Connect with us

Editorial

ਵੱਡੀ ਖੁਸ਼ੀ ਦੀ ਝਾਕ ਵਿੱਚ ਛੋਟੀਆਂ ਖੁਸ਼ੀਆਂ ਦਾ ਕਤਲ ਨਾ ਕਰੋ

Published

on

 

ਪੈਸੇ ਦੀ ਅਹਿਮੀਅਤ ਅਜੋਕੇ ਸਮੇਂ ਦਾ ਕੌੜਾ ਸਚ ਹੈ। ਪਦਾਰਥਵਾਦੀ ਵਰਤਾਰੇ ਵਿੱਚ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਅਤੇ ਸਾਧਨ ਸੰਪੰਨ ਜ਼ਿੰਦਗੀ ਲਈ ਪੈਸੇ ਦਾ ਕੋਈ ਦੂਜਾ ਬਦਲ ਨਜ਼ਰ ਨਹੀਂ ਆਉਂਦਾ। ਅੱਜ ਪੈਸਾ ਕਮਾਉਣਾ ਅਤੇ ਬਣਾਉਣਾ ਜਿੱਥੇ ਮੁੱਢਲੀ ਲੋੜ ਤ ਹੈ, ਉੱਥੇ ਹੀ ਪੈਸੇ ਦੀ ਕਮੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦੇ ਜਾਂਦੀ ਹੈ, ਜਿਸਦਾ ਅੰਜ਼ਾਮ ਬਹੁਤ ਪੀੜਾਦਾਇਕ ਅਤੇ ਦੁਖਦਾਇਕ ਹੁੰਦਾ ਹੈ।

ਇੱਕ ਹੱਦ ਤੱਕ ਪੈਸੇ ਦੀ ਦੌੜ ਵਿੱਚ ਸ਼ਾਮਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਸਭ ਕੁਝ ਲਾਂਭੇ ਰੱਖ ਕੇ ਸਿਰਫ਼ ਪੈਸੇ ਦੀ ਹੀ ਦੌੜ ਵਿੱਚ ਲੱਗੇ ਰਹਿਣ ਦਾ ਰਵੱਈਆ ਵਿਚਾਰਨਯੋਗ ਹੈ। ਪੈਸਾ ਜ਼ਰੂਰਤ ਜ਼ਰੂਰ ਹੈ, ਪਰ ਇਹ ਜੀਵਨ ਨਹੀਂ ਹੈ। ਕੁਦਰਤ ਦਾ ਨਿਯਮ ਹੈ ਇਨਸਾਨ ਜਨਮ ਲੈਂਦਾ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ ਅਤੇ ਅਖੀਰ ਦੁਨੀਆਂ ਨੂੰ ਆਪਣੀ ਚਾਲ ਚਲਦਿਆਂ ਛੱਡ ਕੇ ਰੁਖ਼ਸਤ ਹੋ ਜਾਂਦਾ ਹੈ।

ਜੀਵਨ ਵਿੱਚ ਜੋ ਸਮਾਂ ਲੰਘ ਗਿਆ ਅਤੇ ਜੋ ਉਮਰ ਬੀਤ ਗਈ ਉਹ ਵਾਪਸ ਨਹੀਂ ਆ ਸਕਦੀ ਚਾਹੇ ਤੁਸੀਂ ਕਿੰਨੇ ਵੀ ਧਨਵਾਨ ਹੋਵੋ। ਆਪਣੀ ਅਤੇ ਪਰਿਵਾਰ ਦੇ ਬੇਹਤਰ ਭਵਿੱਖ ਲਈ ਘਾਲਣਾ ਘਾਲਣੀ ਨਿਰੰਤਰ ਜਾਰੀ ਰੱਖੋ, ਆਪਣੇ ਸੁਫਨਿਆਂ ਨੂੰ ਜ਼ਿੰਦਾ ਰੱਖੋ ਪਰੰਤੂ ਇਸ ਸਫ਼ਰ ਤੇ ਚੱਲਦਿਆਂ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਗਲਾ ਨਾ ਘੁੱਟੋ, ਬਲਕਿ ਉਹਨਾਂ ਨੂੰ ਮਾਣੋ। ਇਸ ਨਾਲ ਤੁਹਾਡਾ ਪੈਂਡਾ ਹੋਰ ਚੰਗਾ ਅਤੇ ਨਿੱਘੀਆਂ ਯਾਦਾਂ ਭਰਿਆਂ ਹੁੰਦਾ ਜਾਵੇਗਾ ਅਤੇ ਜੀਵਨ ਦੀ ਖੁਸ਼ੀ ਪ੍ਰਾਪਤ ਹੋਵੇਗੀ। ਆਪਣੇ ਪਰਿਵਾਰ ਅਤੇ ਰਿਸ਼ਤਿਆਂ ਨੂੰ ਸਮਾਂ ਦੇਵੋ, ਇਹ ਨਾ ਹੋਵੇ ਤੁਸੀਂ ਕਾਮਯਾਬੀ ਤੇ ਸਿਖ਼ਰ ਤੇ ਤਾਂ ਪਹੁੰਚ ਜਾਵੋ ਪਰੰਤੂ ਤੁਹਾਡੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਤੁਹਾਡੀ ਖੁਸ਼ੀ ਨੂੰ ਦੁਗਣਾ, ਚੌਗੁਣਾ ਕਰਨ ਵਾਲਾ ਕੋਈ ਬਚੇ ਹੀ ਨਾ ਤੇ ਤੁਸੀਂ ਬਨਾਟਵੀ ਲੋਕਾਂ ਦੀ ਭੀੜ ਵਿੱਚ ਇਕੱਲੇ ਰਹਿ ਜਾਓ।

ਬਾਹਰੋਂ ਕੰਮ ਤੋਂ ਥੱਕ ਟੁੱਟ ਕੇ ਪਰਤੇ ਬੰਦੇ ਦਾ ਆਪਣੇ ਬੱਚਿਆਂ ਦੇ ਹੱਸਦੇ ਚਿਹਰਿਆਂ ਨੂੰ ਵੇਖ, ਉਹਨਾਂ ਦੀ ਪਿਆਰੀ ਗਲਵਕੜੀ ਵਿੱਚ ਆ ਸਾਰੀ ਥਕਾਣ ਇੱਕ ਝੱਟ ਉੱਡ ਜਾਂਦੀ ਹੈ, ਇਸ ਨੂੰ ਮਾਣੋ ਇਹ ਨਿਰਸਵਾਰਥ ਭਾਵਨਾ ਹੈ ਬੱਚਿਆਂ ਦਾ ਆਪਣੇ ਪਿਤਾ ਦੀ ਸ਼ਾਮ ਨੂੰ ਉਡੀਕ ਕਰਨਾ। ਛੋਟੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਖੁਸ਼ੀਆਂ ਦਾ ਅਥਾਹ ਸਮੁੰਦਰ ਹੈ, ਇਸਨੂੰ ਮਾਣੋ ਤੇ ਜਿਊਂਦੇ ਹੋਣ ਦੀ ਭਾਵਨਾ ਨੂੰ ਕਬੂਲ ਕਰੋ।

ਬੁੱਢੇ ਮਾਂ ਬਾਪ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ, ਕੁਝ ਸਮਾਂ ਉਹਨਾਂ ਨਾਲ ਬਿਤਾਓ। ਉਹਨਾਂ ਨੇ ਤੁਹਾਨੂੰ ਇਸ ਸੰਸਾਰ ਤੇ ਜਨਮ ਦਿੱਤਾ ਹੈ, ਇੱਕ ਬੂਟਾ ਲਾਇਆ ਹੈ, ਤੁਹਾਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਪਾਲਣ ਪੋਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਆਪਣੇ ਹੱਥੀਂ ਲਾਏ ਬੂਟੇ ਦੀ ਛਾਂ ਮਾਨਣ ਦਾ ਸੁਖ ਦਿਓ, ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਉਹਨਾਂ ਦੇ ਬੁੱਢੇ ਅੰਗਾਂ ਨੂੰ ਤਾਜ਼ਗੀ ਮਿਲੇਗੀ। ਪਰਮਾਤਮਾ ਅੱਗੇ ਬੁੱਢੇ ਮਾਂ ਬਾਪ ਦੇ ਹੱਥ ਬੱਚਿਆਂ ਦੀ ਸਲਾਮਤੀ, ਖੁਸ਼ਹਾਲੀ ਲਈ ਹੀ ਉੱਠਦੇ ਹਨ, ਦੁਆਵਾਂ ਕਰਦੇ ਹਨ। ਜੇਕਰ ਤੁਹਾਡਾ ਵਤੀਰਾ ਉਹਨਾਂ ਪ੍ਰਤੀ ਜੀਵਨ ਦੇ ਇਸ ਪੜਾਅ ਤੇ ਬੁੱਢੇ ਮਾਪਿਆਂ ਦੇ ਦੁਖ ਦਾ ਕਾਰਨ ਬਣਦਾ ਹੈ, ਇਹ ਤੁਹਾਡੀ ਬਦਕਿਸਮਤੀ ਦੀ ਨਿਸ਼ਾਨੀ ਹੈ।

ਆਪਣੇ ਜੀਵਨਸਾਥੀ, ਭੈਣਾਂ ਭਾਈਆਂ, ਸਕੇ ਸੰਬੰਧੀਆਂ ਅਤੇ ਦੋਸਤਾਂ ਨਾਲ ਮੋਹ ਦੀਆਂ ਤੰਦਾਂ ਬਣਾਈਆਂ ਰੱਖੋ, ਗੁੱਸੇ ਗਿਲ੍ਹੇ ਹੋਣ ਤਾਂ ਬੈਠ ਕੇ ਵਿਚਾਰੋ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਜੋ ਇਸ ਜਨਮ ਤੁਹਾਡੇ ਨਾਲ ਰਿਸ਼ਤੇ ਜੁੜੇ ਹਨ, ਉਹ ਮੁੜ ਨਹੀਂ ਜੁੜਨੇ ਤੇ ਇਸ ਸੰਸਾਰ ਵਿੱਚ ਰਹਿਣਾ ਵੀ ਕਿਸੇ ਨੇ ਨਹੀਂ। ਜਿਵੇਂ ਕਹਿੰਦੇ ਨੇ ਕਿ ਅੱਗੇ ਦਰਗਾਹ ਜਾ ਕੇ ਕੌਣ ਮਿਲਦਾ ਹੈ! ਸੋ ਆਪਣੇ ਜੀਵਨ ਵਿੱਚ ਹੀ ਸਭ ਨਾਲ ਪਿਆਰ-ਮੁਹੱਬਤ ਨਾਲ ਲਵਰੇਜ ਰਿਸ਼ਤੇ ਕਾਇਮ ਰੱਖੋ ਅਤੇ ਨਿਭਾਓ।

