Mohali
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਮੁਹਾਲੀ ਤੋਂ 3 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ
ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੁਹਾਲੀ ਤੋਂ 3 ਬੱਸਾਂ ਦਾ ਕਾਫਲਾ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈਆਂ। ਇਹਨਾਂ ਬੱਸਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਮੁਹਾਲੀ ਦੇ ਕੋਆਰਡੀਨੇਟਰ ਫੂਲਰਾਜ ਸਿੰਘ ਅਤੇ ਜਿਲਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦਿੱਤੀ ਗਈ।
ਇਸ ਮੌਕੇ ਸz. ਫੂਲਰਾਜ ਸਿੰਘ ਨੇ ਦੱਸਿਆ ਕਿ ਪਿੰਡ ਮੋਟੇ ਮਾਜਰਾ ਤੋਂ ਰਜਿੰਦਰ ਸਿੰਘ ਦੀ ਅਗਵਾਈ ਹੇਠ, ਫੇਜ਼-4 ਤੋਂ ਕੌਂਸਲਰ ਗੁਰਮੁਖ ਸਿੰਘ ਸੋਹਲ ਦੀ ਰਹਿਨੁਮਾਈ ਹੇਠ ਅਤੇ ਫੇਜ਼ -11 ਤੋਂ ਸਾਬਕਾ ਕੌਂਸਲਰ ਐਸ. ਐਸ. ਬਰਨਾਲਾ ਦੀ ਰਹਿਨੁਮਾਈ ਹੇਠ ਇਹ ਬੱਸਾਂ ਰਵਾਨਾ ਕੀਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਇਹ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਬਾਲਮੀਕੀ ਮੰਦਰ, ਬਾਘਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕਰਕੇ ਵਾਪਸ ਮੁਹਾਲੀ ਪਰਤਣਗੇ।
Mohali
ਜਿਲ੍ਹੇ ਵਿੱਚ 24 ਅਕਤੂਬਰ ਨੂੰ ਲੱਗਣਗੇ ਐਸ. ਆਈ. ਆਰ.-2026 ਤਹਿਤ ਵਿਸ਼ੇਸ਼ ਕੈਂਪ
ਦੁਪਹਿਰ 3 ਤੋਂ ਸ਼ਾਮ 5 ਵਜੇ ਤੱਕ ਅੰਤਿਮ ਵੋਟਰ ਸੂਚੀ ਸਮੇਤ ਪੋਲਿੰਗ ਬੂਥਾਂ ਤੇ ਹਾਜ਼ਰ ਹੋਣਗੇ ਬੀ. ਐਲ. ਓ
ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਜਿਲ੍ਹੇ ਵਿੱਚ 24 ਅਕਤੂਬਰ ਨੂੰ ਐਸ ਆਈ ਆਰ ਤਹਿਤ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਦੌਰਾਨ ਬੀ ਐਲ ਓ ਅੰਤਿਮ ਵੋਟਰ ਸੂਚੀ ਸਮੇਤ ਪੋਲਿੰਗ ਬੂਥਾਂ ਤੇ ਹਾਜ਼ਰ ਹੋਣਗੇ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਸੰਬੰਧੀ ਸਬੰਧਤ ਸਬ ਡਵੀਜ਼ਨਲ ਅਧਿਕਾਰੀਆਂ (ਈ ਆਰ ਓਜ਼) ਨੂੰ ਕੈਂਪਾਂ ਦੀ ਨਿਰਧਾਰਤ ਮਿਤੀ ਅਤੇ ਸਮੇਂ ਮੁਤਾਬਕ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨੂੰ ਆਪਣੇ-ਆਪਣੇ ਪੋਲਿੰਗ ਬੂਥਾਂ ਤੇ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਮੁੱਖ ਉਦੇਸ਼ ਵੋਟਰਾਂ ਨੂੰ ਵੋਟਰ ਸੂਚੀ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਯੋਗ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਕੈਂਪਾਂ ਦੌਰਾਨ ਬੀ. ਐਲ. ਓਜ਼ ਆਪਣੇ-ਆਪਣੇ ਪੋਲਿੰਗ ਬੂਥਾਂ ਤੇ ਐਸ. ਆਈ. ਆਰ.-2026 ਦੀ ਅੰਤਿਮ ਵੋਟਰ ਸੂਚੀ ਸਮੇਤ ਹਾਜ਼ਰ ਰਹਿਣਗੇ, ਤਾਂ ਜੋ ਆਮ ਲੋਕ ਆਸਾਨੀ ਨਾਲ ਵੋਟਰ ਸੂਚੀ ਵਿੱਚ ਆਪਣੇ ਨਾਮ ਦੀ ਜਾਂਚ ਕਰ ਸਕਣ।
