Connect with us

Mohali

ਮੁਹਾਲੀ ਵਾਸੀਆਂ ਲਈ ਵੱਡੀ ਸਮੱਸਿਆ ਬਣ ਗਏ ਹਨ ਦਰਖਤਾਂ ਤੋਂ ਡਿੱਗਦੇ ਬਲਮ ਖੀਰੇ

Published

on

ਐਸ ਏ ਐਸ ਨਗਰ, 10 ਜੂਨ (ਸ.ਬ.) ਚੰਡੀਗੜ੍ਹ ਦੀ ਤਰਜ਼ ਤੇ ਵਸਾਏ ਗਏ ਸ਼ਹਿਰ ਮੁਹਾਲੀ ਦੇ ਵਸਨੀਕਾਂ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਲੱਗੇ ਬੱਲਮਖੀਰੇ ਦੇ ਦਰਖਤਾਂ ਤੋਂ ਡਿੱਗਦੇ ਬੱਲਮ ਖੀਰਿਆਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਦਰਖਤਾਂ ਤੋਂ ਡਿੱਗਦੇ ਭਾਰੀ ਭਰਕਮ ਬਲਮ ਖੀਰੇ ਵੱਡੀ ਸਮੱਸਿਆ ਬਣ ਗਏ ਹਨ।

ਮੁਹਾਲੀ ਸ਼ਹਿਰ ਦੇ ਮੁੱਖ ਰਸਤਿਆਂ ਖਾਸ ਕਰਕੇ ਫੇਜ਼ 3 ਤੋਂ ਫੇਜ਼ 11 ਤੱਕ ਅਤੇ ਦਾਰਾ ਸਟੂਡੀਓ ਫੇਜ਼ 1 ਤੋਂ ਯਾਦਵਿੰਦਰ ਪਬਲਿਕ ਸਕੂਲ ਤੱਕ ਬਲਮ ਖੀਰਿਆਂ ਦੇ 500 ਤੋਂ ਵਧੇਰੇ ਦਰਖਤ ਲੱਗੇ ਹੋਏ ਹਨ, ਜਿਹਨਾਂ ਤੇ ਇਸ ਸਮੇਂ ਭਾਰੀ ਭਰਕਮ ਬਲਮ ਖੀਰੇ ਲਮਕ ਰਹੇ ਹਨ। ਇਹਨਾਂ ਬਲਮ ਖੀਰਿਆਂ ਦਾ ਭਾਰ ਦੋ ਕਿਲੋਂ ਤੋਂ ਲੈ ਕੇ 7-8 ਕਿਲੋ ਤੱਕ ਹੁੰਦਾ ਹੈ ਅਤੇ ਅਚਾਨਕ ਹੀ ਟੁੱਟ ਕੇ ਹੇਠਾਂ ਡਿੱਗ ਪੈਂਦੇ ਹਨ , ਜਿਸ ਕਾਰਨ ਦਰਖਤਾਂ ਹੇਠਾਂ ਜਾ ਰਹੇ ਸਾਈਕਲ ਸਵਾਰਾਂ, ਦੋ ਪਹੀਆਂ ਵਾਹਨਾਂ ਚਾਲਕਾਂ ਅਤੇ ਪੈਦਲ ਜਾ ਰਹੇ ਰਾਹਗੀਰਾਂ ਲਈ ਜਾਨਲੇਵਾ ਖਤਰਾ ਖੜਾ ਹੋ ਜਾਂਦਾ ਹੈ।

ਦਰਖਤਾਂ ਤੋਂ ਟੁੱਟ ਕੇ ਹੇਠਾਂ ਡਿੱਗਣ ਵਾਲੇ ਭਾਰੀ ਬਲਮ ਖੀਰਿਆਂ ਦੇ ਵੱਜਣ ਕਾਰਨ ਹੁਣ ਤਕ ਅਨੇਕਾਂ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਹ ਬਲਮ ਖੀਰੇ ਅਨੇਕਾਂ ਵਾਰ ਵਾਹਨਾਂ ਤੇ ਡਿੱਗ ਕੇ ਵਾਹਨਾਂ ਦੇ ਸ਼ੀਸ਼ੇ ਵੀ ਤੋੜ ਚੁੱਕੇ ਹਨ ਅਤੇ ਵਾਹਨਾਂ ਵਿੱਚ ਚਿੱਬ ਵੀ ਪਾ ਚੁੱਕੇ ਹਨ।