ਜ਼ਿੰਦਗੀ ਜਿਊਣ ਦਾ ਨਾਮ ਹੈ, ਨਾ ਕਿ ਢੋਣ ਦਾ। ਜ਼ਿੰਦਾਦਲੀ ਨਾਲ ਆਪਣੇ ਜੀਵਨ ਵਿੱਚ ਵਰਤਮਾਨ ਸਮੇਂ ਦਾ ਆਨੰਦ ਮਾਣੋ, ਰੋਜ਼ਾਨਾ ਦੇ ਛੋਟੋ ਛੋਟੇ ਹਾਸਿਆਂ ਅਤੇ ਖੁਸ਼ੀਆਂ ਨੂੰ ਖੁੱਲ੍ਹ ਕੇ ਮਾਣੋ ਅਤੇ ਦੂਜਿਆਂ ਦੀ ਖੁਸ਼ੀਂ ਦਾ ਕਾਰਨ ਬਣੋ ਕਿਉਂਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ।

ਗੋਬਿੰਦਰ ਸਿੰਘ ਢੀਂਡਸਾ

Continue Reading

Editorial

ਦਿਨ ਢਲਣ ਤੋਂ ਬਾਅਦ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਤੇ ਵੀ ਸਖਤੀ ਨਾਲ ਕਾਬੂ ਕਰੇ ਨਿਗਮ

Published

on

By

 

 

ਪ੍ਰਸ਼ਾਸ਼ਨ ਵਲੋਂ ਭਾਵੇਂ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਸ਼ਹਿਰ ਦੀ ਅਸਲ ਹਾਲਤ ਪ੍ਰਸ਼ਾਸ਼ਨ ਦੇ ਇਹਨਾਂ ਦਾਅਵਿਆਂ ਤੇ ਸਵਾਲ ਖੜ੍ਹੇ ਕਰਦੀ ਹੈ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਸਾਬਿਤ ਹੁੰਦੇ ਹਨ। ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ਼ ਕਬਜ਼ਿਆਂ ਦੀ ਗੱਲ ਹੋਵੇ ਜਾਂ ਸਫਾਈ ਵਿਵਸਥਾ ਦੀ ਬਦਹਾਲੀ ਦੀ, ਨਗਰ ਨਿਗਮ ਦੇ ਅਮਲੇ ਫੈਲੇ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦੇ ਦਾਅਵਿਆਂ ਅਤੇ ਹਕੀਕਤ ਵਿੱਚ ਵੱਡਾ ਫਰਕ ਸਾਫ ਦਿਖਦਾ ਹੈ।

ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਕਾਫੀ ਛੋਟੇ ਹੋਣ ਲੱਗ ਗਏ ਹਨ। ਪਹਿਲਾਂ ਜਿੱਥੇ ਸ਼ਾਮ ਦੇ ਸਾਢੇ ਛੇ ਵਜੇ ਤਕ ਪੂਰਾ ਚਾਨਣ ਹੁੰਦਾ ਸੀ, ਹੁਣ ਸਾਢੇ ਪੰਜ ਵੱਜਦਿਆਂ ਹੀ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਨਾਲ ਹੀ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਗ੍ਰੀਨ ਬੈਲਟਾਂ, ਸ਼ੋਰੂਮਾਂ ਦੀ ਪਿਛਲੀ ਸੜਕ ਅਤੇ ਮੁੱਖ ਸੜਕਾਂ ਕਿਨਾਰੇ ਅਜਿਹੀਆਂ ਵੱਡੀ ਗਿਣਤੀ ਰੇਹੜੀਆਂ ਫੜੀਆਂ ਦੀ ਗਿਣਤੀ ਵੀ ਵਧਣ ਲੱਗ ਗਈ ਹੈ ਜਿਹਨਾਂ ਵਲੋਂ ਸੂਪ, ਅੰਡੇ, ਮੀਟ ਮੁਰਗੇ ਦਾ ਅਚਾਰ ਜਾਂ ਖਾਣ ਪੀਣ ਦਾ ਅਜਿਹਾ ਹੋਰ ਤਿਆਰ ਸਾਮਾਨ ਵੇਚਿਆ ਜਾਂਦਾ ਹੈ ਅਤੇ ਦਿਨ ਢਲਦਿਆਂ ਹੀ ਇਹ ਰੇਹੜੀਆਂ ਫੜੀਆਂ ਵਾਲੇ ਆਪਣਾ ਤਾਮ ਝਾਮ ਸਜਾ ਕੇ ਆਪਣੀ ਦੁਕਾਨਦਾਰੀ ਆਰੰਭ ਕਰ ਦਿੰਦੇ ਹਨ।

ਸ਼ਾਮ ਹੁੰਦਿਆਂ ਹੀ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਥਾਂ ਥਾਂ ਤੇ ਅਜਿਹੀਆਂ ਰੇਹੜੀਆਂ ਫੜੀਆਂ ਲੱਗੀਆਂ ਆਮ ਵੇਖੀਆਂ ਜਾ ਸਕਦੀਆਂ ਹਨ ਜਿਹਨਾਂ ਤੇ ਖਾਣ ਪੀਣ ਦਾ ਅਜਿਹਾ ਤਰ੍ਹਾਂ ਤਰ੍ਹਾਂ ਦਾ ਸਾਮਾਨ ਵਿਕਦਾ ਹੈ। ਇਹਨਾਂ ਨਾਜਾਇਜ਼ ਕਬਜਾਕਾਰਾਂ ਵਲੋਂ ਸ਼ੋਰੂਮਾਂ ਦੇ ਸਾਮ੍ਹਣੇ ਆਮ ਲੋਕਾਂ ਦੇ ਚਲਣ ਫਿਰਨ ਲਈ ਬਣੀ ਥਾਂ ਤੇ ਵੀ ਆਪਣੇ ਅੱਡੇ ਲਗਾ ਲਏ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਲੰਘਣ ਲਈ ਥਾਂ ਹੀ ਨਹੀਂ ਮਿਲਦੀ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਤੰਗ ਹੋਣਾ ਪੈਂਦਾ ਹੈ।

ਇਹਨਾਂ ਰੇਹੜੀਆਂ ਫੜੀਆਂ ਦੇ ਆਸਪਾਸ ਖਾਣ ਪੀਣ ਦੇ ਸ਼ੌਕੀਨ ਅਤੇ ਵਿਹਲੜ ਕਿਸਮ ਦੇ ਨੌਜਵਾਨ ਮੰਡਲੀਆਂ ਬਣਾ ਕੇ ਇਕੱਠੇ ਖੜ੍ਹੇ ਦਿਖਦੇ ਹਨ। ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਿੱਚੋਂ ਕਈ ਤਾਂ ਅਜਿਹੇ ਵੀ ਹਨ ਜਿਹੜੇ ਕਬਾਬ ਦੇ ਨਾਲ ਸ਼ਰਾਬ ਦਾ ਆਨੰਦ ਲੈਣ ਲਈ ਆਪਣੇ ਗ੍ਰਾਹਕਾਂ ਨੂੰ ਗਿਲਾਸ ਅਤੇ ਪਾਣੀ ਵੀ ਮੁਹਈਆ ਕਰਵਾਉਂਦੇ ਹਨ ਅਤੇ ਅਜਿਹੀਆਂ ਰੇਹੜੀਆਂ ਤੇ ਨੌਜਵਾਨ ਮੁੰਡੀਰ ਨੂੰ ਇਕੱਠੇ ਹੋ ਕੇ ਮਸਤੀ ਮਾਰਦੇ ਆਮ ਵੇਖਿਆ ਜਾ ਸਕਦਾ ਹੈ। ਸ਼ਰਾਬ ਅਤੇ ਕਬਾਬ ਦਾ ਮਜਾ ਲੈਣ ਵਾਲੇ ਇਹ ਲੋਕ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਵੀ ਪ੍ਰਭਾਵਿਤ ਤਾਂ ਕਰਦੇ ਹੀ ਹਨ ਅਤੇ ਕਈ ਵਾਰ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਨਾਲ ਛੇੜਖਾਨੀ ਤਕ ਕਰਦੇ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ।

ਇਹਨਾਂ ਨਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰੰਤੂ ਜੇਕਰ ਇਸ ਸੰਬੰਧੀ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜ਼ਾਇਜ਼ ਕਬਜਿਆਂ ਨੂੰ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਕਰੀਏ ਤਾਂ ਇਸ ਸੰਬੰਧੀ ਨਗਰ ਨਿਗਮ ਵਲੋਂ ਜਿਹੜੀ ਥੋੜ੍ਹੀ ਬਹੁਤ ਕਾਰਵਾਈ ਕੀਤੀ ਵੀ ਜਾਂਦੀ ਹੈ ਉਹ ਵੀ ਦਿਨ ਵਿੱਚ (ਦਫਤਰੀ ਸਮੇਂ ਦੌਰਾਨ) ਹੀ ਹੁੰਦੀ ਹੈ ਅਤੇ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਕਬਜ਼ੇ ਲਗਾਤਾਰ ਵੱਧ ਰਹੇ ਹਨ।

ਇਸ ਤਰੀਕੇ ਨਾਲ ਲਗਾਤਾਰ ਵੱਧਦੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਥਾਂ ਤੇ ਨਾਜਾਇਜ਼ ਕਬਜਾ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਇਹਨਾਂ ਲੋਕਾਂ ਦਾ ਸਾਮਾਨ ਜਬਤ ਕੀਤਾ ਜਾਵੇ। ਇਸ ਸੰਬੰਧੀ ਜਿੱਥੇ ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੇ ਸਟਾਫ ਦੀ ਸੁਰਖਿਆ ਲਈ ਲੋੜੀਂਦੀ ਪੁਲੀਸ ਫੋਰਸ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।

ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਦਿਨ ਢੱਲਣ ਉਪੰਰਤ (ਨਿਗਮ ਦੇ ਦਫਤਰ ਦੀ ਛੁਟੀ ਹੋਣ ਤੋਂ ਬਾਅਦ) ਹੋਣ ਵਾਲੇ ਇਹਨਾਂ ਕਬਜਿਆਂ ਤੇ ਕਾਬੂ ਕਰਨ ਲਈ ਵਾਧੂ ਸਟਾਫ ਤੈਨਾਤ ਕੀਤਾ ਜਾਵੇ ਅਤੇ ਅਜਿਹੇ ਕਬਜਾਕਾਰਾਂ ਤੇ ਛਾਪੇਮਾਰੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਕਾਬੂ ਕੀਤਾ ਜਾ ਸਕੇ।

Continue Reading

Editorial

ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਤੋਂ ਅਮਰੀਕਾ ਨੂੰ ਹੁੰਦੇ ਪਰਵਾਸ ਨੂੰ ਪੈ ਸਕੇਗੀ ਠੱਲ?

Published

on

By

 

ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਬਾਰੇ ਕਾਫੀ ਸਖਤ ਹੈ ਟਰੰਪ ਦਾ ਰੁੱਖ

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਤਣ ਤੋਂ ਬਾਅਦ ਭਾਸ਼ਣ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਹ ਅਮਰੀਕਾ ਦੀਆਂ ਸਰਹੱਦਾਂ ਨੂੰ ਮਜਬੂੁਤ ਕਰਨਗੇ। ਟਰੰਪ ਦੇ ਇਸ ਬਿਆਨ ਦੇ ਕਈ ਵੱਡੇ ਅਰਥ ਨਿਕਲਦੇ ਹਨ। ਟਰੰਪ ਨੂੰ ਪਹਿਲਾਂ ਹੀ ਪਰਵਾਸੀਆਂ ਤੇ ਸ਼ਰਨਾਰਥੀਆਂ ਦਾ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਉਹ ਅਕਸਰ ਹੀ ਗ਼ੈਰ ਕਾਨੂੰਨੀ ਸ਼ਰਨਾਰਥੀਆਂ ਦੇ ਖਿਲਾਫ ਆਪਣੇ ਵਿਚਾਰ ਜਾਹਿਰ ਕਰਦੇ ਰਹਿੰਦੇ ਹਨ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਗ਼ੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਦਿੱਤਾ ਜਾਣਾ ਚਾਹੀਦਾ ਹੈ।

ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਚਰਚਾ ਵੀ ਹੋ ਰਹੀ ਹੈ ਕਿ ਕੀ ਟਰੰਪ ਵਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਭਾਰਤ ਤੋਂ ਅਮਰੀਕਾ ਨੂੰ ਹੋ ਰਹੇ ਪਰਵਾਸ ਨੂੰ ਠੱਲ ਪੈ ਸਕੇਗੀ? ਕੈਨੇਡਾ ਵਿੱਚ ਪੰਜਾਬੀਆਂ ਨੂੰ ਕੰਮ ਅਤੇ ਰਿਹਾਇਸ਼ ਦੀ ਆ ਰਹੀ ਤੰਗੀ ਅਤੇ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਨਾਓ ਕਾਰਨ ਪਹਿਲਾਂ ਹੀ ਭਾਰਤੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਉਹਨਾਂ ਵੱਲੋਂ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਜਾਣ ਲਈ ਰੁੱਖ ਕਰ ਲਿਆ ਗਿਆ ਹੈ। ਪਰੰਤੂ ਹੁਣ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਮਰੀਕਾ ਜਾਣਾ ਵੀ ਆਸਾਨ ਨਹੀਂ ਹੋਵੇਗਾ ਕਿਉਂਕਿ ਟਰੰਪ ਦੂਜੇ ਦੇਸ਼ਾਂ ਦੇ ਲੋਕਾਂ ਦਾ ਅਮਰੀਕਾ ਵਿੱਚ ਆ ਕੇ ਅਮਰੀਕੀ ਨਾਗਰਿਕ ਬਣਨਾ ਪਸੰਦ ਨਹੀਂ ਕਰਦੇ। ਇਸ ਕਾਰਨ ਅਮਰੀਕਾ ਜਾ ਕੇ ਪੜਾਈ ਕਰਨ ਦੇ ਚਾਹਵਾਨ ਭਾਰਤੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਵਿੱਚ ਕੁਝ ਚਿੰਤਾ ਵੀ ਪਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕੁਝ ਇਹੋ ਜਿਹੇ ਕਾਨੂੰਨ ਲਾਗੂ ਕਰ ਸਕਦੇ ਹਨ, ਜਿਹਨਾਂ ਨਾਲ ਭਾਰਤ ਤੋਂ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਲਈ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ।

ਅਮਰੀਕਾ ਵੱਲੋਂ ਪਹਿਲਾਂ ਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਾਈ ਲਈ ਆਉਂਦੇ ਹਨ, ਉਹਨਾਂ ਨੂੰ ਪੜਨ ਤੋਂ ਬਾਅਦ ਅਮਰੀਕਾ ਦਾ ਨਾਗਰਿਕ ਬਣਨ ਦੀ ਥਾਂ ਆਪਣੇ ਮੂਲ ਦੇਸ਼ਾਂ ਨੂੰ ਵਾਪਸ ਮੁੜ ਜਾਣਾ ਚਾਹੀਦਾ ਹੈ। ਹੁਣ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੀ ਇਸ ਭਾਵਨਾ ਨੂੰ ਹੋਰ ਬਲ ਮਿਲੇਗਾ।

ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਸਦੇ ਹਨ। ਵੈਸੇ ਵੀ ਭਾਰਤ ਦੇ ਲੋਕ ਜਿੱਥੇ ਵੀ ਜਾਂਦੇ ਹਨ, ਉਹ ਆਪਣੀ ਪਛਾਣ ਜ਼ਰੂਰ ਛੱਡਦੇ ਹਨ। ਕਲਾ ਤੋਂ ਲੈ ਕੇ ਸਾਹਿਤ ਤੱਕ ਅਤੇ ਵਪਾਰ ਤੋਂ ਲੈ ਕੇ ਸਿੱਖਿਆ ਤੱਕ, ਭਾਰਤੀ ਭਾਈਚਾਰੇ ਦਾ ਦਬਦਬਾ ਦੁਨੀਆਂ ਦੇ ਹਰ ਕੋਨੇ ਵਿੱਚ ਦਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤਾਂਤਰਿਕ ਦੇਸ਼ ਅਮਰੀਕਾ ਵਿੱਚ ਵੀ ਭਾਰਤੀ ਭਾਈਚਾਰਾ ਨਵੇਂ ਰਿਕਾਰਡ ਬਣਾ ਰਿਹਾ ਹੈ। ਅਮਰੀਕਾ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਵਿਦਿਆਰਥੀਆਂ ਦਾ ਵੀ ਵੱਡਾ ਯੋਗਦਾਨ ਹੈ, ਜੋ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਉੱਥੇ ਪੜ੍ਹਨ ਲਈ ਜਾਂਦੇ ਹਨ।

ਭਾਰਤੀ-ਅਮਰੀਕੀ ਭਾਈਚਾਰਾ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਈਚਾਰਿਆਂ ਵਿੱਚੋਂ ਇੱਕ ਹੈ। ਇਸਦਾ ਅੰਦਾਜ਼ਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਆਬਾਦੀ ਵਿੱਚ ਇਸ ਦਾ ਕੁਝ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਇਕੱਲਾ ਇਹ ਭਾਈਚਾਰਾ ਚਾਰ ਗੁਣਾ ਜ਼ਿਆਦਾ ਟੈਕਸ ਅਦਾ ਕਰ ਰਿਹਾ ਹੈ। ਅਮਰੀਕਾ ਵਿੱਚ ਰਹਿ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੇ ਸਬੰਧ ਵਿੱਚ ਕੁੱਝ ਨਵੇਂ ਅੰਕੜੇ ਸਾਹਮਣੇ ਆਏ ਹਨ, ਜਿਹਨਾਂ ਵਿੱਚ ਭਾਰਤੀ ਵਿਦਿਆਰਥੀਆਂ, ਅਮਰੀਕੀ ਕੰਪਨੀਆਂ ਦੀ ਅਗਵਾਈ ਕਰਨ ਵਾਲੇ ਲੋਕਾਂ ਸਮੇਤ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ।

ਸੰਯੁਕਤ ਰਾਜ ਜਨਗਣਨਾ ਬਿਊਰੋ ਦੇ ਅਨੁਸਾਰ, ਅਮਰੀਕਾ ਦੀ ਆਬਾਦੀ ਲਗਭਗ 33 ਕਰੋੜ ਹੈ, ਜਿਸ ਵਿੱਚੋਂ 51 ਲੱਖ ਲੋਕ ਭਾਰਤੀ ਮੂਲ ਦੇ ਹਨ। ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਜਨਮ ਅਮਰੀਕਾ ਜਾਂ ਭਾਰਤ ਵਿੱਚ ਹੋਇਆ ਸੀ। ਭਾਰਤੀ-ਅਮਰੀਕੀ ਭਾਈਚਾਰਾ ਅਮਰੀਕਾ ਦੀ ਕੁੱਲ ਆਬਾਦੀ ਦਾ 1.5 ਫੀਸਦੀ ਹੈ। ਬੈਚਲਰ ਡਿਗਰੀ ਜਾਂ ਇਸ ਤੋਂ ਵੱਧ ਪ੍ਰਾਪਤ ਕਰਨ ਵਾਲੀ ਅਮਰੀਕੀ ਆਬਾਦੀ ਦੀ ਰਾਸ਼ਟਰੀ ਔਸਤ 36 ਪ੍ਰਤੀਸ਼ਤ ਹੈ। ਇਸ ਦੇ ਮੁਕਾਬਲੇ ਭਾਰਤੀ ਭਾਈਚਾਰੇ ਦੇ 76 ਫੀਸਦੀ ਲੋਕਾਂ ਕੋਲ ਬੈਚਲਰ ਡਿਗਰੀ ਜਾਂ ਇਸ ਤੋਂ ਉੱਪਰ ਦੀ ਡਿਗਰੀ ਹੈ।

