Editorial
ਗੁਰਸ਼ਰਨ, ਭਗਤ ਸਿੰਘ ਦਾ ਕੀ ਲੱਗਦਾ : ਸੰਜੀਵਨ ਸਿੰਘ
ਅਸੀ ਚਾਹੁੰਨੇ ਆਂ, ਭਗਤ ਸਿੰਘ ਫੇਰ ਆਵੇ ਸਾਨੂੰ ਨਸ਼ਿਆਂ, ਫਿਰਕਾਪ੍ਰਸਤੀ, ਜਾਤ-ਪਾਤ, ਭ੍ਰਿਸ਼ਟਾਚਾਰ ਦੇ ਗਧੀ- ਗੇੜ ਵਿੱਚੋਂ ਕੱਢਣ ਲਈ ਸਾਡੇ ਵਾਸਤੇ ਕੁੱਲੀ, ਗੁੱਲੀ ਤੇ ਜੁੱਲੀ ਦਾ ਹੀਲਾ ਕਰਨ ਲਈ। ਭਗਤ ਸਿੰਘ ਵਾਰ ਫੇਰ ਆਵੇ ਹੀ ਆਵੇ। ਸਾਨੂੰ ਸੰਕਟਾਂ, ਦੁੱਖ਼ਾਂ-ਤਕਲੀਫ਼ਾਂ ਤੋਂ ਖਹਿੜਾ ਛਡਵਾਉਣ ਲਈ, ਲੋੜਾਂ ਤੇ ਥੌੜ੍ਹਾ ਦੇ ਹੱਲ ਲਈ, ਸਾਡੇ ਸੁਪਨਿਆਂ ਤੇ ਖ਼ੁਆਬਾ ਨੂੰ ਸਾਕਾਰ ਕਰਨ ਲਈ, ਹੁਣ ਤਾਂ ਭਗਤ ਸਿੰਘ ਨੂੰ ਆਉਂਣਾ ਹੀ ਪਊ।
ਅਸੀਂ ਆਪਣੀਆਂ ਮੋਟਰਾ-ਕਾਰਾਂ ਪਿੱਛੇ, ਸਕੂਟਰਾਂ, ਮੋਟਰ-ਸਾਇਕਲਾਂ ਪਿੱਛੇ, ਝੱਗਿਆਂ-ਟੀ, ਬੂਨੈਣਾ ਉੱਤੇ ਭਗਤ ਸਿੰਘ ਦੀ ਮੁੱਛ ਨੂੰ ਤਾਓ ਦਿੰਦੇ ਦੀ ਤਸਵੀਰਾਂ ਅਤੇ ਸਟਿਕਰ ਲਗਵਾ ਕੇ ਅਤੇ ਭਗਤ ਸਿੰਘ ਵਰਗੀ ਬਸੰਤੀ ਪੱਗ ਬੰਨ ਕੇ ਆਪਣਾ ਫਰਜ਼ ਪੂਰਾ ਕਰ ਤਾਂ ਦਿੱਤਾ। ਹੁਣ ਤਾਂ ਯਾਰ ਭਗਤ ਸਿਆਂਹ, ਸਾਡੇ ਨੇਤਾ ਵੀ ਤੇਰੇ ਵਰਗੀਆਂ ਪੱਗਾਂ ਬੰਨਦੇ ਨੇ। ਕੁੜਤੇ ਪਜ਼ਾਮੇ ਵੀ ਲੱਗੇ ਪਾਉਣ, ਜਮ੍ਹਾਂ ਈ ਤੇਰੇ ਵਰਗੇ। ਹੁਣ ਤਾਂ ਅਸੀਂ ਮੁੱਛ ਨੂੰ ਤਾਓ ਵੀ ਦਿੰਨੇ ਆ, ਜਿਮੇਂ ਤੂੰ ਦਿੰਦਾ ਸੀ। ਹੁਣ ਤਾਂ ਆਜਾ ਯਾਰ ਭਗਤ ਸਿਆਂਹ, ਆਜਾ ਯਾਰਾਂ। ਇਕ ਵਾਰ ਜੰਮ ਸੂਰਮਿਆਂ, ਇਕ ਵਾਰ ਫੇਰ ਜੰਮ, ਕਿਸੇ ਮਾਂ ਦੀ ਸੁੱਲਖਣੀ ਕੁੱਖ ਵਿੱਚੋਂ ਸਾਡੇ ਆਲੀ ਬੇੜੀ ਲਾਅ ਬੰਨ੍ਹੇ।
ਪਰ ਇਕ ਗੱਲ ਚੇਤੇ ਰੱਖੀ ਜੰਮੀ ਜ਼ਰੂਰ ਪਰ ਸਾਡੇ ਘਰ ਨਾ ਜੰਮੀ, ਕਿਸੇ ਹੋਰ ਦੇ ਘਰ ਜੰਮੀ। ਤੂੰ ਲੈਣੇ ਨੇ ਪੰਗੇ ਜਣੇ-ਖਣੇ ਨਾਲ। ਅਸੀਂ ਆ ਬਾਲ-ਬੱਚੇਦਾਰ, ਕਬੀਲਦਾਰ, ਸਾਊ ਤੇ ਸ਼ਰੀਫ, ਉਹ ਵੀ ਪੁੱਜ ਕੇ। ਜੇ ਸਾਡੀ ਕੋਈ ਇਕ ਗੱਲ ਤੇ ਥੱਪੜ ਜੜ੍ਹ ਦਵੇਂ ਤਾਂ ਅਸੀਂ ਦੂਈ ਗੱਲ ਮੂਹਰੇ ਕਰ ਦਿੰਨੇ ਆਂ, ਅਹਿੰਸਾਵਾਦੀ ਜੋ ਹੋਏ। ਪੰਗਿਆਂ ਵਿੱਚ ਤਾਂ ਸਾਡੇ ਤੇ ਤਾਂ ਕੇਸ-ਕੂਸ ਦਰਜ ਹੋ ਜੂੰ। ਕਹਿੰਦੇ ਨੇ, ਵੀਜ਼ਾ ਤਾਂ ਕੀ, ਪਾਸਪੋਰਟ ਬਣਾਉਣ ਲਈ ਵੀ ਫਾਰਮ ਦੇ ਖ਼ਾਨੇ ਵਿੱਚ ਲਿਖਣਾ ਪੈਂਦਾ ਐ, ਕੋਈ ਪੁਲੀਸ ਕੇਸ ਤਾਂ ਨ੍ਹੀਂ। ਅਸੀਂ ਹੋਣੈ ਅਬਰੋਡ ਮੁਲਕ ਸੈਂਟਲ ਕਿਸੇ ਬਾਰਲੇ ਮੁਲਕ ਕਨੈਡਾ, ਅਮਰੀਕਾ, ਇੰਗਲੈਂਡ। ਇੱਥੇ ਹੈ ਕੀ ਮਿੱਟੀ, ਘੱਟੇ ਤੋਂ ਬਿਨ੍ਹਾਂ। ਬਾਬੂ ਚਾਹ-ਪਾਣੀ ਬਿਨ੍ਹਾਂ ਅੱਖ ਚੱਕ ਨੇ ਨ੍ਹੀ ਦੇਖਦੇ। ਇਹ ਵੀ ਪਤਾ ਨਹੀਂ, ਕਦ ਕੋਈ ਕੋਈ ਕਪੜੇ ਦੇਖ ਕੇ ਬੁਲਾਦੇ ਪਾਰ। ਤੂੰ ਹੀ ਯਾਰ ਸਾਂਭ ਆ ਕੇ ਕੰਜਰਖ਼ਾਨਾ।
ਭਗਤ ਸਿੰਘ ਜੰਮੇ ਜ਼ਰੂਰ ਪਰ ਸਾਡੇ ਨ੍ਹੀਂ, ਗੁਆਂਢੀਆਂ ਦੇ। ਭਾਵੇਂ ਆਟੇ ਵਿਚ ਲੂਣ ਹੀ ਸਹੀ, ਪੋਟਿਆ ਤੇ ਗਿਣਨ ਜੋਗੇ ਪਰ ਅਜਿਹੇ ਲੋਕ ਵੀ ਹੈਗੇ ਹਾਲੇ ਜਿਹੜੇ ਨਾ ਤਾਂ ਭਗਤ ਸਿੰਘ ਦੇ ਆਪਣੇ ਘਰ ਜੰਮਣ ਤੋਂ ਖੋਫਜ਼ਦਾ ਨੇ, ਨਾ ਹੀ ਆਪ ਭਗਤ ਸਿੰਘ ਬਨਣ ਤੋਂ ਭੈਅਭੀਤ। ਉਹ ਤਾਂ ਸਗੋਂ ਭਗਤ ਸਿੰਘ ਦੇ ਖ਼ਿਆਲਾ ਤੇ ਵਿਚਾਰਾਂ ਦੀ ਜੋਤ ਨੂੰ ਹਰ ਘਰ, ਹਰ ਦਰ ਤੇ ਜਗਾ ਰਹੇ ਨੇ। ਭਗਤ ਸਿੰਘ ਵਰਗੀ ਦਲੇਰੀ, ਬੇਬਾਕੀ, ਬੇਖੋਫ਼ੀ ਨਾਲ ਦੂਸ਼ਿਤ, ਭ੍ਰਿਸ਼ਟ ਅਤੇ ਗੰਧਲੇ ਹੋ ਗਏ ਸਮਾਜਿਕ ਤਾਣੇ-ਬਾਣੇ ਦੀ ਉਲਝੀ ਹੋਈ ਤੰਦ ਨੂੰ ਸੁਲਝਾਉਣ ਦੇ ਗੰਭੀਰ ਤੇ ਸੁਹਿਰਦ ਯਤਨ ਕਰ ਰਹੇ ਨੇ। ਭੈਅ ਭੀਤ, ਡਰੀ ਹੋਈ ਤੇ ਸਹਿਮੀ ਅਵਾਮ ਨੂੰ ਚਿੜ੍ਹੀਆਂ ਤੋਂ ਸ਼ੇਰ ਬਣਾਉਣ ਲਈ ਹਰ ਧਰਮ, ਜਾਤ, ਫ਼ਿਰਕੇ, ਰੰਗ ਤੇ ਨਸਲ ਦੇ ਲੋਕ ਉਨ੍ਹਾਂ ਨੂੰ ਹਲੂਣ ਰਹੇ ਨੇ, ਹਲਾਸ਼ੇਰੀ ਦੇ ਰਹੇ ਨੇ। ਇੰਨ੍ਹਾਂ ਵਤਨਪ੍ਰਸਤਾਂ ਦੇ ਕਾਫ਼ਲੇ ਵਿਚ ਕੁੱਝ ਕਲਮਕਾਰ ਤੇ ਕਲਾਕਾਰ ਵੀ ਸ਼ਾਮਿਲ ਨੇ।
ਕਲਮ ਤੇ ਕਲਾ ਦੇ ਅੰਬਰ ਵਿਚ ਜਿਸ ਗ਼ੈਰਤਮੰਦ ਇਨਸਾਨ ਦਾ ਨਾਂ ਧਰੂ ਤਾਰੇ ਵਾਂਗ ਲਿਸ਼ਕ ਰਿਹੈ, ਉਸਦਾ ਨਾਂ ਹੈ ਗੁਰਸ਼ਰਨ ਭਾਅ ਜੀ, ਭਾਈ ਮੰਨਾ ਸਿੰਘ। ਗੁਰਸ਼ਰਨ ਸਿਰਫ਼ ਆਪਣੇ ਜਾਣੂੰਆਂ, ਰੰਗਕਰਮੀਆਂ, ਕਲਮਕਾਰਾਂ ਤੇ ਕਲਾਕਾਰਾਂ ਦਾ ਹੀ ਭਾਅ ਜੀ ਨਹੀ ਸੀ। ਉਹ ਸਮਾਜ ਦੇ ਦੱਬੇ-ਕੁੱਚਲੇ, ਪੀੜਤ, ਸ਼ੌਸ਼ਿਤ ਅਤੇ ਸਾਧਣ-ਹੀਣ ਤਬਕੇ ਦਾ ਵੀ ਭਾਅ ਜੀ ਸੀ। ਸ਼ਹੀਦ, ਕਲਮਕਾਰ ਤੇ ਕਲਾਕਾਰ ਕਦੇ ਵੀ ਇਕ ਜਾਤ, ਧਰਮ, ਫਿਰਕੇ, ਨਸਲ, ਰੰਗ ਦੇ ਨਹੀਂ ਹੁੰਦੇ। ਇਹ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਨੇ।
ਭਗਤ ਸਿੰਘ ਤੇ ਗੁਰਸ਼ਰਨ ਭਾਜੀ ਵਿਚ ਜਿਹੜੀ ਮੁੱਢਲੀ ਸਾਂਝ ਸੀ ਉਹ ਇਹ ਸੀ ਕਿ ਦੋਵੇਂ ਰੰਗਕਰਮੀ ਸਨ। ਭਗਤ ਸਿੰਘ ਨੇ ਵਿਦਿਆਰਥੀ ਜੀਵਨ ਵਿਚ ਲਾਹੌਰ ਵਿੱਚ ਕੁੱਝ ਨਾਟਕਾਂ ਵਿਚ ਹਿੱਸਾ ਲਿਆ, ਤੇ ਗੁਰਸ਼ਰਨ ਭਾਅ ਜੀ ਨੇ ਨਾਟਕ ਰਾਹੀਂ ਲੋਕ-ਮਸਲੇ, ਲੋਕ-ਮੁਹਾਵਰੇ ਵਿੱਚ ਉਭਾਰੇ। ਸਾਡੇ ਚੇਤਿਆਂ ਵਿਚ ਭਗਤ ਸਿੰਘ ਦੀ ਸ਼ਖਸੀਅਤ ਗੁਸੈਲ ਨੌਜਵਾਨ ਦੀ ਐ, ਇਕ ਹੱਥ ਪਸਤੌਲ ਤੇ ਦੂਜਾ ਹੱਥ ਮੁੱਛ ਤੇ, ਚਿਹਰਾਂ ਤਣਿਆ ਹੋਇਆ। ਪਰ ਇਸਦੇ ਬਿਲਕੁੱਲ ਉਲਟ ਭਗਤ ਸਿੰਘ ਯਾਰਾਂ ਦਾ ਯਾਰ ਸੀ, ਹਾਸਾ-ਠੱਠਾ ਕਰਦਾ ਸੀ, ਫਿਲਮਾਂ ਤੇ ਵਧੀਆਂ ਭਾਂਤ-ਭਾਂਤ ਪਕਵਾਨਾਂ ਦਾ ਸ਼ੌਕੀਨ ਸੀ, ਸੁੰਦਰਤਾ ਦਾ ਵੀ ਪੁਜਾਰੀ ਸੀ।
ਗੁਰਸ਼ਰਨ ਭਾਅ ਜੀ ਜਦ ਕਿਸੇ ਨਾਟਕ ਵਿੱਚ ਰੋਲ ਨਿਭਾ ਰਹੇ ਹੁੰਦੇ ਜਾਂ ਕਿਸੇ ਮੁੱਦੇ-ਮਸਲੇ ਤੇ ਗੱਲ ਕਰਦੇ। ਉਹ ਹਮੇਸ਼ਾ ਭਾਵੁਕ ਹੋ ਕੇ ਰੋਹ ਵਿੱਚ ਆ ਜਾਂਦੇ। ਗੁੱਸੇ ਨਾਲ ਕੰਬਣ ਲੱਗ ਜਾਂਦੇ। ਪਰ ਜਦ ਸਧਾਰਣ ਅਵਸਥਾ ਵਿਚ ਹੁੰਦੇ ਤਾਂ ਇਕ ਦਮ ਬੱਚੇ ਹੁੰਦੇ। ਬੱਚਿਆਂ ਵਾਂਗ ਖਿਲਖਿਲਾਕੇ ਹੱਸਦੇ, ਬੱਚਿਆਂ ਵਾਂਗ ਰੁੱਸਦੇ ਤੇ ਝੱਟ ਮੰਨ ਜਾਂਦੇ।
ਭਗਤ ਸਿੰਘ ਨੇ ਆਪਣੇ ਖੇਤ ਵਿਚ ਬੰਦੂਕਾ ਬੀਜਿਆਂ ਤੇ ਗੁਰਸ਼ਰਨ ਸਿੰਘ ਨੇ ਸ਼ਬਦ। ਭਗਤ ਸਿੰਘ ਨੇ ਬੰਬਾਂ-ਬੰਦੂਕਾਂ ਨਾਲ ਦੇਸ਼ ਨੂੰ ਅਜ਼ਾਦ ਕਰਵਾਇਆਂ ਤੇ ਗੁਰਸ਼ਰਨ ਭਾਜੀ ਨੇ ਸਮਾਜਿਕ ਤਬਦੀਲੀ ਲਈ ਯਤਨ ਕੀਤੇ। ਇਕ ਸੋਚ ਤੇ ਵਿਚਾਰਧਾਰਾ ਹੋਣ ਲਈ ਸਮਕਾਲੀ ਹੋਣਾਂ ਕੋਈ ਜ਼ਰੂਰੀ ਨ੍ਹੀਂ। ਲਾਜ਼ਮੀ ਹੈ ਤਾਂ ਮਨੁੱਖਤਾ ਲਈ ਤੜਫ਼, ਲੋਕਾਈ ਲਈ ਦਰਦ, ਆਪਣੇ ਵਤਨ, ਆਪਣੀ ਮਿੱਟੀ ਲਈ ਕੁੱਝ ਕਰਨ ਗੁਜ਼ਰਨ ਦਾ ਜ਼ਜਬਾ। ਭਾਵੇਂ ਭਗਤ ਸਿੰਘ ਵੱਲੋਂ ਮੁਲਕ ਲਈ ਆਪਾ ਵਾਰਣ ਤੋਂ ਬਾਈ ਸਾਲ ਬਾਅਦ ਗੁਰਸ਼ਰਨ ਸਿੰਘ ਦਾ ਜਨਮ ਹੋਇਆ। ਦੋਵੇਂ ਬੇਸ਼ਕ ਵੱਖ-ਵੱਖ ਸਮਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ ਪਰ ਵਿਚਾਰਧਾਰਕ ਤੇ ਸਮਾਜਿਕ ਸਰੋਕਾਰ ਦੀ ਸਾਂਝ ਸਪਸ਼ਟ ਝਲਕਦੀ ਹੈ।
ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦੋਵੇਂ ਵਧੀਕੀਆਂ, ਧੱਕੇਸ਼ਾਹੀਆਂ ਤੇ ਹੈਂਕੜਾਂ ਖਿਲਾਫ਼ ਲੜੇ। ਭਗਤ ਸਿੰਘ ਲੜਿਆਂ ਬੇਗ਼ਾਨਿਆਂ ਨਾਲ ਤੇ ਗੁਰਸ਼ਰਨ ਸਿੰਘ ਆਪਣਿਆਂ ਨਾਲ। ਹਕੂਮਤਾਂ ਤੇ ਝੰਡੇ ਤਾਂ ਬਦਲੇ ਸਨ ਪਰ ਉਨ੍ਹਾਂ ਦੇ ਮਿਜ਼ਾਜ਼ ਤੇ ਕਿਰਦਾਰ ਨ੍ਹੀਂ ਬਦਲੇ। ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦਾ ਮੱਤ, ਸੋਚ ਤੇ ਸਮਝ ਸੀ, ਸਮਾਜਿਕ ਤਬਦੀਲੀ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਵਿਚਾਰਾਂ ਅਤੇ ਇਲਮ ਨਾਲ ਵੀ ਹੋ ਸਕਦੀ ਐ। ਦੋਵਾਂ ਨੇ ਹੀ ਨਾਬਰਾਬਰੀ ਅਤੇ ਵਿਤਕਰੇਬਾਜ਼ੀ ਖਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਸਾਰਾ ਕੁੱਝ, ਸਾਰਿਆ ਵਾਸਤੇ ਦਾ ਨਾਹਰਾ ਲਾਇਆ।
ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, ਉਹਨਾਂ ਨੂੰ ਫਾਂਸੀ ਦੇਣ ਦੀ ਥਾ ਗੋਲੀ ਮਾਰੀ ਜਾਵੇ। ਪਰ ਕਿਉਂਕਿ ਤੁਹਾਡੇ ਹੱਥ ਵਿਚ ਤਾਕਤ ਹੈ। ਦੁਨੀਆ ਵਿਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸ ਦੀ ਲਾਠੀ, ਉਸ ਦੀ ਮੈਸ ਦਾ ਅਸੂਲ ਅਪਨਾਉਗੇ। ਪਰ ਅਸੀਂ ਜੰਗੀ ਕੈਦੀ ਹਾਂ। ਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇਕ ਫੌਜੀ ਦਸਤਾ ਭੇਜੇ।
ਗੁਰਸ਼ਰਨ ਭਾਅ ਜੀ ਦੇ ਨਾਟਕੀ ਸਫ਼ਰ ਦੀ ਸ਼ੁਰੂਆਤ ਨਾਲ ਵੀ ਇਕ ਦਿਲਚਸਪ ਘਟਨਾ ਜੁੜੀ ਹੋਈ ਹੈ। ਉਹ ਹਾਈਡਰੌਲਿਕ ਮਾਹਿਰ ਦੇ ਤੌਰ ਉੱਤੇ ਭਾਖੜਾ ਡੈਮ ਤੇ ਕੰਮ ਕਰ ਰਹੇ ਸਨ। ਲੋਹੜੀ ਦੀ ਛੁੱਟੀ ਦੀ ਮੰਗ ਨੂੰ ਲੈ ਕੇ ਭਾਖੜਾ ਡੈਮ ਦੇ ਮੁਲਾਜ਼ਮਾਂ ਨੇ ਹੜਤਾਲ ਕਰ ਤੀ, ਗੁਰਸ਼ਰਨ ਭਾਅ ਜੀ ਨੇ ਕੁੱਝ ਘੰਟਿਆਂ ਵਿਚ ਨਾਟਕ ਲਿਖਿਆ ਕੇ ਮੰਚਿਤ ਕੀਤਾ ‘ਲੋਹੜੀ ਦੀ ਹੜਤਾਲ’। ਇਹ ਸੀ ਭਾਅ ਜੀ ਗੁਰਸ਼ਰਨ ਦਾ ਪਹਿਲਾਂ ਨਾਟਕ ਤੇ ਇਸ ਤੋਂ ਬਾਅਦ ਲਗਾਤਾਰ ਅੱਧੀ ਸਦੀ ਤੋਂ ਵੱਧ ਉਨ੍ਹਾਂ ਆਪਣੇ ਸੈਕੜੇ ਨਾਟਕਾਂ, ਨੁਕੜ ਨਾਟਕਾਂ ਦੇ ਹਜ਼ਾਰਾਂ ਮੰਚਣ ਪਿੰਡਾਂ, ਵਿਹੜਿਆਂ, ਸੱਥਾਂ, ਚੌਤਰਿਆਂ, ਗੱਲੀਆਂ-ਮੁੱਹਲਿਆਂ। ਸ਼ਹਿਰ ਦੇ ਵੱਡੇ ਆਡੀਟੋਰੀਅਮਾਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ ਸਮੇਤ ਕਈ ਦੇਸ਼ਾਂ ਵਿਚ ਮੰਚਣ ਕੀਤੇ।
ਰਾਤਾਂ ਚਾਹੇ ਕਿੰਨ੍ਹੀਆਂ ਵੀ ਕਾਲੀਆਂ ਹੋਣ, ਮਾਹੌਲ਼ ਭਾਵੇਂ ਕਿੰਨ੍ਹਾਂ ਵੀ ਸਾਹ-ਘੁੱਟਵਾਂ ਹੋਵੇ, ਦਾਨਵ ਭਾਵੇਂ ਕਿੰਨਾ ਦਾ ਦਨਦਨਾਉਣ ਪਰ ਜਦ ਮਾਨਵ ਰੋਹ ਵਿੱਚ ਗਿਆ। ਗੁਰੂਆਂ, ਪੀਰਾਂ-ਪੈਂਗਬਰਾਂ ਦੇ ਮੁਰੀਦਾ, ਦੇਸ ਭਗਤਾਂ, ਸੂਰਬੀਰਾਂ, ਯੋਧਿਆਂ ਦੀਆਂ ਕੁਰਬਾਨੀਆਂ ਦੇ ਵਾਰਿਸਾ ਨੇ ਉਪਰਲੀ-ਥੱਲੇ ਕਰ ਦੇਣੀ ਆ।
ਗੁਰਸ਼ਰਨ ਭਗਤ ਸਿੰਘ ਕੀ ਲੱਗਦੈ ਇਹ ਤਾਂ ਦੱਸਣ ਦੀ ਬਾਲ੍ਹੀ ਲੋੜ ਨ੍ਹੀਂ। ਪਰ ਇਸ ਸੋਚਣ ਦੀ ਲੋੜ ਜ਼ਰੂਰ ਐ, ਅਸੀਂ ਭਗਤ ਸਿੰਘ ਦੇ ਕੀ ਲੱਗਦੈ। ਅਸੀਂ ਭਗਤ ਸਿੰਘ ਦੇ ਕੁੱਸ਼ ਲੱਗਦੈ ਵੀ ਆਂ ਕਿ ਨਹੀਂ। ਜਦ ਅਸੀਂ ਭਗਤ ਸਿੰਘ ਦੇ ਕੁੱਸ਼ ਲੱਗਣ ਦੀ ਠਾਣ ਲਈ, ਧਾਰ ਲਿਆ ਭਗਤ ਸਿੰਘ ਬਨਣਾ ਵੀ ਆ ਤੇ ਭਗਤ ਸਿੰਘ ਜੰਮਣੇ ਵੀ ਨੇ। ਉਹ ਵੀ ਆਪਣੇ ਘਰ। ਫੇਰ ਸੁਲਝੂ ਤਾਣੀ, ਉਲਝੀ ਹੋਈ। ਫੇਰ ਪੁੱਠੀ ਹੋਊ ਸਿੱਧੀ।ਫੇਰ ਹਾਕਿਮ ਜਰਕਣਗੇ ਵੀ ਤੇ ਤ੍ਰਬਕਣਗੇ ਵੀ।
