Connect with us

Editorial

ਤਿਉਹਾਰਾਂ ਅਤੇ ਵਿਆਹਾਂ ਦੇ ਸੀਜਨ ਦੌਰਾਨ ਆਏ ਦਿਨ ਲੱਗਦੇ ਧਰਨਿਆਂ ਤੋਂ ਲੋਕ ਪ੍ਰੇਸ਼ਾਨ

Published

on

 

 

ਪੰਜਾਬ ਸਮੇਤ ਪੂਰੇ ਭਾਰਤ ਵਿੱਚ ਇਸ ਸਮੇਂ ਤਿਉਹਾਰੀ ਸੀਜਨ ਦੇ ਨਾਲ ਹੀ ਵਿਆਹਾਂ ਦਾ ਸੀਜਨ ਵੀ ਚੱਲ ਰਿਹਾ ਹੈ। ਇਸ ਦੌਰਾਨ ਜਿਥੇ ਆਏ ਦਿਨ ਵੱਖ ਵੱਖ ਇਲਾਕਿਆਂ ਤੋਂ ਬਾਰਾਤਾਂ ਆਉਂਦੀਆਂ ਜਾਂਦੀਆਂ ਦਿਖਦੀਆਂ ਹਨ, ਉਥੇ ਮੈਰਿਜ ਪੈਲਿਸਾਂ, ਹੋਟਲਾਂ ਅਤੇ ਹੋਰ ਥਾਵਾਂ ਤੇ ਵਿਆਹ ਸਮਾਗਮ ਵੀ ਹੋ ਰਹੇ ਹਨ। ਦੂਜੇ ਪਾਸੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਅਤੇ ਹੋੋਰਨਾਂ ਜਥੇਬੰਦੀਆਂ ਵੱਲੋਂ ਲਗਾਏ ਜਾਂਦੇ ਧਰਨਿਆਂ ਕਾਰਨ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਲੋਕਾਂ ਵਿੱਚ ਧਰਨੇ ਲਗਾਉਣ ਵਾਲੀਆਂ ਕਿਸਾਨ ਅਤੇ ਹੋਰਨਾਂ ਜਥੇਬੰਦੀਆਂ ਖ਼ਿਲਾਫ਼ ਰੋਸ ਫੈਲ ਰਿਹਾ ਹੈ।

ਕਿਸਾਨਾਂ ਵੱਲੋਂ ਸੰਭੂ ਬੈਰੀਅਰ ਦੇ ਡੇਰਾ ਲਗਾਉਣ ਅਤੇ ਦਿੱਲੀ ਟ੍ਰੈਕਟਰ ਟਰਾਲੀਆਂ ਸਮੇਤ ਜਾਣ ਦੀ ਜਿੱਦ ਕਾਰਨ ਹਰਿਆਣਾ ਸਰਕਾਰ ਨੇ ਸੰਭੂ ਬੈਰੀਅਰ ਹੀ ਬੰਦ ਕਰ ਦਿੱਤਾ ਸੀ ਜਿਹੜਾ ਹੁਦੇ ਵੀ ਬੰਦ ਹੈ। ਪੰਜਾਬ ਤੋਂ ਹਰਿਆਣਾ ਰਾਹੀਂ ਦਿੱਲੀ ਜਾਣ ਵਾਲਾ ਦੂਜਾ ਮੁੱਖ ਰਸਤਾ ਵੀ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਧਰਨੇ ਕਾਰਨ ਬੰਦ ਕੀਤਾ ਹੋਇਆ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਜਾਂ ਇਸ ਮਸਲੇ ਦਾ ਹੱਲ ਕੱਢਣ ਦੀ ਥਾਂ ਹਰਿਆਣਾ ਸਰਕਾਰ ਨੇ ਮੁੱਖ ਰਸਤੇ ਹੀ ਬੰਦ ਕਰ ਦਿਤੇ ਹਨ, ਜਿਸ ਕਾਰਨ ਸਿਰਫ਼ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ।

ਹੁਣ ਕਿਸਾਨਾਂ ਵੱਲੋਂ ਫਗਵਾੜਾ ਸ਼ੁੂਗਰ ਮਿੱਲ ਨੇੜੇ ਨੈਸ਼ਨਲ ਹਾਈਵੇ ਤੇ ਵੀ ਪੱਕਾ ਧਰਨਾ ਲਗਾ ਦਿਤਾ ਗਿਆ ਹੈ। ਇਸ ਥਾਂ ਤੇ ਕਿਸਾਨਾਂ ਵੱਲੋਂ ਭਾਵੇਂ ਜਨਤਕ ਆਵਾਜਾਈ ਲਈ ਸਲਿਪ ਰੋਡ ਖੋਲ੍ਹ ਦਿਤੀ ਗਈ ਹੈ ਪਰ ਸਲਿਪ ਰੋਡ ਰਾਹੀਂ ਵਾਹਨ ਘੁੰਮਾਉਣ ਦੌਰਾਨ ਇਸ ਥਾਂ ਲੰਬਾ ਜਾਮ ਲੱਗਿਆ ਰਹਿੰਦਾ ਹੈ। ਇਸ ਜਾਮ ਵਿੱਚ ਅਕਸਰ ਵਿਆਹ ਵਾਲੀਆਂ ਭਾਵ ਡੋਲੀ ਵਾਲੀਆਂ ਕਾਰਾਂ ਵੀ ਫਸੀਆਂ ਨਜ਼ਰ ਆਉਂਦੀਆਂ ਹਨ ਅਤੇ ਜਾਮ ਵਿੱਚ ਫਸੇ ਵਾਹਨਾਂ ਵਿੱਚ ਬੈਠੇ ਲੋਕ ਧਰਨਾ ਕਾਰੀ ਕਿਸਾਨਾਂ ਨੂੰ ਕੋਸਦੇ ਰਹਿੰਦੇ ਹਨ।

ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮਸਲੇ ਕਾਰਨ ਹੀ ਹਰਿਆਣਾ ਸਰਕਾਰ ਨੇ ਪੰਜਾਬ ਤੋਂ ਦਿਲੀ ਜਾਣ ਵਾਲੇ ਦੋਵੇਂ ਮੁੱਖ ਰਸਤੇ ਬੰਦ ਕੀਤੇ ਹੋਏ ਹਨ, ਜਿਸ ਕਾਰਨ ਮਾਲ ਨਾਲ ਲੱਦੇ ਵੱਡੇ ਟਰੱਕਾਂ ਅਤੇ ਟਰਾਲਿਆਂ ਨੂੰ ਵੀ ਪਿੰਡਾਂ ਦੀਆਂ ਲਿੰਕ ਰੋਡਾਂ ਤੋਂ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਇਹਨਾਂ ਲਿੰਕ ਸੜਕਾਂ ਤੇ ਖੱਡੇ ਹੋਣ ਕਾਰਨ ਅਕਸਰ ਗੱਡੀਆਂ ਦੇ ਪਟੇ ਜਾਂ ਐਕਸਲ ਟੁੱਟ ਜਾਂਦੇ ਹਨ। ਕਈ ਵਾਰ ਖੱਡਿਆਂ ਕਾਰਨ ਗੱਡੀਆਂ ਦੇ ਟਾਇਰ ਵੀ ਫੱਟ ਜਾਂਦੇ ਹਨ। ਇਸ ਤੋਂ ਇਲਾਵਾ ਵਾਹਨਾਂ ਦੀ ਹੋਰ ਵੀ ਟੁੱਟ ਭੱਜ ਹੋ ਜਾਂਦੀ ਹੈ। ਇਹਨਾਂ ਲਿੰਕ ਰੋਡਾਂ ਰਾਹੀਂ ਦਿੱਲੀ ਜਾਣ ਆਉਣ ਵਿੱਚ ਸਮਾਂ ਵੀ ਬਹੁਤ ਲੱਗਦਾ ਹੈ।

ਇਹੋ ਹਾਲ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਟੈਕਸੀਆਂ ਦਾ ਹੈ। ਇਹਨਾਂ ਟੈਕਸੀਆਂ ਵਾਲਿਆਂ ਦਾ ਕਹਿਣਾ ਹੈ ਕਿ ਦਿੱਲੀ ਜਾਣ ਲਈ ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਉਹਨਾਂ ਨੂੰ ਵੱਖ ਵੱਖ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਤੋਂ ਜਾਣਾ ਪੈਂਦਾ ਹੈ, ਜਿਸ ਕਾਰਨ ਗੱਡੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਅਕਸਰ ਗੱਡੀਆਂ ਵਿੱਚ ਬੈਠੇ ਐਨ. ਆਰ. ਆਈ. ਲੋਕ ਅਨਜਾਣ ਰਸਤਾ ਹੋਣ ਕਾਰਨ ਡਰਦੇ ਰਹਿੰਦੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਵੱਖ ਵੱਖ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਪੱਕੇ ਧਰਨੇ ਤਾਂ ਲਗਾਏ ਹੀ ਗਏ ਹਨ, ਇਸਦੇ ਨਾਲ ਨਾਲ ਹਰ ਤੀਜੇ ਦਿਨ ਵੱਖ ਵੱਖ ਥਾਵਾਂ ਤੇ ਧਰਨੇ ਲਗਾ ਕੇ ਆਵਾਜਾਈ ਠੱਪ ਕਰ ਦਿਤੀ ਜਾਂਦੀ ਹੈ, ਜਿਸ ਕਾਰਨ ਸਿਰਫ ਆਮ ਲੋਕ ਪ੍ਰੇਸ਼ਾਨ ਹੁੰਦੇ ਹਨ। ਉਹਨਾਂ ਕਿਹਾ ਕਿ ਵਿਆਹਾਂ ਤੇ ਤਿਉਹਾਰਾਂ ਦਾ ਸੀਜਨ ਹੋਣ ਕਰਕੇ ਲੋਕਾਂ ਨੇ ਦੂਜੇ ਸ਼ਹਿਰਾਂ ਵਿੱਚ ਵੀ ਖਰੀਦਦਾਰੀ ਕਰਨ ਜਾਣਾ ਹੁੰਦਾ ਹੈ ਪਰ ਧਰਨਿਆਂ ਕਾਰਨ ਉਹ ਲੋਕ ਰਸਤੇ ਵਿੱਚ ਬਹੁਤ ਖੱਜਲਖੁਆਰ ਹੁੰਦੇ ਹਨ ਅਤੇ ਵਿੱਡੇ ਸ਼ਹਿਰਾਂ ਵਿੱਚ ਖਰੀਦਦਾਰੀ ਕਰਨ ਜਾਣ ਦੀ ਥਾਂ ਆਨਲਾਈਨ ਸਮਾਨ ਮੰਗਾਉਣ ਨੂੰ ਤਰਜੀਹ ਦਿੰਦੇ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਲੋਕਾਂ ਦੀ ਮੰਗ ਹੈ ਕਿ ਵੱਖ ਵੱਖ ਥਾਵਾਂ ਤੇ ਧਰਨੇ ਲਗਾ ਕੇ ਆਵਾਜਾਈ ਠੱਪ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਰੁਝਾਨ ਤੇ ਸਖਤੀ ਨਾਲ ਰੋਕ ਲਗਾਈ ਜਾਵੇ।

 

 

Continue Reading

Editorial

ਕੈਮੀਕਲਾਂ ਨਾਲ ਪਕਾਈਆਂ ਜਾਂਦੀਆਂ ਸਬਜੀਆਂ ਅਤੇ ਫਲਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸਨ

Published

on

By

 

