Chandigarh
ਚੰਡੀਗੜ੍ਹ ਵਿੱਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 15 ਅਕਤੂਬਰ (ਸ.ਬ.) ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਮਾਮਲਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਹੁਣ ਅੱਠ ਹੋਰ ਸਕੂਲਾਂ ਨੂੰ ਵੀ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚ ਨਿੱਜੀ ਅਤੇ ਸਰਕਾਰੀ, ਦੋਵੇਂ ਤਰ੍ਹਾਂ ਦੇ ਸਕੂਲ ਸ਼ਾਮਲ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਸੈਕਟਰ-46ਏ ਸਥਿਤ ਆਸ਼ੀਆਨਾ ਸਕੂਲ, ਮਨੀਮਾਜਰਾ ਦਾ ਰਿਮਿਟ ਸਕੂਲ, ਸੈਕਟਰ-20ਡੀ ਦਾ ਸਰਕਾਰੀ ਸਕੂਲ, ਸੈਕਟਰ-28 ਦਾ ਸੈਂਟ ਸੋਲਜਰਜ਼ ਸਕੂਲ, ਸੈਕਟਰ-41ਸੀ ਦਾ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ-26 ਦਾ ਸੈਂਟ ਜੌਨ ਸਕੂਲ, ਸੈਕਟਰ-37 ਦਾ ਸੈਂਟ ਪੀਟਰਸਨ ਸਕੂਲ ਅਤੇ ਇਸੇ ਸੈਕਟਰ ਦਾ ਪਲੇਅ ਵੇਅ ਸਮਾਰਟ ਸਕੂਲ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ।
ਹਾਲਾਂਕਿ, ਉਪਲਬਧ ਜਾਣਕਾਰੀ ਦੇ ਆਧਾਰ ਤੇ ਇਹ ਸਪੱਸ਼ਟ ਨਹੀਂ ਹੈ ਕਿ ਸਾਰੇ ਈਮੇਲ ਇੱਕ ਹੀ ਸਰੋਤ ਤੋਂ ਭੇਜੇ ਗਏ ਹਨ ਜਾਂ ਨਹੀਂ। ਈਮੇਲ ਭੇਜਣ ਵਾਲੇ ਦੀ ਪਛਾਣ, ਧਮਕੀ ਦੀ ਪ੍ਰਮਾਣਿਕਤਾ ਜਾਂ ਕਿਸੇ ਵੀ ਸ਼ੱਕੀ ਵਸਤੂ ਦੀ ਬਰਾਮਦਗੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਇਸ ਲਈ, ਧਮਕੀ ਨੂੰ ਅਸਲੀ ਸਮਝਣਾ ਅਤੇ ਸੁਰੱਖਿਆ ਜਾਂਚ ਕਰਵਾਉਣਾ ਮਹੱਤਵਪੂਰਨ ਹੈ।
ਪੁਲੀਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਦੀ ਕਾਰਵਾਈ, ਸਕੂਲਾਂ ਦੀ ਜਾਂਚ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
Chandigarh
ਇਨਸਾਫ਼ ਲਈ ਇਕਜੁਟਤਾ ਦਿਖਾਉਣ ਲਈ ਸਭ ਤੋਂ ਅੱਗੇ ਹੋ ਕੇ ਲੜਦੇ ਅਤੇ ਖੜ੍ਹਦੇ ਹਨ ਪੰਜਾਬੀ : ਇਆਲੀ
ਪੰਜਾਬ ਬੰਦ ਨੂੰ ਕਾਮਯਾਬ ਕਰਕੇ ਪੰਜਾਬੀ ਨੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ
ਚੰਡੀਗੜ੍ਹ, 15 ਅਕਤੂਬਰ (ਸ.ਬ.) ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਅੱਜ ਇੱਕ ਵਾਰ ਫਿਰ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ, ਜਦੋਂ ਵੀ ਇਨਸਾਫ਼ ਲਈ ਇਕਜੁਟਤਾ ਦਿਖਾਉਣ ਦੀ ਲੋੜ ਪੈਂਦੀ ਹੈ ਤਾਂ ਪੰਜਾਬੀ ਸਭ ਤੋ ਅੱਗੇ ਹੋ ਕੇ ਲੜਦੇ ਅਤੇ ਖੜ੍ਹਦੇ ਹਨ।