ਇਸ ਤੋਂ ਇਲਾਵਾ, ਜਿਹੜੇ ਯੋਗ ਨਾਗਰਿਕਾਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹਨ, ਉਨ੍ਹਾਂ ਨੂੰ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ। ਪਹਿਲੀ ਵਾਰ ਵੋਟ ਬਣਵਾਉਣ ਦੇ ਯੋਗ ਨੌਜਵਾਨਾਂ ਨੂੰ ਵੀ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਤਾਂ ਜੋ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾ ਸਕਣ।
ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਫਾਰਮ ਨੰਬਰ 6, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਫਾਰਮ ਨੰਬਰ 6 ਏ ਅਤੇ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਵੇਰਵਿਆਂ ਵਿੱਚ ਸੋਧ, ਪਤੇ ਦੀ ਤਬਦੀਲੀ ਜਾਂ ਵੋਟਰ ਸ਼ਨਾਖਤੀ ਕਾਰਡ ਨਾਲ ਸਬੰਧਤ ਲੋੜੀਂਦੀਆਂ ਸੇਵਾਵਾਂ ਲਈ ਫਾਰਮ ਨੰਬਰ 8 ਭਰਨ ਸਬੰਧੀ ਯੋਗ ਵੋਟਰਾਂ ਦੀ ਸਹਾਇਤਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਅਤੇ ਚੋਣ ਅਮਲੇ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਸ਼ੇਸ਼ ਕੈਂਪਾਂ ਦੌਰਾਨ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਪੋਲਿੰਗ ਬੂਥਾਂ ਤੇ ਆਉਣ ਵਾਲੇ ਵੋਟਰਾਂ ਨੂੰ ਵੋਟਰ ਸੂਚੀ ਦੀ ਜਾਂਚ ਕਰਨ ਅਤੇ ਫਾਰਮ ਭਰਨ ਸਬੰਧੀ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।
Mohali
ਸਰਕਾਰੀ ਕਾਲਜ ਡੇਰਾਬੱਸੀ ਨੇ ਮਾਈਮ ਵਿੱਚ ਲਗਾਤਾਰ ਦੂਜੇ ਸਾਲ ਜਿੱਤਿਆ ਪਹਿਲਾ ਸਥਾਨ
ਪਰਾਂਦਾ ਬਣਾਉਣ ਵਿੱਚ ਪਹਿਲਾ ਅਤੇ ਮਿਮਿਕਰੀ ਵਿੱਚ ਦੂਜਾ ਸਥਾਨ ਹਾਸਲ ਕੀਤਾ
ਡੇਰਾਬੱਸੀ, 22 ਅਕਤੂਬਰ (ਸ.ਬ.) ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਰੋਪੜ-ਫ਼ਤਿਹਗੜ੍ਹ ਖੇਤਰ ਦੇ ਯੁਵਕ ਅਤੇ ਲੋਕ ਮੇਲੇ ਵਿੱਚ ਮਾਈਮ ਦੇ ਮੁਕਾਬਲੇ ਵਿੱਚ ਲਗਾਤਾਰ ਦੂਜੇ ਸਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸਦੇ ਨਾਲ ਹੀ ਕਾਲਜ ਨੇ ਪਰਾਂਦਾ ਬਣਾਉਣ ਵਿੱਚ ਪਹਿਲਾ ਅਤੇ ਮਿਮਿਕਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੇਲੇ ਵਿੱਚ ਰੋਪੜ-ਫ਼ਤਿਹਗੜ੍ਹ ਖੇਤਰ ਦੇ 65 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਵਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਰਾਓ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਭੰਡ, ਲੋਕ ਸਾਜ਼, ਸਮੂਹ ਸ਼ਬਦ, ਸਾਹਿਤਕ ਗੀਤ, ਕਰੋਸ਼ੀਏ ਦੀ ਬੁਣਤੀ, ਨਾਲਾ ਬਣਾਉਣ, ਪੱਖੀ ਬਣਾਉਣ ਅਤੇ ਛਿੱਕੂ ਬਣਾਉਣ ਦੇ ਮੁਕਾਬਲਿਆਂ ਵਿੱਚ ਤੀਜੇ ਸਥਾਨ ਹਾਸਲ ਕੀਤੇ। ਯੂਨੀਵਰਸਿਟੀ ਦੁਆਰਾ ਇਹ ਮੁਕਾਬਲੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ।
ਉਹਨਾਂ ਦੱਸਿਆ ਕਿ ਮਾਈਮ ਵਿੱਚ ਅਸ਼ੀਸ਼, ਰੌਸ਼ਨੀ, ਚੇਤਨਾ, ਵੰਸ਼, ਗੁੱਡੀ ਕੁਮਾਰੀ, ਅਰਵਿੰਦਰ ਕੁਮਾਰ ਅਤੇ ਖੁਸ਼ੀ ਸਕਸੈਨਾ ਨੇ ਭਾਗ ਲਿਆ। ਮਿਮਿਕਰੀ ਵਿੱਚ ਚੇਤਨਾ ਅਤੇ ਭੰਡ ਵਿੱਚ ਨਿਤੇਸ਼ ਤੇ ਹਰਮਨਜੀਤ ਸਿੰਘ ਨੇ ਪ੍ਰਦਰਸ਼ਨ ਕੀਤਾ। ਸਮੂਹ ਸ਼ਬਦ ਵਿੱਚ ਜਸਨਦੀਪ ਸਿੰਘ, ਪਰਮਵੀਰ ਸਿੰਘ, ਜਸ਼ਨਪ੍ਰੀਤ ਸਿੰਘ, ਅੰਜਲੀ, ਜਸਕੀਰਤ ਕੌਰ ਅਤੇ ਹਰਕੀਰਤ ਸਿੰਘ, ਸਾਹਿਤਕ ਗੀਤ ਵਿੱਚ ਤਰਨਦੀਪ ਸਿੰਘ ਅਤੇ ਲੋਕ ਸਾਜ਼ ਵਿੱਚ ਵਿਸ਼ਾਲ ਨੇ ਭਾਗ ਲਿਆ।
ਲੋਕ ਕਲਾਵਾਂ ਦੇ ਮੁਕਾਬਲਿਆਂ ਵਿੱਚ ਪਰਾਂਦਾ ਬਣਾਉਣ ਲਈ ਸਿਮਰਨ, ਕਰੋਸ਼ੀਏ ਦੀ ਬੁਣਤੀ ਲਈ ਪੁਸ਼ਪਿੰਦਰ ਕੌਰ, ਨਾਲਾ ਬੁਣਨ ਲਈ ਪੂਜਾ, ਪੱਖੀ ਬੁਣਨ ਲਈ ਅੰਕਿਤਾ ਅਤੇ ਛਿੱਕੂ ਬਣਾਉਣ ਲਈ ਤਨੂੰ ਨੇ ਇਨਾਮ ਹਾਸਲ ਕੀਤੇ।
ਉਹਨਾਂ ਕਿਹਾ ਕਿ ਯੁਵਕ ਮੇਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਨੂੰ ਕਲਾ ਤੇ ਸਾਹਿਤ ਨਾਲ ਜੁੜਨ ਦੇ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰੇਗਾ, ਤਾਂ ਜੋ ਉਹ ਅਕਾਦਮਿਕ ਖੇਤਰ ਦੇ ਨਾਲ-ਨਾਲ ਕਲਾਤਮਕ ਖੇਤਰਾਂ ਵਿੱਚ ਵੀ ਆਪਣੀ ਪਛਾਣ ਬਣਾ ਸਕਣ।
Mohali
ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ 2026 ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਖਾਲਸਾ ਕਾਲਜ, ਫ਼ੇਜ਼ 3 (ਏ) ਵਿਖੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ’ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ।
ਇਸ ਮੌਕੇ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ‘ਜੀ ਆਇਆਂ ਨੂੰ’ ਆਖਦਿਆਂ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿਚ ਮਾਂ ਬੋਲੀ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਨ ਅਤੇ ਨਵੀਂ ਪੀੜ੍ਹੀ ਨੂੰ ਸਿਰਜਣਾਤਮਕ ਲੇਖਣ ਦੀ ਚੇਟਕ ਲਗਾਉਣ ਦੇ ਉਪਰਾਲੇ ਵਜੋਂ ਇਹ ਮੁਕਾਬਲੇ ਕਰਵਾਏ ਜਾਂਦੇ ਹਨ।
ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਮੁਕਾਬਲੇ ਲਈ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਨੂੰ ਗਾ ਕੇ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ), ਲੇਖ ਰਚਨਾ ਮੁਕਾਬਲੇ (600 ਸ਼ਬਦ), ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ ਵੀ ਮੁਕਾਬਲੇ ਕਰਵਾਏ ਗਏ।
ਕਵਿਤਾ ਗਾਇਨ ਮੁਕਾਬਲੇ ਵਿੱਚ ਮਾਨਵਜੀਤ ਸਿੰਘ (ਗਿਆਨ ਜਯੋਤੀ ਗਲੋਬਲ ਸਕੂਲ, ਐਸ.ਏ.ਐਸ.ਨਗਰ) ਨੇ ਪਹਿਲਾ, ਦਿਲਪ੍ਰੀਤ ਕੌਰ (ਸਸਸਸ ਮਜਾਤੜੀ) ਨੇ ਦੂਜਾ ਅਤੇ ਪਵਨੀਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ, ਸੈਕਟਰ-66, ਮੁਹਾਲੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿੱਚ ਰਜਨੀਸ਼ ਕੌਰ (ਸਕੂਲ ਆਫ਼ ਐਮੀਨੈਂਸ, ਡੇਰਾਬਸੀ) ਨੇ ਪਹਿਲਾ, ਮਨਦੀਪ ਕੌਰ (ਸਕੂਲ ਆਫ਼ ਐਮੀਨੈਂਸ, ਡੇਰਾਬਸੀ) ਨੇ ਦੂਜਾ ਅਤੇ ਨੈਨਸੀ (ਸਹਸ ਮੌਲੀ ਬੈਦਵਾਣ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਵਿਤਾ ਰਚਨਾ ਮੁਕਾਬਲੇ ਵਿੱਚ ਹਰਸ਼ਦੀਪ ਕੌਰ ਧਨੋਆ (ਸਕੂਲ ਆਫ਼ ਐਮੀਨੈਂਸ, ਖਰੜ) ਨੇ ਪਹਿਲਾ, ਸੁਖਪ੍ਰੀਤ ਕੌਰ (ਸਸਸਸ ਮਜਾਤੜੀ) ਨੇ ਦੂਜਾ ਅਤੇ ਹਰਜੋਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ, ਸੈਕਟਰ-66, ਮੁਹਾਲੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਅਨੂ (ਸਸਸਸ, ਪੰਡਵਾਲਾ) ਨੇ ਪਹਿਲਾ, ਸਵੈਨ ਸਹੋਤਾ (ਸਕੂਲ ਆਫ਼ ਐਮੀਨੈਂਸ, ਡੇਰਾਬਸੀ) ਨੇ ਦੂਜਾ ਅਤੇ ਗੁਰਸਿਮਰਤ ਕੌਰ (ਦਸ਼ਮੇਸ਼ ਖਾਲਸਾ ਪਬਲਿਕ ਸਕੂਲ, ਐਸ.ਏ. ਐਸ. ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰ ਤੇ ਜੇਤੂ ਵਿਦਿਆਰਥੀ ਪੰਜਾਬੀ ਮਾਹ ਦੌਰਾਨ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਨਿਰੀਖਕ ਪੈਨਲ ਲਈ ਡਾ. ਪੁਸ਼ਪਿੰਦਰ ਕੌਰ, ਮੈਡਮ ਦਿਲਪ੍ਰੀਤ ਕੌਰ, ਡਾ. ਸੁਖਵਿੰਦਰ ਕੌਰ, ਮੈਡਮ ਗੁਰਮੀਤ ਕੌਰ ਅਤੇ ਸ. ਰਮਨਜੀਤ ਸਿੰਘ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Mohali1 month agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International1 month ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
