Editorial
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਲਈ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣੇ
ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ ਅਤੇ ਇਸ ਕਾਰਨ ਲੋਕ ਬੁਰੀ ਤਰ੍ਹਾਂ ਤੰਗ ਦਿਖਦੇ ਹਨ। ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਤੰਗ ਵਸਨੀਕ ਨਾ ਸਿਰਫ ਇਸਦੀ ਸ਼ਿਕਾਇਤ ਕਰਦੇ ਹਨ ਬਲਕਿ ਆਮ ਗੱਲਬਾਤ ਦੌਰਾਨ ਇਸ ਸੰਬੰਧੀ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਵੀ ਚੁੱਕਦੇ ਹਨ। ਸਥਾਨਕ ਲੋਕ ਅਕਸਰ ਕਹਿੰਦੇ ਹਨ ਕਿ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਥਾਨਕ ਵਸਨੀਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਇਹ ਦਾਅਵੇ ਹਵਾ ਹਵਾਈ ਹੀ ਹਨ ਅਤੇ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਤਕ ਹਾਸਿਲ ਨਹੀਂ ਹੁੰਦੀਆਂ।
ਇਸ ਸੰਬੰਧੀ ਸ਼ਹਿਰ ਦੇ ਕਿਸੇ ਵੀ ਵਸਨੀਕ ਨਾਲ ਗੱਲ ਕਰਨ ਤੇ ਉਸਦਾ ਜਵਾਬ ਇਹੀ ਹੁੰਦਾ ਹੈ ਕਿ ਜਦੋਂ ਤਕ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧਦੀ ਆਟੋ ਰਿਕਸ਼ਿਆਂ ਦੀ ਭੀੜ ਤੇ ਕਾਬੂ ਨਹੀਂ ਕੀਤਾ ਜਾਂਦਾ, ਟ੍ਰੈਫਿਕ ਦੀ ਇਸ ਸਮੱਸਿਆ ਦਾ ਹਲ ਨਹੀਂ ਹੋ ਸਕਦਾ। ਸ਼ਹਿਰਵਾਸੀ ਅਕਸਰ ਇਹ ਗੱਲ ਕਹਿੰਦੇ ਹਨ ਕਿ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਲਗਾਤਾਰ ਵੱਧਦੀ ਸਮੱਸਿਆ ਦਾ ਮੁੱਖ ਕਾਰਨ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਇਹ ਆਟੋ ਰਿਕਸ਼ੇ ਹੀ ਹਨ ਜਿਹਨਾਂ ਦੇ ਚਾਲਕਾਂ ਵਲੋਂ ਵੱਧ ਤੋਂ ਵੱਧ ਸਵਾਰੀਆਂ ਬਿਠਾਉਣ ਅਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾਂਦੀ ਹੈ ਅਤੇ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਸ਼ਹਿਰ ਵਾਸੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਇਸ ਸਾਰੇ ਕੁੱਝ ਨੂੰ ਹਲਕੇ ਢੰਗ ਨਾਲ ਲਏ ਜਾਣ ਕਾਰਨ ਵੀ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਇਸ ਸੰਬੰਧੀ ਇਹ ਗੱਲ ਵੀ ਆਮ ਆਖੀ ਜਾਂਦੀ ਹੈ ਕਿ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਅਜਿਹੇ ਹਨ ਜਿਹਨਾਂ ਕੋਲ ਨਾ ਤਾਂ ਲਾਈਸੰਸ ਹੁੰਦਾ ਹੈ ਅਤੇ ਨਾ ਹੀ ਉਹਨਾਂ ਨੂੰ ਆਟੋ ਰਿਕਸ਼ਾ ਚਲਾਉਣ ਦਾ ਕੋਈ ਤਜਰਬਾ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ (ਜਿਹਨਾਂ ਵਿੱਚੋਂ ਜਿਆਦਾਤਰ ਪ੍ਰਵਾਸੀ ਹਨ) ਅਜਿਹੇ ਹਨ ਜਿਹਨਾਂ ਵਲੋਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਆਟੋ ਚਾਲਕ ਨਾਲ ਦੋ ਚਾਰ ਦਿਨ ਘੁੰਮ ਕੇ ਆਟੋ ਚਲਾਉਣਾ ਸਿੱਖ ਲਿਆ ਜਾਂਦਾ ਹੈ ਅਤੇ ਫਿਰ ਇਹ ਸਿਖਾਂਦਰੂ ਚਾਲਕ ਕਿਰਾਏ ਤੇ ਆਟੋ ਲੈ ਕੇ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਣ ਲੱਗ ਜਾਂਦੇ ਹਨ।
