Connect with us

Mohali

ਪੰਜਾਬ ਸਰਕਾਰ ਦੇ ਰਹੀ ਹੈ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ : ਭਗਵੰਤ ਸਿੰਘ ਮਾਨ

Published

on

ਨੌਜਵਾਨਾਂ ਦੇ ਕਾਰੋਬਾਰੀ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ‘ਸਟਾਰਟਅੱਪ ਸੈਂਟਰ’ ਸਥਾਪਿਤ ਕੀਤਾ

ਐਸ.ਏ.ਐਸ. ਨਗਰ, 19 ਸਤੰਬਰ (ਸ.ਬ.) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਢੁਕਵੇਂ ਮੌਕੇ, ਵਿੱਤੀ ਸਹਾਇਤਾ ਅਤੇ ਸੰਸਥਾਗਤ ਸਹਿਯੋਗ ਦਾ ਮਜ਼ਬੂਤ ਢਾਂਚਾ ਤਿਆਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ। ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵੱਲੋਂ ਮੁਹਾਲੀ ਕੈਂਪਸ ਵਿਖੇ ‘ਇੰਡੀਆ ਅਨਬਾਉਂਡ: ਡਿਫਾਈਨਿੰਗ ਟੁਮਾਰੋਜ਼ ਲੀਡਰਸ਼ਿਪ’ ਵਿਸ਼ੇ ਤੇ ਕਰਵਾਏ ਆਈ ਐਸ ਬੀ ਲੀਡਰਸ਼ਿਪ ਸੰਮੇਲਨ-2026 ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਜਾਂ ਊਰਜਾ ਦੀ ਕੋਈ ਕਮੀ ਨਹੀਂ ਹੈ। ਇਸੇ ਕਰਕੇ ਸਰਕਾਰ ਅਜਿਹੇ ਰੌਸ਼ਨ ਦਿਮਾਗ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ, ਕਾਰੋਬਾਰ ਸਥਾਪਤ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਆਈ ਐਸ ਬੀ ਦੇ ਚੇਅਰਮੈਨ ਹਰੀਸ਼ ਮਨਵਾਨੀ, ਡੀਨ ਪ੍ਰੋਫੈਸਰ ਮਦਨ, ਅਕਾਦਮਿਕ ਅਤੇ ਕਾਰੋਬਾਰੀ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਨੂੰ ਆਈ ਐਸ ਬੀ ਦੇ 25 ਸਾਲ ਪੂਰੇ ਹੋਣ ਤੇ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਆਈ ਐਸ ਬੀ ਵਰਗੀਆਂ ਸੰਸਥਾਵਾਂ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਵਡਮੁੱਲੀ ਭੂਮਿਕਾ ਨਿਭਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵੀਨਤਾਕਾਰੀ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ‘ਸਟਾਰਟਅੱਪ ਸੈਂਟਰ’ ਸਥਾਪਿਤ ਕੀਤਾ ਹੈ, ਜਦਕਿ ‘ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸੀਡ ਮਨੀ ਅਤੇ ਸਕੂਲ ਆਫ਼ ਐਮੀਨੈਂਸ ਤੋਂ ਉਸਾਰੂ ਤੇ ਲਾਹੇਵੰਦ ਵਿਚਾਰ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਉਹ ਉਜਵਲ ਭਵਿੱਖ ਵੱਲ ਪੁਲਾਂਘ ਪੁੱਟ ਸਕਣ। ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗ, ਨਿਵੇਸ਼ ਅਤੇ ਨਵੀਨਤਾ ਦੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਸਮਾਜਾਂ ਦਾ ਹੀ ਹੈ ਜੋ ਨਵੀਨਤਾ ਲਿਆਉਣ, ਸੋਚ-ਸਮਝ ਕੇ ਜੋਖਮ ਉਠਾਉਣ ਅਤੇ ਉੱਭਰਦੇ ਮੌਕਿਆਂ ਨੂੰ ਟਿਕਾਊ ਵਿਕਾਸ ਵਿੱਚ ਬਦਲਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਈਐਸਬੀ ਲੀਡਰਸ਼ਿਪ ਸੰਮੇਲਨ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਲੀਡਰਸ਼ਿਪ ਅਤੇ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਾਰੋਬਾਰੀ ਆਗੂਆਂ, ਉੱਦਮੀਆਂ, ਨੀਤੀ-ਘਾੜਿਆਂ, ਨਵੀਨਤਾਕਾਰਾਂ ਅਤੇ ਵਿਦਿਆਰਥੀਆਂ ਨੂੰ ਇੱਕੋ ਮੰਚ ਤੇ ਇਕੱਤਰ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਭਾਰਤ ਕੋਲ ਆਪਣੀ ਨੌਜਵਾਨ ਆਬਾਦੀ, ਤਕਨੀਕੀ ਸਮਰੱਥਾਵਾਂ ਅਤੇ ਵਧ ਰਹੀਆਂ ਆਰਥਿਕ ਇੱਛਾਵਾਂ ਕਾਰਨ ਅਥਾਹ ਸਮਰੱਥਾ ਹੈ, ਪਰ ਮੌਕੇ ਆਪਣੇ ਆਪ ਲਾਹੇਵੰਦ ਸਾਬਤ ਨਹੀਂ ਹੁੰਦੇ। ਅਸਲ ਅਗਵਾਈ ਚੁਣੌਤੀਆਂ ਦੇ ਵਿਚਕਾਰ ਮੌਕਿਆਂ ਦੀ ਪਛਾਣ ਕਰਨ ਬਾਰੇ ਹੈ। ਦੂਰਅੰਦੇਸ਼ ਸੋਚ, ਨਿਵੇਸ਼ ਅਤੇ ਜੋਖਮ ਉਠਾਉਣ ਦੇ ਹੌਸਲੇ ਰਾਹੀਂ ਮੌਕਿਆਂ ਨੂੰ ਨਤੀਜਿਆਂ ਵਿੱਚ ਬਦਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਵਿਕਾਸ ਦੇ ਆਲਮੀ ਧੁਰੇ ਵਜੋਂ ਉੱਭਰ ਰਿਹਾ ਹੈ ਅਤੇ ਆਈ ਐਸ ਬੀ ਵਰਗੀਆਂ ਸੰਸਥਾਵਾਂ ਉੱਦਮੀਆਂ, ਪੇਸ਼ੇਵਰਾਂ ਅਤੇ ਕਾਰੋਬਾਰੀ ਆਗੂਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਜੋ ਇਸ ਬਦਲਾਅ ਦੀ ਅਗਵਾਈ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਮੁਹਾਲੀ ਤੇਜ਼ੀ ਨਾਲ ਤਕਨਾਲੋਜੀ, ਉੱਦਮਤਾ ਅਤੇ ਨਵੀਨਤਾ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਾਲਕਟ ਭਵਨ ਵਿਖੇ ਸਥਿਤ ‘ਸਟਾਰਟਅੱਪ ਇਨਕਿਊਬੇਟਰ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਉੱਭਰਦੇ ਉੱਦਮੀਆਂ ਅਤੇ ਨਵੀਨਤਾਕਾਰੀ ਉੱਦਮਾਂ ਨੂੰ ਸੰਸਥਾਗਤ ਸਹਿਯੋਗ ਦੇਣ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਟਾਰਟਅੱਪਸ, ਤਕਨਾਲੋਜੀ-ਅਧਾਰਿਤ ਉੱਦਮਾਂ ਅਤੇ ਆਧੁਨਿਕ ਯੁੱਗ ਦੀਆਂ ਸਨਅਤਾਂ ਲਈ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਅਥਾਹ ਸਮਰੱਥਾ ਹੈ। ਸੂਬਾ ਸਰਕਾਰ ਦਾ ਉਦੇਸ਼ ਸਪੱਸ਼ਟ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੌਕਿਆਂ ਦੀ ਭਾਲ ਵਿੱਚ ਸੂਬਾ ਛੱਡ ਕੇ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਾਂ, ਜਿੱਥੇ ਨੌਜਵਾਨ ਸੁਪਨੇ ਦੇਖ ਸਕਣ, ਨਵੀਨਤਾ ਲਿਆ ਸਕਣ, ਕਾਰੋਬਾਰ ਸ਼ੁਰੂ ਕਰ ਸਕਣ ਅਤੇ ਪੰਜਾਬ ਵਿੱਚ ਹੀ ਰੋਜ਼ਗਾਰ ਪੈਦਾ ਕਰ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ‘ਸਕੂਲਜ਼ ਆਫ਼ ਐਮੀਨੈਂਸ’ ਵਿੱਚ ‘ਬਿਜ਼ਨਸ ਬਲਾਸਟਰਜ਼’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਆਗੂ ਅਤੇ ਉੱਦਮੀਆਂ ਦੀ ਸਰਪ੍ਰਸਤੀ ਕਰਨ ਵਾਲੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਸੀਡ ਮਨੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉੱਦਮਤਾ ਨੂੰ ਸਿਰਫ਼ ਕਰੀਅਰ ਦੇ ਇੱਕ ਵਿਕਲਪ ਵਜੋਂ ਨਹੀਂ, ਬਲਕਿ ਰੋਜ਼ਗਾਰ ਪੈਦਾ ਕਰਨ ਅਤੇ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਾਧਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਰਵਾਇਤੀ ਕੈਰੀਅਰ ਦੇ ਰਾਹਾਂ ਤੋਂ ਹਟ ਕੇ ਸੋਚਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਹੱਲ ਤਿਆਰ ਕਰਨ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਜੋ ਸਮਾਜ ਲਈ ਲਾਹੇਵੰਦ ਹੋਣ।

