Connect with us

Mohali

ਦਸਤਕਾਰਾਂ ਅਤੇ ਕਾਰੀਗਰਾਂ ਲਈ ਰੋਜ਼ਗਾਰ ਦੇ ਵਸੀਲੇ ਬਣਦੇ ਹਨ ਮੇਲੇ : ਵਿਨੀਤ ਵਰਮਾ

Published

on

 

ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵੱਲੋਂ ਸਰਸ ਮੇਲੇ ਦਾ ਦੌਰਾ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਅਜੀਵਿਕਾ ਮਿਸ਼ਨ ਤਹਿਤ ਸੈਕਟਰ 88, ਮੁਹਾਲੀ ਵਿਖੇ ਚੱਲ ਰਹੇ ਸਰਸ ਮੇਲੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਪਣੀਆਂ ਵਸਤਾਂ ਮੇਲੇ ਦੇ ਸਟਾਲਾਂ ਤੇ ਲੈ ਕੇ ਆਏ ਦਸਤਕਾਰਾਂ ਅਤੇ ਕਾਰੀਗਰਾਂ ਦੀ ਕਲਾ ਦੀ ਤਾਰੀਫ ਕਰਦਿਆਂ ਉਹਨਾਂ ਕਿਹਾ ਕਿ ਅਜਿਹੇ ਮੇਲੇ ਇਨ੍ਹਾਂ ਦਸਤਕਾਰਾਂ ਅਤੇ ਕਾਰੀਗਰਾਂ ਲਈ ਰੋਜ਼ਗਾਰ ਦੇ ਵਸੀਲੇ ਬਣਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਕਲ੍ਹ ਮਸ਼ੀਨੀ ਯੁੱਗ ਹੋਣ ਕਾਰਨ ਵਪਾਰ ਅਤੇ ਹੱਥੀਂ ਕੰਮ-ਧੰਦਿਆਂ ਦੇ ਤੌਰ-ਤਰੀਕੇ ਬਦਲ ਗਏ ਹਨ ਪਰ ਇਹ ਦਸਤਕਾਰ ਅਤੇ ਕਾਰੀਗਰ ਸਾਡੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਰਹੇ ਹੋਣ ਕਾਰਨ, ਸਾਨੂੰ ਇਨ੍ਹਾਂ ਵੱਲੋਂ ਹੱਥੀਂ ਮਿਹਨਤ ਨਾਲ ਤਿਆਰ ਕੀਤੀਆਂ ਵਸਤਾਂ ਦੀ ਖਰੀਦਦਾਰੀ ਕਰਕੇ ਇਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ।

ਇਸ ਮੌਕੇ ਸ੍ਰੀ ਵਰਮਾ ਨੇ ਨਗਰ ਨਿਗਮ ਮੁਹਾਲੀ ਦੇ ਸਿਟੀ ਮਿਸ਼ਨ ਮੈਨੇਜਰ ਸ੍ਰੀਮਤੀ ਪ੍ਰੀਤੀ ਅਰੋੜਾ ਦੀ ਅਗਵਾਈ ਵਿੱਚ ਸੈਲਫ਼ ਹੈਲਪ ਗਰੁੱਪ ਵੱਲੋਂ ਲਾਈ ਸਟਾਲ ਦਾ ਦੌਰਾ ਵੀ ਕੀਤਾ ਅਤੇ ਤਿਆਰ ਸਮਾਨ ਵੇਖਿਆ। ਉਨ੍ਹਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਲਿੰਗ-ਭੇਦ ਖ਼ਿਲਾਫ਼ ਕੀਤੇ ਗਏ ਜਾਗਰੂਕਤਾ ਸਮਾਗਮ ਵਿੱਚ ਸ਼ਾਮਿਲ ਵਿਦਿਆਰਥਣਾਂ ਨਾਲ ਗੱਲਬਾਤ ਵੀ ਕੀਤੀ।

