Mohali
ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਵੱਲੋਂ ਦਿੱਤੇ ਗਏ ਦੋ ਦਿਨ (21 ਅਤੇ 22 ਅਕਤੂਬਰ) ਦੀ ਸਮੂਹਿਕ ਛੁੱਟੀ (ਹੜਤਾਲ) ਦੇ ਸੱਦੇ ਨੂੰ ਮੁੱਖ ਰੱਖਦਿਆਂ ਮੁਹਾਲੀ ਪਾਵਰਕਾਮ ਸਰਕਲ ਮੁਹਾਲੀ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਮੁਲਾਜ਼ਮਾਂ ਦੇ ਘੋਲ ਦੇ ਸਮਰਥਨ ਵਿੱਚ ਧਰਨਾ ਦਿੱਤਾ ਗਿਆ।
ਇਸ ਮੌਕੇ ਮੁਲਾਜ਼ਮ ਦੀਆਂ ਚਲੀਆਂ ਆ ਰਹੀਆਂ ਮੰਗਾਂ ਸੰਬਧੀ ਸਰਕਾਰ ਵੱਲੋਂ ਅਪਣਾਏ ਗੈਰ ਜੁੰਮੇਵਾਰ ਵਤੀਰੇ ਦੀ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਅਗਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਧਰਨੇ ਨੂੰ ਟੀ. ਐਸ. ਯੂ. ਤੋਂ ਗੁਰਬਖਸ਼ ਸਿੰਘ ਕੋ. ਕਨਵੀਨਰ, ਲੱਖਾ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਪੈਨਸ਼ਨਰ ਐਸੋਸੀਏਸ਼ਨ ਤੋਂ ਰਜਿੰਦਰ ਕੁਮਾਰ, ਜਤਿੰਦਰ ਸਿੰਘ, ਵਿਜੈ ਕੁਮਾਰ, ਸੁਰਿੰਦਰ ਮੱਲੀ, ਫੈਡਰੇਸ਼ਨ ਏਟਕ ਤੋਂ ਮੋਹਣ ਸਿੰਘ ਗਿੱਲ ਕੋ. ਕਨਵੀਨਰ, ਸੁਰਿੰਦਰ ਪਾਲ ਸਿੰਘ ਲਹੋਰੀਆ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਹਰਵਿੰਦਰ ਸਿੰਘ ਕਨਵੀਨਰ, ਨਿਰਮਲ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸੀ.ਐਚ.ਬੀ. ਕਾਮਿਆਂ ਨੇ ਸੰਬੋਧਨ ਕੀਤਾ।
Mohali
ਪੰਜਾਬ ਨੂੰ ਪਹਿਲੀ ਵਾਰ ਮਿਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ : ਸਰਬਜੀਤ ਸਿੰਘ
4 ਅਤੇ 5 ਨਵੰਬਰ ਨੂੰ ਮੁਹਾਲੀ ਵਿੱਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ
ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ ਹੋਣਾ ਪੂਰੇ ਸੂਬੇ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿੱਜੀ ਯਤਨਾਂ ਸਦਕਾ ਹੀ ਪੰਜਾਬ ਨੂੰ ਇਸ ਨਾਮਵਰ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਇਤਿਹਾਸਕ ਮੌਕਾ ਮਿਲਿਆ ਹੈ। ਇਸ ਨਾਲ ਰਾਜ ਵਿੱਚ ਹਾਕੀ ਸਮੇਤ ਹੋਰ ਖੇਡਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਹੋਣ ਦੀ ਪ੍ਰੇਰਣਾ ਮਿਲੇਗੀ।
ਪੱਤਰਕਾਰਾਂ ਨਾਲ ਕਰਦਿਆਂ ਮੇਅਰ ਸਰਬਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਲੀਗ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿਖੇ ਖੇਡੇ ਜਾਣਗੇ। ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਮੁਹਾਲੀ ਵਿੱਚ ਸੈਮੀਫਾਈਨਲ, ਫਾਈਨਲ ਅਤੇ ਤੀਜੇ ਸਥਾਨ ਲਈ ਮੁਕਾਬਲੇ ਕਰਵਾਏ ਜਾਣਗੇ। ਇਸ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਪ੍ਰਮੁੱਖ ਟੀਮਾਂ-ਭਾਰਤ, ਬੰਗਲਾਦੇਸ਼, ਜਪਾਨ, ਚੀਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮਾਂ ਨੂੰ ਕੌਮਾਂਤਰੀ ਮਿਆਰਾਂ ਅਨੁਸਾਰ ਤਿਆਰ ਕਰਨ ਲਈ ਸਰਕਾਰ ਵੱਲੋਂ ਲਗਭਗ 25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਵਿੱਚੋਂ ਜਲੰਧਰ ਦੇ ਸਟੇਡੀਅਮਾਂ ਦੇ ਨਵੀਨੀਕਰਨ (ਅੱਪਗ੍ਰੇਡੇਸ਼ਨ) ਲਈ 16 ਕਰੋੜ ਰੁਪਏ ਅਤੇ ਮੁਹਾਲੀ ਦੇ ਸਟੇਡੀਅਮਾਂ ਲਈ ਲਗਭਗ 8.90 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਨਿਵੇਸ਼ ਰਾਜ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਖੇਡ ਕ੍ਰਾਂਤੀ’ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਹੁਣ ਤੱਕ ਲਗਭਗ 40 ਹਜ਼ਾਰ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਕਰੀਬ ਨਕਦ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ। ਇਕੱਲੇ ਮੁਹਾਲੀ ਵਿੱਚ ਹੀ ਲਗਭਗ 32 ਸਟੇਡੀਅਮਾਂ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਭਰਪੂਰ ਮੌਕੇ ਮਿਲਣਗੇ।
ਉਹਨਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਿਰਫ਼ ਸਰਕਾਰ ਦਾ ਹੀ ਨਹੀਂ, ਬਲਕਿ ਸਮੁੱਚੇ ਸਮਾਜ ਦਾ ਸਾਂਝਾ ਫਰਜ਼ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਲਈ ਟੂਰਨਾਮੈਂਟ ਦੌਰਾਨ ਸਟੇਡੀਅਮਾਂ ਵਿੱਚ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ। ਇਸ ਮੌਕੇ ਉਹਨਾਂ ਨਾਲ ਨਗਰ ਨਿਗਮ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵੀ ਮੌਜੂਦ ਸਨ।
Mohali
ਮੁਹਾਲੀ ਪੁਲੀਸ ਵੱਲੋਂ ਨਾਜਾਇਜ਼ ਹਥਿਆਰਾਂ ਸਮੇਤ 2 ਮੁਲਜ਼ਮ ਕਾਬੂ
3 ਦੇਸੀ ਕੱਟੇ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ
ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਮੁਹਾਲੀ ਪੁਲੀਸ ਵੱਲੋਂ 2 ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਐਸ ਐਸ ਪੀ ਵਰੁਣ ਸ਼ਰਮਾ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਦੇ ਸੌਦਾਗਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਵਲੋਂ ਅੰਬ ਸਾਹਿਬ ਕਾਲੋਨੀ ਅਤੇ ਜਗਤਪੁਰਾ ਦੇ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਲਈ ਵਿਸ਼ੇਸ਼ ਫੋਰਸ ਲਗਾਈ ਗਈ ਹੈ ਅਤੇ ਇਸ ਦੌਰਾਨ ਪੁਲੀਸ ਟੀਮ ਨੇ ਇੰਡ: ਏਰੀਆ ਫੇਜ਼-9, ਮੁਹਾਲੀ ਵਿਖੇ ਰੇਲਵੇ ਸਟੇਸ਼ਨ ਕੱਟ ਤੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ, ਜਿਸਦੀ ਤਲਾਸ਼ੀ ਲੈਣ ਤੇ ਉਸ ਦੀ ਪੈਂਟ ਵਿੱਚੋਂ ਸੱਜੇ ਪਾਸੇ ਲੱਕ ਤੋਂ ਇੱਕ ਦੇਸੀ ਕੱਟਾ ਪਿਸਟਲ .32 ਬੋਰ ਬਿਨਾਂ ਮਾਰਕੇ ਤੋਂ ਅਤੇ ਪੈਂਟ ਦੀ ਅਗਲੀ ਸੱਜੇ ਪਾਸੇ ਵਾਲੀ ਜੇਬ ਵਿੱਚੋਂ 3 ਜਿੰਦਾ ਕਾਰਤੂਸ .32 ਬੋਰ ਬਰਾਮਦ ਹੋਏ। ਇਸ ਵਿਅਕਤੀ ਨੇ ਆਪਣਾ ਨਾਮ ਸੋਹਿਤ ਸਿੰਘ ਵਾਸੀ ਉੱਤਰ ਪ੍ਰਦੇਸ਼, ਹਾਲ ਵਾਸੀ ਪਿੰਡ ਕੰਬਾਲੀ, ਮੁਹਾਲੀ ਦੱਸਿਆ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਸੋਹਿਤ ਸਿੰਘ ਦੇ ਖਿਲਾਫ ਥਾਣਾ ਫੇਜ਼-11, ਮੁਹਾਲੀ ਵਿਖੇ ਅਸਲਾ ਐਕਟ ਦੀ ਧਾਰਾ 25-54-59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਰੋਪੀ ਦੀ ਪੁੱਛਗਿੱਛ ਦੇ ਅਧਾਰ ਤੇ ਉਸਦੇ ਸਾਥੀ ਨਿਤੀਸ਼ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜਦ ਕਰਕੇ ਕਾਬੂ ਕੀਤਾ ਗਿਆ ਅਤੇ ਨਿਤੀਸ ਸਿੰਘ ਦੀ ਨਿਸ਼ਾਨਦੇਹੀ ਤੇ ਉਸ ਪਾਸੋਂ ਵੀ ਇੱਕ ਹੋਰ ਦੇਸੀ ਕੱਟਾ ਪਿਸਟਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿੱਥੋਂ ਲੈ ਕੇ ਆਏ ਸਨ ਅਤੇ ਇਹਨਾਂ ਦਾ ਕੀ ਮਕਸਦ ਸੀ।
ਸz. ਬੱਲ ਨੇ ਕਿਹਾ ਕਿ ਪੁਲੀਸ ਵਲੋਂ ਹਥਿਆਰਾਂ ਦੀ ਤਸਕਰੀ ਅਤੇ ਨਸ਼ਿਆਂ ਦੀ ਵਿਕਰੀ ਦੇ ਖਿਲਾਫ ਖਾਸ ਚੌਕਸੀ ਵਰਤੀ ਜਾ ਰਹੀ ਹੈ ਅਤੇ ਇਹਨਾਂ ਦੀ ਜਾਣਕਾਰੀ ਦੇਣ ਵਾਲਿਆਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।
Mohali
ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲੀਸ ਵੱਲੋਂ ਦੇਸ਼ ਦੇ ਸ਼ਹੀਦ ਪੁਲੀਸ ਜਵਾਨਾਂ ਨੂੰ ਸ਼ਰਧਾਂਜਲੀ
ਜ਼ਿਲ੍ਹੇ ਦੇ 35 ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ
ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲੀਸ ਵੱਲੋਂ ਦੇਸ਼ ਦੀ ਰੱਖਿਆ, ਨਾਗਰਿਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੁਲੀਸ ਜਵਾਨਾਂ ਅਤੇ ਨੀਮ ਫੌਜੀ ਬਲਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਪੁਲੀਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬਹਾਦਰ ਜਵਾਨਾਂ ਦੇ ਹੌਸਲੇ, ਸਮਰਪਣ ਅਤੇ ਦੇਸ਼ ਪ੍ਰਤੀ ਨਿਸ਼ਕਾਮ ਸੇਵਾ ਨੂੰ ਯਾਦ ਕੀਤਾ ਗਿਆ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸੀਨੀਅਰ ਪੁਲੀਸ ਕਪਤਾਨ ਵਰੁਣ ਸ਼ਰਮਾ ਨੇ ਸ਼ਹੀਦ ਪੁਲੀਸ ਜਵਾਨਾਂ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਦੀ ਬਹਾਦਰੀ ਅਤੇ ਫਰਜ਼ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਯਾਦ ਕਰਦਿਆਂ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੌਰਾਨ ਪੁਲੀਸ ਕਪਤਾਨ (ਐਚ) ਨਵਰੀਤ ਸਿੰਘ ਵਿਰਕ ਨੇ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ 154 ਪੁਲੀਸ ਜਵਾਨਾਂ/ਅਰਧ ਸੈਨਿਕ ਬਲਾਂ ਦੇ ਨਾਂ ਪੜ੍ਹ ਕੇ ਸੁਣਾਏ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਨਮਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਐਸ ਐਸ ਪੀ ਵਰੁਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹਾਟ ਸਪਰਿੰਗਜ਼ ਵਿਖੇ ਗਸ਼ਤ ਕਰਦੀ ਭਾਰਤੀ (ਸੀ ਆਰ ਪੀ ਐਫ ਜੁਆਨਾਂ ਦੀ) ਟੁਕੜੀ ਨੂੰ ਚੀਨੀ ਸੈਨਿਕਾਂ ਵੱਲੋਂ ਘਾਤ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲੀਸ ਬਲਾਂ ਅਤੇ ਅਰਧ ਸੈਨਿਕ ਬਲਾਂ ਨੂੰ ਅੱਜ ਦੇ ਦਿਨ ਯਾਦ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੁਲੀਸ ਯਾਦਗਾਰੀ ਦਿਵਸ ਦੇਸ਼ ਭਰ ਵਿੱਚ ਪੁਲੀਸ ਅਤੇ ਨੀਮ-ਫ਼ੌਜੀ ਬਲਾਂ ਦੇ ਉਨ੍ਹਾਂ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਅਤੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 35 ਸ਼ਹੀਦ ਪੁਲੀਸ ਜਵਾਨਾਂ ਦੇ ਪਰਿਵਾਰ ਉਨ੍ਹਾਂ ਮਹਾਨ ਕੁਰਬਾਨੀਆਂ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ, ਜਿਨ੍ਹਾਂ ਨੇ ਦੇਸ਼ ਅਤੇ ਲੋਕਾਂ ਦੀ ਸੁਰੱਖਿਆ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਇਨ੍ਹਾਂ ਪਰਿਵਾਰਾਂ ਦਾ ਸਬਰ, ਹੌਸਲਾ ਅਤੇ ਕੁਰਬਾਨੀ ਸਮਾਜ ਲਈ ਸਦਾ ਸਤਿਕਾਰਯੋਗ ਰਹੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਰਵਨੀਤ ਸਿੰਘ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਰੁਪਿੰਦਰ ਸਿੰਘ, ਪੁਲੀਸ ਕਪਤਾਨ ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਦੀਪਿਕਾ ਸਿੰਘ, ਆਕਾਸ਼ਦੀਪ ਸਿੰਘ ਔਲਖ ਅਤੇ ਜਸਪਿੰਦਰ ਸਿੰਘ ਗਿੱਲ, ਉਪ ਪੁਲੀਸ ਕਪਤਾਨ ਹਰਸਿਮਰਨ ਸਿੰਘ ਬੱਲ, ਗੁਰਚਰਨ ਸਿੰਘ ਵੜੈਚ, ਹਰਕੀਰਤ ਸਿੰਘ, ਅਮਰਦੀਪ ਸਿੰਘ, ਅਜੀਤਪਾਲ ਸਿੰਘ ਅਤੇ ਵਰਿੰਦਰ ਸਿੰਘ ਖੋਸਾ, ਸਾਬਕਾ ਪੁਲੀਸ ਕਪਤਾਨ ਜਗਜੀਤ ਸਿੰਘ ਜੱਲ੍ਹਾ, ਸਰਬਜੀਤ ਸਿੰਘ ਪੰਧੇਰ ਅਤੇ ਹਰਕਿਸ਼ਨ ਸਿੰਘ ਕਾਹਲੋਂ, ਥਾਣਾ ਮੁਖੀ, ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਅਤੇ ਸ਼ਹੀਦ ਪੁਲੀਸ ਜਵਾਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਇਸ ਮੌਕੇ ਡੀ ਐਸ ਪੀ ਈਸ਼ਾਨ ਸਿੰਗਲਾ ਦੀ ਅਗਵਾਈ ਵਾਲੀ ਪੁਲੀਸ ਟੁਕੜੀ ਵਲੋਂ ਸੋਗ ਸਲਾਮੀ ਦਿੱਤੀ ਗਈ। ਇਸ ਦੌਰਾਨ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
Mohali1 month agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International1 month ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