ਅੱਜ ਕੱਲ ਲੋਕ ਆਪਣੀ ਸਿਹਤ ਸੰਭਾਲ ਪੱਖੋਂ ਕਾਫੀ ਜਾਗਰੂਕ ਦਿਖਦੇ ਹਨ ਅਤੇ ਲੋਕ ਆਮ ਗੱਲਬਾਤ ਦੌਰਾਨ ਇਸ ਬਾਰੇ ਗੱਲ ਕਰਦੇ ਅਤੇ ਸਿਹਤ ਲਈ ਨੁਕਸਾਨਦੇਹ ਵਸਤੂਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਵੀ ਨਜਰ ਆਉਂਦੇ ਹਨ। ਇਸ ਦੌਰਾਨ ਲੋਕ ਬਾਜਾਰ ਵਿੱਚ ਵੱਖ ਵੱਖ ਮਸਾਲੇ ਲਗਾ ਕੇ ਪਕਾਏ ਫਲਾਂ, ਕੈਮੀਕਲਾਂ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਜਾਂਦੀਆਂ ਸਬਜੀਆਂ ਅਤੇ ਨਕਲੀ ਦੁੱਧ ਦੀ ਖੁੱਲੇਆਮ ਹੁੰਦੀ ਵਿਕਰੀ ਬਾਰੇ ਵੀ ਚਿੰਤਾ ਜਾਹਿਰ ਕਰਦੇ ਹਨ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਤੇ ਰੋਸ ਵੀ ਜਾਹਿਰ ਕਰਦੇ ਹਨ।

ਇਹ ਚਰਚਾ ਆਮ ਹੁੰਦੀਹੈ ਕਿ ਬਾਜਾਰ ਵਿੱਚ ਵਿਕ ਰਹੇ ਵੱਖ ਵੱਖ ਫਲਾਂ ਨੂੰ ਕਈ ਤਰ੍ਹਾਂ ਦੇ ਮਸਾਲਿਆਂ ਅਤੇ ਹੋਰਨਾਂ ਕੈਮੀਕਲਾਂ ਨਾਲ ਪਕਾਇਆ ਜਾਂਦਾ ਹੈ। ਹਰ ਘਰ ਵਿੱਚ ਖਾਦੇ ਜਾਣ ਵਾਲੇ ਕੇਲਿਆਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਅਜਿਹੇ ਰਸਾਇਣ ਦੇ ਘੋਲ ਵਿੱਚ ਡੁਬਾ ਕੇ ਬਾਹਰ ਕੱਢਿਆ ਜਾਂਦਾ ਹੈ ਜਿਸ ਨਾਲ ਅਗਲੇ ਕੁੱਝ ਘੰਟਿਆਂ ਵਿੱਚ ਹੀ ਇਸਦੇ ਛਿਲਕੇ ਦਾ ਰੰਗ ਹਰੇ ਤੋਂ ਪੀਲਾ ਹੋ ਜਾਂਦਾ ਹੈ ਅਤੇ ਬਾਹਰੋ ਵੇਖਣ ਤੇ ਅਜਿਹਾ ਲੱਗਦਾ ਹੈ ਕਿ ਕੇਲੇ ਦਾ ਫਲਾਂ ਪੂਰੀ ਤਰ੍ਹਾਂ ਤਿਆਰ ਹੈ ਜਦੋਂਕਿ ਅੰਦਰੋਂ ਇਹ ਕੱਚਾ ਹੁੰਦਾ ਹੈ ਅਤੇ ਰਸਾਇਣ ਵਿੱਚ ਡੁਬੋਏ ਜਾਣ ਕਾਰਨ ਇਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਹਾਨੀਕਾਰਕ ਹੁੰਦਾ ਹੈ। ਇਸੇ ਤਰ੍ਹਾਂ ਸੇਬ ਦੇ ਉੱਪਰ ਵੀ ਮੋਮ ਦੀ ਪਰਤ ਚੜ੍ਹਾ ਦਿੱਤੀ ਜਾਂਦੀ ਹੈ ਤਾਂ ਜੋ ਇਸਦੀ ਚਮਕ ਬਣੀ ਰਹੇ ਅਤੇ ਤਰਬੂਜ ਨੂੰ ਲਾਲ ਰੰਗ ਅਤੇ ਸਕਰੀਨ ਦਾ ਟੀਕਾ ਲਗਾ ਕੇ ਬਨਾਵਟੀ ਤੌਰ ਤੇ ਮਿੱਠਾ ਬਣਾਏ ਜਾਣ ਦੀ ਚਰਚਾ ਵੀ ਆਮ ਹੁੰਦੀ ਹੈ।

ਸਬਜੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਤਾਂ ਬੂਟਿਆਂ ਵਿੱਚ ਹੀ ਜਹਿਰ ਘੋਲ ਕੇ ਇਹਨਾਂ ਦਾ ਆਕਾਰ ਵੱਡਾ ਕਰ ਲਿਆ ਜਾਂਦਾ ਹੈ। ਕੱਦੂ, ਘੀਆ, ਖੀਰੇ ਆਦਿ ਦੀਆਂ ਵੇਲਾਂ ਦੀਆਂ ਜੜ੍ਹਾ ਵਿੱਚ ਮੱਝਾਂ ਨੂੰ ਧਾਰ ਚੋਣ ਵੇਲੇ ਲਗਾਇਆ ਜਾਣ ਵਾਲਾ (ਆਕਸੀਟੋਸਿਨ ਦਾ) ਟੀਕਾ ਲਗਾਉਣ ਨਾਲ ਇਹ ਸਬਜੀਆਂ ਰਾਤੋਂ ਰਾਤ ਬਹੁਤ ਵੱਡੇ ਆਕਾਰ ਦੀਆਂ ਹੋ ਜਾਂਦੀਆਂ ਹਨ ਜਿਹੜੀਆਂ ਭਾਵੇਂ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੁੰਦੀਆਂ ਹਨ, ਪਰ ਇਹ ਬਾਜਾਰ ਵਿੱਚ ਆਮ ਵਿਕਦੀਆਂ ਹਨ। ਇਹਨਾਂ ਫਲਾਂ ਅਤੇ ਸਬਜੀਆਂ ਉਪਰ ਪਹਿਲਾਂ ਕਿਸਾਨਾਂ ਵਲੋਂ ਭਾਰੀ ਮਾਤਰਾ ਵਿੱਚ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਅਤੇ ਰਹਿੰਦੀ ਕਸਰ ਸਬਜੀਆਂ ਅਤੇ ਫਲਾਂ ਦੇ ਵਪਾਰੀ ਅਤੇ ਦੁਕਾਨਦਾਰ ਪੂਰੀ ਕਰ ਦਿੰਦੇ ਹਨ ਜੋ ਇਹਨਾਂ ਫਲਾਂ ਅਤੇ ਕੱਚੀਆਂ ਸਬਜੀਆਂ ਨੂੰ ਕੈਮੀਕਲਾਂ, ਰਸਾਇਣਾਂ, ਮਸਾਲਿਆਂ ਨਾਲ ਪਕਾ ਕੇ ਵੇਚਦੇ ਹਨ ਅਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ।

ਇਸ ਸਾਰੇ ਕੁੱਝ ਦੀ ਜਾਣਕਾਰੀ ਹਰ ਕਿਸੇ ਨੂੰ ਹੋਣ ਦੇ ਬਾਵਜੂਦ ਇਹ ਕੰਮ ਖੁੱਲੇਆਮ ਕੀਤਾ ਜਾਂਦਾ ਹੈ। ਅਸਲ ਵਿੱਚ ਸਾਡੇ ਦੇਸ਼ ਦਾ ਸਿਸਟਮ ਹੀ ਅਜਿਹਾ ਹੈ ਕਿ ਆਮ ਲੋਕਾਂ ਨੂੰ ਆਪਣੇ ਆਸ ਪਾਸ ਹੋਣ ਵਾਲੇ ਗਲਤ ਕੰਮਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਹ ਖੁੱਲੇਆਮ ਅੰਜਾਮ ਦਿੱਤੇ ਜਾਂਦੇ ਹਨ। ਰਹਿੰਦੀ ਕਸਰ ਰੇਹੜੀ ਫੜੀ ਵਾਲਿਆਂ ਅਤੇ ਛੋਟੇ ਦੁਕਾਨਦਾਰ ਵਲੋਂ ਪੂਰੀ ਕਰ ਦਿੱਤੀ ਜਾਂਦੀ ਹੈ ਜਿਹੜੇ ਸਬਜੀਆਂ ਅਤੇ ਫਲਾਂ ਨੂੰ ਤਾਜਾ ਅਤੇ ਚਮਕਦਾਰ ਦਿਖਾਉਣ ਲਈ ਇਹਨਾਂ ਨੂੰ ਸਰਫ, ਸਂੈਪੂ ਜਾਂ ਕਿਸੇ ਹੋਰ ਕੈਮੀਕਲ ਦੇ ਪਾਣੀ ਵਿੱਚ ਧੋਂਦੇ ਰਹਿੰਦੇ ਹਨ, ਜਿਸ ਨਾਲ ਫਲ ਅਤੇ ਸਬਜੀਆਂ ਚਮਕਣ ਤਾਂ ਲਗ ਜਾਂਦੇ ਹਨ ਪਰ ਸਰਫ, ਸਂੈਪੁੂ ਅਤੇ ਕੈਮੀਕਲ ਦੇ ਅਸਰ ਨਾਲ ਫਲ ਮਨੁੱਖੀ ਸਿਹਤ ਲਈ ਹੋਰ ਵੀ ਖਤਰਨਾਕ ਹੋ ਜਾਂਦੇ ਹਨ। ਕੱਚੇ ਫਲਾਂ ਅਤੇ ਸਬਜੀਆਂ ਨੂੰ ਰਸਾਇਣਾਂ ਨਾਲ ਪਕਾ ਕੇ ਵੇਚਣ ਵਾਲੇ ਦੁਕਾਨਦਾਰ ਖੁਦ ਤਾਂ ਮੋਟੀ ਕਮਾਈ ਕਰਦੇ ਹਨ, ਪਰ ਜਿਹੜੇ ਲੋਕ ਇਹ ਸੋਚ ਕੇ ਇਹਨਾਂ ਫਲਾਂ ਤੇ ਹਰੀਆਂ ਸਬਜੀਆਂ ਨੂ ੰਖਰੀਦ ਕੇ ਖਾਂਦੇ ਹਨ ਕਿ ਇਹ ਸਬਜੀਆਂ ਅਤੇ ਫਲ ਉਹਨਾਂ ਦੀ ਸਿਹਤ ਲਈ ਲਾਭਦਾਇਕ ਹਨ, ਉਹ ਅਸਲ ਵਿੱਚ ਆਪਣੇ ਅਤੇ ਪਰਿਵਾਰ ਵਾਸਤੇ ਜਹਿਰ ਖਰੀਦ ਰਹੇ ਹੁੰਦੇ ਹਨ ਅਤੇ ਇਹ ਧੀਮਾ ਜਹਿਰ ਲੋਕਾਂ ਦੇ ਸ਼ਰੀਰ ਵਿੱਚ ਲਗਾਤਾਰ ਪਹੁੰਚਦਾ ਰਹਿੰਦਾ ਹੈ।

