Mohali
ਖਾਲਸਾ ਕਾਲਜ ਵਿੱਚ ਤੀਆਂ ਦੇ ਤਿਉਹਾਰ ਸੰਬੰਧੀ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ
ਐਸ ਏ ਐਸ ਨਗਰ, 22 ਅਗਸਤ (ਸ.ਬ.) ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼, ਫੇਜ਼-3 ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ‘ਮਿਸ ਐਮ. ਸੀ. ਐਮ. ਰੇਡੀਐਂਟ ਸਮਾਈਲ 2023’ ਅਤੇ ਰਾਸ਼ਟਰੀ ਪੱਧਰ ਦੀ ਹੈਂਡਬਾਲ ਖਿਡਾਰਨ ਸਿਫ਼ਤ ਕੌਰ ਬੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਤੀਜ ਦੇ ਤਿਉਹਾਰ ਲਈ ਵਿਦਿਆਰਥਣਾਂ ਵਿਸ਼ੇਸ਼ ਤੌਰ ਤੇ ਸਜ-ਸੰਵਰ ਕੇ ਕਾਲਜ ਕੈਂਪਸ ਪਹੁੰਚੀਆਂ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਰੁੱਪ ਅਤੇ ਸੋਲੋ ਡਾਂਸ, ਗਿੱਧਾ ਅਤੇ ਪੰਜਾਬੀ ਗੀਤਾਂ ਤੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਾਲੇਜ ਕੈਂਪਸ ਵਿੱਚ ਖਾਣ-ਪੀਣ, ਆਰਟੀਫਿਸ਼ਲ ਜਿਊਲਰੀ, ਮਹਿੰਦੀ, ਨੇਲ ਆਰਟ ਅਤੇ ਮਨੋਰੰਜਕ ਖੇਡਾਂ ਦੇ ਸਟਾਲ ਲਗਾਏ ਗਏ। ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਇਨ੍ਹਾਂ ਸਟਾਲਾਂ ਤੋਂ ਖਰੀਦਦਾਰੀ ਕਰਨ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਿਆ।
ਇਸ ਮੌਕੇ ‘ਮਿਸ ਤੀਜ’ ਮੁਕਾਬਲਾ ਵੀ ਕਰਵਾਇਆ ਗਿਆ। ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਰਵਾਇਤੀ ਅਤੇ ਆਕਰਸ਼ਕ ਪਹਿਰਾਵਿਆਂ ਵਿੱਚ ਰੈਂਪ ਵਾਕ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿੱਚ ਬੀ. ਏ.-2 ਦੀ ਵਿਦਿਆਰਥਣ ਨਵਨੀਤ ਕੌਰ ਨੇ ‘ਮਿਸ ਤੀਜ’ ਦਾ ਖਿਤਾਬ ਆਪਣੇ ਨਾਮ ਕੀਤਾ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਤੀਜ ਸਾਡੀ ਸਮ੍ਰਿੱਧ ਪਰੰਪਰਾ, ਸੱਭਿਆਚਾਰ ਅਤੇ ਵਿਰਾਸਤ ਦਾ ਪ੍ਰਤੀਕ ਹੈ। ਅਜਿਹੇ ਤਿਉਹਾਰ ਨੌਜਵਾਨ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਲੋਕ-ਪਰੰਪਰਾਵਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦਿਆਂ ਅਜਿਹੇ ਤਿਉਹਾਰ ਮਿਲ-ਜੁਲ ਕੇ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ।
Mohali
