Mohali
ਏ. ਡੀ. ਸੀ. ਵੱਲੋਂ ਦੋ ਟ੍ਰੈਵਲ ਏਜੰਟਾਂ ਦੇ ਲਾਈਸੰਸ ਰੱਦ
ਸਟ੍ਰੈਟੇਜਿਕ ਇਮੀਗ੍ਰੇਸ਼ਨ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਅਤੇ ਕਲੀਅਰ ਪਾਥ ਕਨਸਲਟੈਂਸੀ ਦੇ ਖਿਲਾਫ ਹੋਈ ਕਾਰਵਾਈ
ਐਸ ਏ ਐਸ ਨਗਰ, 11 ਜੂਨ (ਸ.ਬ.) ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਤਹਿਤ ਕਾਰਵਾਈ ਕਰਦਿਆਂ ਦੋ ਟ੍ਰੈਵਲ ਏਜੰਟ ਫਰਮਾਂ ਦੇ ਲਾਈਸੰਸ ਰੱਦ ਕਰ ਦਿੱਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਦੱਸਿਆ ਕਿ ਪਹਿਲੀ ਫਰਮ ਸਟ੍ਰੈਟੇਜਿਕ ਇਮੀਗ੍ਰੇਸ਼ਨ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਫਰਮ ਐਸ. ਸੀ. ਓ. ਨੰ: 68 ਦੂਜੀ ਤੇ ਤੀਜੀ ਮੰਜ਼ਿਲ ਫੇਜ਼-3ਬੀ2 ਮੁਹਾਲੀ ਵਿਖੇ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੰਸ ਨੰ:592 ਮਿਤੀ 23.08.2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 22.08.2028 ਤੱਕ ਹੈ।
ਏ.ਡੀ.ਸੀ. ਨੇ ਦੱਸਿਆ ਕਿ ਫਰਮ ਦੇ ਤਿੰਨ ਮਾਲਕਾਂ ਸੁਖਪ੍ਰੀਤ ਸਿੰਘ, ਕੰਵਲਜੀਤ ਸਿੰਘ ਅਤੇ ਹਰਪੁਨੀਤ ਸਿੰਘ ਧਾਲੀਵਾਲ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਕਿ ਫਰਮ ਜਨਵਰੀ 2025 ਵਿੱਚ ਦਫ਼ਤਰ ਖਾਲੀ ਕਰ ਚੁੱਕੀ ਹੈ ਅਤੇ ਇਹ ਜਗ੍ਹਾ ਕਿਸੇ ਹੋਰ ਨੂੰ ਕਿਰਾਏ ਤੇ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਮ ਦੇ ਡਾਇਰੈਕਟਰਾਂ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ ਸੀ, ਪਰੰਤੂ ਉਨ੍ਹਾਂ ਵੱਲੋਂ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਤਹਿਤ ਸਟ੍ਰੈਟੇਜਿਕ ਇਮੀਗ੍ਰੇਸ਼ਨ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਡ ਫਰਮ ਨੂੰ ਜਾਰੀ ਲਾਇਸੰਸ ਨੰਬਰ 592 ਮਿਤੀ 23.08.2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੂਜੀ ਫਰਮ ਕਲੀਅਰ ਪਾਥ ਕਨਸਲਟੈਂਸੀ ਫਰਮ ਐਸ.ਸੀ.ਐਫ. ਨੰ: 104 ਪਹਿਲੀ ਮੰਜ਼ਿਲ ਫੇਜ਼-11, ਮੁਹਾਲੀ ਵਿਖੇ ਫਰਮ ਦੀ ਮਾਲਕ ਗੁਰਸਿਮਰਨ ਕੌਰ ਪੁੱਤਰੀ ਬਲਵਿੰਦਰ ਸਿੰਘ ਨੂੰ ਟਰੈਵਲ ਏਜੰਸੀ ਅਤੇ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:779 ਮਿਤੀ 30.04.2025 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 29.04.2030 ਤੱਕ ਹੈ।
