Editorial
ਕੀ ਭਾਰਤੀਆਂ ਵਿੱਚ ਵਾਕਈ ਘੱਟ ਰਿਹਾ ਹੈ ਵਿਦੇਸ਼ ਜਾਣ ਦਾ ਰੁਝਾਨ?
ਪਰਵਾਸ ਸਬੰਧੀ ਆਈਆਂ ਵੱਖ-ਵੱਖ ਰਿਪੋਰਟਾਂ ਨੇ ਖੜੇ ਕੀਤੇ ਕਈ ਸਵਾਲ
ਪਿਛਲੇ ਸਮੇਂ ਦੌਰਾਨ ਮੀਡੀਆ ਵਿੱਚ ਭਾਰਤੀਆਂ ਦੇ ਪਰਵਾਸ ਸਬੰਧੀ ਵੱਖ- ਵੱਖ ਰਿਪੋਰਟਾਂ ਆ ਰਹੀਆਂ ਹਨ। ਕੁਝ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਤੋਂ ਵਿਦੇਸ਼ੀ ਮੁਲਕਾਂ ਨੇ ਪਰਵਾਸ ਸਬੰਧੀ ਨਿਯਮ ਸਖਤ ਬਣਾ ਦਿੱਤੇ ਹਨ, ਉਦੋਂ ਤੋਂ ਭਾਰਤੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਵਿੱਚ ਕਮੀ ਆ ਰਹੀ ਹੈ।
ਪੜਾਈ ਦੇ ਬਹਾਨੇ ਵਿਦੇਸ਼ ਜਾ ਕੇ ਭਾਵੇਂ ਭਾਰਤ ਦੇ ਲੱਖਾਂ ਲੋਕ ਹੁਣ ਤਕ ਉਹਨਾਂ ਦੇਸ਼ਾਂ ਦੀ ਨਾਗਰਿਕਤਾ ਵੀ ਲੈ ਚੁੱਕੇ ਹਨ ਪਰ ਉਹਨਾਂ ਦੇਸ਼ਾਂ ਵਿੱਚ ਭਾਰਤੀਆਂ ਦੀ ਵੱਧ ਰਹੀ ਗਿਣਤੀ ਅਤੇ ਉਥੇ ਨੌਕਰੀਆਂ ਤੇ ਹੋਰ ਰੁਜ਼ਗਾਰ ਦੀ ਕਮੀ ਕਾਰਨ ਉਹਨਾਂ ਦੇਸ਼ਾਂ ਨੇ ਪਰਵਾਸੀਆਂ ਦੇ ਆਉਣ ਸਬੰਧੀ ਕਾਨੂੰਨ ਹੋਰ ਸਖਤ ਕਰ ਦਿੱਤੇ ਹਨ, ਜਿਸ ਦਾ ਅਸਰ ਭਾਰਤ ਦੇ ਉਹਨਾਂ ਲੋਕਾਂ ਤੇ ਵੀ ਪਿਆ ਹੈ, ਜਿਹੜੇ ਕਿ ਪਰਵਾਸ ਕਰਕੇ ਦੂਸਰੇ ਦੇਸ਼ਾਂ ਨੂੰ ਜਾਣਾ ਚਾਹੁੰਦੇ ਹਨ।
ਅਜਿਹੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ, ਕਿ ਭਾਰਤੀ ਨਾਗਕਿਰ ਹੁਣ ਕੈਨੇਡਾ ਜਾਣ ਤੋਂ ਝਿਜਕਣ ਲੱਗੇ ਹਨ। ਇਸ ਰਿਪੋਰਟ ਅਨੁਸਾਰ ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਹੈ। ਇਸ ਸਾਲ ਦੀ ਦੂਜੀ ਤਿਮਾਹੀ ਵਿੱਚ 85 ਤੋਂ 90 ਪ੍ਰਤੀਸ਼ਤ ਵੀਜ਼ਾ ਪ੍ਰਵਾਨਗੀ ਦਰ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਵੱਲੋਂ ਦਿੱਤੀਆਂ ਜਾਂਦੀਆਂ ਕੈਨੇਡੀਅਨ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਗਿਰਾਵਟ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਦਾ 70 ਤੋਂ 75 ਫ਼ੀਸਦੀ ਹਿੱਸਾ ਇਕੱਲਾ ਪੰਜਾਬ ਦਾ ਹੀ ਹੁੰਦਾ ਹੈ। ਪੰਜਾਬ ਤੋਂ ਕੈਨੇਡਾ ਜਾਣ ਲਈ ਵੀਜਾ ਮੰਗਣ ਵਾਲਿਆਂ ਵਿੱਚ ਵੀ ਕਾਫੀ ਕਮੀ ਆਈ ਹੈ। ਇਸਦਾ ਕਾਰਨ ਇਹ ਹੈ ਕਿ ਨਵੀਆਂ ਪਾਬੰਦੀਆਂ ਅਤੇ ਵਧੀਆਂ ਵਿੱਤੀ ਲੋੜਾਂ ਨੇ ਬਹੁਤ ਸਾਰੇ ਨਵੇਂ ਬਿਨੈਕਾਰਾਂ ਨੂੰ ਨਿਰਾਸ਼ ਕੀਤਾ ਹੈ। ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਵੀ ਇਹੀ ਕਾਰਨ ਹੈ।
ਜੇ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਸਹੀ ਮੰਨ ਲਿਆ ਜਾਵੇ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਦੂਜੇ ਪਾਸੇ ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਭਾਰਤ ਸਮੇਤ ਅਨੇਕਾਂ ਦੇਸ਼ਾਂ ਦੇ ਲੋਕਾਂ ਵਿੱਚ ਅਮਰੀਕਾ ਜਾਣ ਲਈ ਕਾਹਲ ਪਾਈ ਜਾ ਰਹੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਵਿੱਚ ਟਰੰਪ ਰਾਸ਼ਟਰਪਤੀ ਬਣ ਗਿਆ ਤਾਂ ਉਸ ਨੇ ਅਮਰੀਕਾ ਵਿੱਚ ਪਰਵਾਸੀਆ ਦਾ ਆਉਣਾ ਹੀ ਬੰਦ ਕਰ ਦੇਣਾ ਹੈ। ਇਸ ਕਰਕੇ ਵੱਡੀ ਗਿਣਤੀ ਲੋਕ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਤੋਂ ਪਹਿਲਾਂ ਹੀ ਜਾਣਾ ਚਾਹੁੰਦੇ ਹਨ।
