Connect with us

Editorial

ਸ਼ਹਿਰ ਦੀਆਂ ਜਨਤਕ ਥਾਵਾਂ ਤੇ ਖਰਮਸਤੀਆਂ ਕਰਦੇ ਸ਼ੋਹਦਿਆਂ ਵਿਰੁੱਧ ਸਖਤ ਕਾਰਵਾਈ ਕਰੇ ਪੁਲੀਸ

Published

on

ਕਿਸੇ ਵੀ ਸਰਕਾਰ ਵਲੋਂ ਵਸਨੀਕਾਂ ਨੂੰ ਮੁਹਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਪੈਮਾਨਾ ਉਸ ਖੇਤਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨਾਲ ਹੀ ਲਗਾਇਆ ਜਾਂਦਾ ਹੈ ਅਤੇ ਇਸਦੇ ਆਧਾਰ ਤੇ ਹੀ ਉਸ ਸ਼ਹਿਰ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਇਸ ਪੱਖੋਂ ਵੇਖੀਏ ਤਾਂ ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਸ਼ਹਿਰ ਦੇ ਜਮੀਨੀ ਹਾਲਾਤ ਕੁੱਝ ਹੋਰ ਹੀ ਕਹਾਣੀ ਬਿਆਨ ਕਰਦੇ ਦਿਖਦੇ ਹਨ ਅਤੇ ਸਾਡੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਅਕਸਰ ਸਵਾਲੀਆ ਨਿਸ਼ਾਨ ਉਠਦੇ ਰਹਿੰਦੇ ਹਨ।

ਸਥਾਨਕ ਪੁਲੀਸ ਵਲੋਂ ਭਾਵੇਂ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ, ਪਰੰਤੂ ਪਿਛਲੇ ਕੁੱਝ ਸਾਲਾਂ ਦੌਰਾਨ ਜਿੱਥੇ ਸ਼ਹਿਰ ਵਿੱਚ ਜਿੱਥੇ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ ਉੱਥੇ, ਇਸਦੇ ਨਾਲ ਨਾਲ ਸ਼ਹਿਰ ਵਿੱਚ ਵਾਪਰਦੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਕਾਰਨ ਆਮ ਸ਼ਹਿਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਵੱਧੀ ਹੈ। ਇਸ ਸੰਬੰਧੀ ਸ਼ਹਿਰ ਵਾਸੀ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਇਹਨਾਂ ਦਾਅਵਿਆਂ ਨਾਲ ਸਹਿਮਤ ਨਹੀਂ ਦਿਖਦੇ ਅਤੇ ਆਮ ਗੱਲਬਾਤ ਦੌਰਾਨ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਅਕਸਰ ਸਵਾਲ ਚੁੱਕਦੇ ਦਿਖਦੇ ਹਨ।

ਸ਼ਹਿਰ ਦੀਆਂ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਨੌਜਵਾਨਾਂ ਦੇ ਟੋਲਿਆਂ (ਜਿਹਨਾਂ ਵਿੱਚੋਂ ਵੱਡੀ ਗਿਣਤੀ ਸ਼ਹਿਰ ਵਿੱਚ ਪੀ ਜੀ ਰਹਿੰਦੇ ਜਾਂ ਨੇੜਲੇ ਪਿੰਡਾਂ ਤੋਂ ਘੁੰਮਣ ਆਏ ਨੌਜਵਾਨਾਂ ਦੀ ਹੁੰਦੀ ਹੈ) ਨੂੰ ਅਕਸਰ ਖਰਸਮਤੀਆਂ ਕਰਦੇ ਵੇਖਿਆ ਜਾ ਸਕਦਾ ਹੈ ਅਤੇ ਇਹ ਨੌਜਵਾਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਲਈ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ। ਸ਼ਹਿਰ ਵਿੱਚ ਖਰਮਸਤੀਆਂ ਕਰਦੇ ਇਹ ਨੌਜਵਾਨ ਟ੍ਰੈਫਿਕ ਨਿਯਮਾਂ ਦੀ ਵੀ ਖੁੱਲ੍ਹ ਕੇ ਉਲੰਘਣਾ ਕਰਦੇ ਹਨ ਅਤੇ ਸ਼ਹਿਰ ਦੀਆਂ ਸੜਕਾਂ ਤੇ ਵਾਹਨ ਚਲਾਉਣ ਦੌਰਾਨ ਹੋਰਨਾਂ ਵਾਹਨਾਂ ਦਾ ਸੜਕ ਤੇ ਚਲਣਾ ਤਕ ਮੁਸ਼ਕਿਲ ਕਰ ਦਿੰਦੇ ਹਨ। ਦੋ ਪਹੀਆ ਵਾਹਨਾਂ ਤੇ ਤਿੰਨ ਤਿੰਨ ਦੀ ਗਿਣਤੀ ਵਿੱਚ ਬਿਨਾਂ ਹੈਲਮੇਟ ਪਾਏ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਣ ਵਾਲੇ ਨੌਜਵਾਨਾਂ ਦੇ ਇਹ ਝੁੰਡ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਪਸਾਰ ਕਰਦੇ ਹਨ।