ਜੀਰਕਪੁਰ ਵਿੱਚ ਪਤੀ-ਪਤਨੀ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ, ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਬਰਾਮਦ
ਜੀਰਕਪੁਰ, 22 ਅਗਸਤ (ਸ.ਬ.) ਜ਼ੀਰਕਪੁਰ ਵਿੱਚ ਇੱਕ ਵਿਆਹੁਤਾ ਜੋੜੇ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਪਤੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਬਰਨਾਲਾ ਦੇ ਤੱਖੇ ਦੀ ਪੱਤੀ (ਸੇਖਾਂ) ਦੀ ਰਹਿਣ ਵਾਲੀ ਗਗਨਦੀਪ ਕੌਰ ਵਜੋਂ ਹੋਈ ਹੈ। ਉਸ ਦਾ ਪਤੀ ਹਾਕਮ ਸਿੰਘ ਮਹਿਮਦਪੁਰ, ਬਰਨਾਲਾ ਦਾ ਰਹਿਣ ਵਾਲਾ ਸੀ। ਦੋਵਾਂ ਨੇ ਵਿਦੇਸ਼ ਜਾਣ ਲਈ ਵਿਆਹ ਕਰਵਾਇਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ ਦੇ ਇੱਕ ਪੀ ਜੀ ਵਿੱਚ ਰਹਿ ਰਹੇ ਸਨ।
ਪੁਲੀਸ ਨੂੰ ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ 36 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲਗਾਇਆ ਗਿਆ ਹੈ। ਪੁਲੀਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਹਾਕਮ ਸਿੰਘ ਨੇ ਦੋਸ਼ ਲਗਾਇਆ ਹੈ ਕਿ ਵਿਦੇਸ਼ ਭੇਜਣ ਵਾਲਾ ਏਜੰਟ ਉਸ ਦੇ ਸਕੂਲ ਦਾ ਸਹਿਪਾਠੀ ਸੀ। ਪੁਰਾਣੀ ਜਾਣ-ਪਛਾਣ ਹੋਣ ਕਰਕੇ ਜੋੜੇ ਨੇ ਉਸ ਤੇ ਭਰੋਸਾ ਕੀਤਾ। ਏਜੰਟ ਨੇ ਦੋਵਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18-18 ਲੱਖ ਰੁਪਏ ਲਏ। ਇਸ ਤਰ੍ਹਾਂ ਜੋੜੇ ਨੇ ਉਸ ਨੂੰ ਕੁੱਲ 36 ਲੱਖ ਰੁਪਏ ਦਿੱਤੇ। ਹਾਲਾਂਕਿ, ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਰਕਮ ਵੀ ਵਾਪਸ ਨਹੀਂ ਕੀਤੀ ਗਈ।
ਰਕਮ ਵਾਪਸ ਨਾ ਮਿਲਣ ਕਰਕੇ ਜੋੜਾ ਮਾਨਸਿਕ ਤਣਾਅ ਵਿੱਚ ਸੀ। ਇਸੇ ਦੇ ਚੱਲਦਿਆਂ ਦੋਵਾਂ ਨੇ ਜ਼ੀਰਕਪੁਰ ਸਥਿਤ ਪੀਜੀ ਵਿੱਚ ਕਥਿਤ ਤੌਰ ਤੇ ਸਲਫਾਸ ਖਾ ਲਈ। ਜਿਸ ਤੋਂ ਬਾਅਦ ਦੋਵਾਂ ਦੀ ਹਾਲਤ ਵਿਗੜ ਗਈ। ਗਗਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਹਾਕਮ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ।
Mohali
ਗੁਰੂਨਾਨਕ ਕਾਲੋਨੀ ਵਿੱਚ ਨਾਬਾਲਗ ਕੁੜੀ ਨੂੰ ਲਗਾਈ ਅੱਗ, ਪੁਲੀਸ ਵਲੋਂ ਮਾਮਲਾ ਦਰਜ
