Editorial
ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਵੱਜਦੇ ਹੂਟਰਾਂ ਅਤੇ ਪ੍ਰੈਸ਼ਰ ਹਾਰਨਾਂ ਤੇ ਕਾਬੂ ਕਰੇ ਟ੍ਰੈਫਿਕ ਪੁਲੀਸ
ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਸ਼ਹਿਰਵਾਸੀ ਪਹਿਲਾਂ ਹੀ ਤੰਗ ਹਨ ਅਤੇ ਉਹ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਦੀ ਅਕਸਰ ਸ਼ਿਕਾਇਤ ਵੀ ਕਰਦੇ ਹਨ। ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਦੇ ਨਾਮ ਤੇ ਟ੍ਰੈਫਿਕ ਪੁਲੀਸ ਵਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਨ ਚਾਲਕਾਂ ਦੇ ਚਾਲਾਨ ਕਰਨ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਪਰੰਤੂ ਇਸ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਕੋਈ ਸੁਧਾਰ ਹੁੰਦਾ ਨਹੀਂ ਦਿਖਦਾ। ਉਲਟਾ ਟ੍ਰੈਫਿਕ ਪੁਲੀਸ ਵਲੋਂ ਲਗਾਏ ਜਾਣ ਵਾਲੇ ਇਹਨਾਂ ਨਾਕਿਆਂ ਤੇ ਸੜਕਾਂ ਕਿਨਾਰੇ ਗੱਡੀਆਂ ਖੜ੍ਹਾ ਕੇ ਉਹਨਾਂ ਦੀ ਜਾਂਚ ਦੀ ਕਾਰਵਾਈ ਵੀ ਅਕਸਰ ਟ੍ਰੈਫਿਕ ਵਿਵਸਥਾ ਵਿੱਚ ਰੁਕਾਵਟ ਦਾ ਕਾਰਨ ਬਣ ਜਾਂਦੀ ਹੈ।
ਹਾਲਾਂਕਿ ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਵਲੋਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਾਲਾਨ ਕੱਟਣ ਦੀ ਇਸ ਕਾਰਵਾਈ ਦਾ ਇੰਨਾ ਕੁ ਅਸਰ ਜਰੂਰ ਦਿਖਦਾ ਹੈ ਕਿ ਆਮ ਵਾਹਨ ਚਾਲਕ ਸੜਕ ਤੇ ਟ੍ਰੈਫਿਕ ਪੁਲੀਸ ਦੇ ਜਵਾਨਾਂ ਨੂੰ ਵੇਖਦਿਆਂ ਹੀ ਚੌਕਸ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਟ੍ਰੈਫਿਕ ਪੁਲੀਸ ਦਾ ਥੋੜ੍ਹਾ ਡਰ ਵੀ ਹੈ। ਪਰੰਤੂ ਇਸਦੇ ਬਾਵਜੂਦ ਇਸ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਕੋਈ ਸੁਧਾਰ ਨਹੀਂ ਹੁੰਦਾ। ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਟ੍ਰੈਫਿਕ ਪੁਲੀਸ ਦੇ ਜਵਾਨ ਆਪਣੀ ਡਿਊਟੀ ਦਿੰਦੇ ਤਾਂ ਨਜਰ ਆਉਂਦੇ ਹਨ, ਪਰੰਤੂ ਉਹਨਾਂ ਦਾ ਪੂਰਾ ਜ਼ੋਰ ਵੀ ਆਮ ਆਦਮੀ ਤੇ ਹੀ ਚਲਦਾ ਹੈ ਅਤੇ ਉੱਚੀ ਪਹੁੰਚ ਵਾਲੇ ਲੋਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਕਾਬੂ ਕਰਨ ਦੀ ਥਾਂ ਉਹ ਅਕਸਰ ਇਸਨੂੰ ਅਣਦੇਖਿਆ ਕਰ ਦਿੰਦੇ ਹਨ।
ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਵੀ. ਵੀ. ਆਈ. ਪੀ. ਰਹਿੰਦੇ ਹਨ ਜਿਹਨਾਂ ਦੀ ਨਿੱਜੀ ਸੁਰਖਿਆ ਲਈ ਸਰਕਾਰ ਵਲੋਂ ਬਾਕਾਇਦਾ ਹੂਟਰਾਂ ਵਾਲੀਆਂ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ। ਇਹ ਗੱਡੀਆਂ ਭਾਵੇਂ ਇਹਨਾਂ ਵੀ. ਵੀ. ਆਈ. ਪੀ. ਵਿਅਕਤੀਆਂ ਦੀ ਸੁਰੱਖਿਆ ਲਈ ਤੈਨਾਤ ਕੀਤੀਆਂ ਜਾਂਦੀਆਂ ਹਨ ਪਰੰਤੂ ਇਹਨਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵੀ ਅਕਸਰ ਆਪਣੇ ਨਿੱਜੀ ਵਾਹਨਾਂ ਤੇ ਹੂਟਰ ਲਗਾ ਲੈਂਦੇ ਹਨ ਅਤੇ ਰੌਹਬ ਮਾਰਨ ਲਈ ਸੜਕਾਂ ਤੇ ਹੂਟਰ ਵਜਾਉਂਦੇ ਚਲਦੇ ਹਨ। ਇਸ ਦੌਰਾਨ ਆਮ ਵਾਹਨ ਚਾਲਕ ਹੂਟਰ ਵਜਾਉਂਦੇ ਆ ਰਹੇ ਵਾਹਨਾਂ ਨੂੰ ਰਾਹ ਦੇਣ ਲਈ ਆਪਣੇ ਵਾਹਨ ਇੱਕ ਪਾਸੇ ਕਰ ਲੈਂਦੇ ਹਨ ਅਤੇ ਇਸ ਨਾਲ ਸ਼ਹਿਰ ਦੀ ਪੂਰੀ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ, ਪਰੰੰਤੂ ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਵਲੋਂ ਇਹਨਾਂ ਵਾਹਨਾਂ ਚਾਲਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਥਾਂ ਇਸ ਸਾਰੇ ਕੁੱਝ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
ਸ਼ਹਿਰ ਦੀਆਂ ਸੜਕਾਂ ਤੇ ਖਰਮਸਤੀਆਂ ਕਰਦੇ ਨੌਜਵਾਨਾਂ ਦੇ ਅਜਿਹੇ ਟੋਲੇ ਵੀ ਆਮ ਦਿਖ ਜਾਂਦੇ ਹਨ ਜਿਹੜੇ ਇਕੱਠੇ ਹੋ ਕੇ ਖੁੱਲੀਆਂ ਜੀਪਾਂ ਜਾਂ ਦੋਪਹੀਆ ਵਾਹਨਾਂ ਤੇ ਗੇੜੀਆਂ ਲਗਾਉਂਦੇ ਹਨ। ਇਹਨਾਂ ਵਿੱਚੋਂ ਜਿਆਦਾਤਰ ਨੌਜਵਾਨਾਂ ਨੇ ਆਪਣੇ ਵਾਹਨਾਂ ਵਿੱਚ ਅਜਿਹੇ ਤੇਜ ਆਵਾਜ ਵਾਲੇ ਪ੍ਰੈਸ਼ਰ ਹਾਰਨ ਲਗਵਾਏ ਹੁੰਦੇ ਹਨ, ਜਿਹੜੇ ਜਦੋਂ ਵੱਜਦੇ ਹਨ ਤਾਂ ਆਮ ਬੰਦੇ ਦੀ ਜਾਨ ਕੱਢਣ ਤਕ ਜਾਂਦੇ ਹਨ। ਨੌਜਵਾਨਾਂ ਦੇ ਇਹ ਟੋਲੇ ਜਿੱਥੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ ਉੱਥੇ ਉਹਨਾਂ ਦੀ ਇਸ ਕਾਰਵਾਈ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਪਸਾਰ ਵੀ ਹੁੰਦਾ ਹੈ। ਸ਼ਹਿਰ ਦੀਆਂ ਸੜਕਾਂ ਤੇ ਵੱਜਦੇ ਇਹਨਾਂ ਪ੍ਰੈਸ਼ਰ ਹਾਰਨਾਂ ਕਾਰਨ ਜਿੱਥੇ ਆਮ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉੱਥੇ ਸੜਕ ਤੇ ਸਹਿਜ ਸੁਭਾਵ ਤੁਰੇ ਜਾ ਰਹੇ ਬਜੁਰਗ, ਬੱਚੇ, ਮਹਿਲਾਵਾਂ, ਸਾਈਕਲ ਸਵਾਰ ਇਹਨਾਂ ਹਾਰਨਾਂ ਦੀ ਆਵਾਜ ਨਾਲ ਬੁਰੀ ਤਰ੍ਹਾਂ ਤ੍ਰਭਕ ਜਾਂਦੇ ਹਨ ਅਤੇ ਇਸ ਕਾਰਣ ਕਈ ਵਾਰ ਹਾਦਸੇ ਵੀ ਵਾਪਰਦੇ ਹਨ।
