Connect with us

National

ਡਬਲ ਡੈਕਰ ਬੱਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

ਮੇਰਠ, 26 ਜੂਨ (ਸ.ਬ.) ਜੈਪੁਰ ਤੋਂ ਹਰਿਦੁਆਰ ਜਾ ਰਹੀ ਰਾਜਸਥਾਨ ਰੋਡਵੇਜ਼ ਦੀ ਡਬਲ ਡੈਕਰ ਬੱਸ ਨੂੰ ਸਕੌਤੀ ਦੇ ਕੋਲ ਦਾਦਰੀ ਦੇ ਸਾਹਮਣੇ ਦੂਨ ਹਾਈਵੇਅ ਤੇ ਅੱਗ ਲੱਗ ਗਈ। ਬੱਸ ਵਿੱਚ ਇੱਕ ਬੱਚੇ ਸਮੇਤ 26 ਸਵਾਰੀਆਂ ਮੌਜੂਦ ਸਨ। ਬੱਸ ਚਾਲਕ ਅਤੇ ਕੰਡਕਟਰ ਨੇ ਅੱਗ ਲੱਗਣ ਦਾ ਪਤਾ ਲਗਦਿਆਂ ਹੀ ਸਵਾਰੀਆਂ ਨੂੰ ਤੇਜ਼ੀ ਨਾਲ ਬੱਸ ਵਿੱਚੋਂ ਹੇਠਾਂ ਉਤਾਰਿਆ। ਉਦੋਂ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਬੱਸ ਸੜ ਕੇ ਸੁਆਹ ਹੋ ਗਈ।

ਮੇਰਠ ਤੋਂ ਚਾਰ ਅਤੇ ਮੁਜ਼ੱਫਰਨਗਰ ਤੋਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਜਦੋਂ ਤੱਕ ਅੱਗ ਬੁੱਝੀ, ਬੱਸ ਸਿਰਫ਼ ਲੋਹੇ ਦਾ ਇੱਕ ਢਾਂਚਾ ਹੀ ਰਹਿ ਗਈ ਸੀ। ਇਸ ਦੌਰਾਨ ਹਾਈਵੇਅ ਤੇ ਜਾਮ ਵੀ ਲੱਗ ਗਿਆ, ਜਿਸ ਨੂੰ ਦੌਰਾਲਾ ਪੁਲੀਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਖੁਲ੍ਹਵਾਇਆ।

ਰਾਜਸਥਾਨ ਦੇ ਜੈਪੁਰ ਨਿਵਾਸੀ ਬੱਸ ਡਰਾਈਵਰ ਰਾਜੇਂਦਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਜੈਪੁਰ ਤੋਂ ਹਰਿਦੁਆਰ ਲਈ ਰਾਜਸਥਾਨ ਰੋਡਵੇਜ਼ ਦੀ ਡਬਲ ਡੈਕਰ ਬੱਸ ਲੈ ਕੇ ਚੱਲਿਆ ਸੀ। ਬੱਸ ਵਿੱਚ ਜੈਪੁਰ ਤੋਂ 26 ਸਵਾਰੀਆਂ ਬੈਠੀਆਂ ਸਨ, ਜਿਨ੍ਹਾਂ ਵਿੱਚ 8 ਔਰਤਾਂ, 17 ਮਰਦ ਅਤੇ ਇੱਕ ਬੱਚਾ ਸ਼ਾਮਲ ਸੀ।

ਬੱਸ ਜਿਵੇਂ ਹੀ ਦੂਨ ਹਾਈਵੇਅ ਤੇ ਦੌਰਾਲਾ ਖੇਤਰ ਦੇ ਦਾਦਰੀ ਪਿੰਡ ਦੇ ਕੋਲ ਪਹੁੰਚੀ, ਤਾਂ ਡਰਾਈਵਰ ਨੇ ਬੱਸ ਦੇ ਇੰਜਣ ਵਾਲੇ ਪਾਸੇ ਤੋਂ ਧੂੰਆਂ ਨਿਕਲਦਾ ਦੇਖਿਆ। ਉਦੋਂ ਹੀ ਡਰਾਈਵਰ ਨੇ ਸੂਝ-ਬੂਝ ਦਿਖਾਉਂਦੇ ਹੋਏ ਬੱਸ ਨੂੰ ਸੜਕ ਦੇ ਕਿਨਾਰੇ ਰੋਕ ਦਿੱਤਾ।