ਸ਼ਹਿਰ ਦੀਆਂ ਸੜਕਾਂ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੁੱਲੀਆਂ ਜੀਪਾਂ ਅਤੇ ਮੋਟਰ ਸਾਈਕਲਾਂ ਦੇ ਝੁੰਡਾਂ ਵਿੱਚ ਘੁੰਮਣ ਵਾਲੇ ਇਹ ਨੌਜਵਾਨ ਸ਼ੋਹਦੇ ਜਿੱਥੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਆਉਣ ਵਾਲੀਆਂ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨਾਲ ਛੇੜਛਾੜ ਕਰਦੇ ਹਨ ਉੱਥੇ ਨੌਜਵਾਨਾਂ ਦੇ ਇਹ ਝੁੰਡ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਗਲੀਆਂ ਵਿੱਚ ਵੀ ਗੇੜੀਆਂ ਲਗਾਉਂਦੇ ਦੇਖੇ ਜਾ ਸਕਦੇ ਹਨ। ਇਸ ਦੌਰਾਨ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਘੁੰਮਣ ਜਾਂ ਮਾਰਕੀਟ ਵਿੱਚ ਖਰੀਦਦਾਰੀ ਕਰਨ ਲਈ ਜਾਣ ਵਾਲੇ ਲੋਕਾਂ ਵਾਸਤੇ ਉਸ ਵੇਲੇ ਹਾਲਾਤ ਨਮੋਸ਼ੀ ਵਾਲੇ ਬਣ ਜਾਂਦੇ ਹਨ ਜਦੋਂ ਉਹਨਾਂ ਦੇ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਦਾ ਸੁਆਗਤ ਕਰਨ ਲਈ ਨੌਜਵਾਨ ਸ਼ੋਹਦਿਆਂ ਦੇ ਇਹ ਟੋਲੇ ਉੱਥੇ ਹਾਜਿਰ ਹੁੰਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਨੂੰ ਟਿੱਚਰਾਂ ਵੀ ਕਰਦੇ ਹਨ।

ਇਹਨਾਂ ਨੌਜਵਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਅਕਸਰ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਹਨ ਅਤੇ ਇਸ ਕਾਰਨ ਸ਼ਹਿਰ ਦਾ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਹਨਾਂ ਨੌਜਵਾਨਾਂ ਵਿੱਚ ਅਕਸਰ ਆਪਸੀ ਝਗੜੇ ਵੀ ਹੁੰਦੇ ਹਨ ਜਿਹੜੇ ਸ਼ਹਿਰ ਦੇ ਮਾਹੌਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਅੱਜਕੱਲ ਚਲ ਰਹੇ ਤਿਉਹਾਰਾਂ ਦੇ ਮੌਸਮ ਦੌਰਾਨ ਮਾਰਕੀਟਾਂ ਵਿੱਚ ਰੌਣਕਾਂ ਵੀ ਕਾਫੀ ਹਨ ਅਤੇ ਇਸ ਦੌਰਾਨ ਵੱਡੀ ਗਿਣਤੀ ਲੋਕ ਆਪਣੇ ਪਰਿਵਾਰ ਜਾਂ ਦੋਸਤਾਂ ਮਿੱਤਰਾਂ ਨਾਲ ਖਰੀਦਦਾਰੀ ਕਰਨ ਅਤੇ ਇਸ ਰੌਣਕ ਦਾ ਆਨੰਦ ਲੈਣ ਲਈ ਮਾਰਕੀਟਾਂ ਵਿੱਚ ਪਹੁੰਚਦੇ ਹਨ ਪਰੰਤੂ ਉੱਥੇ ਮੌਜੂਦ ਇਹ ਸ਼ੋਹਦੇ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ।

ਸਥਾਨਕ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਸ਼ੋਹਦਿਆਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਆਮ ਲੋਕਾਂ ਦਾ ਕਾਨੂੰਨ ਵਿਵਸਥਾ ਤੇ ਭਰੋਸਾ ਕਾਇਮ ਰੱਖਣ ਲਈ ਜਰੂਰੀ ਹੈ ਕਿ ਪੁਲੀਸ ਵਲੋਂ ਇਹਨਾਂ ਬੇਲਗਾਮ ਸ਼ੋਹਦਿਆਂ ਵਲੋਂ ਕੀਤੀ ਜਾਂਦੀ ਹੁਲੱੜਬਾਜੀ ਨੂੰ ਸਖਤੀ ਨਾਲ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਜਾਵੇ। ਇਹਨਾਂ ਨੌਜਵਾਨਾਂ ਨੂੰ ਇਹ ਗੱਲ ਸਖਤੀ ਨਾਲ ਸਮਝਾਈ ਜਾਣੀ ਚਾਹੀਦੀ ਹੈ ਕਿ ਉਹਨਾਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਉਹਨਾਂ ਦੀ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿਰਫ ਸਖਤ ਕਾਰਵਾਈ ਦਾ ਡਰ ਹੀ ਇਹਨਾਂ ਸ਼ੋਹਦਿਆਂ ਨੂੰ ਕਾਬੂ ਵਿੱਚ ਕਰਨ ਦਾ ਸਮਰਥ ਹੋ ਸਕਦਾ ਹੈ ਅਤੇ ਇਸ ਸੰਬੰਧੀ ਪੁਲੀਸ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਵਿੱਚ ਭਰੋਸਾ ਬਣਿਆ ਰਹੇ।