ਵੇਖਿਆ ਜਾਵੇ ਤਾਂ ਸ਼ਹਿਰ ਵਾਸੀਆਂ ਦੀ ਇਹ ਸ਼ਿਕਾਇਤ ਕਾਫੀ ਹੱਦ ਤਕ ਜਾਇਜ਼ ਵੀ ਲੱਗਦੀ ਹੈ। ਮੌਜੂਦਾ ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭਤੋਂ ਵੱਡਾ ਕਾਰਨ ਬਣੇ ਹੋਏ ਹਨ ਅਤੇ ਦੂਜੇ ਪਾਸੇ ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਸ਼ਹਿਰ ਦੀਆਂ ਸੜਕਾਂ ਤੇ ਚਲਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਸੜਕ ਤੇ ਹਰ ਵੇਲੇ ਆਟੋ ਵਾਲਿਆਂ ਦੀ ਹੀ ਭੀੜ ਦਿਸਦੀ ਹੈ ਅਤੇ ਆਮ ਵਾਹਨ ਚਾਲਕਾਂ ਲਈ ਸ਼ਹਿਰ ਦੀਆਂ ਸੜਕਾਂ ਤੇ ਆਪਣਾ ਵਾਹਨ ਚਲਾਉਣਾ ਤਕ ਔਖਾ ਹੋ ਗਿਆ ਹੈ। ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਲਿਜਾਣ ਦਾ ਇੱਕੋ ਇੱਕ ਜਰੀਆ ਹਨ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਸਥਾਨਕ ਪ੍ਰਸ਼ਾਸ਼ਨ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿਰੁੱਧ ਕੋਈ ਸਖਤ ਕਾਰਵਾਈ ਤੋਂ ਪਰਹੇਜ ਕਰਦਾ ਹੈ।
ਟੈ੍ਰਫਿਕ ਵਿਵਸਥਾ ਦੀ ਬਦਹਾਲੀ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਤੇ ਦੋਵੇਂ ਪਾਸੇ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਸਲਿਪ ਰੋਡ ਬਣਾਈ ਜਾਵੇ ਅਤੇ ਆਟੋ ਚਾਲਕਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣਾ ਵਾਹਨ ਇਸ ਸਲਿਪ ਰੋਡ ਤੇ ਹੀ ਚਲਾਉਣ ਤਾਂ ਜੋ ਉਹਨਾਂ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ। ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਕਰਨ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਸ ਲਈ ਸ਼ਹਿਰ ਦੀਆਂ ਤਮਾਮ ਮੁੱਖ ਸੜਕਾਂ ਦੇ ਕਿਨਾਰੇ ਇਹਨਾਂ ਆਟੋ ਰਿਕਸ਼ਿਆਂ ਜਾਂ ਜਨਤਕ ਆਵਾਜਾਈ ਲਈ ਵਰਤੋਂ ਵਿੱਚ ਆਉਣ ਵਾਲੇ ਹੋਰਨਾਂ ਵਾਹਨਾਂ ਲਈ ਵੱਖਰੀ ਲੇਨ ਦਾ ਪ੍ਰਬੰਧ ਕਰਕੇ ਇਸ ਗੱਲ ਨੂੰ ਯਕੀਨੀ ਕਰੇ ਕਿ ਇਹ ਆਟੋ ਰਿਕਸ਼ੇ ਵੱਖਰੀ ਲੇਨ ਵਿੱਚ ਹੀ ਚਲਣ ਤਾਂ ਜੋ ਇਹਨਾਂ ਵਾਹਨਾਂ ਦੇ ਚਾਲਕਾਂ ਵਲੋਂ ਸੜਕਾਂ ਤੇ ਕੀਤੀਆਂ ਜਾਂਦੀਆਂ ਆਪਹੁਦਰੀਆਂ ਕਾਰਣ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਨਾ ਕਰਨਾ ਪਵੇ।
Editorial
ਫੋਕੇ ਦਾਅਵਿਆਂ ਅਤੇ ਇਸ਼ਤਿਹਾਰਬਾਜੀ ਨਾਲ ਹਲ ਨਹੀਂ ਹੁੰਦੇ ਲੋਕਾਂ ਦੇ ਲਮਕਦੇ ਮਸਲੇ
ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਪੰਜਾਬ ਦੀ ਸੱਤਾ ਤੇ ਕਾਬਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਮਾਂ ਚੱਲ ਰਿਹਾ ਹੈ ਅਤੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਭਾਵੇਂ ਮੁੱਖ ਮੰਤਰੀ ਸਮੇਤ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰੰਤੂ ਸੂਬੇ ਦੇ ਵਸਨੀਕ ਸਰਕਾਰ ਦੀ ਹੁਣ ਤੱਕ ਦੀ ਕਾਰਗੁਜਾਰੀ ਤੋਂ ਕਾਫੀ ਹੱਦ ਤਕ ਅਸੰਤੁਸ਼ਟ ਦਿਖਦੇ ਹਨ ਅਤੇ ਆਮ ਲੋਕਾਂ ਨੂੰ ਮੌਜੂਦਾ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਨਜਰ ਨਹੀਂ ਆਉਂਦਾ।
ਇਹ ਗੱਲ ਹੋਰ ਹੈ ਕਿ ਆਪ ਸਰਕਾਰ ਵਲੋਂ ਇਸ ਦੌਰਾਨ ਪੰਜਾਬ ਭਰ ਵਿੱਚ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਵੱਡੇ ਹੋਰਡਿੰਗ ਲਗਾ ਕੇ ਸਰਕਾਰ ਦੇ ਦਾਅਵਿਆਂ ਦੇ ਸੋਹਲੇ ਜਰੂਰ ਗਾਏ ਜਾਂਦੇ ਰਹੇ ਹਨ ਅਤੇ ਸਾਡੇ ਸ਼ਹਿਰ ਵਿੱਚ ਵੀ ਹਰ ਚੌਂਕ ਅਤੇ ਟ੍ਰੈਫਿਕ ਲਾਈਟਾਂ ਤੇ ਅਜਿਹੇ ਵੱਡ ਆਕਾਰੀ ਬੋਰਡ ਅਤੇ ਹੋਰਡਿੰਗ ਦਿਖ ਜਾਂਦੇ ਹਨ, ਪਰੰਤੂ ਜੇਕਰ ਇਸ ਬਾਰੇ ਆਮ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਲੋਕ ਸਰਕਾਰ ਦੇ ਇਹਨਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੰਦੇ ਹਨ। ਵੱਡੀ ਗਿਣਤੀ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਸ ਸਰਕਾਰ ਦੀ ਕਾਰਗੁਜਾਰੀ ਵੀ ਪਹਿਲੀਆਂ ਸਰਕਾਰਾਂ ਵਰਗੀ ਹੀ ਹੈ ਜਿੱਥੇ ਆਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਹਸਿਲ ਕਰਨ ਲਈ ਬੁਰੀ ਤਰ੍ਹਾਂ ਖੁੱਜਲ ਖੁਆਰ ਹੋਣਾ ਪੈਂਦਾ ਹੈ। ਇਸ ਸੰਬੰਧੀ ਵਿਰੋਧੀ ਪਾਰਟੀਆਂ ਦੇ ਆਗੂ ਵੀ ਦੋਸ਼ ਲਗਾਉਂਦੇ ਹਨ ਸੱਤਾਧਾਰੀ ਆਗੂਆਂ ਨੂੰ ਆਮ ਲੋਕਾਂ ਦੇ ਮਸਲੇ ਨਜਰ ਨਹੀਂ ਆਉਂਦੇ, ਬਲਕਿ ਉਹ ਤਾਂ ਮੁੱਖ ਮੰਤਰੀ ਦੇ ਵੱਡੇ ਵੱਡੇ ਬੋਰਡ ਅਤੇ ਬੈਨਰ ਲਗਾ ਕੇ ਆਪਣੇ ਹੱਥ ਝਾੜ ਲੈਂਦੇ ਹਨ।
ਹਾਲਾਂਕਿ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡ ਲਗਾਉਣ ਅਤੇ ਵੱਡੇ ਪੱਧਰ ਤੇ ਇਸ਼ਤਿਹਾਰਬਾਜੀ ਕਰਨ ਵਾਲੀ ਇਹ ਪਹਿਲੀ ਸਰਕਾਰ ਨਹੀਂ ਹੈ ਬਲਕਿ ਇਸਤੋਂ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡ ਅਤੇ ਇਸ਼ਤਿਹਾਰ ਆਮ ਛਪਿਆ ਕਰਦੇ ਸੀ। ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਰਕਾਰੀ ਦਾਅਵਿਆਂ ਬਾਰੇ ਕੀਤੀ ਜਾਂਦੀ ਇਸ਼ਤਿਹਾਰਬਾਜੀ ਲਈ ਸੂਬੇ ਦੇ ਮੁੱਖ ਮੰਤਰੀ ਦੀ ਫੋਟੋ ਵਾਲੇ ਬੋਰਡ ਅਤੇ ਇਸ਼ਤਿਹਾਰ ਲਗਾਉਣ ਦਾ ਇਹ ਅਮਲ ਬਹੁਤ ਸਾਲਾਂ ਤੋਂ ਚਲਦਾ ਆ ਰਿਹਾ ਹੈ ਅਤੇ ਸੱਤਾਧਾਰੀਆਂ ਵਲੋਂ ਇਸ ਤਰੀਕੇ ਨਾਲ ਲੰਬੇ ਸਮੇਂ ਤੋਂ ਸਰਕਾਰੀ ਪੈਸੇ ਦੇ ਜੋਰ ਤੇ ਆਪਣਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ।