ਸ਼ਹਿਰ ਦੀਆਂ ਸੜਕਾਂ ਤੇ ਅਣਅਧਿਕਾਰਤ ਤੌਰ ਤੇ ਵਜਾਏ ਜਾਂਦੇ ਇਹਨਾਂ ਹੂਟਰਾਂ ਅਤੇ ਪ੍ਰੈਸ਼ਰ ਹਾਰਨਾਂ ਕਾਰਨ ਆਮ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ ਅਤੇ ਇਸਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸਾਰੇ ਕੁੱਝ ਤੇ ਕਾਬੂ ਕਰਨ ਦੀ ਜਿੰਮੇਵਾਰੀ ਟ੍ਰੈਫਿਕ ਪੁਲੀਸ ਦੀ ਹੈ ਜਿਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ। ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਵਿੱਚ ਹੁੰਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਵਿਸ਼ੇਸ਼ ਮਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾਂਦੀ ਇਸ ਕਾਰਵਾਈ ਤੇ ਸਖਤੀ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ।
Editorial
ਜ਼ਿਮਨੀ ਚੋਣਾਂ ਸੰਬੰਧੀ ਹੋ ਰਹੇ ਪ੍ਰਚਾਰ ਵਿੱਚੋਂ ਗਾਇਬ ਹਨ ਲੋਕ ਮੁੱਦੇ
ਸਿਆਸੀ ਪਾਰਟੀਆਂ ਵਿੱਚ ਲੱਗੀ ਮੁਫਤ ਸਹੂਲਤਾਂ ਦੇਣ ਦੇ ਵਾਅਦੇ ਕਰਨ ਦੀ ਹੋੜ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਖੇ ਹੋ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਇਹ ਗੱਲ ਉਭਰ ਕੇ ਆ ਰਹੀ ਹੈ ਕਿ ਇਹਨਾਂ ਚੋਣਾਂ ਵਿੱਚ ਆਮ ਲੋਕਾਂ ਦੇ ਮੁੱਦੇ ਗਾਇਬ ਹਨ ਅਤੇ ਸਿਆਸੀ ਪਾਰਟੀਆਂ ਤੇ ਆਗੂਆਂ ਵਿੱਚ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੇ ਵਾਅਦੇ ਕਰਨ ਦੀ ਹੋੜ ਲੱਗ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਿਮਨੀ ਚੋਣਾਂ ਲੜਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਲ ਕੋਈ ਨਵਾਂ ਪ੍ਰੋਗਰਾਮ ਹੀ ਨਹੀਂ ਹੈ ਤੇ ਨਾ ਹੀ ਉਹਨਾਂ ਕੋਲ ਆਮ ਲੋਕਾਂ ਦੀ ਭਲਾਈ ਲਈ ਬਣਾਉਣ ਵਾਲੀਆਂ ਭਵਿੱਖੀ ਨੀਤੀਆਂ ਦਾ ਕੋਈ ਖਾਕਾ ਹੈ। ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦਾ ਇੱਕੋ ਇੱਕ ਮਕਸਦ ਸਿਰਫ਼ ਜਿਮਨੀ ਚੋਣਾਂ ਜਿੱਤਣਾ ਹੈ, ਜਿਸ ਕਰਕੇ ਉਹ ਇਹ ਚੋਣਾਂ ਜਿੱਤਣ ਲਈ ਹਰ ਹੀਲਾ ਵਰਤ ਰਹੀਆਂ ਹਨ।
ਇਸ ਤੋਂ ਇਲਾਵਾ ਇਹਨਾਂ ਚੋਣਾਂ ਵਿੱਚ ਉਮੀਦਵਾਰ ਜਾਂ ਉਹਨਾਂ ਦੇ ਸਮਰਥਕ ਵੋਟਰਾਂ ਨਾਲ ਅਜਿਹੇ ਵਾਅਦੇ ਵੀ ਕਰ ਰਹੇ ਹਨ ਜਿਹਨਾਂ ਨੂੰ ਜਿੱਤਣ ਤੋਂ ਬਾਅਦ ਪੂਰਾ ਕਰਨਾ ਸੰਭਵ ਹੀ ਨਹੀਂ ਹੋਵੇਗਾ, ਪਰੰਤੂ ਇਸਦੇ ਬਾਵਜੂਦ ਹਰ ਉਮੀਦਵਾਰ ਵੱਲੋਂ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ।
ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਦੀ ਤਾਰੀਕ ਅੱਗੇ ਪਾਉਣ ਦੇ ਬਾਵਜੂਦ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚ ਗਿਆ ਹੈ ਅਤੇ ਚਾਰੇ ਵਿਧਾਨ ਸਭਾ ਹਲਕੇ ਚੋਣਾਂ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਗਏ ਹਨ। ਜਿਥੋਂ ਤਕ ਵੋਟਰਾਂ ਦਾ ਸਵਾਲ ਹੈ ਤਾਂ ਆਮ ਲੋਕ ਚੋਣਾਂ ਦੀ ਗੱਲ ਜਰੂੁਰ ਕਰਦੇ ਹਨ ਪਰ ਵੋਟ ਕਿਸ ਨੂੰ ਪਾਉਣੀ ਹੈ, ਇਸ ਬਾਰੇ ਕੁੱਝ ਜਾਣਕਾਰੀ ਨਹੀਂ ਦਿੰਦੇ। ਜਿਸ ਕਰਕੇ ਅਜੇ ਤਕ ਨਾ ਤਾਂ ਵੋਟਰ ਕਿਸੇ ਪਾਰਟੀ ਦੇ ਪੱਖ ਵਿੱਚ ਤੁਰੇ ਹਨ ਤੇ ਨਾ ਹੀ ਕਿਸੇ ਪਾਰਟੀ ਦੇ ਪੱਖ ਵਿੱਚ ਕੋਈ ਹਵਾ ਹੀ ਬਣੀ ਹੈ ਭਾਵੇਂ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਜ਼ਰੂਰ ਕਰ ਰਹੀਆਂ ਹਨ।
ਇਹਨਾਂ ਚੋਣਾਂ ਵਿੱਚ ਚੋਣ ਲੜ ਰਹੇ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਜਿਸ ਤਰੀਕੇ ਨਾਲ ਪੈਸਾ ਖਰਚਿਆਂ ਜਾ ਰਿਹਾ ਹੈ, ਉਸ ਨੇ ਵੀ ਕਈ ਸਵਾਲ ਖੜੇ ਕਰ ਦਿਤੇ ਹਨ। ਆਮ ਲੋਕ ਕਹਿ ਰਹੇ ਹਨ ਕਿ ਆਮ ਚੋਣਾਂ ਵੀ ਹੁਣ ਅਮੀਰਾਂ ਦੀ ਖੇਡ ਬਣ ਗਈਆਂ ਹਨ ਅਤੇ ਗਰੀਬ ਤੇ ਆਮ ਆਮਦਨ ਵਾਲਾ ਵਿਅਕਤੀ ਲਈ ਇਹ ਚੋਣਾਂ ਲੜਨੀਆਂ ਹੁਣ ਮੁਸ਼ਕਿਲ ਹੋ ਗਈਆਂ ਹਨ ਕਿਉਂਕਿ ਚੋਣ ਪ੍ਰਚਾਰ ਤੇ ਹੀ ਲੱਖਾਂ ਕਰੋੜਾਂ ਦਾ ਖਰਚਾ ਹੋ ਜਾਂਦਾ ਹੈ। ਵੋਟਰਾਂ ਅਤੇ ਸਮਰਥਕਾਂ ਨੂੰ ਆਪਣੇ ਨਾਲ ਜੋੜਨ ਲਈ ਵੀ ਉਮੀਦਵਾਰਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ।
ਇਸ ਸਮੇਂ ਆਮ ਲੋਕਾਂ ਅੱਗੇ ਛੜੱਪੇ ਮਾਰ ਕੇ ਵੱਧ ਰਹੀ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ ਪਰ ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਲਈ ਚੋਣ ਲੜ ਰਹੀ ਕਿਸੇ ਵੀ ਸਿਆਸੀ ਪਾਰਟੀ ਕੋਲ ਕੋਈ ਠੋਸ ਪ੍ਰੋਗਰਾਮ ਜਾਂ ਨੀਤੀ ਨਹੀਂ। ਰੈਲੀਆਂ ਵਿੱਚ ਭਾਵੇਂ ਸਿਆਸੀ ਆਗੂ ਬਹੁਤ ਦਮਗਜੇ ਮਾਰ ਰਹੇ ਹਨ ਪਰ ਅਸਲੀਅਤ ਤਾਂ ਸਭ ਨੂੰ ਪਤਾ ਹੀ ਹੈ ਕਿ ਮਹਿੰਗਾਈ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਵਿੱਚ ਜਿਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਕਾਮ ਸਾਬਿਤ ਹੋਈਆਂ ਹਨ, ਉਥੇ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਵਿਧਾਇਕ ਵੀ ਫੇਲ੍ਹ ਸਾਬਤ ਹੋਏ ਹਨ। ਫਿਰ ਚੋਣ ਲੜ ਰਹੇ ਉਮੀਦਵਾਰਾਂ ਕੋਲੋਂ ਮਹਿੰਗਾਈ ਨੂੰ ਘੱਟ ਕਰਨ ਲਈ ਉਪਰਾਲੇ ਕਰਨ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਬਿਊਰੋ
Editorial
ਕਦੋਂ ਬਣੇਗਾ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ?