Continue Reading

Editorial

ਮਿਹਨਤੀ ਬਿਰਤੀ ਦੇ ਇਨਸਾਨ ਸਨ ਪ੍ਰੇਮ ਸਿੰਘ ਰਾਮਪੁਰੀਆ

Published

on

By

ਭੋਗ ਤੇ ਵਿਸ਼ੇਸ਼

ਪ੍ਰੇਮ ਸਿੰਘ ਰਾਮਪੁਰੀਆਦਾ ਜਨਮ ਸੰਨ 1946 ਦੇ ਵਿੱਚ ਪਿਤਾ ਤੇਜਾ ਸਿੰਘ ਅਤੇ ਮਾਤਾ ਸੇਵਾ ਕੌਰ ਦੇ ਘਰ ਪਿੰਡ ਰਾਮਪੁਰ ਜਿਲਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ। ਪ੍ਰੇਮ ਸਿੰਘ ਆਪਣੇ ਪਿੰਡ ਨੂੰ ਬਹੁਤ ਜਿਆਦਾ ਪਿਆਰ ਕਰਦੇ ਸਨ ਅਤੇ ਉਹਨਾਂ ਨੇ ਆਪਣੇ ਨਾਮ ਦੇ ਨਾਲ ਆਪਣੇ ਪਿੰਡ ਦਾ ਨਾਮ ਲਿਖਵਾ ਕੇ ਪਿੰਡ ਦਾ ਨਾਮ ਵੀ ਰੋਸ਼ਨ ਕਰਵਾਇਆ।

ਪ੍ਰੇਮ ਸਿੰਘ ਹੁਰੀਂ ਚਾਰ ਭਰਾ ਅਤੇ ਦੋ ਭੈਣਾ ਸਨ। ਉਹਨਾਂ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਨੇੜਲੇ ਪਿੰਡ ਬਲਾੜੀ ਕਲ੍ਹਾਂ ਵਿਖੇ ਕੀਤੀ। ਪੜ੍ਹਾਈ ਉਪਰੰਤ ਹੀ ਇਨ੍ਹਾਂ ਨੇ 1966 ਵਿੱਚ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਕਲਰਕ ਦੇ ਅਹੁਦੇ ਤੇ ਨੌਕਰੀ ਜੁਆਇਨ ਕੀਤੀ।

ਪ੍ਰੇਮ ਸਿੰਘ ਬਹੁਤ ਹੀ ਮਿਹਨਤੀ ਬਿਰਤੀ ਦੇ ਇਨਸਾਨ ਸਨ। ਉਹਨਾਂ ਨੇ ਨੌਕਰੀ ਦੇ ਨਾਲ ਪਿੰਡ ਧਨਾਸ ਵਿਖੇ ਵੱਡੇ ਪੱਧਰ ਦਾ ਡੇਅਰੀ ਫਾਰਮ ਚਲਾਇਆ ਅਤੇ ਨਾਲ ਨਾਲ ਆਪਣੇ ਪਿੰਡ ਰਾਮਪੁਰ ਵਿਖੇ ਖੇਤੀਬਾੜੀ ਦਾ ਕੰਮ ਵੀ ਸੰਭਾਲਦੇ ਰਹੇ।

ਉਹ ਹਰ ਸਮੇਂ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੇ ਸੀ ਅਤੇ ਹਰ ਇੱਕ ਲੋੜਵੰਦ ਇਨਸਾਨ ਅਤੇ ਪਿੰਡ, ਇਲਾਕੇ ਅਤੇ ਰਿਸ਼ਤੇਦਾਰਾਂ ਦੀ ਦਿਲ ਖੋਲ੍ਹਕੇ ਬਿਨਾ ਕਿਸੇ ਲਾਲਚ ਤੋਂ ਭੇਦ-ਭਾਵ ਤੋਂ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਸੀ। ਉਹਨਾਂ ਨੇ ਇਲਾਕੇ ਦੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਕਾਫੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਲਗਵਾਈਆਂ। ਇਨ੍ਹਾਂ ਦੇ ਦੋ ਭਤੀਜੇ ਦਲਜੀਤ ਸਿੰਘ ਸੁਪਰਡੰਟ ਅਤੇ ਗੁਰਨਾਮ ਸਿੰਘ ਸੁਪਰਡੰਟ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹਵਿਖੇ ਉਚ ਅਹੁਦਿਆਂ ਤੇ ਤਾਇਨਾਤ ਹਨ।