ਦੁਨੀਆਂ ਦੀਆਂ ਕੁਝ ਵਧੀਆ ਯੂਨੀਵਰਸਿਟੀਆਂ ਅਮਰੀਕਾ ਵਿੱਚ ਸਥਿਤ ਹਨ ਅਤੇ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪੜ੍ਹਾਈ ਲਈ ਆਉਂਦੇ ਹਨ। ਹਰ ਸਾਲ ਭਾਰਤ ਤੋਂ 2.7 ਲੱਖ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਜਾਂਦੇ ਹਨ। ਇਹ ਵਿਦਿਆਰਥੀ ਸਿੱਖਿਆ ਤੇ ਕੁੱਲ 10 ਬਿਲੀਅਨ ਡਾਲਰ (83000 ਕਰੋੜ ਰੁਪਏ) ਖਰਚ ਕਰਦੇ ਹਨ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਜਾਣ ਵਾਲੇ ਭਾਰਤੀ ਖਾਸ ਕਰਕੇ ਭਾਰਤੀ ਵਿਦਿਆਰਥੀ ਅਮਰੀਕਾ ਦੀ ਆਰਥਿਕਤਾ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਪਰ ਹੁਣ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਕੁਝ ਚਿੰਤਾ ਪਾਈ ਜਾ ਰਹੀ ਹੈ ਕਿ ਸ਼ਾਇਦ ਟਰੰਪ ਅਮਰੀਕਾ ਪਰਵਾਸ ਕਰਨ ਦੇ ਨਿਯਮਾਂ ਤੇ ਕਾਨੂੰੂਨਾਂ ਨੂੰ ਹੋਰ ਸਖ਼ਤ ਨਾ ਕਰ ਦੇਣ, ਜਿਸ ਕਾਰਨ ਅਮਰੀਕਾ ਜਾ ਕੇ ਪੜਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਵੇਲੇ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿੱਚ ਆਪਣੇ ਸਮਰਥਕਾਂ ਨਾਲ ਜਸ਼ਨ ਮਨਾ ਰਹੇ ਹਨ ਅਤੇ ਉਹਨਾਂ ਵਲੋਂ ਜਨਵਰੀ ਵਿੱਚ ਆਪਣਾ ਅਹੁਦਾ ਸੰਭਾਲਿਆ ਜਾਣਾ ਹੈ। ਇਸ ਦੇ ਬਾਵਜੂਦ ਟਰੰਪ ਵੱਲੋਂ ਰਾਸ਼ਟਰਪਤੀ ਹੁੰਦਿਆਂ ਪਰਵਾਸ ਸਬੰਧੀ ਬਣਾਈਆਂ ਜਾਣ ਵਾਲੀਆਂ ਸੰਭਾਵੀ ਨੀਤੀਆਂ ਅਤੇ ਕਾਨੂੰਨਾਂ ਤੋਂ ਭਾਰਤ ਤੋਂ ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀ ਪਹਿਲਾਂ ਹੀ ਕੁਝ ਚਿੰਤਤ ਦਿਖਾਈ ਦੇ ਰਹੇ ਹਨ। ਹੁਣ ਇਹ ਤਾਂ ਆਉਣ ਵਾਲਾ ਸਮਾਂ ਦਸੇਗਾ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਤੋਂ ਅਮਰੀਕਾ ਵੱਲ ਹੁੰਦੇ ਪਰਵਾਸ ਨੂੰ ਕਿੰਨੀ ਕੁ ਠੱਲ ਪੈਂਦੀ ਹੈ।

ਬਿਊਰੋ

Continue Reading

Editorial

ਲਗਾਤਾਰ ਵੱਧਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਪ੍ਰਭਾਵੀ ਹਲ ਲਈ ਕਾਰਵਾਈ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

Published

on

By

 

 

ਸਾਡੇ ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਇਹ ਸਮੱਸਿਆ ਚਲਦੀ ਆ ਰਹੀ ਹੈ ਜਿਹੜੀ ਪਿਛਲੇ ਕੁੱਝ ਸਾਲਾਂ ਦੌਰਾਨ ਬਹੁਤ ਜਿਆਦਾ ਵੱਧ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਆਵਾਰਾ ਕੁੱਤਿਆਂ ਦੇ ਅਜਿਹੇ ਝੁੰਡ ਆਮ ਦੇਖੇ ਜਾ ਸਕਦੇ ਹਨ, ਜਿਹੜੇ ਨਾ ਸਿਰਫ ਆਉਂਦੇ ਜਾਂਦੇ ਲੋਕਾਂ ਦੇ ਮਗਰ ਭੱਜ ਪੈਂਦੇ ਹਨ ਬਲਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਆਵਾਰਾ ਕੁੱਤਿਆਂ ਦੇ ਇਹ ਝੁੰਡ ਉਹਨਾਂ ਖੇਤਰਾਂ ਵਿੱਚ ਹੋਰ ਵੀ ਜਿਆਦਾ ਨਜਰ ਆਉਂਦੇ ਹਨ ਜਿੱਥੇ ਮੀਟ, ਮੱਛੀ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵਿਕਦਾ ਹੈ ਅਤੇ ਅਜਿਹੀਆਂ ਥਾਵਾਂ ਤੇ ਇਹਨਾਂ ਕੁੱਤਿਆਂ ਨੂੰ ਪੇਟ ਭਰਨ ਲਈ ਇਸ ਸਾਮਾਨ ਦੀ ਰਹਿੰਦ ਖੁਹੰਦ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ। ਕੱਚਾ ਮੀਟ ਖਾਣ ਵਾਲੇ ਇਹ ਕੁੱਤੇ ਹੋਰ ਵੀ ਖਤਰਨਾਕ ਹੋ ਚੁੱਕੇ ਹਨ ਹਨ ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗਣ ਕਾਰਨ ਇਹ ਹਰ ਵੇਲੇ ਕਿਸੇ ਤੇ ਹਮਲਾ ਕਰਨ ਲਈ ਤਿਆਰ ਰਹਿੰਦੇ ਹਨ।