ਸੰਜੀਵਨ ਸਿੰਘ
Editorial
ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਵੱਡੇ ਪੱਧਰ ਤੇ ਹੁੰਦੀ ਉਲੰਘਣਾ ਤੇ ਸਖਤੀ ਨਾਲ ਰੋਕ ਲਗਾਏ ਪੁਲੀਸ
ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅੰਤਰ ਰਾਸ਼ਟਰੀ ਪੱਧਰ ਦੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਪਰੰਤੂ ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਸਵਾਲ ਚੁੱਕਦੀ ਹੈ। ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਤੋਂ ਸ਼ਹਿਰ ਦੇ ਵਸਨੀਕ ਵੀ ਬੁਰੀ ਤਰ੍ਹਾਂ ਤੰਗ ਦਿਖਦੇ ਹਨ ਜਿਹੜੀ ਸਾਡੇ ਸ਼ਹਿਰ ਨੂੰ ਕਿਸੇ ਅਜਿਹੇ ਪੁਰਾਣੇ ਸ਼ਹਿਰ ਵਰਗਾ ਬਣਾ ਦਿੰਦੀ ਹੈ ਜਿੱਥੇ ਤੰਗ ਸੜਕਾਂ ਉੱਪਰ ਭਾਰੀ ਭੀੜ ਭੜੱਕਾ ਹੋਣ ਕਾਰਨ ਲਗਣ ਵਾਲੇ ਟ੍ਰੈਫਿਕ ਜਾਮ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਦੇ ਹਨ।
ਇਸ ਸੰਬੰਧੀ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਸ਼ਹਿਰ ਦੇ ਵਸਨੀਕ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸ਼ਿਕਾਇਤ ਕਰਦਿਆਂ ਇਸ ਵਿੱਚ ਸੁਧਾਰ ਕਰਨ ਦੀ ਮੰਗ ਕਰਦੇ ਤਾਂ ਦਿਖਦੇ ਹਨ ਪਰੰਤੂ ਉਹ ਖੁਦ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਖੁਦ ਸ਼ਹਿਰ ਦੇ ਜਿਆਦਾਤਰ ਵਸਨੀਕ ਹੀ ਜਿੰਮੇਵਾਰ ਹਨ। ਸ਼ਹਿਰ ਵਾਸੀ ਵਾਹਨ ਚਲਾਉਣ ਵੇਲੇ ਹੋਰਨਾਂ ਵਾਹਨ ਚਾਲਕਾਂ ਦੀਆਂ ਗਲਤੀਆਂ ਤਾਂ ਕੱਢਦੇ ਹਨ ਪਰੰਤੂ ਉਹ ਖੁਦ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕਰ ਦਿੰਦੇ ਹਨ।
ਸ਼ਹਿਰ ਵਾਸੀਆਂ ਦਾ ਖੁਦ ਦਾ ਹਾਲ ਤਾਂ ਇਹ ਹੈ ਕਿ ਉਹ ਮਜਬੂਰੀ ਵਿੱਚ ਹੀ (ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਨੂੰ ਵੇਖ ਕੇ) ਟ੍ਰੈਫਿਕ ਨਿਯਮਾਂ ਦੀ ਥੋੜ੍ਹੀ ਬਹੁਤ ਪਾਲਣਾ ਕਰਦੇ ਹਨ, ਵਰਨਾ ਸ਼ਹਿਰ ਵਿੱਚ ਜਿਸ ਪਾਸੇ ਵੀ ਵੇਖੋ, ਆਮ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਨਜਰ ਆ ਜਾਂਦੇ ਹਨ, ਜਿਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ। ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਪਾਇਆ ਜਾਂਦਾ ਹੈ ਜਿਹਨਾਂ ਵਿੱਚੋਂ ਜਿਆਦਾਤਰ ਦੇ ਚਾਲਕ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ। ਸੜਕ ਤੇ ਚਲਦੇ ਚਲਦੇ ਕੋਈ ਆਟੋ ਰਿਕਸ਼ਾ ਚਾਲਕ ਅਚਾਨਕ ਕਦੋਂ ਸੜਕ ਦੇ ਵਿਚਕਾਰ ਆਪਣੇ ਵਾਹਨ ਨੂੰ ਬ੍ਰੇਕ ਲਗਾ ਦੇਵੇਗਾ ਇਸਦਾ ਅੰਦਾਜਾ ਕੋਈ ਨਹੀਂ ਲਗਾ ਸਕਦਾ। ਇਸੇ ਤਰ੍ਹਾਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਇਹ ਆਟੋ ਰਿਕਸ਼ਾ ਚਾਲਕ ਆਪਣੇ ਵਾਹਨ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।
