Connect with us

Chandigarh

ਬਾਦਲ ਪਰਿਵਾਰ ਦੀ ਸਿਆਸਤ ਬਚਾਉਣ ਲਈ ਸਿੱਖ ਸਿਧਾਂਤਾਂ ਨੂੰ ਛਿੱਕੇ ਤੇ ਟੰਗਿਆ : ਅਮਨਜੋਤ ਕੌਰ ਰਾਮੂੰਵਾਲੀਆ

Published

on

 

ਚੰਡੀਗੜ੍ਹ, 25 ਅਕਤੂਬਰ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਸਿਆਸਤ ਬਚਾਉਣ ਲਈ ਸਿੱਖ ਸਿਧਾਂਤਾਂ ਨੂੰ ਛਿੱਕੇ ਤੇ ਟੰਗਿਆ ਗਿਆ ਹੈ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਦੇ ਸਿਧਾਂਤਾਂ ਨਾਲ ਸਥਾਪਿਤ ਕੀਤੀ ਹੋਈ ਉਹ ਸੰਸਥਾ ਹੈ ਜਿਸ ਅੱਗੇ ਹਰੇਕ ਸਿੱਖ ਸਿਰ ਝੁਕਾਉਂਦਾ ਤੇ ਉਸਦੇ ਹੁਕਮ ਨੂੰ ਇਲਾਹੀ ਮੰਨਦਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਬਚਾਉਣ ਲਈ ਜਿਸ ਤਰ੍ਹਾਂ ਜਥੇਦਾਰਾਂ ਨੂੰ ਧਮਕਾਇਆ ਗਿਆ ਤੇ ਉਸ ਤੋਂ ਬਾਅਦ ਹੋਇਆ ਘਟਨਾਕਰਮ ਬਹੁਤ ਹੀ ਅਫਸੋਸਨਾਕ ਹੈ।

ਉਹਨਾਂ ਕਿਹਾ ਹੁਣ ਅਕਾਲੀ ਦਲ ਲੋਕ ਮਨਾ ਵਿੱਚੋਂ ਉਤਰ ਚੁੱਕਾ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਬਹਾਨਾ ਲਾ ਕੇ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨਾ ਤੇ ਅਕਾਲ ਤਖਤ ਸਾਹਿਬ ਦਾ ਨਾਮ ਵਰਤਣਾ ਇਹ ਘਟੀਆ ਰਾਜਨੀਤੀ ਹੈ ਅਤੇ ਸਿਰਫ ਇੱਕ ਪਰਿਵਾਰ ਦੀ ਸਿਆਸਤ ਬਚਾਉਣ ਲਈ 124 ਸਾਲ ਪੁਰਾਣੀ ਪਾਰਟੀ ਨੂੰ ਫਨਾਹ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ, ਸਮਾਜਵਾਦੀਪਾਰਟੀ, ਤ੍ਰਿਣਮੂਲ ਕਾਂਗਰਸ ਜਾਂ ਆਮ ਪਾਰਟੀ ਵਾਂਗੂੰ ਇੱਕ ਸਧਾਰਨ ਰਾਜਨੀਤਿਕ ਪਾਰਟੀ ਨਹੀਂ ਹੈ ਬਲਕਿ ਸ਼ਹਾਦਤਾਂ ਤੋਂ ਨਿਕਲੀ ਇੱਕ ਧਾਰਮਿਕ ਪਾਰਟੀ ਹੈ ਜਿਸ ਦਾ ਮੁੱਢਲਾ ਫਰਜ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਤੇ ਉਸ ਤੇ ਪਹਿਰਾ ਦੇਣਾ ਹੈ, ਜਦਕਿ ਅਜੋਕੀ ਆਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਜ਼ਰ ਅੰਦਾਜ ਕਰਕੇ ਬਾਦਲ ਪਰਿਵਾਰ ਦੀ ਸਿਆਸਤ ਬਚਾਉਣ ਲਈ ਜੋ ਖੇਡਾਂ ਖੇਡ ਰਹੀ ਹੈ ਉਸ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।

Continue Reading

Chandigarh

ਵਿਜੀਲੈਂਸ ਬਿਊਰੋ ਵੱਲੋਂ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਭਗੌੜਾ ਗੁਲਸ਼ਨ ਜੈਨ ਗ੍ਰਿਫ਼ਤਾਰ

Published

on

By

 

2019 ਵਿੱਚ ਕੀਤਾ ਗਿਆ ਸੀ ਭਗੌੜਾ ਘੋਸ਼ਿਤ, ਵਿਜੀਲੈਂਸ ਬਿਊਰੋ ਨੇ ਮੁਲਜ਼ਮ ਦਾ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ

ਚੰਡੀਗੜ੍ਹ, 25 ਅਕਤੂਬਰ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਏ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਭਗੌੜੇ ਗੁਲਸ਼ਨ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਲਸ਼ਨ ਜੈਨ ਨੂੰ ਅਦਾਲਤ ਨੇ ਸਾਲ 2019 ਵਿੱਚ ਭਗੌੜਾ ਕਰਾਰ ਦਿੱਤਾ ਸੀ।

ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਦੇ ਵਸਨੀਕ ਗੁਲਸ਼ਨ ਜੈਨ ਨੂੰ ਐਫ. ਆਈ .ਆਰ. ਨੰਬਰ 44 ਮਿਤੀ 5. 4. 2018 ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕੇਸ ਪੁਲੀਸ ਥਾਣਾ ਜੰਡਿਆਲਾ ਗੁਰੂ (ਅੰਮ੍ਰਿਤਸਰ ਦਿਹਾਤੀ) ਵਿਖੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ 406, 409, 420, 467, 468, 471, ਅਤੇ 120-ਬੀ ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 13 (1) (ਡੀ) ਅਤੇ 13 (2) ਦੇ ਤਹਿਤ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ ਦੇ ਡਾਇਰੈਕਟਰਾਂ/ਮਾਲਕਾਂ, ਜੋ ਗੁਲਸ਼ਨ ਜੈਨ ਦੇ ਪਰਿਵਾਰਕ ਮੈਂਬਰ ਹਨ, ਸਮੇਤ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਜ ਸਰਕਾਰ ਦੀਆਂ ਖਰੀਦ ਏਜੰਸੀਆਂ ਵਲੋਂ ਮਿੱਲ ਨੂੰ ਅਲਾਟ ਕੀਤੇ ਗਏ ਲਗਭਗ 33.6 ਕਰੋੜ ਰੁਪਏ ਦੀ ਕੀਮਤ ਦੇ ਝੋਨੇ ਦੀ ਹੇਰਾਫੇਰੀ ਅਤੇ ਗ਼ਬਨ ਵਿੱਚ ਕਥਿਤ ਸ਼ਮੂਲੀਅਤ ਲਈ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਵੀ ਕੇਸ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਡੀ. ਐਫ. ਐਸ .ਓ. ਰਮਿੰਦਰ ਸਿੰਘ ਬਾਠ, ਏ. ਐਫ. ਐਸ. ਓ. ਸ੍ਰੀਮਤੀ ਵਿਪਨ ਸ਼ਰਮਾ, ਇੰਸਪੈਕਟਰ ਗੁਰਜਿੰਦਰ ਕੁਮਾਰ, ਸਟੈਟਿਸਟਿਕ ਟੈਕਨੀਕਲ ਅਸਿਸਟੈਂਟ (ਐਸ. ਟੀ. ਏ.) ਪਰਮਿੰਦਰ ਸਿੰਘ ਭਾਟੀਆ ਅਤੇ ਡੀ. ਐਫ. ਐਸ. ਸੀ. ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਸਬੰਧਤ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਮਿੱਲ ਦੇ ਡਾਇਰੈਕਟਰਾਂ/ਮਾਲਕਾਂ ਨੇ ਜੰਡਿਆਲਾ ਗੁਰੂ ਸਥਿਤ ਪੰਜਾਬ ਨੈਸ਼ਨਲ ਬੈਂਕ ਨਾਲ ਵੀ ਕਥਿਤ ਤੌਰ ਤੇ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਮਾਮਲੇ ਦੀ ਜਾਂਚ 24. 4. 2018 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਮੌਜੂਦਾ ਸਮੇਂ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਮੁਹਾਲੀ ਵਿੱਚ ਆਰਥਿਕ ਅਪਰਾਧ ਵਿੰਗ ਦੇ ਵਧੀਕ ਇੰਸਪੈਕਟਰ ਜਨਰਲ ਦੀ ਨਿਗਰਾਨੀ ਹੇਠ ਅਗਲੇਰੀ ਜਾਂਚ ਜਾਰੀ ਹੈ।

