Mohali
ਰਾਮਗੜ੍ਹੀਆ ਭਵਨ ਮੁਹਾਲੀ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਬਾਬਾ ਵਿਸ਼ਵਕਰਮਾ ਦਿਵਸ
ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਮੂਲੀਅਤ
ਐਸ ਏ ਐਸ ਨਗਰ, 10 ਨਵੰਬਰ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਰਾਮਗੜ੍ਹੀਆ ਸਭਾ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਬ੍ਰਹਿਮੰਡ ਦੇ ਦੈਵੀ ਸ਼ਿਲਪਕਾਰ ਅਤੇ ਦੇਸ਼ ਦੇ ਹੁਨਰਮੰਦ ਕਾਰੀਗਰਾਂ, ਦਸਤਕਾਰਾਂ ਅਤੇ ਕਿਰਤੀਆਂ ਦੇ ਪ੍ਰੇਰਨਾ ਸਰੋਤ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੇ ਸਤਿਕਾਰ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਐਸ.ਏ.ਐਸ. ਨਗਰ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ।
ਇਸ ਧਾਰਮਿਕ ਸਮਾਗਮ ਸੰਬੰਧੀ ਬੀਤੀ 7 ਨਵੰਬਰ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਹੋਈ। ਇਸ ਮੌਕੇ ਇਸ ਦੌਰਾਨ ਇੱਕ ਵੱਖਰੇ ਹਾਲ ਵਿੱਚ ਵਿਸ਼ੇਸ ਪੂਜ ਅਰਚਨਾ ਕੀਤੀ ਗਈ ਅਤੇ ਰਾਮਗੜ੍ਹੀਆ ਸਭਾ ਦੇ ਮੈਂਬਰਾਂ ਨੇ ਭਵਗਾਨ ਵਿਸ਼ਵਕਰਮਾ ਦੀ ਤਸਵੀਰ ਅੱਗੇ ਮੱਥਾ ਟੇਕਿਆ ਅਤੇ ਸੰਗਤ ਨੂੰ ਫਲ ਵੰਡੇ ਗਏ।
ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਹਜ਼ੂਰੀ ਰਾਗੀ ਭਾਈ ਪੁਰਸ਼ੋਤਮ ਸਿੰਘ ਅਤੇ ਸਾਥੀਆਂ ਵੱਲੋਂ ਸਵੇਰੇ 9:00 ਤੋਂ 10:00 ਵਜੇ ਤੱਕ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਇਸਤਰੀ ਸਤਿਸੰਗ ਜੱਥਾ, ਰਾਮਗੜ੍ਹੀਆ ਸਭਾ, ਐਸ. ਏ.ਐਸ. ਨਗਰ ਵੱਲੋਂ ਸਵੇਰੇ 10:00 ਤੋਂ 11:00 ਵਜੇ ਤੱਕ ਅਤੇ ਰਾਮਗੜ੍ਹੀਆ ਸਭਾ ਦੇ ਹੈਡ ਗ੍ਰੰਥੀ ਭਾਈ ਬਲਿਹਾਰ ਸਿੰਘ ਵੱਲੋਂ ਸਵੇਰੇ 11:00 ਤੋਂ 11:30 ਵਜੇ ਤੱਕ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸਮਾਗਮ ਦੌਰਾਨ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਭਾਈ ਗੁਰਿੰਦਰ ਪ੍ਰਿਤਪਾਲ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ 01:00 ਵਜੇ ਤੱਕ ਢਾਡੀ ਵਾਰਾਂ ਰਾਹੀਂ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਅਤੇ ਇਤਿਹਾਸ ਤੇ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਅਨੰਦ ਸਾਹਿਬ ਦੇ ਪਾਠ, ਅਰਦਾਸ ਅਤੇ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਲੰਗਰ ਪ੍ਰਾਪਤ ਕੀਤਾ।
ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਰਾਮਗੜ੍ਹੀਆ ਸਭਾ (ਰਜਿ:), ਦੀ ਭਾਈ ਲਾਲੋ ਕੋ-ਆਪ੍ਰੇਟਿਵ ਐਨ.ਏ. ਟੀ. ਐਂਡ ਸੀ. ਸੁਸਾਇਟੀ ਲਿਮਟਿਡ, ਦਸਮੇਸ਼ ਵੈਲਫੇਅਰ ਕੌਂਸਲ (ਰਜਿ:) ਮੁਹਾਲੀ ਅਤੇ ਗੁਰੂ ਰਾਮ ਦਾਸ ਵੈਲਫੇਅਰ ਸੋਸਾਇਟੀ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸਮਾਗਮ ਵਿੱਚ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੋ:ਪ੍ਰੇਮ ਸਿੰਘ ਚੰਦੂ ਮਾਜਰਾ, ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਸਾਬਕਾ ਮੇਅਰ ਅਮਰਜੀਤ ਸਿੰਘ ਸਿੱਧੂ, ਸ਼ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ. ਪਰਮਿੰਦਰ ਸਿੰਘ ਸੋਹਾਣਾ, ਸਾਬਕਾ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ, ਕੌਸਲਰ ਅਤੇ ਚੇਅਰਮੈਨ ਪੰਜਾਬ ਵਟਰ ਸਪਲਾਈ ਅਤੇ ਸੀਵਰੇਜ ਬੋਰਡ ਡਾ. ਸੰਨੀ ਸਿੰਘ ਆਹਲੂਵਾਲੀਆ, ਕੌਸਲਰ ਪਰਮਜੀਤ ਸਿੰਘ ਕਾਹਲੋਂ, ਕੌਸਲਰ ਗੁਰਮੁੱਖ ਸਿੰਘ ਸੋਹਲ, ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਅਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਰਾਮਗੜ੍ਹੀਆ ਸਭਾ (ਰਜਿ.) ਮੁਹਾਲੀ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ ਅਤੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਹੁਝੰਣ, ਦਰਸ਼ਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਕਰਮ ਸਿੰਘ ਬਬਰਾ, ਪ੍ਰਦੀਪ ਸਿੰਘ ਭਾਰਜ, ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਖਜ਼ਾਨਚੀ ਬਲਵਿੰਦਰ ਸਿੰਘ ਬਲ ਸਮੇਤ ਵਿਜੇ ਕੁਮਾਰ ਘਈ, ਨਿਰਮਲ ਸਿੰਘ, ਤੀਰਥ ਸਿੰਘ, ਸੁੱਚਾ ਸਿੰਘ, ਜਰਨੈਲ ਸਿੰਘ, ਮੋਹਨ ਸਿੰਘ, ਜਸਵੰਤ ਸਿੰਘ ਕਾਨਪੁਰੀ, ਸੁਰਿੰਦਰ ਸਿੰਘ ਜੰਡੂ, ਰਾਮਗੜ੍ਹੀਆ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਮਨਵਿੰਦਰ ਸਿੰਘ ਰਨੋਤਾ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਸੈਂਬੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਸ. ਮੋਨਿੰਦਰ ਸਿੰਘ ਸੋਹਲ ਨੂੰ ਟਰਾਫੀ ਅਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਦੇ ਸਾਬਕਾ ਪ੍ਰਧਾਨ ਸ. ਜਸਵੰਤ ਸਿੰਘ ਭੁੱਲਰ ਨੇ ਪ੍ਰਧਾਨ ਦੀਦਾਰ ਸਿੰਘ ਕਲਸੀ, ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
Mohali
ਮੁਹਾਲੀ ਪੁਲੀਸ ਵੱਲੋਂ ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦੇ 4 ਆਰੋਪੀ ਗ੍ਰਿਫਤਾਰ
ਕਾਬੂ ਕੀਤੇ ਵਿਅਕਤੀਆਂ ਤੋਂ 5 ਆਧੁਨਿਕ ਪਿਸਟਲ ਅਤੇ 100 ਗ੍ਰਾਮ ਹੈਰੋਇਨ ਬਰਾਮਦ