ਐਸ ਏ ਐਸ ਨਗਰ, 22 ਅਗਸਤ (ਸ.ਬ.) ਸਥਾਨਕ ਉਦਯੋਗਿਕ ਖੇਤਰ ਸੈਕਰ 74 ਵਿੱਚ ਸਥਿਤ ਮੁਹਾਲੀ ਸਥਿਤ ਗੁਰੂ ਨਾਨਕ ਕਾਲੋਨੀ ਵਿੱਚ ਇਕ ਨਾਬਾਲਗ ਕੁੜੀ ਨੂੰ ਉਸਦੇ ਘਰ ਵਿੱਚ ਵੜ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰਦਾਤ ਦੌਰਾਨ ਕੁੜੀ ਦਾ ਸ਼ਰੀਰ 75 ਫੀਸਦੀ ਝੁਲਸ ਗਿਆ ਹੈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
ਇਸ ਸੰਬੰਧੀ ਪੁਲੀਸ ਵਲੋਂ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਮੁਲਜਮ ਦੀਪਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦੇ ਪਿਤਾ ਅਨੁਸਾਰ ਮੁੱਖ ਮੁਲਜ਼ਮ ਕਾਫੀ ਸਮੇਂ ਤੋਂ ਨਾਬਾਲਗ ਕੁੜੀ ਤੇ ਜ਼ਬਰਦਸਤੀ ਗੱਲ ਕਰਨ ਦਾ ਦਬਾਅ ਬਣਾ ਰਿਹਾ ਸੀ ਅਤੇ ਬੀਤੇ ਦਿਨੀਂ ਮੁਲਜ਼ਮ ਨੇ ਉਨ੍ਹਾਂ ਦੇ ਘਰ ਦਾਖਿਲ ਹੋ ਕੇ ਕੁੜੀ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪਰਿਵਾਰ ਦੀ ਮੁਲਜਮ ਨਾਲ ਹੱਥੋਪਾਈ ਵੀ ਹੋਈ ਸੀ ਜਿਸਤੋਂ ਬਾਅਦ ਤੋਂ ਕੁੜੀ ਨੂੰ ਉਸਦੇ ਚੁੰਗਲ ਵਿੱਚੋਂ ਛੁਡਾਇਆ ਗਿਆ ਸੀ।
ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਘਰ ਤੋਂ ਕੰਮ ਤੇ ਗਿਆ ਸੀ ਜਿਸ ਦੌਰਾਨ ਦੀਪਕ ਦੁਬਾਰਾ ਉੱਥੇ ਪਹੁੰਚਿਆ। ਉਸ ਸਮੇਂ ਕੁੜੀ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਦੀਪਕ ਨੇ ਕੁੜੀ ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਲੱਗਦੇ ਹੀ ਕੁੜੀ ਚੀਕਣ ਲੱਗ ਪਈ ਅਤੇ ਮੁਲਜਮ ਫਰਾਰ ਹੋ ਗਿਆ। ਕੁੜੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਸੀ। ਗੁਆਂਢੀਆਂ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਕੁੰਡਾ ਤੋੜ ਕੇ ਕੁੜੀ ਨੂੰ ਬਾਹਰ ਕੱਢਿਆ।
ਪਰਿਵਾਰ ਵਲੋਂ ਕੁੜੀ ਨੂੰ ਫੇਜ਼-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੇ ਇਲਾਜ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਕਾਫੀ ਸਮੇਂ ਤੋਂ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਕਈ ਵਾਰ ਰਾਹ ਚਲਦੇ ਛੇੜਛਾੜ ਕਰਦਾ ਸੀ। ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਉਦੋਂ ਮੁਲਜ਼ਮ ਨੇ ਮਾਫ਼ੀ ਮੰਗ ਲਈ ਸੀ।