ਪੰਜਾਬੀਆਂ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬੀ ਤਾਂ ਜੰਮਦੇ ਵੀ ਗੀਤਾਂ ਵਿੱਚ ਨੇ ਤੇ ਮਰਦੇ ਵੀ ਗੀਤਾਂ ਵਿੱਚ ਹਨ। ਕਹਿਣ ਦਾ ਭਾਵ ਇਹ ਹੈ ਕਿ ਬੱਚੇ ਦੇ ਜਨਮ ਤੇ ਲੋਰੀਆਂ ਤੇ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਅਤੇ ਮਰਨ ਉਪਰੰਤ ਵੈਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਵਿਆਹ ਮੌਕੇ ਸ਼ਗਨਾਂ ਦੇ ਗੀਤ ਵੀ ਗਾਏ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਗੀਤ-ਗਾਣੇ ਪੰਜਾਬੀਆਂ ਦੇ ਸਾਰੀ ਉਮਰ ਹੀ ਅੰਗ- ਸੰਗ ਰਹਿੰਦੇ ਹਨ।
ਜਦੋਂ ਵੀ ਪੰਜਾਬੀ ਗਾਇਕੀ ਅਤੇ ਗੀਤਕਾਰੀ ਦੀ ਗੱਲ ਚਲਦੀ ਹੈ ਤਾਂ ਪੰਜਾਬੀ ਗੀਤਾਂ ਅਤੇ ਗਾਣਿਆਂ ਨੂੰ ਅਸ਼ਲੀਲਤਾ ਦਾ ਗ੍ਰਹਿਣ ਲੱਗੇ ਹੋਣ ਦੀ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ। ਸਮਾਜ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕ ਅਕਸਰ ਪੰਜਾਬੀ ਗੀਤਾਂ-ਗਾਣਿਆਂ ਨੂੰ ਦੋਹਰੇ ਅਰਥਾਂ ਵਾਲੇ, ਕੰਨ ਫਾੜੂ ਸੰਗੀਤ, ਹਰ ਗਾਣੇ ਨਾਲ ਅੱਧ ਨੰਗੀਆਂ ਡਾਸਰਾਂ ਨੂੰ ਨਚਾਉਣ ਵਾਲੇ, ਪਰਿਵਾਰ ਵਿੱਚ ਬੈਠ ਕੇ ਸੁਣੇ ਜਾਂ ਵੇਖ ਨਾ ਸਕਣ ਵਾਲੇ ਹੀ ਸਮਝਦੇ ਹਨ। ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਅੱਜ ਹਰ ਵਿਆਹ ਸ਼ਾਦੀ ਵਿੱਚ ਡਾਂਸ, ਭੰਗੜਾ, ਗਿੱਧਾ ਪੰਜਾਬੀ ਗਾਣਿਆਂ ਉਪਰ ਹੀ ਪੈਂਦਾ ਹੈ। ਹਾਲਾਤ ਇਹ ਹਨ ਕਿ ਹਿੰਦੀ ਫ਼ਿਲਮਾਂ ਦੇ ਵੱਡੀ ਗਿਣਤੀ ਗਾਣਿਆਂ ਨੂੰ ਵੀ ਪੰਜਾਬੀ ਤੜਕਾ ਲੱਗਿਆ ਹੁੰਦਾ ਹੈ।
ਇਹ ਵੀ ਅਸਲੀਅਤ ਹੈ ਕਿ ਜਿਆਦਾਤਰ ਪੰਜਾਬੀ ਗਾਣੇ ਅਜਿਹੇ ਹੁੰਦੇ ਹਨ, ਜਿਹਨਾਂ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਨਾ ਔਖਾ ਹੋ ਜਾਂਦਾ ਹੈ। ਕਈ ਵਾਰ ਬੱਸਾਂ, ਟੈਂਪੂਆਂ ਤੇ ਆਟੋ ਰਿਕਸ਼ਿਆਂ ਦੇ ਚਾਲਕ ਵੀ ਅਜਿਹੇ ਗਾਣੇ ਚਲਾ ਦਿੰਦੇ ਹਨ ਜਿਸ ਨਾਲ ਇਹਨਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਇੱਕ ਦੂਜੇ ਤੋਂ ਸ਼ਰਮ ਜਿਹੀ ਆਉਣ ਲੱਗਦੀ ਹੈ।
ਇਹਨਾਂ ਵਿੱਚੋਂ ਕਈ ਗਾਣਿਆਂ ਵਿੱਚ ਰਿਸ਼ਤਿਆਂ ਦਾ ਘਾਣ ਕੀਤਾ ਹੁੰਦਾ ਹੈ ਅਤੇ ਕਈ ਗਾਣੇ ਕੁੜੀ ਤੋਂ ਸ਼ੁਰੂ ਹੋ ਕੇ ਹਥਿਆਰਾਂ ਤਕ ਪਹੁੰਚ ਕੇ ਖਤਮ ਹੁੰਦੇ ਹਨ। ਕਈ ਗਾਣਿਆਂ ਵਿੱਚ ਧੱਕੇ ਨਾਲ ਕਬਜੇ ਲੈਣ, ਕੁੜੀਆਂ ਨੂੰ ਚੁੱਕ ਲੈਣ, ਗੋਲੀਬਾਰੀ ਕਰਨ, ਹਿੰਸਾ ਕਰਨ ਦੀ ਹੀ ਗੱਲ ਹੁੰਦੀ ਹੈ। ਅਜਿਹੇ ਗਾਣਿਆਂ ਦਾ ਕੋਈ ਮੂੰਹ ਸਿਰ ਵੀ ਨਹੀਂ ਹੁੰਦਾ। ਨਾਚ ਦੇ ਨਾਮ ਤੇ ਇਹਨਾਂ ਗਾਣਿਆਂ ਦੀ ਵੀਡੀਓ ਵਿੱਚ ਪੀ ਟੀ ਅਤੇ ਊਟ ਪਟਾਂਗ ਹਰਕਤਾਂ ਕਰਦੇ ਨੌਜਵਾਨ ਮੁੰਡੇ ਕੁੜੀਆਂ ਜਰੂਰ ਨਜ਼ਰ ਆ ਜਾਂਦੇ ਹਨ। ਕਈ ਗਾਣਿਆਂ ਦਾ ਫਿਲਮਾਂਕਣ ਤਾਂ ਇੰਨਾ ਅਸ਼ਲੀਲ ਹੁੰਦਾ ਹੈ ਕਿ ਟੀ ਵੀ ਵੇਖ ਰਹੇ ਵਿਅਕਤੀ ਨੂੰ ਤੁਰੰਤ ਚੈਨਲ ਬਦਲਣਾ ਪੈ ਜਾਂਦਾ ਹੈ। ਇਹਨਾਂ ਗਾਣਿਆਂ ਵਿੱਚ ਸਕੂਲਾਂ ਤੇ ਕਾਲਜਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਕੇ ਵਿਖਾਇਆ ਜਾਂਦਾ ਹੈ।