ਉਨ੍ਹਾਂ ਦੱਸਿਆ ਕਿ ਫਰਮ ਖ਼ਿਲਾਫ਼ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਦਫ਼ਤਰੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਫਰਮ ਵੱਲੋਂ ਨਿਯਮਾਂ ਅਨੁਸਾਰ ਲੋੜੀਂਦੀਆਂ ਮਹੀਨਾਵਾਰ ਰਿਪੋਰਟਾਂ ਜਮ੍ਹਾਂ ਨਹੀਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ, ਫਰਮ ਦੇ ਦਫ਼ਤਰ ਵਾਲੀ ਜਗ੍ਹਾ ਦੇ ਮਾਲਕਾਂ ਵੱਲੋਂ ਵੀ ਦੱਸਿਆ ਗਿਆ ਕਿ ਫਰਮ ਪਿਛਲੇ ਕਈ ਮਹੀਨਿਆਂ ਤੋਂ ਉਥੇ ਕਾਰਜਸ਼ੀਲ ਨਹੀਂ ਸੀ ਅਤੇ ਕਿਰਾਇਆ ਵੀ ਅਦਾ ਨਹੀਂ ਕੀਤਾ ਜਾ ਰਿਹਾ ਸੀ। ਇਸ ਸਬੰਧੀ ਦਫ਼ਤਰ ਵੱਲੋਂ ਫਰਮ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।
ਉਹਨਾਂ ਕਿਹਾ ਕਿ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਤਹਿਤ ਕਲੀਅਰ ਪਾਥ ਕਨਸਲਟੈਂਸੀ ਫਰਮ ਨੂੰ ਜਾਰੀ ਲਾਇਸੰਸ ਨੰ:779 ਮਿਤੀ 30.04.2025 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਭਵਿੱਖ ਵਿੱਚ ਜੇ ਉਪਰੋਕਤ ਫਰਮਾਂ ਜਾਂ ਉਹਨਾਂ ਦੇ ਪਾਰਟਨਰਾਂ ਖਿਲਾਫ ਹੋਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਪੂਰੀ ਜਿੰਮੇਵਾਰੀ ਉਕਤ ਫਰਮ ਅਤੇ ਉਸਦੇ ਪਾਰਟਨਰਾਂ ਦੀ ਹੋਵੇਗੀ।
Mohali
ਵਾਰਿਸ ਪੰਜਾਬ ਦੇ ਜੰਥੇਬੰਦੀ ਵਲੋਂ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਤੋਂ ਚੰਡੀਗੜ੍ਹ ਵੱਲ ਮਾਰਚ
ਗੁਰੂਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿੱਚ ਦਾਖਿਲ ਹੋਇਆ ਰੋਸ ਮਾਰਚ
ਐਸ ਏ ਐਸ ਨਗਰ, 29 ਜੁਲਾਈ (ਸ.ਬ.) ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ‘ਬੰਦੀ ਸਿੰਘਾਂ’ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਨਾਲ ਜੁੜੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਕੱਢਿਆ ਗਿਆ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਪ੍ਰਦਰਸ਼ਨਕਾਰੀ ਪਹਿਲਾਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਜਿਸਤੋਂ ਬਾਅਦ ਉਹਨਾਂ ਵਲੋਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ।
ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਆਗੂਆਂ, ਵਰਕਰਾਂ, ਸਮਰਥਕਾਂ ਅਤੇ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਕਾਰਕੁੰਨ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਹੁੰਦੇ ਹੋਏ ਫੇਜ਼ 8 ਅਤੇ 9 ਨੂੰ ਵੰਡਦੀ ਸੜਕ ਤੇ ਪਹੁੰਚੇ ਜਿੱਥੋਂ ਉਹ ਬੜੈਲ ਜੇਲ੍ਹ ਦੇ ਨਾਲ ਲੱਗਦੀ ਸੜਕ ਤੋਂ ਚੰਡੀਗੜ੍ਹ ਵਿੱਚ ਦਾਖਿਲ ਹੋ ਗਏ। ਬੜੈਲ ਜੇਲ੍ਹ ਨੇੜੇ ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ ਤੇ ਚੰਡੀਗੜ੍ਹ ਪੁਲੀਸ ਵਲੋਂ ਬੈਰੀਕੇਡਿੰਗ ਕੀਤੀ ਗਈ ਸੀ ਪਰੰਤੂ ਪ੍ਰਦਸ਼ਨਕਾਰੀ ਬੈਰੀਕੇਡਿੰਗ ਤੋੜ ਕੇ ਅੱਗੇ ਲੰਘ ਗਏ।
ਇਸਤੋਂ ਅੱਗੇ ਵਾਲੇ ਚੌਂਕ ਤੇ ਪੁਲੀਸ ਵਲੋਂ ਹੋਰ ਵੀ ਵੱਡੀ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਜਲ ਤੋਪਾਂ ਵੀ ਤੈਨਾਤ ਕੀਤੀਆਂ ਗਈਆਂ ਸਨ। ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਵਲੋਂ ਜਲਤੋਪਾਂ ਚਲਾ ਕੇ ਪ੍ਰਦਰਸ਼ਨਕਾਰੀਆਂ ਤੇ ਪਾਣੀ ਦੀ ਬੌਛਾੜ ਮਾਰੀ ਗਈ ਜਿਸ ਦੌਰਾਨ ‘ਵਾਰਿਸ ਪੰਜਾਬ ਦੇ’ ਅਤੇ ਅਕਾਲੀ ਦਲ ਨਾਲ ਜੁੜਿਆ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਪੁਲੀਸ ਵੱਲੋਂ ਤਾਇਨਾਤ ਕੀਤੀ ਗਈ ਵਾਟਰ ਕੈਨਨ ਵਾਲੀ ਗੱਡੀ ਤੇ ਜਾ ਚੜ੍ਹਿਆ ਅਤੇ ਉਸਨੇ ਜਲ ਤੋਪ ਦਾ ਮੂੰਹ ਮੋੜ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਅੱਗੇ ਲੰਘਣ ਵਿੱਚ ਕਾਮਯਾਬ ਹੋ ਗਏ।
ਖਬਰ ਲਿਖੇ ਜਾਣ ਤਕ ਪ੍ਰਦਰਸ਼ਕਾਰੀਆਂ ਵਲੋਂ ਚੰਡੀਗੜ੍ਹ ਵਿੱਚ ਰੋਸ ਮਾਰਚ ਜਾਰੀ ਸੀ ਅਤੇ ਪ੍ਰਦਰਸ਼ਕਾਰੀ ਤਿੰਨ ਸੈਕਟਰ ਦੇ ਨੇੜੇ ਪਹੁੰਚ ਗਏ ਸਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਵਿੱਚ ਦਾਖਲ ਹੋਣ ਅਤੇ ਮੁੱਖ ਮੰਤਰੀ ਨਿਵਾਸ ਵੱਲ ਵਧਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਭਾਰੀ ਖਿੱਚੋਤਾਣ ਚਲ ਰਹੀ ਸੀ।
ਇੱਥੇ ਜਿਕਰਯੋਗ ਹੈ ਕਿ ਬੁੱਧਵਾਰ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਕੱਢੇ ਜਾ ਰਹੇ ਰੋਸ ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਵਿਸ਼ੇਸ਼ ਟਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਸੀ। ਸ਼ਹਿਰ ਵਿੱਚ ਸ਼ਾਂਤੀ ਅਤੇ ਟਰੈਫ਼ਿਕ ਵਿਵਸਥਾ ਬਣਾਏ ਰੱਖਣ ਲਈ ਸਵੇਰੇ 9:30 ਵਜੇ ਤੋਂ ਹੀ ਚੰਡੀਗੜ੍ਹ ਅਤੇ ਮੁਹਾਲੀ ਦੇ ਵਿਚਕਾਰਲੇ ਪ੍ਰਮੁੱਖ ਰਸਤਿਆਂ ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