ਭਾਵੇਂ ਕਿ ਟਰੰਪ ਦਾ ਚੋਣ ਜਿੱਤਣਾ ਯਕੀਨੀ ਨਹੀਂ ਕਿਹਾ ਜਾ ਸਕਦਾ ਪਰ ਟਰੰਪ ਦਾ ਡਰ ਹੀ ਅਜਿਹਾ ਹੈ ਕਿ ਅਮਰੀਕਾ ਜਾਣ ਦੀ ਚਾਹਤ ਰੱਖਣ ਵਾਲੇ ਵੱਡੀ ਗਿਣਤੀ ਲੋਕ ਅਮਰੀਕਾ ਜਾਣ ਲਈ ਹਰ ਰਾਹ ਅਪਨਾਉਣ ਲਈ ਤਿਆਰ ਬੈਠੇ ਹਨ। ਕਈ ਲੋਕ ਤਾਂ ਡੰਕੀ ਰੂਟ ਰਾਹੀਂ ਵੀ ਅਮਰੀਕਾ ਜਾਣ ਲਈ ਯਤਨਸ਼ੀਲ ਰਹਿੰਦੇ ਹਨ।
ਜੇਕਰ ਇਹ ਰਿਪੋਰਟਾਂ ਇਹ ਦੱਸ ਰਹੀਆਂ ਹਨ ਕਿ ਭਾਰਤੀਆਂ ਵਿੱਚ ਪਹਿਲਾਂ ਦੇ ਮੁਕਾਬਲੇ ਵਿਦੇਸ਼ ਜਾਣ ਦਾ ਰੁਝਾਨ ਘੱਟ ਰਿਹਾ ਹੈ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ। ਵਿਦੇਸ਼ਾਂ ਵਿੱਚ ਹੁਣ ਅਜਿਹੇ ਕਾਨੂੰਨ ਬਣਾ ਦਿਤੇ ਹਨ ਕਿ ਉਹਨਾਂ ਦੇਸ਼ਾਂ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀ ਉਥੇ ਪੱਕੀ ਰਿਹਾਇਸ਼ (ਪੀ ਆਰ) ਨਹੀਂ ਲੈ ਸਕਣਗੇ। ਉਹਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜਾਈ ਪੂਰੀ ਕਰਕੇ ਆਪਣੇ ਦੇਸ਼ ਵਾਪਸ ਜਾਣਾ ਪਵੇਗਾ ਅਤੇ ਇਸ ਕਾਰਨ ਪੜਾਈ ਬਹਾਨੇ ਵਿਦੇਸ਼ ਜਾ ਕੇ ਉੱਥੇ ਹੀ ਪੱਕੇ ਹੋਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਪਰਵਾਸ ਨੂੰ ਬਰੇਕਾਂ ਲੱਗਦੀਆਂ ਜਾ ਰਹੀਆਂ ਹਨ।
ਇੱਕ ਹੋਰ ਰਿਪੋਰਟ ਅਨੁਸਾਰ ਬ੍ਰਾਜ਼ੀਲ ਉਨ੍ਹਾਂ ਏਸ਼ੀਆਈ ਨਾਗਰਿਕਾਂ ਦੇ ਦਾਖਲੇ ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਜੋ ਅਮਰੀਕਾ ਅਤੇ ਕੈਨੇਡਾ ਜਾਣ ਲਈ ਇਸ ਦੱਖਣੀ ਅਮਰੀਕੀ ਦੇਸ਼ ਦੀ ਵਰਤੋਂ ਕਰਦੇ ਹਨ। ਬ੍ਰਾਜ਼ੀਲ ਦੇ ਨਿਆਂ ਮੰਤਰਾਲੇ ਵੱਲੋਂ ਜਾਰੀ ਇੱਕ ਅਧਿਕਾਰਤ ਦਸਤਾਵੇਜ਼ ਅਨੁਸਾਰ ਬ੍ਰਾਜੀਲ ਦੇ ਹਵਾਈ ਅੱਡੇ ਤੇ ਸ਼ਰਣ ਲਈ 70 ਪ੍ਰਤੀਸ਼ਤ ਤੋਂ ਵੱਧ ਬੇਨਤੀਆਂ ਭਾਰਤੀ, ਨੇਪਾਲੀ ਜਾਂ ਵਿਅਤਨਾਮੀ ਨਾਗਰਿਕਾਂ ਵਲੋਂ ਦਿੱਤੀਆਂ ਜਾਂਦੀਆਂ ਹਨ।
ਇੱਕ ਹੋਰ ਰਿਪੋਰਟ ਕਹਿੰਦੀ ਹੈ ਕਿ ਭਾਵੇਂ ਬਰਤਾਨੀਆ ਵਿੱਚ ਪੜ੍ਹਨ ਲਈ ਵੀਜ਼ਾ ਹਾਸਲ ਕਰਨ ਦੇ ਮਾਮਲੇ ਵਿੱਚ ਭਾਰਤੀ ਵਿਦਿਆਰਥੀ ਸਿਖਰ ਤੇ ਬਣੇ ਹੋਏ ਹਨ, ਪਰ ਪ੍ਰਵਾਸ ਪਾਬੰਦੀਆਂ ਕਾਰਨ ਬ੍ਰਿਟਿਸ਼ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਨ ਦਾ ਉਨ੍ਹਾਂ ਦਾ ਝੁਕਾਅ ਘੱਟ ਰਿਹਾ ਹੈ। ਬ੍ਰਿਟਿਸ਼ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ ਇੱਕ ਦੌਰਾਨ ਉੱਚ ਸਿੱਖਿਆ ਲਈ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 23 ਫੀਸਦੀ ਕਮੀ ਆਈ ਹੈ।