ਡਰਾਈਵਰ ਅਤੇ ਫਤਿਹਪੁਰ ਸੀਕਰੀ (ਰਾਜਸਥਾਨ) ਦੇ ਰਹਿਣ ਵਾਲੇ ਕੰਡਕਟਰ ਗਾਗੀਆ ਨੇ ਬੱਸ ਤੋਂ ਹੇਠਾਂ ਉਤਰ ਕੇ ਅੱਗੇ ਇੰਜਣ ਵੱਲ ਦੇਖਿਆ ਤਾਂ ਉਸ ਨੂੰ ਅੱਗ ਲੱਗ ਚੁੱਕੀ ਸੀ। ਉਦੋਂ ਹੀ ਦੋਵਾਂ ਨੇ ਅੱਗ ਲੱਗਣ ਦਾ ਰੌਲਾ ਪਾਉਂਦੇ ਹੋਏ ਸਵਾਰੀਆਂ ਨੂੰ ਹੇਠਾਂ ਉਤਾਰਿਆ। ਸਾਰੀਆਂ ਸਵਾਰੀਆਂ ਆਪਣਾ ਸਾਮਾਨ ਲੈ ਕੇ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਰ ਗਈਆਂ। ਥੋੜ੍ਹੀ ਹੀ ਦੇਰ ਵਿੱਚ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ।

112 ਦੀ ਸੂਚਨਾ ਤੇ ਦੌਰਾਲਾ ਥਾਣੇ ਦੇ ਇੰਸਪੈਕਟਰ ਸੁਮਨ ਕੁਮਾਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਉੱਥੇ ਹੀ ਸੂਚਨਾ ਮਿਲਣ ਤੇ ਮੇਰਠ ਦੇ ਸੀ.ਐਫ.ਓ. ਸੁਰੇਂਦਰ ਸਿੰਘ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਕਿਉਂਕਿ ਘਟਨਾ ਵਾਲੀ ਥਾਂ ਮੁਜ਼ੱਫਰਨਗਰ ਬਾਰਡਰ ਦੇ ਨੇੜੇ ਦਾਦਰੀ ਸੀ, ਇਸੇ ਕਰਕੇ ਮੁਜ਼ੱਫਰਨਗਰ ਤੋਂ ਵੀ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੱਦੀਆਂ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਸ ਦੀ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਪੂਰੀ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਬੱਸ ਡਰਾਈਵਰ ਨੇ ਫੋਨ ਕਰਕੇ ਆਪਣੇ ਰੋਡਵੇਜ਼ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ।

ਰਾਜਸਥਾਨ ਰੋਡਵੇਜ਼ ਦੀ ਡਬਲ ਡੈਕਰ ਬੱਸ ਵਿੱਚ ਮੁਢਲੀ ਜਾਂਚ ਮੁਤਾਬਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਸੀ। ਬੱਸ ਵਿੱਚ ਮੌਜੂਦ 26 ਸਵਾਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਸਾਰੀਆਂ ਸਵਾਰੀਆਂ ਹੋਰ ਵਾਹਨਾਂ ਰਾਹੀਂ ਉੱਥੋਂ ਚਲੀਆਂ ਗਈਆਂ। ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਹੈ।