Mohali
ਮੁਹਾਲੀ ਸ਼ਹਿਰ ਵਿੱਚ ਥਾਂ ਥਾਂ ਤੇ ਲੱਗੇ ਢੇਰਾਂ ਵਿੱਚ ਸੜ ਰਹੇ ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ : ਸੰਜੀਵ ਵਸ਼ਿਸ਼ਠ
ਕਈ ਕਈ ਦਿਨ ਤਕ ਕੂੜਾ ਨਾ ਚੁੱਕਿਆ ਜਾਣ ਕਾਰਨ ਕੂੜੇ ਦੇ ਢੇਰਾਂ ਤੋਂ ਉਠਦੀ ਹੈ ਭਾਰੀ ਬਦਬੂ
ਐਸ ਏ ਐਸ ਨਗਰ, 29 ਜੁਲਾਈ (ਸ.ਬ.) ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਪਰੰਤੂ ਨਗਰ ਨਿਗਮ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਹ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਸਥਾਨਕ ਫੇਜ਼ 6 ਵਿੱਚ ਮੈਡੀਕਲ ਕਾਲੇਜ ਦੀ ਦੀਵਾਰ ਦੇ ਨਾਲ ਲੱਗੇ ਕੂੜੇ ਦੇ ਢੇਰ ਵਿਖਾਉਂਦਿਆਂ ਉਹਨਾਂ ਕਿਹਾ ਕਿ ਇਸ ਥਾਂ ਤੇ ਪੂਰੇ ਜਿਲ੍ਹੇ ਤੋਂ ਲੋਕ ਇਲਾਜ ਕਰਵਾਉਣ ਆਉਂਦੇ ਹਨ ਪਰੰਤੂ ਹਾਲਾਤ ਇਹ ਹਨ ਕਿ ਇਸ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਉਹਨਾਂ ਦਾ ਆਉਣਾ ਜਾਣਾ ਵੀ ਔਖਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕਿ ਇਹ ਕਿਸੇ ਇੱਕ ਥਾਂ ਦੀ ਗੱਲ ਨਹੀਂ ਹੈ ਬਲਕਿ ਸ਼ਹਿਰ ਵਿਚ ਜਿੱਥੇ ਵੀ ਨਜਰ ਮਾਰੋ ਕੂੜੇ ਦੇ ਢੇਰ ਨਜਰ ਆਉਂਦੇ ਹਨ।
ਉਹਨਾਂ ਕਿਹਾ ਕਿ ਫੇਜ਼ 4-5 ਅਤੇ ਸ਼ਾਹੀ ਮਾਜਰਾ ਨੂੰ ਵੰਡਦੀ ਸੜਕ ਤੇ ਸਬਜੀ ਮੰਡੀ ਲਗਣ ਵਾਲੀ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਖਿਲਾਫ ਉੱਥੋਂ ਦੇ ਵਸਨੀਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰੰਤੂ ਨਗਰ ਨਿਗਮ ਦੀ ਬੇਸ਼ਰਮੀ ਦਾ ਆਲਮ ਇਹ ਹੈ ਕਿ ਜਦੋਂ ਵਸਨੀਕ ਇਕੱਠੇ ਹੋ ਕੇ ਵਿਰੋਧ ਕਰਦੇ ਹਨ ਤਾਂ ਉੱਥੋਂ ਕੂੜੇ ਦੀਆਂ ਕੁੱਝ ਟਰਾਲੀਆਂ ਚੁਕਵਾ ਦਿੱਤੀਆਂ ਜਾਂਦੀਆਂ ਹਨ ਪਰੰਤੂ ਅਗਲੇ ਹੀ ਦਿਨ ਉੱਥੇ ਨਵੇਂ ਸਿਰੇ ਤੋਂ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਫੇਜ਼ 11 ਨੇੜੇ ਰੇਲਵੇ ਲਾਈਨ ਦੇ ਕੋਲ ਬਣਾਏ ਗਏ ਕੂੜਾ ਇੱਕਠਾ ਕਰਨ ਵਾਲੇ ਕੇਂਦਰ ਦੇ ਨੇੜੇ ਕੂੜੇ ਦੇ ਪਹਾੜ ਹੀ ਬਣ ਗਏ ਹਨ ਅਤੇ ਇਸ ਕਾਰਨ ਫੇਜ਼ 11 ਅਤੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਕਰਨ ਦੀ ਥਾਂ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਆਪਣਾ ਮੇਅਰ ਤਾਂ ਬਣਾ ਲਿਆ ਹੈ ਪਰੰਤੂ ਸ਼ਹਿਰ ਦੀ ਇਸ ਸਭਤੋਂ ਅਹਿਮ ਸਮੱਸਿਆ ਦੇ ਹਲ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਸਨੂੰ ਪੂਰੀ ਤਰ੍ਹਾਂ ਨਜਰਅੰਦਾਜ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਹਲ ਕਰਨ ਲਈ ਤੁਰੰਤ ਜੰਗੀ ਪੱਧਰ ਤੇ ਕੰਮ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਕਿਸੇ ਬਿਮਾਰੀ ਦੇ ਫੈਲਣ ਦੇ ਖਤਰੇ ਤੋਂ ਬਚਿਆ ਜਾ ਸਕੇ।
Mohali
ਮੁਹਾਲੀ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦਾ ਸੰਕਟ ਹੋਰ ਵਧਿਆ : ਕੁਲਜੀਤ ਸਿੰਘ ਬੇਦੀ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਵਿੱਚ ਮੁੱਦਾ ਉਠਾਉਣ ਦੀ ਅਪੀਲ ਕੀਤੀ
ਐਸ ਏ ਐਸ ਨਗਰ, 29 ਜੁਲਾਈ (ਸ.ਬ.) ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੀ ਗੰਭੀਰ ਸਮੱਸਿਆ ਨੂੰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਬੇਦੀ ਨੇ ਕਿਹਾ ਹੈ ਕਿ ਪੰਜਾਬ ਦੀ ਮਿਨੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਮੁਹਾਲੀ ਸ਼ਹਿਰ ਅੱਜ ਵੀ ਇੱਕ ਸਥਾਈ ਡੰਪਿੰਗ ਗਰਾਊਂਡ ਤੋਂ ਵਾਂਝਾ ਹੈ। ਪਹਿਲਾਂ ਚਲ ਰਿਹਾ ਡੰਪਿੰਗ ਗਰਾਊਂਡ ਅਦਾਲਤ ਅਤੇ ਐਨਜੀਟੀ ਦੇ ਹੁਕਮਾਂ ਤੋਂ ਬਾਅਦ ਬੰਦ ਹੋ ਚੁੱਕਾ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਇਸ ਦਾ ਕੋਈ ਪੱਕਾ ਅਤੇ ਵਿਹਾਰਕ ਹੱਲ ਨਹੀਂ ਕੀਤਾ ਗਿਆ।
ਬੇਦੀ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਆਰ ਐਮ ਸੀ ਪੁਆਇੰਟਾਂ ਅਤੇ ਹੋਰ ਖਾਲੀ ਥਾਵਾਂ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਗੰਦਗੀ, ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿੱਧੇ ਤੌਰ ਤੇ ਸ਼ਹਿਰ ਵਾਸੀਆਂ ਦੀ ਸਿਹਤ ਅਤੇ ਵਾਤਾਵਰਣ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਆਪਣੇ ਪੱਤਰ ਵਿੱਚ ਇਹ ਵੀ ਜਿਕਰ ਕੀਤਾ ਕਿ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਖੁਦ ਪੰਜਾਬ ਵਿਧਾਨ ਸਭਾ ਵਿੱਚ ਸਮਗੋਲੀ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਚਾਲੂ ਕਰਨ ਦੀ ਮੰਗ ਕੀਤੀ ਸੀ, ਜਦਕਿ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਕਿ ਇਸ ਨਾਲ 15 ਤੋਂ 20 ਪਿੰਡ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਸਰਕਾਰ ਦੇ ਆਪਣੇ ਵਿਧਾਇਕਾਂ ਦੇ ਵੱਖ-ਵੱਖ ਸਟੈਂਡ ਕਾਰਨ ਇਹ ਅਹਿਮ ਮਸਲਾ ਅੱਜ ਵੀ ਅਣਸੁਲਝਿਆ ਪਿਆ ਹੈ ਜਿਸਦੀ ਕੀਮਤ ਮੁਹਾਲੀ ਦੇ ਲੋਕ ਚੁਕਾ ਰਹੇ ਹਨ।
ਉਹਨਾਂ ਇਲਜਾਮ ਲਗਾਇਆ ਕਿ ਮੁਹਾਲੀ ਦਾ ਕੂੜਾ ਬਰਸਾਤੀ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ ਹੈ, ਜੋ ਨਾ ਸਿਰਫ਼ ਵਾਤਾਵਰਣ ਲਈ ਗੰਭੀਰ ਖ਼ਤਰਾ ਹੈ, ਬਲਕਿ ਕਾਨੂੰਨੀ ਪੱਖੋਂ ਵੀ ਇੱਕ ਸੰਵੇਦਨਸ਼ੀਲ ਮਾਮਲਾ ਹੈ, ਕਿਉਂਕਿ ਵਾਟਰ ਬਾਡੀਜ਼ ਵਿੱਚ ਕੂੜਾ ਸੁੱਟਣ ਦੀ ਇਜਾਜ਼ਤ ਨਹੀਂ ਹੈ।
ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੇ ਇਸ ਗੰਭੀਰ ਜਨਤਕ ਮੁੱਦੇ ਨੂੰ ਪੂਰੀ ਤਾਕਤ ਨਾਲ ਉਠਾਇਆ ਜਾਵੇ ਅਤੇ ਸਰਕਾਰ ਤੋਂ ਇਹ ਸਪੱਸ਼ਟ ਕੀਤਾ ਜਾਵੇ ਕਿ ਮੁਹਾਲੀ ਲਈ ਸੋਲਿਡ ਵੇਸਟ ਮੈਨੇਜਮੈਂਟ ਦਾ ਸਥਾਈ ਹੱਲ ਕਦੋਂ ਅਤੇ ਕਿਵੇਂ ਕੀਤਾ ਜਾਵੇਗਾ।
-
National2 months agoਏਅਰਬੇਸ ਤੇ ਲੈਂਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਅਗਨੀਵੀਰਾਂ ਸਮੇਤ 5 ਜਵਾਨ ਸ਼ਹੀਦ, ਸਹਿ-ਪਾਇਲਟ ਸੁਰੱਖਿਅਤ
-
Punjab2 months ago
ਸਰਹਿੰਦ ਨਹਿਰ ਵਿੱਚੋਂ ਅਣਪਛਾਤੀ ਲਾਸ਼ ਬਰਾਮਦ
-
National1 month agoਸਾੜੀ ਅਤੇ ਲਹਿੰਗਾ ਸ਼ੋਅਰੂਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
-
International1 month agoਕਤਰ ਵਿੱਚ ਗੈਸ ਪਲਾਂਟ ਵਿੱਚ ਧਮਾਕਾ ਹੋਣ ਕਾਰਨ 54 ਵਿਅਕਤੀ ਜ਼ਖ਼ਮੀ, ਕਈ ਲਾਪਤਾ
-
National2 months agoਤੇਜ਼ ਰਫ਼ਤਾਰ ਟ੍ਰੇਲਰ ਅਤੇ ਕਾਰ ਦੀ ਟੱਕਰ ਕਾਰਨ 4 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖਮੀ
-
Mohali2 months agoਵੇਰਕਾ ਮੁਹਾਲੀ ਦੇ ਕਰਮਚਾਰੀਆਂ ਨੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ
-
Punjab1 month agoਪੰਜ ਸਿੰਘ ਸਾਹਿਬਾਨ ਵਲੋਂ ਵਿਵਾਦਿਤ ਵੀਡੀਓ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਥ ਦੋਖੀ ਕਰਾਰ
-
National2 months agoਪੰਜ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ, 2 ਗੰਭੀਰ ਜ਼ਖਮੀ