ਇਸ ਸੰਬੰਧੀ ਸੰਪਰਕ ਕਰਨ ਤੇ ਡੀ ਐਸ ਪੀ ਸਿਟੀ 1 ਸz. ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਦੀਪਕ ਕੁਮਾਰ ਨਾਮ ਦੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲੀਸ ਵਲੋਂ ਆਰੋਪੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Mohali
ਪੰਜਾਬੀ ਕਵੀ ਅਤੇ ਮੁਹਾਲੀ ਦੇ ਸੀਨੀਅਰ ਪੱਤਰਕਾਰ ਧਰਮਪਾਲ ਉਪਾਸ਼ਕ ਦਾ ਦਿਹਾਂਤ
ਵੱਖ ਵੱਖ ਸੰਸਥਾਵਾਂ ਵਲੋਂ ਦੁਖ ਦਾ ਪ੍ਰਗਟਾਵਾ
ਐਸ ਏ ਐਸ ਨਗਰ, 22 ਅਗਸਤ (ਸ.ਬ.) ਪੰਜਾਬੀ ਕਵੀ ਧਰਮਪਾਲ ਉਪਾਸ਼ਕ ਦਾ ਪੀ ਜੀ ਆਈ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ। ਉਹ 83 ਸਾਲ ਦੇ ਸਨ। ਉਹ ਪੰਜਾਬ ਟਰੈਕਟਰ ਵਿੱਚ ਨੌਕਰੀ ਲਈ 1973 ਵਿੱਚ ਮੁਹਾਲੀ ਆਏ ਸਨ ਅਤੇ ਵਰਕਰਜ਼ ਯੂਨੀਅਨ ਦੇ ਪਹਿਲੇ ਪ੍ਰਧਾਨ ਸਨ। ਉਹ ਪੰਜਾਬੀ ਸਾਹਿਤ ਸਭਾ ਅਤੇ ਪ੍ਰੈਸ ਕਲੱਬ ਮੁਹਾਲੀ ਦੇ ਵੀ ਪ੍ਰਧਾਨ ਰਹੇ।
ਉਨ੍ਹਾਂ ਦੀ ਪਹਿਲੀ ਕਾਵਿ ਕਿਤਾਬ ‘ਗੁੰਮਸ਼ੁਦਾ ਪੈੜ੍ਹਾਂ’ ਸੇਵਾ ਮੁਕਤੀ ਦੇ ਤੋਹਫ਼ੇ ਵਜੋਂ ਪੱਚੀ ਸਾਲ ਪਹਿਲਾ ਛਪੀ ਅਤੇ ਦੂਜੀ ਇਸੇ ਸਾਲ ਜਨਮ ਦਿਨ ਤੇ 20 ਜੁਲਾਈ ਨੂੰ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਗੁਰਸ਼ਰਨ ਸਿੰਘ ਦੇ ਬਲਰਾਜ ਸਾਹਨੀ ਪ੍ਰਕਾਸ਼ਨ ਲਈ ਵੀ ਪੁਸਤਕਾਂ ਸੰਪਾਦਤ ਕੀਤੀਆਂ ਸਨ।
ਧਰਮਪਾਲ ਉਪਾਸ਼ਕ ਨਕਸਲੀ ਲਹਿਰ ਦੇ ਪਰਮੁੱਖ ਸਾਹਿਤਕਾਰਾਂ ਵਿੱਚ ਸ਼ਾਮਲ ਸਨ ਅਤੇ ਪਾਸ਼ ਦੀ ਸੰਪਾਦਨਾ ਹੇਠ ਛਪਣ ਵਾਲ਼ੇ ਪਰਚੇ ‘ਸਿਆੜ’ ਦੇ ਸਹਾਇਕ ਸੰਪਾਦਕ ਸਨ। ਉਨ੍ਹਾਂ ਦੀ ਪ੍ਰੇਰਨਾ ਤੇ ਉਤਸ਼ਾਹ ਸਦਕਾ ਪੁੱਤਰ ਕੁਮਾਰ ਪਵਨਦੀਪ ਤੇ ਅਨੀਤਾ ਸ਼ਬਦੀਸ਼ ਨਾਟ ਜਗਤ ਨਾਲ਼ ਜੁੜੇ ਸਨ। ਉਨ੍ਹਾਂ ਦੇ ਛੋਟੇ ਪੁੱਤਰ ਸੰਦੀਪ ਕੁਮਾਰ ਵੀ ਥੋੜੀ ਦੇਰ ਨਾਟਕ ਦੀ ਦੁਨੀਆਂ ਦਾ ਹਿੱਸਾ ਰਹੇ ਸਨ। ਉਨ੍ਹਾਂ ਦੀ ਪਤਨੀ ਸੀਤਾ ਦੇਵੀ ਸੋਸ਼ਲ ਵਰਕਰ ਸਨ ਅਤੇ ਮੁਹਾਲੀ ਮਿਊਸਪਲ ਕਮੇਟੀ ਲਈ ਚੁਣੇ ਗਏ ਸਨ।
ਉਨ੍ਹਾਂ ਦੇ ਦੋਵੇਂ ਪੁੱਤਰ ਅਮਰੀਕਾ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ 2:00 ਵਜੇ ਮੁਹਾਲੀ (ਨੇੜੇ ਬਲੌਂਗੀ) ਹੋਵੇਗਾ ਅਤੇ ਅੰਤਿਮ ਸਫ਼ਰ 1:30 ਵਜ਼ੇ, ਐਚ ਈ-325,ਫੇਜ਼-5, ਮੁਹਾਲੀ ਤੋਂ ਹੋਵੇਗਾ।