Continue Reading

National

ਅਤੀਕ ਅਹਿਮਦ ਦੇ ਛੋਟੇ ਪੁੱਤਰ ਆਬਾਨ ਅਹਿਮਦ ਸਮੇਤ ਦੋ ਵਿਅਕਤੀਆਂ ਦੀ ਸੜਕ ਹਾਦਸੇ ਦੌਰਾਨ ਮੌਤ

Published

on

By

ਝਾਂਸੀ, 6 ਅਗਸਤ (ਸ.ਬ.) ਮਾਫ਼ੀਆ ਅਤੀਕ ਅਹਿਮਦ ਦੇ ਛੋਟੇ ਪੁੱਤਰ ਆਬਾਨ ਅਹਿਮਦ ਸਮੇਤ ਦੋ ਲੋਕਾਂ ਦੀ ਅੱਜ ਸਵੇਰੇ ਝਾਂਸੀ-ਕਾਨਪੁਰ ਹਾਈਵੇਅ ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਝਾਂਸੀ ਜੇਲ੍ਹ ਵਿੱਚ ਬੰਦ ਆਪਣੇ ਭਰਾ ਅਲੀ ਨੂੰ ਮਿਲਣ ਲਈ ਪ੍ਰਯਾਗਰਾਜ ਤੋਂ ਝਾਂਸੀ ਆ ਰਿਹਾ ਸੀ। ਹਾਦਸੇ ਵਿੱਚ ਕਾਰ ਸਵਾਰ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲੀਸ ਨੇ ਸਾਰੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਹੈ।

ਪ੍ਰਤੱਖਦਰਸ਼ੀਆਂ ਅਨੁਸਾਰ ਸਵੇਰੇ ਲਗਭਗ 10:30 ਵਜੇ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਝਾਂਸੀ-ਕਾਨਪੁਰ ਹਾਈਵੇਅ ਤੇ ਪ੍ਰਯਾਗਰਾਜ ਤੋਂ ਝਾਂਸੀ ਵੱਲ ਆ ਰਹੀ ਸੀ। ਪੂਛ ਥਾਣਾ ਖੇਤਰ ਦੇ ਖਿੱਲੀ ਪਿੰਡ ਨੇੜੇ ਅਚਾਨਕ ਇੱਕ ਪਸ਼ੂ ਸੜਕ ਤੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿੱਚ ਅਗਲੀ ਸੀਟ ਤੇ ਬੈਠੇ ਆਬਾਨ ਅਹਿਮਦ ਅਤੇ ਸੋਨੂ ਖਾਨ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਅਹਿਜਮ ਨਿਵਾਸੀ ਬਾਦਸ਼ਾਹੀ ਮੰਡੀ (ਪ੍ਰਯਾਗਰਾਜ), ਮੁਹੰਮਦ ਜ਼ੈਦ ਨਿਵਾਸੀ ਕੋਤਵਾਲੀ, ਉਮਰ ਅਹਿਮਦ ਨਿਵਾਸੀ ਪੂਰਾ ਮੁਫ਼ਤੀ ਜ਼ਖ਼ਮੀ ਹੋ ਗਏ। ਸਾਰੇ ਪ੍ਰਯਾਗਰਾਜ ਦੇ ਰਹਿਣ ਵਾਲੇ ਹਨ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਭੇਜਿਆ। ਐਸ.ਐਸ.ਪੀ. ਬੀ.ਬੀ.ਜੀ.ਟੀ.ਐਸ. ਮੂਰਤੀ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਮ੍ਰਿਤਕ ਦੀ ਪਛਾਣ ਅਤੀਕ ਅਹਿਮਦ ਦੇ ਪੁੱਤਰ ਆਬਾਨ ਅਹਿਮਦ ਵਜੋਂ ਹੋਈ ਹੈ।

