Mohali
ਕਈ ਵਰਿਆਂ ਤੋਂ ਆਪਣੇ ਪੈਸੇ ਵਾਪਸ ਹਾਸਲ ਕਰਨ ਜਾਂ ਕਬਜ਼ਾ ਲੈਣ ਲਈ ਥਾਂ ਥਾਂ ਧੱਕੇ ਖਾ ਰਹੇ ਹਨ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੇ ਨਿਵੇਸ਼ਕ : ਕੁਲਜੀਤ ਸਿੰਘ ਬੇਦੀ
ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਉੱਤੇ ਨਿਵੇਸ਼ ਕਰਨ ਵਾਲੇ ਨਿਵੇਸ਼ਕ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਮੌਕੇ ਤੇ ਸੱਦ ਕੇ ਦੱਸੀਆਂ ਪਰੇਸ਼ਾਨੀਆਂ
ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੁਹਾਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੀ ਉਸਾਰੀ ਵੇਲੇ ਇੱਥੋਂ ਦੀ ਪ੍ਰਾਈਵੇਟ ਕੰਪਨੀ ਨੇ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਇੱਥੇ ਲਗਵਾ ਲਈ ਅਤੇ ਜਿਹੜੇ ਬੀ ਅਤੇ ਸੀ ਟਾਵਰ ਵਿੱਚ ਦਫਤਰ ਦੇਣ ਵਾਸਤੇ ਇਹ ਨਿਵੇਸ਼ ਲਿਆ ਗਿਆ ਉਹ ਟਾਵਰ ਕਦੇ ਬਣੇ ਹੀ ਨਹੀਂ। ਉਹਨਾਂ ਕਿਹਾ ਕਿ ਹੁਣ ਉਕਤ ਪ੍ਰਾਈਵੇਟ ਕੰਪਨੀ ਡਿਫਾਲਟਰ ਅਤੇ ਦਿਵਾਲੀਆ ਹੋ ਚੁੱਕੀ ਹੈ ਅਤੇ ਇਸ ਬੱਸ ਅੱਡੇ ਦਾ ਜਿੰਮਾ ਇੱਕ ਹੋਰ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜੋ ਇਹਨਾਂ ਪੈਸੇ ਲਗਾਉਣ ਵਾਲੇ ਲੋਕਾਂ ਨੂੰ ਕੋਈ ਆਈ ਗਈ ਨਹੀਂ ਦੇ ਰਹੀ। ਬਸ ਅੱਡੇ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਪੁੱਜੇ ਸz. ਬੇਦੀ ਨੇ ਕਿਹਾ ਕਿ ਨਵੀਂ ਕੰਪਨੀ ਲੱਖ ਰੁਪਏ ਪਿੱਛੇ ਸਿਰਫ 14000 ਹੀ ਵਾਪਸੀ (ਉਹ ਵੀ ਕੁਝ ਕਿਸ਼ਤਾਂ ਵਿੱਚ) ਕਰਨ ਦੀ ਗੱਲ ਕਰ ਰਹੀ ਹੈ।
ਸz. ਬੇਦੀ ਨੇ ਕਿਹਾ ਕਿ ਉਹਨਾਂ ਨੇ ਇਸ ਬੱਸ ਅੱਡੇ ਨੂੰ ਚਾਲੂ ਕਰਵਾਉਣ ਅਤੇ ਇਸ ਦੇ ਨਾਲ ਦੱਬੀ ਹੋਈ ਸੜਕ ਨੂੰ ਮੁੜ ਖੁਲਵਾਉਣ ਲਈ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ ਅਤੇ ਇਹਨਾਂ ਨਿਵੇਸ਼ਕਾਂ ਨੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਵਿਸ਼ੇਸ਼ ਤੌਰ ਤੇ ਬਸ ਅੱਡੇ ਸੱਦਿਆ ਸੀ। ਉਹਨਾਂ ਇਸ ਮੌਕੇ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਬੱਸ ਅੱਡੇ ਉੱਤੇ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਹਨਾਂ ਦੇ ਹਰ ਸੰਘਰਸ਼ ਵਿੱਚ ਇਹਨਾਂ ਦੇ ਨਾਲ ਖੜੇ ਹਨ ਅਤੇ ਆਪਣੇ ਪਾਏ ਹੋਏ ਕੇਸ ਵਿੱਚ ਇਹਨਾਂ ਨੂੰ ਪਾਰਟੀ ਬਣਾਉਣ ਲਈ ਆਪਣੇ ਵਕੀਲ ਨਾਲ ਗੱਲ ਕਰਨਗੇ।