ਇਹਨਾਂ ਰਿਪੋਰਟਾਂ ਦਾ ਮਿਲਿਆ ਜੁਲਿਆ ਪ੍ਰਭਾਵ ਇਹ ਕਹਿੰਦਾ ਹੈ ਕਿ ਭਾਰਤ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਦੇ ਰੁਝਾਨ ਵਿੱਚ ਵਾਕਈ ਕੁੱਝ ਕਮੀ ਆ ਰਹੀ ਹੈ। ਵੱਖ ਵੱਖ ਦੇਸ਼ਾਂ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ ਹੋਣ ਕਾਰਨ ਉਹਨਾਂ ਦੇਸ਼ਾਂ ਵਿੱਚ ਜਿਥੇ ਸਭਿਆਚਾਰਕ ਸੰਕਟ ਖੜਾ ਹੋ ਗਿਆ ਹੈ, ਉਥੇ ਉਥੋਂ ਦੇ ਮੂਲ ਲੋਕਾਂ ਨੂੰ ਰੁਜਗਾਰ ਮਿਲਣਾ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਭਾਰਤੀ ਮਜਦੂਰ ਸਸਤੀਆਂ ਦਰਾਂ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਇਸ ਕਾਰਨ ਉਹਨਾਂ ਦੇਸ਼ਾਂ ਦੇ ਮੂਲ ਨਿਵਾਸੀ ਭਾਰਤੀਆਂ ਦਾ ਵਿਰੋਧ ਕਰਨ ਲੱਗ ਗਏ ਹਨ।
ਵਿਦੇਸ਼ਾਂ ਵਿੱਚ ਨੌਕਰੀਆਂ ਅਤੇ ਰੁਜ਼ਗਾਰ ਦੀ ਗਾਰੰਟੀ ਨਾ ਹੋਣ ਕਾਰਨ ਵੀ ਹੁਣ ਭਾਰਤੀਆਂ ਵਿੱਚ ਵਿਦੇਸ਼ ਜਾਣ ਦਾ ਮੋਹ ਘੱਟ ਹੁੰਦਾ ਜਾ ਰਿਹਾ ਹੈ ਅਤੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸੱਚਮੁੱਚ ਹੀ ਭਾਰਤੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਵਾਕਈ ਮੱਠਾ ਪਵੇਗਾ, ਜਾਂ ਫਿਰ ਭਾਰਤੀਆਂ ਦੇ ਪਰਵਾਸ ਰੋਕਣ ਵਿੱਚ ਵਿਦੇਸ਼ਾਂ ਦੇ ਸਖਤ ਕਾਨੂੰਨ ਵੀ ਨਾਕਾਮ ਹੋ ਜਾਣਗੇ।
ਬਿਊਰੋ
Editorial
ਇੰਟਰਨੈਟ ਤੇ ਲੋਕਾਂ ਨੂੰ ਘਟੀਆ ਅਤੇ ਨਕਲੀ ਸਾਮਾਨ ਵੇਚਣ ਵਾਲੇ ਠੱਗਾਂ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ
ਪਿਛਲੇ ਕੁੱਝ ਸਾਲਾਂ ਦੌਰਾਨ ਆਮ ਲੋਕਾਂ ਵਲੋਂ ਵੱਖ ਵੱਖ ਤਰ੍ਹਾਂ ਦਾ ਸਾਮਾਨ ਆਨ ਲਾਈਨ ਮੰਗਵਾਉਣ ਦੇ ਰੁਝਾਨ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਲੋਕਾਂ ਵਲੋਂ ਆਪਣੀ ਹਰ ਤਰ੍ਹਾਂ ਦੀ ਛੋਟੀ ਵੱਡੀ ਲੋੜ ਦਾ ਸਮਾਨ ਲੈਣ ਲਈ ਆਨ ਲਾਈਨ ਖਰੀਦਦਾਰੀ ਤੇ ਜੋਰ ਦਿੰਦਿਆਂ ਇੰਟਰਨੈਟ ਤੇ ਸਾਮਾਨ ਵੇਚਣ ਵਾਲੀਆਂ ਵੈਬਸਾਈਟਾਂ ਤੋਂ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਵਧਾ ਦਿੱਤੀ ਗਈ ਹੈ। ਇਸਦੇ ਨਾਲ ਹੀ ਆਨਲਾਈਨ ਸਾਮਾਨ ਦੀ ਖਰੀਦ ਦੌਰਾਨ ਘਟੀਆ ਕੁਆਲਟੀ ਦੇ ਮਾਲ ਦੀ ਸਪਲਾਈ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਵੱਧ ਗਈਆਂ ਹਨ ਅਤੇ ਕਿਸੇ ਸਾਮਾਨ ਦਾ ਆਨਲਾਈਨ ਆਰਡਰ ਕਰਨ ਵਾਲੇ ਲੋਕ ਸਾਮਾਨ ਦੀ ਘਟੀਆ ਕੁਆਲਟੀ ਦੀ ਸ਼ਿਕਾਇਤ ਕਰਦੇ ਆਮ ਦਿਖ ਜਾਂਦੇ ਹਨ।
ਇਸਦਾ ਮੁੱਖ ਕਾਰਨ ਇਹ ਵੀ ਹੈ ਕਿ ਆਨਲਾਈਨ ਸਾਮਾਨ ਵੇਚਣ ਵਾਲੀਆਂ ਜਿਆਦਾਤਾਰ ਵੈਬਸਾਈਟਾਂ ਵਲੋਂ ਬ੍ਰਾਂਡਿਡ ਸਾਮਾਨ ਦੇ ਨਾਮ ਤੇ ਗ੍ਰਾਹਕਾਂ ਨੂੰ ਨਕਲੀ ਸਾਮਾਨ ਵੇਚ ਕੇ ਠੱਗਿਆ ਜਾਂਦਾ ਹੈ। ਅਜਿਹੀਆਂ ਵੈਬਸਾਈਟਾ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾਂਦਾ ਹੈ ਉਹ ਬ੍ਰਾਂਡਿਡ ਕੰਪਨੀਆਂ ਵਲੋਂ ਤਿਆਰ ਕੀਤਾ ਗਿਆ ਅਸਲੀ ਸਾਮਾਨ ਹੀ ਹੁੰਦਾ ਹੈ ਅਤੇ ਆਮ ਲੋਕ ਵੈਬਸਾਈਟ ਤੇ ਇਸ ਸਾਮਾਨ ਦੀਆਂ ਤਸਵੀਰਾਂ ਵੇਖ ਕੇ ਇਹ ਸਾਮਾਨ ਖਰੀਦਣ ਦਾ ਆਰਡਰ ਵੀ ਕਰਦੇ ਹਨ ਪਰੰਤੂ ਬਾਅਦ ਵਿੱਚ ਇਹਨਾਂ ਕੰਪਨੀਆਂ ਵਲੋਂ ਲੋਕਾਂ ਦੇ ਘਰਾਂ ਵਿੱਚ ਨਕਲੀ ਸਾਮਾਨ ਭੇਜ ਦਿੱਤਾ ਜਾਂਦਾ ਹੈ।
ਇਸ ਤਰੀਕੇ ਨਾਲ ਆਮ ਲੋਕਾਂ ਨੂੰ ਅਸਲੀ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹਨਾਂ ਵੈਬਸਾਈਟਾਂ ਦੀ ਇਹ ਕਾਰਵਾਈ ਨਵੀਂ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਹੋਰ ਤਾਂ ਹੋਰ ਕਈ ਨਾਮੀ ਈ ਕਾਮਰਸ ਕੰਪਨੀਆਂ ਤਕ ਵਲੋਂ ਆਮ ਲੋਕਾਂ ਨੂੰ ਅਜਿਹਾ ਨਕਲੀ ਸਾਮਾਨ ਸਪਲਾਈ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਸਾਮਾਨ ਖਰੀਦਣ ਵਾਲਾ ਵਿਅਕਤੀ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹਨਾਂ ਈ ਕਾਮਰਸ ਕੰਪਨੀਆਂ ਦੇ ਪਲੇਟਫਾਰਮ ਤੇ ਅੱਗੇ ਕਈ ਹੋਰ ਛੋਟੇ ਵੱਡੇ ਦੁਕਾਨਦਾਰ ਆਪਣਾ ਸਾਮਾਨ ਵੇਚਦੇ ਹਨ ਜਿਹਨਾਂ ਤੋਂ ਇਹ ਈ ਕਾਮਰਸ ਕੰਪਨੀਆਂ ਕਮਿਸ਼ਨ ਲੈਂਦੀਆਂ ਹਨ।
ਲੋਕਾਂ ਨੂੰ ਇਸ ਤਰੀਕੇ ਨਾਲ ਵੱਡੀਆਂ ਕੰਪਨੀਆਂ ਦੇ ਸਾਮਾਨ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਉਹਨਾਂ ਨਾਲ ਸਿੱਧੀ ਠੱਗੀ ਹੈ ਪਰੰਤੂ ਇਸ ਤਰੀਕੇ ਨਾਲ ਖਪਤਕਾਰਾਂ ਦੀ ਹੁੰਦੀ ਲੁੱਟ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਸਖਤ ਨਿਯਮਾਂ ਦੀ ਅਣਹੋਂਦ ਕਾਰਨ ਇਹ ਲੁੱਟ ਲਗਾਤਾਰ ਚਲਦੀ ਰਹਿੰਦੀ ਹੈ। ਅਜਿਹਾ ਵੀ ਨਹੀਂ ਹੈ ਕਿ ਆਨਲਾਈਨ ਵਿਕਰੀ ਦੇ ਨਾਮ ਤੇ ਠੱਗੀ ਦੀ ਇਹ ਕਾਰਵਾਈ ਸਿਰਫ ਭਾਰਤ ਵਿੱਚ ਹੀ ਹੁੰਦੀ ਹੈ, ਬਲਕਿ ਪੂਰੇ ਵਿਸ਼ਵ ਵਿੱਚ ਅਜਿਹਾ ਆਮ ਹੁੰਦਾ ਹੈ ਪਰੰਤੂ ਵਿਸ਼ਵ ਦੇ ਜਿਆਦਾਤਰ ਵਿਕਸਿਤ ਮੁਲਕਾਂ ਵਿੱਚ ਨਕਲੀ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਆਨਲਾਈਨ ਕੰਪਨੀਆਂ ਵਲੋਂ ਕੀਤੀ ਜਾਂਦੀ ਆਮ ਖਪਤਕਾਰਾਂ ਦੀ ਲੁੱਟ ਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਲਾਗੂ ਹਨ ਅਤੇ ਕਿਸੇ ਵੀ ਕੰਪਨੀ ਵਲੋਂ ਗ੍ਰਾਹਕਾਂ ਨੂੰ ਵੇਚੇ ਗਏ ਸਾਮਾਨ ਦੇ ਖਰਾਬ ਨਿਕਲਣ ਜਾਂ ਉਸ ਵਿੱਚ ਕੋਈ ਨੁਕਸ ਸਾਮ੍ਹਣੇ ਆਉਣ ਤੇ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ।
ਪਰੰਤੂ ਸਾਡੇ ਦੇਸ਼ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਇਹਨਾਂ ਆਨ ਲਾਈਨ ਕੰਪਨੀਆਂ ਵਲੋਂ ਆਮ ਲੋਕਾਂ ਦੀ ਧੜ੍ਹਲੇ ਨਾਲ ਲੁੱਟ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਹਾਲ ਹੈ ਕਿ ਝੂਠੇ ਦਾਅਵੇ ਕਰਕੇ ਆਪਣਾ ਮਾਲ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਗ੍ਰਾਹਕ ਨੂੰ ਘਟੀਆ ਸਾਮਾਨ ਵੇਚਣ ਤੋਂ ਬਾਅਦ ਉਸਦੀ ਗੱਲ ਤਕ ਸੁਣਨ ਲਈ ਤਿਆਰ ਨਹੀਂ ਹੁੰਦੀਆਂ ਅਤੇ ਖਪਤਕਾਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਵਿੱਚ ਵਿਕਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਕੁਆਲਟੀ ਦੇ ਮਿਆਰ ਤੈਅ ਕਰਕੇ ਅਜਿਹੇ ਸਾਮਾਨ ਦਾ ਉਤਪਾਦਨ ਜਾਂ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਗੱਲ ਲਈ ਪਾਬੰਦ ਕੀਤਾ ਜਾਵੇ ਕਿ ਜੇਕਰ ਕਿਸੇ ਕੰਪਨੀ ਵਲੋਂ ਤਿਆਰ ਕੀਤਾ ਗਿਆ ਸਾਮਾਨ ਘਟੀਆ ਪੱਧਰ ਦਾ ਨਿਕਲਦਾ ਹੈ ਤਾਂ ਕੰਪਨੀਆਂ ਨਾ ਸਿਰਫ ਮਾਰਕੀਟ ਵਿੱਚ ਵੇਚਿਆ ਗਿਆ ਆਪਣਾ ਪੂਰਾ ਸਾਮਾਨ ਵਾਪਿਸ ਲੈਣਗੀਆਂ ਬਲਕਿ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਦਾ ਹਰਜਾਨਾ ਵੀ ਅਦਾ ਕਰਨਗੀਆਂ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਖਪਤਕਾਰਾਂ ਨੂੰ ਠੱਗੀ ਦੀ ਇਸ ਕਾਰਵਾਈ ਤੋਂ ਬਚਾਉਣ ਲਈ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਏ ਅਤੇ ਇਸ ਸੰਬੰਧੀ ਸਖਤ ਕਾਨੂੰਨ ਬਣਾ ਕੇ ਖਪਤਕਾਰਾਂ ਦੇ ਹਿੱਤਾ ਦੀ ਰਾਖੀ ਕੀਤੀ ਜਾਵੇ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਸੰਬੰਧੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਦੀ ਇਸ ਤਰਕੇ ਨਾਲ ਕੀਤੀ ਜਾਂਦੀ ਲੁੱਟ ਤੋਂ ਬਚਾਇਆ ਜਾ ਸਕੇ।
Editorial
ਆਧੁਨਿਕ ਯੁੱਗ ਵਿੱਚ ਵਹਿਮਾਂ ਭਰਮਾਂ ਵਿੱਚ ਫਸੀ ਦੁਨੀਆ
ਆਧੁਨਿਕ ਯੁੱਗ ਵਿੱਚ ਜਿਥੇ ਅਮੀਰ ਲੋਕ ਹੁਣ ਪੁਲਾੜ ਦੀ ਸੈਰ ਕਰਨ ਜਾ ਰਹੇ ਹਨ, ਉਥੇ ਦੁਨੀਆਂ ਵਿਚ ਅਜਿਹੇ ਲੋਕ ਵੀ ਹਨ, ਜੋ ਕਿ ਵਹਿਮਾਂ ਭਰਮਾਂ ਵਿਚ ਉਲਝੇ ਹੋਏ ਹਨ। ਵੱਡੀ ਗਿਣਤੀ ਲੋਕ ਅੱਜ ਵੀ ਕੋਈ ਕੰਮ ਕਰਨ ਵੇਲੇ ਛਿੱਕ ਵੱਜਣ ਦਾ ਵਹਿਮ ਕਰਦੇ ਹਨ, ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਵਹਿਮ ਭਰਮ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੰਚਕਾਂ ਦਾ ਵੀ ਕਾਫੀ ਵਹਿਮ ਕੀਤਾ ਜਾਂਦਾ ਹੈ। ਅਕਸਰ ਵੱਡੀ ਗਿਣਤੀ ਲੋਕ ਪੰਚਕਾਂ ਵਿੱਚ ਨਵਾਂ ਕੰਮ ਨਹੀਂ ਕਰਦੇ ਅਤੇ ਪੰਚਕਾਂ ਵਿੱਚ ਨਵਾਂ ਕਪੜਾ ਅਤੇ ਹੋਰ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਦੇ। ਇਸ ਤੋਂ ਇਲਾਵਾ ਮਕਾਨ ਦੀ ਉਸਾਰੀ ਕਰਵਾਉਣ ਵਾਲੇ ਕਈ ਲੋਕ ਪੰਚਕਾਂ ਵਿਚ ਨਾ ਤਾਂ ਢੂਲਾ ਬੰਨਦੇ ਹਨ ਅਤੇ ਨਾ ਖੋਲਦੇ ਹਨ। ਇਸ ਕਾਰਨ ਕਈ ਵਾਰ ਢੂਲਾ ਜਿਆਦਾ ਦਿਨ ਬੰਨਿਆ ਰਹਿੰਦਾ ਹੈ।
