Connect with us

Mohali

ਭਾਈ ਘਨੱਈਆ ਜੀ ਦੇ ਮੱਲਮ ਪੱਟੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ

Published

on

 

 

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੇਵਾ ਦੇ ਪੁੰਜ, ਸਰਬ ਸਾਂਝੀਵਾਲਤਾ ਅਤੇ ਧਰਮ ਨਿਰਪੇਖਤਾ ਦੇ ਪ੍ਰਤੀਕ ਭਾਈ ਘਨੱਈਆ ਜੀ ਦੇ ਮੱਲਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਆਯੋਜਿਤ ਧਾਰਮਿਕ ਸਮਾਗਮ ਵਿੱਚ ਮੀਰੀ ਪੀਰੀ ਪੰਥਕ ਕਵੀਸ਼ਰੀ ਜੱਥੇ ਨੇ ਭਾਈ ਘਨੱਈਆ ਜੀ ਦੀ ਜੰਗ ਵਿੱਚ ਜਖਮੀ ਹੋਏ ਸਿਪਾਹੀਆਂ ਪ੍ਰਤੀ ਜਲ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਜਖਮੀ ਹੋਏ ਸੈਨਿਕਾਂ ਦੀ ਸੇਵਾ ਲਈ ਮੱਲਮ ਪੱਟੀ ਬਖਸ਼ਿਸ਼ ਕਰਨ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਵਿੱਚ ਸੁਣਾਇਆ। ਭਾਈ ਗੁਰਵਿੰਦਰ ਸਿੰਘ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਗੁਰਦੀਪ ਸਿੰਘ ਜੀ ਨਾਨਕਸਰ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਸਮੂਹ ਮਾਨਵਤਾ ਦੀ ਸੇਵਾ ਲਈ ਸਮਾਜ ਸੇਵੀ ਕੰਮ ਕਰਨ ਲਈ ਪ੍ਰੇਰਿਆ।

ਇਸ ਤੋਂ ਇਲਾਵਾ ਭਾਈ ਪ੍ਰਿਤਪਾਲ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਅਮਰਜੀਤ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਹਰਮਨਜੀਤ ਸਿੰਘ, ਬੀਬੀ ਉੱਤਮਜੀਤ ਕੌਰ, ਬਾਲ ਫੁਲਵਾੜੀ ਕੀਰਤਨੀ ਜੱਥਾ, ਭਾਈ ਗੁਰਜਾਪ ਸਿੰਘ ਦੇ ਜੱਥਿਆਂ, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਜਸਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਬਖਸ਼ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਜਸ ਸੁਨਾ ਕੇ ਨਿਹਾਲ ਕੀਤਾ।

ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ 1 ਨਵੰਬਰ ਨੂੰ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ। ਬੰਦੀ ਛੋੜ ਦਿਵਸ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥੇ, ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।

Continue Reading

Mohali

ਜ਼ਿਲ੍ਹਾ ਹਸਪਤਾਲ ਵਿੱਚ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ : ਡਾ. ਚੀਮਾ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲ, ਮੁਹਾਲੀ ਵਿਖੇ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਪਹਿਲਕਦਮੀ ਨਾਲ ਮਰੀਜ਼ਾਂ ਨੂੰ ਗੁਰਦੇ ਸਬੰਧੀ ਸਮੱਸਿਆਵਾਂ ਦਾ ਵਧੀਆ ਇਲਾਜ ਮਿਲੇਗਾ।

ਸਿਵਲ ਹਸਪਤਾਲ ਮੁਹਾਲੀ ਦੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ ਐਸ ਚੀਮਾ ਨੇ ਦੱਸਿਆ ਕਿ ਹਸਪਤਾਲ ਵਿਚ ਅੱਜ ਨੈਫਰੋਲੋਜੀ ਕੰਸਲਟੈਂਟ ਡਾ. ਅੰਕੁਰ ਚੌਧਰੀ ਵਲੋਂ ਸਫਲਤਾਪੂਰਵਕ ਪਹਿਲੀ ਕਿਡਨੀ ਬਾਇਓਪਸੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲੇਗਾ। ਉਹਨਾਂ ਇਸ ਸੇਵਾ ਦੀ ਸ਼ੁਰੂਆਤ ਲਈ ਡਾ: ਅੰਕੁਰ ਚੌਧਰੀ ਅਤੇ ਡਾ: ਵਿਜੇ ਭਗਤ ਦੀ ਅਗਵਾਈ ਵਾਲੀ ਸਮੁੱਚੀ ਰੇਡੀਓਲੋਜੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਡਾ. ਚੀਮਾ ਨੇ ਦੱਸਿਆ ਕਿ ਬਾਇਓਪਸੀ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਦੇ ਸੈੱਲਾਂ ਦਾ ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਜਾਂਦੀ ਹੈ। ਬਾਇਓਪਸੀ ਲਈ ਸੈਂਪਲ ਵਿੱਚ ਲਏ ਗਏ ਸੈੱਲ ਬਿਮਾਰੀ ਦਾ ਪਤਾ ਲਗਾਉਣ ਲਈ ਜਾਂਚ ਵਿੱਚ ਲਿਆਂਦੇ ਜਾਂਦੇ ਹਨ। ਬਾਇਓਪਸੀ ਨਾਲ ਕਈ ਬਿਮਾਰੀਆਂ ਤੇ ਉਨ੍ਹਾਂ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।