ਲੋਕ ਆਮ ਗੱਲ ਕਰਦੇ ਹਨ ਕਿ ਬਾਜਾਰ ਵਿੱਚ ਵਿਕਦੇ ਫਲਾਂ ਅਤੇ ਸਬਜੀਆਂ ਵਿੱਚੋਂ ਜਿਆਦਾਤਰ ਨੂੰ ਹਾਨੀਕਾਰਕ ਰਸਾਇਣਾਂ ਨਾਲ ਪਕਾ ਕੇ ਵੇਚਿਆ ਜਾਂਦਾ ਹੈ ਅਤੇ ਇਹਨਾਂ ਫਲਾਂ ਅਤੇ ਸਬਜੀਆਂ ਦੇ ਨਾਲ ਨਾਲ ਇਹਨਾਂ ਹਾਨੀਕਾਰਕ ਰਸਾਇਣਾਂ ਦਾ ਅਸਰ ਵੀ ਇਹਨਾਂ ਨੂੰ ਖਾਣ ਵਾਲੇ ਲੋਕਾਂ ਦੇ ਸਰੀਰ ਅੰਦਰ ਜਾ ਕੇ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰੰਤੂ ਆਮ ਲੋਕਾਂ ਵਲੋਂ ਜਾਹਿਰ ਕੀਤੀ ਜਾਂਦੀ ਇਸ ਚਿੰਤਾ ਦੇ ਹਲ ਲਈ ਪ੍ਰਸ਼ਾਸ਼ਨ ਵਲੋਂ ਲੋੜੀਂਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਬਾਜਾਰ ਵਿੱਚ ਮਸਾਲਿਆਂ, ਰਸਾਇਣਾਂ, ਕੈਮੀਕਲਾਂ ਨਾਲ ਪਕਾਏ ਹੋਏ ਫਲਾਂ ਅਤੇ ਸਬਜੀਆਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਸੰਬੰਧੀ ਪ੍ਰਸ਼ਾਸਨ ਨੂੰ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਇਸ ਵਰਤਾਰੇ ਤੇ ਸਖਤੀ ਨਾਲ ਰੋਕ ਲਗਾਊਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਰੋਕ ਲੱਗੇ।

 

Continue Reading

Editorial

ਆਖਿਰ ਕਦੋਂ ਤੱਕ ਮੰਡੀਆਂ ਵਿੱਚ ਰੁਲਦਾ ਰਹੇਗਾ ਅੰਨਦਾਤਾ?

Published

on

By

 

ਵਿਰੋਧੀ ਪਾਰਟੀਆਂ ਸਰਕਾਰ ਤੇ ਲਗਾ ਰਹੀਆਂ ਹਨ ਕਈ ਤਰ੍ਹਾਂ ਦੇ ਇਲਜਾਮ

ਪੰਜਾਬ ਵਿੱਚ ਝੋਨੇ ਦੀ ਫਸਲ ਦੀ ਵਿਕਰੀ ਦਾ ਸੀਜਨ ਚੱਲ ਰਿਹਾ ਹੈ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵਿਕਰੀ ਲਈ ਪਹੁੰਚਿਆ ਹੋਇਆ ਹੈ ਅਤੇ ਕਿਸਾਨਾਂ ਦੀ ਫਸਲ ਦੀ ਵਿਕਰੀ ਦਾ ਕੰਮ ਠੀਕ ਢੰਗ ਨਾਲ ਨਾ ਚਲਣ ਕਾਰਨ ਕਿਸਾਨਾਂ ਨੂੰ ਖੱਜਲਖੁਆਰ ਹੋਣਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਝੋਨਾ ਖਰੀਦਿਆਂ ਨਹੀਂ ਜਾ ਰਿਹਾ ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਇਸ ਕਾਰਨ ਕਿਸਾਨਾਂ ਵਿੱਚ ਪੰਜਾਬ ਦੀ ਆਪ ਸਰਕਾਰ ਖਿਲਾਫ ਰੋਸ ਪੈਦਾ ਹੋ ਰਿਹਾ ਹੈ।

ਕਿਸਾਨ ਜਥੇਬੰਦੀਆਂ ਤਾਂ ਇਹ ਵੀ ਦੋਸ਼ ਲਗਾ ਰਹੀਆਂ ਹਨ ਕਿ ਪੰਜਾਬ ਸਰਕਾਰ ਵੱਲੋਂ ਹੁਣ ਤਕ ਮੰਡੀਆਂ ਵਿੱਚ ਝੋਨੇ ਦੀ ਖਰੀਦ ਹੀ ਸ਼ੁਰੂ ਨਹੀਂ ਕੀਤੀ ਗਈ, ਜਦੋਂ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਹੀ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਹੁਣ ਤਕ 90 ਫੀਸਦੀ ਝੋਨਾ ਖਰੀਦਿਆ ਵੀ ਜਾ ਚੁਕਿਆ ਹੈ। ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਪੰਜਾਬ ਸਰਕਾਰ ਦੇ ਝੋਨੇ ਦੀ ਖਰੀਦ ਦੇ ਦਾਅਵੇ ਕਾਗਜੀ ਹੀ ਹਨ ਅਤੇ ਪੰਜਾਬ ਸਰਕਾਰ ਨੇ ਸਿਰਫ ਕਾਗਜਾਂ ਵਿੱਚ ਹੀ ਝੋਨੇ ਦੀ ਖਰੀਦ ਕੀਤੀ ਹੈ।