ਪ੍ਰੇਮ ਸਿੰਘ ਨੇ ਆਪਣੀ ਸਾਰੀ ਨੌਕਰੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹੀ ਕੀਤੀ ਅਤੇ ਨੌਕਰੀ ਦੇ ਦੌਰਾਨ ਸਾਰੀਆਂ ਸਰਕਾਰਾਂ ਦੇ ਵਿੱਚ ਸਾਰੇ ਵਿਧਾਇਕ ਇਨ੍ਹਾਂ ਦਾ ਇੱਕ ਇਮਾਨਦਾਰ ਅਤੇ ਵਧੀਆ ਅਫਸਰ ਹੋਣ ਦੇ ਨਾਤੇ ਬਹੁਤ ਮਾਣ-ਸਤਿਕਾਰ ਕਰਦੇ ਸਨ। ਉਹ 2004 ਦੇ ਵਿੱਚ ਸੁਪਰਡੰਟ ਗ੍ਰੇਡ-1 ਉਚ ਅਹੁਦੇ ਤੋਂ ਮਾਨ-ਸਨਮਾਨ ਦੇ ਨਾਲ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ।

ਪ੍ਰੇਮ ਸਿੰਘ ਦੇ ਦੋ ਬੱਚੇ ਹਨ। ਵੱਡੀ ਬੇਟੀ ਇੰਦਰਜੀਤ ਕੌਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਕੋੜਵਾ ਵਿਖੇ ਵਿਆਹੀ ਹੋਈ ਹੈ। ਛੋਟਾ ਬੇਟਾ ਗੁਰਜੀਤ ਸਿੰਘ ਪੁਲੀਸ ਵਿਭਾਗ ਦੇ ਵਿੱਚ ਸਰਕਲ ਡੀ. ਐਸ. ਪੀ. ਦੇ ਅਹੁਦੇ ਤੇ ਮੋਰਿੰਡਾ ਵਿਖੇ ਤਾਇਨਾਤ ਹੈ। ਪਿਤਾ ਵੱਲੋਂ ਮਿਲੇ ਵਧੀਆ ਸੰਸਕਾਰਾਂ ਦੇ ਕਰਕੇ ਅੱਜ ਗੁਰਜੀਤ ਸਿੰਘ ਦਾ ਪੰਜਾਬ ਪੁਲੀਸ ਦੇ ਵਿੱਚ ਇੱਕ ਵਧੀਆ ਇਮਾਨਦਾਰ, ਦਲੇਰ ਅਤੇ ਗਰੀਬਾਂ ਮੁਲਜਮਾਂ ਦੇ ਦੁੱਖ-ਸੁੱਖ ਵਿੱਚ ਕੰਮ ਆਉਣ ਵਾਲੇ ਪੁਲੀਸ ਅਧਿਕਾਰੀ ਦੇ ਤੌਰ ਤੇ ਚੰਗਾ ਨਾਮ ਹੈ।

ਪ੍ਰੇਮ ਸਿੰਘ ਰਾਮਪੁਰੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 25 ਅਕਤੂਬਰ 2026 ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਲੰਬਿਆਂ ਫੇਜ਼ 8 ਮੁਹਾਲੀ ਦੁਪਹਿਰ 12:30 ਵਜੇ ਤੋਂ 1:30 ਵਜੇ ਦੇ ਵਿਚਕਾਰ ਹੋਵੇਗਾ।

Continue Reading

Editorial

ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਦੇਣਾ ਸਰਕਾਰ ਦੀ ਜਿੰਮੇਵਾਰੀ

Published

on

By

ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਇੱਕ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਜਿੱਥੇ ਵਸਨੀਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਪਰੰਤੂ ਅਸਲੀਅਤ ਇਹ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਹਾਸਿਲ ਨਹੀਂ ਹੁੰਦੀਆਂ। ਕਿਸੇ ਵੀ ਸ਼ਹਿਰ ਦੀ ਸਭਤੋਂ ਵੱਡੀ ਲੋੜ ਉੱਥੋਂ ਦੇ ਵਸਨੀਕਾਂ ਦੀ ਸੁਰਖਿਅਤ ਜਨਤਕ ਆਵਾਜਾਈ ਦਾ ਪ੍ਰਬੰਧ ਹੁੰਦਾ ਹੈ ਪਰੰਤੂ ਇੱਥੇ ਹਾਲਾਤ ਇਹ ਹਨ ਕਿ ਸ਼ਹਿਰ ਦੇ ਵਿਕਾਸ ਦੇ ਅਹਿਮ ਪੜਾਅ ਪਾਰ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀ ਸੁਰਖਿਅਤ ਤਰੀਕੇ ਨਾਲ ਜਨਤਕ ਆਵਾਜਾਈ ਦੀ ਸਹੂਲੀਅਤ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਪਣੀ ਇਸ ਲੋੜ ਨੂੰ ਪੂਰਾ ਕਰਨ ਲਈ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ।

ਹਾਲਾਂਕਿ ਸਾਡੇ ਸ਼ਹਿਰ ਵਿੱਚ ਜਨਤਕ ਆਵਾਜਾਈ ਦੇ ਨਾਮ ਤੇ ਸੀ ਟੀ ਯੂ (ਚੰਡੀਗੜ ਟ੍ਰਾਂਸਪੋਰਟ ਅੰਡਰਟੇਕਿੰਗ) ਦੀਆਂ ਬਸਾਂ ਦੇ ਕੁੱਝ ਰੂਟ ਜਰੂਰ ਚਲਦੇ ਹਨ ਪਰੰਤੂ ਇਹ ਬਸਾਂ ਉਹਨਾਂ ਲੋਕਾਂ ਦੇ ਹੀ ਕੰਮ ਆਉਂਦੀਆਂ ਹਨ ਜਿਹਨਾਂ ਨੇ ਚੰਡੀਗੜ੍ਹ ਆਉਣਾ ਜਾਣਾ ਹੁੰਦਾ ਹੈ ਅਤੇ ਜਿਆਦਾਤਰ ਸ਼ਹਿਰ ਵਾਸੀ ਆਪਣੀਆਂ ਸਥਾਨਕ ਆਵਾਜਾਈ ਲੋੜਾਂ ਵਾਸਤੇ (ਸ਼ਹਿਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਆਉਣ ਜਾਣ ਲਈ) ਆਟੋ ਰਿਕਸ਼ਿਆਂ ਦੀ ਹੀ ਵਰਤੋਂ ਕਰਦੇ ਹਨ। ਸਵਾਰੀ ਸਿਸਟਮ ਦੇ ਹਿਸਾਬ ਨਾਲ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਦੀ ਜਨਤਕ ਆਵਾਜਾਈ ਦੀ ਲੋੜ ਤਾਂ ਪੂਰੀ ਕਰਦੇ ਹਨ ਪਰੰਤੂ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨਾ ਕਿਸੇ ਪੱਖੋਂ ਵੀ ਖਤਰੇ ਤੋਂ ਖਾਲੀ ਨਹੀਂ ਹੈ। ਇਹਨਾਂ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਇੱਕ ਦੂਜੇ ਤੋਂ ਅੱਗੇ ਲੰਘ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਜਖਮੀ ਹੋਣ ਦੇ ਮਾਮਲੇ ਵੀ ਆਮ ਹਨ।

ਇਸ ਸੰਬੰਧੀ ਸ਼ਹਿਰ ਵਾਸੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਪ੍ਰਸ਼ਾਸ਼ਨ ਵਲੋਂ ਉਹਨਾਂ ਦੀ ਸੁਰਖਿਅਤ ਜਨਤਕ ਆਵਾਜਾਈ ਵਾਸਤੇ ਸ਼ਹਿਰ ਦੀ ਆਪਣੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਪਰੰਤੂ ਲੋਕਾਂ ਦੀ ਇਹ ਮੰਗ ਹੁਣੇ ਵੀ ਲਮਕ ਰਹੀ ਹੈ। ਨਗਰ ਨਿਗਮ ਦੀਆਂ ਹਰ ਪੰਜ ਸਾਲ ਪਹਿਲਾਂ ਹੋਣ ਵਾਲੀਆਂ ਚੋਣਾਂ ਦੌਰਾਨ ਵੀ ਉਮੀਦਵਾਰਾਂ ਵਲੋਂ ਇਹ ਮੁੱਦਾ ਚੁੱਕਿਆ ਜਾਂਦਾ ਹੈ ਅਤੇ ਚੋਣ ਲੜਣ ਵਾਲੀਆਂ ਸਾਰੀਆਂ ਹੀ ਮੁੱਖ ਧਿਰਾਂ ਵਲੋਂ ਸ਼ਹਿਰ ਦੀ ਆਪਣੀ ਸਿਟੀ (ਲੋਕਲ) ਬਸ ਸਰਵਿਸ ਆਰੰਭ ਕਰਨ ਦਾ ਵਾਇਦਾ ਵੀ ਕੀਤਾ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਇਹ ਕਾਰਵਾਈ ਹੁਣੇ ਤਕ ਲਮਕ ਰਹੀ ਹੈ।

ਇਸ ਸੰਬੰਧੀ ਨਗਰ ਨਿਗਮ ਵਲੋਂ ਸਮੇਂ ਸਮੇਂ ਤੇ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ। 2013 ਵਿੱਚ (ਜਦੋਂ ਕੇਂਦਰ ਵਿੱਚ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ) ਨਗਰ ਨਿਗਮ ਵਲੋਂ ਕੇਂਦਰ ਸਰਕਾਰ ਦੀ ਜਵਾਹਰਲਾਲ ਨਹਿਰੂ ਸ਼ਹਿਰੀ ਵਿਕਾਸ ਸਕੀਮ ਦੇ ਤਹਿਤ ਸ਼ਹਿਰ ਵਾਸੀਆਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਸਿਟੀ ਬਸ ਸਰਵਿਸ ਚਲਾਉਣ ਦੀ ਇੱਕ ਤਜਵੀਜ ਤਿਆਰ ਕਰਕੇ ਸਰਕਾਰ ਨੂੰ ਮੰਜੂਰੀ ਲਈ ਭੇਜੀ ਗਈ ਸੀ, ਜਿਸਦੇ ਤਹਿਤ 100 ਦੇ ਕਰੀਬ ਰੂਟਾਂ ਤੇ ਇਹ ਬਸਾਂ ਚਲਾਈਆਂ ਜਾਣੀਆਂ ਸਨ ਅਤੇ ਇਸ ਰਾਂਹੀ ਸਿਰਫ ਮੁਹਾਲੀ ਸ਼ਹਿਰ ਹੀ ਨਹੀਂ ਬਲਕਿ ਜਿਲ੍ਹੇ ਦੇ ਹੋਰਨਾਂ ਸ਼ਹਿਰਾਂ ਨੂੰ ਇਹ ਸਹੂਲੀਅਤ ਮਿਲਣੀ ਸੀ। ਪਰੰਤੂ ਇਸਤੋਂ ਪਹਿਲਾਂ ਕਿ ਇਹ ਲਾਗੂ ਹੁੰਦੀ ਕੇਂਦਰ ਦੀ ਸੱਤਾ ਬਦਲ ਗਈ ਅਤੇ ਇਸਦੇ ਨਾਲ ਹੀ ਇਹ ਤਜਵੀਜ ਵੀ ਲਮਕ ਗਈ ਸੀ।

