਂ ਫ਼ੈਸਲੇ ਨਾਲ ਹੁਣ ਡੀ ਏ 42 ਫ਼ੀਸਦੀ ਤੋਂ ਵੱਧ ਕੇ 50 ਫ਼ੀਸਦੀ ਹੋ ਗਿਆ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ 60 ਫ਼ੀਸਦੀ ਡੀ ਏ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਮੀਟਿੰਗ ਵਿੱਚ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਸਾਂਝੀ ਮੀਟਿੰਗ ਵਿੱਚ ਮੁਲਾਜ਼ਮਾਂ ਆਗੂਆਂ ਨੇ ਬਾਕੀ ਮੰਗਾਂ ਬਾਰੇ ਵੀ ਆਪਣਾ ਪੱਖ ਰੱਖਿਆ ਜਿਨ੍ਹਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਡੀ ਏ ਵਿੱਚ ਅੱਠ ਫ਼ੀਸਦੀ ਵਾਧੇ ਨਾਲ ਪੰਜਾਬ ਸਰਕਾਰ ਤੇ ਕਰੀਬ 250 ਕਰੋੜ ਦਾ ਵਿੱਤੀ ਬੋਝ ਪਵੇਗਾ। ਮੁੱਖ ਮੰਤਰੀ ਵੱਲੋਂ ਬਾਕੀ ਮੁਲਾਜ਼ਮਾਂ ਮੰਗਾਂ ਬਾਰੇ ਮੀਟਿੰਗ ਦੋ ਹਫ਼ਤੇ ਬਾਅਦ ਕੀਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਵਿੱਚ ਸਹਿਮਤੀ ਬਣਨ ਮਗਰੋਂ ਪੰਜਾਬ ਵਿੱਚ ਕਰੀਬ ਤਿੰਨ ਹਫ਼ਤੇ ਤੋਂ ਚੱਲ ਰਹੇ ਮੁਲਾਜ਼ਮ ਸੰਘਰਸ਼ ਦਾ ਅੰਤ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਵਿੱਚ ਆਪਣੀ ਵਿੱਤੀ ਮਜਬੂਰੀ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਨੂੰ ਅੱਠ ਫ਼ੀਸਦੀ ਡੀ ਏ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਦੇਣ ਦਾ ਐਲਾਨ ਕੀਤਾ। ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੁਕੰਮਲ ਹੱਕਾਂ ਮੰਗਾਂ ਮੰਨਣ ਤੇ ਜ਼ੋਰ ਪਾਇਆ। ਸਾਂਝੀ ਤਾਲਮੇਲ ਕਮੇਟੀ ਦੇ ਮੁੱਖ ਕਨਵੀਨਰ ਗੁਰਨਾਮ ਸਿੰਘ ਵਿਰਕ ਅਤੇ ਮੈਂਬਰ ਸਤੀਸ਼ ਰਾਣਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਕਿਹਾ ਕਿ ਅੱਜ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਜਿਸ ਵਿੱਚ ਮੁੱਖ ਮੰਤਰੀ ਨੇ ਚਾਰ ਚਾਰ ਫ਼ੀਸਦੀ ਦੋ ਕਿਸ਼ਤਾਂ ਵਿੱਚ ਡੀ ਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਡੀ ਏ ਦਾ ਮਾਮਲਾ ਹਾਈ ਕੋਰਟ ਵਿੱਚ 21 ਅਗਸਤ ਨੂੰ ਸੁਣਵਾਈ ਅਧੀਨ ਹੈ ਅਤੇ ਉਨ੍ਹਾਂ ਨੂੰ ਅਦਾਲਤ ਤੇ ਪੂਰਨ ਭਰੋਸਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦੂਜੇ ਗੇੜ ਦੀ ਮੀਟਿੰਗ ਅਕਤੂਬਰ ਦੇ ਪਹਿਲੇ ਹਫ਼ਤੇ ਕੀਤੀ ਜਾਵੇਗੀ ਜਿਸ ਵਿੱਚ ਬਾਕੀ ਮੰਗਾਂ ਬਾਰੇ ਫ਼ੈਸਲਾ ਲਿਆ ਜਾਵੇਗਾ। ਜੋ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਹਨ, ਉਹ ਅਗਲੀ ਮੀਟਿੰਗ ਵਿੱਚ ਵਿਚਾਰੀਆਂ ਜਾਣਗੀਆਂ।
ਆਗੂਆਂ ਨੇ ਦੱਸਿਆ ਕਿ ਅੱਜ ਮੀਟਿੰਗ ਵਿੱਚ ਤਿੰਨ ਸਾਲ ਦੇ ਪਰਖ ਕਾਲ ਦੌਰਾਨ ਪੂਰੀ ਤਨਖ਼ਾਹ ਤੇ ਭੱਤੇ ਦੇਣ ਦੀ ਮੰਗ ਰੱਖੀ ਗਈ। ਮਾਣ ਭੱਤਾ ਲੈਣ ਵਾਲੇ ਮੁਲਾਜ਼ਮਾਂ ਦੀ ਮੰਗ ਉਠਾਈ ਗਈ ਅਤੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਖ਼ੁਦ ਸਰਕਾਰ ਵੱਲੋਂ 2022 ਵਿੱਚ ਜਾਰੀ ਕੀਤੇ ਪੱਤਰ ਦਾ ਚੇਤਾ ਕਰਾਇਆ ਗਿਆ। ਆਮਦਨ ਕਰ ਤੇ ਪੰਜਾਬ ਸਰਕਾਰ ਵੱਲੋਂ 200 ਰੁਪਏ ਦੇ ਲਗਾਏ ਟੈਕਸ ਦੀ ਵਾਪਸੀ ਦੀ ਮੰਗ ਕੀਤੀ ਗਈ। ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਲੈਣ ਦਾ ਮੁੱਦਾ ਵੀ ਚੁੱਕਿਆ ਗਿਆ।
Chandigarh
ਦੁਖ ਦਾ ਪ੍ਰਗਟਾਵਾ
ਚੰਡੀਗੜ੍ਹ, 18 ਸਤੰਬਰ (ਸ.ਬ.) ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਸz. ਗੁਰਦੇਵ ਸਿੰਘ ਬਰਾੜ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸz. ਬਰਾੜ ਸਿੱਖ ਐਜੁਕੇਸਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਬਰਾੜ ਪੰਥ ਦਰਦੀ ਅਤੇ ਪੰਥ ਪ੍ਰਸਤ ਆਗੂ ਸਨ ਜਿਹਨਾਂ ਦੇ ਅਕਾਲ ਚਲਾਣੇ ਨਾਲ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਬਰਾੜ ਅੰਮ੍ਰਿਤਸਰ ਸਾਹਿਬ ਜ਼ਿਲੇ ਦੇ ਡੀ ਸੀ ਸਨ ਅਤੇ ਜਦੋਂ ਉਹਨਾਂ ਤੋਂ ਮਨਜ਼ੂਰੀ ਮੰਗੀ ਤਾਂ ਸz. ਬਰਾੜ ਨੇ ਸਪੱਸ਼ਟ ਕਿਹਾ ਸੀ ਕਿ ਉਹ ਆਪਣੇ ਗੁਰੂ ਦੇ ਘਰ ਉੱਤੇ ਹਮਲੇ ਦੀ ਲਈ ਸਹਿਮਤੀ ਨਹੀਂ ਦੇਣਗੇ ਅਤੇ ਇਸ ਦਲੇਰੀ ਕਾਰਨ ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
Chandigarh
ਪੰਜਾਬ ਸਰਕਾਰ ਵੱਲੋਂ ਤਿੰਨ ਸੀਨੀਅਰ ਆਈ ਏ ਐਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 17 ਸਤੰਬਰ (ਸ.ਬ.) ਪੰਜਾਬ ਸਰਕਾਰ ਵੱਲੋਂ ਤਿੰਨ ਸੀਨੀਅਰ ਆਈ ਏ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਹੁਣ ਵਧੀਕ ਮੁੱਖ ਸਕੱਤਰ ਵਜੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਟਰਾਂਸਪੋਰਟ ਵਿਭਾਗ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਅਨੁਰਾਗ ਵਰਮਾ ਦੀ ਥਾਂ ਤੇ ਹੁਣ ਜਸਪ੍ਰੀਤ ਤਲਵਾੜ ਨੂੰ ਵਿੱਤ ਕਮਿਸ਼ਨਰ (ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ) ਲਾਇਆ ਗਿਆ ਹੈ। ਉਨ੍ਹਾਂ ਨੂੰ ਖਣਨ ਤੇ ਭੂ ਵਿਗਿਆਨ ਵਿਭਾਗ ਅਤੇ ਨਿਆਂ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਰਸ਼ਦੀਪ ਸਿੰਘ ਥਿੰਦ ਨੂੰ ਹੁਣ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਹੋਣਗੇ ਅਤੇ ਉਨ੍ਹਾਂ ਨੂੰ ਯੋਜਨਾ ਵਿਭਾਗ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਟਰਾਂਸਪੋਰਟ ਵਿਭਾਗ ਵਿੱਚੋਂ ਬਦਲੇ ਵਰੁਣ ਰੂਜ਼ਮ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਬੰਧਕੀ ਸਕੱਤਰ ਵਜੋਂ ਕੰਮ ਕਰਦੇ ਰਹਿਣਗੇ। ਇਹ ਤਬਾਦੇਲ ਤੁੰਰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
-
International1 month agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial2 months agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
International1 month agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
International2 months agoਸਪੇਨ ਵਿੱਚ ਜਬਰਦਸਤੀ ਦਾਖਿਲ ਹੋਏ ਹਜ਼ਾਰਾਂ ਪ੍ਰਵਾਸੀ, ਕਈ ਵਿਅਕਤੀਆਂ ਦੀ ਮੌਤ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
National1 month ago
ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੁਲਤਵੀ
