Connect with us

Chandigarh

ਗੈਂਗਸਟਰ ਲਾਰੈਂਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ AAP ਨੇ ਬੀਜੇਪੀ ਅਤੇ ਸੁਨੀਲ ਜਾਖੜ ਨੂੰ ਘੇਰਿਆ

Published

on

ਚੰਡੀਗੜ੍ਹ, 18 ਜੂਨ-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਜੇਲ੍ਹ ‘ਚੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ‘ਤੇ ਤਿੱਖੇ ਹਮਲੇ ਕੀਤੇ ਹਨ।

ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਇਸ ਮਾਮਲੇ ‘ਤੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਕੀ ਜਾਖੜ ਜੋ ਅਕਸਰ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕਰਦੇ ਹਨ, ਕੀ ਇਸ ਮਾਮਲੇ ‘ਤੇ ਆਪਣੀ ਪਾਰਟੀ ਦੀ ਗੁਜਰਾਤ ਸਰਕਾਰ ਨੂੰ ਸਵਾਲ ਕਰਨਗੇ?

ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਜੇਲ੍ਹ ਤੋਂ ਆਪਣਾ ਗਿਰੋਹ ਚਲਾ ਰਿਹਾ ਹੈ। ਜੋ ਕਿ ਇਸ ਵੀਡੀਓ ਤੋਂ ਸਾਬਤ ਹੋ ਗਿਆ ਹੈ। ਜੇਕਰ ਸੁਨੀਲ ਜਾਖੜ ਸੱਚਮੁੱਚ ਹੀ ਗੈਂਗਸਟਰਵਾਦ ਨੂੰ ਲੈ ਕੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਇਸ ਮਾਮਲੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਸਵਾਲ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਤੋਂ ਇਹ ਵੀ ਪੁੱਛਣਾ ਚਾਹੀਦਾ ਹੈ, ਕਿ ਉੱਥੋਂ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਤਸਕਰੀ ਪੰਜਾਬ ਵਿੱਚ ਕਿਉਂ ਹੋ ਰਹੀ ਹੈ?

ਗਰਗ ਨੇ ਕਿਹਾ ਕਿ ਭਾਜਪਾ ਆਗੂ ਅਤੇ ਖ਼ਾਸ ਕਰਕੇ ਸੁਨੀਲ ਜਾਖੜ ਹਮੇਸ਼ਾ ਹੀ ਪੰਜਾਬ ਵਿਰੋਧੀ ਬਿਆਨ ਦਿੰਦੇ ਰਹਿੰਦੇ ਹਨ। ਉਹ ਕਦੇ ਨਸ਼ਿਆਂ ਦੇ ਨਾਂਅ ‘ਤੇ, ਕਦੇ ਕਾਨੂੰਨ ਵਿਵਸਥਾ ਦੇ ਨਾਂਅ ‘ਤੇ ਅਤੇ ਕਦੇ ਗੈਂਗਸਟਰਵਾਦ ਦੇ ਨਾਂਅ ‘ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਪੰਜਾਬ ਪੂਰੇ ਦੇਸ਼ ਵਿਚ ਸਭ ਤੋਂ ਮਾੜਾ ਸੂਬਾ ਹੋਵੇ। ਇਹ ਲੋਕ ਪੰਜਾਬ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਜਦੋਂ ਕਿ ਸਚਾਈ ਇਹ ਹੈ ਕਿ ਅਮਨ-ਕਾਨੂੰਨ ਦੇ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਆਲੇ-ਦੁਆਲੇ ਦੇ ਰਾਜਾਂ ਨਾਲੋਂ ਕਿਤੇ ਬਿਹਤਰ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ‘ਚ ਵੀ ਇਹ ਗੱਲ ਸਾਹਮਣੇ ਆਈ ਹੈ।

ਇਹ ਮਾਮਲਾ ਉਦੋਂ ਵਿਵਾਦਾਂ ਵਿੱਚ ਘਿਰ ਗਿਆ, ਜਦੋਂ ਲਾਰੈਂਸ ਬਿਸ਼ਨੋਈ ਦੀ ਨਵੀਂ ਵੀਡੀਓ ਕਾਲ ਦੀ ਇੱਕ ਕਲਿੱਪ ਸਾਹਮਣੇ ਆਈ। ਜਿਸ ਵਿੱਚ ਉਹ ਵੀਡੀਓ ਕਾਲ ‘ਤੇ ਕਿਸੇ ਨੂੰ ਈਦ ਦੀ ਵਧਾਈ ਦੇ ਰਿਹਾ ਸੀ। ਫ਼ਿਲਹਾਲ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ‘ਚ ਬੰਦ ਹੈ। ਇਸ ਲਈ ਗੁਜਰਾਤ ਦੀ ਭਾਜਪਾ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

Continue Reading

Chandigarh

ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਿਆ, ਇਕ ਵਿਅਕਤੀ ਦੀ ਮੌਤ

Published

on

By

 

 

ਚੰਡੀਗੜ੍ਹ, 20 ਜੁਲਾਈ (ਸ.ਬ.) ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਇਲਾਕੇ ਵਿਚ ਬੱਦਲ ਫਟਣ ਗਿਆ ਹੈ। ਇਸ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਬੱਦਲ ਫਟਣ ਦੀ ਘਟਨਾ ਰੇਤੂਆ ਪਿੰਡ ਵਿੱਚ ਬੀਤੀ ਰਾਤ ਕਰੀਬ 1 ਵਜੇ ਵਾਪਰੀ। ਬੱਦਲ ਫਟਣ ਤੋਂ ਬਾਅਦ ਰਾਤ ਨੂੰ ਭਾਰੀ ਮੀਂਹ ਪਿਆ। ਇਸ ਕਾਰਨ ਪਿੰਡ ਰੇਤੂਆ ਦਾ ਅਮਨ ਸਿੰਘ ਮਲਬੇ ਅਤੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ।

ਪਾਉਂਟਾ ਪੁਲੀਸ ਅਤੇ ਸਥਾਨਕ ਲੋਕਾਂ ਨੇ ਸਵੇਰੇ 6 ਵਜੇ ਲਾਪਤਾ ਵਿਅਕਤੀ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਅਤੇ ਜੇਸੀਬੀ ਨਾਲ ਮਿੱਟੀ ਪੁੱਟ ਕੇ ਅਮਨ ਸਿੰਘ ਦੀ ਭਾਲ ਕੀਤੀ ਗਈ। ਕਰੀਬ ਪੰਜ ਘੰਟੇ ਬਾਅਦ ਲਾਪਤਾ ਵਿਅਕਤੀ ਦੀ ਲਾਸ਼ ਘਰ ਤੋਂ ਕਰੀਬ ਦੋ ਕਿਲੋਮੀਟਰ ਦੂਰ ਟਨ ਨਦੀ ਵਿੱਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰਾਤ ਨੂੰ ਭਾਰੀ ਮੀਂਹ ਸ਼ੁਰੂ ਹੋ ਗਿਆ। ਅਮਨ ਸਿੰਘ ਘਰੋਂ ਨਿਕਲ ਕੇ ਗਊਸ਼ਾਲਾ ਵੱਲ ਚਲਾ ਗਿਆ। ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਸ਼ਿਮਲਾ ਅਤੇ ਸਿਰਮੌਰ ਜ਼ਿਲੇ ਵਿੱਚ ਕੁਝ ਥਾਵਾਂ ਤੇ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਮਾਨਸੂਨ ਸਰਗਰਮ ਹੋ ਰਿਹਾ ਹੈ। ਇਸ ਕਾਰਨ ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।