ਇਸਦੇ ਬਾਅਦ ਵਿੱਚ 2015 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਸz. ਕੁਲਵੰਤ ਸਿੰਘ (ਜੋ ਹੁਣ ਮੁਹਾਲੀ ਹਲਕੇ ਦੇ ਵਿਧਾਇਕ ਹਨ) ਦੀ ਅਗਵਾਈ ਵਿੱਚ ਨਗਰ ਨਿਗਮ ਵਲੋਂ ਇੱਕ ਵਾਰ ਫਿਰ ਸਿਟੀ ਬਸ ਸਰਵਿਸ ਚਲਾਏ ਜਾਣ ਦਾ ਮਤਾ ਪਾਸ ਕੀਤਾ ਗਿਆ, ਪਰੰਤੂ ਇਹ ਕਾਰਵਾਈ ਵੀ ਵੱਖ ਵੱਖ ਦਫਤਰੀ ਘੁੰਮਣ ਘੇਰੀਆਂ ਵਿੱਚ ਉਲਝ ਗਈ ਅਤੇ ਇਸਤੇ ਅਮਲ ਨਹੀਂ ਹੋ ਪਾਇਆ। ਇਸਦੇ ਬਾਅਦ ਪਿਛਲੀ ਵਾਰ ਮੇਅਰ ਦੀ ਕੁਰਸੀ ਤੇ ਕਾਬਜ ਰਹੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿੱਚ ਵੀ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਰੂਟਾਂ ਤੇ ਮਿਨੀ ਬਸਾਂ ਚਲਾਏ ਜਾਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਪਰੰਤੂ ਇਹ ਤਜਵੀਜ ਵੀ ਸਰਕਾਰੀ ਫਾਈਲਾਂ ਦੀ ਧੂੜ ਫੱਕ ਰਹੀ ਹੈ।

ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪੰਜਾਬ ਸਰਕਾਰ ਸਥਾਨਕ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਿਟੀ ਬਸ ਚਲਾਉਣ ਸੰਬੰਧੀ ਪਾਸ ਕਰਕੇ ਭੇਜੇ ਗਏ ਮਤੇ ਨੂੰ ਮੰਜੂਰੀ ਦੇਵੇ ਤਾਂ ਜੋ ਇਸ ਮਤੇ ਨੂੰ ਲਾਗੂ ਕਰਕੇ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਦਾ ਰਾਹ ਪੱਧਰਾ ਹੋ ਸਕੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸੁਰਖਿਅਤ ਆਵਾਜਾਈ ਦੀ ਇਸ ਅਹਿਮ ਲੋੜ ਨੂੰ ਪੂਰਾ ਕਰਨ ਲਈ ਪਹਿਲ ਦੇ ਆਧਾਰ ਤੇ ਕਦਮ ਚੁੱਕੇ ਤਾਂ ਜੋ ਲੋਕਾਂ ਦੀ ਇਹ ਜਰੂਰਤ ਪੂਰੀ ਹੋ ਸਕੇ। ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Continue Reading

Editorial

ਕੁੱਝ ਵੀ ਬੋਲਣ ਵੇਲੇ ਭਾਸ਼ਾ ਦੀ ਮਰਿਆਦਾ ਰੱਖੀ ਜਾਣੀ ਜਰੂਰੀ

Published

on

By

ਪੰਜਾਬੀਆਂ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬੀ ਆਪਣੇ ਦੁਸ਼ਮਣਾਂ ਦੀਆਂ ਧੀਆਂ-ਭੈਣਾਂ ਨੂੰ ਵੀ ਪੂਰਾ ਸਤਿਕਾਰ ਦਿੰਦੇ ਹਨ ਅਤੇ ਪੰਜਾਬੀ ਹਰ ਬੇਗਾਨੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦੇ ਹਨ ਪਰ ਮਾਨਸਾ ਵਿਖੇ ਲੱਗੇ ਧਰਨੇ ਦੌਰਾਨ ਧਰਨਾਕਾਰੀਆਂ ਖਾਸ ਕਰਕੇ ਮਾਰੇ ਗਏ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ, ਉਹਨਾਂ ਮਾਮੇ ਅਤੇ ਭੂਆ ਦੀਆਂ ਧੀਆਂ ਅਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੀ ਧੀ ਬਾਰੇ ਮੰਦੀ ਸ਼ਬਦਾਵਲੀ ਵਰਤੀ ਗਈ ਹੈ।