ਇਸ ਮੌਕੇ ਇਹਨਾਂ ਨਿਵੇਸ਼ਕਾਂ ਨੇ ਬੱਸ ਅੱਡੇ ਦੇ ਬਾਹਰ ਖੜੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੇ 2010 ਤੋਂ 2012 ਦੇ ਦਰਮਿਆਨ ਇੱਥੇ ਪੈਸੇ ਲਗਾਏ ਅਤੇ ਉਹਨਾਂ ਨੂੰ ਕੰਪਨੀ ਵੱਲੋਂ ਵੱਡੇ ਵੱਡੇ ਸਬਜ਼ਬਾਗ ਦਿਖਾਏ ਗਏ ਜੋ ਕਦੇ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਕੰਪਨੀਵਲੋਂ ਉਹਨਾਂ ਨੂੰ ਤਿੰਨ ਸਾਲਾਂ ਵਿੱਚ ਆਪਣੇ ਬਣੇ ਹੋਏ ਦਫਤਰਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਟਾਵਰ ਹੀ ਕਦੇ ਨਹੀਂ ਬਣਾਏ ਗਏ ਤਾਂ ਕਬਜ਼ਾ ਕਿੱਥੋਂ ਦੇਣਾ ਸੀ।
ਉਹਨਾਂ ਕਿਹਾ ਕਿ ਕੁਝ ਨਿਵੇਸ਼ਕਾਂ ਨੇ ਹਰ ਮਹੀਨੇ ਵਾਪਸੀ ਦੇ ਅਧਾਰ ਤੇ ਪੈਸੇ ਭਰੇ ਸੀ ਅਤੇ ਉਹਨਾਂ ਨੂੰ ਕੁਝ ਮਹੀਨੇ ਕੰਪਨੀ ਨੇ ਪੈਸੇ ਦਿੱਤੇ ਵੀ, ਪਰ ਬਾਅਦ ਵਿੱਚ ਕੰਪਨੀ ਮੁੱਕਰ ਗਈ। ਇੱਕ ਨਿਵੇਸ਼ਕ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੀ ਪੈਨਸ਼ਨ ਦੀ ਬਚਾਈ ਹੋਈ 15 ਲੱਖ ਰੁਪਏ ਦੀ ਰਕਮ ਇੱਥੇ ਲਗਾਈ ਸੀ। ਹੁਣ ਤਾਂ ਉਸ ਦੇ ਪਿਤਾ ਵੀ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਇਸ ਕੰਪਨੀ ਨੇ ਲੁੱਟ ਲਈ ਹੈ। ਇਸੇ ਤਰ੍ਹਾਂ ਦਾ ਹਾਲ ਹੋਰਨਾਂ ਨਿਵੇਸ਼ਕਾਂ ਦਾ ਹੈ ਜਿਨਾਂ ਨੇ ਆਪਣੀ ਸਾਰੀ ਜ਼ਿੰਦਗੀ ਵੀ ਕਮਾਈ ਇੱਥੇ ਇਹ ਸੋਚ ਕੇ ਲਗਾਈ ਸੀ ਕਿ ਉਹਨਾਂ ਨੂੰ ਇਸ ਬਸ ਅੱਡੇ ਉੱਤੇ ਨਿਵੇਸ਼ ਕਰਨ ਦਾ ਵਿਸ਼ੇਸ਼ ਫਾਇਦਾ ਹਾਸਲ ਹੋਵੇਗਾ ਪਰ ਪਿਛਲੇ 12-14 ਸਾਲਾਂ ਤੋਂ ਉਹ ਆਪਣੇ ਪੈਸੇ ਵਾਪਸ ਲੈਣ ਲਈ ਤਰਲੇ ਕੱਢ ਰਹੇ ਹਨ।
ਉਹਨਾਂ ਕਿਹਾ ਕਿ ਖਪਤਕਾਰ ਅਦਾਲਤ ਵਿੱਚ ਉਹ ਕੇਸ ਜਿੱਤ ਚੁੱਕੇ ਹਨ ਅਤੇ ਖਪਤਰਕਾਰ ਅਦਾਲਤ ਨੇ ਕੰਪਨੀ ਨੂੰ ਪੈਸੇ ਵਾਪਸ ਕਰਨ ਦੇ ਨਾਲ ਨਾਲ 12 ਫੀਸਦੀ ਵਿਆਜ ਦੇਣ ਲਈ ਵੀ ਕਿਹਾ ਸੀ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਨਵੀਂ ਕੰਪਨੀ ਦੇ ਖਿਲਾਫ ਵੀ ਉਹਨਾਂ ਨੇ ਨੈਸ਼ਨਲ ਟਰਿਬਿਊਨਲ ਵਿੱਚ ਕੇਸ ਪਾਇਆ ਹੋਇਆ ਹੈ ਅਤੇ ਹਾਈਕੋਰਟ ਵਿੱਚ ਵੀ ਉਹਨਾਂ ਦਾ ਕੇਸ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਗਮਾਡਾ ਨੇ ਵੀ ਇਸ ਕੰਪਨੀ ਦੇ ਖਿਲਾਫ ਵੱਖਰਾ ਕੇਸ ਪਾਇਆ ਹੋਇਆ ਹੈ ਕਿਉਂਕਿ ਜ਼ਮੀਨ ਗਮਾਡਾ ਦੀ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਪੂਰੇ ਪੈਸੇ ਵਿਆਜ ਸਮੇਤ ਵਾਪਸ ਕਰਵਾਏ ਜਾਣ ਜਾਂ ਉਹਨਾਂ ਨੂੰ ਕੀਤੇ ਹੋਏ ਵਾਇਦੇ ਅਨੁਸਾਰ ਕਬਜ਼ਾ ਦਿਵਾਇਆ ਜਾਵੇ।
ਇਸ ਮੌਕੇ ਗਿਆਨ ਸਿੰਘ ਥਿੰਦ, ਵਿਮਲ ਰਾਏ ਕਟਾਰੀਆ, ਡਾਕਟਰ ਹਰਪ੍ਰੀਤ ਸਿੰਘ, ਉਪਕਾਰ ਸਿੰਘ, ਡਾਕਟਰ ਕੇਵਲ ਕ੍ਰਿਸ਼ਨ, ਜਸਪਾਲ ਸਿੰਘ, ਐਮ ਪੀ ਸਿੰਘ, ਰਵਿੰਦਰ ਕੌਰ, ਸਾਈਮਨ ਪੀਟਰ ਸਮੇਤ ਹੋਰ ਨਿਵੇਸ਼ਕ ਮੌਜੂਦ ਸਨ।
Mohali
ਸੈਕਟਰ 74 ਅਤੇ ਸੈਕਟਰ 91 ਵਿੱਚ ਰੋਜ ਲਗਾਈ ਜਾਂਦੀ ਹੈ ਕੂੜੇ ਨੂੰ ਅੱਗ : ਰਾਮਦੀਪ ਕੌਰ
ਜਹਿਰੀਲੀ ਹਵਾ ਕਾਰਨ ਲੋਕ ਹੋ ਰਹੇ ਹਨ ਬਿਮਾਰ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਜਾਂਦੇ ਕੂੜੇ ਦੇ ਢੇਰ ਨੂੰ ਅੱਗ ਲਗਾਏ ਜਾਣ ਦੀ ਕਾਰਵਾਈ ਕਾਰਨ ਸ਼ਹਿਰ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੌਰਾਨ ਸੈਕਟਰ 74 ਵਿੱਚ ਪੁਰਾਣੇ ਡੰਪਿਗ ਮੈਦਾਨ ਵਾਲੀ ਥਾਂ ਦੇ ਨਾਲ ਅਤੇ ਸੈਕਟਰ 90-91 ਵਿੱਚ ਜਲ ਬੋਰਡ ਦੇ ਨੇੜੇ ਦੀ ਖਾਲੀ ਜਮੀਨ ਤੇ ਕੂੜਾ ਸੁੱਟਣ ਅਤੇ ਫਿਰ ਕੂੜੇ ਨੂੰ ਅੱਗ ਲਗਾਏ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਇੱਥੇ ਜਿਕਰਯੋਗ ਹੈ ਕਿ ਸੈਕਟਰ 74 ਏ ਦੇ ਨਾਲ ਲੱਗਦੀ ਥਾਂ ਵਿੱਚ ਪਹਿਲਾਂ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਨ ਲਈ ਡੰਪਿੰਗ ਯਾਰਡ ਬਣਿਆ ਸੀ ਅਤੇ ਇਸ ਥਾਂ ਤੇ ਲੱਗਦੇ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਸਥਾਨਕ ਵਸਨੀਕ ਪਰੇਸ਼ਾਨ ਰਹਿੰਦੇ ਸਨ। ਇਸ ਸੰਬੰਧੀ ਸਥਾਨਕ ਵਸਨੀਕਾਂ ਵਲੋਂ ਮਾਣਯੋਗ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ ਜਿਸਤੇ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਕੂੜਾ ਸੁੱਟਣ ਤੇ ਰੋਕ ਲਗਾ ਦਿੱਤੀ ਗਈ ਸੀ।
ਸਮਾਜਸੇਵੀ ਆਗੂ ਰਾਮਦੀਪ ਕੌਰ ਨੇ ਕਿਹਾ ਕਿ ਮਾਣਯੋਗ ਅਦਾਲਤ ਵਲੋਂ ਇੱਥੇ ਕੂੜਾ ਸੁੱਟਣ ਤੇ ਰੋਕ ਲਗਾਏ ਜਾਣ ਤੋਂ ਬਾਅਦ ਕੁੱਝ ਸਮਾਂ ਤਾਂ ਠੀਕ ਠਾਕ ਲੰਘਿਆ ਸੀ ਪਰੰਤੂ ਬਾਅਦ ਵਿੱਚ ਨਗਰ ਨਿਗਮ ਵਲੋਂ ਇਸ ਪੁਰਾਣੇ ਡੰਪਿੰਗ ਯਾਰਡ ਦੇ ਨੇੜੇ ਪੈਂਦੀ ਖਾਲੀ ਥਾਂ ਅਤੇ ਸੈਕਟਰ 90-91 ਦੇ ਜਲ ਬੋਰਡ ਦੇ ਨੇੜੇ ਦੀ ਥਾਂ ਤੇ ਕੂੜੇ ਦੇ ਢੇਰ ਲਗਾਉਣੇ ਆਰੰਭ ਕਰ ਦਿੱਤੇ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਟਰਾਲੀਆਂ ਵਿੱਚ ਦਰਖਤਾਂ ਦੀ ਰਹਿੰਦ ਖੁਹੰਦ ਅਤੇ ਹੋਰ ਕੂੜਾ ਲਿਆ ਕੇ ਇੱਥੇ ਢੇਰ ਲਗਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕੂੜੇ ਦੇ ਇਹਨਾਂ ਢੇਰਾਂ ਵਿੱਚ ਰਾਤ ਵੇਲੇ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਇਸ ਖੇਤਰ ਵਿੱਚ ਹਰ ਪਾਸੇ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਸਨੀਕਾਂ ਨੂੰ ਪੱਲਿਉਂ ਟੈਕਰ ਮੰਗਵਾ ਕੇ ਇਹ ਅੱਗ ਬੁਝਾਉਣੀ ਪੈਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਅੱਗ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
Mohali
ਗੁ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿੱਚ ਬੀਬੀ ਹਰਜਿੰਦਰ ਕੌਰ ਬਟਾਲਾ ਵਾਲਿਆਂ ਦੇ ਜੱਥੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਬ੍ਰਿਤਾਂਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ ਕੇ ਗੁਰੂ ਅੰਗਦ ਦੇਵ ਜੀ ਬਣਾਉਣ ਦਾ ਪ੍ਰਸੰਗ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਨਰਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸੰਤ ਬਾਬਾ ਸਵਰਨ ਸਿੰਘ ਮਲਕਪੁਰ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਨ ਧੁਰ ਕੀ ਬਾਣੀ ਦੇ 62 ਸਲੋਕ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਇਮਾਨ ਹਨ ਉਨਾਂ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।
ਇਸ ਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਅਕਾਲ ਕਵੀਸ਼ਰੀ ਜੱਥਾ, ਭਾਈ ਪਰਵਿੰਦਰ ਸਿੰਘ, ਭਾਈ ਓਂਕਾਰ ਸਿੰਘ, ਭਾਈ ਗੁਰਵਿੰਦਰ ਸਿੰਘ, ਮਾਤਾ ਸੰਦਰ ਕੌਰ ਜੀ ਸਰਬ ਸਾਂਝੀ ਸੋਸਾਇਟੀ, ਭਾਈ ਕੁਲਤਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਮਨਦੀਪ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।
Mohali
ਖਾਲਸਾ ਕਾਲਜ ਵਿੱਚ ਫੇਅਰਵੈਲ ਪਾਰਟੀ ਰੁਖ਼ਸਤ 2026 ਦਾ ਆਯੋਜਨ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਫੇਜ਼-3ਏ ਵਿੱਚ ਸਥਿਤ ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟਡੀਜ਼ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਹਰਿਸ਼ ਕੁਮਾਰੀ ਦੀ ਅਗਵਾਈ ਹੇਠ ਫੇਅਰਵੈਲ ਪਾਰਟੀ ‘ਰੁਖ਼ਸਤ 2026’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀ. ਕਾਮ, ਬੀ. ਕਾਮ ਆਨਰਜ਼, ਬੀ. ਬੀ. ਏ., ਬੀ. ਸੀ. ਏ., ਬੀ. ਏ., ਪੀ. ਜੀ. ਡੀ. ਸੀ. ਏ., ਐਮ. ਐਸ. ਸੀ. ਆਈ ਟੀ, ਐਮ. ਏ. ਸੋਸ਼ਿਓਲੋਜੀ, ਐਮ. ਬੀ. ਏ., ਐਮ. ਕਾਮ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਫੇਅਰਵੈਲ ਪਾਰਟੀ ਦਿੱਤੀ ਗਈ। ਇਸ ਮੌਕੇ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਤ ਦੌਰਾਨ ਮਿਸਟਰ ਅਤੇ ਮਿਸ ਫੇਅਰਵੈਲ, ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਪਹਿਰਾਵਿਆਂ ਵਿੱਚ ਰੈਂਪ ਤੇ ਮਨਮੋਹਕ ਅੰਦਾਜ਼ ਵਿੱਚ ਵਾਕ ਕੀਤੀ। ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਲੋਕ ਗੀਤ, ਵੈਸਟਰਨ ਗਾਣੇ, ਡਾਂਸ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ।
ਮਿਸਟਰ ਅਤੇ ਮਿਸ ਫੇਅਰਵੈਲ ਮੁਕਾਬਲੇ ਵਿੱਚ ਬੀ. ਬੀ. ਏ. ਛੇਵੇਂ ਸੈਮਿਸਟਰ ਦੀ ਨੇਹਾ ਨੂੰ ਮਿਸ ਫੇਅਰਵੈਲ ਅਤੇ ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕੇਤਨ ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਮਿਲਿਆ। ਇਸੇ ਤਰ੍ਹਾਂ, ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕਰਮਵੀਰ ਨੂੰ ਮਿਸਟਰ ਹੈਂਡਸਮ ਅਤੇ ਬੀ. ਕਾਮ ਛੇਵੇਂ ਸੈਮਿਸਟਰ ਦੀ ਪ੍ਰੀਤੀ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ।
ਸਮਾਗਮ ਦੇ ਅੰਤ ਵਿੱਚ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਮੈਂਬਰਾਂ ਲਈ ਮੁਫ਼ਤ ਐਸਟ੍ਰੋ ਵਰਕਸ਼ਾਪ ਵੀ ਆਯੋਜਿਤ ਕੀਤੀ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
National1 month agoਬੰਦ ਕਮਰੇ ਵਿੱਚੋਂ ਮਾਂ-ਪੁੱਤ ਸਮੇਤ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ