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦਰਖਤਾਂ ਤੋਂ ਟੁੱਟ ਕੇ ਸੜਕਾਂ ਤੇ ਡਿੱਗੇ ਬਲਮ ਖੀਰਿਆਂ ਨੂੰ ਪ੍ਰਸ਼ਾਸਨ ਵੱਲੋਂ ਚੁਕਵਾਇਆ ਨਹੀਂ ਜਾਂਦਾ, ਜਿਸ ਕਾਰਨ ਸੜਕਾਂ ਤੇ ਪਏ ਇਹ ਬਲਮ ਖੀਰੇ ਵਾਹਨਾਂ ਦੇ ਹਾਦਸਿਆਂ ਦਾ ਕਾਰਨ ਵੀ ਬਣ ਗਏ ਹਨ। ਜਦੋਂ ਕਿਸੇ ਦੋ ਪਹੀਆ ਵਾਹਨ ਦਾ ਟਾਇਰ ਇਹਨਾਂ ਬਲਮ ਖੀਰਿਆਂ ਤੇ ਆ ਜਾਂਦਾ ਹੈ ਤਾਂ ਵਾਹਨ ਸਲਿਪ ਕਰ ਜਾਂਦਾ ਹੈ ਅਤੇ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਦੋ ਪਹੀਆ ਵਾਹਨ ਚਾਲਕ ਅਕਸਰ ਡਿੱਗ ਪੈਂਦੇ ਹਨ ਅਤੇ ਉਹਨਾਂ ਦੇ ਸੱਟਾਂ ਵਜਦੀਆਂ ਹਨ।

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਬਲਮ ਖੀਰਿਆਂ ਤੋਂ ਫਲ ਤੁੜਵਾਉਣ ਦੀ ਜ਼ਿੰਮੇਵਾਰੀ ਗਮਾਡਾ ਦੀ ਸੀ ਅਤੇ ਜਦੋਂ ਸ਼ਹਿਰ ਦੇ ਵਸਨੀਕ ਗਮਾਡਾ ਕੋਲ ਇਹਨਾਂ ਬਲਮ ਖੀਰਿਆਂ ਦੀ ਸ਼ਿਕਾਇਤਾਂ ਕਰਦੇ ਸਨ ਤਾਂ ਗਮਾਡਾ ਦੀ ਟੀਮ ਵੱਲੋਂ ਸ਼ਹਿਰ ਵਿਚੋਂ ਦਰਖਤਾਂ ਤੋਂ ਬਲਮ ਖੀਰੇ ਤੋੜ ਦਿਤੇ ਜਾਂਦੇ ਸਨ ਪਰ ਹੁਣ ਇਹ ਜ਼ਿੰਮੇਵਾਰੀ ਨਗਰ ਨਿਗਮ ਮੁਹਾਲੀ ਕੋਲ ਆ ਗਈ ਹੈ। ਸ਼ਹਿਰ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਮੁਹਾਲੀ ਕੋਲ ਅਨੇਕਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਿਗਮ ਵੱਲੋਂ ਬੱਲਮ ਖੀਰੇ ਤੁੜਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਦਰਖਤਾਂ ਨਾਲ ਲੱਗਦੇ ਬਲਮੱ ਖੀਰਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਹ ਬਲਮ ਖੀਰੇ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ।

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਇਹਨਾਂ ਬਲੱਮ ਖੀਰਿਆਂ ਨੂੰ ਨਹੀਂ ਤੁੜਵਾ ਸਕਦਾ ਤਾਂ ਇਹਨਾਂ ਬਲਮ ਖੀਰਿਆਂ ਦੇ ਦਰਖਤਾਂ ਨੂੰ ਕਟਵਾ ਕੇ ਨਵੇਂ ਦਰਖਤ ਲਗਾ ਦੇਣੇ ਚਾਹੀਦੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਲੱਗੇ ਦਰਖਤਾਂ ਨੂੰ ਲੱਗੇ ਬਲਮ ਖੀਰੇ ਤੁੜਵਾਏ ਜਾਣ ਤਾਂ ਕਿ ਇਹਨਾਂ ਫਲਾਂ ਨਾਲ ਕੋਈ ਹਾਦਸਾ ਨਾ ਵਾਪਰ ਸਕੇ।

Continue Reading

Mohali

ਪਿੰਡ ਜਗਤਪੁਰਾ ਵਿਖੇ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਭਲਕੇ, ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮਿਲਣਗੀਆਂ

Published

on

By

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪਿੰਡ ਜਗਤਪੁਰਾ ਵਿਖੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ 10 ਅਕਤੂਬਰ ਨੂੰ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਗੁਰਦੁਆਰਾ ਸਿੰਘ ਸਭਾ, ਪਿੰਡ ਜਗਤਪੁਰਾ, ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਮਰੀਜਾਂ ਦੀ ਜਾਂਚ ਕਰਣਗੇ ਅਤੇ ਮੁਫ਼ਤ ਦਵਾਈਆਂ ਵੀ ਦੇਣਗੇ।

ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਚਮੜੀ ਰੋਗਾਂ, ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਵੀ ਉਪਲਬਧ ਹੋਵੇਗੀ।

