National
ਆਪਸੀ ਝਗੜੇ ਕਾਰਨ ਪਤੀ ਵੱਲੋਂ ਪਤਨੀ ਅਤੇ 2 ਬੱਚਿਆਂ ਦਾ ਕੁਹਾੜੀ ਨਾਲ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ
ਭੋਪਾਲ, 27 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਪਤੀ-ਪਤਨੀ ਵਿਚਾਲੇ ਹੋਏ ਆਪਸੀ ਝਗੜੇ ਕਾਰਨ ਪਤੀ ਨੇ ਆਪਣੇ ਦੋ ਮਾਸੂਮ ਬੱਚਿਆਂ ਅਤੇ ਪਤਨੀ ਨੂੰ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਵੀ ਟ੍ਰੇਨ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇਹ ਘਟਨਾ ਮਾਤਾ ਬਸੈਯਾ ਥਾਣਾ ਖੇਤਰ ਦੇ ਕਿਸ਼ਨਪੁਰ ਪਿੰਡ ਵਿੱਚ ਵਾਪਰੀ। ਇਸ ਕਤਲਕਾਂਡ ਦਾ ਪਤਾ ਅੱਜ ਸਵੇਰੇ ਉਸ ਵੇਲੇ ਲੱਗਿਆ ਜਦੋਂ ਗੁਆਂਢੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕਿਸ਼ਨਪੁਰ ਪਿੰਡ ਦੇ ਰਹਿਣ ਵਾਲੇ ਬਲਰਾਮ ਦਾ ਆਪਣੀ ਪਤਨੀ ਰਵਿਤਾ ਨਾਲ ਵਿਵਾਦ ਚੱਲ ਰਿਹਾ ਸੀ। ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਪਿੰਡ ਕੁਤਵਾਰ ਵਿੱਚ ਰਹਿ ਰਹੀ ਸੀ। ਦੋ ਦਿਨ ਪਹਿਲਾਂ ਹੀ ਬਲਰਾਮ ਅਤੇ ਹੋਰ ਲੋਕ ਪੰਚਾਇਤ ਤੋਂ ਬਾਅਦ ਉਸ ਨੂੰ ਵਾਪਸ ਕਿਸ਼ਨਪੁਰ ਪਿੰਡ ਲੈ ਕੇ ਆਏ ਸਨ।
ਬੀਤੀ ਰਾਤ ਬਲਰਾਮ ਅਤੇ ਰਵਿਤਾ ਵਿਚਾਲੇ ਫਿਰ ਝਗੜਾ ਹੋ ਗਿਆ। ਗੁੱਸੇ ਵਿੱਚ ਆਏ ਬਲਰਾਮ ਨੇ ਰਵਿਤਾ ਅਤੇ ਆਪਣੇ ਬੱਚਿਆਂ ਆਰਵ ਅਤੇ ਅਤੁਲ ਤੇ ਕੁਹਾੜੀ ਨਾਲ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਸ ਵਾਰਦਾਤ ਤੋਂ ਬਾਅਦ ਉਹ ਖ਼ੁਦ ਘਰੋਂ ਭੱਜ ਗਿਆ। ਸਵੇਰੇ ਜਦੋਂ ਬਲਰਾਮ ਦੇ ਘਰ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਤਾਂ ਗੁਆਂਢੀਆਂ ਨੇ ਦੇਖਿਆ ਕਿ ਘਰ ਦੇ ਵਿਹੜੇ ਵਿੱਚ ਮਾਂ ਅਤੇ ਦੋਵਾਂ ਬੱਚਿਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ ਗਈ। ਦੂਜੇ ਪਾਸੇ, ਅੱਜ ਸਵੇਰੇ ਪਤਾ ਲੱਗਿਆ ਕਿ ਸ਼ਿਕਾਰਪੁਰ ਫਾਟਕ ਦੇ ਕੋਲ ਜਾ ਕੇ ਬਲਰਾਮ ਨੇ ਵੀ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਬਲਰਾਮ ਆਪਣੀ ਪਤਨੀ ਰਵਿਤਾ ਦੇ ਚਰਿੱਤਰ ਤੇ ਸ਼ੱਕ ਕਰਨ ਲੱਗ ਪਿਆ ਸੀ। ਕੁਝ ਦਿਨ ਪਹਿਲਾਂ ਕਿਸ਼ਨਪੁਰ ਵਿੱਚ ਕਰਵਾਏ ਗਏ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਰਵਿਤਾ ਨੇ ਸਟੇਜ ਤੇ ਡਾਂਸ ਕੀਤਾ ਸੀ। ਪ੍ਰੋਗਰਾਮ ਵਿੱਚ ਮੌਜੂਦ ਕਿਸੇ ਨਜ਼ਦੀਕੀ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਕੇ ਬਲਰਾਮ ਨੂੰ ਭੇਜ ਦਿੱਤੀ।
ਵੀਡੀਓ ਦੇਖਣ ਤੋਂ ਬਾਅਦ ਬਲਰਾਮ ਦੇ ਮਨ ਵਿੱਚ ਪਤਨੀ ਨੂੰ ਲੈ ਕੇ ਸ਼ੱਕ ਹੋਰ ਡੂੰਘਾ ਹੋ ਗਿਆ ਅਤੇ ਉਹ ਆਏ ਦਿਨ ਉਸ ਨਾਲ ਝਗੜਾ ਕਰਨ ਲੱਗਾ। ਵਿਵਾਦ ਵਧਣ ਤੇ ਰਵਿਤਾ ਕੁਝ ਸਮੇਂ ਲਈ ਆਪਣੇ ਪੇਕੇ ਵੀ ਚਲੀ ਗਈ ਸੀ, ਪਰ ਇਸ ਦੇ ਬਾਵਜੂਦ ਬਲਰਾਮ ਦੀ ਨਾਰਾਜ਼ਗੀ ਅਤੇ ਨਫ਼ਰਤ ਘੱਟ ਨਹੀਂ ਹੋਈ। ਉਸ ਨੇ ਡਾਂਸ ਦੀ ਵੀਡੀਓ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਭੇਜੀ ਸੀ ਅਤੇ ਪਤਨੀ ਬਾਰੇ ਇਤਰਾਜ਼ਯੋਗ ਤੇ ਭਲਾ-ਬੁਰਾ ਲਿਖ ਕੇ ਮੈਸੇਜ ਵੀ ਕੀਤੇ ਸਨ।
National
ਅਕਾਲੀ ਦਲ ਬਾਦਲ ਅਤੇ ਭਾਜਪਾ ਇਕੱਠੇ ਲੜਣਗੇ ਪੰਜਾਬ ਵਿਧਾਨਸਭਾ ਚੋਣਾਂ, ਅਕਾਲੀ ਦਲ ਨਿਭਾਏਗਾ ਵੱਡੇ ਭਰਾ ਦੀ ਭੂਮਿਕਾ
ਗੁਰਪੁਰਬ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਅਮਿਤ ਸ਼ਾਹ ਨੇ ਦਿੱਲੀ ਵਿੱਚ ਕੀਤਾ ਚੋਣ ਸਮਝੌਤੇ ਦਾ ਐਲਾਨ
ਨਵੀਂ ਦਿੱਲੀ, 24 ਨਵੰਬਰ (ਸ.ਬ.) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਮੁੜ ਗੱਠਜੋੜ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਅੱਜ ਨਵੀਂ ਦਿੱਲੀ ਵਿਖੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਸਾਂਝ ਦਾ ਐਲਾਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਪੰਜਾਬ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੀ।
ਇਸ ਮੌਕੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ‘ਵੱਡੇ ਭਰਾ’ ਦੀ ਭੂਮਿਕਾ ਵਿੱਚ ਰਹੇਗਾ। ਜਦੋਂ ਉਹਨਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ‘ਵੱਡਾ ਭਰਾ ਹੀ ਮੁੱਖ ਮੰਤਰੀ ਦਾ ਚਿਹਰਾ ਹੁੰਦਾ ਹੈ।’ ਉਨ੍ਹਾਂ ਦੇ ਇਸ ਬਿਆਨ ਨਾਲ ਇਹ ਸਾਫ਼ ਹੋ ਗਿਆ ਹੈ ਕਿ ਸੂਬੇ ਵਿੱਚ ਗੱਠਜੋੜ ਦੀ ਅਗਵਾਈ ਅਕਾਲੀ ਦਲ ਹੀ ਕਰੇਗਾ। ਗੱਠਜੋੜ ਦੀ ਅਹਿਮੀਅਤ ਤੇ ਜ਼ੋਰ ਦਿੰਦਿਆਂ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਅਕਾਲੀ ਦਲ ਦੇ ਮੁੜ ਨਾਲ ਆਉਣ ਨਾਲ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਹਿੰਦੂ-ਸਿੱਖ ਏਕਤਾ ਨੂੰ ਹੋਰ ਅੱਗੇ ਵਧਾਉਣ ਦੇ ਭਾਜਪਾ ਦੇ ਵਾਅਦੇ ਨੂੰ ਵੱਡੀ ਮਜ਼ਬੂਤੀ ਮਿਲੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਸਾਂਝ ਨੂੰ ਮਹਿਜ਼ ਸਿਆਸੀ ਸਮਝੌਤਾ ਨਾ ਦੱਸਦਿਆਂ ‘ਨਹੁੰ-ਮਾਸ ਦਾ ਰਿਸ਼ਤਾ’ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਇਹ ਗਠਜੋੜ ਸਿੱਖ ਕੌਮ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਗਠਜੋੜ ਸਦਕਾ ਹਮੇਸ਼ਾ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 106 ਸਾਲ ਪੁਰਾਣੀ ਜਥੇਬੰਦੀ ਹੈ, ਜਿਸ ਦਾ ਦੇਸ਼, ਪੰਜਾਬ ਅਤੇ ਸਿੱਖ ਕੌਮ ਦੇ ਹਰ ਮਸਲੇ ਅਤੇ ਸੰਘਰਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਦੋਵਾਂ ਪਾਰਟੀਆਂ ਦੀ ਇਹ ਮੁੜ ਹੋਈ ਸਾਂਝ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਨਵਾਂ ਰਾਹ ਪੱਧਰਾ ਕਰੇਗੀ।
ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਅਕਾਲੀ ਦਲ ਨਾਲ ਇਹ ਗੱਠਜੋੜ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇੱਕ ਬੇਹੱਦ ਸੁਭਾਵਿਕ ਗੱਠਜੋੜ ਹੈ।
ਇੱਥੇ ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਸਾਲ 2020 ਵਿੱਚ ਦੋਵਾਂ ਪਾਰਟੀਆਂ ਦਾ ਦਹਾਕਿਆਂ ਪੁਰਾਣਾ ਗੱਠਜੋੜ ਟੁੱਟ ਗਿਆ ਸੀ, ਪਰ ਹੁਣ ਕਰੀਬ 6 ਸਾਲਾਂ ਬਾਅਦ ਦੋਵੇਂ ਪਾਰਟੀਆਂ ਨੇ ਮੁੜ ਹੱਥ ਮਿਲਾ ਲਿਆ ਹੈ।
National
ਵੈਨ ਅਤੇ ਟਰੱਕ ਦੀ ਟੱਕਰ ਕਾਰਨ 4 ਵਿਅਕਤੀਆਂ ਦੀ ਮੌਤ, 6 ਜ਼ਖਮੀ