ਜਿਕਰਯੋਗ ਹੈ ਕਿ ਗੁਲਸ਼ਨ ਜੈਨ ਨੂੰ ਸੀ. ਬੀ. ਆਈ. ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਜੰਸੀ ਵੱਲੋਂ ਦਰਜ ਹੋਰ ਕੇਸਾਂ ਦੇ ਸਬੰਧ ਗ੍ਰਿਫ਼ਤਾਰ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ (ਵੀ.ਬੀ.) ਨੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਤੋਂ ਬਾਅਦ ਉਕਤ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਦਾ 5 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।

Continue Reading

Chandigarh

ਭਾਜਪਾ ਨੇ ਸਤਿਕਾਰ ਕੌਰ ਗਹਿਰੀ ਨੂੰ ਪਾਰਟੀ ਵਿੱਚੋਂ ਕੱਢਿਆ ਬਾਹਰ

Published

on

By

 

ਚੰਡੀਗੜ੍ਹ, 24 ਅਕਤੂਬਰ (ਸ.ਬ.) ਭਾਜਪਾ ਨੇ ਸਤਿਕਾਰ ਕੌਰ ਗਹਿਰੀ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤੇ ਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਤੇ ਸਤਿਕਾਰ ਕੌਰ ਨੂੰ 6 ਸਾਲ ਲਈ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਦਰਅਸਲ ਬੀਤੇ ਦਿਨ ਸਤਿਕਾਰ ਕੌਰ ਗਹਿਰੀ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਚਿੱਟਾ, ਡਰੱਗ ਮਨੀ ਅਤੇ 4 ਗੱਡੀਆਂ ਵੀ ਪੁਲੀਸ ਨੇ ਫੜੀਆਂ ਸਨ।

ਸਤਿਕਾਰ ਕੌਰ ਭਾਜਪਾ ਆਗੂ ਅਤੇ ਕਾਂਗਰਸ ਦੀ ਸਾਬਕਾ ਵਿਧਾਇਕ ਰਹੀ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਸਾਬਕਾ ਵਿਧਾਇਕ ਰਹੀ ਸਤਿਕਾਰ ਕੌਰ ਗਹਿਰੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਸੀ ਕਿ ਪੁਲੀਸ ਨੇ ਟ੍ਰੈਪ ਲਗਾ ਕੇ ਉਨ੍ਹਾਂ ਨੂੰ ਸਾਥੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਤਿਕਾਰ ਕੌਰ ਦੀ ਗ੍ਰਿਫਤਾਰੀ ਮੁਹਾਲੀ ਦੇ ਖਰੜ ਵਿਚੋਂ ਕੀਤੀ ਗਈ। ਉਨ੍ਹਾਂ ਦੇ ਨਾਲ ਬਰਿੰਦਰ ਸਿੰਘ ਨਾਮ ਦੇ ਸਖ਼ਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 28 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਗਹਿਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਖਰੜ ਦੇ ਸੰਨੀ ਇਨਕਲੇਵ ਵਿੱਚ ਪੁਲੀਸ ਵੱਲੋਂ ਸਰਚ ਅਪ੍ਰੇਸ਼ਨ ਵੀ ਚਲਾਇਆ ਗਿਆ, ਜਿਸ ਦੌਰਾਨ ਨਗਦ ਪੈਸੇ, ਸੋਨਾ ਅਤੇ ਵਹੀਕਲ ਬਰਮਦ ਕੀਤੇ ਗਏ ਹਨ।