Mohali

ਆਮ ਆਦਮੀ ਪਾਰਟੀ ਨੇ ਵਿਨੀਤ ਵਰਮਾ ਨੂੰ ਬਣਾਇਆ ਪੰਜਾਬ ਦਾ ਮੀਤ ਪ੍ਰਧਾਨ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਟ੍ਰੇਡਰਜ਼ ਕਮਿਸ਼ਨ ਦੇ ਸਾਬਕਾ ਮੈਂਬਰ ਸ੍ਰੀ ਵਿਨੀਤ ਵਰਮਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਤ ਪ੍ਰਧਾਨ (ਬੀ ਸੀ ਵਿੰਗ) ਨਿਯੁਕਤ ਕੀਤਾ ਹੈ। ਸ੍ਰੀ ਵਿਨੀਤ ਵਰਮਾ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ, ਵਪਾਰ ਮੰਡਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਮੁਹਾਲੀ ਵਪਾਰ ਮੰਡਲ ਦੇ ਵੀ ਪ੍ਰਧਾਨ ਹਨ ਅਤੇ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਹਨ।

ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵਲੋਂ ਸਮੇਂ ਸਮੇਂ ਤੇ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹਨਾਂ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ ਅਤੇ ਹੁਣ ਵੀ ਪਾਰਟੀ ਵਲੋਂ ਉਹਨਾਂ ਨੂੰ ਪਾਰਟੀ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ (ਬੀ ਸੀ ਵਿੰਗ) ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਾ ਜਾਰੀ ਰੱਖਣਗੇ।