ਇਸੇ ਤਰ੍ਹਾਂ ਸ਼ਹਿਰ ਦੀਆਂ ਸੜਕਾਂ ਤੇ ਦੋਪਹੀਆ ਵਾਹਨਾਂ ਤੇ ਤਿੰਨ ਤਿੰਨ ਅਤੇ ਚਾਰ ਚਾਰ ਦੀ ਗਿਣਤੀ ਵਿੱਚ ਚੜ੍ਹੇ ਨੌਜਵਾਨਾਂ ਦੇ ਟੋਲੇ ਵੀ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਦਾ ਵੱਡਾ ਕਾਰਨ ਹਨ। ਇਹ ਨੌਜਵਾਨ ਨਾ ਤਾਂ ਹੈਲਮੇਟ ਪਾਉਂਦੇ ਹਨ ਅਤੇ ਨਾ ਹੀ ਇਹਨਾਂ ਨੂੰ ਲਾਲ ਬੱਤੀ ਦੀ ਕੋਈ ਪਰਵਾਹ ਹੁੰਦੀ ਹੈ। ਜਿਹਨਾਂ ਥਾਵਾਂ ਤੇ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਮੌਜੂਦ ਹੁੰਦੇ ਹਨ, ਉੱਥੋਂ ਜਾਂ ਤਾਂ ਇਹ ਲੰਘਦੇ ਹੀ ਨਹੀਂ ਹਨ ਅਤੇ ਜੇਕਰ ਮਜਬੂਰੀ ਵਿੱਚ ਲੰਘਣਾ ਪਵੇ ਤਾਂ ਇਹ ਦੋ ਪਹੀਆ ਚਾਲਕ ਵਾਧੂ ਸਵਾਰੀ ਨੂੰ ਥੋੜ੍ਹਾ ਪਹਿਲਾਂ ਉਤਾਰ ਦਿੰਦੇ ਹਨ ਅਤੇ ਅੱਗੇ ਜਾ ਕੇ ਉਹ ਆਪਣੇ ਸਾਥੀ ਨੂੰ ਮੁੜ ਬਿਠਾ ਕੇ ਸ਼ਹਿਰ ਦੀਆਂ ਸੜਕਾਂ ਤੇ ਖਰਮਸਤੀਆਂ ਕਰਦੇ ਰਹਿੰਦੇ ਹਨ।
ਇਸ ਤਰੀਕੇ ਨਾਲ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲਗਾਉਣਾ ਟ੍ਰੈਫਿਕ ਪੁਲੀਸ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਵਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ ਜਿਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਵੀ ਕੀਤੇ ਜਾਂਦੇ ਹਨ ਪਰੰਤੂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਸਿਰਫ ਥੋੜ੍ਹੇ ਬਹੁਤ ਚਾਲਾਨ ਕੱਟ ਕੇ ਆਪਣਾ ਕੋਟਾ ਪੂਰਾ ਕਰਨ ਤਕ ਹੀ ਸੀਮਿਤ ਹੁੰਦੀ ਹੈ ਅਤੇ ਇਸ ਨਾਲ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਕੋਈ ਖਾਸ ਸੁਧਾਰ ਹੁੰਦਾ ਨਹੀਂ ਦਿਖਦਾ। ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਵਿਰੁੱਧ ਸਖਤੀ ਕੀਤੀ ਜਾਵੇ ਜਿਹੜੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਕਾਰਨ ਬਣਦੇ ਹਨ। ਇਸ ਸੰਬੰਧੀ ਪਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਜਿਸਦੇ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿਰਫ ਸਖਤ ਸਜਾ ਦਾ ਡਰ ਹੀ ਅਜਿਹੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਇਸ ਕਾਰਵਾਈ ਤੋਂ ਰੋਕਣ ਦਾ ਸਮਰਥ ਹੋ ਸਕਦਾ ਹੈ।
ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਨਜਰਸ਼ਾਨੀ ਕਰਨ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇ।
Editorial
ਭਰਮਾਊ ਇਸ਼ਤਿਹਾਰਬਾਜੀ ਰਾਹੀਂ ਆਮ ਲੋਕਾਂ ਦੀ ਆਰਥਿਕ ਲੁੱਟ ਕਰਦੀਆਂ ਹਨ ਕੰਪਨੀਆਂ