ਅਨੇਕਾਂ ਲੋਕ ਸਰਾਧਾਂ ਵਿਚ ਕੋਈ ਨਵਾਂ ਕਪੜਾ ਅਤੇ ਨਵਾਂ ਸਮਾਨ ਨਹੀਂ ਖਰੀਦਦੇ, ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਸਰਾਧਾਂ ਵਿਚ ਤਾਂ ਸਿਰਫ ਪਿਤਰਾਂ ਭਾਵ ਮ੍ਰਿਤਕ ਲੋਕਾਂ ਦਾ ਸਮਾਨ ਖਰੀਦਿਆ ਜਾਂਦਾ ਹੈ। ਦੂਜੇ ਪਾਸੇ ਕਈ ਅਗਾਂਹਵਧੂ ਲੋਕ ਅਜਿਹੇ ਵੀ ਹਨ, ਜੋ ਕਿ ਸਰਾਧਾਂ ਵਿਚ ਨਵਾਂ ਸਮਾਨ ਜਰੂਰ ਖਰੀਦਦੇ ਹਨ, ਕਿਉਂਕਿ ਗਾਹਕਾਂ ਦੀ ਘਾਟ ਕਾਰਨ ਸਰਾਧਾਂ ਵਿਚ ਸਾਮਾਨ ਸਸਤਾ ਹੋ ਜਾਂਦਾ ਹੈ ਅਤੇ ਆਧੁਨਿਕ ਸੋਚ ਦੇ ਮਾਲਕ ਅਨੇਕਾਂ ਲੋਕ ਸਰਾਧਾਂ ਵਿਚ ਸਸਤੇ ਹੋਏ ਸਮਾਨ ਦਾ ਲਾਹਾ ਲੈਂਦਿਆਂ ਨਵਾਂ ਸਮਾਨ ਖਰੀਦ ਲੈਂਦੇ ਹਨ।
ਵਹਿਮਾਂ ਭਰਮਾਂ ਦੇ ਸ਼ਿਕਾਰ ਲੋਕ ਅਕਸਰ ਰਾਸ਼ੀਫਲ ਉੱਪਰ ਵਿਸ਼ਵਾਸ ਰਖਦੇ ਹਨ। ਅਜਿਹੇ ਲੋਕਾਂ ਦੇ ਦਿਨ ਦੀ ਸੁਰੂਆਤ ਅਖਬਾਰ ਵਿਚ ਸਭ ਤੋਂ ਪਹਿਲਾਂ ਰਾਸ਼ੀਫਲ ਪੜ੍ਹਨ ਤੋਂ ਹੁੰਦੀ ਹੈ। ਇਹ ਲੋਕ ਰਾਸ਼ੀਫਲ ਵਿਚ ਲਿਖੇ ਉਪਰ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਉਸ ਅਨੁਸਾਰ ਆਪਣੇ ਕੰਮ ਕਰਦੇ ਹਨ। ਕਈ ਲੋਕ ਤਾਂ ਰਾਸ਼ੀਫਲ ਵਿਚ ਦੱਸੇ ਰੰਗਾਂ ਅਨੁਸਾਰ ਕਪੜੇ ਤਕ ਪਹਿਨਦੇ ਹਨ। ਕਈ ਲੋਕ ਸਵੇਰ ਵੇਲੇ ਵੱਖ ਵੱਖ ਟੀ ਵੀ ਚੈਨਲਾਂ ਤੇ ਚਲਦੇ ਰਾਸ਼ੀਫਲ ਅਤੇ ਹੋਰ ਵਹਿਮਾਂ ਭਰਮਾਂ ਵਾਲੇ ਪ੍ਰੋਗਰਾਮ ਵੇਖਦੇ ਰਹਿੰਦੇ ਹਨ ਅਤੇ ਇਨ੍ਹਾਂ ਅਨੁਸਾਰ ਆਪਣੇ ਕੰਮ ਕਰਦੇ ਹਨ।
ਸਾਡਾ ਸਮਾਜ ਭਾਵੇਂ ਆਧੁਨਿਕਤਾ ਦਾ ਹਾਣੀ ਹੈ ਪਰ ਇਸਦੇ ਬਾਵਜੂਦ ਅਨੇਕਾਂ ਲੋਕ ਅਜੇ ਵੀ ਪੁਰਾਣੇ ਯੁੱਗ ਵਿਚ ਰਹਿ ਰਹੇ ਹਨ ਅਤੇ ਪੁਰਾਣੇ ਸਮੇਂ ਦੇ ਵਹਿਮ ਭਰਮ ਮੰਨਦੇ ਆ ਰਹੇ ਹਨ। ਕਈ ਲੋਕਾਂ ਵਿਚ ਨਜਰ ਲਗੱਣ ਦਾ ਵਹਿਮ ਬਹੁਤ ਹੈ। ਅਕਸਰ ਅਨੇਕਾਂ ਲੋਕ ਇਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਹਨਾਂ ਨੂ ੰਜਾਂ ਉਹਨਾਂ ਦੇ ਕੰਮ ਨੂੰ ਕਿਸੇ ਦੀ ਨਜਰ ਲੱਗ ਗਈ ਹੈ। ਇਸ ਤਰ੍ਹਾਂ ਦੇ ਹਰ ਵਹਿਮ ਭਰਮ ਅਨੇਕਾਂ ਲੋਕਾਂ ਵਲੋਂ ਕੀਤੇ ਜਾਂਦੇ ਹਨ, ਜਿਹਨਾਂ ਦਾ ਕੋਈ ਵਿਗਿਆਨਿਕ ਅਧਾਰ ਨਹੀਂ ਹੁੰਦਾ। ਹੋਰ ਤਾਂ ਹੋਰ ਕਈ ਲੋਕ ਕੁੱਤੇ ਜਾਂ ਗਧੇ ਦੇ ਕੰਨ ਹਿਲਾਉਣ ਨੂੰ ਚੰਗਾ ਨਹੀਂ ਸਮਝਦੇ। ਇਸ ਤੋਂ ਇਲਾਵਾ ਰਾਤ ਨੂੰ ਉਲੂ ਬੋਲਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਦਿਨੇ ਉਲੂ ਦਾ ਦਿਖਾਈ ਦੇਣਾ ਮਾੜਾ ਸਮਝਿਆ ਜਾਂਦਾ ਹੈ। ਕਈ ਲੋਕ ਕਿਸੇ ਦੂਜੇ ਵਿਅਕਤੀ ਦਾ ਸਵੇਰੇ ਮੱਥੇ ਲੱਗਣ ਨੂੰ ਮਾੜਾ ਸਮਝਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਹੋਰ ਕਈ ਤਰ੍ਹਾਂ ਵਹਿਮ ਭਰਮ ਕਰਦੇ ਹਨ।
ਇਹਨਾਂ ਵਹਿਮਾਂ ਭਰਮਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੁੰਦਾ ਅਤੇ ਅਕਸਰ ਲੋਕ ਆਪਣੇ ਕੋਲੋਂ ਕਈ ਤਰ੍ਹਾਂ ਦੇ ਵਹਿਮ ਭਰਮ ਜੋੜ ਲਂੈਦੇ ਹਨ ਜਿਹੜੇ ਹੋਰਨਾਂ ਲਈ ਅਕਸਰ ਸਮੱਸਿਆ ਬਣ ਜਾਂਦੇ ਹਨ। ਵਹਿਮੀ ਲੋਕ ਅਕਸਰ ਕਿਸੇ ਤੋਂ ਕੋਈ ਚੀਜ ਲੈ ਕੇ ਨਹੀਂ ਖਾਂਦੇ ਅਤੇ ਉਹਨਾਂ ਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਕੋਈ ਉਹਨਾਂ ਨੂੰ ਜਾਦੂ ਟੂਣਾ ਕਰਕੇ ਕੋਈ ਚੀਜ ਨਾ ਖੁਆ ਦੇਵੇ।
