Connect with us

Chandigarh

ਅੰਮ੍ਰਿਤਸਰ ਵਿੱਚ 30 ਕਿਲੋ ਹੈਰੋਇਨ ਬਰਾਮਦ, ਦੋ ਨਾਬਾਲਗਾਂ ਸਮੇਤ ਛੇ ਵਿਅਕਤੀ ਗ੍ਰਿਫ਼ਤਾਰ

Published

on

ਦੁਬਈ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫ਼ਤਾਰ ਮੁਲਜ਼ਮ : ਡੀ ਜੀ ਪੀ ਗੌਰਵ ਯਾਦਵ

ਚੰਡੀਗੜ੍ਹ, 11 ਜੂਨ (ਸ.ਬ.) ਅੰਮ੍ਰਿਤਸਰ ਪੁਲੀਸ ਨੇ ਛੇ ਵਿਅਕਤੀਆਂ (ਜਿਨ੍ਹਾਂ ਵਿੱਚੋਂ ਦੋ ਨਾਬਾਲਗ ਹਨ) ਨੂੰ 30.045 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਫਤਿਹ ਸਿੰਘ (24), ਕਬੀਰ ਉਰਫ਼ ਕਾਕੂ (22), ਸਮੀਰ ਉਰਫ਼ ਸਭਰਵਾਲ (18), ਗੁਰਪ੍ਰੀਤ ਸਿੰਘ ਉਰਫ਼ ਕੀੜਾ ਵਾਸੀ ਅੰਮ੍ਰਿਤਸਰ (18) ਵਜੋਂ ਹੋਈ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਨਸ਼ਿਆਂ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਟੀਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਨਸ਼ਾ ਤਸਕਰੀ ਲਈ ਕਰ ਰਹੇ ਸਨ।

ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਦੁਬਈ ਅਧਾਰਤ ਤਸਕਰ ਨਾਲ ਸੰਪਰਕ ਵਿੱਚ ਸਨ ਜੋ ਸਰਹੱਦ ਪਾਰੋਂ ਹੈਰੋਇਨ ਤਸਕਰੀ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੁਬਈ ਅਧਾਰਤ ਤਸਕਰ ਦੇ ਨਿਰਦੇਸ਼ਾਂ ਤੇ ਕੰਮ ਕਰਦਿਆਂ ਉਕਤ ਮੁਲਜ਼ਮ ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਅੱਗੇ ਪੰਜਾਬ ਭਰ ਵਿੱਚ ਸਪਲਾਈ ਕਰਦੇ ਸਨ। ਉਹਨਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਕਬੀਰ ਉਰਫ਼ ਕਾਕੂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸ ਖ਼ਿਲਾਫ਼ ਥਾਣਾ ਛੇਹਰਟਾ ਵਿਖੇ ਐਨਡੀਪੀਐਸ ਤਹਿਤ ਪਹਿਲਾਂ ਹੀ ਕੇਸ ਦਰਜ ਹੈ।

ਇਸ ਸੰਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਖੁਫੀਆ ਜਾਣਕਾਰੀ ਤੇ ਅਧਾਰਤ ਕਾਰਵਾਈ ਵਿੱਚ ਮੁਲਜ਼ਮ ਗੌਤਮ ਨੂੰ ਉਸਦੇ ਦੋ ਨਾਬਾਲਗ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 30.045 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਅਤੇ ਮੁਲਜ਼ਮ ਗੌਤਮ ਦੇ ਖੁਲਾਸੇ ਤੇ ਤਿੰਨ ਹੋਰ ਆਰੋਪੀਆਂ ਕਬੀਰ ਉਰਫ਼ ਕਾਕੂ, ਸਮੀਰ ਉਰਫ਼ ਸਭਰਵਾਲ ਅਤੇ ਗੁਰਪ੍ਰੀਤ ਸਿੰਘ ਉਰਫ਼ ਕੀੜਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਮ੍ਹਣੇ ਆਇਆ ਹੈ ਕਿ ਇਸ ਨਿੈਟਵਰਕ ਦਾ ਮਾਸਟਰਮਾਈਂਡ ਦੁਬਈ ਅਧਾਰਤ ਤਸਕਰ ਹੈ, ਜੋ ਦੁਬਈ ਵਿੱਚ ਬੈਠ ਕੇ ਕੰਮ ਕਰਦਿਆਂ ਉਕਤ ਮੁਲਜ਼ਮ ਨੌਜਵਾਨਾਂ, ਜਿਨ੍ਹਾਂ ਵਿੱਚ ਨਾਬਾਲਗ ਵੀ ਸ਼ਾਮਲ ਹਨ, ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਨਸ਼ਿਆਂ ਦੀ ਖੇਪ ਹਾਸਲ ਕਰਨ ਤੋਂ ਲੈ ਕੇ ਇਨ੍ਹਾਂ ਦੀ ਅੱਗੇ ਸਪਲਾਈ ਵਰਗੇ ਕੰਮਾਂ ਲਈ ਵਰਤਦਾ ਸੀ। ਇਹ ਤਸਕਰ ਪੁਲੀਸ ਨੂੰ ਪਹਿਲਾਂ ਹੀ 42 ਕਿਲੋ ਹੈਰੋਇਨ ਰਿਕਵਰੀ ਕੇਸ ਅਤੇ 10 ਕਿਲੋ ਆਈ ਸੀ ਈ ਰਿਕਵਰੀ ਕੇਸ ਸਮੇਤ ਤਿੰਨ ਵੱਡੇ ਐਨ ਡੀ ਪੀ ਐਸ ਮਾਮਲਿਆਂ ਵਿੱਚ ਲੋੜੀਂਦਾ ਹੈ।

Continue Reading

Chandigarh

ਪੰਜਾਬ ਦੇ ਰਾਜਪਾਲ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਚੰਡੀਗੜ੍ਹ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਚਲੀਆਂ ਪਾਣੀ ਦੀਆਂ ਬੁਛਾੜਾਂ

Published

on

By

ਆਪ ਵਰਕਰਾਂ ਵਲੋਂ 227 ਕਰੋੜ ਰੁਪਏ ਦੇ ਏਜੰਡੇ ਨੂੰ 15 ਸਕਿੰਟ ਵਿੱਚ ਪਾਸ ਕਰਨ ਦਾ ਵਿਰੋਧ

ਚੰਡੀਗੜ੍ਹ, 6 ਅਗਸਤ (ਸ.ਬ.) ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵੱਲੋਂ 227 ਕਰੋੜ ਰੁਪਏ ਦੇ ਏਜੰਡੇ ਨੂੰ 15 ਸੈਕਿੰਟ ਵਿੱਚ ਪਾਸ ਕਰਨ ਦਾ ਵਿਰੋਧ ਕਰਦਿਆਂ ਪਾਰਟੀ ਦੀ ਚੰਡੀਗੜ੍ਹ ਇਕਾਈ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵੱਡੀ ਗਿਣਤੀ ਵਿੱਚ ਵਰਕਰ ਸੈਕਟਰ 17 ਵਿਖੇ ਇਕੱਠੇ ਹੋਏ ਅਤੇ ਯੂ ਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚੰਡੀਗੜ੍ਹ ਨਗਰ ਨਿਗਮ ਵਿੱਚ 227 ਕਰੋੜ ਰੁਪਏ ਦਾ ਘੁਟਾਲਾ ਹੋਣ ਦਾ ਦੋਸ਼ ਲਗਾਇਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਨ ਗੁਲਾਬ ਚੰਦ ਕਟਾਰੀਆ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲੀਸ ਵੱਲੋਂ ਵੱਡੀਆਂ ਰੋਕਾਂ ਲਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ।

ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ 227 ਕਰੋੜ ਰੁਪਏ ਦਾ ਏਜੰਡਾ ਪਹਿਲਾਂ ਤਾਂ ਸਿਰਫ ਦੋ ਪੰਨਿਆਂ ਵਿੱਚ ਹੀ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਇਸ ਅਜੰਡੇ ਨੂੰ 15 ਸਕਿੰਟ ਵਿੱਚ ਪਾਸ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸ ਏਜੰਡੇ ਦੀ ਜਾਂਚ ਕੀਤੀ ਜਾਵੇ।