ਇਸ ਦੌਰਾਨ ਮੀਡੀਆ ਵਿੱਚ ਆਏ ਦਿਨ ਵੱਖ ਵੱਖ ਮੰਡੀਆਂ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ, ਜਿਥੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨ ਝੋਨੇ ਦੀ ਖਰੀਦ ਦਾ ਇੰਤਜਾਰ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਅਨੁਸਾਰ ਕਿਸਾਨ ਮੰਡੀਆਂ ਵਿੱਚ ਰਾਤ ਨੂੰ ਝੋਨੇ ਦੀਆਂ ਬੋਰੀਆਂ ਤੇ ਹੀ ਸੌਣ ਲਈ ਮਜਬੂਰ ਹਨ। ਕਿਸਾਨ ਆਗੁੂ ਕਹਿ ਰਹੇ ਹਨ ਕਿ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਹੀ ਨਹੀਂ ਹੋ ਰਹੀ ਅਤੇ ਮੰਡੀਆਂ ਵਿੱਚ ਬਾਰਦਾਨੇ ਦੀ ਵੀ ਘਾਟ ਹੈ। ੳਬਹ ਕਹਿੰਦੇ ਹਨ ਕਿ ਮੰਡੀਆਂ ਵਿੱਚ ਨਾ ਬਾਰਦਾਨਾ ਹੈ, ਨਾ ਲਿਫ਼ਟਿੰਗ ਹੋ ਰਹੀ ਹੈ ਤੇ ਨਾ ਹੀ ਖ਼ਰੀਦ ਹੋ ਰਹੀ ਹੈ। ਇਸਦੇ ਨਾਲ ਹੀ ਡੀ. ਏ. ਪੀ. ਖਾਦ ਨਾ ਮਿਲਣ ਕਰਕੇ ਕਿਸਾਨਾਂ ਨੂੰ ਕਣਕ ਦੀ ਫਸਲ ਦੇ ਨੁਕਸਾਨੇ ਜਾਣ ਦਾ ਡਰ ਵੀ ਸਤਾ ਰਿਹਾ ਹੈ। ਕਿਸਾਨ ਆਗੂ ਕਹਿੰਦੇ ਹਨ ਕਿ ਹੁਣ ਜਦੋਂ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਪਈ ਹੈ ਤਾਂ ਸਰਕਾਰ ਇੰਤਜ਼ਾਮ ਕਰਨ ਤੇ ਲੱਗੀ ਹੋਈ ਹੈ ਅਤੇ ਪਹਿਲਾਂ ਸਰਕਾਰ ਕਿੱਥੇ ਸੀ? ਕਿਸਾਨ ਆਗੂ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ ਪੰਜਾਬ ਵਿੱਚ ਬਦਲਾਓ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਕੀ ਇਹ ਹੀ ਬਦਲਾਓ ਹੈ ਕਿ ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ ਵਿੱਚ ਰੁਲ਼ ਰਹੀ ਹੈ।

ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਪੰਜਾਬ ਸਰਕਾਰ ਸੂਬੇ ਵਿੱਚ ਝੋਨੇ ਦੀ ਖਰੀਦ ਕਰਨ ਵਿੱਚ ਫੇਲ ਹੋ ਗਈ ਹੈ। ਕਾਂਗਰਸੀ ਆਗੂ ਦਾਅਵਾ ਕਰਦੇ ਹਨ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਨਹੀਂ ਸੀ ਪੈਂਦਾ ਅਤੇ ਕਿਸਾਨਾਂ ਦੀ ਫਸਲ ਦੀ ਤੁਰੰਤ ਖਰੀਦ ਹੋ ਜਾਂਦੀ ਸੀ। ਕਾਂਗਰਸੀ ਆਗੂਆਂ ਅਨੁਸਾਰ ਪੰਜਾਬ ਦੀ ਸੱਤਾ ਅਨਜਾਣ ਲੋਕਾਂ ਦੇ ਹਥ ਆ ਗਈ ਹੈ ਅਤੇ ਉਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਇਸੇ ਤਰ੍ਹਾਂ ਕਈ ਅਕਾਲੀ ਆਗੂ ਵੀ ਝੋਨੇ ਦੇ ਮਾਮਲੇ ਤੇ ਸਰਕਾਰ ਨੂੰ ਘੇਰ ਰਹੇ ਹਨ। ਅਕਾਲੀ ਆਗੂ ਵੀ ਕਹਿ ਰਹੇ ਹਨ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ।

ਮੌਜੂਦਾ ਹਾਲਤ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਜੇਕਰ ਸਰਕਾਰ ਵਲੋਂ 1 ਅਕਤੂਬਰ ਤੋਂ ਹੀ ਝੋਨੇ ਦੀ ਖਰੀਦ ਦਾ ਕੰਮ ਆਰੰਭ ਕਰ ਦਿੱਤਾ ਗਿਆ ਸੀ ਫਿਰ ਕਿਸਾਨਾਂ ਨੂੰ ਖੱਜਲਖੁਆਰ ਕਿਉਂ ਹੋਣਾ ਪੈ ਰਿਹਾ ਹੈ ਅਤੇ ਵੱਡਾ ਸਵਾਲ ਇਹ ਹੈ ਕਿ ਸਰਕਾਰ ਦੀਆ ਗਲਤੀਆਂ ਕਾਰਨ ਅੰਨਦਾਤਾ ਨੁੰ ਆਖਿਰ ਕਦੋਂ ਤਕ ਮੰਡੀਆਂ ਵਿੱਚ ਰੁਲਣਾ ਪਵੇਗਾ।

Continue Reading

Editorial

ਦੇਸ਼ ਨੂੰ ਖੋਖਲਾ ਕਰ ਰਿਹਾ ਹੈ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ

Published

on

By

 

ਸਾਡੇ ਦੇਸ਼ ਵਿੱਚ ਹਰ ਪਾਸੇ ਲਗਾਤਾਰ ਵੱਧਦਾ ਭ੍ਰਿਸ਼ਟਾਚਾਰ ਹੁਣ ਇੱਕ ਅਜਿਹਾ ਘੁਣ ਬਣ ਗਿਆ ਹੈ ਜਿਹੜਾ ਸਾਡੀਆਂ ਜੜ੍ਹਾਂ ਨੂੰ ਲਗਾਤਾਰ ਖੋਖਲਾ ਕਰਦਾ ਜਾ ਰਿਹਾ ਹੈ। ਪਿਛਲੇ ਕੁੱਝ ਦਹਾਕਿਆਂ ਦੌਰਾਨ ਵੱਖ- ਵੱਖ ਸਰਕਾਰੀ ਵਿਭਾਗਾਂ ਵਿੱਚ ਫੈਲੀ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਟੱਪ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਜਾਇਜ ਕੰਮਾਂ ਕਾਰਾਂ ਲਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ। ਉੱਪਰ ਤਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਆਮ ਆਦਮੀ ਦੀ ਕਿਤੇ ਸੁਣਵਾਈ ਵੀ ਨਹੀਂ ਹੁੰਦੀ।