ਪਰਵਿੰਦਰ ਸਿੰਘ ਝੋਟਾ ਦੇ ਦਿਨ ਦਿਹਾੜੇ ਹੋਏ ਕਤਲ ਕਾਰਨ ਉਸ ਦੇ ਪਰਿਵਾਰ ਨਾਲ ਵੱਡੀ ਗਿਣਤੀ ਪੰਜਾਬੀਆਂ ਨੂੰ ਹਮਦਰਦੀ ਹੈ ਪਰ ਜਿਸ ਤਰੀਕੇ ਨਾਲ ਪਰਵਿੰਦਰ ਝੋਟੇ ਦੇ ਪਿਤਾ ਅਤੇ ਹੋਰ ਧਰਨਾਕਾਰੀਆਂ ਵੱਲੋਂ ਮੁੱਖ ਮੰਤਰੀ ਅਤੇ ਉਹਨਾਂ ਦੇ ਕੈਬਨਿਟ ਸਾਥੀਆਂ ਦੀਆਂ ਧੀਆਂ ਭੈਣਾਂ ਬਾਰੇ ਬਿਆਨਬਾਜੀ ਕੀਤੀ ਜਾ ਰਹੀ ਹੈ, ਉਹ ਪੰਜਾਬੀਆਂ ਦੇ ਚਰਿੱਤਰ ਨਾਲ ਮੇਲ ਨਹੀਂ ਖਾਂਦੀ। ਪਰਵਿੰਦਰ ਝੋਟਾ ਦੇ ਪਿਤਾ ਨੇ ਮੀਡੀਆ ਸਾਹਮਣੇ ਇੱਕ ਧਰਨਾਕਾਰੀ ਆਗੂ ਨੂੰ ਆਪਣਾ ਪੁੱਤਰ ਦਸਦਿਆਂ ਕਿਹਾ ਸੀ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧੀ ਦਾ, ਆਪਣੇ ਮਾਮੇ ਜਾਂ ਭੂਆ ਦੀ ਕੁੜੀ ਦਾ ਰਿਸ਼ਤਾ ਇਸ ਧਰਨਾਕਾਰੀ ਆਗੂ ਨਾਲ ਕਰਨਾ ਚਾਹੁੰਦੇ ਹਨ ਤਾਂ ਉਹ ਵਿਚੋਲਾ ਬਣਨ ਲਈ ਤਿਆਰ ਹਨ।

ਇਸ ਮੌਕੇ ਪਰਵਿੰਦਰ ਝੋਟੇ ਦੇ ਪਿਤਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀਆਂ ਧੀਆਂ ਬਾਰੇ ਵੀ ਅਜਿਹੇ ਮੰਦੇ ਸ਼ਬਦ ਬੋਲੇ ਗਏ। ਪਰਵਿੰਦਰ ਝੋਟੇ ਦੇ ਪਿਤਾ ਦੇ ਅਜਿਹਾ ਬੋਲਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਅਤੇ ਲੋਕ ਇਸ ਸ਼ਬਦਾਵਲੀ ਦੀ ਨਿਖੇਧੀ ਕਰ ਰਹੇ ਹਨ।

ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਬਲਕਿ ਇੱਕ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੂਰੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਸਿਕੰਦਰ ਸਿੰਘ ਮਲੂਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਬਾਰੇ ਕਿਹਾ ਕਿ ਉਹ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਇੱਕ ਇੱਕ ਹਜ਼ਾਰ ਰੁਪਇਆ ਦੇ ਕੇ ਕੀ ਉਹਨਾਂ ਦੀ ਇਜੱਤ ਲੁੱਟਣਗੇ? ਸਿਕੰਦਰ ਸਿੰਘ ਮਲੂਕਾ ਦੇ ਅਜਿਹੀ ਮੰਦੀ ਸ਼ਬਦਾਵਲੀ ਬੋਲਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਹਰ ਪਾਸੇ ਘੁੰਮ ਰਹੀ ਹੈ।