ਇਪਟਾ, ਪੰਜਾਬ ਨੇ ਧਰਮ ਪਾਲ ਉਪਸ਼ਕ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦਾ ਖੇਤਰ ਇਕ ਸੰਵੇਦਨਸ਼ੀਲ ਅਤੇ ਲੋਕ-ਹਿਤੈਸ਼ੀ ਕਵੀ ਅਤੇ ਬੇਬਾਕ ਅਤੇ ਸੁਹਿਰਦ ਪੱਤਰਕਾਰ ਤੋਂ ਹੋਇਆ ਵਾਂਝਾ ਹੋ ਗਿਆ ਹੈ। ਇੱਥੇ ਜਾਰੀ ਬਿਆਨ ਵਿੱਚ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਪੰਜਾਬੀ ਰੰਗਮੰਚ ਅਤੇ ਫਿਲਮ ਅਦਾਕਾਰ ਅਨੀਤਾ ਸ਼ਬਦੀਸ਼ ਅਤੇ ਅਮਰੀਕਾ ਰਹਿਕੇ ਰੰਗਮੰਚ ਅਤੇ ਫਿਲਮਾਂ ਨਾਲ ਜੁੜੇ ਪਵਨਦੀਪ ਦੇ ਪਿਤਾ ਧਰਮ ਪਾਲ ਉਪਾਸ਼ਕ ਪੰਜਾਬੀ ਸਾਹਿਤ ਸਭਾ ਦੇ ਵੀ ਪਹਿਲੇ ਪ੍ਰਧਾਨ ਰਹੇ। ਉਨ੍ਹਾਂ ਦੀ ਪਤਨੀ ਸੀਤਾ ਦੇਵੀ ਵੀ ਸਮਾਜਿਕ ਕਾਰਜਾਂ ਨਾਲ ਜੁੜੇ ਰਹੇ ਅਤੇ ਮੁਹਾਲੀ ਮਿਊਂਸਪਲ ਕਮੇਟੀ ਲਈ ਚੁਣੇ ਗਏ ਸਨ।
ਇਪਟਾ ਪੰਜਾਬ ਦੇ ਜਨਰਲ ਸੱੱਕਤਰ ਇੰਦਰਜੀਤ ਰੂਪੋਵਾਲੀ, ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸੱਕਤਰ ਕਮਲਨੈਣ ਸਿੰਘ ਸੇਖੋਂ, ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਗੁਰਦਿਆਲ ਨਿਰਮਾਣ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਬਿੱਟੂ ਔਲਖ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ’, ਨਰਦਿੰਰ ਨਸਰੀਨ, ਗੁਰਵਿੰਦਰ ਬਾਕਰਪੁਰੀਆ ਅਤੇ ਰਿੱਤੂਰਾਗ ਨੇ ਕਿਹਾ ਧਰਮਪਾਲ ਉਪਾਸ਼ਕ ਹੋਰਾਂ ਦੀ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬੀ ਕਵੀ ਅਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਧਰਮਪਾਲ ਉਪਾਸ਼ਕ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਸਮਾਜਿਕ ਚੇਤਨਾ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਸ੍ਰੀ ਉਪਾਸ਼ਕ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਪੰਜਾਬੀ ਸਾਹਿਤਕ ਭਾਈਚਾਰਾ ਪਰਿਵਾਰ ਦੇ ਨਾਲ ਖੜ੍ਹਾ ਹੈ।
ਸਭਾ ਦੇ ਆਗੂਆਂ ਨੇ ਕਿਹਾ ਕਿ ਧਰਮਪਾਲ ਉਪਾਸ਼ਕ ਦੀ ਯਾਦ ਉਨ੍ਹਾਂ ਦੀ ਸਾਹਿਤਕ ਰਚਨਾ, ਸਮਾਜਿਕ ਸਰੋਕਾਰਾਂ ਅਤੇ ਲੋਕ-ਪੱਖੀ ਸਰਗਰਮੀਆਂ ਰਾਹੀਂ ਸਦਾ ਲਈ ਬਣੀ ਰਹੇਗੀ। ਉਨ੍ਹਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਅਤੇ ਲੋਕ-ਪੱਖੀ ਚੇਤਨਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਸਭਾ ਨੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ।