ਇਹ ਇਕ ਸੱਚਾਈ ਹੈ ਕਿ ਵੱਡੀ ਗਿਣਤੀ ਗਾਣਿਆ ਨੂੰ ਅਸਲੀਲਤਾ ਦਾ ਗ੍ਰਹਿਣ ਲੱਗ ਚੁਕਿਆ ਹੈ। ਪੰਜਾਬੀ ਗਾਣੇ ਜਾਂ ਗੀਤ ਸਿਰਫ ਕੁੜੀ, ਹਥਿਆਰ, ਚੁੱਕ ਕੇ ਲੈਂਜੂੰ, ਡੱਕਰੇ ਕਰਦੂੰ ਦੀਆਂ ਗੱਲਾਂ ਕਰਨ, ਲਲਕਾਰੇ ਮਾਰਨ ਵਾਲੇੇ ਹੀ ਨਹੀਂ ਹੁੰਦੇ ਅਤੇ ਪੰਜਾਬੀ ਵਿੱਚ ਉਹ ਗੀਤ -ਗਾਣੇ ਵੀ ਹਨ, ਜਿਹਨਾਂ ਨੂੰ ਸੁਣ ਕੇ ਰੁੂਹ ਤੱਕ ਨੂੰ ਚੈਨ ਮਿਲਦਾ ਹੈ। ਇਹ ਠੀਕ ਹੈ ਕਿ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਚੰਗੇ ਪੰਜਾਬੀ ਗੀਤ ਦਾ ਵੀ ਮਾੜਾ ਜਾਂ ਅਸ਼ਲੀਲ ਫਿਲਮਾਂਕਨ ਕੀਤਾ ਹੁੰਦਾ ਹੈ।
ਇਸ ਦੇ ਬਾਵਜੂਦ ਅਜੇ ਵੀ ਪੰਜਾਬੀ ਵਿਚ ਅਜਿਹੇ ਗਾਣੇ ਤੇ ਗੀਤ ਮੌਜੂਦ ਹਨ, ਜੋ ਕਿ ਪਰਿਵਾਰ ਵਿਚ ਬੈਠ ਕੇ ਸੁਣੇ ਤੇ ਵੇਖੇ ਜਾ ਸਕਦੇ ਹਨ, ਲੋੜ ਤਾਂ ਚੰਗੇ ਤੇ ਮਿਆਰੀ ਗੀਤਾਂ ਨੂੰ ਰਚਣ ਤੇ ਗਾਉਣ ਵਾਲੇ ਗੀਤਕਾਰਾਂ ਤੇ ਗਾਇਕਾਂ ਨੂੰ ਉਤਸ਼ਾਹਿਤ ਕਰਨ ਦੀ ਹੈ ਤਾਂ ਕਿ ਦੁਨੀਆਂ ਨੂੰ ਇਹ ਸੰਦੇਸ਼ ਦਿਤਾ ਜਾ ਸਕੇ ਕਿ ਪੰਜਾਬੀ ਵਿੱਚ ਵੀ ਉਹ ਗੀਤ ਤੇ ਗਾਣੇ ਹਨ, ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਣੇ ਤੇ ਵੇਖੇ ਜਾ ਸਕਦੇ ਹਨ, ਜਿਹਨਾਂ ਉੱਪਰ ਪੰਜਾਬੀਆਂ ਨੂੰ ਮਾਣ ਹੈ।
ਪੰਜਾਬੀ ਗਾਣਿਆਂ ਨੂੰ ਅਸ਼ਲੀਲਤਾ ਤੇ ਹਿੰਸਾ ਤੋਂ ਬਚਾਉਣ ਲਈ ਸਮਾਜ ਦੀਆਂ ਵੱਖ ਵੱਖ ਸੰਸਥਾਵਾਂ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਬਣਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ। ਇਹ ਮੰਗ ਕਾਫੀ ਸਮੇਂ ਤੋਂ ਹੋ ਰਹੀ ਹੈ ਪਰ ਸਵਾਲ ਇਹ ਹੈ ਕਿ ਆਖਰ ਪੰਜਾਬੀ ਗਾਣਿਆਂ ਲਈ ਸੈਂਸਰ ਬੋਰਡ ਕਦੋਂ ਬਣੇਗਾ।
ਬਿਊਰੋ
Editorial
ਦਿਨ ਢਲਣ ਤੋਂ ਬਾਅਦ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਤੇ ਵੀ ਸਖਤੀ ਨਾਲ ਕਾਬੂ ਕਰੇ ਨਿਗਮ
ਪ੍ਰਸ਼ਾਸ਼ਨ ਵਲੋਂ ਭਾਵੇਂ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਸ਼ਹਿਰ ਦੀ ਅਸਲ ਹਾਲਤ ਪ੍ਰਸ਼ਾਸ਼ਨ ਦੇ ਇਹਨਾਂ ਦਾਅਵਿਆਂ ਤੇ ਸਵਾਲ ਖੜ੍ਹੇ ਕਰਦੀ ਹੈ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਸਾਬਿਤ ਹੁੰਦੇ ਹਨ। ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ਼ ਕਬਜ਼ਿਆਂ ਦੀ ਗੱਲ ਹੋਵੇ ਜਾਂ ਸਫਾਈ ਵਿਵਸਥਾ ਦੀ ਬਦਹਾਲੀ ਦੀ, ਨਗਰ ਨਿਗਮ ਦੇ ਅਮਲੇ ਫੈਲੇ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦੇ ਦਾਅਵਿਆਂ ਅਤੇ ਹਕੀਕਤ ਵਿੱਚ ਵੱਡਾ ਫਰਕ ਸਾਫ ਦਿਖਦਾ ਹੈ।
ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਕਾਫੀ ਛੋਟੇ ਹੋਣ ਲੱਗ ਗਏ ਹਨ। ਪਹਿਲਾਂ ਜਿੱਥੇ ਸ਼ਾਮ ਦੇ ਸਾਢੇ ਛੇ ਵਜੇ ਤਕ ਪੂਰਾ ਚਾਨਣ ਹੁੰਦਾ ਸੀ, ਹੁਣ ਸਾਢੇ ਪੰਜ ਵੱਜਦਿਆਂ ਹੀ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਨਾਲ ਹੀ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਗ੍ਰੀਨ ਬੈਲਟਾਂ, ਸ਼ੋਰੂਮਾਂ ਦੀ ਪਿਛਲੀ ਸੜਕ ਅਤੇ ਮੁੱਖ ਸੜਕਾਂ ਕਿਨਾਰੇ ਅਜਿਹੀਆਂ ਵੱਡੀ ਗਿਣਤੀ ਰੇਹੜੀਆਂ ਫੜੀਆਂ ਦੀ ਗਿਣਤੀ ਵੀ ਵਧਣ ਲੱਗ ਗਈ ਹੈ ਜਿਹਨਾਂ ਵਲੋਂ ਸੂਪ, ਅੰਡੇ, ਮੀਟ ਮੁਰਗੇ ਦਾ ਅਚਾਰ ਜਾਂ ਖਾਣ ਪੀਣ ਦਾ ਅਜਿਹਾ ਹੋਰ ਤਿਆਰ ਸਾਮਾਨ ਵੇਚਿਆ ਜਾਂਦਾ ਹੈ ਅਤੇ ਦਿਨ ਢਲਦਿਆਂ ਹੀ ਇਹ ਰੇਹੜੀਆਂ ਫੜੀਆਂ ਵਾਲੇ ਆਪਣਾ ਤਾਮ ਝਾਮ ਸਜਾ ਕੇ ਆਪਣੀ ਦੁਕਾਨਦਾਰੀ ਆਰੰਭ ਕਰ ਦਿੰਦੇ ਹਨ।
ਸ਼ਾਮ ਹੁੰਦਿਆਂ ਹੀ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਥਾਂ ਥਾਂ ਤੇ ਅਜਿਹੀਆਂ ਰੇਹੜੀਆਂ ਫੜੀਆਂ ਲੱਗੀਆਂ ਆਮ ਵੇਖੀਆਂ ਜਾ ਸਕਦੀਆਂ ਹਨ ਜਿਹਨਾਂ ਤੇ ਖਾਣ ਪੀਣ ਦਾ ਅਜਿਹਾ ਤਰ੍ਹਾਂ ਤਰ੍ਹਾਂ ਦਾ ਸਾਮਾਨ ਵਿਕਦਾ ਹੈ। ਇਹਨਾਂ ਨਾਜਾਇਜ਼ ਕਬਜਾਕਾਰਾਂ ਵਲੋਂ ਸ਼ੋਰੂਮਾਂ ਦੇ ਸਾਮ੍ਹਣੇ ਆਮ ਲੋਕਾਂ ਦੇ ਚਲਣ ਫਿਰਨ ਲਈ ਬਣੀ ਥਾਂ ਤੇ ਵੀ ਆਪਣੇ ਅੱਡੇ ਲਗਾ ਲਏ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਲੰਘਣ ਲਈ ਥਾਂ ਹੀ ਨਹੀਂ ਮਿਲਦੀ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਤੰਗ ਹੋਣਾ ਪੈਂਦਾ ਹੈ।
ਇਹਨਾਂ ਰੇਹੜੀਆਂ ਫੜੀਆਂ ਦੇ ਆਸਪਾਸ ਖਾਣ ਪੀਣ ਦੇ ਸ਼ੌਕੀਨ ਅਤੇ ਵਿਹਲੜ ਕਿਸਮ ਦੇ ਨੌਜਵਾਨ ਮੰਡਲੀਆਂ ਬਣਾ ਕੇ ਇਕੱਠੇ ਖੜ੍ਹੇ ਦਿਖਦੇ ਹਨ। ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਿੱਚੋਂ ਕਈ ਤਾਂ ਅਜਿਹੇ ਵੀ ਹਨ ਜਿਹੜੇ ਕਬਾਬ ਦੇ ਨਾਲ ਸ਼ਰਾਬ ਦਾ ਆਨੰਦ ਲੈਣ ਲਈ ਆਪਣੇ ਗ੍ਰਾਹਕਾਂ ਨੂੰ ਗਿਲਾਸ ਅਤੇ ਪਾਣੀ ਵੀ ਮੁਹਈਆ ਕਰਵਾਉਂਦੇ ਹਨ ਅਤੇ ਅਜਿਹੀਆਂ ਰੇਹੜੀਆਂ ਤੇ ਨੌਜਵਾਨ ਮੁੰਡੀਰ ਨੂੰ ਇਕੱਠੇ ਹੋ ਕੇ ਮਸਤੀ ਮਾਰਦੇ ਆਮ ਵੇਖਿਆ ਜਾ ਸਕਦਾ ਹੈ। ਸ਼ਰਾਬ ਅਤੇ ਕਬਾਬ ਦਾ ਮਜਾ ਲੈਣ ਵਾਲੇ ਇਹ ਲੋਕ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਵੀ ਪ੍ਰਭਾਵਿਤ ਤਾਂ ਕਰਦੇ ਹੀ ਹਨ ਅਤੇ ਕਈ ਵਾਰ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਨਾਲ ਛੇੜਖਾਨੀ ਤਕ ਕਰਦੇ ਹਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ।