ਇਹ ਕੁੱਤੇ ਮੁੱਖ ਤੌਰ ਤੇ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਕਿਉਂਕਿ ਉਹ ਕਮਜੋਰ ਹੋਣ ਕਾਰਨ ਇਹਨਾਂ ਕੁੱਤਿਆਂ ਦਾ ਸਾਮ੍ਹਣਾ ਨਹੀਂ ਕਰ ਪਾਉਂਦੇ, ਜਿਸ ਕਾਰਨ ਇਹਨਾਂ ਕੁੱਤਿਆਂ ਦੀ ਦਹਿਸ਼ਤ ਹੋਰ ਵੀ ਵੱਧ ਗਈ ਹੈ। ਪਿਛਲੇ ਸਾਲਾਂ ਦੌਰਾਨ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਰਹੇ ਹਨ ਅਤੇ ਇਹਨਾਂ ਕੁੱਤਿਆਂ ਵਲੋਂ ਆਏ ਦਿਨ ਕਿਸੇ ਬੱਚੇ, ਬਜੁਰਗ ਜਾਂ ਮਹਿਲਾ ਨੂੰ ਵੱਢਣ ਦਾ ਕੋਈ ਨਾ ਕੋਈ ਮਾਮਲਾ ਸਾਮ੍ਹਣੇ ਆ ਜਾਂਦਾ ਹੈ।

ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਕਾਰਨ ਸ਼ਹਿਰ ਵਾਸੀ ਬੁਰੀ ਤਰ੍ਹਾਂ ਤੰਗ ਹਨ। ਹੁਣ ਤਾਂ ਸ਼ਹਿਰ ਦੇ ਪਾਰਕਾਂ (ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ) ਵਿੱਚ ਵੀ ਇਨ੍ਹਾਂ ਆਵਾਰਾ ਕੁੱਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਹਨ ਜਿੱਥੇ ਇਹ ਸੈਰ ਕਰਨ ਵਾਲਿਆਂ ਤਕ ਨੂੰ ਵੱਢ-ਖਾਣ ਨੂੰ ਪੈਂਦੇ ਹਨ। ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਕਿਨਾਰੇ ਡੇਰਾ ਜਮਾ ਕੇ ਬੈਠਣ ਵਾਲੇ ਇਹ ਆਵਾਰਾ ਕੁੱਤੇ ਅਕਸਰ ਆਉਂਦੇ ਜਾਂਦੇ ਲੋਕਾਂ ਨੂੰ ਭੌਂਕਦੇ ਹੋਏ ਉਹਨਾਂ ਦੇ ਪਿੱਛੇ ਭੱਜ ਪੈਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਆਵਾਰਾ ਕੁੱਤੇ ਆਪਸ ਵਿੱਚ ਹੀ ਲੜ ਪੈਂਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਅਤੇ ਵਾਹਨਾਂ ਵਿੱਚ ਵੱਜਦੇ ਹਨ।

ਇਸ ਦੌਰਾਨ ਪਿੰਡਾਂ ਵਿੱਚ ਵੀ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਣ ਪਿੰਡਾਂ ਦੇ ਵਸਨੀਕਾਂ ਵਲੋਂ ਸਮੇਂ ਸਮੇਂ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਆਵਾਰਾ ਕੁੱਤਿਆਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਰਾਤ ਨੂੰ ਦੋਪਹੀਆ ਵਾਹਨਾਂ ਤੇ ਆਪਣੇ ਘਰਾਂ ਨੂੰ ਪਰਤਦੇ ਹਨ ਅਤੇ ਰਾਹ ਵਿੱਚ ਇਹ ਆਵਾਰਾ ਕੁੱਤੇ ਅਚਾਨਕ ਹੀ ਉਹਨਾਂ ਦੇ ਪਿੱਛੇ ਪੈ ਜਾਂਦੇ ਹਨ। ਇਹਨਾਂ ਦੇ ਡਰ ਨਾਲ ਕਈ ਵਾਰ ਦੋਪਹੀਆ ਚਾਲਕ ਆਪਣੇ ਵਾਹਨ ਤੋਂ ਕਾਬੂ ਗਵਾ ਬੈਠਦੇ ਹਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਪਹਿਲਾਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ, ਪਰੰਤੂ ਬਾਅਦ ਵਿੱਚ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੇ ਜਾਣ ਤੋਂ ਬਾਅਦ ਤੋਂ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਕੁੱਤਿਆਂ ਦੀ ਨਸਬੰਦੀ ਕਰਕੇ ਇਹਨਾਂ ਦੀ ਆਬਾਦੀ ਤੇ ਕਾਬੂ ਕਰਨ ਦਾ ਯਤਨ ਤਾਂ ਕੀਤਾ ਜਾਂਦਾ ਹੈ ਪਰੰਤੂ ਇਹ ਤਰੀਕਾ ਵੀ ਕਾਮਯਾਬ ਨਹੀਂ ਹੈ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।

ਇਸ ਸਮੱਸਿਆ ਨੂੰ ਹਲ ਕਰਨਾ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਹੈ ਪਰੰਤੂ ਸਥਾਨਕ ਪ੍ਰਸ਼ਾਸ਼ਨ ਇਸ ਸਮੱਸਿਆ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਵੱਢਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਏ ਅਤੇ ਜੇਕਰ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਰੋਕ ਲਗਾਈ ਵੀ ਗਈ ਹੈ ਤਾਂ ਵੀ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਬਦਲਵੇਂ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਇਸ ਦਹਿਸ਼ਤ ਤੋਂ ਛੁਟਕਾਰਾ ਹਾਸਿਲ ਹੋਵੇ।

Continue Reading

Latest News

Trending