ਅਸਲ ਵਿਚ ਵਹਿਮਾਂ ਭਰਮਾਂ ਦੇ ਸ਼ਿਕਾਰ ਲੋਕ ਕੁਝ ਹੱਦ ਤਕ ਮਨੋਰੋਗੀ ਹੁੰਦੇ ਹਨ, ਜਿਹਨਾਂ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਅੱਜ ਦੇ ਆਧੁਨਿਕ ਸਮਾਜ ਵਿਚ ਵਹਿਮਾਂ ਭਰਮਾਂ ਨੂੰ ਕੋਈ ਜਗਾ ਨਹੀਂ ਮਿਲਣੀ ਚਾਹੀਦੀ।
ਬਿਊਰੋ
Editorial
ਵੱਡੇ ਪੱਧਰ ਤੇ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਜਰੂਰੀ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਦਾ ਧੰਦਾ ਖੁੱਲੇਆਮ ਚਲਦਾ ਹੈ ਅਤੇ ਜਿੱਥੇ ਵੀ ਵੇਖੋ ਅਜਿਹਾ ਸਾਮਾਨ ਆਮ ਵੇਚਿਆ ਜਾਂਦਾ ਹੈ। ਮਿਲਾਵਟੀ ਸਾਮਾਨ ਵੇਚਣ ਵਾਲਿਆਂ ਵਲੋਂ ਸਭ ਤੋਂ ਜ਼ਿਆਦਾ ਮਿਲਾਵਟ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਅਤੇ ਬਾਜਾਰਾਂ ਵਿੱਚ ਵਿਕਦਾ ਖਾਣ ਪੀਣ ਦਾ ਇਹ ਮਿਲਾਵਟੀ ਸਾਮਾਨ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ।
ਹਾਲਾਤ ਇਹ ਹਨ ਕਿ ਬਾਜ਼ਾਰ ਵਿੱਚ ਵਿਕਣ ਵਾਲੀ ਹਰ ਚੀਜ਼ ਵਿੱਚ ਵੱਡੇ ਪੱਧਰ ਤੇ ਮਿਲਾਵਟ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਸਭ ਤੋਂ ਜਿਆਦਾ ਮਿਲਾਵਟ ਦੁੱਧ ਅਤੇ ਉਸ ਤੋਂ ਬਣਨ ਵਾਲੀਆਂ ਵਸਤੂਆਂ ਵਿੱਚ ਹੀ ਹੁੰਦੀ ਹੈ। ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਵਿੱਚ ਦੁੱਧ ਦੀ ਜਿੰਨੀ ਖਪਤ ਹੁੰਦੀ ਹੈ ਉਸਦੇ ਮੁਕਾਬਲੇ ਉਸਦਾ ਉਤਪਾਦਨ ਅੱਧੇ ਤੋਂ ਵੀ ਘੱਟ ਹੈ ਅਤੇ ਦੁੱਧ ਦੀ ਖਪਤ ਵਿੱਚ ਹੋਣ ਵਾਲੇ ਵਾਧੇ ਨਾਲ ਉਤਪਾਦਨ ਅਤੇ ਮੰਗ ਵਿਚਲਾ ਇਹ ਪਾੜਾ ਹੋਰ ਵੀ ਵੱਧ ਜਾਂਦਾ ਹੈ। ਇਸਦੇ ਨਾਲ ਹੀ ਦੁੱਧ ਤੋਂ ਬਣਨ ਵਾਲੀਆਂ ਮਿਠਾਈਆਂ ਅਤੇ ਹੋਰ ਪਦਾਰਥ ਵੀ ਬਹੁਤ ਜ਼ਿਆਦਾ ਖਰੀਦੇ ਵੇਚੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਖਪਤ ਜ਼ਿਆਦਾ ਹੋਣ ਕਾਰਨ ਨਕਲੀ ਦੁੱਧ, ਖੋਆ ਅਤੇ ਪਨੀਰ ਦਾ ਕਾਰੋਬਾਰ ਧੜੱਲੇ ਨਾਲ ਚਲਦਾ ਹੈ।
ਬਾਜਾਰਾਂ ਵਿੱਚ ਹੋਣ ਵਾਲੀ ਵਿਕਰੀ ਵਿੱਚ ਜਿਵੇਂ ਜਿਵੇਂ ਵਾਧਾ ਹੁੰਦਾ ਹੈ, ਮਿਲਾਵਟੀ ਅਤੇ ਨਕਲੀ ਸਾਮਾਨ ਵੇਚਣ ਵਲਿਆਂ ਦਾ ਮੁਨਾਫਾ ਵੀ ਵੱਧਦਾ ਹੈ ਜਿਸ ਕਾਰਨ ਹਰ ਤਰ੍ਹਾਂ ਦੇ ਸਾਮਾਨ ਵਿੱਚ ਮਿਲਾਵਟ ਕਰਨ ਵਾਲੇ ਕੁੱਝ ਜਿਆਦਾ ਹੀ ਸਰਗਰਮ ਹੋ ਜਾਂਦੇ ਹਨ। ਇਸ ਸੰਬੰਧੀ ਟੀ ਵੀ ਚੈਨਲਾਂ ਵਲੋਂ ਸਮੇਂ ਸਮੇਂ ਤੇ ਦੇਸ਼ ਭਰ ਵਿੱਚ ਨਕਲੀ ਦੁੱਧ, ਖੋਆ, ਪਨੀਰ ਅਤੇ ਨਕਲੀ ਮਿਠਾਈਆਂ ਤਿਆਰ ਕਰਕੇ ਵੇਚੇ ਜਾਣ ਸੰਬੰਧੀ ਜਿਹੜੀਆਂ ਰਿਪੋਰਟਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਉਹ ਲੂ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ।
