Punjab
ਨੌਜਵਾਨ ਵੱਲੋਂ ਥਾਣੇ ਵਿੱਚ ਮੁਲਾਜ਼ਮਾਂ ਤੇ ਤਲਵਾਰ ਨਾਲ ਹਮਲਾ
ਲੁਧਿਆਣਾ, 25 ਜੂਨ (ਸ.ਬ.) ਲੁਧਿਆਣਾ ਵਿੱਚ ਬੀਤੀ ਰਾਤ ਸਮੇਂ ਇਕ ਵਿਅਕਤੀ ਨੇ ਥਾਣੇ ਵਿੱਚ ਦਾਖਲ ਹੋ ਕੇ ਮੁਲਾਜ਼ਮਾਂ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹੱਥ ਵਿਚ ਨੰਗੀ ਤਲਵਾਰ ਲੈ ਕੇ ਵਿਅਕਤੀ ਨੂੰ ਥਾਣੇ ਅੰਦਰ ਆਉਂਦਾ ਦੇਖ ਪੁਲੀਸ ਮੁਲਾਜ਼ਮ ਹੈਰਾਨ ਰਹਿ ਗਏ ਅਤੇ ਅਚਾਨਕ ਉਕਤ ਵਿਅਕਤੀ ਨੇ ਮੁਲਾਜ਼ਮਾਂ ਤੇ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ। ਆਪਣਾ ਬਚਾਅ ਕਰਨ ਲਈ ਮੁਲਾਜ਼ਮ ਇੱਧਰ-ਉੱਧਰ ਭੱਜਣ ਲੱਗੇ। ਘਟਨਾ ਲੁਧਿਆਣਾ ਵਿਚ ਪੈਂਦੇ ਮੋਤੀ ਨਗਰ ਥਾਣੇ ਦੀ ਹੈ। ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਪਿਆ। ਅੰਤ ਵਿਚ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ। ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਹਮਲੇ ਵਿਚ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਜਦਕਿ ਹਮਲਾਵਰ ਵੀ ਜ਼ਖ਼ਮੀ ਹੋ ਗਿਆ ਹੈ। ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।
Punjab
ਗੁਜਰਾਤ ਦਾ ਵਪਾਰੀ ਲੁਧਿਆਣਾ ਤੋਂ ਅਗਵਾ, ਕਾਰ ਸਵਾਰ ਚਾਰ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਲੁਧਿਆਣਾ, 22 ਨਵੰਬਰ (ਸ.ਬ.) ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਬੀਤੀ ਰਾਤ ਇੱਕ ਕਾਰੋਬਾਰੀ ਨੂੰ ਚਾਰ ਵਿਅਕਤੀਆਂ ਨੇ ਕਾਰ ਵਿੱਚ ਅਗਵਾ ਕਰ ਲਿਆ । ਜਾਣਕਾਰੀ ਤੋਂ ਬਾਅਦ ਪੁਲੀਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਕੱਪੜਾ ਕਾਰੋਬਾਰੀ ਦੀ ਪਹਿਛਾਣ ਗੁਜਰਾਤ ਦੇ ਰਹਿਣ ਵਾਲੇ ਸੁਰਜੀਤ ਦਿਨਕਰ ਪਟੇਲ ਵਜੋਂ ਹੋਈ। ਏਡੀਸੀਪੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਸੁਰਜੀਤ ਕੁਝ ਮਹੀਨੇ ਪਹਿਲੋਂ ਤੋਂ ਗੁਜਰਾਤ ਤੋਂ ਲੁਧਿਆਣਾ ਦੇ ਜਨਕਪੁਰੀ ਦੀ ਆਹਲੂਵਾਲੀਆ ਮਾਰਕੀਟ ਵਿੱਚ ਆ ਕੇ ਕੱਪੜੇ ਦਾ ਕਾਰੋਬਾਰ ਕਰ ਰਿਹਾ ਸੀ। ਉਹ ਲੁਧਿਆਣਾ ਦੇ ਇੱਕ ਪੀਜੀ ਵਿੱਚ ਇਕੱਲਾ ਹੀ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਕਾਰ ਤੇ ਸਵਾਰ ਹੋ ਕੇ ਕੁਝ ਵਿਅਕਤੀ ਆਏ ਜੋ ਸੁਰਜੀਤ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਫਰਾਰ ਹੋ ਗਏ। ਮੁਢਲੀ ਜਾਂਚ ਤੋਂ ਪੁਲੀਸ ਨੂੰ ਇਹੀ ਜਾਪ ਰਿਹਾ ਹੈ ਕਿ ਇਹ ਮਾਮਲਾ ਪੈਸੇ ਦੇ ਲੈਣ ਦੇਣ ਦਾ ਹੋ ਸਕਦਾ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰਕੇ ਪੁਲੀਸ ਨੂੰ ਜਾਣਕਾਰੀ ਦਿੱਤੀ। ਉਧਰੋਂ ਏਡੀਸੀਪੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।
Punjab
ਸ਼ੱਕੀ ਹਾਲਾਤਾਂ ਵਿੱਚ ਲਟਕਦੀ ਮਿਲੀ ਵਿਅਕਤੀ ਦੀ ਲਾਸ਼, ਕਤਲ ਦਾ ਖਦਸ਼ਾ
ਬਟਾਲਾ, 22 ਨਵੰਬਰ (ਸ.ਬ.) ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਵਿਚ ਸ਼ੱਕੀ ਹਾਲਾਤਾਂ ਵਿਚ ਪੱਖੇ ਨਾਲ ਇੱਕ ਵਿਅਕਤੀ ਦੀ ਲਟਕਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਸ਼ਾਹਪੁਰ ਜਾਜਨ ਵਜੋਂ ਹੋਈ ਹੈ। ਉਧਰ ਪਰਿਵਾਰਕ ਮੈਂਬਰਾਂ ਨੇ ਮੌਤ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਪਸਲੀਆਂ ਟੁੱਟਣ ਕਾਰਨ ਰਾਜਵਿੰਦਰ ਪਿਛਲੇ ਢਾਈ ਸਾਲਾਂ ਤੋਂ ਵਾਕਰ ਦੇ ਸਹਾਰੇ ਚੱਲ ਰਿਹਾ ਸੀ ਤਾਂ ਉਹ ਫਾਹਾ ਲੈ ਕੇ ਕਿਵੇਂ ਲੈ ਸਕਦਾ ਹੈ। ਪਰਿਵਾਰਕ ਮੈਂਬਰਾਂ ਨੇ ਰਾਜਵਿੰਦਰ ਦਾ ਕਤਲ ਦੱਸਿਆ ਹੈ। ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਮੁਢਲੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਦੇ ਭਰਾ ਬਲਵਿੰਦਰ ਸਿੰਘ ਅਤੇ ਭੈਣ ਜਗਜੀਤ ਕੌਰ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਪਰ ਅੱਜ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਸਵੇਰੇ, ਉਨ੍ਹਾਂ ਨੇ ਉਸਨੂੰ ਬੁਲਾਇਆ ਪਰ ਉਸਨੇ ਅੱਗੋਂ ਕੋਈ ਜਵਾਬ ਨਾ ਦਿੱਤਾ। ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਮਿਸਤਰੀ ਨੂੰ ਬੁਲਾਇਆ ਅਤੇ ਗਰਿੱਲ ਕੱਟ ਕੇ ਅੰਦਰ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਤੇ ਸ਼ੱਕ ਪ੍ਰਗਟਾਇਆ ਅਤੇ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਭਰਜਾਈ ਪਿਛਲੇ ਡੇਢ ਮਹੀਨੇ ਤੋਂ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਵਿਅਕਤੀ ਨਾਲ ਪਿੰਡ ਵਿੱਚ ਹੀ ਰਹਿ ਰਹੀ ਸੀ। ਉਹਨਾਂ ਦੋਸ਼ ਲਾਇਆ ਕਿ ਰਾਜਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਕਤ ਔਰਤ ਅਤੇ ਉਸ ਦੇ ਪ੍ਰੇਮੀ ਨੇ ਪਹਿਲਾਂ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਨੂੰ ਪੱਖੇ ਨਾਲ ਲਟਕਾ ਦਿੱਤਾ, ਜਿਸ ਨੂੰ ਖੁਦਕੁਸ਼ੀ ਕਰਾਰ ਦਿੱਤਾ ਜਾ ਰਿਹਾ ਹੈ। ਉਹਨਾਂ ਪੁਲੀਸ ਨੂੰ ਅੱਗੇ ਦੱਸਿਆ ਕਿ ਢਾਈ ਸਾਲ ਪਹਿਲਾਂ ਇਕ ਹਾਦਸੇ ਦੌਰਾਨ ਮ੍ਰਿਤਕ ਰਾਜਵਿੰਦਰ ਸਿੰਘ ਦਾ ਚੂਲਾ ਟੁੱਟ ਗਿਆ ਸੀ ਅਤੇ ਉਦੋਂ ਤੋਂ ਹੀ ਰਾਜਵਿੰਦਰ ਵਾਕਰ ਦੀ ਮਦਦ ਨਾਲ ਤੁਰ ਫਿਰ ਰਿਹਾ ਸੀ ਤਾਂ ਫਿਰ ਉਹ ਆਪਣੇ ਗਲੇ ਵਿੱਚ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਰਾਜਵਿੰਦਰ ਸਿੰਘ ਦੀ 8 ਲੱਖ ਰੁਪਏ ਦੀ ਐਫਡੀ ਵੀ ਉਸ ਦੀ ਪਤਨੀ ਨੇ ਲੈ ਲਈ ਸੀ ਅਤੇ ਉਹ ਕਰੀਬ ਚਾਰ ਤੋਲੇ ਸੋਨਾ ਅਤੇ ਉਸ ਦੇ ਪੰਜ ਸਾਲਾ ਪੁੱਤਰ ਸਮੇਤ ਪਿੰਡ ਦੇ ਹੀ ਇਕ ਨੌਜਵਾਨ ਨਾਲ ਰਹਿ ਰਹੀ ਸੀ। ਪੀੜਤ ਪਰਿਵਾਰ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਮੌਕੇ ਤੇ ਪਹੁੰਚੇ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਸਓ ਅਮਰਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਦੀ ਪਤਨੀ ਸ਼ਰਨਜੀਤ ਕੌਰ ਅਤੇ ਉਸਦੇ ਪ੍ਰੇਮੀ ਹਰਜੋਤ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
Punjab
ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਵਿਅਕਤੀ ਦੀ ਮੌਤ
ਮੋਗਾ, 22 ਨਵੰਬਰ (ਸ.ਬ.) ਮੋਗਾ ਦੇ ਫੋਕਲ ਪੁਆਇੰਟ ਰੇਲਵੇ ਲਾਈਨ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਹ ਘਟਨਾ ਬੀਤੀ ਦੇਰ ਰਾਤ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਅਕਤੀ ਦੇ ਕਈ ਸਰੀਰਕ ਅੰਗ ਦੂਰ ਤੱਕ ਖਿਲਰੇ ਹੋਏ ਸਨ। ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਵਿਅਕਤੀ ਦੀ ਦੇਹ ਨੂੰ ਇਕੱਠਿਆਂ ਕਰਕੇ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਬਾਕੀ ਅਗਲੀ ਕਾਰਵਾਈ ਰੇਲਵੇ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਇਸ ਵਿਅਕਤੀ ਕੋਲ ਇਕ ਫੋਨ ਵੀ ਮਿਲਿਆ ਜੋ ਰੇਲਵੇ ਪੁਲੀਸ ਪ੍ਰਸ਼ਾਸਨ ਦੇ ਕੋਲ ਜਮ੍ਹਾਂ ਕਰਵਾਇਆ ਗਿਆ ਹੈ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
National2 months ago
ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿਖਾਈ ਸਖਤੀ
-
Chandigarh2 months ago
ਸਰਪੰਚੀ ਲਈ 2 ਕਰੋੜ ਦੀ ਬੋਲੀ ਦਾ ਮਾਮਲਾ