ਵੱਡੀ ਗਿਣਤੀ ਲੋਕ ਅਜਿਹੇ ਬਿਆਨ ਕਾਰਨ ਸਿਕੰਦਰ ਸਿੰਘ ਮਲੂਕਾ ਦੀ ਨਿਖੇਧੀ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਹ ਸ਼ਿਕਾਇਤ ਕਰ ਰਹੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਨਾ ਤਾਂ ਪਰਵਿੰਦਰ ਝੋਟੇ ਦੇ ਪਿਤਾ ਵੱਲੋਂ ਮੁੱਖ ਮੰਤਰੀ ਦੀਆਂ ਧੀਆਂ ਭੈਣਾਂ ਬਾਰੇ ਬੋਲੀ ਗਈ ਮੰਦੀ ਸ਼ਬਦਾਵਲੀ ਦਾ ਕੋਈ ਨੋਟਿਸ ਲਿਆ ਗਿਆ ਹੈ ਤੇ ਨਾ ਹੀ ਸਿਕੰਤਰ ਸਿੰਘ ਮਲੂਕਾ ਵੱਲੋਂ ਸਾਰੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਬੋਲੀ ਗਈ ਇਤਰਾਜਯੋਗ ਗੱਲ ਦਾ ਕੋਈ ਨੋਟਿਸ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਕਈ ਆਗੂ ਇਹ ਕਹਿੰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿਰਫ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤਲਬ ਕਰਦੇ ਹਨ ਪਰ ਅਕਾਲੀ ਆਗੂਆਂ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵੱਲੋਂ ਧੀਆਂ ਭੈਣਾਂ ਬਾਰੇ ਵਰਤੀ ਗਈ ਮੰਦੀ ਸ਼ਬਦਾਵਲੀ ਵੱਲ ਕੋਈ ਧਿਆਨ ਨਹੀਂ ਦਿੰਦੇ।

ਕੁਝ ਸਮਾਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਸਪਸ਼ਟ ਕਿਹਾ ਸੀ ਕਿ ਤੁਸੀਂ (ਖਹਿਰਾ) ਮੇਰੀ ਮਾਸੂਮ ਧੀ ਬਾਰੇ ਵੀ ਬਹੁਤ ਮੰਦਾ ਬੋਲਦੇ ਹੋ। ਵੱਡੀ ਗਿਣਤੀ ਪੰਜਾਬੀ ਕਹਿ ਰਹੇ ਹਨ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਪਰਵਿੰਦਰ ਝੋਟੇ ਦੇ ਪਿਤਾ ਨੂੰ ਮੁੱਖ ਮੰਤਰੀ ਮਾਨ ਦੀਆਂ ਧੀਆਂ ਭੈਣਾਂ ਬਾਰੇ ਮੰਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਅਤੇ ਅਜਿਹੀ ਸ਼ਬਦਾਵਲੀ ਵਰਤਣ ਲਈ ਮੁੱਖ ਮੰਤਰੀ ਮਾਨ ਅਤੇ ਸਾਰੇ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।

ਇਹਨਾਂ ਲੋਕਾਂ ਵਲੋਂ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਬੋਲੇ ਗਏ ਅਪਸ਼ਬਦਾਂ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਭੱਖ ਗਿਆ ਹੈ। ਵੱਖ ਵੱਖ ਕਿਸਾਨ ਆਗੂ ਵੀ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਈ ਵਾਰ ਇਤਰਾਜਯੋਗ ਸ਼ਬਦਾਵਲੀ ਵਰਤਦੇ ਹਨ। ਕਈ ਕਿਸਾਨ ਆਗੂ ਤਾਂ ਧਰਨਿਆਂ ਵਿੱਚ ਸਟੇਜ਼ ਤੇ ਬੋਲਦੇ ਹਨ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਮੰਨਦੇ।

ਇਸ ਤਰੀਕੇ ਨਾਲ ਵਰਤੀ ਜਾ ਰਹੀ ਮੰਦੀ ਸ਼ਬਦਾਵਲੀ ਕਾਰਨ ਪੰਜਾਬੀਅਤ ਅਤੇ ਇਨਸਾਨੀਅਤ ਨੂੰ ਖੋਰਾ ਲੱਗ ਰਿਹਾ ਹੈ। ਇਸ ਤਰ੍ਹਾਂ ਲਗਦਾ ਹੈ ਕਿ ਸਾਡੇ ਇਹ ਨੇਤਾ ਪੰਜਾਬ ਦਾ ਮਹਾਨ ਵਿਰਸਾ ਅਤੇ ਸਭਿਆਚਾਰ ਤੇ ਲੋਕ ਮਰਿਆਦਾ ਪੂਰੀ ਤਰ੍ਹਾਂ ਭੁੱਲ ਗਏ ਹਨ।

ਪੰਜਾਬ ਦੇ ਵੱਡੀ ਗਿਣਤੀ ਲੋਕ ਕਹਿੰਦੇ ਹਨ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਦੀ ਹੁਣ ਤੱਕ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ ਅਤੇ ਇਸ ਸਰਕਾਰ ਦੀਆਂ ਨੀਤੀਆਂ ਨਾਲ ਵੀ ਸਹਿਮਤ ਨਹੀਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਕੈਬਨਿਟ ਸਾਥੀਆਂ ਦਾ ਵਿਰੋਧ ਕਰਨ ਲਈ ਉਹਨਾਂ ਦੀਆਂ ਧੀਆਂ ਭੈਣਾਂ ਬਾਰੇ ਗਲਤ ਸ਼ਬਦਾਵਲੀ ਵਰਤੀ ਜਾਵੇ ਅਤੇ ਇਸ ਅਮਲ ਤੇ ਸਖਤੀ ਨਾਲ ਰੋਕ ਲਾਗਉਣ ਦੀ ਲੋੜ ਹੈ।

ਬਿਊਰੋ

Continue Reading

Latest News

Trending