ਮਿਲਾਵਟ ਦਾ ਇਹ ਕਾਰੋਬਾਰ ਸਿਰਫ ਦੁੱਧ ਅਤੇ ਉਸਤੋਂ ਬਣਨ ਵਾਲੇ ਸਾਮਾਨ ਤਕ ਹੀ ਸੀਮਿਤ ਨਹੀਂ ਹੈ ਬਲਕਿ ਅੱਜ ਕੱਲ ਤਾਂ ਬਾਜਾਰਾਂ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ (ਅਨਾਜ, ਦਾਲਾਂ, ਮਸਾਲੇ ਅਤੇ ਖੁਰਾਕੀ ਤੇਲ ਸਮੇਤ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ) ਵਿੱਚ ਵੱਡੇ ਪੱਧਰ ਉਪਰ ਮਿਲਾਵਟ ਕੀਤੀ ਜਾਂਦੀ ਹੈ। ਇਸ ਸੰਬੰਧੀ ਸਮੇਂ ਸਮੇਂ ਤੇ ਸ਼ਿਕਾਇਤਾਂ ਵੀ ਸਾਮ੍ਹਣੇ ਆਉਂਦੀਆਂ ਹਨ ਪਰੰਤੂ ਹਾਲਾਤ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਦੌਰਾਨ ਵਪਾਰੀ ਅਤੇ ਦੁਕਾਨਦਾਰ ਆਪਣਾ ਮੁਨਾਫਾ ਵਧਾਉਣ ਲਈ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰੰਤੂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲਾ ਤੰਤਰ ਜਿਵੇਂ ਡੂੰਘੀ ਨੀਂਦ ਸੁੱਤਾ ਰਹਿੰਦਾ ਹੈ। ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਜਿਹੜੀ ਚੀਜ਼ ਖਾ ਰਹੇ ਹਨ, ਉਹ ਨਾ ਸਿਰਫ ਮਿਲਾਵਟੀ ਹੈ ਬਲਕਿ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਵੀ ਹੈ।
ਦੇਸ਼ ਵਿੱਚ ਖੁੱਲੇਆਮ ਚਲਦੀ ਮਿਲਾਵਟੀ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਦੇਸ਼ ਦੇ ਖਜਾਨੇ ਨੂੰ ਵੀ ਖੋਰਾ ਲਗਾਉਂਦੀ ਹੈ ਕਿਉਂਕਿ ਮਿਲਾਵਟੀ ਸਾਮਾਨ ਦਾ ਇਹ ਸਾਰਾ ਕਾਰੋਬਾਰ ਦੋ ਨੰਬਰ ਵਿੱਚ ਹੀ ਹੁੰਦਾ ਹੈ। ਇਸ ਸੰਬੰਧੀ ਆਮ ਲੋਕ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਨਕਲੀ ਅਤੇ ਮਿਲਾਵਟੀ ਸਾਮਾਨ ਦਾ ਇਹ ਕਾਲਾ ਕਾਰੋਬਾਰ ਵੱਡੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਦਾ ਹੈ ਜਿਸਦੀ ਕਮਾਈ ਦਾ ਹਿੱਸਾ ਵੀ ਉੱਪਰ ਤਕ ਜਾਂਦਾ ਹੈ। ਇਸ ਤਰੀਕੇ ਨਾਲ ਸ਼ਰੇਆਮ ਹੁੰਦੀ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਚੁੱਕਦੀ ਹੈ।
ਨਕਲੀ ਅਤੇ ਮਿਲਾਵਟੀ ਸਾਮਾਨ ਦੀ ਖੁੱਲੇਆਮ ਵਿਕਰੀ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਦੇਸ਼ ਭਰ ਵਿਚ ਇਸਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਪਰੰਤੂ ਇਸ ਸੰਬੰਧੀ ਸਰਕਾਰੀ ਪੱਧਰ ਤੇ ਹੋਣ ਵਾਲੀ ਕਾਰਵਾਈ ਦੀ ਅਣਹੋਂਦ ਕਾਰਨ ਮਿਲਾਵਟੀ ਸਾਮਾਨ ਦੀ ਇਸ ਵਿਕਰੀ ਦਾ ਅਮਲ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਇਸ ਤਰੀਕੇ ਨਾਲ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਤੇ ਰੋਕ ਲੱਗੇ।
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
International2 months ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
Mohali1 month ago
29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