ਇੱਥੇ ਜਾਰੀ ਬਿਆਨ ਵਿੱਚ ਸz ਇਯਾਲੀ ਨੇ ਕਿਹਾ ਕਿ ਪਿਛਲੇ ਦੋ ਦਿਨ ਤੋਂ ਪੁਲੀਸ ਵੱਲੋਂ ਇਨਸਾਫ ਦੀ ਮੰਗ ਕਰ ਰਹੇ ਇਨਸਾਫ਼ ਪਸੰਦ ਲੋਕਾਂ ਨੂੰ ਮਾਨਸਾ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਹੁਣ ਤੱਕ ਕਈ ਗਿਰਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜਿੰਨਾ ਜ਼ੋਰ ਪੁਲੀਸ ਇਨਸਾਫ਼ ਪਸੰਦ ਲੋਕਾਂ ਨੂੰ ਗ੍ਰਿਫਤਾਰ ਕਰਨ ਤੇ ਲਗਾ ਰਹੀ ਹੈ, ਜੇਕਰ ਏਨੀ ਸ਼ਿੱਦਤ ਨਾਲ ਨਸ਼ਿਆਂ ਦੇ ਖਿਲਾਫ ਕੰਮ ਕੀਤਾ ਹੁੰਦਾ ਤਾਂ ਅੱਜ ਨਤੀਜੇ ਬਿਹਤਰ ਹੁੰਦੇ।
ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਸਿਰਫ ਸਿਆਸੀ ਨਾਟਕ ਹੈ, ਜਿਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਅੱਜ ਵੀ ਪੰਜਾਬ ਵਿੱਚ ਡਰੱਗ ਕਾਰਟਿਲ ਬੇਖੌਫ ਹੋ ਕੇ ਧੰਦਾ ਕਰ ਰਿਹਾ ਹੈ, ਜਿਸਦੀ ਮਾਰ ਨਾਲ ਨੌਜਵਾਨਾਂ ਦੀ ਜਾਨ ਜਾ ਰਹੀ ਹੈ। ਉਹਨਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਹੋਣ ਜਾਂ ਖਰਨ ਦੀ ਡਰੱਗ ਇੰਸਪੈਕਟਰ ਨੇਹਾ ਸ਼ੌਰੀ, ਜਿਸਨੇ ਵੀ ਇਸ ਡਰੱਗ ਕਾਰਟਿਲ ਖਿਲਾਫ ਆਵਾਜ ਬੁਲੰਦ ਕੀਤੀ, ਉਸਨੂੰ ਜਾਂ ਤਾਂ ਕਤਲ ਕਰ ਦਿੱਤਾ ਗਿਆ ਜਾਂ ਫਿਰ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿਛਲੇ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਨਸ਼ੇ ਖਿਲਾਫ ਆਵਾਜ ਬੁਲੰਦ ਕੀਤੀ ਤਾਂ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।
ਪੰਜਾਬ ਸਰਕਾਰ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਅੱਜ ਪੰਜਾਬ ਪੂਰੀ ਤਰਾਂ ਨਾਲ ਪੁਲੀਸ ਰਾਜ ਵਿੱਚ ਤਬਦੀਲ ਹੋ ਚੁੱਕਾ ਹੈ। ਸੂਬੇ ਦੀ ਪੁਲੀਸ ਸੱਤਾਧਾਰੀ ਪਾਰਟੀ ਦੇ ਵਿੰਗ ਵਜੋਂ ਕੰਮ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਬਲ ਦੇ ਜਰੀਏ ਲੋਕਾਂ ਦੀ ਅਵਾਜ ਦਬਾਉਣ ਵਿੱਚ ਲੱਗੀ ਹੋਈ ਹੈ।
