Connect with us

Chandigarh

ਪਸ਼ੂ ਪਾਲਣ ਵਿਭਾਗ ਨੇ ਇੱਕ-ਰੋਜ਼ਾ ਤਣਾਅ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਕਰਵਾਇਆ

Published

on

 

ਚੰਡੀਗੜ੍ਹ, 26 ਅਕਤੂਬਰ (ਸ.ਬ.) ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਲੋਂ ਆਪਣੇ ਅਧਿਕਾਰੀਆਂ ਦੀ ਕਾਰਜ-ਕੁਸ਼ਲਤਾ ਵਿੱਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ ਮਗਸੀਪਾ ਵਿਖੇ ਇੱਕ-ਰੋਜ਼ਾ ਤਣਾਅ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

ਇਸ ਸਿਖਲਾਈ ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਤਣਾਅ ਪ੍ਰਬੰਧਨ ਲਈ ਵੱਖ-ਵੱਖ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਤਣਾਅ ਪ੍ਰਬੰਧਨ ਵਿੱਚ ਪਰਿਵਾਰ, ਸਮਾਜ, ਸਮੇਂ ਅਤੇ ਨਿੱਜੀ ਵਿਚਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਨੇ ਅਧਿਕਾਰੀਆਂ ਨੂੰ ਉਹਨਾਂ ਦੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿੱਚ ਪੈਦਾ ਹੋਣ ਵਾਲੇ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਅਹਿਮ ਜਾਣਕਾਰੀ ਪ੍ਰਦਾਨ ਕੀਤੀ।

ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਫ਼ਲ ਅਤੇ ਖੁਸ਼ਹਾਲ ਜੀਵਨ ਜੀਣ ਲਈ ਕੰਮ ਅਤੇ ਨਿੱਜੀ ਜ਼ਿੰਦਗੀ ਦਰਮਿਆਨ ਸੰਤੁਲਨ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਆਪਣੇ ਸ਼ੌਕ, ਪਰਿਵਾਰ ਅਤੇ ਆਰਾਮ ਲਈ ਸਮਾਂ ਕੱਢਣ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਅਤੇ ਸੰਪੂਰਨ ਜੀਵਨ ਜਿਊਣ ਲਈ ਤਣਾਅ ਪ੍ਰਬੰਧਨ ਬਹੁਤ ਜ਼ਰੂਰੀ ਹੈ। ਮੰਤਰੀ ਨੇ ਕਿਹਾ ਕਿ ਪ੍ਰਭਾਵੀ ਢੰਗ ਨਾਲ ਸਮਾਂ ਪ੍ਰਬੰਧਨ ਕਰਕੇ ਤਣਾਅ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ, ਇਸ ਲਈ ਅਸਲ ਸਮਾਂ-ਸੀਮਾ ਨਿਰਧਾਰਤ ਕਰਕੇ ਕਾਰਜਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਲੋੜੀਂਦੀ ਨੀਂਦ ਯਕੀਨੀ ਬਣਾ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ।

ਸ. ਖੁੱਡੀਆਂ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਕੰਮ ਨਾਲ ਸਬੰਧਤ ਕੋਈ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਹ ਮਦਦ ਅਤੇ ਸਹਾਇਤਾ ਲਈ ਹਮੇਸ਼ਾ ਉਪਲਬਧ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਦੇ ਪਸ਼ੂ-ਪਾਲਕਾਂ ਤੱਕ ਵਿਭਾਗ ਦੀਆਂ ਨੀਤੀਆਂ ਤੇ ਪ੍ਰੋਗਰਾਮ ਪਹੁੰਚਾਉਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਤਣਾਅ ਪ੍ਰਬੰਧਨ ਵਿੱਚ ਪਰਿਵਾਰ, ਸਮਾਂ, ਕੰਮ, ਸਾਦਾ ਜੀਵਨ ਅਤੇ ਸਕਾਰਾਤਮਕ ਰਵੱਈਏ ਦੀ ਮਹੱਤਤਾ ਬਾਰੇ ਜਾਜਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਗਸੀਪਾ ਦੇ ਕੋਰਸ ਡਾਇਰੈਕਟਰ ਗਗਨਦੀਪ ਸ਼ਰਮਾ ਅਤੇ ਕੋਰਸ ਕੋਆਰਡੀਨੇਟਰ ਪ੍ਰਭਜੋਤ ਸਿੰਘ ਵੀ ਮੌਜੂਦ ਸਨ।