ਇਸ ਸੰਬੰਧੀ ਲੋਕ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੇ ਤਾਂ ਬਦਲਾਅ ਦੇ ਨਾਹਰੇ ਅਤੇ ਲੋਕਾਂ ਦੇ ਮਸਲੇ ਹਲ ਕਰਨ ਦੇ ਵਾਇਦਿਆਂ ਨਾਲ ਪੰਜਾਬ ਦੀ ਸੱਤਾ ਸੰਭਾਲੀ ਸੀ ਅਤੇ ਲੋਕਾਂ ਨੇ ਉਸਦੇ ਦਾਅਵਿਆਂ ਅਤੇ ਵਾਇਦਿਆਂ ਤੇ ਭਰੋਸਾ ਕਰਕੇ ਹੀ ਉਸਨੂੰ ਸੱਤਾ ਤੇ ਬਿਠਾਇਆ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਲੋਂ ਇਸ ਤਰੀਕੇ ਨਾਲ ਮੁੱਖ ਮੰਤਰੀ ਦੀਆਂ ਫੋਟੋਆਂ ਰਾਹੀਂ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਆਮ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਹਾ ਕਰਦੇ ਸੀ, ਇਸ਼ਤਿਹਾਰਬਾਜੀ ਦੀ ਇਸ ਹੋੜ ਵਿੱਚ ਹੋਰਨਾਂ ਪਾਰਟੀਆਂ ਨੂੰ ਬਹੁਤ ਪਿੱਛੇ ਛੱਡ ਗਏ ਹਨ। ਲੋਕ ਅਕਸਰ ਸਵਾਲ ਕਰਦੇ ਹਨ ਕਿ ਬਦਲਾਅ ਦਾ ਨਾਹਰਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਮਸਲੇ ਹਲ ਕਰਨ ਲਈ ਕੰਮ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਪ੍ਰਚਾਰ ਦੇ ਰਾਹ ਕਿਉਂ ਪੈ ਗਈ ਹੈ।
ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਲਗਾਤਾਰ ਮਹਿੰਗੀ ਹੁੰਦੀ ਸਿਖਿਆ ਅਤੇ ਮਹਿੰਗਾ ਇਲਾਜ ਪੰਜਾਬੀਆਂ ਦੇ ਮੁੱਖ ਮਸਲੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਪੰਜਾਬ ਸਰਕਾਰ ਵਲੋਂ ਭਾਵੇਂ ਥਾਂ ਥਾਂ ਤੇ ਵੱਡੇ ਬੈਨਰ ਅਤੇ ਹੋਰਡਿੰਗ ਲਗਾ ਕੇ ਵੱਡੇ ਵੱਡੇ ਐਲਾਨ (ਅਤੇ ਦਾਅਵੇ) ਕੀਤੇ ਜਾ ਰਹੇ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਆਮ ਲੋਕਾਂ ਦੇ ਉਪਰੋਕਤ ਵੱਡੇ ਮਸਲੇ ਉਸੇ ਤਰ੍ਹਾਂ ਲਮਕ ਰਹੇ ਹਨ। ਮੌਜੂਦਾ ਸਰਕਾਰ ਦੀ ਕਾਰਗੁਜਾਰੀ ਵਿੱਚ ਵਿੱਚ ਇੰਨਾ ਫਰਕ ਜਰੂਰ ਹੈ ਕਿ ਇਸਨੇ ਆਪਣੇ ਦਾਅਵਿਆਂ ਵਿੱਚ ਇਹ ਸਾਰੇ ਮਸਲੇ ਹਲ ਕਰ ਦਿੱਤੇ ਹਨ ਜਦੋਂਕਿ ਸਰਕਾਰ ਦੇ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਹਨ ਅਤੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਹਲ ਲਈ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਸੱਤਾਧਾਰੀ ਆਗੂ ਜੇਕਰ ਇਹ ਸਮਝਦੇ ਹਨ ਕਿ ਉਹ ਆਪਣੇ ਇਹਨਾਂ ਫੋਕੇ ਦਾਅਵਿਆਂ ਅਤੇ ਝੂਠੇ ਐਲਾਨਾਂ ਦਾ ਪ੍ਰਚਾਰ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਸਕਦੇ ਹਨ, ਤਾਂ ਇਸਨੂੰ ਸੱਤਾਧਾਰੀਆਂ ਦੀ ਖੁਸ਼ਫਹਿਮੀ ਹੀ ਕਿਹਾ ਜਾ ਸਕਦਾ ਹੈ ਅਤੇ ਅਜਿਹੇ ਦਾਅਵਿਆਂ ਨਾਲ ਉਹ ਆਮ ਜਨਤਾ ਨੂੰ ਧੋਖਾ ਨਹੀਂ ਦੇ ਸਕਦੇ। ਵੱਡੇ ਬੋਰਡਾਂ ਅਤੇ ਬੈਨਰਾਂ ਤੇ ਆਪਣੀ ਫੋਟੋ ਲਗਾ ਕੇ ਮੁੱਖ ਮੰਤਰੀ ਖੁਦ ਨੂੰ ਤਾਂ ਖੁਸ਼ ਕਰ ਸਕਦੇ ਹਨ ਪਰੰਤੂ ਜਨਤਾ ਦੀ ਤਸੱਲੀ ਲਈ ਤਾਂ ਅਸਲ ਵਿੱਚ ਕੰਮ ਕਰਕੇ ਵਿਖਾਉਣਾ ਹੀ ਪੈਣਾ ਹੈ ਇਸ ਲਈ ਸਰਕਾਰ ਨੂੰ ਆਮ ਲੋਕਾਂ ਦੀ ਭਲਾਈ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
Editorial
ਸਿੱਖਾਂ ਦੀ ਸੁਰੱਖਿਆ ਲਈ ਦੇਸ਼ ਵਿਦੇਸ਼ ਵਿੱਚ ਉਪਰਾਲੇ ਕਰਨ ਦੀ ਲੋੜ
ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਅਤੇ ਵਿਕਸਤ ਮੁਲਕ ਕਹਾਉਣ ਵਾਲੇ ਬਰਤਾਨੀਆ ਵਿੱਚ ਇੱਕ ਗ੍ਰੰਥੀ ਸਿੰਘ ਉਪਰ ਗੋਰਿਆਂ ਵੱਲੋਂ ਹਮਲਾ ਕਰਨ ਦੀ ਖਬਰ ਆਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਰਤਾਨੀਆ ਵਿੱਚ ਅੱਜਕੱਲ੍ਹ ਸਿੱਖਾਂ ਵਿਰੁੱਧ ਮਾਹੌਲ ਬਣਾਉਣ ਲਈ ਕੁਝ ਸ਼ਕਤੀਆਂ ਸਰਗਰਮ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇੱਕ ਸਿੱਖ ਨੌਜਵਾਨ ਵੱਲੋਂ ਕਿਰਪਾਨ ਜਾਂ ਖੰਜਰ ਨਾਲ ਕੁਝ ਦਿਨ ਪਹਿਲਾਂ ਇੱਕ ਗੋਰੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਤੋਂ ਬਾਅਦ ਪੂਰੇ ਬਰਤਾਨੀਆ ਵਿੱਚ ਸਿੱਖਾਂ ਵਿਰੁੱਧ ਮਾਹੌਲ ਬਣਨਾ ਸ਼ੁਰੂ ਹੋ ਗਿਆ ਅਤੇ ਉਥੋਂ ਦੇ ਕਈ ਸਿਆਸੀ ਆਗੂਆਂ ਵੱਲੋਂ ਸਿੱਖਾਂ ਦੀ ਗਾਤਰੇ ਵਾਲੀ ਕਿਰਪਾਨ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾਣ ਲੱਗੀ। ਇਹ ਮਾਮਲਾ ਬਰਤਾਨੀਆ ਦੀ ਸੰਸਦ ਵਿੱਚ ਵੀ ਉਠਿਆ ਅਤੇ ਬਰਤਾਨੀਆ ਦੇ ਸਿੱਖ ਸੰਸਦ ਮੈਂਬਰਾਂ ਵੱਲੋਂ ਕਿਰਪਾਨ ਦੇ ਹੱਕ ਵਿੱਚ ਆਵਾਜ਼ ਉਠਾਈ ਗਈ।
ਇਸ ਤੋਂ ਪਹਿਲਾਂ ਵੀ ਬਰਤਾਨੀਆ ਅਤੇ ਹੋਰ ਮੁਲਕਾਂ ਵਿੱਚ ਸਿੱਖਾਂ ਉਪਰ ਹਮਲਿਆਂ ਦੀ ਵਾਰਦਾਤਾਂ ਵਾਪਰ ਚੁੱਕੀਆਂ ਹਨ। ਵਿਸ਼ਵ ਸ਼ਕਤੀ ਅਮਰੀਕਾ ਵਿੱਚ ਵੀ ਕਈ ਵਾਰ ਸਿੱਖਾਂ ਉਪਰ ਹਮਲਿਆਂ ਦੀ ਵਾਰਦਾਤਾਂ ਵਾਪਰ ਚੁੱਕੀਆਂ ਹਨ, ਇਸ ਦਾ ਕਾਰਨ ਇਹ ਹੈ ਕਿ ਗੋਰੇ ਲੋਕ ਅਕਸਰ ਸਿੱਖਾਂ ਨੂੰ ਮੁਸਲਮਾਨ ਸਮਝ ਲੈਂਦੇ ਹਨ। ਅਮਰੀਕਾ ਉਪਰ ਅੱਤਵਾਦੀਆਂ ਵੱਲੋਂ ਕੀਤੇ ਗਏ 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਉਪਰ ਹਮਲੇ ਹੋਣ ਦੀਆਂ ਘਟਨਾਵਾਂ ਵੱਧ ਗਈਆਂ ਸਨ।
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਭਾਰਤ ਵਿੱਚ ਵੀ ਸੁਰੱਖਿਅਤ ਨਹੀਂ ਹਨ। ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਅਕਸਰ ਸਿੱਖਾਂ ਉਪਰ ਹਮਲਿਆਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਹਿਮਾਚਲ ਪ੍ਰਦੇਸ਼ ਦੀ ਇੱਕ ਵੀਡੀਓ ਸ਼ੋਸਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਸਿੱਖ ਨੌਜਵਾਨ ਨੂੰ ਉਥੋਂ ਦੇ ਵਸਨੀਕਾਂ ਵੱਲੋਂ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਉਪਰ ਹਮਲਿਆਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।
ਦੁੱਖ ਦੀ ਗੱਲ ਇਹ ਹੈ ਕਿ ਜਦੋਂ ਹਿਮਾਚਲ ਪ੍ਰਦੇਸ਼ ਦੇ ਮੂਲ ਵਸਨੀਕ ਸਿੱਖਾਂ ਉਪਰ ਹਮਲਾ ਕਰਦੇ ਹਨ ਤਾਂ ਉਥੋਂ ਦੀ ਪੁਲੀਸ ਮੂੁਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ ਜਾਂ ਹਿਮਾਚਲੀਆਂ ਦਾ ਸਾਥ ਦਿੰਦੀ ਹੈ। ਜੇ ਸਿੱਖ ਆਪਣੀ ਸੁਰੱਖਿਆ ਲਈ ਕੁਝ ਕਰਦੇ ਹਨ ਤਾਂ ਹਿਮਾਚਲ ਪ੍ਰਦੇਸ਼ ਦੀ ਪੁਲੀਸ ਤੁਰੰਤ ਹਰਕਤ ਵਿੱਚ ਆ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਵਿੱਚ ਲੈ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਤੋਂ ਹਰ ਦਿਨ ਖ਼ਬਰਾਂ ਆਉਂਦੀਆਂ ਹਨ ਕਿ ਉਥੋਂ ਦੀ ਪੁਲੀਸ ਅਤੇ ਉਥੋਂ ਦੇ ਵਸਨੀਕਾਂ ਵੱਲੋਂ ਸਿੱਖਾਂ ਦੇ ਧਾਰਮਿਕ ਝੰਡਿਆਂ ਅਤੇ ਧਾਰਮਿਕ ਤਸਵੀਰਾਂ ਨੂੰ ਜਬਰਦਸਤੀ ਉਤਾਰ ਦਿੱਤਾ ਜਾਂਦਾ ਹੈ ਅਤੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਵੱਲੋਂ ਸਿੱਖ ਵਾਹਨ ਚਾਲਕਾਂ ਦੇ ਜਬਰਦਸਤੀ ਚਾਲਾਨ ਵੀ ਕੱਟੇ ਜਾਂਦੇ ਹਨ।
ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਪਰਵਾਸੀ ਮਜਦੂਰਾਂ ਅਤੇ ਹੋਰਨਾਂ ਲੋਕਾਂ ਵੱਲੋਂ ਅਕਸਰ ਸਿੱਖਾਂ ਦੀ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਹਨ ਅਤੇ ਇਹ ਖਬਰਾਂ ਮੀਡੀਆ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਅੱਜਕੱਲ੍ਹ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਹਰਿਆਣਾ ਦੇ ਗੁੜਗਾਓਂ ਦੀ ਦਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸਿੱਖ ਟਰੱਕ ਚਾਲਕ ਨੂੰ ਪ੍ਰਾਈਵੇਟ ਬੱਸ ਦੇ ਵਿਅਕਤੀ ਡਰਾ ਧਮਕਾ ਰਹੇ ਹਨ ਅਤੇ ਉਸ ਦੇ ਟਰੱਕ ਦੇ ਸ਼ੀਸ਼ੇ ਭੰਨ ਦਿੰਦੇ ਹਨ। ਇਹ ਸਿੱਖ ਚਾਲਕ ਅਚਾਨਕ ਹੀ ਹੱਥ ਵਿੱਚ ਕਿਰਪਾਨ ਲੈ ਕੇ ਉਤਰਦਾ ਹੈ ਅਤੇ ਆਪਣੇ ਉਪਰ ਹਮਲਾ ਕਰਨ ਵਾਲਿਆਂ ਨੂੰ ਭਜਾਉਂਦਾ ਹੈ। ਇਸ ਸਿੱਖ ਚਾਲਕ ਦੇ ਹੱਥ ਵਿੱਚ ਕਿਰਪਾਨ ਵੇਖ ਕੇ ਅਤੇ ਉਸ ਨੂੰ ਇਸ ਨੂੰ ਲਹਿਰਾਉਂਦਿਆਂ ਵੇਖ ਕੇ ਇਸ ਸਿੱਖ ਟਰੱਕ ਚਾਲਕ ਨੂੰ ਡਰਾਉਣ ਧਮਕਾਉਣ ਅਤੇ ਕੁੱਟਮਾਰ ਦਾ ਯਤਨ ਕਰਨ ਵਾਲੇ ਵਿਅਕਤੀ ਤੁਰੰਤ ਉਥੋਂ ਦੌੜ ਜਾਂਦੇ ਹਨ ਅਤੇ ਨੇੜਲੀਆਂ ਦੁਕਾਨਾਂ ਅੰਦਰ ਜਾ ਕੇ ਦੁਕਾਨਾਂ ਦੇ ਸ਼ਟਰ ਸੁੱਟ ਲੈਂਦੇ ਹਨ।
ਇਹ ਸਿੱਖ ਟਰੱਕ ਚਾਲਕ ਕਿਰਪਾਨ ਨਾਲ ਸਿਰਫ਼ ਆਪਣਾ ਬਚਾਓ ਕਰਦਾ ਹੈ ਅਤੇ ਹਮਲਾ ਕਰਨ ਵਾਲਿਆਂ ਨੂੰ ਭਜਾਉਂਦਾ ਹੈ ਪਰ ਇਹ ਕਿਸੇ ਹਮਲਾਵਰ ਨੂੰ ਜਖ਼ਮੀ ਨਹੀਂ ਕਰਦਾ। ਇਸ ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਜਦੋਂ ਇਸ ਟਰੱਕ ਚਾਲਕ ਦੇ ਟਰੱਕ ਦੇ ਸ਼ੀਸ਼ੇ ਹਮਲਾਵਰਾਂ ਵੱਲੋਂ ਭੰਨੇ ਜਾ ਰਹੇ ਸਨ ਅਤੇ ਟਰੱਕ ਡਰਾਇਵਰ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਸਨ ਤਾਂ ਮੌਕੇ ਤੇ ਮੌਜੂਦ ਪੁਲੀਸ ਮੁਲਾਜਮ ਮੂਕ ਦਰਸ਼ਕ ਬਣਕੇ ਖੜੇ ਰਹੇ ਪਰ ਜਦੋਂ ਸਿੱਖ ਟਰੱਕ ਚਾਲਕ ਨੇ ਕਿਰਪਾਨ ਲਹਿਰਾਈ ਤਾਂ ਪੁਲੀਸ ਮੁਲਾਜਮ ਉਸ ਟਰੱਕ ਚਾਲਕ ਨੂੰ ਪੁਲੀਸ ਕੋਲ ਆਤਮ ਸਮਰਪਣ ਕਰਨ ਲਈ ਕਹਿਣ ਲੱਗ ਪਏ।
ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਵਿਦੇਸ਼ ਵਿੱਚ ਸਿੱਖਾਂ ਉਪਰ ਜੋ ਹਮਲੇ ਹੋ ਰਹੇ ਹਨ ਉਹ ਚਿੰਤਾਜਨਕ ਹਨ। ਦੇਸ਼ ਵਿਦੇਸ਼ ਦੀਆਂ ਸਰਕਾਰਾਂ ਨੂੰ ਸਿੱਖਾਂ ਦੀ ਸੁਰੱਖਿਆ ਲਈ ਉਪਰਾਲੇ ਕਰਨੇ ਚਾਹੀਦੇ ਹਨ। ਗੁੜਗਾਓਂ ਦੀ ਘਟਨਾ ਇਹ ਸੰਦੇਸ਼ ਦਿੰਦੀ ਹੈ ਕਿ ਜੇ ਸਿੱਖਾਂ ਉੱਪਰ ਹਮਲੇ ਜਾਰੀ ਰਹੇ ਤਾਂ ਸਿੱਖ ਆਪਣੀ ਸੁਰੱਖਿਆ ਲਈ ਖੁਦ ਹਥਿਆਰ ਉਠਾਉਣਗੇ।
ਬਿਊਰੋ
Editorial
ਜਲਵਾਯੂ ਬਦਲਾਅ ਨਾਲ ਮੌਸਮ ਵਿੱਚ ਆ ਰਹੀ ਹੈ ਤਬਦੀਲੀ