ਉਹਨਾਂ ਕਿਹਾ ਕਿ ਪੰਜਾਬ, ਪਰਵਿੰਦਰ ਸਿੰਘ ਝੋਟਾ ਦੀ ਨਸ਼ੇ ਖਿਲਾਫ ਦਿੱਤੀ ਕੁਰਬਾਨੀ ਨੂੰ ਕਦੇ ਨਹੀਂ ਭੁਲਾ ਸਕਦਾ ਅਤੇ ਪੂਰਾ ਪੰਜਾਬ ਇਸ ਵੇਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਪੂਰੀ ਤਰਾਂ ਇਕਜੁੱਟਤਾ ਨਾਲ ਖੜ੍ਹਾ ਹੈ, ਜਿਸਨੇ ਦੂਜਿਆਂ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਆਪਣੇ ਬੱਚਿਆਂ ਦੇ ਭਵਿੱਖ ਦੀ ਪ੍ਰਵਾਹ ਨਹੀਂ ਕੀਤੀ। ਉਹਨਾਂ ਕਿਹਾ ਕਿ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੜਾਈ ਨੂੰ ਅੰਜਾਮ ਤੱਕ ਲੈਕੇ ਜਾਇਆ ਜਾਵੇਗਾ।
Chandigarh
ਪੰਜਾਬ ਵਿੱਚ 429 ਕਰੋੜ ਰੁਪਏ ਦੇ ਜੀ. ਐਸ. ਟੀ. ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ : ਹਰਪਾਲ ਸਿੰਘ ਚੀਮਾ
ਜਾਅਲੀ ਬਿੱਲਾਂ ਰਾਹੀਂ ਸਿੰਡੀਕੇਟ ਚਲਾਉਣ ਦੇ ਦੋਸ਼ ਹੇਠ ਲੁਧਿਆਣਾ ਵਿੱਚ ਇੱਕ ਟਰਾਂਸਪੋਰਟਰ ਅਤੇ ਦੋ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ
ਚੰਡੀਗੜ੍ਹ, 14 ਅਕਤੂਬਰ (ਸ.ਬ.) ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਰ ਵਿਭਾਗ ਵਲੋਂ ਪੰਜਾਬ ਵਿੱਚ 429 ਕਰੋੜ ਰੁਪਏ ਦੇ ਜੀ. ਐਸ. ਟੀ. ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸ਼ੱਕੀ ਟੈਕਸ ਚੋਰੀ ਵਿੱਚ 2,410.22 ਕਰੋੜ ਰੁਪਏ ਦੀ ਵੱਡੀ ਟੈਕਸਯੋਗ ਰਕਮ ਸ਼ਾਮਲ ਹੈ, ਜਿਸ ਨਾਲ 429.30 ਕਰੋੜ ਰੁਪਏ ਦਾ ਜੀ. ਐਸ. ਟੀ. ਫਰਾਡ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ) ਵਲੋਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦਿਆਂ, ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 4, ਲੁਧਿਆਣਾ ਵਿਖੇ ਸ਼੍ਰੀ ਬਾਲਾਜੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਸ਼ ਥਾਪਰ ਅਤੇ ਉਸਦੇ ਸਾਥੀਆਂ ਸੰਮੀ ਧੀਮਾਨ, ਜੱਸ ਅਤੇ ਹੋਰਾਂ ਵਿਰੁੱਧ ਭਾਰਤੀ ਨਿਆਏ ਸੰਹਿਤਾ, 2023 ਦੀਆਂ ਸਬੰਧਤ ਧਾਰਾਵਾਂ ਅਤੇ ਕੇਂਦਰੀ ਵਸਤਾਂ ਅਤੇ ਸੇਵਾਵਾਂ ਕਰ (ਸੀ.ਜੀ.ਐਸ.ਟੀ.) ਐਕਟ, 2017 ਦੀ ਧਾਰਾ 132 ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਾਰ ਬੀਤੀ 30 ਸਤੰਬਰ ਨੂੰ ਜੁੜੀ ਸੀ ਜਦੋਂ ਲੁਧਿਆਣਾ ਦੇ ਇੱਕ ਸਟੇਟ ਟੈਕਸ ਅਧਿਕਾਰੀ ਨੇ ਦਿੱਲੀ ਤੋਂ ਪੰਜਾਬ ਆ ਰਹੇ ਸਾਮਾਨ ਵਾਲੇ ਇੱਕ ਵਾਹਨ ਨੂੰ ਰੋਕਿਆ ਸੀ ਅਤੇ ਇਹ ਕਾਰਵਾਈ ਇਕ ਵੱਡੇ ਨੈਟਵਰਕ ਦੀ ਇੱਕ ਛੋਟੀ ਜਿਹੀ ਝਲਕ ਸਾਬਤ ਹੋਈ। ਉਹਨਾਂ ਦੱਸਿਆ ਕਿ ਭਾਵੇਂ ਇਸ ਮਾਮਲੇ ਵਿੱਚ ਈ-ਵੇਅ ਬਿੱਲਾਂ ਅਤੇ ਇਨਵੌਇਸਾਂ ਵਿੱਚ ਪੰਜਾਬ ਸਥਿਤ ਤਿੰਨ ਫਰਮਾਂ ਨੂੰ ਮਾਲ ਸਪਲਾਈ ਕੀਤੇ ਜਾਣ ਦਾ ਜ਼ਿਕਰ ਸੀ, ਪਰ ਜਦੋਂ ਵਿਭਾਗ ਵੱਲੋਂ ਉਕਤ ਪ੍ਰਾਪਤ ਕਰਤਾਵਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਅਜਿਹਾ ਕੋਈ ਆਰਡਰ ਦੇਣ ਜਾਂ ਸਾਮਾਨ ਖਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਉਹਨਾਂ ਦੱਸਿਆ ਕਿ ਬਾਅਦ ਵਿੱਚ ਕੀਤੀ ਗਈ ਜਾਂਚ ਦੌਰਾਨ ਜਾਅਲੀ ਦਸਤਾਵੇਜ਼ਾਂ ਰਾਹੀਂ ਸਾਮਾਨ ਢੋਹਣ ਵਾਲੇ ਇੱਕ ਸੰਗਠਿਤ ਸਿੰਡੀਕੇਟ ਦਾ ਖੁਲਾਸਾ ਹੋਇਆ। ਉਹਨਾਂ ਦੱਸਿਆ ਕਿ ਐਡਵਾਂਸ ਡਾਟਾ ਐਨਾਲਿਟਿਕਸ ਅਤੇ ਈ ਵੇਅ ਬਿੱਲ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਵਿਭਾਗ ਨੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ 62 ਆਪਸ ਵਿੱਚ ਜੁੜੀਆਂ ਫਰਮਾਂ ਦੇ ਜਾਲ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 25 ਪੰਜਾਬ ਵਿੱਚ ਸਰਗਰਮ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਸਿੰਡੀਕੇਟ ਮੁੱਖ ਤੌਰ ਤੇ ਵਿੱਤੀ ਸਾਲ 2025-26 ਅਤੇ 2026-27 ਦੌਰਾਨ ਸਰਗਰਮ ਰਿਹਾ ਅਤੇ ਟਰਾਂਸਪੋਰਟਰ ਨੇ ਇਸ ਗੈਰਕਾਨੂੰਨੀ ਧੰਦੇ ਨੂੰ ਚਲਾਉਣ ਲਈ ਹੋਰਨਾਂ ਸੰਸਥਾਵਾਂ ਤੋਂ ਜਾਅਲੀ ਬਿੱਲ ਪ੍ਰਾਪਤ ਕਰਕੇ ਅਤੇ ਈ-ਵੇਅ ਬਿੱਲਾਂ ਦਾ ਪਾਰਟ-ਬੀ ਭਰ ਕੇ ਇੱਕ ਅਹਿਮ ਕੜੀ ਵਜੋਂ ਕੰਮ ਕੀਤਾ। ਉਹਨਾਂ ਦੱਸਿਆ ਕਿ ਇਸ ਪੂਰੇ ਨੈਟਵਰਕ ਦੀ ਡੂੰਘਾਈ ਨਾਲ ਅਪਰਾਧਿਕ ਜਾਂਚ ਕਰਨ ਲਈ ਮਾਮਲਾ ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
Chandigarh
ਮੈਡ ਸੰਧੂ ਕਤਲ ਕੇਸ ਦਾ ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਮੁੰਬਈ ਤੋਂ ਕਾਬੂ, 3 ਪਿਸਤੌਲ ਬਰਾਮਦ
ਚੰਡੀਗੜ੍ਹ, 14 ਅਕਤੂਬਰ (ਸ.ਬ.) ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ‘ਮੈਡ ਸੰਧੂ’ ਕਤਲ ਕੇਸ ਵਿੱਚ ਮਹਾਰਾਸ਼ਟਰ ਐਂਟੀ ਟੈਰਰਿਜ਼ਮ ਸਕੁਐਡ (ਏ.ਟੀ.