Continue Reading

Chandigarh

ਅਸ਼ਵਨੀ ਸ਼ਰਮਾ ਦੇ ਕੁੜੀ-ਮੁੰਡੇ ਵਾਲੇ ਬਿਆਨ ਤੇ ਵਿਧਾਨ ਸਭਾ ਵਿੱਚ ਹੋਇਆ ਹੰਗਾਮਾ

Published

on

By

ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਭਾਜਪਾ ਆਗੂ ਨੂੰ ਮਾਫੀ ਮੰਗਣ ਲਈ ਕਿਹਾ

ਚੰਡੀਗੜ੍ਹ, 6 ਅਗਸਤ (ਸ.ਬ.) ਪੰਜਾਬ ਵਿਧਾਨ ਸਭਾ ਵਿੱਚ ਮੌਨਸੂਨ ਇਜਲਾਸ ਦੇ ਚੌਥੇ ਦਿਨ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਦੇ ਬਾਇਕਾਟ ਦੀਆਂ ਤਖਤੀਆਂ ਲੈ ਕੇ ਪਹੁੰਚੇ।

ਕਾਰਵਾਈ ਦੌਰਾਨ ਸੀਨੀਅਰ ਭਾਜਪਾ ਆਗੂ ਅਸ਼ਵਨੀ ਸ਼ਰਮਾ ਵਲੋਂ ਦਿੱਤੇ ਗਏ ਕੁੜੀ-ਮੁੰਡੇ ਨੂੰ ਲੈ ਕੇ ਬਿਆਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਅਸ਼ਵਨੀ ਸ਼ਰਮਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਘਰ ਵਿੱਚ ਕੁੜੀ ਪੈਦਾ ਹੋਵੇ ਤਾਂ ਕੇਂਦਰ ਸਰਕਾਰ ਨੂੰ ਦੋਸ਼ ਦਿੰਦੇ ਹਨ ਅਤੇ ਮੁੰਡਾ ਪੈਦਾ ਹੋ ਜਾਵੇ ਤਾਂ ਉਸ ਦਾ ਸਾਰਾ ਸਿਹਰਾ ਖ਼ੁਦ ਲੈ ਲੈਂਦੇ ਹਨ। ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਸੀ ਕਿ ਜਿਹੜਾ ਵੀ ਵਿਅਕਤੀ ਮਾਈਨਿੰਗ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਨੂੰ ਆਮ ਆਦਮੀ ਪਾਰਟੀ ਦੇ ਆਗੂ ਧਮਕਾਉਂਦੇ ਹਨ ਅਤੇ ਸਰਕਾਰ ਨੂੰ ‘ਜਿਸ ਦਾ ਖੇਤ, ਉਸ ਦੀ ਰੇਤ’ ਦੀ ਹਕੀਕਤ ਜ਼ਮੀਨੀ ਪੱਧਰ ਤੇ ਜਾ ਕੇ ਦੇਖਣੀ ਚਾਹੀਦੀ ਹੈ।