ਇਹਨਾਂ ਨਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰੰਤੂ ਜੇਕਰ ਇਸ ਸੰਬੰਧੀ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜ਼ਾਇਜ਼ ਕਬਜਿਆਂ ਨੂੰ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਕਰੀਏ ਤਾਂ ਇਸ ਸੰਬੰਧੀ ਨਗਰ ਨਿਗਮ ਵਲੋਂ ਜਿਹੜੀ ਥੋੜ੍ਹੀ ਬਹੁਤ ਕਾਰਵਾਈ ਕੀਤੀ ਵੀ ਜਾਂਦੀ ਹੈ ਉਹ ਵੀ ਦਿਨ ਵਿੱਚ (ਦਫਤਰੀ ਸਮੇਂ ਦੌਰਾਨ) ਹੀ ਹੁੰਦੀ ਹੈ ਅਤੇ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਕਬਜ਼ੇ ਲਗਾਤਾਰ ਵੱਧ ਰਹੇ ਹਨ।
ਇਸ ਤਰੀਕੇ ਨਾਲ ਲਗਾਤਾਰ ਵੱਧਦੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਥਾਂ ਤੇ ਨਾਜਾਇਜ਼ ਕਬਜਾ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਇਹਨਾਂ ਲੋਕਾਂ ਦਾ ਸਾਮਾਨ ਜਬਤ ਕੀਤਾ ਜਾਵੇ। ਇਸ ਸੰਬੰਧੀ ਜਿੱਥੇ ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੇ ਸਟਾਫ ਦੀ ਸੁਰਖਿਆ ਲਈ ਲੋੜੀਂਦੀ ਪੁਲੀਸ ਫੋਰਸ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਦਿਨ ਢਲਣ ਤੋਂ ਬਾਅਦ ਹੋਣ ਵਾਲੇ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।
ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਦਿਨ ਢੱਲਣ ਉਪੰਰਤ (ਨਿਗਮ ਦੇ ਦਫਤਰ ਦੀ ਛੁਟੀ ਹੋਣ ਤੋਂ ਬਾਅਦ) ਹੋਣ ਵਾਲੇ ਇਹਨਾਂ ਕਬਜਿਆਂ ਤੇ ਕਾਬੂ ਕਰਨ ਲਈ ਵਾਧੂ ਸਟਾਫ ਤੈਨਾਤ ਕੀਤਾ ਜਾਵੇ ਅਤੇ ਅਜਿਹੇ ਕਬਜਾਕਾਰਾਂ ਤੇ ਛਾਪੇਮਾਰੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤਾਂ ਜੋ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਕਾਬੂ ਕੀਤਾ ਜਾ ਸਕੇ।
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
Mohali2 months ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
International2 months ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali1 month ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International2 months ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National1 month ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial1 month ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