Continue Reading

Chandigarh

ਕਵੀ ਮੰਚ ਮੁਹਾਲੀ ਵੱਲੋਂ ਕਵੀ ਦਰਬਾਰ ਦਾ ਆਯੋਜਨ

Published

on

By

 

ਚੰਡੀਗੜ੍ਹ, 24 ਅਕਤੂਬਰ (ਸ.ਬ.) ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਸੈਕਟਰ-55 ਚੰਡੀਗੜ੍ਹ ਵਿਖੇ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ, ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਉੱਘੀ ਸ਼ਾਇਰਾ ਬਿਮਲਾ ਗੁਗਲਾਨੀ ਅਤੇ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।

ਇਸ ਪ੍ਰੋਗਰਾਮ ਦਾ ਅਰੰਭ ਕਰਦਿਆਂ ਮਲਕੀਤ ਔਜਲਾ ਵੱਲੋਂ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਤਰੰਨਮ ਵਿੱਚ ਬੋਲਣ ਦੇ ਨਾਲ-ਨਾਲ ਆਪਣੀਆਂ ਚਰਚਿਤ ਰਚਨਾਵਾਂ ‘ਨੀ ਮੈਂ ਸੱਸ ਕੁੱਟਣੀ’ ਤੇ ਗਾਇਕ ਬਿੰਦਰਖੀਏ ਦੀ ਯਾਦ ਨੂੰ ਸਮਰਪਿਤ ਰਚਨਾਵਾਂ ਸਰੋਤਿਆਂ ਨੂੰ ਸੁਣਾ ਕੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਇਸ ਉਪਰੰਤ ਸ਼ਾਇਰਾ ਬਿਮਲਾ ਗੁਗਲਾਨੀ, ਡਾ. ਰਜਿੰਦਰ ਰੇਨੂੰ, ਗੁਰਸ਼ਰਨ ਸਿੰਘ ਕਾਕਾ, ਜਸਪਾਲ ਸਿੰਘ ਕੰਵਲ, ਗੀਤਕਾਰ ਰਣਜੋਧ ਸਿੰਘ ਰਾਣਾ, ਭਗਤ ਰਾਮ ਰੰਗਾੜਾ, ਰਾਜ ਕੁਮਾਰ ਸਾਹੋਵਾਲੀਆ ਨੇ ਆਪੋ ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਬਲਕਾਰ ਸਿੰਘ ਸਿੱਧੂ ਵੱਲੋਂ ਪ੍ਰੋਗਰਾਮ ਨੂੰ ਭਾਵਪੂਰਤ ਤੇ ਮਿਆਰੀ ਦੱਸਦਿਆਂ, ਭਵਿੱਖ ਵਿੱਚ ਵੀ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਲਈ ਮੰਚ ਨੂੰ ਆਪਣੇ ਵੱਲੋਂ ਨਿੱਗਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਕਾਵਿਕ ਲਕੀਰਾਂ ਅਤੇ ਹੋਰ ਕਿਤਾਬਾਂ ਪੜ੍ਹਨ ਲਈ ਵੰਡੀਆਂ ਗਈਆਂ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਰਣਜੋਧ ਰਾਣਾ ਵੱਲੋਂ ਸ਼ਾਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤਾ ਗਿਆ।

ਇਸ ਮੌਕੇ ਸ. ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਅਮਰੀਕ ਸਿੰਘ ਸੇਠੀ, ਸਰਬਜੀਤ ਕੌਰ, ਸੁਰਜਨ ਸਿੰਘ ਜੱਸਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Continue Reading

Latest News

Trending