Continue Reading

National

100 ਸਾਲ ਪੁਰਾਣਾ ਮਕਾਨ ਢਹਿਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

Published

on

By

ਪ੍ਰਤਾਪਗੜ੍ਹ, 6 ਅਗਸਤ (ਸ.ਬ.) ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਹੂਲੀ ਪਿੰਡ ਵਿੱਚ ਅੱਜ ਤੜਕੇ ਇੱਥੇ ਕਰੀਬ 100 ਸਾਲ ਪੁਰਾਣਾ ਇੱਕ ਖਸਤਾ ਹਾਲ ਮਕਾਨ ਅਚਾਨਕ ਡਿੱਗ ਗਿਆ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਪਰਿਵਾਰ ਦਾ ਸਿਰਫ਼ ਇੱਕ ਮੈਂਬਰ, 28 ਸਾਲਾ ਅਮਨ ਸ਼੍ਰੀਵਾਸਤਵ ਹੀ ਸੁਰੱਖਿਅਤ ਬਚ ਸਕਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਨਗਰ ਕੋਤਵਾਲੀ ਖੇਤਰ ਦੇ ਪਿੰਡ ਮਹੂਲੀ ਵਿੱਚ ਬੀਤੀ ਰਾਤ ਕਰੀਬ 2:00 ਵਜੇ ਵਾਪਰਿਆ। ਉਸ ਸਮੇਂ ਪਰਿਵਾਰ ਦੇ ਸਾਰੇ ਜੀਅ ਘਰ ਅੰਦਰ ਸੌਂ ਰਹੇ ਸਨ। ਮਕਾਨ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲੀਸ ਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਪੁਲੀਸ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਈ ਘੰਟਿਆਂ ਤੱਕ ਰੈਸਕਿਊ ਆਪ੍ਰੇਸ਼ਨ ਚਲਾਇਆ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ।

ਮਲਬੇ ਵਿੱਚੋਂ ਕੱਢੇ ਗਏ ਲੋਕਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 6 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਪ੍ਰਮੋਦ ਸ਼੍ਰੀਵਾਸਤਵ, ਰੀਤਾ ਸ਼੍ਰੀਵਾਸਤਵ, ਨਿਤਿਨ ਸ਼੍ਰੀਵਾਸਤਵ, ਮਾਧੁਰੀ ਸ਼੍ਰੀਵਾਸਤਵ, ਮਾਧਵ ਅਤੇ ਮਾਸੂਮ ਅਦਵਿਕ ਵਜੋਂ ਹੋਈ ਹੈ।

ਹਾਦਸੇ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਖਸਤਾ ਹਾਲ ਵਿੱਚ ਪਈਆਂ ਪੁਰਾਣੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਅਜਿਹੀਆਂ ਇਮਾਰਤਾਂ ਨੂੰ ਖਾਲੀ ਨਾ ਕਰਵਾਉਣ ਕਾਰਨ ਅਜਿਹੇ ਵੱਡੇ ਹਾਦਸੇ ਵਾਪਰਦੇ ਹਨ। ਫਿਲਹਾਲ ਪੁਲੀਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

Continue Reading

National

ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ

Published

on

By

ਨਵੀਂ ਦਿੱਲੀ, 6 ਅਗਸਤ (ਸ.ਬ.) ਸੁਪਰੀਮ ਕੋਰਟ ਨੇ ਅੱਜ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ 2013 ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਵੈ-ਘੋਸ਼ਿਤ ਬਾਬਾ ਆਸਾਰਾਮ ਨੂੰ ਫਿਲਹਾਲ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਉਸ ਨੂੰ ਚੌਵੀ ਘੰਟੇ ਸਹਾਇਤਾ ਲਈ ਆਪਣੀ ਪਸੰਦ ਦਾ ਇੱਕ ਸਿਖਲਾਈ ਪ੍ਰਾਪਤ ਦੇਖਭਾਲ ਕਰਨ ਵਾਲਾ ਰੱਖਣ ਦੀ ਇਜਾਜ਼ਤ ਦੇ ਦਿੱਤੀ।

ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਪੀ.ਬੀ. ਵਾਰਲੇ ਦੇ ਬੈਂਚ ਨੇ ਸਿਹਤ ਦੇ ਆਧਾਰ ਤੇ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਆਸਾਰਾਮ ਦੀ ਅਰਜ਼ੀ ਨੂੰ ਪੈਂਡਿੰਗ ਰੱਖਿਆ ਅਤੇ ਉਸਨੂੰ ਖੁੱਲ੍ਹ ਦਿੱਤੀ ਕਿ ਜੇਕਰ ਉਸਦੀ ਸਿਹਤ ਵਿਗੜਦੀ ਹੈ ਤਾਂ ਉਹ ਆਪਣਾ ਕੇਸ ਮੈਨਸ਼ਨ ਕਰ ਸਕਦਾ ਹੈ।