ਅੱਜਕੱਲ੍ਹ ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿੱਚ ਇੱਕ ਪਾਸੇ ਤੇਜ਼ ਗਰਮੀ ਪੈ ਰਹੀ ਹੈ, ਦੂਜੇ ਪਾਸੇ ਕਈ ਵਾਰ ਬਰਸਾਤ ਵੀ ਪੈ ਰਹੀ ਹੈ। ਇਸ ਬਰਸਾਤ ਨੂੰ ਪ੍ਰੀ ਮਾਨਸੂਨ ਕਿਹਾ ਜਾ ਰਿਹਾ ਹੈ। ਪੰਜਾਬ ਦੇ ਕਈ ਬਜ਼ੁਰਗਾਂ ਨੂੰ ਜੇਠ ਮਹੀਨੇ ਬਰਸਾਤ ਪੈਂਦੀ ਵੇਖ ਕੇ ਹੈਰਾਨੀ ਹੁੰਦੀ ਹੈ, ਕਿਉਂਕਿ ਪਹਿਲੇ ਸਮੇਂ ਅਨੁਸਾਰ ਜੇਠ ਮਹੀਨੇ ਸਿਰਫ਼ ਗਰਮ ਲੂ ਚਲਦੀ ਸੀ ਅਤੇ ਤੇਜ਼ ਗਰਮੀ ਹੁੰਦੀ ਸੀ। ਉਸ ਸਮੇਂ ਜੇਠ ਮਹੀਨੇ ਮੀਂਹ ਨਹੀਂ ਸੀ ਪੈਂਦੇ ਪਰ ਕੁਝ ਸਾਲਾਂ ਤੋਂ ਮੌਸਮ ਵਿੱਚ ਬਦਲਾਅ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਜੇਠ ਮਹੀਨੇ ਦੌਰਾਨ ਮੀਂਹ ਵੀ ਪੈ ਰਿਹਾ ਹੈ।
ਮੌਸਮ ਵਿਗਿਆਨੀਆਂ ਵੱਲੋਂ ਇਸ ਬਦਲਾਅ ਨੂੰ ਜਲਵਾਯੂ ਤਬਦੀਲੀ ਕਿਹਾ ਜਾ ਰਿਹਾ ਹੈ। ਮੌਸਮ ਵਿਗਿਆਨੀਆਂ ਵੱਲੋਂ ਜਲਵਾਯੂ ਤਬਦੀਲੀ ਦਾ ਵੱਡਾ ਕਾਰਨ ਲਗਾਤਾਰ ਵੱਧ ਰਹੇ ਪ੍ਰਦੂਸ਼ਨ ਨੂੰ ਦੱਸਿਆ ਜਾ ਰਿਹਾ ਹੈ। ਮੌਸਮ ਵਿਗਿਆਨੀ ਕਹਿੰਦੇ ਹਨ ਕਿ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਦੇਸ਼ਾਂ ਦੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਹੀ ਹੈ। ਭਾਰਤੀ ਮੌਸਮ ਵਿਗਿਆਨ ਨੇ ਬੀਤੇ ਸਾਲਾਂ ਦੌਰਾਨ ਕਾਫ਼ੀ ਤਰੱਕੀ ਕੀਤੀ ਹੈ ਅਤੇ ਇਸ ਦੇ ਅੰਕੜੇ ਅਤੇ ਅਨੁਮਾਨ ਵੀ ਸਹੀ ਸਾਬਿਤ ਹੋ ਰਹੇ ਹਨ।
ਮਾਨਸੂਨ ਅਤੇ ਮੀਂਹ ਦੀ ਭਵਿੱਖਬਾਣੀ ਲਈ ਮੌਸਮ ਵਿਭਾਗ ਕਈ ਤਰ੍ਹਾਂ ਦੇ ਅੰਕੜਿਆਂ ਤੇ ਨਿਰਭਰ ਕਰਦਾ ਹੈ। ਇਸ ਦੇ ਲਈ ਉਹ ਮੌਸਮ ਦੀ ਜਾਣਕਾਰੀ ਦੇਣ ਵਾਲੇ ਇਨਸੈਟ ਸੈਟੇਲਾਈਟ ਦੇ ਡੇਟਾ ਦੀ ਵਿਸ਼ੇਸ਼ ਵਰਤੋਂ ਕਰਦਾ ਹੈ। ਇਨ੍ਹਾਂ ਉਪਗ੍ਰਿਹਾਂ ਨੂੰ ਧਰਤੀ ਦੇ ਜੀਓਸਿੰਕ੍ਰੋਨਸ ਆਰਬਿਟ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਅੰਕੜਿਆਂ ਦੀ ਮਦਦ ਨਾਲ ਵਿਗਿਆਨੀ ਬੱਦਲਾਂ ਦੀ ਗਤੀਵਿਧੀ, ਉਨ੍ਹਾਂ ਦੇ ਤਾਪਮਾਨ, ਭਾਫ਼ ਦੀ ਮਾਤਰਾ ਆਦਿ ਤੇ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਦੀ ਜਾਣਕਾਰੀ ਇਕੱਠੀ ਕਰਦੇ ਹਨ। ਇਨ੍ਹਾਂ ਸਾਰੇ ਅੰਕੜਿਆਂ ਤੋਂ ਮਾਨਸੂਨ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਪਰ ਇਹ ਸਾਰੀ ਜਾਣਕਾਰੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਪ੍ਰਭਾਵਿਤ ਹੁੰਦੀ ਹੈ। ਇਸ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਹਿੰਦ ਅਤੇ ਪ੍ਰਸ਼ਾਂਤ ਮਹਾਂਸਾਗਰਾਂ ਦੀਆਂ ਧਾਰਾਵਾਂ ਵਿੱਚ ਬਦਲਾਅ, ਪੱਛਮੀ ਗੜਬੜੀ, ਜਲਵਾਯੂ ਤਬਦੀਲੀ, ਗਲੋਬਲ ਵਾਰਮਿੰਗ ਆਦਿ ਹਨ।