ਲਖੀਮਪੁਰ ਖੀਰੀ, 24 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ਵਿੱਚ ਬੀਤੀ ਦੇਰ ਰਾਤ ਇਕ ਮਾਰੂਤੀ ਵੈਨ ਅਤੇ ਟਰੱਕ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ 6 ਹੋਰ ਜ਼ਖਮੀ ਹੋ ਗਏ। ਪੁਲੀਸ ਅਨੁਸਾਰ, ਇਹ ਹਾਦਸਾ ਲਖੀਮਪੁਰ-ਨਿਘਾਸਨ ਸੜਕ ਤੇ ਖੰਭੜਖੇੜਾ ਖੰਡ ਮਿੱਲ ਨੇੜੇ ਸਵੇਰੇ 1 ਵਜੇ ਦੇ ਲਗਭਗ ਵਾਪਰਿਆ। ਇਹ ਵੈਨ, ਜਿਸ ਵਿੱਚ 10 ਲੋਕ ਸਵਾਰ ਸਨ, ਲਖੀਮਪੁਰ ਤੋਂ ਨਿਘਾਸਨ ਜਾ ਰਹੀ ਸੀ, ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਮੌਜੂਦ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਹਵਾਗੰਜ ਪੁਲੀਸ ਚੌਕੀ ਦੇ ਇੰਚਾਰਜ ਭਰਤ ਸਿੰਘ ਤੋਮਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਥਾ ਪਿੰਡ ਦੇ ਪੱਪੂ (30) ਅਤੇ ਉਸਦੇ ਪਿਤਾ ਜਗਨਨਾਥ, ਨਿਘਾਸਨ ਕੋਤਵਾਲੀ ਖੇਤਰ ਦੇ ਅਦਲਾਬਾਦ ਪਿੰਡ ਦੇ ਨਿਵਾਸੀ ਅਜੈ (30) ਅਤੇ ਨਿਘਾਸਨ ਤਹਿਸੀਲ ਦੇ ਪਧੂਆ ਥਾਣਾ ਖੇਤਰ ਦੇ ਬਿਛੂਆ ਪਿੰਡ ਦੇ ਨਿਵਾਸੀ ਬਹਾਦੁਰ (40) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਵੈਨ ਡਰਾਈਵਰ ਤੋਂ ਇਲਾਵਾ, ਨਵਲ ਕਿਸ਼ੋਰ, ਰਾਜ ਕਿਸ਼ੋਰ, ਪ੍ਰਯਾਂਸ਼, ਸਨੋਜ, ਅਤੁਲ ਅਤੇ ਕਮਲੇਸ਼ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ।
ਇਸ ਦੌਰਾਨ, ਤੋਮਰ ਨੇ ਕਿਹਾ ਕਿ ਕਮਲੇਸ਼ ਦੀ ਹਾਲਤ ਗੰਭੀਰ ਸੀ ਅਤੇ ਉਸਨੂੰ ਲਖਨਊ ਦੇ ਟਰਾਮਾ ਸੈਂਟਰ ਵਿੱਚ ਰੈਫਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਡਿਪਟੀ ਸੁਪਰਡੈਂਟ ਆਫ਼ ਪੁਲੀਸ ਮਹਿਕ ਸ਼ਰਮਾ ਪੁਲੀਸ ਨਾਲ ਮੌਕੇ ਤੇ ਪਹੁੰਚੇ ਅਤੇ ਬਚਾਅ ਕਾਰਜ ਦੀ ਨਿਗਰਾਨੀ ਕੀਤੀ। ਸ਼ਰਮਾ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
National
ਟਰੱਕ ਦੀ ਟੱਕਰ ਕਾਰਨ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ, 4 ਬੱਚਿਆਂ ਦੀ ਮੌਤ
ਕੰਨੌਜ, 24 ਨਵੰਬਰ (ਸ.ਬ.) ਆਗਰਾ-ਲਖਨਊ ਐਕਸਪ੍ਰੈਸਵੇਅ ਤੇ ਅੱਜ ਸਵੇਰੇ ਆਗਰਾ ਤੋਂ ਕੌਸ਼ਾਂਬੀ ਵਾਪਸ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਠਠੀਆ ਦੇ ਨੇੜੇ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਬੱਸ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਪਲਟ ਗਈ। ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 35 ਤੋਂ ਵੱਧ ਜ਼ਖ਼ਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਕਰੀਬ 50 ਵਿਦਿਆਰਥੀ ਸਵਾਰ ਸਨ। ਸਾਰੇ ਵਿਦਿਆਰਥੀ ਕੌਸ਼ਾਂਬੀ ਦੇ ਸਿਰਾਥੂ ਖੇਤਰ ਦੇ ਅਫ਼ਜ਼ਲਪੁਰ ਵਾਰੀ ਸਥਿਤ ਓਰੀਐਂਟਲ ਪਬਲਿਕ ਸਕੂਲ ਦੇ ਹਨ। ਐਤਵਾਰ ਨੂੰ ਦੋ ਰੋਜ਼ਾ ਸਕੂਲ ਟੂਰ ਤੇ ਕੌਸ਼ਾਂਬੀ ਤੋਂ ਆਗਰਾ ਗਏ ਸਨ।
ਬੱਸ ਆਗਰਾ ਤੋਂ ਦੋ ਰੋਜ਼ਾ ਟੂਰ ਕਰਕੇ ਕੌਸ਼ਾਂਬੀ ਪਰਤ ਰਹੀ ਸੀ। ਆਗਰਾ-ਲਖਨਊ ਐਕਸਪ੍ਰੈਸਵੇਅ ਤੇ ਠਠੀਆ ਖੇਤਰ ਦੇ ਬੈਸੁਈਆ ਪਿੰਡ ਦੇ ਸਾਹਮਣੇ ਕਿਲੋਮੀਟਰ 209 ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਕਾਰਨ ਬੱਸ ਵਿੱਚ ਸਵਾਰ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ 35 ਵਿਦਿਆਰਥੀ ਜ਼ਖ਼ਮੀ ਹੋ ਗਏ।
ਹਾਦਸਾ ਪਿੱਛੋਂ ਆ ਰਹੇ ਟਰੱਕ ਦੀ ਟੱਕਰ ਲੱਗਣ ਮਗਰੋਂ ਵਾਪਰਿਆ। ਸੂਚਨਾ ਮਿਲਣ ਤੇ ਡੀ.ਐਮ. ਆਸ਼ੂਤੋਸ਼ ਮੋਹਨ ਅਗਨੀਹੋਤਰੀ ਅਤੇ ਐਸ.ਪੀ. ਵਿਨੋਦ ਕੁਮਾਰ ਮੌਕੇ ਤੇ ਪਹੁੰਚੇ।
ਹਾਦਸੇ ਵਿੱਚ ਚਾਰ ਵਿਦਿਆਰਥੀਆਂ 14 ਸਾਲਾ ਆਰੀਅਨ ਚੌਰਸੀਆ, 17 ਸਾਲਾ ਰਜ਼ੀ ਉੱਲਾ ਦੋਵੇਂ ਵਾਸੀ ਅਫ਼ਜ਼ਲਪੁਰਵਾਰੀ ਕੌਸ਼ਾਂਬੀ, 17 ਸਾਲਾ ਜ਼ੈਦ ਮਿਰਜ਼ਾ ਵਾਸੀ ਨਦੌਰਾ ਖਖਰੇੜੂ ਜ਼ਿਲ੍ਹਾ ਫ਼ਤਿਹਪੁਰ ਅਤੇ 17 ਸਾਲਾ ਅਰਮਾਨ ਵਾਸੀ ਗੌਰੇ ਖਖਰੇੜੂ ਜ਼ਿਲ੍ਹਾ ਫ਼ਤਿਹਪੁਰ-ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਕਰੀਬ 35 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਘਟਨਾ ਸਮੇਂ ਬੱਸ ਵਿੱਚ ਕਰੀਬ 50 ਵਿਦਿਆਰਥੀ ਸਵਾਰ ਸਨ। ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਬੱਸ ਦੀ ਰਫ਼ਤਾਰ ਕਰੀਬ 80 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਦੱਸੀ ਜਾ ਰਹੀ ਹੈ।
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International2 months agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
