Writer and SingerVeer Jasvir in Limelight with Ishq Ishq

”ਇਸ਼ਕ ਇਸ਼ਕ” ਨਾਲ ਚਰਚਾ ਵਿਚ –
ਨੌਜਵਾਨ ਪੀੜ੍ਹੀ ਦਾ ਉਭਰ ਰਿਹਾ ਗਾਇਕ ਤੇ ਲੇਖਕ– ਵੀਰ ਜਸ ਵੀਰ

ਨੌਜਵਾਨ ਪੀੜ੍ਹੀ ਦਾ ਉਭਰ ਰਿਹਾ ਲੇਖਕ ਅਤੇ ਗਾਇਕ ਵੀਰ  ਜਸ ਵੀਰ ਆਪਣੇ ਬਚਪਨ ਦੀਆਂ ਯਾਦਾਂ ਤਾਜਾ ਕਰਦਿਆਂ ਦੱਸਦਾ ਹੈ ਕਿ ਬਚਪਨ ਤੋਂ ਹੀ ਉਹ ਥੋੜ੍ਹਾ ਸ਼ਰਾਰਤੀ ਸੁਭਾਅ ਦੇ ਮਾਲਿਕ ਸੀ| ਗੀਤ ਲਿਖਣ ਅਤੇ ਗਾਉਣ ਦੀ ਚੇਟਕ ਉਸ ਨੂੰ ਸਕੂਲ ਟਾਇਮ ਤੋਂ ਹੀ ਲੱਗ ਗਈ ਸੀ|  ਖੇਤਾਂ ਵਿੱਚ ਕੱਲਿਆਂ ਬੈਠ ਕੇ ਕਈ-ਕਈ ਘੰਟੇ ਗੀਤ ਲਿਖਦੇ ਅਤੇ ਉੱਚੀ-ਉੱਚੀ ਗਾਉਂਦੇ ਰਹਿਣਾ ਉਸ ਦਾ ਨਿੱਤ ਦਾ ਸ਼ੁਗਲ ਬਣ ਗਿਆ ਸੀ|  ਪਿਤਾ ਸ. ਹਰਬੰਸ ਸਿੰਘ ਕਲੇਰ ਦੇ ਲਾਡਲੇ ਵੀਰ  ਜਸ ਨੇ ਮੁੱਢਲੀ ਸਿੱਖਿਆ ਜਿਲ੍ਹਾ ਜਲੰਧਰ ਦੇ ਪਿੰਡ ਪੁਆਦੜਾ ਤੋਂ, ਆਪਣੀ ਮਾਤਾ ਜਸਵੰਤ ਕੌਰ ਜੋ ਕਿ ਪੇਸ਼ੇ ਪੱਖੋਂ ਅਧਿਆਪਕਾ ਰਹਿ ਚੁੱਕੇ ਹਨ,  ਦੀ ਦੇਖ-ਰੇਖ ਹੇਠ ਕਰਨ ਉਪਰੰਤ ਹਾਈ ਸਕੂਲ ਦੀ ਪੜ੍ਹਾਈ ਜਿਲ੍ਹਾ ਲੁਧਿਆਣਾ ‘ਚ ਪੈਂਦੇ ਆਪਣੇ ਜੱਦੀ ਪਿੰਡ ਕੋਟਲਾ ਭੜੀ (ਨੇੜੇ ਖੰਨਾ) ਤੋਂ ਹਾਸਲ ਕੀਤੀ|  ਆਪਣੀ ਪੜ੍ਹਾਈ ਦੌਰਾਨ ਆਪਣੀ ਗਾਇਕੀ ਦੇ ਸ਼ੌਕ ਨੂੰ ਉਸ ਐਸਾ ਰੂਹ ਨਾਲ ਪਾਲਿਆ ਕਿ ਇਹ ਸ਼ੌਕ ਵਧਦਾ-ਵਧਦਾ ਜਨੂਨ ਬਣ ਗੁਜਰਿਆ ਜਿਸ ਨੂੰ ਹੁਣ ਵੀਰ ਨੇ ਪੜ੍ਹਾਈ ਦੀ ਸਮਾਪਤੀ ਉਪਰੰਤ ਆਪਣਾ ਕਿੱਤਾ ਹੀ ਅਪਣਾ ਲਿਆ ਹੈ|
ਵੀਰ ਨੇ ਆਪਣੇ ਆਪ ਨੂੰ ਨਾਮਵਰ ਗਾਇਕਾਂ ਦੀ ਗਿਣਤੀ ਵਿੱਚ ਦੇਖਣਾ ਦੀ ਇੱਛਾ ਮਨ ‘ਚ ਲੈਕੇ, ਆਪਣੇ ਗਾਇਕੀ ਦੇ ਕਿੱਤੇ ‘ਚ ਨਿਪੁੰਨਤਾ ਹਾਸਲ ਕਰਨ ਲਈ ਸੰਗੀਤ ਦੀ ਤਾਲੀਮ, ਬਕਾਇਦਾ ਮਿਊਜ਼ਿਕ ਟੀਚਰ ਬਲਦੇਵ ਸਿੰਘ ਜੀ ਤੋਂ ਮਲੇਰਕੇਟਲਾ ਵਿਖੇ ਜਿੰਦ-ਜਾਨ ਨਾਲ ਪ੍ਰਾਪਤ ਕੀਤੀ| ਬੜੇ ਹੀ ਖੁਸ਼ਦਿਲ ਅਤੇ ਸੱਚੀ- ਸੁੱਚੀ ਸੋਚ ਦਾ ਮਾਲਕ, ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ, ਕੋਮਲ ਹਿਰਦਾ ਰੱਖਦਾ ਵੀਰ, ਸੰਗੀਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰਦਾ ਤੇ ਪੂਜਦਾ ਹੈ| ਉਸ ਨੂੰ ਲੱਚਰ, ਅਸ਼ਲੀਲ ਅਤੇ ਠਾਹ- ਠਾਹ ਬੰਦੂਕਾਂ ਚਲਾਉਣ ਵਾਲੀ ਗਾਇਕੀ ਜਰਾ ਜਿੰਨੀ ਵੀ ਪਸੰਦ ਨਹੀ| ਉਸਦਾ ਕਹਿਣ ਹੈ ਕਿ ਸੂਫੀ ਗੀਤ ਗਾਂਉਂਦੇ-ਗਾਂਉਂਦੇ ਇਕ ਬਾਰ ਤਾਂ ਅੱਲਾ ਦੇ ਦਰਸ਼ਨ-ਦੀਦਾਰੇ ਹੋ ਜਾਂਦੇ ਹਨ| ਇਸੇ ਕਰਕੇ ਉਹ ਜ਼ਿਆਦਾਤਰ ਸੂਫੀ ਅਤੇ ਪਰਿਵਾਰਕ ਗੀਤਾਂ ਨੂੰ ਹੀ ਗਾਉਣ, ਲਿਖਣ ਅਤੇ ਸੁਣਨ ਦੀ ਤਰਜ਼ੀਹ ਦਿੰਦਾ ਹੈ|
ਹੁਣੇ ਹੁਣੇ ਮਾਰਕੀਟ ਵਿੱਚ, ਸੀ.ਕੇ.ਐਮ. ਫਿਲਮ ਅਤੇ ਮਿਊਜ਼ਿਕ ਕੰਪਨੀ ਵੱਲੋਂ ਸਰੋਤਿਆਂ ਦੀ ਕਚਹਿਰੀ ‘ਚ ਉਤਾਰੀ ਉਸ ਦੀ ਨਵੀਂ ਵੀਡਿਓ ਐਲਬਮ ”ਇਸ਼ਕ ਇਸ਼ਕ”, ਜਿਸ ਦੇ ਬੋਲ ਹਨ ”ਜਿਹਨੂੰ ਇਸ਼ਕ ਨਚਾਵੇ ਉਹਨੂੰ ਨੱਚਣਾ ਹੀ ਪੈਂਦਾ” ਮੱਲੋ-ਮੱਲੀ ਦਿਲ ਨੂੰ ਧੂਹ ਪਾਂਉਂਦੀ ਹੈ| ਉਸ ਦੀ ਇਸ ਐਲਬੰਮ ਨੂੰ ਕਲਾ-ਪ੍ਰੇਮੀਆਂ ਨੇ ਭੱਜ ਕੇ ਹੱਥਾਂ ਉਤੇ ਬੋਚਿਆ ਹੈ|
ਵੀਰ ਦਾ ਕਹਿਣ ਹੈ ਕਿ ਉਹ ਬਚਪਨ ਤੋਂ ਹੀਂ ਗੁਰਦਾਸ ਮਾਨ ਅਤੇ ਸੁਖਵਿੰਦਰ ਦੀ ਗਾਇਕੀ  ਨੂੰ ਰੂਹ ਨਾਲ ਸੁਣਦਾ ਆ ਰਿਹਾ ਹੈ| ਇਹੀ ਕਾਰਨ ਹੈ ਕਿ ”ਅੱਜ ਤੇਰੀ ਧੀ ਬਾਬਲਾ ਹੋ ਗਈ ਬੇਗਾਨੀ” ਵਰਗੇ ਉਸ ਦੇ ਗੀਤਾਂ ਵਿਚ ਪਰਿਵਾਰਕ ਰਿਸ਼ਤਿਆਂ ਦਾ ਅਹਿਸਾਸ ਪੂਰੀ ਤਰਾਂ ਝਲਕਦਾ ਹੈ| ਇਹ ਗੀਤ ਹੁਣੇ-ਹੁਣ ਰੀਲੀਜ ਹੋਈ ਪੰਜਾਬੀ ਫਿਲਮ ”ਦੀਪੋ’ ਲਈ ਵੀਰ ਨੇ ਖੁਦ ਹੀ ਲਿਖਿਆ ਤੇ ਆਪਣੀ ਆਵਾਜ਼ ਵਿੱਚ ਹੀ ਗਾਇਆ ਹੈ|  ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਇਵੇਂ ਹੀ ਬਾਬਲ ਤੇ ਦਿਓਰ ਭਾਬੀ ਦੇ ਰਿਸ਼ਤਿਆਂ ਨੂੰ ਦਰਸਾਉਂਦੇ ਗੀਤ ਵੀ ਉਸ ਨੇ ਖੁਦ ਲਿਖੇ ਅਤੇ ਗਾਏ ਹਨ| ਜਿਕਰ ਯੋਗ ਹੈ ਕਿ ਫਿਲਮ ‘ਦੀਪੋ’, ਪੰਜਾਬੀ ਫਿਲਮਾਂ ਦੀ ਨਵੀਂ ਉਭਰਦੀ ਮੁਟਿਆਰ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ, ਜਿਸ ਵਿਚ ਇਸ ਨੌਜਵਾਨ ਗਾਇਕ ਤੇ ਲੇਖਕ ਵੀਰ ਜਸ ਵੀਰ ਦਾ ਹਰ ਪੱਖ ਤੋਂ ਭਰਵਾਂ ਸਹਿਯੋਗ, ਮਿਲਵਰਤਨ ਅਤੇ ਪੇਸ਼ਕਾਰੀ ਰਹੀ ਹੈ|
ਇਕ ਸਵਾਲ ਦਾ ਜੁਵਾਬ ਦਿੰਦਿਆਂ ਵੀਰ ਜੱਸ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਗੁਰਪ੍ਰੀਤ ਸਰਾਂ ਦੇ ਹਰ ਪ੍ਰੋਜੈਕਟ ਵਿਚ ਤਨ, ਮਨ ਤੇ ਧਨ ਨਾਲ ਸਾਥ ਦਿੰਦਿਆਂ, ਸਾਫ-ਸੁਥਰੇ ਪਰਿਵਾਰਕ ਗੀਤ ਲਿਖ ਕੇ ਅਤੇ ਗਾ ਕੇ ਪੰਜਾਬੀ ਫਿਲਮਾਂ ਵਿੱਚ ਯੋਗਦਾਨ ਪਾਉਂਦਾ ਰਹੇਗਾ| ਉਸ ਦਾ  ਕਹਿਣ  ਹੈ ਕਿ ਹੁਣ ਉਹ ਛੋਟੇ-ਛੋਟੇ ਕਦਮ ਪੁੱਟ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮਾਲਕ ਦਾ ਥਾਪੜਾ ਇਵੇਂ ਹੀ ਉਸ ਦੇ ਨਾਲ ਰਿਹਾ  ਤਾਂ ਉਹ ਇਕ-ਨਾ-ਇਕ ਦਿਨ ਲੰਮੀ ਰੇਸ ਵਿੱਚ ਜਰੂਰ ਸ਼ਾਮਲ ਹੋਵੇਗਾ|
ਰੱਬ ਕਰੇ, ਕਦਮ ਨਾਲ ਕਦਮ ਮਿਲਾਕੇ ਚੱਲਦੀ, ਨੌਜਵਾਨ ਪੀੜ੍ਹੀ ਦੀ ਕਲਾਕਾਰਾਂ ਦੀ ਇਹ ਜੋੜੀ, ਗੁਰਪ੍ਰੀਤ ਸਰਾਂ ਅਤੇ ਵੀਰ ਜਸ ਵੀਰ,  ਇਕ ਦੂਜੇ ਦੇ ਸਾਥ ਤੇ ਸਹਿਯੋਗ ਨਾਲ ਸਫਲਤਾ ਦੀਆਂ ਮੰਜਲਾਂ ਵੱਲ ਵਧਦੀ ਰਵੇ, ਤਾਂ ਕਿ ਦੋਵਾਂ ਦੇ ਲੰਮੀਆਂ ਰੇਸਾਂ ਵਿਚ ਸ਼ਾਮਲ ਹੋਣ ਦੇ ਸੁਪਨੇ ਛੇਤੀਂ ਸਾਕਾਰ ਹੋਣ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

Leave a Reply

Your email address will not be published.