ਭਾਰਤ ਵਿੱਚ ਤਿਉਹਾਰਾਂ ਦਾ ਸੀਜਨ ਲੰਘ ਗਿਆ ਹੈ ਅਤੇ ਨਵਾਂ ਸਾਲ ਆਉਣ ਵਿੱਚ ਸਵਾ ਕੁ ਮਹੀਨੇ ਦਾ ਸਮਾਂ ਪਿਆ ਹੈ। ਤਿਉਹਾਰਾਂ ਮੌਕੇ ਵੱਖ ਵੱਖ ਕੰਪਨੀਆਂ ਵੱਲੋਂ ਆਪਣਾ ਸਮਾਨ ਵੇਚਣ ਲਈ ਲਗਾਈਆਂ ਗਈਆਂ ਸੇਲਾਂ ਹੁਣੇ ਵੀ ਚੱਲ ਰਹੀਆਂ ਹਨ, ਜੋ ਨਵਾਂ ਸਾਲ ਆਉਣ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਅੱਜ ਦੇ ਖਪਤਕਾਰ ਯੁੱਗ ਵਿੱਚ ਭਾਵੇਂ ਖਪਤਕਾਰ ਕਾਫੀ ਜਾਗਰੂਕ ਹੋ ਗਏ ਹਨ ਪਰ ਫਿਰ ਵੀ ਵੱਖ ਵੱਖ ਤਰ੍ਹਾਂ ਦਾ ਸਮਾਨ ਵੇਚਣ ਵਾਲੀਆਂ ਕੰਪਨੀਆਂ ਆਪਣਾ ਹਰ ਤਰ੍ਹਾਂ ਦਾ ਸਮਾਨ ਵੇਚਣ ਲਈ ਭਰਮਾਊ ਇਸ਼ਤਿਹਾਰਬਾਜੀ ਰਾਹੀਂ ਖਪਤਕਾਰਾਂ ਦੀ ਆਰਥਿਕ ਲੁੱਟ ਕਰਨ ਵਿੱਚ ਕਾਮਯਾਬ ਹੋ ਹੀ ਜਾਂਦੀਆਂ ਹਨ। ਆਮ ਤੌਰ ਤੇ ਕਿਸੇ ਨਾ ਕਿਸੇ ਤਿਉਹਾਰ ਮੌਕੇ ਜਾਂ ਨਵੇਂ ਸਾਲ ਮੌਕੇ ਇਹਨਾਂ ਵਪਾਰਕ ਕੰਪਨੀਆਂ ਵਲੋਂ ਅਕਸਰ ਆਪਣੇ ਸਮਾਨ ਦੀ ਸੇਲ ਲਗਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਕ ਸਮਾਨ ਖਰੀਦਣ ਤੇ ਇਕ ਹੋਰ ਸਮਾਨ ਮੁਫਤ ਦੇਣ ਦਾ ਲਾਲਚ ਦੇ ਕੇ ਗਾਹਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ।
ਇਹ ਕੰਪਨੀਆਂ ਆਪਣਾ ਪੁਰਾਣਾ ਮਾਲ ਵੇਚਣ ਲਈ ਸੇਲ ਲਗਾਉਣ ਦਾ ਡਰਾਮਾ ਕਰਦੀਆਂ ਹਨ ਅਤੇ ਥੋਕ ਤੇ ਪਰਚੂਨ ਦੁਕਾਨਦਾਰ ਕੰਪਨੀਆਂ ਦੀਆਂ ਇਹਨਾਂ ਨੀਤੀਆਂ ਤੇ ਚਲਦਿਆਂ ਵੱਖ ਵੱਖ ਤਰ੍ਹਾਂ ਦੇ ਸਮਾਨ ਦੀ ਸੇਲ ਜਾਂ ਇਕ ਨਾਲ ਇਕ ਮੁਫਤ ਜਾਂ ਕੁਝ ਫੀਸਦੀ ਰੇਟ ਘਟਾਉਣ ਦੀ ਇਸ਼ਤਿਹਾਰਬਾਜੀ ਕਰਦੇ ਹਨ ਅਤੇ ਆਪਣਾ ਸਮਾਨ ਵੇਚ ਕੇ ਮੁਨਾਫਾ ਕਮਾਉਣ ਵਿੱਚ ਸਫਲ ਹੋ ਜਾਂਦੇ ਹਨ ਜਦੋਂਕਿ ਇਸ ਤਰ੍ਹਾਂ ਵੀ ਇਹਨਾਂ ਕੰਪਨੀਆਂ ਅਤੇ ਦੁਕਾਨਦਾਰਾਂ ਵਲੋਂ ਖਪਤਕਾਰਾਂ ਨੂੰ ਕੋਈ ਲਾਭ ਨਹੀਂ ਦਿੱਤਾ ਜਾਂਦਾ ਬਲਕਿ ਆਪਣਾ ਪੁਰਾਣਾ ਮਾਲ ਵੇਚ ਕੇ ਮੁਨਾਫਾ ਕਮਾ ਲਿਆ ਜਾਂਦਾ ਹੈ।
ਇਹਨਾਂ ਕੰਪਨੀਆਂ ਵਲੋਂ ਆਪਣਾ ਹਰ ਤਰ੍ਹਾਂ ਦਾ ਸਮਾਨ ਵੇਚਣ ਲਈ ਵੱਖ ਵੱਖ ਟੀ ਵੀ ਚੈਨਲਾਂ, ਅਖਬਾਰਾਂ ਅਤੇ ਸੋਸਲ ਮੀਡੀਆ ਦਾ ਸਹਾਰਾ ਲਿਆ ਜਾਂਦਾ ਹੈ, ਜਿਥੇ ਕਿ ਇਹਨਾਂ ਕੰਪਨੀਆਂ ਵਲੋਂ ਬਹੁਤ ਭਰਮਾਊ ਇਸ਼ਤਿਹਾਰਬਾਜੀ ਕੀਤੀ ਜਾਂਦੀ ਹੈ। ਇਹਨਾਂ ਇਸ਼ਤਿਹਾਰਾਂ ਤੋਂ ਭਰਮਿਤ ਹੋ ਕੇ ਅਕਸਰ ਆਮ ਲੋਕ ਬਿਨਾਂ ਲੋੜ ਤੋਂ ਖਰੀਦਦਾਰੀ ਕਰਨ ਲਈ ਪ੍ਰੇਰਿਤ ਹੋ ਜਾਂਦੇ ਹਨ ਅਤੇ ਲੋੜ ਤੋਂ ਵੱਧ ਸਮਾਨ ਦੀ ਖਰੀਦਦਾਰੀ ਕਰ ਲੈਂਦੇ ਹਨ।
ਆਰਥਿਕ ਮਾਹਿਰ ਕਹਿੰਦੇ ਹਨ ਕਿ ਭਾਵੇਂ ਵਪਾਰਕ ਕੰਪਨੀਆਂ ਅਤੇ ਦੁਕਾਨਦਾਰ ਸੇਲ ਲਗਾ ਕੇ ਸਸਤਾ ਮਾਲ ਵੇਚਣ ਅਤੇ ਲੋਕਾਂ ਦਾ ਫਾਇਦਾ ਕਰਨ ਦਾ ਦਾਅਵਾ ਕਰਦੇ ਹਨ ਪਰ ਅਸਲੀਅਤ ਵਿੱਚ ਇਹਨਾਂ ਵਪਾਰਕ ਕੰਪਨੀਆਂ ਅਤੇ ਦੁਕਾਨਦਾਰਾਂ ਵਲੋਂ ਸੇਲ ਰਾਹੀਂ ਵੀ ਆਪਣਾ ਮਾਲ ਵੇਚ ਕੇ ਮੁਨਾਫਾ ਕਮਾਇਆ ਜਾਂਦਾ ਹੈ ਪਰ ਸੇਲ ਦੇ ਲਾਲਚ ਵਿੱਚ ਅਤੇ ਇਕ ਨਾਲ ਇਕ ਸਮਾਨ ਮੁਫਤ ਮਿਲਣ ਦੇ ਲਾਲਚ ਵਿਚ ਅਕਸਰ ਲੋਕ ਬਿਨਾਂ ਲੋੜ ਤੋਂ ਵੀ ਸਮਾਨ ਖਰੀਦ ਲੈਂਦੇ ਹਨ, ਜਿਸ ਕਰਕੇ ਵਪਾਰਕ ਕੰਪਨੀਆਂ ਆਮ ਲੋਕਾਂ ਨੂੰ ਭਰਮਾ ਕੇ ਮੋਟਾ ਮੁਨਾਫਾ ਕਮਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਇਸ ਲਈ ਇਸ ਸੰਬੰਧੀ ਸਰਕਾਰ ਵਲੋਂ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਵਪਾਰਕ ਕੰਪਨੀਆਂ ਵੱਲੋਂ ਕੀਤੀ ਜਾਂਦੀ ਭਰਮਾਊ ਇਸ਼ਤਿਹਾਰਬਾਜੀ ਤੇ ਪਾਬੰਦੀ ਲਗਾਉਣ ਲਈ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।
ਬਿਊਰੋ
Editorial