Continue Reading

Mohali

ਬਿਜਲੀ ਵਿਭਾਗ ਨੇ ਖਪਤਕਾਰ ਨੂੰ ਸਿਫਰ ਰੀਡਿੰਗ ਵਾਲੇ ਮੀਟਰ ਦਾ ਭੇਜਿਆ 5 ਲੱਖ 92 ਹਜਾਰ ਦਾ ਬਿਲ

Published

on

By

ਖਪਤਕਾਰ ਵਲੋਂ 9 ਸਾਲਾਂ ਤੋਂ ਕੀਤੀ ਜਾ ਰਹੀ ਹੈ ਬਿਜਲੀ ਦਾ ਮੀਟਰ ਪੁੱਟਣ ਦੀ ਮੰਗ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਪਿੰਡ ਸੋਹਾਣਾ ਦੇ ਇੱਕ ਖਪਤਕਾਰ ਸੁੰਦਰ ਲਾਲ ਅਗਰਵਾਲ ਨੂੰ 2017 ਵਿੱਚ ਉਸਦੇ ਘਰ ਵਿੱਚ ਲਗਾਏ ਗਏ ਬਿਜਲੀ ਦੇ ਮੀਟਰ ਦੀ ਸਿਫਰ ਰੀਡਿੰਗ ਹੋਣ ਦੇ ਬਾਵਜੂਦ ਉਸਨੂੰ 5 ਲੱਖ 92 ਹਜਾਰ ਰੁਪਏ ਦਾ ਬਿਜਲੀ ਦਾ ਬਿਲ ਭੇਜਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਪਿੰਡ ਸੋਹਾਣਾ ਵਿੱਚ ਉਹਨਾਂ ਦੀ ਪੁਰਾਣੀ ਹਵੇਲੀ ਵਿੱਚ ਬਿਜਲੀ ਦਾ ਜੱਦੀ ਕਨੈਕਸ਼ਨ ਨੰਬਰ 30001799204 ਚਲਦਾ ਸੀ। ਉਹਨਾਂ ਦੱਸਿਆ ਕਿ ਬਾਅਦ ਵਿੱਚ ਪਰਿਵਾਰ ਵਲੋਂ ਹਵੇਲੀ ਢਾਅ ਦਿੱਤੀ ਗਈ ਅਤੇ ਬਿਜਲੀ ਬਿਲ ਦਾ ਕੁੱਝ ਬਕਾਇਆ ਰਹਿਣ ਕਾਰਨ ਬਿਜਲੀ ਵਿਭਾਗ ਨਾਲ ਵਿਵਾਦ ਹੋ ਗਿਆ ਸੀ ਜਿਸਤੇ ਉਹਨਾਂ ਨੇ ਉਹ ਕਨੈਕਸ਼ਨ ਕਟਵਾ ਦਿੱਤਾ ਸੀ।

ਉਹਨਾਂ ਦੱਸਿਆ ਕਿ ਸਾਲ 2016 ਵਿੱਚ ਉਹਨਾਂ ਨੇ ਉੱਥੇ ਬਿਜਲੀ ਦੇ ਦੋ ਨਵੇਂ ਕਨੈਕਸ਼ਨ ਲਗਵਾਏ ਸੀ ਜਿਹਨਾਂ ਦੇ ਨੰਬਰ 3004542282 ਅਤੇ 3004740110 ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਵਿਭਾਗ ਨੇ ਜੱਦੀ ਕਨੈਕਸ਼ਨ ਦਾ ਬਕਾਇਆ ਉਹਨਾਂ ਦੇ ਨਵੇਂ ਕਨੈਕਸ਼ਨ (ਖਾਤਾ ਨੰਬਰ 3004542282) ਵਿੱਚ ਪਾ ਦਿੱਤਾ, ਜਿਸਦੇ ਖਿਲਾਫ ਉਹਨਾਂ ਵਲੋਂ ਪਟਿਆਲਾ ਵਿਖੇ ਅਪੀਲ ਦਾਇਰ ਕੀਤੀ ਗਈ ਅਤੇ ਉਸਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ।