ਆਈ ਐਮ ਡੀ ਨੇ ਪਹਿਲਾਂ ਹੀ 22 ਅਤੇ 23 ਜੁਲਾਈ ਨੂੰ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। 22 ਜੁਲਾਈ ਨੂੰ ਪੰਜ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਮੰਡੀ ਅਤੇ ਸੋਲਨ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ, ਜਦਕਿ 23 ਜੁਲਾਈ ਨੂੰ ਸੋਲਨ ਅਤੇ ਸਿਰਮੌਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿੱਚ 25 ਜੁਲਾਈ ਤੱਕ ਮੌਸਮ ਖਰਾਬ ਰਹੇਗਾ।

Continue Reading

Chandigarh

ਮਿਲਕਫੈਡ ਦੇ ਮਿਲਕ ਪਲਾਟਾਂ ਵਿੱਚ ਵੱਡੇ ਪੱਧਰ ਤੇ ਹੁੰਦੇ ਭ੍ਰਿਸ਼ਟਾਚਾਰ ਅਤੇ ਘਪਲਿਆਂ ਨੂੰ ਕਾਬੂ ਕਿਉਂ ਨਹੀਂ ਕਰਦੀ ਸਰਕਾਰ : ਰਾਜੇਵਾਲ

Published

on

By

 

 

ਭ੍ਰਿਸ਼ਟਾਚਾਰੀਆਂ ਨੂੰ ਮਿਲ ਰਹੀ ਹੈ ਸਿਆਸੀ ਸ਼ਹਿ

ਚੰਡੀਗੜ੍ਹ, 19 ਜੁਲਾਈ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸz. ਬਲਬੀਰ ਸਿੰਘ ਰਾਜੇਵਾਲ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਵਿੱਚ ਮਿਲਕਫੈਡ ਦੇ ਮਿਲਕ ਪਲਾਟਾਂ ਵਿੱਚ ਵੱਡੇ ਪੱਧਰ ਤੇ ਹੁੰਦੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਦੀ ਥਾਂ ਇਸਨੂੰ ਸਿਆਸੀ ਸ਼ਹਿ ਮਿਲ ਰਹੀ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਮੁਨਾਫੇ ਵਿੱਚ ਚਲਦੇ ਪਲਾਂਟ ਘਾਟੇ ਵਿੱਚ ਆ ਗਏ ਹਨ। ਉਹਨਾਂ ਕਿਹਾ ਕਿ ਮਿਲਕਫੈਡ ਸਹਿਕਾਰੀ ਮਿਲਕ ਪਲਾਟਾਂ ਨੂੰ ਡੋਬ ਕੇ ਅਮੁੱਲ ਨੂੰ ਅੱਗੇ ਤੋਰਨ ਦੇ ਰਾਹ ਤੇ ਚਲ ਰਿਹਾ ਹੈ ਜਿਸਦਾ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਣਾ ਹੈ।

ਮਿਲਕ ਪਲਾਂਟਾਂ ਦੇ ਭ੍ਰਿਸ਼ਟਾਚਾਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਵਿਭਾਗ ਵਿੱਚ ਲੁਧਿਆਣੇ ਦੇ ਜਨਰਲ ਮੈਨੇਜਰ ਸ. ਸੁਰਜੀਤ ਸਿੰਘ ਵੱਲ ਵਿਭਾਗੀ ਜਾਂਚ ਤੋਂ ਬਾਅਦ 1.11 ਕਰੋੜ ਦੀ ਵਸੂਲੀ ਦੇ ਹੁਕਮ ਹੋਏ। ਜਾਇੰਟ ਰਜਿਸਟਰਾਰ ਨੇ ਵੀ 2020 ਵਿੱਚ ਇਸ ਵਸੂਲੀ ਦੇ ਹੁਕਮ ਦਿੱਤੇ ਅਤੇ 2023 ਵਿੱਚ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰ ਨੇ ਵੀ ਇਹ ਵਸੂਲੀ ਕਰਨ ਦਾ ਮਤਾ ਪਾਸ ਕੀਤਾ ਪਰ ਕੋਈ ਕਾਰਵਾਈ ਨਹੀਂ। ਇਸੇ ਤਰ੍ਹਾਂ 4 ਤੋਂ 5 ਕਰੋੜ ਦਾ ਹੁਸ਼ਿਆਰਪੁਰ ਦਾ ਘਪਲਾ ਵੀ ਹਵਾ ਵਿੱਚ ਹੀ ਹੈ। ਇਸੇ ਅਧਿਕਾਰੀ ਨੇ ਪਟਿਆਲੇ ਦੇ ਮੁਨਾਫੇ ਵਿੱਚ ਚਲ ਰਹੇ ਪਲਾਂਟ ਨੂੰ ਆਪਣੀ ਸੱਤ ਮਹੀਨੇ ਦੀ ਸਰਦਾਰੀ ਵਿੱਚ 11 ਕਰੋੜ ਦੇ ਘਾਟੇ ਵਿੱਚ ਫਸਾ ਦਿੱਤਾ। ਇਸਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਲਟਾ ਇਸ ਨੂੰ ਹੋਰ ਵੱਡਾ ਪਲਾਂਟ ਲੁਧਿਆਣੇ ਜੀ. ਐਮ. ਲਗਾ ਕੇ ਨਿਵਾਜਿਆ ਗਿਆ। ਉਹਨਾਂ ਕਿਹਾ ਕਿ ਸਰਕਾਰ ਨੇ ਹਰ ਘਪਲੇਬਾਜ਼ ਨੂੰ ਉਸ ਦੀ ਮਰਜ਼ੀ ਦੀ ਜਗ੍ਹਾ ਲਾ ਕੇ ਨਿਵਾਜਿਆ।

ਉਹਨਾਂ ਕਿਹਾ ਕਿ ਮੁਹਾਲੀ ਵਿੱਚ 83000 ਦੁੱਧ ਦੀ ਟਰੇਅ ਦੁੱਧ ਨਾਲ ਭਰ ਕੇ ਡਿਸਟਰੀਬਿਊਟਰਾਂ ਕੋਲ ਗਈ ਵਾਪਸ ਨਹੀਂ ਆਈ। ਇਸ ਸਮੇਂ ਦੇ ਜੀ. ਐਮ. ਨੂੰ ਘਪਲੇ ਤੋਂ ਬਾਅਦ ਉਸ ਦੀ ਪਸੰਦ ਦੇ ਸਟੇਸ਼ਨ ਜਲੰਧਰ ਤਾਇਨਾਤ ਕਰ ਦਿੱਤਾ ਗਿਆ। ਇਸੇ ਤਰ੍ਹਾਂ 9.96 ਲੱਖ ਦੁੱਧ ਦੀਆਂ ਟਰੇਆਂ ਦੇ 5 ਕਰੋੜ ਦੀ ਕੋਈ ਪੁੱਛ ਗਿੱਛ ਨਹੀਂ ਹੋਈ ਅਤੇ ਪਲਾਂਟ ਕੇਵਲ ਟਰੇਆਂ ਦੀ 1.68 ਕਰੋੜ ਕੀਮਤ ਦਾ ਘਾਲਾ ਮਾਲਾ ਦਿਖਾ ਰਿਹਾ ਹੈ, ਜਦ ਕਿ ਇਹ 6.68 ਕਰੋੜ ਦਾ ਘਪਲਾ ਹੈ। ਉਹਨਾਂ ਕਿਹਾ ਕਿ ਮਿਲਕ ਪਲਾਂਟਾਂ ਵਿੱਚ ਦੁੱਧ ਢੋਣ ਵਾਲੇ ਟਰਾਂਸਪਰੋਟਰਾਂ ਨਾਲ ਮਿਲ ਕੇ ਉਨ੍ਹਾਂ ਦੇ ਰੂਟ ਲੰਬੇ ਦਿਖਾ ਕੇ ਹਰ ਪਲਾਂਟ ਵਿੱਚ ਇਕ ਕਰੋੜ ਸਲਾਨਾ ਦਾ ਗੋਲਮਾਲ ਹੁੰਦਾ ਹੈ। ਲੁਧਿਆਣੇ ਮਿਲਕ ਪਲਾਂਟ ਵਿੱਚ ਟਰਾਂਸਪਰੋਟਾਂ ਵੱਲੋਂ ਦੁੱਧ ਵਿੱਚ ਮਿਲਾਵਟ ਕਰਨ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ।