ਅਸ਼ਵਨੀ ਸ਼ਰਮਾ ਦੇ ਇਸ ਬਿਆਨ ਤੋਂ ਬਾਅਦ ਸਦਨ ਵਿੱਚ ਸੱਤਾਧਿਰ ਦੇ ਆਗੂਆਂ ਵਲੋਂ ਰੌਲਾ ਪਾ ਦਿੱਤਾ ਗਿਆ। ਇਸ ਦਾ ਜਵਾਬ ਦਿੰਦਿਆਂ ਮੰਤਰੀ ਅਮਨ ਅਰੋੜਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਕੁੜੀ ਹੋਣ ਦੀ ਗੱਲ ਕਹਿਣਾ ਉੱਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਕੁੜੀਆਂ ਮੋਹਰੀ ਹਨ ਅਤੇ ਵਧੀਆ ਕੰਮ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਵੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦਿੰਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਇਸ ਬਿਆਨ ਨਾਲ ਪੰਜਾਬ ਦੀਆਂ ਸਵਾ ਕਰੋੜ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਸਿਫਰ ਕਾਲ ਦੌਰਾਨ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਪਿੰਡਾਂ ਨੇੜੇ ਢਾਣੀਆ ਵਿੱਚ ਰਹਿੰਦੇ ਲੋਕਾਂ ਨੂੰ ਹਿਫ਼ਾਜ਼ਤ ਲਈ ਅਸਲਾ ਲਾਇਸੈਂਸ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਬਾਹਰ ਖੇਤਾਂ ਵਿੱਚ ਰਹਿੰਦੇ ਲੋਕਾਂ ਨੂੰ ਗੈਂਗਸਟਰ ਨਿਸ਼ਾਨਾ ਬਣਾ ਰਹੇ ਹਨ। ਇਸਤੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਲਾਇਸੈਂਸ ਮਿਲਣੇ ਚਾਹੀਦੇ ਹਨ। ਕੁਲਦੀਪ ਧਾਲੀਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਉਚੇਚੇ ਤੌਰ ਤੇ ਅਸਲਾ ਲਾਇਸੈਂਸ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਇਸ ਦੌਰਾਨ ਸਿਫ਼ਰ ਕਾਲ 24 ਮਿੰਟ ਵਿੱਚ ਹੀ ਖ਼ਤਮ ਕੀਤੇ ਜਾਣ ਕਾਂਗਰਸ ਨੇ ਕੀਤਾ ਇਤਰਾਜ਼ ਜ਼ਾਹਿਰ ਕੀਤਾ। ਸਦਨ ਦੀ ਕਾਰਵਾਈ ਦੌਰਬਾਨ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਜੀਵਨ ਜਾਂਚ ਸਿਖਾਉਣ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਨ ਬਾਰੇ ਪੇਸ਼ ਕੀਤਾ ਮਤਾ ਸਦਨ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

Continue Reading

Chandigarh

ਹੰਗਾਮੇ ਭਰਿਆ ਰਿਹਾ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ

Published

on

By

ਸਦਨ ਵਿੱਚ ਹੋਏ ਹੰਗਾਮੇ ਤੋਂ ਬਾਅਦ ਕਾਰਵਾਈ ਮੁਲਤਵੀ

ਚੰਡੀਗੜ੍ਹ, 5 ਅਗਸਤ (ਸ.ਬ.) ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਤੀਜਾ ਦਿਨ ਇੱਕ ਵਾਰ ਫਿਰ ਹੰਗਾਮਾ ਭਰਪੂਰ ਰਿਹਾ। ਇਸ ਦੌਰਾਨ ਕਾਂਗਰਸ ਦੇ ਵਿਧਾਇਕ ਕਾਲੇ ਪਰਨੇ ਪਾ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚ ਪੁੱਜੇ। ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕ ਵਿਧਾਨ ਸਭਾ ਵਿੱਚ 15 ਮਿੰਟ ਨਾਅਰੇਬਾਜ਼ੀ ਕਰਨ ਤੋਂ ਬਾਅਦ ਬਾਹਰ ਚਲੇ ਗਏ।

ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਵਿਰੋਧੀ ਧਿਰ ਤੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸਮੁੱਚੇ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਬਾਈਕਾਟ ਦੀ ਤਖਤੀਆਂ ਹੱਥ ਵਿੱਚ ਲੈ ਕੇ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।

ਸਦਨ ਵਿੱਚ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੱਲੋਂ ਬੇਅਦਬੀ ਵਿਰੁੱਧ ਐਕਟ ਵਿੱਚ ਸੋਧ ਦਾ ਮੁੱਦਾ ਚੁੱਕਣ ਮਗਰੋਂ ਭਾਰੀ ਹੰਗਾਮਾ ਹੋ ਗਿਆ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਉਸ ਵਚਨਬੱਧਤਾ ਬਾਰੇ ਦੱਸਿਆ ਜਾਵੇ ਕਿ ਜੋ ਸੱਤਾਧਾਰੀ ਪਾਰਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਪੇਸ਼ ਹੋਣ ਵੇਲੇ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਅਕਾਲ ਤਖ਼ਤ ਦੇ ਅਧਿਕਾਰ ਨੂੰ ਚੁਣੌਤੀ ਦੇ ਰਹੀ ਹੈ।