ਐਸ ਏ ਐਸ ਨਗਰ, 10 ਨਵੰਬਰ (ਸ.ਬ.) ਮੁਹਾਲੀ ਪੁਲੀਸ ਵੱਲੋਂ ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦੇ 4 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 5 ਆਧੁਨਿਕ ਪਿਸਟਲ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ਼੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸੀ. ਆਈ. ਏ ਸਟਾਫ ਖਰੜ ਦੇ ਇੰਚਾਰਜ ਇੰਸ: ਪਰਦੀਪ ਸਿੰਘ ਬਾਜਵਾ ਦੀ ਟੀਮ ਵੱਲੋਂ ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ਤੇ ਡਰੋਨ ਰਾਹੀਂ ਨਸ਼ਾ ਮੰਗਵਾਉਣ ਵਾਲੇ ਗਿਰੋਹ ਦੇ 04 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋ 5 ਆਧੁਨਿਕ ਪਿਸਟਲ ਅਤੇ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਇਹਨਾਂ ਵਿਅਕਤੀਆਂ ਨੂੰ ਬੀਤੀ 7 ਨਵੰਬਰ ਨੂੰ ਖਰੜ ਦੇ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੌਰਾਨ ਖੁਫੀਆ ਇਤਲਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਸੀ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਸੁਖਚੈਨ ਸਿੰਘ ਉਰਫ ਸੁੱਖੀ, ਮਨਪ੍ਰੀਤ ਸਿੰਘ, ਸੁਨੀਲ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ (ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਹਨ) ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਦਾ ਧੰਦਾ ਕਰਦੇ ਹਨ ਅਤੇ ਇਹ ਵਿਅਕਤੀ ਕਰੇਟਾ ਕਾਰ ਵਿੱਚ ਸਵਾਰ ਹੋ ਕੇ ਮੁਹਾਲੀ ਦੇ ਵੱਖ-ਵੱਖ ਇਲਾਕਿਆ ਵਿੱਚ ਨਸ਼ੇ ਅਤੇ ਹਥਿਆਰਾ ਦੀ ਸਪਲਾਈ ਕਰਦੇ ਹਨ। ਉਹਨਾਂ ਦੱਸਿਆ ਕਿ ਉਕਤ ਜਾਣਾਕਰੀ ਦੇ ਆਧਾਰ ਤੇ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਚਾਰਾਂ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ, 5 ਨਾਜਾਇਜ਼ ਪਿਸਟਲ ਅਤੇ ਡਰੱਗ ਮਨੀ ਬ੍ਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਸਿਟੀ ਖਰੜ੍ਹ ਵਿਖੇ ਐਨ. ਡੀ. ਪੀ. ਐਸ.ਐਕਟ ਦੀ ਧਾਰਾ 21-61-85 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਆਰੋਪੀ ਪਾਕਿਸਤਾਨ ਅਧਾਰਿਤ ਪੀ. ਆਈ. ਓਜ ਦੇ ਸੰਪਰਕ ਵਿੱਚ ਸਨ। ਇਹ ਵਿਅਕਤੀ ਡਰੋਨ ਰਾਹੀਂ ਸਰਹੱਦ ਪਾਰ ਤੋਂ ਭੇਜੀ ਗਈ ਹੈਰੋਇਨ ਨੂੰ ਨਿਰਧਾਰਤ ਥਾਵਾਂ ਤੋਂ ਪ੍ਰਾਪਤ ਕਰਦੇ ਸਨ ਅਤੇ ਇਸ ਨੂੰ ਵੱਧ ਮੁਨਾਫਾ ਕਮਾਉਣ ਦੇ ਮਕਸਦ ਨਾਲ ਮੁਹਾਲੀ ਅਤੇ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਇਲਾਕੇ ਵਿੱਚ ਸਪਲਾਈ ਕਰਦੇ ਸਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਦਾ 4 ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਹਥਿਆਰਾਂ ਅਤੇ ਹੈਰੋਈਨ ਤੋਂ ਇਲਾਵਾ ਇੱਥ ਕਰੇਟਾ ਕਾਰ ਅਤੇ 1 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਪੁਲੀਸ ਇਹਨਾਂ ਦੇ ਅਗਲੇ ਪਿਛਲੇ ਸੰਬੰਧਾਂ ਦੀ ਜਾਂਚ ਕਰ ਰਹੀ ਹੈ।