ਹੁਣ ਤਾਂ ਦੇਸ਼ ਦੀ ਸੁਰਖਿਆ ਕਰਨ ਵਾਲੀ ਭਾਰਤੀ ਫੌਜ ਅਤੇ ਰਖਿਆ ਵਿਭਾਗ ਉੱਪਰ ਵੀ ਭ੍ਰਿਸ਼ਟਾਚਾਰ ਦਾ ਇਹ ਪਰਛਾਵਾਂ ਪੈ ਚੁਕਿਆ ਹੈ ਅਤੇ ਸਮੇਂ ਸਮੇਂ ਤੇ ਵੱਖ ਵੱਖ ਰਖਿਆ ਸੌਦਿਆਂ ਵਿੱਚ ਦਲਾਲੀ ਹੋਣ ਦੀਆਂ ਖਬਰਾਂ ਵੀ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ। ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਇਹ ਅਮਲ ਸਿਰਫ ਸਰਕਾਰੀ ਅਦਾਰਿਆਂ ਤਕ ਹੀ ਸੀਮਿਤ ਨਹੀਂ ਹੈ ਬਲਕਿ ਭ੍ਰਿਸ਼ਟਾਚਾਰ ਦੀ ਇਸ ਬਿਮਾਰੀ ਵਿੱਚ ਨਿੱਜੀ ਅਦਾਰਿਆਂ ਦੇ ਕਰਮਚਾਰੀ ਅਤੇ ਅਧਿਕਾਰੀ ਵੀ ਪੂਰੀ ਤਰ੍ਹਾਂ ਜਕੜੇ ਗਏ ਹਨ। ਅਜਿਹੀਆਂ ਕੰਪਨੀਆਂ ਜਿਹੜੀਆਂ ਆਪਣੇ ਕੰਮ ਕਾਜ ਲਈ ਹੋਰਨਾਂ ਲੋਕਾਂ ਤੋਂ ਠੇਕੇ ਤੇ ਕੰਮ ਕਰਵਾਉਂਦੀਆਂ ਹਨ ਜਾਂ ਆਪਣੇ ਉਤਪਾਦਾਂ ਲਈ ਬਾਜਾਰ ਤੋਂ ਸਾਮਾਨ ਖਰੀਦਦਆਂ ਹਨ, ਉਹਨਾਂ ਦੇ ਸੰਬੰਧਿਤ ਅਧਿਕਾਰੀਆਂ ਉੱਪਰ ਮੋਟੀ ਰਿਸ਼ਵਤ ਖਾਣ ਦੇ ਇਲਜਾਮ ਆਮ ਲੱਗਦੇ ਹਨ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

ਇਸ ਵੇਲੇ ਹਾਲਾਤ ਇਹ ਹਨ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੀਆਂ ਜੜ੍ਹਾਂ ਹਰ ਪਾਸੇ ਫੈਲ ਚੁੱਕੀਆਂ ਹਨ ਅਤੇ ਬੱਚੇ ਦੇ ਜਨਮ ਤੋਂ ਲੈ ਕੇ ਇਨਸਾਨ ਦੀ ਮੌਤ ਤਕ ਦੇ ਸਫਰ ਦੌਰਾਨ ਭ੍ਰਿਸ਼ਟਾਚਾਰ ਦਾ ਇਹ ਕੋਹੜ ਉਸਦੇ ਨਾਲ ਨਾਲ ਹੀ ਚਲਦਾ ਹੈ। ਬੱਚੇ ਦੇ ਜਨਮ ਵੇਲੇ ਨਰਸਾਂ ਅਤੇ ਹੋਰ ਸਟਾਫ ਵਲੋਂ ਨਵਜੰਮੇ ਬੱਚੇ ਦੇ ਪਰਿਵਾਰ ਵਾਲਿਆਂ ਤੋਂ ਜਿਹੜੀ ਵਧਾਈ ਵਸੂਲੀ ਜਾਂਦੀ ਹੈ ਉਹ ਵੀ ਭ੍ਰਿਸ਼ਟਾਚਾਰ ਦਾ ਇਕ ਰੂਪ ਹੈ। ਫਿਰ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣ, ਕਿਸੇ ਚੰਗੇ ਸਕੂਲ ਵਿਚ ਦਾਖਲ ਕਰਵਾਉਣ, ਉਚੇਰੀ ਵਿਦਿਆ ਪ੍ਰਾਪਤੀ ਕਰਨ ਲਈ ਦਾਖਲਾ ਦਿਵਾਉਣ, ਨੌਕਰੀ ਪ੍ਰਾਪਤ ਕਰਨ ਜਾਂ ਕੋਈ ਕੰਮ ਧੰਦਾ ਚਲਾਉਣ, ਕਰਜਾ ਲੈਣ, ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਆਪਣੇ ਕੰਮ ਕਰਵਾਉਣ ਲਈ ਭ੍ਰਿੈਟਾਚਾਰ ਦਾ ਸਹਾਰਾ ਲੈਣਾ ਪੈਂਦਾ ਹੈ।