ਉਹਨਾਂ ਕਿਹਾ ਕਿ ਬਾਅਦ ਵਿੱਚ ਵਿਭਾਗ ਵਲੋਂ ਲੋਕਪਾਲ ਵਿੱਚ ਪਾਈ ਅਪੀਲ ਦਾ ਫੈਸਲਾ ਉਹਨਾਂ ਦੇ ਖਿਲਾਫ ਹੋ ਗਿਆ ਅਤੇ ਉਹਨਾਂ ਵਲੋਂ 44 ਹਜਾਰ ਰੁਪਏ ਦੀ ਰਕਮ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਉਪਰੰਤ ਵਿਭਾਗ ਵਲੋਂ ਉਹਨਾਂ ਵੱਲ 36 ਹਾਜਾਰ ਦਾ ਹੋਰ ਬਕਾਇਆ ਕੱਢ ਦਿੱਤਾ ਗਿਆ। ਉਸਤੋਂ ਬਾਅਦ ਉਹਨਾਂ ਵਲੋਂ ਵਿਭਾਗ ਨੂੰ ਅਰਜੀ ਦਿੱਤੀ ਗਈ ਕਿ ਉਹ ਇਹ ਅਦਾਇਗੀ ਕਰਨ ਲਈ ਤਿਆਰ ਹਨ ਇਸ ਬਿਜਲੀ ਦੇ ਮੀਟਰ ਨੂੰ ਲਾਹ ਲਿਆ ਜਾਵੇ ਪਰੰਤੂ ਵਿਭਾਗ ਵਲੇ ਇਸਦੀ ਥਾਂ ਦੂਜਾ ਮੀਟਰ ਲਾਹ ਕੇ ਲੈ ਗਏ। ਦੁਬਾਰਾ ਸ਼ਿਕਾਇਤ ਕਰਨ ਤੇ ਇਸ ਮੀਟਰ ਤੋਂ ਅੱਗੇ ਘਰ ਤਕ ਸਪਲਾਈ ਹੋਣ ਵਾਲੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਅਤੇ ਇਸ ਮੀਟਰ ਤੋਂ ਸਪਲਾਈ ਵੀ ਬੰਦ ਹੋ ਗਈ।

ਉਹਨਾਂ ਕਿਹਾ ਕਿ ਹੁਣ ਬਿਜਲੀ ਵਿਭਾਗ ਵਲੋਂ ਉਹਨਾਂ ਨੂੰ ਇਸ ਮੀਟਰ ਦਾ 5 ਲੱਖ 92 ਹਜਾਰ ਰੁਪਏ ਦਾ ਬਿਲ ਭੇਜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।

ਉਹਨਾਂ ਕਿਹਾ ਕਿ ਉਸ ਤੋਂ ਬਾਅਦ ਤੋਂ ਉਹ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਦੇ ਚੁੱਕੇ ਹਨ ਕਿ ਜਦੋਂ ਇਸ ਮੀਟਰ ਵਿੱਚ ਸਪਲਾਈ ਹੀ ਨਹੀਂ ਆਉਣੀ ਤਾਂ ਇਸਨੂੰ ਇੱਥੋਂ ਹਟਾਇਆ ਜਾਵੇ ਪਰੰਤੂ ਬਿਜਲੀ ਵਿਭਾਗ ਇਸ ਮੀਟਰ ਨੂੰ ਪੁੱਟਣ ਤੋਂ ਵੀ ਇਨਕਾਰੀ ਹੈ ਅਤੇ ਹੁਣ ਉਹਨਾਂ ਨੂੰ ਲਗਭਗ 6 ਲੱਖ ਦਾ ਬਿਲ ਭੇਜਿਆ ਗਿਆ ਹੈ।

ਉਹਨਾਂ ਕਿਹਾ ਕਿ ਜਦੋਂ ਪਿਛਲੇ 9 ਸਾਲਾਂ ਤੋਂ ਬਿਜਲੀ ਦੀ ਸਪਲਾਈ ਹੀ ਨਹੀਂ ਮਿਲ ਰਹੀ ਫਿਰ ਬਿਜਲੀ ਵਿਭਾਗ ਉਹਨਾਂ ਤੋਂ ਬਿਜਲੀ ਬਿਲ ਦੀ ਇੰਨੀ ਵੱਡੀ ਰਕਮ ਕਿਵੇਂ ਮੰਗ ਸਕਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣਾ 36 ਹਜਾਰ ਰੁਪਏ ਦਾ ਬਕਾਇਆ ਜਮਾਂ ਕਰਨ ਲਈ ਤਿਆਰ ਹਨ ਪਰੰਤੂ ਬਿਜਲੀ ਵਿਭਾਗ ਹੈ ਕਿ ਉਹਨਾਂ ਨਾਲ ਜਿਆਦਤੀ ਕਰ ਰਿਹਾ ਹੈ।