ਮੌਸਮ ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਜਲਵਾਯੂ ਤਬਦੀਲੀ ਇਸ ਕਦਰ ਹੋ ਚੁੱਕੀ ਹੈ ਕਿ ਹੁਣ ਮੌਸਮ ਬਹੁਤ ਤੇਜੀ ਨਾਲ ਕਰਵਟ ਲੈਂਦਾ ਹੈ। ਸਰਦੀ ਦੀ ਰੁੱਤ ਤੋਂ ਬਾਅਦ ਇੱਕਦਮ ਗਰਮੀ ਆ ਜਾਂਦੀ ਹੈ ਅਤੇ ਗਰਮੀ ਦੀ ਰੁੱਤ ਤੋਂ ਬਾਅਦ ਇੱਕ ਦਮ ਸਰਦੀ ਆ ਜਾਂਦੀ ਹੈ। ਦੋ ਰੁੱਤਾਂ ਦੇ ਬਦਲਣ ਅਤੇ ਮੇਲ ਦਾ ਸਮਾਂ ਖਤਮ ਹੁੰਦਾ ਜਾ ਰਿਹਾ ਹੈ। ਮੌਸਮ ਕਦੇ ਅਚਾਨਕ ਸੁਹਾਵਣਾ ਹੋ ਜਾਂਦਾ ਹੈ ਅਤੇ ਕਦੇ ਅਚਾਨਕ ਖਰਾਬ ਹੋ ਜਾਂਦਾ ਹੈ। ਕਦੇ ਪੂਰੀ ਤੇਜ਼ ਗਰਮੀ ਹੋ ਜਾਂਦੀ ਹੈ ਅਤੇ ਕਦੇ ਤੇਜ਼ ਹਨੇਰੀ ਨਾਲ ਮੀਂਹ ਤੇ ਗੜੇਮਾਰੀ ਹੋਣ ਲੱਗਦੀ ਹੈ। ਮੀਂਹ ਪੈਣ ਤੋਂ ਬਾਅਦ ਇੱਕਦਮ ਹੁੰਮਸ ਹੋ ਜਾਂਦੀ ਹੈ, ਜਿਸ ਕਾਰਨ ਅਨੇਕਾਂ ਲੋਕ ਪ੍ਰੇਸ਼ਾਨ ਹੁੰਦੇ ਹਨ।
ਮਾਹਿਰ ਕਹਿੰਦੇ ਹਨ ਕਿ ਨਿੱਤ ਦਿਨ ਬਦਲਦੇ ਮੌਸਮ ਕਾਰਨ ਆਮ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਕਸਰ ਗਰਮੀ ਤੋਂ ਬਚਾਓ ਲਈ ਲੋਕ ਏਅਰ ਕੰਡੀਸਨਰ ਦੀ ਵਰਤੋ ਕਰਦੇ ਹਨ। ਜਦੋਂ ਕੁਝ ਲੋਕ ਤੇਜ਼ ਗਰਮੀ ਅਤੇ ਤੇਜ਼ ਧੁੱਪ ਵਿਚੋਂ ਆਕੇ ਏਅਰਕੰਡੀਸ਼ਨ ਦੀ ਠੰਡੀ ਹਵਾ ਵਿੱਚ ਬੈਠ ਦੇ ਹਨ ਤਾਂ ਉਹਨਾਂ ਦੇ ਗਰਮ ਸਰਦ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਅੱਜਕੱਲ ਤੇਜ਼ ਗਰਮੀ ਦੇ ਮੌਸਮ ਵਿੱਚ ਜਦੋਂ ਇੱਕ ਦਮ ਬਰਸਾਤ ਪੈਂਦੀ ਹੈ ਤਾਂ ਮੌਸਮ ਸੁਹਾਵਣਾ ਹੋ ਜਾਂਦਾ ਹੈ ਅਤੇ ਇਸ ਸੁਹਾਵਣੇ ਮੌਸਮ ਦਾ ਆਨੰਦ ਹਰ ਉਮਰ ਵਰਗ ਦੇ ਲੋਕ ਮਾਣਦੇ ਹਨ।
ਜਲਵਾਯੂ ਤਬਦੀਲੀ ਨੂੰ ਰੋਕਣ ਲਈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਪ੍ਰਦੂਸ਼ਨ ਨੂੰ ਘੱਟ ਕਰੇ ਅਤੇ ਕੁਦਰਤ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਇਸ ਲਈ ਸਾਨੁੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਚੁੱਕਣੀ ਚਾਹੀਦੀ ਹੈ।
ਬਿਊਰੋ
-
Chandigarh2 months agoਪੰਜਾਬ ਨੇ ਸਰਹੱਦੀ ਇਲਾਕਿਆਂ ਵਿੱਚ 585 ਸਥਾਨਾਂ ਤੇ 2291 ਤੋਂ ਵੱਧ ਸੀ ਸੀ ਟੀ ਵੀ ਕੈਮਰੇ ਲਗਾਏ
-
International2 months ago2 ਰੇਲ ਗੱਡੀਆਂ ਦੀ ਟੱਕਰ ਕਾਰਨ 14 ਯਾਤਰੀਆਂ ਦੀ ਮੌਤ, 38 ਜ਼ਖਮੀ
-
Mohali2 months agoਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੀ ਚੋਣ ਦੌਰਾਨ ਰਾਜਵਿੰਦਰ ਸਿੰਘ ਸਰਾਓ ਨੂੰ ਸਰਬ-ਸੰਮਤੀ ਨਾਲ ਚੁਣਿਆ ਪ੍ਰਧਾਨ
-
Editorial2 months agoਕਿਸੇ ਵੀ ਸਿਆਸੀ ਪਾਰਟੀ ਲਈ ਸੌਖਾ ਨਹੀਂ ਹੈ ਪੰਜਾਬ ਨੂੰ ਜਿੱਤਣਾ
-
National4 weeks ago
ਮੰਦਰ ਐਲਾਨੇ ਜਾਣ ਤੋਂ ਬਾਅਦ ਭੋਜਸ਼ਾਲਾ ਵਿੱਚ ਸ਼ਰਧਾਲੂਆਂ ਦੀ ਭੀੜ ਵਧੀ, ਸਥਿਤੀ ਸ਼ਾਂਤੀਪੂਰਨ
-
Editorial2 months ago
ਦੇਸ਼ ਵਿਦੇਸ਼ ਵਿੱਚ ਲਗਾਤਾਰ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ ਸਿੱਖ
-
Editorial1 month agoਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਰਾਜਨੀਤੀ ਵਿੱਚ ਆਉਣ ਬਾਰੇ ਛਿੜੀ ਚਰਚਾ
-
Mohali2 months agoਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ
