Editorial
ਲਗਾਤਾਰ ਵੱਧਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਪ੍ਰਭਾਵੀ ਹਲ ਲਈ ਕਾਰਵਾਈ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ
ਸਾਡੇ ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਇਹ ਸਮੱਸਿਆ ਚਲਦੀ ਆ ਰਹੀ ਹੈ ਜਿਹੜੀ ਪਿਛਲੇ ਕੁੱਝ ਸਾਲਾਂ ਦੌਰਾਨ ਬਹੁਤ ਜਿਆਦਾ ਵੱਧ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਆਵਾਰਾ ਕੁੱਤਿਆਂ ਦੇ ਅਜਿਹੇ ਝੁੰਡ ਆਮ ਦੇਖੇ ਜਾ ਸਕਦੇ ਹਨ, ਜਿਹੜੇ ਨਾ ਸਿਰਫ ਆਉਂਦੇ ਜਾਂਦੇ ਲੋਕਾਂ ਦੇ ਮਗਰ ਭੱਜ ਪੈਂਦੇ ਹਨ ਬਲਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਆਵਾਰਾ ਕੁੱਤਿਆਂ ਦੇ ਇਹ ਝੁੰਡ ਉਹਨਾਂ ਖੇਤਰਾਂ ਵਿੱਚ ਹੋਰ ਵੀ ਜਿਆਦਾ ਨਜਰ ਆਉਂਦੇ ਹਨ ਜਿੱਥੇ ਮੀਟ, ਮੱਛੀ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵਿਕਦਾ ਹੈ ਅਤੇ ਅਜਿਹੀਆਂ ਥਾਵਾਂ ਤੇ ਇਹਨਾਂ ਕੁੱਤਿਆਂ ਨੂੰ ਪੇਟ ਭਰਨ ਲਈ ਇਸ ਸਾਮਾਨ ਦੀ ਰਹਿੰਦ ਖੁਹੰਦ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ। ਕੱਚਾ ਮੀਟ ਖਾਣ ਵਾਲੇ ਇਹ ਕੁੱਤੇ ਹੋਰ ਵੀ ਖਤਰਨਾਕ ਹੋ ਚੁੱਕੇ ਹਨ ਹਨ ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗਣ ਕਾਰਨ ਇਹ ਹਰ ਵੇਲੇ ਕਿਸੇ ਤੇ ਹਮਲਾ ਕਰਨ ਲਈ ਤਿਆਰ ਰਹਿੰਦੇ ਹਨ।
ਇਹ ਕੁੱਤੇ ਮੁੱਖ ਤੌਰ ਤੇ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਕਿਉਂਕਿ ਉਹ ਕਮਜੋਰ ਹੋਣ ਕਾਰਨ ਇਹਨਾਂ ਕੁੱਤਿਆਂ ਦਾ ਸਾਮ੍ਹਣਾ ਨਹੀਂ ਕਰ ਪਾਉਂਦੇ, ਜਿਸ ਕਾਰਨ ਇਹਨਾਂ ਕੁੱਤਿਆਂ ਦੀ ਦਹਿਸ਼ਤ ਹੋਰ ਵੀ ਵੱਧ ਗਈ ਹੈ। ਪਿਛਲੇ ਸਾਲਾਂ ਦੌਰਾਨ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਰਹੇ ਹਨ ਅਤੇ ਇਹਨਾਂ ਕੁੱਤਿਆਂ ਵਲੋਂ ਆਏ ਦਿਨ ਕਿਸੇ ਬੱਚੇ, ਬਜੁਰਗ ਜਾਂ ਮਹਿਲਾ ਨੂੰ ਵੱਢਣ ਦਾ ਕੋਈ ਨਾ ਕੋਈ ਮਾਮਲਾ ਸਾਮ੍ਹਣੇ ਆ ਜਾਂਦਾ ਹੈ।
ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਕਾਰਨ ਸ਼ਹਿਰ ਵਾਸੀ ਬੁਰੀ ਤਰ੍ਹਾਂ ਤੰਗ ਹਨ। ਹੁਣ ਤਾਂ ਸ਼ਹਿਰ ਦੇ ਪਾਰਕਾਂ (ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ) ਵਿੱਚ ਵੀ ਇਨ੍ਹਾਂ ਆਵਾਰਾ ਕੁੱਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਹਨ ਜਿੱਥੇ ਇਹ ਸੈਰ ਕਰਨ ਵਾਲਿਆਂ ਤਕ ਨੂੰ ਵੱਢ-ਖਾਣ ਨੂੰ ਪੈਂਦੇ ਹਨ। ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਕਿਨਾਰੇ ਡੇਰਾ ਜਮਾ ਕੇ ਬੈਠਣ ਵਾਲੇ ਇਹ ਆਵਾਰਾ ਕੁੱਤੇ ਅਕਸਰ ਆਉਂਦੇ ਜਾਂਦੇ ਲੋਕਾਂ ਨੂੰ ਭੌਂਕਦੇ ਹੋਏ ਉਹਨਾਂ ਦੇ ਪਿੱਛੇ ਭੱਜ ਪੈਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਆਵਾਰਾ ਕੁੱਤੇ ਆਪਸ ਵਿੱਚ ਹੀ ਲੜ ਪੈਂਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਅਤੇ ਵਾਹਨਾਂ ਵਿੱਚ ਵੱਜਦੇ ਹਨ।
ਇਸ ਦੌਰਾਨ ਪਿੰਡਾਂ ਵਿੱਚ ਵੀ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਣ ਪਿੰਡਾਂ ਦੇ ਵਸਨੀਕਾਂ ਵਲੋਂ ਸਮੇਂ ਸਮੇਂ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਆਵਾਰਾ ਕੁੱਤਿਆਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਰਾਤ ਨੂੰ ਦੋਪਹੀਆ ਵਾਹਨਾਂ ਤੇ ਆਪਣੇ ਘਰਾਂ ਨੂੰ ਪਰਤਦੇ ਹਨ ਅਤੇ ਰਾਹ ਵਿੱਚ ਇਹ ਆਵਾਰਾ ਕੁੱਤੇ ਅਚਾਨਕ ਹੀ ਉਹਨਾਂ ਦੇ ਪਿੱਛੇ ਪੈ ਜਾਂਦੇ ਹਨ। ਇਹਨਾਂ ਦੇ ਡਰ ਨਾਲ ਕਈ ਵਾਰ ਦੋਪਹੀਆ ਚਾਲਕ ਆਪਣੇ ਵਾਹਨ ਤੋਂ ਕਾਬੂ ਗਵਾ ਬੈਠਦੇ ਹਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਪਹਿਲਾਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ, ਪਰੰਤੂ ਬਾਅਦ ਵਿੱਚ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੇ ਜਾਣ ਤੋਂ ਬਾਅਦ ਤੋਂ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਕੁੱਤਿਆਂ ਦੀ ਨਸਬੰਦੀ ਕਰਕੇ ਇਹਨਾਂ ਦੀ ਆਬਾਦੀ ਤੇ ਕਾਬੂ ਕਰਨ ਦਾ ਯਤਨ ਤਾਂ ਕੀਤਾ ਜਾਂਦਾ ਹੈ ਪਰੰਤੂ ਇਹ ਤਰੀਕਾ ਵੀ ਕਾਮਯਾਬ ਨਹੀਂ ਹੈ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।
ਇਸ ਸਮੱਸਿਆ ਨੂੰ ਹਲ ਕਰਨਾ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਹੈ ਪਰੰਤੂ ਸਥਾਨਕ ਪ੍ਰਸ਼ਾਸ਼ਨ ਇਸ ਸਮੱਸਿਆ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਵੱਢਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਏ ਅਤੇ ਜੇਕਰ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਰੋਕ ਲਗਾਈ ਵੀ ਗਈ ਹੈ ਤਾਂ ਵੀ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਬਦਲਵੇਂ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਇਸ ਦਹਿਸ਼ਤ ਤੋਂ ਛੁਟਕਾਰਾ ਹਾਸਿਲ ਹੋਵੇ।
Editorial
ਕੈਨੇਡਾ-ਭਾਰਤ ਤਨਾਓ ਦਾ ਪੰਜਾਬੀਆਂ ਤੇ ਵੀ ਪਵੇਗਾ ਅਸਰ
ਪੜ੍ਹਾਈ ਲਈ ਹੋਰਨਾਂ ਦੇਸ਼ਾਂ ਵੱਲ ਰੁਖ ਕਰਨ ਲੱਗੇ ਵਿਦਿਆਰਥੀ
ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਚਲ ਰਹੇ ਤਨਾਓ ਕਾਰਨ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਵਿਚਾਲੇ ਚਿੰਤਾ ਪਾਈ ਜਾ ਰਹੀ ਹੈ। ਪੰਜਾਬੀਆਂ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਤਨਾਓ ਦਾ ਅਸਰ ਪੰਜਾਬੀਆਂ ਤੇ ਵੀ ਹੋ ਸਕਦਾ ਹੈ। ਕੈਨੇਡਾ ਵਿੱਚ ਵੱਡੀ ਗਿਣਤੀ ਪੰਜਾਬੀ ਰਹਿੰਦੇ ਹਨ, ਜਿਹਨਾਂ ਦੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀ ਵੀ ਕੈਨੇਡਾ ਪੜਾਈ ਕਰਨ ਲਈ ਗਏ ਹੋਏ ਹਨ, ਜਿਸ ਕਾਰਨ ਇਹਨਾਂ ਵਿਦਿਆਰਥੀਆਂ ਦੇ ਮਾਪੇ ਵੀ ਚਿੰਤਤ ਹੋ ਰਹੇ ਹਨ।
ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਪਹਿਲਾਂ ਹੀ ਬੇਰੁਜ਼ਗਾਰੀ, ਮਹਿੰਗਾਈ, ਘੱਟ ਰਿਹਾਇਸ਼ ਅਤੇ ਕੰਮ ਦੇ ਮੌਕੇ ਘੱਟ ਹੋਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਭਾਰਤ ਨਾਲ ਜਾਰੀ ਤਨਾਓ ਦੌਰਾਨ ਉਥੇ ਇੱਕ ਧਾਰਮਿਕ ਸਥਾਨ ਤੇ ਸ਼ਰਧਾਲੂਆਂ ਦੀ ਕੀਤੀ ਗਈ ਕੁੱਟਮਾਰ ਨੇ ਵੱਡੀ ਚਿੰਤਾ ਖੜੀ ਕਰ ਦਿਤੀ ਹੈ। ਕੈਨੇਡਾ ਦੇ ਮੂਲ ਵਸਨੀਕ ਭਾਵੇਂ ਪਰਵਾਸੀਆਂ ਦਾ ਵਿਰੋਧ ਕਰ ਰਹੇ ਹਨ ਪਰ ਉਹ ਆਪਣੇ ਦੇਸ਼ ਵਿੱਚ ਸ਼ਾਂਤੀ ਚਾਹੁੰਦੇ ਹਨ। ਕੈਨੇਡੀਅਨ ਲੋਕ ਕਹਿਣ ਲੱਗ ਪਏ ਹਨ ਕਿ ਜੇ ਪਰਵਾਸੀ ਲੋਕਾਂ ਨੇ ਕੈਨੇਡਾ ਵਿੱਚ ਭੜਥੂ ਪਾਉਣਾ ਹੈ ਤਾਂ ਉਹ ਆਪਣੇ ਦੇਸ਼ ਵਾਪਸ ਚਲੇ ਜਾਣ। ਜਿਹੜੇ ਐਨ ਆਰ ਆਈ ਪੰਜਾਬੀ ਕੈਨੇਡਾ ਤੋਂ ਪੰਜਾਬ ਆਏ ਹੋਏ ਹਨ, ਉਹਨਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ ਕਿ ਕਿਤੇ ਭਾਰਤ ਕੈਨੇਡਾ ਵਿਚਾਲੇ ਤਨਾਓ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸੇਵਾ ਨਾ ਬੰਦ ਹੋ ਜਾਵੇ।
ਕੈਨੇਡਾ ਅਤੇ ਭਾਰਤ ਵਿਚਾਲੇ ਤਨਾਓ ਦੇ ਚਲਦਿਆਂ ਪੰਜਾਬ ਤੋਂ ਪੜਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਵੀ ਕਮੀ ਆ ਰਹੀ ਹੈ ਅਤੇ ਪੰਜਾਬੀ ਵਿਦਿਆਰਥੀਆਂ ਨੇ ਹੁਣ ਕੈਨੇਡਾ ਦੀ ਥਾਂ ਹੋਰਨਾਂ ਦੇਸ਼ਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਆਈ. ਡੀ. ਪੀ. ਐਜੂਕੇਸ਼ਨ ਐਮਰਜਿੰਗ ਫਿਊਚਰਜ਼ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ 20 ਅਗਸਤ, 2024 ਤੋਂ 16 ਸਤੰਬਰ, 2024 ਵਿਚਕਾਰ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਸੰਦੀਦਾ ਦੇਸ਼ ਵਜੋਂ ਆਸਟ੍ਰੇਲੀਆ ਅਤੇ ਅਮਰੀਕਾ ਨੇ ਕੈਨੇਡਾ ਨੂੰ ਪਛਾੜ ਦਿੱਤਾ ਹੈ।
ਸਰਵੇਖਣ ਅਨੁਸਾਰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਮੁੱਖ ਵਿਸ਼ਿਆਂ ਬਾਰੇ ਇੰਟਰਵਿਊ ਕੀਤੀ ਗਈ ਸੀ, ਜਿਵੇਂ ਕਿ ਗਲੋਬਲ ਨੀਤੀਆਂ ਦੇ ਪ੍ਰਭਾਵ ਅਤੇ ਇੱਕ ਸੰਸਥਾ ਦੀ ਚੋਣ। ਸਰਵੇਖਣ ਵਿੱਚ 114 ਵੱਖ-ਵੱਖ ਦੇਸ਼ਾਂ ਦੇ 6,000 ਤੋਂ ਵੱਧ ਲੋਕ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 56 ਫੀਸਦੀ ਪੋਸਟ ਗ੍ਰੈਜੂਏਟ ਪੱਧਰ ਅਤੇ 27 ਪ੍ਰਤੀਸ਼ਤ ਗ੍ਰੈਜੂਏਟ ਪੱਧਰ ਦੇ ਸਨ। ਇਸ ਤੋਂ ਪਤਾ ਚਲ ਜਾਂਦਾ ਹੈ ਕਿ ਹੁਣ ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਪਹਿਲੀ ਪਸੰਦ ਨਹੀਂ ਰਿਹਾ ਬਲਕਿ ਉਹ ਹੁਣ ਹੋਰਨਾਂ ਦੇਸ਼ਾਂ ਵੱਲ ਰੁਖ ਕਰ ਰਹੇ ਹਨ।
ਇਸ ਸਮੇਂ ਵੱਡੀ ਗਿਣਤੀ ਪੰਜਾਬੀਆਂ ਦੀਆਂ ਨਜ਼ਰਾਂ ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧਾਂ ਵੱਲ ਲੱਗੀਆਂ ਹੋਈਆਂ ਹਨ। ਕੁਝ ਭਾਰਤੀ ਲੋਕ ਇਹਨਾਂ ਸਬੰਧਾਂ ਵਿੱਚ ਵਿਗਾੜ ਲਈ ਟਰੂਡੋ ਸਰਕਾਰ ਨੂੰ ਜ਼ਿੰਮੇਵਾਰ ਸਮਝ ਰਹੇ ਹਨ, ਜਦੋਂਕਿ ਕੁਝ ਲੋਕ ਹਾਲਾਤਾਂ ਨੂੰ ਇਸ ਲਈ ਜ਼ਿੰਮੇਵਾਰ ਸਮਝ ਰਹੇ ਹਨ। ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਪੈਦਾ ਹੋਏ ਤਨਾਓ ਨੂੰ ਕਿਸ ਤਰੀਕੇ ਨਾਲ ਘੱਟ ਕੀਤਾ ਜਾ ਸਕਦਾ ਹੈ। ਇਹ ਤਨਾਓ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬੀਆਂ ਵਿੱਚ ਵੀ ਇਹ ਭਾਵਨਾ ਪਾਈ ਜਾਣ ਲੱਗੀ ਹੈ ਕਿ ਇਸ ਤਨਾਓ ਦਾ ਕੈਨੇਡਾ ਰਹਿ ਰਹੇ ਐਨ. ਆਰ. ਆਈ. ਪੰਜਾਬੀਆਂ ਅਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੇ ਵੀ ਅਸਰ ਹੋ ਸਕਦਾ ਹੈ।
ਬਿਊਰੋ
Editorial
ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਵਿੱਚ ਸਰਕਾਰ ਨਾਕਾਮ
ਖਰਚਿਆਂ ਵਿੱਚ ਵਾਧੇ ਨੇ ਹਿਲਾਇਆ ਲੋਕਾਂ ਦਾ ਘਰੇਲੂ ਬਜਟ
ਦੇਸ਼ ਭਰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਭਾਰਤ ਵਿੱਚ ਦਿਨੋਂ ਦਿਨ ਮਹਿੰਗਾਈ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਪੂਰੀ ਤਰਾਂ ਨਾਕਾਮ ਹੋ ਗਈ ਹੈ। ਪਿਛਲੇ ਦਿਨਾਂ ਦੌਰਾਨ ਤਿਉਹਾਰਾਂ ਮੌਕੇ ਵੀ ਮਹਿੰਗਾਈ ਵਿੱਚ ਬਹੁਤ ਵਾਧਾ ਹੋਇਆ ਜੋ ਕਿ ਅਜੇ ਤਕ ਜਾਰੀ ਹੈ। ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਰੋਕਣ ਲਈ ਠੋਸ ਉਪਰਾਲੇ ਤਾਂ ਕੀ ਕਰਨੇ ਸਨ ਉਲਟਾ ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਲਈ ਕੁੱਝ ਵੀ ਨਹੀਂ ਕੀਤਾ ਬਲਕਿ ਕਿਹਾ ਜਾਵੇ ਤਾਂ ਗੋਹਲੇ ਵਿਚੋਂ ਪੂਣੀ ਵੀ ਨਹੀਂ ਕੱਤੀ, ਜਿਸ ਕਰਕੇ ਮਹਿੰਗਾਈ ਬੇਲਗਾਮ ਹੋ ਰਹੀ ਹੈ।
ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਅਤੇ ਕਾਰਪੋਰੇਟ ਪੱਖੀ ਹੈ, ਜਿਸ ਕਰਕੇ ਇਸ ਦੀਆਂ ਨੀਤੀਆਂ ਸਿਰਫ ਧਨਾਢਾਂ ਤੇ ਧੰਨਾ ਸੇਠਾਂ ਨੂੰ ਲਾਭ ਪਹੁੰਚਾਉਂਦੀਆਂ ਹਨ, ਜਦੋਂਕਿ ਆਮ ਲੋਕ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ। ਹਾਲਾਤ ਇਹ ਹੋ ਗਏ ਹਨ ਕਿ ਹੈ ਕਿ ਸਰਕਾਰ ਪੱਖੀ ਮੀਡੀਆ ਅਤੇ ਅੰਧ ਭਗਤ ਮਹਿੰਗਾਈ ਵਿੱਚ ਹੋ ਰਹੇ ਵਾਧੇ ਬਾਰੇ ਚਿੰਤਾ ਕਰਨ ਦੀ ਥਾਂ ਅਮਰੀਕਾ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਮਹਿੰਗਾਈ ਵਿੱਚ ਹੋ ਰਹੇ ਵਾਧੇ ਦੀ ਉਦਾਹਰਨ ਦੇ ਕੇ ਕਹਿੰਦੇਹਨ ਕਿ ਉਹਨਾਂ ਦੇਸ਼ਾਂ ਵਿੱਚ ਸਮਾਨ ਭਾਰਤ ਨਾਲੋਂ ਵੀ ਮਹਿੰਗਾ ਮਿਲਦਾ ਹੈ ਪਰ ਅਜਿਹੇ ਅੰਧ ਭਗਤਾਂ ਨੂੰ ਇਹ ਪਤਾ ਨਹੀਂ ਕਿ ਉਹਨਾਂ ਦੇਸ਼ਾਂ ਵਿੱਚ ਜੇ ਹਰ ਸਮਾਨ ਮਹਿੰਗਾ ਮਿਲਦਾ ਹੈ ਤਾਂ ਉਥੇ ਕਮਾਈ ਵੀ ਤਾਂ ਡਾਲਰਾਂ ਵਿੱਚ ਹੁੰਦੀ ਹੈ। ਇੱਕ ਅਮਰੀਕੀ ਡਾਲਰ ਦੇ ਭਾਰਤ ਵਿੱਚ ਕਿੰਨੇ ਰੁਪਏ ਬਣ ਜਾਂਦੇ ਹਨ, ਇਸ ਦਾ ਆਮ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ।
ਮਹਿੰਗਾਈ ਵਿੱਚ ਵਾਧੇ ਕਾਰਨ ਦੌਰਾਨ ਸਬਜੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਲੋਕਾਂ ਦੀਆਂ ਰਸੋਈਆਂ ਦਾ ਬਜਟ ਹਿਲਾ ਦਿੱਤਾ ਹੈ ਅਤੇ ਲੋਕ ਸਿਰਫ ਜਰੂਰੀ ਲੋੜ ਦਾ ਸਾਮਾਨ ਹੀ ਖਰੀਦ ਰਹੇ ਹਨ। ਲੋਕ ਅਕਸਰ ਕਹਿੰਦੇ ਹਨ ਕਿ ਜਿੰਨੇ ਪੈਸਿਆਂ ਵਿੱਚ ਪਹਿਲਾਂ ਦਸ ਕਿਲੋ ਸਬਜੀ ਆ ਜਾਂਦੀ ਸੀ, ਉਨੇ ਪੈਸਿਆਂ ਵਿੱਚ ਹੁਣ ਦੋ ਕਿਲੋ ਸਬਜੀ ਹੀ ਆਉਂਦੀ ਹੈ।
ਆਮ ਲੋਕਾਂ ਦੀ ਸਵਾਰੀ ਮੰਨਿਆ ਜਾਂਦਾ ਸਾਈਕਲ ਵੀ ਇੰਨਾ ਮਹਿੰਗਾ ਹੋ ਗਿਆ ਹੈ ਕਿ ਇਹ ਆਮ ਲੋਕਾਂ ਦੀ ਹੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਵਾਹਨ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਹੋਣ ਕਾਰਨ ਵੱਡੀ ਗਿਣਤੀ ਲੋਕ ਸਾਈਕਲ ਚਲਾਉਣ ਨੂੰ ਤਰਜੀਹ ਦੇਣ ਲੱਗੇ ਹਨ ਪਰ ਸਾਈਕਲ ਬਹੁਤ ਜਿਆਦਾ ਮਹਿੰਗੇ ਹੋਣ ਕਾਰਨ ਕਈ ਲੋਕ ਸਾਈਕਲ ਵੀ ਕਿਸ਼ਤਾਂ ਤੇ ਲੈਣ ਲੱਗ ਪਏ ਹਨ। ਇਹੋ ਜਿਹਾ ਹਾਲ ਹੀ ਹੋਰ ਸਾਮਾਨ ਦਾ ਹੋ ਗਿਆ ਹੈ। ਹਰ ਸਾਮਾਨ ਦੀਆਂ ਕੀਮਤਾਂ ਵਿੱਚ ਪਿਛਲੇ ਦਿਨਾਂ ਦੌਰਾਨ ਕਾਫ਼ੀ ਵਾਧਾ ਹੋ ਗਿਆ ਹੈ।
ਆਉਣ ਵਾਲੇ ਦਿਨਾਂ ਦੌਰਾਨ ਮਹਿੰਗਾਈ ਵਿੱਚ ਹੋਰ ਵਾਧਾ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਆਮ ਲੋਕਾਂ ਦੀ ਆਮਦਨੀ ਘੱਟ ਰਹੀ ਹੈ ਜਾਂ ਪਹਿਲਾਂ ਜਿੰਨੀ ਹੀ ਹੈ ਪਰ ਮਹਿੰਗਾਈ ਵਿੱਚ ਵਾਧੇ ਕਾਰਨ ਖਰਚੇ ਵੱਧ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਗੜਬੜਾ ਰਿਹਾ ਹੈ।
ਬਿਊਰੋ
Editorial
ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ
ਸਰਦੀ ਦਾ ਮੌਸਮ ਆ ਰਿਹਾ ਹੈ ਅਤੇ ਦਿਨ ਵਲ ਛੋਟੇ ਹੋਣ ਲੱਗ ਗਏ ਹਨ। ਸ਼ਾਮ ਹੁੰਦਿਆਂ ਹੀ ਧੁੰਧਲਕਾ ਜਿਹਾ ਹੋ ਜਾਂਦਾ ਹੈ ਅਤੇ ਸੜਕਾਂ ਤੇ ਵੇਖਣ ਦੀ ਸਮਰਥਾ ਘੱਟ ਜਾਣ ਕਾਰਨ ਹਾਦਸੇ ਵਾਪਰਨ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਅਜਿਹੇ ਵਿੱਚ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਇਹਨਾਂ ਹਾਦਸਿਆਂ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਸਾਡੇ ਸ਼ਹਿਰ ਵਿੱਚ ਲੋਕਾਂ ਵਲੋਂ ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹੀਆਂ ਕਰਨ ਦੀ ਇਹ ਕਾਰਵਾਈ ਆਮ ਦਿਖ ਜਾਂਦੀ ਹੈ ਅਤੇ ਪਿਛਲੇ ਕੁੱਝ ਸਮੇਂ ਦੌਰਾਨ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੀਆਂ ਗੱਡੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।
ਲੋਕਾਂ ਵਲੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਆਮ ਹੈ ਪਰੰਤੂ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਇਸਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੈ ਕਿ ਮੁੱਖ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ।
ਸ਼ਹਿਰ ਦੇ ਫੇਜ਼ 5 ਵਿੱਚ 3-5 ਦੇ ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ ਦੀ ਮੁੱਖ ਸੜਕ, ਫੇਜ਼ 7 ਦੀ ਮਾਰਕੀਟ ਦੇ ਸਾਮ੍ਹਣੇ ਵਾਲੀ ਸੜਕ (ਜਿੱਥੇ ਵੱਡੀ ਗਿਣਤੀ ਬੈਂਕ ਮੌਜੂਦ ਹਨ) ਅਤੇ ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਤੋਂ ਇਲਾਵਾ ਫੇਜ਼ 9, ਫੇਜ਼ 10 ਅਤੇ ਫੇਜ਼11 ਵਿੱਚ ਮਾਰਕੀਟਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਇਹ ਸਮੱਸਿਆ ਕਾਫੀ ਜਿਆਦਾ ਹੈ ਜਿਸ ਕਾਰਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸ਼ਹਿਰ ਦੇ ਵਸਨੀਕ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਟ੍ਰੈਫਿਕ ਸਮੱਸਿਆ ਦੀ ਬਦਹਾਲੀ ਦੀ ਸ਼ਿਕਾਇਤ ਤਾਂ ਕਰਦੇ ਹਨ ਪਰੰਤੂ ਉਹ ਖੁਦ ਵੀ ਅਕਸਰ ਅਜਿਹਾ ਹੀ ਕਰਦੇ ਦਿਖਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਦੇ ਵਸਨੀਕ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ। ਇਸਦਾ ਕਾਰਨ ਸ਼ਾਇਦ ਇਹ ਹੈ ਕਿ ਸ਼ਹਿਰਵਾਸੀ ਆਪਦੇ ਹੱਕਾਂ ਪ੍ਰਤੀ ਤਾਂ ਸੁਚੇਤ ਹਨ ਪਰੰਤੂ ਆਪਣੀ ਜਿੰਮੇਵਾਰੀ ਅਤੇ ਫਰਜ ਨੂੰ ਉਹ ਅਕਸਰ ਭੁੱਲ ਜਾਂਦੇ ਹਨ।
ਸਾਡੇ ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਸ਼ਾਇਦ ਕੁੱਝ ਅਜਿਹੀ ਹੋ ਗਈ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਵਾਸੀ ਕਿਸੇ ਹੋਰ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਉਲੰਘਣਾ ਤੇ ਤਾਂ ਇਤਰਾਜ ਕਰਦੇ ਦਿਖਦੇ ਹਨ ਪਰੰਤੂ ਜਦੋਂ ਖੁਦ ਤੇ ਗੱਲ ਆਉਂਦੀ ਹੈ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਖੁਦ ਨੂੰ ਜਾਇਜ ਕਰਾਰ ਦੇਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ।
ਲੋਕਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੁੱਝ ਸਾਲ ਪਹਿਲਾਂ ਤਕ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਕ੍ਰੇਨ ਲਿਆ ਕੇ ਅਜਿਹੀਆਂ ਗੱਡੀਆਂ ਨੂੰ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਇਹਨਾਂ ਵਾਹਨਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹ ਵਾਹਨ ਛੱਡੇ ਜਾਂਦੇ ਸੀ, ਪਰੰਤੂ ਪਿਛਲੇ ਕਈ ਸਾਲਾਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੋਣ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ।
ਸਥਾਨਕ ਪ੍ਰਛਾਛਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਪੁਲੀਸ ਅਤੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ।
-
Mohali2 months ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
International2 months ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali1 month ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
Mohali2 months ago
ਮਾਲਵਿੰਦਰ ਮਾਲੀ ਨੂੰ ਪਟਿਆਲਾ ਜੇਲ੍ਹ ਭੇਜਿਆ
-
International1 month ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਸੂਬੇ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ : ਪ੍ਰਤਾਪ ਸਿੰਘ ਬਾਜਵਾ