ਸੁਣਵਾਈ ਦੌਰਾਨ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਆਸਾਰਾਮ ਨੇ ਅਦਾਲਤ ਤੋਂ ਇਹ ਗੱਲ ਛੁਪਾਈ ਹੈ ਕਿ ਉਸਦੇ ਵਕੀਲ ਨੇ ਪੈਰੋਲ ਲਈ ਅਰਜ਼ੀ ਦਾਇਰ ਕੀਤੀ ਸੀ। ਆਸਾਰਾਮ ਦੇ ਵਕੀਲ ਨੇ ਕਿਹਾ ਕਿ ਪੈਰੋਲ ਬਹੁਤ ਪਹਿਲਾਂ ਦਾਇਰ ਕੀਤੀ ਗਈ ਸੀ ਅਤੇ ਇਹ ਸਿਹਤ ਦੇ ਆਧਾਰ ਤੇ ਨਹੀਂ ਦਿੱਤੀ ਗਈ ਸੀ।

ਰਾਜਸਥਾਨ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਆਸਾਰਾਮ ਨੂੰ 20 ਦਿਨਾਂ ਦੀ ਪੈਰੋਲ ਦਿੰਦਿਆਂ ਕਿਹਾ ਸੀ ਕਿ ਰਾਜ ਸਰਕਾਰ ਉਸਦੀ ਪੈਰੋਲ ਅਰਜ਼ੀ ਨੂੰ ਰੱਦ ਕਰਨ ਦੇ ਆਪਣੇ ਫ਼ੈਸਲੇ ਨੂੰ ਜਾਇਜ਼ ਸਾਬਤ ਕਰਨ ਵਿੱਚ ਅਸਫਲ ਰਹੀ ਹੈ। ਹਾਈ ਕੋਰਟ ਨੇ ਜੋਧਪੁਰ ਸੈਂਟਰਲ ਜੇਲ੍ਹ ਵਿੱਚ ਬੰਦ 85 ਸਾਲਾ ਆਸਾਰਾਮ ਨੂੰ, ਉਸ ਦੀ ਕੈਦ ਦੀ ਮਿਆਦ ਅਤੇ ਅੰਤਰਮ ਰਿਹਾਈ ਦੇ ਪਿਛਲੇ ਸਮੇਂ ਦੌਰਾਨ ਉਸਦੇ ਵਿਵਹਾਰ ਨੂੰ ਧਿਆਨ ਵਿੱਚ ਰੱਖਦਿਆਂ ਰਾਹਤ ਦਿੱਤੀ ਸੀ।

ਸਿਖਰਲੀ ਅਦਾਲਤ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਸੀ ਕਿ ਏਮਜ਼ ਦੇ ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਆਸਾਰਾਮ ਨੂੰ ਹਸਪਤਾਲ ਦਾਖਲ ਕਰਨ ਦੀ ਲੋੜ ਨਹੀਂ ਹੈ ਪਰ ਉਸਨੂੰ ਚੌਵੀ ਘੰਟੇ ਡਾਕਟਰੀ ਸਹਾਇਤਾ ਦੀ ਲੋੜ ਹੈ। 21 ਜੁਲਾਈ ਨੂੰ, ਸਿਖਰਲੀ ਅਦਾਲਤ ਨੇ ਏਮਜ਼ ਨੂੰ ਆਸਾਰਾਮ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਮੈਡੀਕਲ ਬੋਰਡ ਗਠਿਤ ਕਰਨ ਲਈ ਕਿਹਾ ਸੀ।

ਰਾਜਸਥਾਨ ਹਾਈ ਕੋਰਟ ਨੇ 27 ਮਈ ਨੂੰ 2013 ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਦੇ ਕੇਸ ਵਿੱਚ ਆਸਾਰਾਮ ਨੂੰ ਸੁਣਾਈ ਗਈ ਦੋਸ਼ੀ ਅਤੇ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। 30 ਜੂਨ ਨੂੰ, ਸਿਖਰਲੀ ਅਦਾਲਤ ਨੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਆਸਾਰਾਮ ਦੀ ਅਰਜ਼ੀ ਤੇ ਰਾਜਸਥਾਨ ਸਰਕਾਰ ਤੋਂ ਜਵਾਬ ਮੰਗਿਆ ਸੀ।

Continue Reading

Latest News

Trending