Continue Reading

Mohali

ਮੁਹਾਲੀ ਪੁਲੀਸ ਵਲੋਂ ਤਿੰਨ ਵਾਹਨ ਚੋਰ ਕਾਬੂ

Published

on

By

ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਨੇ 3 ਚੋਰਾਂ ਨੂੰ ਕਾਬੂ ਕਰਕੇ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਚੋਰਾਂ ਨੂੰ ਐਸ. ਐਸ. ਪੀ ਵਰੁਣ ਸ਼ਰਮਾ ਦੀਆਂ ਹਿਦਾਇਤਾਂ ਦੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆਜ ਹੈ।

ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਜਿਸ ਦੌਰਾਨ ਥਾਣਾ ਫੇਜ਼ 11 ਦੇ ਮੁੱਖ ਅਫਸਰ ਇੰਸਪੈਕਟਰ ਅਮਨ ਅਤੇ ਉਹਨਾਂ ਦੀ ਟੀਮ ਵਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਫੇਜ਼-11 ਮੁਹਾਲੀ ਵਿੱਚ 3 ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਵਾਸੀ ਪਿੰਡ ਕੰਬਾਲਾ ਨੇੜੇ ਰਵੀਦਾਸ ਧਰਮਸ਼ਾਲਾ ਜਿਲ੍ਹਾ ਐਸ.ਏ.ਐਸ ਨਗਰ, ਹਰਵਿੰਦਰ ਸਿੰਘ ਉਰਫ ਹਨੀ ਫੇਜ਼ 11 ਮੁਹਾਲੀ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਗੰਭੀਰਪੁਰ, ਥਾਣਾ ਆਨੰਦਪੁਰ ਸਾਹਿਬ ਜਿਲ੍ਹਾ ਰੋਪੜ ਵਜੋਂ ਹੋਈ ਹੈ।

ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਚੋਰਾਂ ਪਾਸੋਂ ਕੁੱਲ 6 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਫੇਜ 11 ਮੁਹਾਲੀ ਵਿਖੇ ਬੀ ਐਨ ਐਸ ਦੀ ਧਾਰਾ 303(2),317(2) ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਤਿੰਨਾਂ ਚੋਰਾਂ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਚੋਰੀ ਆਦਿ ਦੇ ਕਈ ਮੁਕੱਦਮੇ ਦਰਜ ਹਨ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂਸ਼ਾਮ ਤੇ ਸਾਲਾਸਰ ਲਈ ਬੱਸ ਰਵਾਨਾ

Published

on

By

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਟੂਸ਼ਾਮ ਅਤੇ ਸਾਲਾਸਰ ਦੇ ਦਰਸ਼ਨਾਂ ਦੇ ਲਈ ਆਂਸਲ, ਸੈਕਟਰ -114, ਮੁਹਾਲੀ ਤੋਂ ਸੀਨੀਅਰ ਸਿਟੀਜਨ ਸ਼ਰਧਾਲੂਆਂ ਦਾ ਨਾਲ ਭਰੀ ਬਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਤੀਰਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇੱਕ ਬਸ ਤੋਂ ਸ਼ੁਰੂ ਹੋਈ ਯਾਤਰਾ ਤਹਿਤ ਹੁਣ ਰੋਜਾਨਾਂ ਕਈ ਬਸਾਂ ਰਵਾਨਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ ਜਾਣ, ਰਹਿਣ-ਸਹਿਣ ਅਤੇ ਖਾਣ- ਪੀਣ ਸਮੇਤ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਹਨ।

ਉਹਨਾਂ ਕਿਹਾ ਕਿ ਪਹਿਲਾਂ ਇਸ ਯੋਜਨਾ ਦੇ ਤਹਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਿਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਹੋ ਰਹੀਆਂ ਸਨ ਅਤੇ ਹੁਣ ਨਾਲ ਹੀ ਖਾਟੂਸ਼ਾਮ, ਸਾਲਾਸਰ, ਵਰਿੰਦਾਵਨ, ਹਰਿਦੁਆਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਵੀ ਬਸ ਰਵਾਨਾ ਹੋ ਰਹੀਆਂ ਹਨ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਖੁਸ਼ਵੀਰ ਕੌਰ, ਸੁਖਵਿੰਦਰ ਕੌਰ ਭੁੱਲਰ, ਤਰਲੋਚਨ ਸਿੰਘ ਤੋਚੀ ਬਲਾਕ ਪ੍ਰਧਾਨ , ਦਲਜੀਤ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ , ਪਾਲ ਸਿੰਘ ਰੱਤੂ ਸਾਬਕਾ ਮੀਤ ਪ੍ਰਧਾਨ , ਖੁਸ਼ਵੀਰ ਕੌਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਬਲਜੀਤ ਸਿੰਘ ਹੈਪੀ, ਪ੍ਰਗਟ ਸਿੰਘ ਰਾਏਪੁਰ ਕਲਾਂ, ਗਗਨ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਰਹੇ।

Continue Reading

Latest News

Trending