Continue Reading

Chandigarh

ਕਿਸਾਨਾਂ ਵੱਲੋਂ ਪੰਜਾਬ ਦੇ 4 ਹਾਈਵੇਅ ਜਾਮ

Published

on

By

 

 

ਝੋਨੇ ਦੀ ਲਿਫਟਿੰਗ ਸ਼ੁਰੂ ਹੋਣ ਤੱਕ ਨਹੀਂ ਖੁੱਲਣਗੇ ਰਾਹ

ਚੰਡੀਗੜ੍ਹ, 26 ਅਕਤੂਬਰ (ਸ.ਬ.) ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ ਕਿਸਾਨਾਂ ਨੇ ਅੱਜ ਸੂਬੇ ਦੇ 4 ਹਾਈਵੇਅ ਬੰਦ ਕਰ ਦਿੱਤੇ ਹਨ ਅਤੇ ਧਰਨੇ ਤੇ ਬੈਠ ਗਏ ਹਨ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਇਹ ਧਰਨਾ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀਆਂ।

ਕਿਸਾਨਾਂ ਵਲੋਂ ਅੱਜ ਸ਼੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਹਾਈਵੇਅ ਤੇ ਸਠਿਆਲੀ ਪੁਲ, ਅੰਬਾਲਾ-ਜਲੰਧਰ ਨੈਸ਼ਨਲ ਹਾਈਵੇਅ ਤੇ ਫਗਵਾੜਾ, ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ ਤੇ ਡਗਰੂਅਤੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਤੇ ਬਡਰੁੱਖਾਂ ਨੂੰ ਬੰਦ ਕਰਬ ਦਿੱਤਾ ਗਿਆ ਅਤੇ ਦੁਪਹਿਰ 1 ਵਜੇ ਤੋਂ ਸੜਕਾਂ ਤੇ ਬੈਠ ਗਏ।

ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸਾਂਝਾ ਮੋਰਚਾ ਗੈਰ (ਸਿਆਸੀ) ਜੁਆਇੰਟ ਫੋਰਮ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ ਪੰਜਾਬ ਦੇ 4 ਹਾਈਵੇਅ ਜਾਮ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਫੂਡ ਸਪਲਾਈ ਮੰਤਰੀ ਨਾਲ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਝੋਨੇ ਤੋਂ ਘੱਟ ਚੌਲ ਕੱਢੇ ਜਾਣ ਅਤੇ ਉਨ੍ਹਾਂ ਨੂੰ 2-3 ਕਿਲੋ ਦੀ ਜ਼ਿਆਦਾ ਛੋਟ ਦਿੱਤੀ ਜਾਵੇ। ਇਸ ਸੰਬੰਧੀ ਕੇਂਦਰ ਨੇ ਜਲਦੀ ਟੀਮਾਂ ਭੇਜਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਟੀਮਾਂ ਨਹੀਂ ਪੁੱਜੀਆਂ।

ਉਹਨਾਂ ਕਿਹਾ ਕਿ ਕਿਸਾਨ 26 ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ ਅਤੇ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਜਲਦੀ ਲਿਫਟਿੰਗ ਕਰਵਾਈ ਜਾਵੇ। ਉਹਨਾਂ ਦੋਸ਼ ਲਾਇਆ ਕਿ ਹੁਣ ਭਾਜਪਾ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਖੁਦ ਭਾਜਪਾ ਵਿੱਚ ਹਨ, ਜੇਕਰ ਉਹ ਪ੍ਰਧਾਨ ਮੰਤਰੀ ਨੂੰ ਜਾਣਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਅੱਜ ਦਿੱਲੀ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਗਈਆਂ ਤਾਂ ਪੂਰਾ ਪੰਜਾਬ ਬੰਦ ਕਰ ਦਿੱਤਾ ਜਾਵੇਗਾ।

ਪੰਧੇਰ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਜੇਕਰ ਕਿਸਾਨ ਤਬਾਹ ਹੋਏ ਤਾਂ ਪੰਜਾਬ ਤਬਾਹ ਹੋ ਜਾਵੇਗਾ। ਅੱਜ ਸੜਕਾਂ ਜਾਮ ਹੋਣਗੀਆਂ, ਮੁਸ਼ਕਿਲਾਂ ਆਉਣਗੀਆਂ, ਪਰ ਸਮੱਸਿਆਵਾਂ ਹੱਲ ਹੋ ਜਾਣਗੀਆਂ, ਨਹੀਂ ਤਾਂ ਵੱਡੇ ਮਾਲ ਆ ਜਾਣਗੇ ਅਤੇ ਸੂਬੇ ਦੇ ਛੋਟੇ ਉਦਯੋਗ ਬੰਦ ਹੋ ਜਾਣਗੇ ਅਤੇ ਕਾਰੋਬਾਰ ਖ਼ਤਮ ਹੋ ਜਾਣਗੇ। ਹਾਲਾਂਕਿ ਉਹਨਾਂ ਕਿਹਾ ਕਿ ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਅਤੇ ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।