ਐਸ.) ਦੇ ਸਹਿਯੋਗ ਨਾਲ ਮੁੰਬਈ ਦੇ ਚੇਂਬੂਰ ਇਲਾਕੇ ਤੋਂ ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜੋਬਨਪ੍ਰੀਤ ਸਿੰਘ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜੰਡੋਕੇ ਦਾ ਰਹਿਣ ਵਾਲਾ ਹੈ। ਪੁਲੀਸ ਟੀਮਾਂ ਨੇ ਉਸ ਕੋਲੋਂ ਤਿੰਨ ਆਧੁਨਿਕ ਪਿਸਤੌਲਾਂ ਜਿਨ੍ਹਾਂ ਵਿੱਚ ਇੱਕ 9ਐਮਐਮ ਗਲਾਕ, ਇੱਕ 9ਐਮਐਮ ਬੈਰੇਟਾ ਅਤੇ ਇੱਕ .30 ਬੋਰ ਪੀਐਕਸ5 ਸ਼ਾਮਲ ਹੈ, ਸਮੇਤ ਪੰਜ ਮੈਗਜ਼ੀਨਾਂ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਮੁਲਜ਼ਮ ਜੋਬਨਪ੍ਰੀਤ ਸਿੰਘ ਨੇ ਵਿਦੇਸ਼ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰੇ ਤੇ ਸ਼ੂਟਰਾਂ ਲਈ ਹਥਿਆਰਾਂ ਦਾ ਪ੍ਰਬੰਧ ਕਰਨ, ਵਿੱਤੀ ਸਹਾਇਤਾ ਦੇਣ ਅਤੇ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਜੋਬਨਪ੍ਰੀਤ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਆਪਣੀ ਸ਼ਮੂਲੀਅਤ ਦਾ ਜੁਰਮ ਕਬੂਲਿਆ ਹੈ।
ਜਿਕਰਯੋਗ ਹੈ ਕਿ ਬੀਤੀ 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਮਧੂ ਸੂਦਨ ਸਿੰਘ ਉਰਫ਼ ‘ਮੈਡ ਸੰਧੂ’ ਤੇ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਸਬੰਧ ਵਿੱਚ ਥਾਣਾ ਕੈਂਟ, ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103 ਅਤੇ 3(5) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਮਿਤੀ 03.10.2026 ਨੂੰ ਐਫ.ਆਈ.ਆਰ. ਨੰਬਰ 186 ਦਰਜ ਕੀਤੀ ਗਈ ਸੀ।
ਇਸ ਤੋਂ ਪਹਿਲਾਂ, ਗੁਜਰਾਤ ਏ.ਟੀ.ਐਸ. ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਉਸਦੇ ਮਾਡਿਊਲ ਦੇ ਦੋ ਸਾਥੀਆਂ-ਹਰਸਿਮਰਨਜੀਤ ਸਿੰਘ ਉਰਫ਼ ਸੰਘਾ ਅਤੇ ਫਤਿਹ ਸਿੰਘ ਦੋਵੇਂ ਵਾਸੀ ਪਿੰਡ ਸੰਘੇ, ਤਰਨਤਾਰਨ-ਨੂੰ ਵੀ ਸੂਰਤ, ਗੁਜਰਾਤ ਤੋਂ ਟਰੇਸ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਇੱਕ ਸ਼ੂਟਰ ਸਮੇਤ ਕੁੱਲ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International2 months agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
International2 months agoਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 210 ਹੋਈ, ਕਈ ਲਾਪਤਾ
-
International3 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Editorial2 months ago
ਟ੍ਰੈਫਿਕ ਸਮੱਸਿਆ ਦੇ ਹਲ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