ਲਗਾਤਾਰ ਵੱਧਦੀ ਦਵਾਈਆਂ ਦੀ ਕੀਮਤ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ
ਅੱਜਕੱਲ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ ਜਿੱਥੇ ਹਰ ਮਹੀਨੇ ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਵਾਸਤੇ ਦਵਾਈਆਂ ਉੱਪਰ ਮੋਟੀ ਰਕਮ ਖਰਚ ਨਾ ਕਰਨੀ ਪੈਂਦੀ ਹੋਵੇ। ਅੱਜ ਕੱਲ ਦੇ ਦੌੜ ਭੱਜ ਵਾਲੇ ਜੀਵਨ ਵਿੱਚ ਆਮ ਲੋਕਾਂ ਉੱਪਰ ਪੈਂਦੇ ਵੱਖ ਵੱਖ ਆਰਥਿਕ, ਸਮਾਜਿਕ ਦਬਾਉ ਅਤੇ ਵਾਤਾਵਰਣ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਖਾਣ ਪੀਣ ਦੀਆਂ ਵਸਤੂਆਂ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਮਿਲਾਵਟ ਨੇ ਹਰ ਵਿਅਕਤੀ ਨੂੰ ਹੀ ਬਿਮਾਰ ਕਰ ਦਿੱਤਾ ਹੈ। ਇਸੇ ਦਾ ਨਤੀਜਾ ਹੈ ਕਿ ਦੇਸ਼ ਭਰ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਆਧੁਨਿਕ ਯੁਗ ਵਿੱਚ ਇੱਕ ਤੋਂ ਬਾਅਦ ਇੱਕ ਹੋਣ ਵਾਲੇ ਨਵੇਂ ਨਵੇਂ ਆਵਿਸ਼ਕਾਰਾਂ ਅਤੇ ਲਗਾਤਾਰ ਹੋਣ ਵਾਲੀਆਂ ਵਿਗਿਆਨਕ ਖੋਜਾਂ ਨੇ ਜਿੱਥੇ ਮਨੁੱਖ ਨੂੰ ਬੈਠੇ ਬਿਆਏ ਸਭ ਕੁੱਝ ਕਰ ਲੈਣ ਦੀ ਸਹੂਲੀਅਤ ਦੇ ਦਿੱਤੀ ਹੈ ਉੱਥੇ ਇਸ ਸਹੂਲੀਅਤ ਨੇ ਮਨੁੱਖ ਨੂੰ ਅੰਦਰ ਹੀ ਅੰਦਰ ਬਹੁਤ ਕਮਜੋਰ ਵੀ ਕਰ ਦਿੱਤਾ ਹੈ ਅਤੇ ਉਸਦੀ ਬਿਮਾਰੀਆਂ ਨਾਲ ਲੜਣ ਦੀ ਤਾਕਤ ਘੱਟ ਹੋ ਗਈ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਹੁਣ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਰੋਟੀ, ਕਪੜਾ ਅਤੇ ਮਕਾਨ ਤੋਂ ਪਹਿਲਾਂ ਸਭ ਤੋਂ ਅਹਿਮ ਲੋੜ ਦਵਾਈਆਂ ਬਣ ਗਈਆਂ ਹਨ ਅਤੇ ਹਰ ਘਰ ਵਿੱਚ ਇਹਨਾਂ ਦੀ ਵੱਡੇ ਪੱਧਰ ਤੇ ਵਰਤੋਂ ਹੁੰਦੀ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਬਿਮਾਰਾਂ ਦੀ ਇਸ ਲਗਾਤਾਰ ਵੱਧਦੀ ਗਿਣਤੀ ਕਾਰਨ ਦਵਾਈਆਂ ਇਸ ਵੇਲੇ ਅਜਿਹੀ ਵਸਤੂ ਬਣ ਚੁੱਕੀਆਂ ਹਨ ਜਿਹਨਾਂ ਨੂੰ ਖਰੀਦਣਾ ਦੇਸ਼ ਵਾਸੀਆਂ ਦੀ ਮਜਬੂਰੀ ਹੈ ਅਤੇ ਇਸਦਾ ਸਿੱਧਾ ਫਾਇਦਾ ਦਵਾਈ ਕੰਪਨੀਆਂ ਨੂੰ ਹੋ ਰਿਹਾ ਹੈ, ਜਿਹੜੀਆਂ ਦਵਾਈਆਂ ਦੇ ਮਨਮਰਜੀ ਦੇ ਦਾਮ ਵਸੂਲ ਕਰਦੀਆਂ ਹਨ ਅਤੇ ਭਾਰੀ ਮੁਨਾਫਾ ਕਮਾਉਂਦੀਆਂ ਹਨ। ਜੀਵਨ ਰਖਿਅਕ ਦਵਾਈਆਂ ਹੋਣ ਜਾਂ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਆਮ ਦਵਾਈਆਂ, ਇਹਨਾਂ ਦੀ ਕੀਮਤ ਲਗਾਤਾਰ ਵੱਧਦੀ ਹੀ ਜਾਂਦੀ ਹੈ ਅਤੇ ਪਿਛਲੇ ਸਮੇਂ ਦੌਰਾਨ ਰੋਜਾਨਾ ਵਰਤੋਂ ਦੀਆਂ ਦਵਾਈਆਂ ਦੀ ਕੀਮਤ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ।
ਦਵਾਈ ਕੰਪਨੀਆਂ ਦੀ ਗੱਲ ਕਰੀਏ ਤਾਂ ਹਾਲਾਤ ਇਹ ਹਨ ਕਿ ਇਹ ਕੰਪਨੀਆਂ ਬ੍ਰਾਂਡਿਡ ਦਵਾਈ ਦੇ ਨਾਮ ਤੇ ਵੇਚੀਆਂ ਜਾਣ ਵਾਲੀਆਂ ਦਵਾਈਆਂ ਨੂੰ ਅਸਲ ਕੀਮਤ ਤੋਂ ਕਈ ਗੁਣਾ ਵੱਧ ਕੀਮਤ ਤੇ ਵੇਚਦੀਆਂ ਹਨ ਜਦੋਂਕਿ ਜੈਨਰਿਕ ਦਵਾਈ ਦੇ ਤੌਰ ਤੇ ਤਿਆਰ ਕੀਤੀਆਂ ਗਈਆਂ ਉਹੀ ਦਵਾਈਆਂ ਬਹੁਤ ਸਸਤੀਆਂ ਵਿਕਦੀਆਂ ਹਨ। ਇਹਨਾਂ ਦਵਾਈ ਕੰਪਨੀਆਂ ਵਲੋਂ ਇਸ ਤਰੀਕੇ ਨਾਲ ਮਨਮਰਜੀ ਦੀਆਂ ਕੀਮਤਾਂ ਤੇ ਦਵਾਈਆਂ ਵੇਚਣ ਲਈ ਡਾਕਟਰਾਂ ਨੂੰ ਮਹਿੰਗੇ ਤੋਹਫੇ (ਜਿਹਨਾਂ ਵਿੱਚ ਮਹਿੰਗੀਆਂ ਕਾਰਾਂ ਅਤੇ ਵਿਦੇਸ਼ਾਂ ਦੇ ਟੂਰ ਵੀ ਸ਼ਾਮਿਲ ਹੁੰਦੇ ਹਨ) ਦਿੰਦੀਆਂ ਹਨ ਤਾਂ ਜੋ ਉਹ ਡਾਕਟਰ ਆਪਣੇ ਕੋਲ ਆਉਣ ਵਾਲੇ ਮਰੀਜਾਂ ਨੂੰ ਉਹਨਾਂ ਦੀ ਕੰਪਨੀ ਦੀਆਂ ਬ੍ਰਾਂਡਿਡ ਦਵਾਈਆਂ ਲਿਖਣ ਅਤੇ ਡਾਕਟਰ ਦੀ ਲਿਖੀ ਦਵਾਈਆ ਖਰੀਦਣਾ ਮਰੀਜ ਦੀ ਮਜਬੂਰੀ ਹੁੰਦੀ ਹੈ।