Continue Reading

Chandigarh

ਚੰਡੀਗੜ੍ਹ ਦੇ ਯੋਗੇਸ਼ ਕੌਸ਼ਿਕ ਨੇ ਹਰਿਆਣਾ ਸਿਵਲ ਸੇਵਾਵਾਂ ਨਿਆਂਇਕ ਪ੍ਰੀਖਿਆ ਵਿੱਚ ਹਾਸਿਲ ਕੀਤਾ 86ਵਾਂ ਰੈਂਕ

Published

on

By

 

ਚੰਡੀਗੜ੍ਹ, 26 ਅਕਤੂਬਰ (ਸ.ਬ.) ਚੰਡੀਗੜ੍ਹ ਦੇ ਸੈਕਟਰ 22 ਦੇ 24 ਸਾਲਾ ਯੋਗੇਸ਼ ਕੌਸ਼ਿਕ ਨੇ ਪ੍ਰਸਿੱਧ ਹਰਿਆਣਾ ਸਿਵਲ ਸੇਵਾਵਾਂ (ਨਿਆਇਕ ਸ਼੍ਰੇਣੀ) ਪ੍ਰੀਖਿਆ 2024 ਵਿੱਚ 86ਵਾਂ ਰੈਂਕ ਹਾਸਲ ਕੀਤਾ ਹੈ। ਨੈਸ਼ਨਲ ਲਾਅ ਯੂਨੀਵਰਸਿਟੀ, ਜੋਧਪੁਰ ਦੇ ਗ੍ਰੈਜੂਏਟ ਯੋਗੇਸ਼ ਨੇ ਲਿਖਤੀ ਪ੍ਰੀਖਿਆ ਵਿੱਚ 506 ਨੰਬਰ ਪ੍ਰਾਪਤ ਕਰਕੇ ਉਹ ਚੋਟੀ ਦੇ ਰੈਂਕਾਂ ਵਿੱਚ ਸ਼ਾਮਲ ਰਹੇ। ਹਾਲਾਂਕਿ ਇੰਟਰਵਿਊ ਵਿੱਚ ਕੁਝ ਘੱਟ ਨੰਬਰਾਂ ਦੇ ਕਾਰਨ ਉਹਨਾਂ ਦਾ ਰੈਂਕ 86ਵਾਂ ਹੋਇਆ।

ਯੋਗੇਸ਼ ਦੇ ਮਾਤਾ ਪਿਤਾ ਆਪਣੇ ਪੁੱਤਰ ਦੀ ਕਾਮਯਾਬੀ ਤੇ ਬੇਹਦ ਮਾਣ ਮਹਿਸੂਸ ਕਰ ਰਹੇ ਹਨ। ਉਸਦੇ ਪਿਤਾ ਸਤੀਸ਼ ਕੌਸ਼ਿਕ ਹਾਲ ਹੀ ਵਿੱਚ ਭਾਰਤੀ ਰੇਲਵੇ ਤੋਂ ਸੀਨੀਅਰ ਸੈਕਸ਼ਨ ਇੰਜੀਨੀਅਰ ਦੇ ਤੌਰ ਤੇ ਰਿਟਾਇਰ ਹੋਏ ਹਨ। ਉਸਦੇ ਮਾਤਾ ਅਨੀਤਾ ਕੌਸ਼ਿਕ ਹਰਿਆਣਾ ਸਕੂਲ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਹਨ।

Continue Reading

Chandigarh

ਵਿਜੀਲੈਂਸ ਬਿਊਰੋ ਵੱਲੋਂ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਭਗੌੜਾ ਗੁਲਸ਼ਨ ਜੈਨ ਗ੍ਰਿਫ਼ਤਾਰ

Published

on

By

 

2019 ਵਿੱਚ ਕੀਤਾ ਗਿਆ ਸੀ ਭਗੌੜਾ ਘੋਸ਼ਿਤ, ਵਿਜੀਲੈਂਸ ਬਿਊਰੋ ਨੇ ਮੁਲਜ਼ਮ ਦਾ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ

ਚੰਡੀਗੜ੍ਹ, 25 ਅਕਤੂਬਰ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਏ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਭਗੌੜੇ ਗੁਲਸ਼ਨ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਲਸ਼ਨ ਜੈਨ ਨੂੰ ਅਦਾਲਤ ਨੇ ਸਾਲ 2019 ਵਿੱਚ ਭਗੌੜਾ ਕਰਾਰ ਦਿੱਤਾ ਸੀ।

ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਦੇ ਵਸਨੀਕ ਗੁਲਸ਼ਨ ਜੈਨ ਨੂੰ ਐਫ. ਆਈ .ਆਰ. ਨੰਬਰ 44 ਮਿਤੀ 5. 4. 2018 ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕੇਸ ਪੁਲੀਸ ਥਾਣਾ ਜੰਡਿਆਲਾ ਗੁਰੂ (ਅੰਮ੍ਰਿਤਸਰ ਦਿਹਾਤੀ) ਵਿਖੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ 406, 409, 420, 467, 468, 471, ਅਤੇ 120-ਬੀ ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 13 (1) (ਡੀ) ਅਤੇ 13 (2) ਦੇ ਤਹਿਤ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ ਦੇ ਡਾਇਰੈਕਟਰਾਂ/ਮਾਲਕਾਂ, ਜੋ ਗੁਲਸ਼ਨ ਜੈਨ ਦੇ ਪਰਿਵਾਰਕ ਮੈਂਬਰ ਹਨ, ਸਮੇਤ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਜ ਸਰਕਾਰ ਦੀਆਂ ਖਰੀਦ ਏਜੰਸੀਆਂ ਵਲੋਂ ਮਿੱਲ ਨੂੰ ਅਲਾਟ ਕੀਤੇ ਗਏ ਲਗਭਗ 33.6 ਕਰੋੜ ਰੁਪਏ ਦੀ ਕੀਮਤ ਦੇ ਝੋਨੇ ਦੀ ਹੇਰਾਫੇਰੀ ਅਤੇ ਗ਼ਬਨ ਵਿੱਚ ਕਥਿਤ ਸ਼ਮੂਲੀਅਤ ਲਈ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਵੀ ਕੇਸ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਡੀ. ਐਫ. ਐਸ .ਓ. ਰਮਿੰਦਰ ਸਿੰਘ ਬਾਠ, ਏ. ਐਫ. ਐਸ. ਓ. ਸ੍ਰੀਮਤੀ ਵਿਪਨ ਸ਼ਰਮਾ, ਇੰਸਪੈਕਟਰ ਗੁਰਜਿੰਦਰ ਕੁਮਾਰ, ਸਟੈਟਿਸਟਿਕ ਟੈਕਨੀਕਲ ਅਸਿਸਟੈਂਟ (ਐਸ. ਟੀ. ਏ.) ਪਰਮਿੰਦਰ ਸਿੰਘ ਭਾਟੀਆ ਅਤੇ ਡੀ. ਐਫ. ਐਸ. ਸੀ. ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਸਬੰਧਤ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਮਿੱਲ ਦੇ ਡਾਇਰੈਕਟਰਾਂ/ਮਾਲਕਾਂ ਨੇ ਜੰਡਿਆਲਾ ਗੁਰੂ ਸਥਿਤ ਪੰਜਾਬ ਨੈਸ਼ਨਲ ਬੈਂਕ ਨਾਲ ਵੀ ਕਥਿਤ ਤੌਰ ਤੇ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਮਾਮਲੇ ਦੀ ਜਾਂਚ 24. 4. 2018 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਮੌਜੂਦਾ ਸਮੇਂ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਮੁਹਾਲੀ ਵਿੱਚ ਆਰਥਿਕ ਅਪਰਾਧ ਵਿੰਗ ਦੇ ਵਧੀਕ ਇੰਸਪੈਕਟਰ ਜਨਰਲ ਦੀ ਨਿਗਰਾਨੀ ਹੇਠ ਅਗਲੇਰੀ ਜਾਂਚ ਜਾਰੀ ਹੈ।

ਜਿਕਰਯੋਗ ਹੈ ਕਿ ਗੁਲਸ਼ਨ ਜੈਨ ਨੂੰ ਸੀ. ਬੀ. ਆਈ. ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਜੰਸੀ ਵੱਲੋਂ ਦਰਜ ਹੋਰ ਕੇਸਾਂ ਦੇ ਸਬੰਧ ਗ੍ਰਿਫ਼ਤਾਰ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ (ਵੀ.ਬੀ.) ਨੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਤੋਂ ਬਾਅਦ ਉਕਤ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਦਾ 5 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।

Continue Reading

Latest News

Trending