ਕਾਂਗਰਸੀ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਅਤੇ ਪਾਰਟੀ ਆਗੂ ਮਨਪ੍ਰੀਤ ਇਆਲੀ ਨਾਲ ਮਿਲ ਕੇ ‘ਗੁਰੂ-ਦੋਖੀ ਸਰਕਾਰ’ ਦੇ ਨਾਅਰੇ ਲਗਾਉਂਦੇ ਹੋਏ ਸਦਨ ਦੇ ਵਿਚਕਾਰਲੇ ਹਿੱਸੇ ਵਿੱਚ ਰੋਸ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਵਿਧਾਇਕ ਬਿੱਲ ਵਿੱਚ ਸੋਧਾਂ ਕਰਨ ਦੇ ਵਾਅਦੇ ਤੋਂ ਪਿੱਛੇ ਹਟਣ ਤੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰ ਰਹੇ ਸਨ। ਸਮੁੱਚੀ ਵਿਰੋਧੀ ਧਿਰ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਦੇ ਮਾਮਲੇ ਤੇ ਇਕਜੁੱਟ ਨਜ਼ਰ ਆਈ, ਜਿਸ ਤੋਂ ਬਾਅਦ ਹਾਕਮ ਧਿਰ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਨੂੰ ਵੇਖਦਿਆਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ 8 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ ਤੇ, ਵਿੱਤ ਮੰਤਰੀ ਹਰਪਾਲ ਚੀਮਾ ਨੇ ਸਪੱਸ਼ਟ ਕੀਤਾ ਕਿ ਅਕਾਲ ਤਖ਼ਤ ਸਰਵਉੱਚ ਹੈ ਅਤੇ ਸਰਕਾਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ’ ਵਿੱਚ ਤਬਦੀਲੀਆਂ ਕਰਨ ਦੇ ਮਾਮਲੇ ਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹੈ।

ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਨਅਤੀ ਪਲਾਟ ਘਪਲੇ ਦੇ ਮੁੱਦੇ ਨੂੰ ਚੁੱਕਿਆ ਅਤੇ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ। ਪ੍ਰਤਾਪ ਬਾਜਵਾ ਨੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਨਾਲ ਸਬੰਧਤ ਘੁਟਾਲੇ ਦੇ ਮਾਮਲੇ ਵਿੱਚ 11 ਥਾਵਾਂ ਤੇ ਈ. ਡੀ. ਵੱਲੋਂ ਕੀਤੀ ਗਈ ਛਾਪੇਮਾਰੀ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ਦੇ ਉਨ੍ਹਾਂ ਸੀਨੀਅਰ ਅਧਿਕਾਰੀਆਂ ਦੀ ਜਵਾਬਦੇਹੀ ਦੀ ਮੰਗ ਕੀਤੀ ਜਿਨ੍ਹਾਂ ਦੇ ਨਾਂ ਈ. ਡੀ. ਦੀ ਜਾਂਚ ਵਿੱਚ ਸਾਹਮਣੇ ਆਏ ਹਨ।

ਪੰਜਾਬ ਵਿਧਾਨ ਸਭਾ ਵਿੱਚ ਸੈਸ਼ਨ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਰਾ ਨੇ ਲੰਘੇ ਦਿਨ ਕੰਮ ਰੋਕੂ ਮਤੇ ਲਾਉਣ ਦਾ ਮੁੱਦਾ ਚੁੱਕਿਆ, ਜਿਸ ਉੱਤੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਸੁਰੱਖਿਆ ਕਰਮੀਆਂ ਉੱਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ। ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਰੋਸਾ ਦਵਾਇਆ ਕਿ ਉਕਤ ਮਾਮਲੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਵਿਧਾਇਕਾਂ ਦੇ ਕੰਮ ਰੋਕੂ ਮਤੇ ਨੂੰ ਅਸਵੀਕਾਰ ਕਰ ਦਿੱਤਾ। ਇਸ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਜਾਰੀ ਰੱਖੀ। ਇਸ ਦੌਰਾਨ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

Continue Reading

Latest News

Trending