National
ਸੈਲਾਨੀਆਂ ਨਾਲ ਭਰਿਆ ਟੈਂਪੋ ਟਰੈਵਲਰ ਖੱਡ ਵਿੱਚ ਡਿੱਗਿਆ, ਡਰਾਈਵਰ ਸਮੇਤ 18 ਵਿਅਕਤੀ ਜ਼ਖ਼ਮੀ
ਜੰਮੂ, 11 ਨਵੰਬਰ (ਸ.ਬ.) ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਬੀਤੀ ਰਾਤ ਸੈਲਾਨੀਆਂ ਨਾਲ ਭਰੀ ਇੱਕ ਟੈਂਪੋ ਟਰੈਵਲਰ ਗੱਡੀ ਹਾਦਸਾਗ੍ਰਸਤ ਹੋ ਗਈ। ਸੋਨਮਰਗ ਤੋਂ ਸ੍ਰੀਨਗਰ ਵੱਲ ਜਾ ਰਿਹਾ ਇਹ ਵਾਹਨ ਕੰਗਣ ਖੇਤਰ ਨੇੜੇ ਅਚਾਨਕ ਬੇਕਾਬੂ ਹੋ ਕੇ ਲਗਭਗ 60 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਇਸ ਭਿਆਨਕ ਹਾਦਸੇ ਵਿੱਚ ਡਰਾਈਵਰ ਸਮੇਤ ਸਵਾਰ ਸਾਰੇ 18 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਯਾਤਰੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਤੁਰੰਤ ਬਾਅਦ ਸਾਰੇ ਜ਼ਖ਼ਮੀਆਂ ਨੂੰ ਮੁੱਢਲੇ ਸਿਹਤ ਕੇਂਦਰ ਗੁੰਡ ਵਿਖੇ ਪਹੁੰਚਾਇਆ ਗਿਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉੱਚ ਪੱਧਰੀ ਇਲਾਜ ਲਈ ਸ੍ਰੀਨਗਰ ਦੇ ਸਕਿਮਸ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਟੈਂਪੋ ਟਰੈਵਲਰ ਸੈਲਾਨੀਆਂ ਨੂੰ ਲੈ ਕੇ ਸੋਨਮਰਗ ਤੋਂ ਸ੍ਰੀਨਗਰ ਵੱਲ ਰਵਾਨਾ ਹੋਈ ਸੀ। ਸਫ਼ਰ ਦੌਰਾਨ ਜਿਵੇਂ ਹੀ ਵਾਹਨ ਗਾਂਦਰਬਲ ਦੇ ਕੰਗਣ ਇਲਾਕੇ ਵਿੱਚ ਗੁੰਡ ਸੁੰਬਲ ਪਾਵਰ ਹਾਊਸ ਕੋਲ ਪਹੁੰਚਿਆ, ਤਾਂ ਡਰਾਈਵਰ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ। ਬੇਕਾਬੂ ਹੋਈ ਗੱਡੀ ਸੜਕ ਤੋਂ ਫ਼ਿਸਲ ਕੇ ਸਿੱਧੀ ਕਰੀਬ 60 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਕਾਰਨ ਗੱਡੀ ਵਿੱਚ ਮੌਜੂਦ ਚਾਲਕ ਸਮੇਤ ਸਾਰੇ 18 ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੁੱਢਲੀਆਂ ਰਿਪੋਰਟਾਂ ਅਨੁਸਾਰ ਜ਼ਿਆਦਾਤਰ ਸੈਲਾਨੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਹਾਲਾਂਕਿ ਜ਼ਖ਼ਮੀਆਂ ਦੀ ਸ਼ਨਾਖ਼ਤ ਸੰਬੰਧੀ ਵੇਰਵਿਆਂ ਵਿੱਚ ਗੁਜਰਾਤ ਅਤੇ ਪੱਛਮੀ ਬੰਗਾਲ ਦੇ ਵਸਨੀਕਾਂ ਦੇ ਨਾਮ ਵੀ ਸਾਹਮਣੇ ਆਏ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਪ੍ਰਸ਼ਾਸਨ ਅਤੇ ਸਥਾਨਕ ਨਾਗਰਿਕ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਖੱਡ ਵਿੱਚ ਫਸੀ ਗੱਡੀ ਵਿੱਚੋਂ ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤੁਰੰਤ ਵੱਡੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜ਼ਖ਼ਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨੇੜਲੇ ਇਲਾਕਿਆਂ ਦੇ ਸਿਹਤ ਕੇਂਦਰਾਂ ਤੋਂ ਤੁਰੰਤ ਐਂਬੂਲੈਂਸਾਂ ਮੰਗਵਾਈਆਂ ਗਈਆਂ। ਇਸ ਦੌਰਾਨ ਸੋਨਮਰਗ, ਗੁੰਡ ਅਤੇ ਗਨੀਵਾਨ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਦੀਆਂ ਐਂਬੂਲੈਂਸਾਂ ਨੇ ਜ਼ਖ਼ਮੀਆਂ ਨੂੰ ਤੇਜ਼ੀ ਨਾਲ ਹਸਪਤਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰੀ ਮੁਸ਼ੱਕਤ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਡੂੰਘੀ ਖੱਡ ਵਿੱਚੋਂ ਬਾਹਰ ਕੱਢ ਕੇ ਮੁੱਢਲੀ ਡਾਕਟਰੀ ਸਹਾਇਤਾ ਲਈ ਪੀ.ਐਚ.ਸੀ. ਗੁੰਡ ਪਹੁੰਚਾਇਆ ਗਿਆ।
ਪੀ.ਐਚ.ਸੀ. ਗੁੰਡ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਐਮਰਜੈਂਸੀ ਮੁੱਢਲਾ ਇਲਾਜ ਦਿੱਤਾ ਗਿਆ। ਇਸ ਉਪਰੰਤ ਉਨ੍ਹਾਂ ਦੀ ਨਾਜ਼ੁਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ 18 ਜ਼ਖ਼ਮੀਆਂ ਨੂੰ ਵਿਸ਼ੇਸ਼ ਇਲਾਜ ਵਾਸਤੇ ਸ੍ਰੀਨਗਰ ਸਥਿਤ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਅੱਠ ਜ਼ਖ਼ਮੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਕੰਗਣ ਦੇ ਐਸ.ਡੀ.ਪੀ.ਓ. ਰਾਜੇਸ਼ ਰੈਨਾ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੈਂਪੋ ਟਰੈਵਲਰ ਵਿੱਚ ਚਾਲਕ ਸਣੇ ਕੁੱਲ 18 ਲੋਕ ਸਵਾਰ ਸਨ ਅਤੇ ਸਾਰੇ ਹੀ ਜ਼ਖ਼ਮੀ ਹੋਏ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇ।
National
ਕੋਲਕਾਤਾ-ਸਰਾਂਗ ਐਕਸਪ੍ਰੈਸ ਦੇ ਛੇ ਡੱਬੇ ਪਟੜੀ ਤੋਂ ਉੱਤਰੇ, ਕਈ ਯਾਤਰੀ ਜ਼ਖ਼ਮੀ
ਗੁਵਾਹਾਟੀ, 11 ਨਵੰਬਰ (ਸ.ਬ.) ਅਸਾਮ ਵਿੱਚ ਗੁਵਾਹਾਟੀ ਦੇ ਨੇੜੇ ਅੱਜ ਸਵੇਰੇ ਕੋਲਕਾਤਾ-ਸੈਰਾਂਗ ਐਕਸਪ੍ਰੈਸ ਦੇ ਇੰਜਣ ਸਮੇਤ ਸੱਤ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿੱਚ ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਬਾਹਰ ਕੱਢਣ ਅਤੇ ਪ੍ਰਭਾਵਿਤ ਯਾਤਰੀਆਂ ਦੀ ਮਦਦ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਸੀਪੀਆਰਓ ਕਪਿੰਜਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6:54 ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਰਾਹਤ ਟਰੇਨ ਵੀ ਘਟਨਾ ਵਾਲੀ ਥਾਂ ਤੇ ਭੇਜੀ ਜਾ ਰਹੀ ਹੈ। ਨੌਰਦਰਨ ਫਰੰਟੀਅਰ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਇਹ ਹਾਦਸਾ ਗੁਵਾਹਾਟੀ ਦੇ ਡਿਗਾਰੂ ਇਲਾਕੇ ਵਿੱਚ ਵਾਪਰਿਆ ਹੈ। ਇਹ ਟਰੇਨ ਕੋਲਕਾਤਾ ਤੋਂ ਸੈਰਾਂਗ ਵਿਚਕਾਰ ਚੱਲਦੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਰੇਲਵੇ ਵੱਲੋਂ ਹਾਦਸੇ ਦੇ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਟਰੇਨ ਕਿਸ ਕਾਰਨ ਪਟੜੀ ਤੋਂ ਉਤਰੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇੰਜਣ ਸਮੇਤ ਸੱਤ ਡੱਬੇ ਪਟੜੀ ਤੋਂ ਉਤਰੇ ਹਨ।
ਹਾਦਸੇ ਵਿੱਚ ਕਈ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਹਾਲਾਂਕਿ, ਜ਼ਖ਼ਮੀਆਂ ਦੀ ਸਹੀ ਗਿਣਤੀ ਅਤੇ ਉਨ੍ਹਾਂ ਦੀ ਹਾਲਤ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ। ਟੀਮਾਂ ਨੇ ਪ੍ਰਭਾਵਿਤ ਡੱਬਿਆਂ ਵਿੱਚ ਫਸੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਜ਼ਖ਼ਮੀਆਂ ਤੱਕ ਮਦਦ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਰੈਸਕਿਊ ਆਪਰੇਸ਼ਨ ਜੰਗੀ ਪੱਧਰ ਤੇ ਜਾਰੀ ਹੈ।
ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਐਕਟਿਵ ਹੋ ਗਿਆ। ਘਟਨਾ ਵਾਲੀ ਥਾਂ ਤੇ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪਹਿਲੀ ਤਰਜੀਹ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੀ ਹੈ। ਇਸ ਦੇ ਨਾਲ ਹੀ ਹਾਦਸਾਗ੍ਰਸਤ ਡੱਬਿਆਂ ਦੇ ਆਲੇ-ਦੁਆਲੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਰੇਲਵੇ ਪ੍ਰਸ਼ਾਸਨ ਵੱਲੋਂ ਹਾਦਸੇ ਨਾਲ ਜੁੜੀ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ। ਰਾਹਤ ਅਤੇ ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਹਾਦਸੇ ਦੇ ਕਾਰਨਾਂ, ਜ਼ਖ਼ਮੀਆਂ ਦੀ ਗਿਣਤੀ ਅਤੇ ਨੁਕਸਾਨ ਦਾ ਅੰਦਾਜ਼ਾ ਸਪੱਸ਼ਟ ਹੋ ਸਕੇਗਾ। ਫਿਲਹਾਲ ਮੌਕੇ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ।