 

Continue Reading

Mohali

ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਪੁਲੀਸ ਦੀ ਹਾਜਰੀ ਵਿੱਚ ਹੋਇਆ ਅੰਤਿਮ ਸੰਸਕਾਰ

Published

on

By

 

 

 

ਐਸ. ਸੀ ਪਰਿਵਾਰ ਨਾਲ ਸਬੰਧਤ ਸੀ ਦਿਲਪ੍ਰੀਤ, ਮਿਲਣਗੇ ਕਰੀਬ ਸਾਢੇ 10 ਲੱਖ : ਡੀ.ਸੀ ਆਸ਼ਿਕਾ ਜੈਨ

 

 

ਐਸ ਡੀ ਐਮ ਨੇ ਦਮਨਪ੍ਰੀਤ ਦੇ ਪਰਿਵਾਰ ਨੂੰ ਦਿੱਤਾ 2 ਲੱਖ ਦਾ ਚੈੱਕ, ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਮਿਲਣਗੇ ਹੋਰ 2 ਲੱਖ

ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਕੁੰਭੜਾ ਵਿੱਚ ਹੋਏ ਕਤਲ ਮਾਮਲੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ (ਜਿਸਦੀ ਬੀਤੇ ਕੱਲ ਪੀ ਜੀ ਆਈ ਵਿੱਚ ਮੌਤ ਹੋ ਗਈ ਸੀ) ਦਾ ਅੰਤਮ ਸਸਕਾਰ ਅੱਜ ਮੁਹਾਲੀ ਪੁਲੀਸ ਦੀ ਹਾਜਰੀ ਵਿੱਚ ਪੂਰੀ ਮਰਿਆਦਾ ਅਤੇ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੰਵਰਬੀਰ ਸਿੰਘ ਰੂਬੀ ਸਿੱਧੂ, ਅਮੀਤੋਜ ਮਾਨ, ਰਮਨਪ੍ਰੀਤ ਕੌਰ ਕੁੰਭੜਾ, ਬਿੰਦਰਾ ਬੈਦਵਾਨ ਅਤੇ ਕਮਲਪ੍ਰੀਤ ਸਿੰਘ ਬਨੀ (ਸਾਰੇ ਕੌਂਸਲਰ), ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਅਤੇ ਪਿੰਡ ਕੁੰਭੜਾ ਦੇ ਵਸਨੀਕਾਂ ਤੋਂ ਇਲਾਵਾ ਐਸ.ਪੀ ਹਰਬੀਰ ਸਿੰਘ ਅਟਵਾਲ, ਐਸ.ਡੀ.ਐਮ ਦਮਨਪ੍ਰੀਤ ਕੌਰ, ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

ਇਸ ਦੌਰਾਨ ਪੁਲੀਸ ਪ੍ਰਸਾਸ਼ਨ ਵਲੋਂ ਪਿੰਡ ਕੁੰਭੜਾ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਆਸ ਪਾਸ ਦੇ ਪੁਲੀਸ ਸਟੇਸ਼ਨਾਂ ਤੋਂ ਵੀ ਪੁਲੀਸ ਫੋਰਸ ਮੰਗਵਾਈ ਗਈ ਹੈ। ਇਸ ਦੌਰਾਨ ਪਿੰਡ ਦੇ ਵਸਨੀਕ ਅਤੇ ਸਮਾਜਸੇਵੀ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਵੇ ਅਤੇ ਅਫਵਾਹਾਂ ਤੋਂ ਬਚਿਆ ਜਾਵੇ।

 

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਵਜੋਂ ਦਿੱਤੇ ਚੈੱਕ

ਇਸ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਦੇ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਦਿਲਪ੍ਰੀਤ ਸਿੰਘ ਦੇ ਐਸ.ਸੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਹੋਰ ਸਾਢੇ 8 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ। ਡੀ.ਸੀ ਨੇ ਅੱਗੇ ਦਸਿਆ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 2 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾ ਚੁੱਕੇ ਹਨ, ਜਦੋਂ ਕਿ ਹੋਰ 2 ਲੱਖ ਰੁਪਏ ਮੁਆਵਜੇ ਵਜੋਂ ਉਸ ਸਮੇਂ ਦਿੱਤੇ ਜਾਣਗੇ, ਜਦੋਂ ਪੁਲੀਸ ਵਲੋਂ ਗ੍ਰਿਫਤਾਰ ਮੁਲਜਮਾਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਪਰਿਵਾਰ ਦੇ ਨਾਲ ਹੈ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ।

 

ਪੁਲੀਸ ਨੇ ਹੁਣ ਤੱਕ ਨਾਬਾਲਗ ਸਮੇਤ 5 ਮੁਲਜਮ ਕੀਤੇ ਗ੍ਰਿਫਤਾਰ

ਮੁਹਾਲੀ ਪੁਲੀਸ ਵਲੋਂ ਹੁਣ ਤੱਕ ਇਸ ਮਾਮਲੇ ਵਿੱਚ ਇਕ ਨਾਬਾਲਗ ਸਮੇਤ ਪੰਜ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਮਨ ਟਾਕ ਵਾਸੀ ਯੂ.ਪੀ ਹਾਲ ਵਾਸੀ ਸੈਕਟਰ 52 ਚੰਡੀਗੜ੍ਹ, ਅਰੁਣ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ, ਅਕਾਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ ਅਤੇ ਮੁਲਜਮ ਗੌਰਵ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਰਿਤੇਸ਼ ਅਤੇ ਅਮਿਤ ਨਾਂ ਦੇ ਨੌਜਵਾਨਾਂ ਦੀ ਵੀ ਪਛਾਣ ਹੋਈ ਹੈ, ਜੋ ਕਿ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਪੁਲੀਸ ਨੇ ਗੌਰਵ ਨੂੰ ਸੋਹਾਣੇ ਤੋਂ ਅਤੇ ਬਾਕੀ ਮੁਲਜਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।

 

Continue Reading

Mohali

ਸ਼ਰਾਬ ਦੇ ਠੇਕੇ ਅਤੇ ਅਹਾਤੇ ਨੇੜੇ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੋਲੀ ਚਲਾਉਣ ਤੱਕ ਪਹੁੰਚੀ ਗੱਲ

Published

on

By

 

ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਮੌਲੀ ਤੋਂ ਸੁੱਖਗੜ੍ਹ ਰੋਡ ਤੇ ਸਥਿਤ ਇਕ ਸ਼ਰਾਬ ਦੇ ਠੇਕੇ ਅਤੇ ਅਹਾਤੇ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ, ਅਣਪਛਾਤੇ ਵਿਅਕਤੀ ਵਲੋਂ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਪਿਆ। ਉਧਰ ਆਸ ਪਾਸ ਦੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲਾ ਫਰਾਰ ਹੋ ਗਿਆ।

ਇਸ ਦੌਰਾਨ ਕਿਸੇ ਵਲੋਂ ਪੁਲੀਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪੁਲੀਸ ਕਰਮਚਾਰੀ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਪੁਲੀਸ ਨੂੰ ਮੌਕੇ ਤੋਂ ਇਕ ਜਿੰਦਾ ਰੌਂਦ ਬਰਾਮਦ ਹੋਇਆ ਹੈ, ਜੋ ਕਿ ਪੁਲੀਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ।

ਪੁਲੀਸ ਸੂਤਰਾਂ ਮੁਤਾਬਕ ਉਕਤ ਸੜਕ ਤੇ ਸੀ.11 ਨਾਂ ਤੇ ਠੇਕਾ ਅਤੇ ਅਹਾਤਾ ਹੈ। ਇਸ ਦੇ ਨਾਲ ਹੀ ਇਕ ਕਲੱਬ ਹੈ, ਜਿਥੇ ਪਰਿਵਾਰ ਆਪਸ ਵਿੱਚ ਮਿਲ ਕੇ ਪਾਰਟੀਆਂ ਕਰਦੇ ਹਨ। ਦੇਰ ਰਾਤ ਕਰੀਬ ਡੇਢ ਵਜੇ ਦੇ ਕਰੀਬ ਇਕ ਵਿਅਕਤੀ ਵਲੋਂ ਉਥੇ ਮੌਜੂਦ ਕੁਝ ਵਿਅਕਤੀਆਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਔਰਤ ਨੂੰ ਗਲਤ ਨਿਗਾਹ ਨਾਲ ਦੇਖਿਆ ਹੈ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ, ਦੂਜੀ ਧਿਰ ਦੇ ਵਿਅਕਤੀ ਜਿਆਦਾ ਸੀ, ਜਿਸ ਕਾਰਨ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਾਇਰ ਮਿਸ ਹੋ ਗਿਆ ਅਤੇ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਗਿਆ ਅਤੇ ਉਕਤ ਵਿਅਕਤੀ ਲੋਕਾਂ ਦੇ ਇਕੱਠ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।

ਪੁਲੀਸ ਉਸ ਥਾਂ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਝਗੜੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ, ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹਾਲੇ ਆਪਣਾ ਬਿਆਨ ਲਿਖਾਉਣ ਲਈ ਥਾਣੇ ਨਹੀਂ ਪਹੁੰਚੇ ਸਨ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਹਨਾਂ ਘਟਨਾ ਦੀ ਪੁਸ਼ਟ ਕਰਦਿਆਂ ਕਿਹਾ ਕਿ ਉਹ ਫਿਲਹਾਲ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਚੱਲ ਰਹੀ ਹੈ।

Continue Reading

Latest News

Trending