Continue Reading

Mohali

ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਤੋਂ ਅੱਕੇ ਕਿਸਾਨਾਂ ਵੱਲੋਂ ਰੋਸ ਧਰਨਾ

Published

on

By

 

ਲਾਂਡਰਾ ਬੰਨੂੜ ਸੜਕ ਤੇ ਤਿੰਨ ਘੰਟੇ ਤਕ ਚੱਕਾ ਜਾਮ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਖਰੀਦ ਦੇ ਮਾੜੇ ਪ੍ਰਬੰਧਾਂ, ਵਿਕ ਚੁੱਕੇ ਝੋਨੇ ਦੀ ਲਿਫਟਿੰਗ ਨਾ ਹੋਣ ਅਤੇ ਕਣਕ ਦੀ ਬਿਜਾਈ ਵਾਸਤੇ ਡੀ ਏ ਪੀ ਖਾਦ ਦੀ ਸਪਲਾਈ ਨਾ ਮਿਲਣ ਤੋਂ ਤੰਗ ਕਿਸਾਨਾਂ ਵਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਗੋਮਾਜਰਾ ਬੈਰੋਂਪੁਰ ਅਨਾਜ ਮੰਡੀ ਦੇ ਬਾਹਰ ਜਿੱਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਹੀ ਅਤੇ ਲਾਂਡਰਾ ਬਨੂੜ ਮੁੱਖ ਸੜਕ ਤੇ ਤਿੰਨ ਘੰਟੇ ਤਕ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਸਿਰਫ ਸਕੂਲ ਬਸਾਂ ਅਤੇ ਐਂਬੂਲੈਂਸਾਂ ਨੂੰ ਹੀ ਲੰਘਣ ਦੀ ਇਜਾਜਤ ਦਿੱਤੀ ਗਈ ਜਦੋਂਕਿ ਬਾਕੀ ਦੀਆਂ ਗੱਡੀਆਂ ਸੜਕ ਤੇ ਹੀ ਫਸੀਆਂ ਰਹੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ ਰਾਜੇਵਾਲ ਪੰਜਾਬ, ਕਿਰਪਾਲ ਸਿੰਘ ਸਿਆਊ ਜਿਲ੍ਹਾ ਪ੍ਰਧਾਨ, ਰਵਨੀਤ ਸਿੰਘ ਬਰਾੜ ਕਾਦੀਆਂ, ਅੰਗਰੇਜ਼ ਸਿੰਘ ਭਾਦੁੜ ਡਕੌਂਦਾ, ਸੁੱਖ ਗਿੱਲ ਮੋਗਾ ਬੀਕੇਯੂ ਤੁਲੇਵਾਲ, ਦਵਿੰਦਰ ਸਿੰਘ ਦੇਹ ਕਲਾਂ ਬੀ ਕੇ ਯੂ ਲੱਖੋਵਾਲ, ਜਸਪਾਲ ਸਿੰਘ ਨਿਆਮੀਆਂ, ਮਨਜੀਤ ਸਿੰਘ ਤੰਗੋਰੀ, ਅਵੀਕਰਨ ਬਰਨਾਲਾ, ਜੱਥੇਦਾਰ ਬਲਵੀਰ ਸਿੰਘ ਬੈਰੋਪੁਰ, ਸ਼ੇਰ ਸਿੰਘ ਦੈੜੀ, ਗੁਰਵਿੰਦਰ ਸਿੰਘ ਸਿਆਊ, ਰਣਵੀਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਪੂਨੀਆ, ਹਰਜੀਤ ਸਿੰਘ ਗਿੱਲ, ਅਮਰਜੀਤ ਸਿੰਘ ਪਡਿਆਲਾ, ਕੁਲਵੰਤ ਸਿੰਘ ਰੁੜਕੀ, ਜਸਵੰਤ ਸਿੰਘ ਪੂਨੀਆ, ਇਕਬਾਲ ਸਿੰਘ ਬੇਰੋਪੁਰ, ਕਾਲਾ ਚਾਹੜ ਅਤੇ ਹੋਰਨਾਂ ਨ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਦੇ ਕਮ ਵਿੱਚ ਪੂਰੀ ਤਰ੍ਹਾਂ ਨਕਾਰਾ ਸਾਬਿਤ ਹੋਈ ਹੈ ਅਤੇ ਕਿਸਾਨਾਂ ਨੂੰ 15 -15 ਦਿਨ ਤਕ ਮੰਡੀਆਂ ਵਿੱਚ ਰਹਿ ਕੇ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਪਈ ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ।