ਧਰਮਪਾਲ ਉਪਾਸ਼ਕ ਦੇ ਬੇਵਕਤ ਦੇਹਾਂਤ ਤੇ ਸੋਗ ਪ੍ਰਗਟ ਕਰਦਿਆਂ ਪੀ ਟੀ ਐਲ ਯੂਨੀਅਨ ਦੇ ਸਾਬਕਾ ਪ੍ਰਧਾਨ ਹਾਕਮ ਸਿੰਘ ਜਵੰਦਾ ਨੇ ਕਿਹਾ ਕਿ ਜਿੱਥੇ ਉਹ ਸੀਨੀਅਰ ਪੱਤਰਕਾਰ ਸਨ ਉੱਥੇ ਹੀ ਉਹ ਪੀਟੀਐਲ ਦੇ ਵਿੱਚ ਯੂਨੀਅਨ ਬਣਾਉਣ ਦੇ ਵਿੱਚ ਮੋਢੀ ਸਨ ਅਤੇ ਉਹ ਯੂਨੀਅਨ ਦੇ ਪਹਿਲੇ ਪ੍ਰਧਾਨ ਦੇ ਤੌਰ ਤੇ ਬੇਮਿਸਾਲ ਸੇਵਾ ਨਿਭਾਉਂਦੇ ਰਹੇ।
ਉਹਨਾਂ ਦੇ ਦਿਹਾਂਤ ਤੇ ਸੋਗ ਪ੍ਰਗਟ ਕਰਦਿਆਂ ਕਿਸਾਨ ਆਗੂ ਸਮਾਜ ਸੇਵੀ ਰਜਿੰਦਰ ਸਿੰਘ ਬੜਹੇੜੀ ਨੇ ਕਿਹਾ ਕਿ ਉਹ ਨਿਰਪੱਖ ਪੱਤਰਕਾਰ ਸਨ ਅਤੇ ਸੱਚੇ ਮੁਲਾਜ਼ਮ ਆਗੂ ਸਨ। ਉਹਨਾਂ ਦੇ ਦਿਹਾਂਤ ਤੇ ਕੈਪਟਨ ਕਰਨੈਲ ਸਿੰਘ, ਇੰਸਪੈਕਟਰ ਰਘਵੀਰ ਸਿੰਘ, ਬਲਜਿੰਦਰ ਸਿੰਘ ਰਾਜਾ ਸਮੇਤ ਵੱਡੀ ਗਿਣਤੀ ਵਿੱਚ ਉਹਨਾਂ ਦੇ ਪੁਰਾਣੇ ਸਾਥੀਆਂ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-
National2 months agoਹਥਿਆਰਬੰਦ ਬਦਮਾਸ਼ਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਸੋਨਾ, ਨਗਦੀ ਅਤੇ ਕੀਮਤੀ ਸਮਾਨ ਲੁਟਿਆ
-
Mohali2 months ago3 ਦਿਨਾਂ ਵਿੱਚ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸਫਾਈ ਕਰਮਚਾਰੀ ਕਰਨਗੇ ਅਣਮਿੱਥੇ ਸਮੇਂ ਲਈ ਹੜਤਾਲ
-
Punjab2 months agoਗਾਹਲੜੀ ਹਾਈਡਲ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਖੇਤਾਂ ਵਿੱਚ ਵੜਿਆ ਪਾਣੀ
-
International2 weeks agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Chandigarh1 month agoਪੰਜਾਬ ਸਰਕਾਰ ਨੇ 892 ਆਧੁਨਿਕ ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਨੇਪਰੇ ਚਾੜ੍ਹਿਆ: ਡਾ. ਬਲਜੀਤ ਕੌਰ
-
National1 month agoਪਿਕਅੱਪ ਟਰੱਕ ਅਤੇ ਟਰੱਕ ਦੀ ਟੱਕਰ ਕਾਰਨ 1 ਵਿਅਕਤੀ ਦੀ ਮੌਤ, 2 ਗੰਭੀਰ ਜ਼ਖਮੀ
-
Chandigarh1 month agoਭਾਰਤ-ਅਮਰੀਕਾ ਦੇ ਵਪਾਰ ਸਮਝੌਤੇ ਖਿਲਾਫ਼ ਲੋਕ ਹਿੱਤ ਮਿਸ਼ਨ ਵੱਲੋਂ 22 ਜੁਲਾਈ ਨੂੰ ਬੜੌਦੀ ਟੋਲ ਪਲਾਜ਼ਾ ਕੀਤਾ ਜਾਵੇਗਾ ਮੁਫਤ
-
Chandigarh2 months agoਚੈਪਟਰ ਮੂਨਲਾਈਟ ਵਲੋਂ ਜੁਲਾਈ ਮਿਲਣ ਸਮਾਰੋਹ ਦਾ ਆਯੋਜਨ