ਬਾਅਦ ਵਿੱਚ ਜਦੋਂ ਵਿਕਅਤੀ ਖੁਦ ਕਮਾਉਣ ਲੱਗ ਜਾਂਦਾ ਹੈ, ਉਦੋਂ ਤਕ ਉਹ ਖੁਦ ਵੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਿਆ ਹੁੰਦਾ ਹੈ। ਆਪਣੀਆਂ ਟੈਕਸ ਦੇਣਦਾਰੀਆਂ ਬਚਾਉਣ ਲਈ ਉਹ ਕਈ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਜਮਾਉਂਦਾ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਸਫਰ ਲਗਾਤਰ ਚਲਦਾ ਰਹਿੰਦਾ ਹੈ। ਬਾਅਦ ਵਿੱਚ ਫਿਰ ਉਹੀ ਵਿਅਕਤੀ ਆਪਣੀ ਔਲਾਦ ਵਾਸਤੇ ਭਿਸ਼ਟਾਚਾਰ ਦੇ ਨਵੇਂ ਚੱਕਰ ਵਿੱਚ ਉਲਝ ਜਾਂਦਾ ਹੈ ਅਤੇ ਆਪਣਾ ਕੋਈ ਵੀ ਵੱਡਾ ਛੋਟਾ ਕੰਮ ਕਢਵਾਉਣ ਲਈ ਸੰਬੰਧਿਤ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਦੀ ਅਦਾਇਗੀ ਕਰਦਾ ਹੈ। ਇਹ ਸਿਲਸਿਲਾ ਲਗਾਤਾਰ ਚਲਦਾ ਹੀ ਰਹਿੰਦਾ ਹੈ ਅਤੇ ਵਿਅਕਤੀ ਦੀ ਮੌਤ ਹੋਣ ਤਕ ਭ੍ਰਿਸ਼ਟਾਚਾਰ ਉਸਦਾ ਪਿੱਛਾ ਨਹੀਂ ਛੱਡਦਾ। ਹੁਣ ਤਾਂ ਭਗਵਾਨ ਦਾ ਘਰ ਵੀ ਇਸਤੋਂ ਬਚਿਆ ਹੋਇਆ ਨਹੀਂ ਹੈ ਅਤੇ ਅਤੇ ਸਾਡੇ ਧਰਮ ਅਸਥਾਨ ਵੀ ਇਸ ਭ੍ਰਿਸ਼ਟਾਚਾਰ ਦੀ ਮਾਰ ਹੇਠ ਆ ਚੁੱਕੇ ਹਨ, ਜਿੱਥੇ ਪਾਠ ਪੂਜਾ ਦੀ ਵਾਰੀ ਪਹਿਲਾਂ ਹਾਸਿਲ ਕਰਨ ਲਈ ਰਿਸ਼ਵਤ ਦੇਣੀ ਪੈਂਦੀ ਹੈ।

ਇਸ ਪੱਖੋਂ ਤ੍ਰਾਸਦੀ ਇਹ ਵੀ ਹੈ ਕਿ ਹਰ ਵਾਰ ਵਾਰੀ ਬਦਲ ਕੇ ਦੇਸ਼ ਅਤੇ ਸੂਬਿਆਂ ਦੀ ਸੱਤਾ ਤੇ ਰਾਜ ਕਰਨ ਵਾਲੀਆਂ ਸਾਡੀਆਂ ਸਿਆਸੀ ਪਾਰਟੀਆਂ (ਜਿਹੜੀਆਂ ਆਮ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਕੇ ਵੋਟਾਂ ਮੰਗਦੀਆਂ ਹਨ) ਵਿੱਚ ਇਹ ਬਿਮਾਰੀ ਕੁੱਝ ਜਿਆਦਾ ਹੀ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਚੰਦਾ ਲੈਣ ਦੇ ਨਾਮ ਤੇ ਵੱਡੇ ਪੱਧਰ ਤੇ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੀਆਂ ਖਬਰਾਂ ਆਮ ਹਨ। ਇਹਨਾਂ ਸਿਆਸੀ ਪਾਰਟੀਆਂ ਉੱਪਰ ਚੋਣਾਂ ਦੋਰਾਨ ਚਾਹਵਾਨ ਉਮੀਦਵਾਰਾਂ ਤੋਂ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਇਲਜਾਮ (ਜਿਹੜੇ ਇਹਨਾਂ ਹੀ ਪਾਰਟੀਆਂ ਦੇ ਨਾਰਾਜ ਆਗੂਆਂ ਵਲੋਂ ਲਗਾਏ ਜਾਂਦੇ ਹਨ) ਵੀ ਆਮ ਲੱਗਦੇ ਹਨ ਅਤੇ ਸਿਆਸੀ ਪਾਰਟੀਆਂ ਅਤੇ ਇਹਨਾਂ ਦੇ ਆਗੂਆਂ ਵਲੋਂ ਚੋਣ ਜਿੱਤਣ ਲਈ ਇਹਨਾਂ ਹਰ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਪਣਾਏ ਜਾਂਦੇ ਹਨ।

ਦੇਸ਼ ਅਤੇ ਸਮਾਜ ਵਿੱਚ ਹਰ ਪਾਸੇ ਫੈਲ ਚੁੱਕੇ ਇਸ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੇ ਹੁਣ ਬਹੁਤ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ ਅਤੇ ਇਹ ਉਹ ਬਿਮਾਰੀ ਹੈ ਜਿਹੜੀ ਸਾਡੇ ਪੂਰੇ ਢਾਂਚੇ ਨੂੰ ਤਬਾਹ ਕਰ ਰਹੀ ਹੈ। ਜਿਸ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਦੇ ਆਗੂ ਹੀ ਭ੍ਰਿਸ਼ਟ ਹੋਣ ਉਸਦਾ ਵਿਕਾਸ ਭਲਾ ਕਿਵੇਂ ਸੰਭਵ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਘੁਣ ਸਾਡੇ ਦੇਸ਼ ਨੂੰ ਅੰਦਰੋ ਖੋਖਲਾ ਕਰਦਾ ਆ ਰਿਹਾ ਹੈ। ਇਸਤੇ ਕਾਬੂ ਕਰਨ ਲਈ ਜਨਤਾ ਨੂੰ ਹੀ ਅੱਗੇ ਆਊਣਾ ਪੈਣਾ ਹੈ ਕਿਉਂਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਇੱਕ ਦਿਨ ਇਸਨੇ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਾ ਹੈ।

 

Continue Reading

Latest News

Trending