National
ਤੇਜ਼ ਰਫ਼ਤਾਰ ਕਾਰ ਨੇ ਸਕੂਲੀ ਬੱਚਿਆਂ ਨਾਲ ਭਰੇ ਆਟੋ ਨੂੰ ਮਾਰੀ ਟੱਕਰ, 8 ਬੱਚੇ ਜ਼ਖ਼ਮੀ
ਜਮਸ਼ੇਦਪੁਰ, 11 ਨਵੰਬਰ (ਸ.ਬ.) ਜਮਸ਼ੇਦਪੁਰ ਦੇ ਟੇਲਕੋ ਥਾਣਾ ਖੇਤਰ ਅਧੀਨ ਰਿੰਗ ਰੋਡ ਨੇੜੇ ਅੱਜ ਸਵੇਰੇ ਤੇਜ਼ ਰਫ਼ਤਾਰ ਅਤੇ ਬੇਕਾਬੂ ਕਾਰ ਨੇ ਸਕੂਲੀ ਬੱਚਿਆਂ ਨਾਲ ਭਰੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਸੜਕ ਹਾਦਸੇ ਵਿੱਚ ਆਟੋ ਵਿੱਚ ਸਵਾਰ ਗੁਰੂ ਨਾਨਕ ਸਕੂਲ (ਟੇਲਕੋ) ਦੇ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਕਾਰ ਚਲਾ ਰਹੀ ਮਹਿਲਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਈ, ਜਦਕਿ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਜ਼ਖ਼ਮੀ ਬੱਚਿਆਂ ਨੂੰ ਟਾਟਾ ਮੋਟਰਜ਼ ਹਸਪਤਾਲ ਪਹੁੰਚਾਇਆ। ਪੁਲੀਸ ਮੁਲਜ਼ਮ ਡਰਾਈਵਰ ਦੀ ਭਾਲ ਵਿੱਚ ਜੁਟੀ ਹੋਈ ਹੈ।
ਚਸ਼ਮਦੀਦਾਂ ਮੁਤਾਬਕ, ਸਵੇਰੇ ਬੱਚੇ ਆਟੋ ਵਿੱਚ ਸਵਾਰ ਹੋ ਕੇ ਸਕੂਲ ਜਾ ਰਹੇ ਸਨ। ਇਸੇ ਦੌਰਾਨ ਰਿੰਗ ਰੋਡ ਦੇ ਮੋੜ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਦੇ ਚਾਲਕ ਨੇ ਕੰਟਰੋਲ ਗੁਆ ਦਿੱਤਾ ਅਤੇ ਆਟੋ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅਮ੍ਰਿਤਾ ਕੁਮਾਰੀ, ਗੁਰਪ੍ਰੀਤ ਕੌਰ, ਰੋਹਿਤ ਕੁਮਾਰ, ਆਸ਼ੀਸ਼ ਗੁਪਤਾ, ਮੋਹਿਤ ਗੁਪਤਾ, ਰਿਚਾ ਕੁਮਾਰੀ ਅਤੇ ਅਨੁਸ਼ਕਾ ਕੁਮਾਰੀ ਸਮੇਤ ਅੱਠ ਬੱਚੇ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਬੱਚਿਆਂ ਨੂੰ ਆਟੋ ਵਿੱਚੋਂ ਬਾਹਰ ਕੱਢਿਆ।
ਟਾਟਾ ਮੋਟਰਜ਼ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਾਕਟਰਾਂ ਦੀ ਟੀਮ ਬੱਚਿਆਂ ਦੇ ਇਲਾਜ ਵਿੱਚ ਜੁਟੀ ਹੋਈ ਹੈ। ਡਾਕਟਰਾਂ ਮੁਤਾਬਕ ਮੁੱਢਲੇ ਇਲਾਜ ਤੋਂ ਬਾਅਦ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਹਾਲਾਂਕਿ ਕੁਝ ਬੱਚਿਆਂ ਦੇ ਸਿਰ ਅਤੇ ਹੱਥਾਂ-ਪੈਰਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਘਬਰਾਏ ਹੋਏ ਪਰਿਵਾਰਕ ਮੈਂਬਰ ਅਤੇ ਸਕੂਲ ਪ੍ਰਬੰਧਨ ਹਸਪਤਾਲ ਪਹੁੰਚ ਗਏ। ਟੇਲਕੋ ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਫ਼ਰਾਰ ਮਹਿਲਾ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
National
ਕਾਰ ਬੇਕਾਬੂ ਹੋ ਕੇ ਖ਼ੱਡ ਵਿੱਚ ਡਿੱਗੀ, 1 ਦੀ ਮੌਤ, 1 ਗੰਭੀਰ ਜ਼ਖਮੀ
ਸਰਕਾਘਾਟ, 11 ਨਵੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਸਰਕਾਘਾਟ ਵਿੱਚ ਥਾਣਾ ਹਟਲੀ ਅਧੀਨ ਜਬੋਠੀ ਖੱਡ ਨੇੜੇ ਬਣੇ ਪੁਲ ਤੋਂ ਇੱਕ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ਸਵਾਰ ਹੋਮਗਾਰਡ ਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਡੀ ਐਸ ਪੀ ਦੇ ਗਨਮੈਨ ਵਜੋਂ ਤਾਇਨਾਤ ਹੈ। ਮ੍ਰਿਤਕ ਦੀ ਪਛਾਣ ਜੈਪਾਲ ਵਾਸੀ ਪਿੰਡ ਤੇ ਡਾਕਘਰ ਭਦਰਵਾਡ., ਤਹਿਸੀਲ ਸਰਕਾਘਾਟ ਵਜੋਂ ਹੋਈ ਹੈ। ਜਦਕਿ ਜ਼ਖ਼ਮੀ ਸੰਜੇ ਕੁਮਾਰ ਵਾਸੀ ਪਿੰਡ ਸਿਆਠੀ, ਡਾਕਘਰ ਲੌਂਗਣੀ, ਤਹਿਸੀਲ ਧਰਮਪੁਰ ਨੂੰ ਇਲਾਜ ਲਈ ਏਮਜ਼ ਬਿਲਾਸਪੁਰ ਰੈਫਰ ਕੀਤਾ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੋਵੇਂ ਡੀਐਸਪੀ ਦੇ ਡਰਾਈਵਰ ਦੀ ਧੀ ਦੇ ਵਿਆਹ ਤੋਂ ਰਾਤ ਨੂੰ ਵਾਪਸ ਪਰਤ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਚਸ਼ਮਦੀਦ ਪੰਪ ਆਪਰੇਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9:30 ਵਜੇ ਆਪਣੀ ਡਿਊਟੀ ਤੇ ਤਾਇਨਾਤ ਸਨ।
ਕਰੀਬ ਰਾਤ 12:30 ਵਜੇ ਉਨ੍ਹਾਂ ਨੂੰ ਪੁਲ ਨੇੜੇ ਖੱਡ ਵੱਲੋਂ ਇੱਕ ਗੱਡੀ ਦੇ ਹਾਦਸਾਗ੍ਰਸਤ ਹੋ ਕੇ ਹੇਠਾਂ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਗੱਡੀ ਦੀਆਂ ਅਗਲੀਆਂ ਸੀਟਾਂ ਤੇ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਏ ਸਨ। ਡਰਾਈਵਰ ਸੀਟ ਤੇ ਸੰਜੇ ਕੁਮਾਰ ਸਨ, ਜਦਕਿ ਉਨ੍ਹਾਂ ਦੇ ਨਾਲ ਜੈਪਾਲ ਬੈਠੇ ਸਨ।
ਸਥਾਨਕ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਦੋਵਾਂ ਜ਼ਖ਼ਮੀਆਂ ਨੂੰ 108 ਐਂਬੂਲੈਂਸ ਅਤੇ ਸਰਕਾਰੀ ਗੱਡੀ ਦੀ ਮਦਦ ਨਾਲ ਇਲਾਜ ਲਈ ਨਾਗਰਿਕ ਹਸਪਤਾਲ ਬਲਦਵਾਰਾ ਪਹੁੰਚਾਇਆ ਗਿਆ। ਹਸਪਤਾਲ ਵਿੱਚ ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਜੈਪਾਲ ਨੂੰ ਮ੍ਰਿਤਕ ਐਲਾਨ ਦਿੱਤਾ।
ਉੱਥੇ ਹੀ ਗੰਭੀਰ ਜ਼ਖ਼ਮੀ ਸੰਜੇ ਕੁਮਾਰ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਏਮਜ਼ ਬਿਲਾਸਪੁਰ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