ਉਹਨਾਂ ਕਿਹਾ ਕਿ ਇਸ ਦੌਰਾਨ ਸਰਕਾਰ ਡੀ ਏ ਪੀ ਖਾਦ ਦੀ ਸਪਲਾਈ ਵਿੱਚ ਵੀ ਪੂਰੀ ਤਰ੍ਹਾਂ ਨਾਕਾਮ ਹੋਈ ਹੈ ਜਿਸ ਕਾਰਨ ਅਗਲੀ ਫਸਲ ਦੀ ਬਿਜਾਈ ਦਾ ਕੰਮ ਵੀ ਵਿਚਾਲੇ ਹੀ ਲਮਕ ਰਿਹਾ ਹੈ। ਡੀ ਏ ਪੀ ਖਾਦ ਨਾ ਤਾਂ ਸੁਸਾਇਟੀਆਂ ਵਿੱਚ ਪਹੁੰਚੀ ਹੈ ਅਤੇ ਨਾ ਹੀ ਦੁਕਾਨਾਂ ਤੇ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਤੇ ਦੋਹਰੀ ਮਾਰ ਪੈ ਰਹੀ ਹੈ।

ਇਸ ਮੌਕੇ ਸz. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਤੁਰੰਤ ਖਰੀਦ ਅਤੇ ਲਿਫਅਿੰਗ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨਾਂ ਵਲੋਂ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਾਇਆ ਜਾਵੇਗਾ।

ਕਿਸਾਨਾਂ ਦੇ ਧਰਨੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੁੰ ਰੋਕਣ ਲਈ ਪੁਲੀਸ ਫੋਰਸ ਵੀ ਤੈਨਾਤ ਕੀਤੀ ਗਈ ਸੀ ਅਤੇ ਡੀ ਐਸ ਪੀ ਸਿਟੀ 2 ਸ. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਪੁਲੀਸ ਫੋਰਸ ਵਲੋਂ ਨਿਗਰਾਨੀ ਕੀਤੀ ਜਾ ਰਹੀ ਸੀ।

Continue Reading

Mohali

ਸੁਖੋਈ ਉੜਾਉਣ ਦਾ ਸੁਪਨਾ ਸੰਜੋਣ ਵਾਲੇ ਪੰਜਾਬ ਦੇ ਅਰਮਾਨਪ੍ਰੀਤ ਨੇ ਐਨ. ਡੀ. ਏ. ਦੀ ਮੈਰਿਟ ਸੂਚੀ ਵਿੱਚ ਅੱਵਲ ਰੈਂਕ ਹਾਸਲ ਕੀਤਾ

Published

on

By

 

 

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਐਸ.ਏ.ਐਸ. ਨਗਰ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨ. ਡੀ. ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਡਾਲ ਦੇ ਫਿਜ਼ਿਕਸ ਦੇ ਲੈਕਚਰਾਰ ਸਤਬੀਰ ਸਿੰਘ ਦੇ ਪੁੱਤਰ ਅਰਮਾਨਪ੍ਰੀਤ ਸਿੰਘ ਨੇ ਯੂ. ਪੀ. ਐਸ. ਸੀ. ਵਲੋਂ ਵੀਰਵਾਰ ਸ਼ਾਮ ਨੂੰ ਐਲਾਨੀ ਗਈ ਐਨ.ਡੀ.ਏ.-153 ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।