ਉਹਨਾਂ ਪੰਜਾਬ ਦੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਸ ਮਾਮਲੇ ਦਾ ਹਲ ਕੱਢ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਸਬੰਧੀ ਸੰਪਰਕ ਕਰਨ ਤੇ ਐਡੀਸ਼ਨਲ ਐਸ ਈ ਸ੍ਰੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਖਪਤਕਾਰ ਦਾ ਪੁਰਾਣਾ ਬਕਾਇਆ ਰੁਕਿਆ ਹੋਇਆ ਹੈ ਜਿਸ ਸਬੰਧੀ ਖਪਤਕਾਰ ਨੇ ਅਦਾਲਤ ਵਿੱਚ ਕੇਸ ਵੀ ਪਾਇਆ ਸੀ ਅਤੇ ਉਸ ਦੀ ਆੜ ਹੇਠ ਇਸ ਖਪਤਕਾਰ ਵੱਲੋਂ ਬਿਜਲੀ ਦੇ ਅਗਲੇ ਬਿਲ ਵੀ ਜਮ੍ਹਾ ਨਹੀਂ ਕਰਵਾਏ ਗਏ ਜਿਸ ਕਾਰਨ ਉਸ ਦੇ ਪੁਰਾਣੇ ਬਕਾਏ ਅਤੇ ਵਿਆਜ ਦਾ ਬਿਲ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਖਪਤਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਸਕਦਾ ਹੈ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਉਤਸ਼ਾਹ ਪੁਰਵਕ ਮਨਾਇਆ ਗਿਆ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਵਿਸ਼ੇਸ਼ ਗੁਮਰਤਿ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਗੁਰਮਤਿ ਸਮਾਗਮ ਵਿੱਚ ਬੀਬੀ ਰਾਜਵੰਤ ਕੌਰ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਇੰਨਟਰਨੈਸ਼ਨਲ ਢਾਡੀ ਜੱਥੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਜੀ ਨੂੰ 5 ਗੁਰੂ ਸਾਹਿਬਾਨਾਂ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਮਾਣ ਹਾਸਲ ਹੈ। ਭਾਈ ਧਰਮ ਸਿੰਘ ਮਾਹੀ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਗੁਰਪ੍ਰੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਪ੍ਰਵਚਣਾਂ ਰਾਹੀਂ ਦਸਿੱਆ ਕਿ ਬਾਬਾ ਬੂੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪ੍ਰਤਾਪੀ ਪੁੱਤਰ ਹੋਣ ਦਾ ਵਰ ਦਿੱਤਾ ਅਤੇ ਲੰਗਰ ਛਕਦਿਆਂ ਹੋਇਆ ਗੰਢਾ ਭੰਨਦੇ ਹੋਏ ਬਚਨ ਕੀਤੇ ਕਿ ਜਿਵੇਂ ਇਹ ਗੰਢਾ ਭੰਨਿਆ ਹੈ, ਉਸੇ ਤਰ੍ਹਾਂ ਆਪ ਜੀ ਦਾ ਪੁੱਤਰ ਦੁਸ਼ਮਣਾਂ ਦੇ ਸਿਰ ਭੰਨੇਗਾ। ਉਹਨਾਂ ਦੇ ਬਚਨਾਂ ਅਨੁਸਾਰ ਮਾਤਾ ਗੰਗਾ ਜੀ ਦੀ ਕੁੱਖੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

ਇਸ ਤੋਂ ਇਲਾਵਾ ਭਾਈ ਰਵਿੰਦਰ ਸਿੰਘ, ਸ਼ੇਰ ਏ ਪੰਜਾਬ ਕਵੀਸ਼ਰੀ ਜੱਥਾ, ਭਾਈ ਹਰਮਨਜੀਤ ਸਿੰਘ, ਭਾਈ ਸਰੂਪ ਸਿੰਘ, ਭਾਈ ਮਹਿੰਦਰਪਾਲ ਸਿੰਘ, ਬੀਬੀ ਹਰਜਿੰਦਰ ਕੌਰ ਜੀ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਸੀ। ਇਸ ਮੌਕੇ ਤੇ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।

Continue Reading

Latest News

Trending