Mohali
ਫੇਜ਼-1 ਦੇ ਰਾਮਲੀਲਾ ਗਰਾਊਂਡ ਦੇ ਪਿਛਲੇ ਪਾਸੇ ਬਣੇ ਜੰਗਲਨੁਮਾ ਇਲਾਕੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ
ਜੇ. ਸੀ. ਬੀ. ਮਸ਼ੀਨ ਨਾਲ ਕੀਤੀ ਜਾ ਰਹੀ ਹੈ ਸਫਾਈ
ਐਸ ਏ ਐਸ ਨਗਰ, 10 ਨਵੰਬਰ (ਸ.ਬ.) ਸਥਾਨਕ ਫੇਜ਼-1 ਦੇ ਬੈਰੀਅਰ ਰਾਮਲੀਲਾ ਗਰਾਊਂਡ ਦੇ ਪਿਛਲੇ ਪਾਸੇ ਬਣੇ ਜੰਗਲਨੁਮਾ ਇਲਾਕੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਵਾਰਡ ਨੰਬਰ 3 ਦੀ ਕੌਂਸਲਰ ਗੁਰਮੀਤ ਕੌਰ ਦੀ ਅਗਵਾਈ ਹੇਠ ਇਲਾਕੇ ਦੇ ਮੋਹਤਬਰ ਵਿਅਕਤੀਆਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਜੇ. ਸੀ. ਬੀ. ਮਸ਼ੀਨ ਰਾਹੀਂ ਜੰਗਲਨੁਮਾ ਇਲਾਕੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਜਿਕਰਯੋਗ ਹੈ ਕਿ ਇਸ ਥਾਂ ਦੇ ਨਾਲ ਲੱਗਦੀ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੀ ਹੱਦ ਦੇ ਪਿੱਛੇ ਕਾਫ਼ੀ ਜੰਗਲਨੁਮਾ ਇਲਾਕਾ ਬਣਿਆ ਹੋਇਆ ਸੀ, ਜਿਸ ਕਾਰਨ ਸ਼ਰਾਰਤੀ ਅਨਸਰਾਂ ਅਤੇ ਨਸ਼ੇੜੀਆਂ ਨੂੰ ਲੁਕਣ ਦਾ ਮੌਕਾ ਮਿਲ ਜਾਂਦਾ ਸੀ। ਇਹ ਇਲਾਕਾ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਐਮ. ਸੀ. ਗੁਰਮੀਤ ਕੌਰ ਨੇ ਦੱਸਿਆ ਕਿ ਉਹਨਾਂ ਵਲੋਂ ਵੱਲੋਂ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਫ਼ਾਈ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ, ਜਿਸ ਤੇ ਪ੍ਰਸ਼ਾਸਨ ਵੱਲੋਂ ਅੱਜ ਜੇ. ਸੀ. ਬੀ. ਮਸ਼ੀਨ ਭੇਜ ਕੇ ਸਫ਼ਾਈ ਦਾ ਕੰਮ ਆਰੰਭ ਕਰਵਾਇਆ ਗਿਆ ਹੈ ਅਤੇ ਇਸਦੇ ਅਧੀਨ ਫੇਜ਼ 2 ਦੇ ਐਚ ਐਲ ਕਵਾਟਰਾਂ ਦੇ ਪਿੱਛੇ ਪੈਂਦੇ ਜੰਗਲ ਦੀ ਸਫਾਈ ਦਾ ਕੰਮ ਵੀ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਮੰਗ ਤੇ ਪੁਲੀਸ ਵਿਭਾਗ ਅਤੇ ਨਗਰ ਨਿਗਮ ਮੁਹਾਲੀ ਦੀ ਮਦਦ ਨਾਲ ਰਾਮਲੀਲਾ ਗਰਾਊਂਡ ਵਿੱਚ ਕੀਤੇ ਗਏ ਗੈਰ-ਕਾਨੂੰਨੀ ਕਬਜ਼ੇ ਹਟਵਾਏ ਗਏ ਸਨ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਸਫ਼ਾਈ ਕਰਵਾਉਣ ਦਾ ਮੁੱਖ ਮਕਸਦ ਗਲਤ ਅਨਸਰਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਲੁਕਣ ਲਈ ਕੋਈ ਥਾਂ ਨਾ ਮਿਲਣ ਦੇਣਾ ਅਤੇ ਇਲਾਕੇ ਵਿੱਚ ਸੁਰੱਖਿਅਤ ਤੇ ਸਾਫ਼-ਸੁਥਰਾ ਮਾਹੌਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਉਪਿੰਦਰ ਸਿੰਘ ਸੋਢੀ, ਫੇਜ਼-1 ਦੇ ਵਾਰਡ ਸਕੱਤਰ ਸ੍ਰੀ ਸਤਿੰਦਰ ਸ਼ਰਮਾ, ਨੰਦੀ ਸੇਵਾ ਸਮਿਤੀ ਦੇ ਪ੍ਰਧਾਨ ਸ੍ਰੀ ਸਚਿਨ ਸ਼ਰਮਾ, ਸਮਿਤੀ ਦੇ ਮੈਂਬਰ ਸ੍ਰੀ ਗੌਰਵ, ਹੋਰ ਸਮਾਜ ਸੇਵੀ ਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।