ਪੰਜਾਬ ਦੇ ਕੈਬਿਨਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਅਰਮਾਨਪ੍ਰੀਤ ਪਿਛਲੇ 12 ਸਾਲਾਂ ਦੌਰਾਨ ਐਨ. ਡੀ. ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਾ ਇਸ ਸੰਸਥਾ ਦਾ ਤੀਸਰਾ ਕੈਡਿਟ ਹੈ। ਅਰਮਾਨਪ੍ਰੀਤ ਸਿੰਘ ਨੇ ਹਵਾਈ ਸੈਨਾ ਦੀ ਚੋਣ ਕੀਤੀ ਹੈ ਅਤੇ ਉਹ ਨੇੜਲੇ ਭਵਿੱਖ ਵਿੱਚ ਸੁਖੋਈ ਐਸ. ਯੂ.-30 ਐਮ. ਕੇ. ਆਈ. ਨੂੰ ਉਡਾਉਣ ਦੀ ਇੱਛਾ ਰੱਖਦਾ ਹੈ।

ਅਰਮਾਨਪ੍ਰੀਤ ਸਿੰਘ ਤੋਂ ਇਲਾਵਾ ਇਸ ਇੰਸਟੀਚਿਊਟ ਦੇ ਐਸ. ਐਸ. ਬੀ. ਲਈ ਗਏ 24 ਵਿੱਚੋਂ 14 ਹੋਰ ਕੈਡਿਟਾਂ ਨੇ ਵੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਕੈਡਿਟ ਕੇਸ਼ਵ ਸਿੰਗਲਾ ਨੇ 15ਵਾਂ ਰੈਂਕ ਹਾਸਿਲ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ (ਵੀ. ਐਸ. ਐਮ.) ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦੇ ਕੁੱਲ 238 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਕੁੱਲ 160 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਚੁਣੇ ਗਏ ਹਨ।

 

Continue Reading

Mohali

ਸ਼ਹਿਰ ਵਿੱਚ ਥਾਂ ਥਾਂ ਤੇ ਲੱਗੇ ਹਰੇ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਦੀ ਦਿੱਖ ਤੇ ਪੈ ਰਿਹਾ ਹੈ ਮਾੜਾ ਅਸਰ : ਕੁਲਜੀਤ ਸਿੰਘ ਬੇਦੀ

Published

on

By

 

ਡਿਪਟੀ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਹਰੇ ਕੂੜੇ ਦੇ ਪ੍ਰਬੰਧ ਲਈ ਆਰਜੀ ਜਗ੍ਹਾ ਅਲਾਟ ਕਰਨ ਦੀ ਮੰਗ ਕੀਤੀ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਹਰੇ ਕੂੜੇ ਦੇ ਪ੍ਰਬੰਧ ਵਾਸਤੇ ਆਰਜੀ ਤੌਰ ਤੇ ਜਗ੍ਹਾ ਅਲਾਟ ਕਰਨ ਦੀ ਮੰਗ ਕੀਤੀ ਹੈ।