ਦੇਸ਼ ਵਿੱਚ ਹੁੰਦੀ ਮਹਿਗੀਆਂ ਦਵਾਈਆਂ ਦੀ ਵਿਕਰੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ 2012 ਵਿੱਚ ਤਤਕਾਲੀ ਪ੍ਰਧਾਨਮੰਤਰੀ ਸz. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੀ ਆਮ ਵਰਤੋਂ ਵਿੱਚ ਆਉਂਦੀਆਂ ਵੱਡੀ ਗਿਣਤੀ ਦਵਾਈਆਂ ਦੀ ਬਾਜਾਰ ਕੀਮਤ ਨਿਰਧਾਰਤ ਕਰਨ ਦੀ ਕਾਰਵਾਈ ਆਰੰਭ ਕੀਤੀ ਸੀ ਜਿਸਦੇ ਤਹਿਤ ਵੱਖ ਵੱਖ ਦਵਾਈ ਕੰਪਨੀਆਂ ਵਲੋਂ ਵੱਖ ਵੱਖ ਨਾਵਾਂ ਹੇਠ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਇੱਕਸਾਰ ਕਰਨ ਅਤੇ ਦਵਾਈ ਕੰਪਨੀਆਂ ਦਾ ਮੁਨਾਫਾ ਨਿਰਧਾਰਤ ਕਰਕੇ ਇਹਨਾਂ ਦਵਾਈਆਂ ਦੀ ਕੀਮਤ ਨੂੰ ਹੋਰ ਤਰਕ ਸੰਗਤ ਬਣਾਇਆ ਜਾਣਾ ਸੀ।
ਉਸ ਵੇਲੇ ਇਸ ਸੰਬੰਧੀ ਕਾਰਵਾਈ ਵੀ ਆਰੰਭ ਹੋਈ ਸੀ ਪਰੰਤ੍ਹੂ 2014 ਵਿੱਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਇਹ ਸਾਰਾ ਕੁੱਝ ਵਿਚਾਲੇ ਹੀ ਰਹਿ ਗਿਆ ਅਤੇ ਭਾਜਪਾ ਸਰਕਾਰ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਨਾ ਚੁੱਕੇ ਜਾਣ ਕਾਰਨ ਦਵਾਈ ਕੰਪਨੀਆਂ ਵਲੋਂ ਆਮ ਲੋਕਾਂ ਤੋਂ ਮਨਮਰਜੀ ਦੀ ਕੀਮਤ ਵਸੂਲਣ ਦੀ ਕਰਵਾਈ ਤੋਂ ਆਮ ਲੋਕਾਂ ਨੂੰ ਹੁਣ ਤਕ ਕੋਈ ਰਾਹਤ ਨਹੀਂ ਮਿਲ ਪਾਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਹੁਣ ਤੀਜੇ ਕਾਰਜਕਾਲ ਵਿੱਚ ਦਾਖਿਲ ਹੋ ਗਈ ਹੈ ਅਤੇ ਇਸਦੇ ਪਿਛਲੇ ਸਾਢੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਦਵਾਈਆਂ ਦੀ ਕੀਮਤ ਕਈ ਗੁਨਾ ਤਕ ਵੱਧ ਚੁੱਕੀ ਹੈ ਅਤੇ ਦਵਾਈਆਂ ਦੀ ਕੀਮਤ ਵਿੱਚ ਹੋਏ ਇਸ ਵਾਧੇ ਨੇ ਆਮ ਲੋਕਾਂ ਦਾ ਘਰੋਲੂ ਬਜਟ ਤਕ ਵਿਗਾੜ ਕੇ ਰੱਖ ਦਿੱਤਾ ਹੈ।
ਆਪਣੀ ਜਨਤਾ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣਾ ਕਿਸੇ ਵੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਪਰੰਤੂ ਸਾਡੀ ਮੌਜੂਦਾ ਸਰਕਾਰ ਇਸ ਸੰਬੰਧੀ (ਹੁਣ ਤਕ ਤਾਂ) ਨਾਕਾਮ ਸਾਬਿਤ ਹੋਈ ਹੈ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਆਮ ਲੋਕਾਂ ਦੀ ਦਵਾਈਆਂ ਦੇ ਨਾਮ ਤੇ ਕੀਤੀ ਜਾਂਦੀ ਸਿੱਧੀ ਲੁੱਟ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਏ। ਇਸ ਵਾਸਤੇ ਜਰੂਰੀ ਹੈ ਕਿ ਦਵਾਈ ਕੰਪਨੀਆਂ ਵਲੋਂ ਆਮ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਕੀਤੀ ਜਾਂਦੀ ਮੁਨਾਫੇਖੋਰੀ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲੇ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