Connect with us

Mohali

ਡਾਕਟਰਾਂ ਤੇ ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਸਾਰਾ ਪੰਜਾਬ ਕਰ ਰਿਹਾ ਤਰਾਹੀ ਤਰਾਹੀ, ਮੁੱਖ ਮੰਤਰੀ ਸੁਣਾ ਰਹੇ ਹਰਿਆਣਾ ਵਿੱਚ ਚੁਟਕਲੇ : ਕੁਲਜੀਤ ਸਿੰਘ ਬੇਦੀ

Published

on

 

 

ਐਸ ਏ ਐਸ ਨਗਰ, 13 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਕਰਮਚਾਰੀਆਂ ਅਤੇ ਡਾਕਟਰਾਂ ਦੀ ਚਲ ਰਹੀ ਹੜਤਾਲ ਕਾਰਨ ਜਿੱਥੇ ਇੱਕ ਪਾਸੇ ਪੂਰਾ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰਿਆਣਾ ਦੀਆਂ ਚੋਣਾਂ ਵਿੱਚ ਪ੍ਰਚਾਰ ਦੌਰਾਨ ਚੁਟਕੁਲੇ ਸੁਣਾ ਰਹੇ ਹਨ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਢਾਈ ਸਾਲ ਤੋਂ ਸੂਬੇ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਸ ਦੌਰਾਨ ਹਰ ਵਰਗ ਭਾਵੇਂ ਬਿਜਲੀ ਕਰਮਚਾਰੀ, ਸਿੱਖਿਆ ਕਰਮਚਾਰੀ, ਪੈਨਸ਼ਨਰ, ਡਾਕਟਰ ਅਤੇ ਆਮ ਲੋਕ ਆਪਣੀਆਂ ਹੀ ਵੋਟਾਂ ਨਾਲ ਚੁਣੀ ਇਸ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋ ਗਏ ਹਨ ਅਤੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਸਮੇਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਹੜਤਾਲ ਕਾਰਨ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਅਤੇ ਹੁਣ ਤਾਂ ਹੜਤਾਲ ਨੂੰ 17 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਵਿੱਚ ਫਾਲਟ ਆਉਣ ਦੀ ਸੂਰਤ ਵਿੱਚ ਕੋਈ ਕਰਮਚਾਰੀ ਇਸ ਫਾਲਟ ਨੂੰ ਠੀਕ ਨਹੀਂ ਕਰਦਾ ਜਿਸ ਕਾਰਨ ਕਈ ਕਈ ਘੰਟੇ ਬਿਜਲੀ ਨਹੀਂ ਆਉਂਦੀ ਤੇ ਇਨਵਰਟਰ ਵੀ ਫੇਲ ਹੋ ਜਾਂਦੇ ਹਨ। ਇਸ ਕਾਰਨ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਲੋਕਾਂ ਦੀ ਲਾਈਫ ਲਾਈਨ ਹਨ ਪਰ ਸਰਕਾਰ ਲੋਕਾਂ ਨੂੰ ਇਹ ਸੁਵਿਧਾ ਦੇਣ ਵਿਚ ਫੇਲ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਬੱਚਿਆਂ ਤੇ ਲੈਪਟਾਪ ਬੰਦ ਹੋ ਜਾਂਦੇ ਹਨ ਅਤੇ ਉਹਨਾਂ ਦੀ ਪੜ੍ਹਾਈ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਪੜ੍ਹਾਈਆਂ ਅੱਜ ਕੱਲ ਆਨਲਾਈਨ ਹੁੰਦੀਆਂ ਹਨ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਡਾਕਟਰਾਂ ਦੇ ਹੜਤਾਲ ਤੇ ਜਾਣ ਕਾਰਨ ਆਮ ਗਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਰਫ ਐਮਰਜੈਂਸੀ ਹੀ ਚਾਲੂ ਹੈ ਅਤੇ ਓ ਪੀ ਡੀ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਫੌਰੀ ਤੌਰ ਤੇ ਮੰਨ ਕੇ ਇਹਨਾਂ ਦੀ ਹੜਤਾਲ ਖਤਮ ਕਰਵਾਈ ਜਾਵੇ ਕਿਉਂਕਿ ਬਰਸਾਤ ਦੇ ਇਸ ਵਧੇ ਹੋਏ ਮੌਸਮ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਭਰਤੀ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਵਾਇਰਲ ਬੁਖਾਰ ਦੇ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ ਗਰੀਬ ਲੋਕਾਂ ਨੂੰ ਖਾਸ ਤੌਰ ਤੇ ਇਲਾਜ ਲਈ ਧੱਕੇ ਖਾਣੇ ਪੈ ਰਹੇ ਹਨ।

ਉਹਨਾਂ ਕਿਹਾ ਕਿ ਸਰਕਾਰਾਂ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ ਹੈ ਅਤੇ ਇਸੇ ਤਰ੍ਹਾਂ ਆਪਣੇ ਕਰਮਚਾਰੀਆਂ ਦੀ ਬੇਹਤਰੀ ਅਤੇ ਭਲਾਈ ਵਾਸਤੇ ਵੀ ਪੂਰੀ ਤਰ੍ਹਾਂ ਗੰਭੀਰ ਅਤੇ ਜ਼ਿੰਮੇਵਾਰ ਹੁੰਦੀਆਂ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ ਕਿਉਂਕਿ ਹਰ ਵਰਗ ਹੀ ਇਸ ਸਮੇਂ ਸੜਕਾਂ ਉੱਤੇ ਦਿਖਾਈ ਦੇ ਰਿਹਾ ਹੈ।

Continue Reading

Mohali

ਗੈਂਗਸਟਰਾਂ ਨੇ ਡੇਰਾਬੱਸੀ ਵਿੱਚ ਆਈਲੈਟਸ ਕੋਚਿੰਗ ਸੈਂਟਰ ਤੇ ਚਲਾਈਆਂ ਗੋਲੀਆਂ

Published

on

By

ਡੇਰਾਬਸੀ ਥਾਣੇ ਤੋਂ 100 ਮੀਟਰ ਦੂਰ ਵਾਰਦਾਤ ਨੂੰ ਅੰਜਾਮ ਦਿੱਤਾ
ਐਸ ਏ ਐਸ ਨਗਰ 19 ਸਤੰਬਰ (ਜਸਬੀਰ ਸਿੰਘ ਜੱਸੀ) ਡੇਰਾਬੱਸੀ ਵਿੱਚ ਗੈਂਗਸਟਰਾਂ ਵਲੋਂ ਇੱਕ ਆਈਲੈਟਸ ਕੋਚਿੰਗ ਸੈਂਟਰ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ| ਪੁਲੀਸ ਨੇ ਮੌਕੇ ਤੋਂ 6 ਖੋਲ ਬਰਾਮਦ ਕੀਤੇ ਹਨ| ਕੋਚਿੰਗ ਸੈਂਟਰ ਦੇ ਸ਼ੀਸ਼ੇ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ| ਗੈਂਗਸਟਰਾਂ ਨੇ ਇੱਕ ਧਮਕੀ ਪੱਤਰ ਵੀ ਛੱਡਿਆ ਹੈ ਜਿਸ ਵਿੱਚ ਉਨ੍ਹਾਂ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ| ਜਿਸ ਥਾਂ ਤੇ ਗੋਲਪ ਚਲਾਈ ਗਈ ਹੈ ਉਹ ਥਾਂ ਡੇਰਾਬੱਸੀ ਥਾਣੇ ਤੋਂ ਸਿਰਫ਼ 100 ਮੀਟਰ ਦੀ ਦੂਰੀ ਤੇ ਹੈ|
ਜਿਲ੍ਹੇ ਦੇ ਐਸ ਐਸ ਪੀ ਸ੍ਰੀ ਦੀਪਕ ਪਰੀਕ ਨੇ ਕਿਹਾ ਕਿ ਪੁਲੀਸ ਵਲੋਂ ਸੀ ਸੀ ਟੀ ਵੀ ਫੁਟੇਜ ਅਤੇ ਧਮਕੀ ਪੱਤਰ ਦੀ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਸੀ ਸੀ ਟੀ ਵੀ ਫੁਟੇਜ ਵਿੱਚ ਦਿਖਦਾ ਹੈ ਕਿ ਦੋ ਵਿਅਕਤੀ (ਜਿਹਨਾਂ ਦੇ ਚਿਹਰੇ ਢਕੇ ਹੋਏ ਸੀ) ਮੋਟਰਸਾਈਕਲ ਤੇ ਆਏ ਅਤੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲਾਈਆਂ|
ਐਸ ਐਸ ਪੀ ਦੀਪਕ ਪਰੀਕ ਨੇ ਕਿਹਾ ਕਿ ਉਹਨਾਂ ਵਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ| ਵਾਰਦਾਤ ਵਾਲੀ ਥਾਂ ਤੇ 5 ਤੋਂ 6 ਖਾਲੀ ਖੋਲ ਮਿਲੇ ਹਨ ਅਤੇ ਫੋਰੈਂਸਿਕ ਟੀਮ ਸਬੂਤ ਇਕੱਠੇ ਕਰ ਰਹੀ ਹੈ|
ਕੋਚਿੰਗ ਸੈਂਟਰ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੋ ਨਕਾਬਪੋਸ਼ ਵਿਅਕਤੀ ਪਹਿਲਾਂ ਸੈਂਟਰ ਵਿਚ ਦਾਖਲ ਹੋਏ ਅਤੇ ਰਿਸੈਪਸ਼ਨ ਤੇ ਇੱਕ ਚਿੱਠੀ ਦਿੱਤੀ| ਫਿਰ ਉਹ ਬਾਹਰ ਗਏ ਅਤੇ ਦਰਵਾਜ਼ੇ ਤੇ ਗੋਲੀਆਂ ਚਲਾਈਆਂ| ਹਰਵਿੰਦਰ ਨੇ ਕਿਹਾ ਕਿ ਧਮਕੀ ਪੱਤਰ ਹਿੰਦੀ ਵਿੱਚ ਸੀ ਅਤੇ ਧਮਕੀ ਪੱਤਰ ਲਿਖਣ ਵਾਲੇ ਨੇ ਤਿਹਾੜ ਜੇਲ੍ਹ ਤੋਂ ਖੇੜੀ ਗੁੱਜਰਾਂ ਹੋਣ ਦਾ ਦਾਅਵਾ ਕੀਤਾ ਸੀ| ਉਸਨੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਲਿਖਿਆ ਹੈ ਕਿ ਹੋਰ ਜਾਣਕਾਰੀ ਫੇਸਬੁੱਕ ਤੇ ਦਿਖਾਈ ਜਾਵੇਗੀ|

Continue Reading

Mohali

ਪਿਛਲੇ ਹਫਤੇ ਜਗਤਪੁਰਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਚਾਰ ਮੁਲਜਮ ਕਾਬੂ

Published

on

By

ਐਸ ਏ ਐਸ ਨਗਰ, 19 ਸਤੰਬਰ (ਸ਼ਬ ਮੁਹਾਲੀ ਪੁਲੀਸ ਨੇ ਪਿਛਲੇ ਹਫਤੇ ਜਗਤਪੁਰਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਚਾਰ ਮੁਲਜਮ ਕਾਬੂ ਕੀਤੇ ਹਨ|
ਡੀ ਐਸ ਪੀ ਸਿਟੀ 2 ਸ੍ਰ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪਿਛਲੇ ਹਫਤੇ ਪਿੰਡ ਜਗਤਪੁਰਾ ਵਿੱਚ ਦੋ ਧੜਿਆਂ ਵਲੋਂ ਮਿੱਥ ਕੇ ਕੀਤੀ ਗਈ ਲੜਾਈ ਦੌਰਾਨ ਵਰਮਾ ਚੌਹਾਨ ਨਾਮ ਦੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ ਜਦੋਂਕਿ ਪ੍ਰਿੰਸ ਨਾਮ ਦਾ ਇੱਕ ਵਿਅਕਤੀ ਜਖਮੀ ਹੋਇਆ ਸੀ|
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੋਹਾਣਾ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 115 (2),103 (1), 109, 191 (3) 190 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਥਾਣਾ ਸੋਹਾਣਾ ਦੇ ਐਸ ਐਚ ਓ ਸ੍ਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਜੀਤ ਚੰਦ ਅਤੇ ਪੁਲੀਸ ਪਾਰਟੀ ਵਲੋਂ ਮੁਜਰਮਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਵੀ ਮਲਿਕ ਵਾਸੀ ਪਿੰਡ ਜਗਤਪੁਰਾ ਮੁਹਾਲੀ ਨੂੰ 16 ਸਤੰਬਰ ਨੂੰ ਕਾਬੂ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਨੀਟੂ ਵਾਸੀ ਜਗਤਪੁਰਾ ਅਤੇ ਪ੍ਰਿੰਸ ਰਾਣਾ ਵਾਸੀ ਪਿੰਡ ਕੰਡਾਲਾ ਨੂੰ 18 ਸਤੰਬਰ ਨੂੰ ਆਈਸ਼ਰ ਚੌਂਕ ਤੋਂ ਗ੍ਰਿਫਤਾਰ ਕੀਤਾ ਗਿਆ| ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਇੱਕ ਹੋਰ ਮੁਲਜਮ ਜੈ ਦੀਪ ਵਾਸੀ ਅੰਬ ਸਹਿਬ ਕਲੋਨੀ ਫੇਜ਼ -11 ਮੁਹਾਲੀ ਨੂੰ ਅੱਜ ਅਪੂਰਵਾ ਅਪਾਰਟਮੈਂਟ ਸੈਕਟਰ 88 ਮੁਹਾਲੀ ਦੀ ਪਿਛਲੀ ਸੜਕ ਤੋਂ ਕਾਬੂ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਰਵੀ, ਨੀਟੂ ਅਤੇ ਪ੍ਰਿੰਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਵਾਰਦਾਤ ਵਿੱਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬ੍ਰਾਮਦ ਕਰ ਲਏ ਜਾਣਗੇ|

Continue Reading

Mohali

ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ

Published

on

By

ਐਸ ਏ ਐਸ ਨਗਰ, 19 ਸਤੰਬਰ (ਸ਼ਬ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ-2025 ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪੈਂਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ 52-ਖਰੜ, 53-ਐਸ. ਏ.ਐਸ.ਨਗਰ ਅਤੇ 112-ਡੇਰਾਬੱਸੀ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਐਸ. ਏ.ਐਸ.ਨਗਰ, ਵਿਰਾਜ ਐਸ ਤਿੜਕੇ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ|
ਪ੍ਰਸ਼ਾਸ਼ਨ ਦੇ ਬੁਲਾਰੇੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਪੋਲਿੰਗ ਬੂਥ ਤੇ 1500 ਤੋਂ ਵੱਧ ਵੋਟਰ ਨਹੀਂ ਹੋਣ ਚਾਹੀਦੇ| ਇਸ ਜ਼ਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਾ 52-ਖਰੜ ਵਿੱਚ 9, 53-ਐਸ.ਏ.ਐਸ.ਨਗਰ ਵਿੱਚ 7 ਅਤੇ 112-ਡੇਰਾ ਬੱਸੀ ਵਿੱਚ 3 ਪੋਲਿੰਗ ਸਟੇਸ਼ਨ ਵਧਾਏ ਗਏ ਹਨ ਅਤੇ ਤਿੰਨੋ ਵਿਧਾਨ ਸਭਾ ਚੋਣ ਹਲਕਿਆਂ ਦੀ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੀ ਤਬਦੀਲੀ ਵੀ ਕੀਤੀ ਗਈ ਹੈ|
ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਧਾਏ ਗਏ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਦੀ ਕਾਪੀ ਤੇ ਵੋਟਰ ਸੂਚੀ ਸਾਲ 2025 ਦੇ ਪ੍ਰੋਗਰਾਮ ਦੀ ਕਾਪੀ ਵੀ ਮੁਹੱਈਆ ਕਰਵਾਈ ਗਈ| ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੋਲਿੰਗ ਸਟੇਸ਼ਨਾਂ ਸਬੰਧੀ ਆਪਣਾ ਦਾਅਵਾ ਜਾਂ ਇਤਰਾਜ ਦੋ ਦਿਨਾਂ ਦੇ ਵਿੱਚ ਦੇਣ ਲਈ ਅਪੀਲ ਕੀਤੀ ਗਈ| ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਪੋਲਿੰਗ ਬੂਥ ਤੇ ਆਪਣਾ-ਆਪਣਾ ਬੀ.ਐਲ.ਏ. ਲਗਾਉਣ ਲਈ ਵੀ ਕਿਹਾ ਗਿਆ| ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮਾਂ ਬਾਰੇ ਵੀ ਦੱਸਿਆ ਗਿਆ ਕਿ ਫਾਰਮ ਨੰ.6 ਨਵੀਂ ਵੋਟ ਲਈ, ਫਾਰਮ ਨੰ.7 ਵੋਟ ਕੱਟਣ ਲਈ, ਫਾਰਮ ਨੰ.8 ਦਰੂਸਤੀ/ਸ਼ਿਫਟਿੰਗ/ਪੀ.ਡਬਲਿਊ.ਡੀ ਮਾਰਕਿੰਗ/ਡੁਪਲੀਕੇਟ ਵੋਟਰ ਕਾਰਡ ਅਪਲਾਈ ਕਰਨ ਲਈ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ ਅਤੇ ਵੋਟਰ ਹੈਲਪ ਲਾਈਨ ਐਪ ਤੇ ਭਰਿਆ ਜਾਵੇ| ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ|
ਮੀਟਿੰਗ ਵਿੱਚ ਸੁਖਦੇਵ ਸਿੰਘ (ਬਹੁਜਨ ਸਮਾਨ ਪਾਰਟੀ), ਬਹਾਦਰ ਸਿੰਘ (ਆਮ ਆਦਮੀ ਪਾਰਟੀ), ਡਾ. ਵਰਿੰਦਰ ਕੋਛੜ (ਭਾਰਤੀ ਜਨਤਾ ਪਾਰਟੀ), ਹਰਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੰਜੇ ਕੁਮਾਰ ਚੋਣ ਤਹਿਸੀਲਦਾਰ, ਵਰੁਣ ਗਰਗ ਚੋਣ ਕਾਨੂੰਗੋ, ਐਸ.ਏ.ਐਸ.ਨਗਰ, ਸੁਰਿੰਦਰ ਕੁਮਾਰ ਚੋਣ ਕਾਨੂੰਗੋ, ਡੇਰਾਬੱਸੀ ਅਤੇ ਜਗਤਾਰ ਸਿੰਘ ਜੂਨੀਅਰ ਸਹਾਇਕ ਮੀਟਿੰਗ ਵਿਚ ਹਾਜ਼ਰ ਸਨ|

Continue Reading

Latest News

Trending