Mohali
ਮੁਹਾਲੀ ਪੁਲੀਸ ਵਲੋਂ ਅੰਬ ਸਾਹਿਬ ਕਲੋਨੀ ਵਿਖੇ ਫੀਡ ਬੈਕ ਕੈਂਪ ਦਾ ਆਯੋਜਨ
ਐਸ ਏ ਐਸ ਨਗਰ, 10 ਨਵੰਬਰ (ਸ.ਬ.) ਮੁਹਾਲੀ ਪੁਲੀਸ ਵਲੋਂ ਅੰਬ ਸਾਹਿਬ ਕਲੋਨੀ ਵਿਖੇ ਫੀਡ ਬੈਕ ਕੈਂਪ ਦਾ ਆਯੋਜਨ ਕੀਤਾ ਗਿਆ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਅਤੇ ਇੰਸਪੈਕਟਰ ਅਮਨ ਬੈਦਵਾਨ ਦੀ ਨਿਗਰਾਨੀ ਹੇਠ ਲਗਾਏ ਗਏ ਇਸ ਕੈਂਪ ਦੌਰਾਨ, ਸਥਾਨਕ ਨਿਵਾਸੀਆਂ ਨਾਲ ਵਿਸਤਾਰ ਸਹਿਤ ਚਰਚਾ ਗੱਲਬਾਤ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮੌਕੇ ਕਲੋਨੀ ਦੇ ਵਸਨੀਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਅਤੇ ਖੇਤਰ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਪੁਲੀਸ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਿਵਾਸੀਆਂ ਨੂੰ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਉਹਨਾਂ ਦੱਸਿਆ ਕਿ ਵਸਨੀਕਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਇਹ ਫੀਡਬੈਕ ਮਿਲਿਆ ਹੈ ਕਿ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਕਾਫ਼ੀ ਘੱਟ ਗਈ ਹੈ ਅਤੇ ਪੁਲੀਸ ਦੀ ਲਗਾਤਾਰ ਕਾਰਵਾਈ ਅਤੇ ਜਾਗਰੂਕਤਾ ਕਾਰਨ ਨਸ਼ਿਆਂ ਦੀ ਖਪਤ ਵੀ ਘੱਟ ਗਈ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਪੁਲੀਸ ਗਸ਼ਤ ਵਧਣ ਨਾਲ ਜਨਤਾ ਸੁਰੱਖਿਅਤ ਅਤੇ ਵਧੇਰੇ ਆਤਮਵਿਸ਼ਵਾਸੀ ਮਹਿਸੂਸ ਕਰਦੀ ਹੈ।
ਉਹਨਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਐਨ ਡੀ ਪੀ ਐਸ ਐਕਟ ਅਧੀਨ ਕੁੱਲ 39 ਮਾਮਲੇ ਦਰਜ ਕੀਤੇ ਗਏ ਹਨ ਜਿਹਨਾਂ ਵਿੱਚ 54 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 21 ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਦੌਰਾਨ 25 ਓਓਏਟੀ ਮਰੀਜ਼ ਦਾਖਿਲ ਕਰਵਾਏ ਗਏ ਹਨ ਅਤੇ 75 ਜਨਤਕ ਮੀਟਿੰਗਾਂ ਕੀਤੀਆਂ ਗਈਆਂ ਹਨ। ਇਸ ਦੌਰਾਨ 12 ਕੇਸ ਕੀਤੇ ਗਏ ਹਨ ਅਤੇ 2 ਇਮਾਰਤਾਂ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਇਸੋ ਦੌਰਾਨ ਨਸ਼ੀਲੀਆਂ ਦਵਾਈਆਂ ਵਿਰੁੱਧ ਕਾਰਵਾਈ ਤਹਿਤ ਵੀ 1 ਮਾਮਲਾ (ਐਨ ਕੇ ਫਾਰਮਾ ਵਿਰੁੱਧ) ਤਰਜ ਕੀਤਾ ਗਿਆ ਹੈ।
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