ਪੱਤਰ ਵਿੱਚ ਸz. ਬੇਦੀ ਨੇ ਕਿਹਾ ਹੈ ਤਿਉਹਾਰਾਂ ਦਾ ਸੀਜ਼ਨ ਹੋਣ ਅਤੇ ਮੌਸਮ ਬਦਲਣ ਕਾਰਨ ਲੋਕਾਂ ਵੱਲੋਂ ਆਪਣੇ ਬਾਗ ਬਗੀਚੀਆਂ ਦੀ ਕਟਾਈ ਕਰਵਾਈ ਜਾ ਰਹੀ ਹੈ ਅਤੇ ਨਗਰ ਨਿਗਮ ਵੱਲੋਂ ਵੀ ਦਰਖਤਾਂ ਦੀ ਛੰਗਾਈ ਕਰਵਾਈ ਜਾ ਰਹੀ। ਇਸੇ ਤਰ੍ਹਾਂ ਵੱਖ-ਵੱਖ ਹਾਊਸਿੰਗ ਸੋਸਾਇਟੀਆਂ ਅਤੇ ਪਾਰਕਾਂ ਵਿੱਚੋਂ ਵੀ ਹਰਾ ਕੂੜਾ ਨਿਕਲਦਾ ਹੈ ਜਿਸ ਦੀ ਸਾਂਭ ਸੰਭਾਲ ਵਾਸਤੇ ਨਗਰ ਨਿਗਮ ਕੋਲ ਕੋਈ ਥਾਂ ਨਹੀਂ ਹੈ।

ਉਹਨਾਂ ਕਿਹਾ ਕਿ ਸ਼ਹਿਰ ਵਿੱਚੋਂ ਰੋਜਾਨਾ ਹਰੇ ਕੂੜੇ ਦੀਆਂ ਇੱਕ ਦਰਜਨ ਤੋਂ ਵੱਧ ਟਰਾਲੀਆਂ ਨਿਕਲਦੀਆਂ ਹਨ ਪਰ ਜਗ੍ਹਾ ਨਾ ਹੋਣ ਕਾਰਨ ਥਾਂ ਥਾਂ ਤੇ ਹਰੇ ਕੂੜੇ ਦੇ ਢੇਰ ਲੱਗ ਗਏ ਹਨ ਜਿਸ ਨਾਲ ਸ਼ਹਿਰ ਦੀ ਦਿੱਖ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਮੁਹਾਲੀ ਦਾ ਡੰਪਿੰਗ ਗਰਾਊਂਡ ਅਦਾਲਤ ਦੀਆਂ ਹਦਾਇਤਾਂ ਤੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਗਮਾਡਾ ਨੇ ਮੁਹਾਲੀ ਵਾਸਤੇ ਕੋਈ ਪੱਕਾ ਕੂੜਾ ਦਾਨ ਵੀ ਨਹੀਂ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਆਰ ਐਮ ਸੀ ਪੁਆਇੰਟਾਂ ਤੋਂ ਕੂੜਾ ਚੁੱਕਣ ਦਾ ਠੇਕਾ ਹੋ ਗਿਆ ਹੈ ਅਤੇ ਇਹ ਕੰਮ ਛੇਤੀ ਆਰੰਭ ਹੋ ਜਾਵੇਗਾ ਪਰ ਹਰੇ ਕੂੜੇ ਦੀ ਸਾਂਭ ਸੰਭਾਲ ਦਾ ਮੁਹਾਲੀ ਨਗਰ ਨਿਗਮ ਕੋਲ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਇਸ ਲਈ ਕੋਈ ਜਗ੍ਹਾ ਹੀ ਨਹੀਂ ਹੈ।

ਉਹਨਾਂ ਮੁੱਖ ਪ੍ਰਸ਼ਾਸਕ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਇਸ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆਰਜੀ ਤੌਰ ਤੇ ਹਰੇ ਕੂੜੇ ਦੇ ਪ੍ਰਬੰਧ ਲਈ ਜਗ੍ਹਾ ਦਿੱਤੀ ਜਾਵੇ ਤਾਂ ਜੋ ਸ਼ਹਿਰ ਵਿੱਚੋਂ ਹਰਾ ਕੂੜਾ ਚੁੱਕ ਕੇ ਉਥੇ ਸੁੱਟਿਆ ਜਾ ਸਕੇ ਅਤੇ ਸ਼ਹਿਰ ਦੀ ਦਿੱਖ ਉੱਤੇ ਮਾੜਾ ਅਸਰ ਨਾ ਪਵੇ। ਇਸ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ।

 

Continue Reading

Latest News

Trending