ਉਹਨਾਂ ਕਿਹਾ ਕਿ ਲੁਧਿਆਣੇ ਮਿਲਕ ਪਲਾਂਟ ਦੇ ਅਧਿਕਾਰੀਆਂ ਵਲੋਂ ਪਿੰਡਾਂ ਦੇ ਦੁੱਧ ਇਕੱਠਾ ਕਰਨ ਵਾਲੀਆਂ ਸਭਾਵਾਂ ਨੂੰ ਇਕ ਗਿੱਦੜ ਚਿੱਠੀ ਰਾਹੀਂ ਹੁਕਮ ਚਾੜਿਆ ਹੋਇਆ ਹੈ ਕਿ ਦੁੱਧ ਵਿੱਚ ਬੈਟ ਜਾਂ ਐਸ. ਐਨ. ਐਫ਼. ਮਾਪਣ ਲਈ ਸਪਲਾਈ ਕੀਤੇ ਬਟੈਰੋਮੀਟਰ ਦੀ ਰੀਡਿੰਗ ਨਾਲ ਪੁਆਇੰਟ ਇਕ ਜਾਂ ਡੇਢ ਘੱਟ ਰੀਡਿੰਗ ਲੇਖੇ ਵਿੱਚ ਲਈ ਜਾਵੇ ਜਦੋਂਕਿ ਕਿਸੇ ਨੂੰ ਇੰਝ ਕਰਨ ਦਾ ਅਧਿਕਾਰ ਨਹੀਂ। ਮਿਲਕ ਪਲਾਂਟ ਨੇ ਦੁੱਧ ਉਤਪਾਦਕਾਂ ਦੀ ਦੁੱਧ ਦੀ ਅਦਾਇਗੀ ਰੋਕ ਕੇ ਆਪਣੇ ਚਹੇਤੇ ਕੋਲਡ ਸਟੋਰ ਦੇ ਠੇਕੇਦਾਰ ਨੂੰ ਰੂਲਜ਼ ਦੀ ਉਲੰਘਣਾ ਕਰਕੇ ਅਦਾਇਗੀ ਕਰ ਦਿੱਤੀ। ਅਜਿਹੇ ਅਨੇਕਾਂ ਕਰੋੜਾਂ ਦੇ ਘਪਲੇ ਹਨ, ਕੋਈ ਪੁੱਛਣ ਵਾਲਾ ਨਹੀਂ।

ਉਹਨਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਵਿਜੀਲੈਂਸ ਵਾਲਿਆਂ ਨੇ ਮੁਹਾਲੀ ਦੇ ਮੈਨੇਜਰ ਦੁੱਧ ਪ੍ਰਾਪਤੀ ਸ੍ਰੀ ਵਾਸਤਵਾ ਨੂੰ 50000 ਰੁਪਏ ਦੀ ਰਕਮ ਸਮੇਤ ਗ੍ਰਿਫ਼ਤਾਰ ਕੀਤਾ। ਸੀ. ਬੀ. ਆਈ. ਨੇ ਮੁਹਾਲੀ ਦੇ ਮੈਨੇਜਰ ਪ੍ਰੋਡਕਸ਼ਨ ਨੂੰ 76 ਲੱਖ ਦੇ ਇਕ ਘਪਲੇ ਵਿੱਚ ਗ੍ਰਿਫ਼ਤਾਰ ਕੀਤਾ। ਅਨੇਕਾਂ ਘਪਲੇ ਹਨ ਪਰ ਮਿਲਕਫ਼ੈਡ ਕਿਸੇ ਵੀ ਕੇਸ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਸਮੇਂ ਸਿਰ ਨਾ ਤਾਂ ਕਾਰਵਾਈ ਕਰਦਾ ਹੈ ਅਤੇ ਨਾ ਹੀ ਕਿਸੇ ਨੂੰ ਸਜ਼ਾ ਦਿੰਦਾ ਹੈ। ਉਹਨਾ ਕਿਹਾ ਕਿ ਮਿਲਕਫ਼ੈਡ ਕੋਲ ਅੱਜ ਵੀ 70 ਤੋਂ 80 ਪ੍ਰਤੀਸ਼ਤ ਇਮਾਨਦਾਰ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਕਰਮਚਾਰੀ, ਅਧਿਕਾਰੀ ਹਨ, ਪਰ ਉਹ ਬੇਹੌਸਲਾ ਹੋ ਕੇ ਢੇਰੀ ਢਾਹੀ ਬੈਠੇ ਹਨ। ਸਿਰਫ਼ 20 ਪ੍ਰਤੀਸ਼ਤ ਸਿਆਸੀ ਪੁਸ਼ਤ ਪਨਾਹੀ ਵਾਲੇ ਸਾਰੇ ਮਿਲਕ ਪਲਾਂਟਾਂ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ ਅਤੇ ਪੁੱਛਣ ਵਾਲਾ ਕੋਈ ਨਹੀਂ ਹੈ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਮਿਲਕਫ਼ੈਡ 2021-22 ਵਿੱਚ 9.63 ਕਰੋੜ ਦੇ ਮੁਨਾਫੇ ਵਿੱਚ ਸੀ ਜੋ 2022-23 ਵਿੱਚ ਅਚਾਨਕ 11 ਕਰੋੜ 82 ਲੱਖ ਦੇ ਘਾਟੇ ਵਿੱਚ ਚਲੀ ਗਈ। ਇਸ ਵੇਲੇ ਸਹਿਕਾਰੀ ਮਿਲਕ ਯੂਨੀਅਨਾਂ ਦੇ 11 ਵਿੱਚੋਂ 6 ਅਤੇ ਮਿਲਕਫ਼ੈਡ ਦੇ 4 ਵਿੱਚੋਂ 2 ਮਿਲਕ ਪਲਾਂਟ ਵੱਡੇ ਘਾਟੇ ਵਿੱਚ ਹਨ। ਸਾਰੇ ਮਿਲਕ ਪਲਾਂਟਾਂ ਦੀ ਰੋਜ਼ਾਨਾ ਦੁੱਧ ਸਪਲਾਈ ਦੇ ਪੈਸੇ ਐਡਵਾਂਸ ਮਿਲਕਫ਼ੈਡ ਕੋਲ ਜਾਂਦੇ ਹਨ। ਉਹਨਾਂ ਕਿਹਾ ਕਿ ਦੁੱਧ ਉਤਪਾਦਨ ਵੀ ਪੰਜਾਬ ਦੇ ਕਿਸਾਨਾਂ ਲਈ ਜੀਵਨ ਰੇਖਾ ਹੈ। ਪੰਜਾਬ ਵਿੱਚ ਸਹਿਕਾਰੀ ਖੇਤਰ ਵਿੱਚ ਅਤੇ ਮਿਲਕਫ਼ੈਡ ਅਧੀਨ ਕੁੱਲ 17 ਦੁੱਧ ਦੇ ਪਲਾਂਟ ਹਨ। ਇਹ ਪਲਾਂਟ ਪੰਜਾਬ ਵਿੱਚ ਪੈਦਾ ਹੁੰਦੇ ਕੁੱਲ 3.5 ਕਰੋੜ ਲਿਟਰ ਰੋਜ਼ਾਨਾ ਦੁੱਧ ਦਾ 15 ਪ੍ਰਤੀਸ਼ਤ ਅਰਥਾਤ 30 ਲੱਖ ਲਿਟਰ ਦੁੱਧ ਖਰੀਦ ਕੇ ਪ੍ਰਾਸੈਸ ਕਰਦੇ ਹਨ। ਬਾਕੀ ਦੁੱਧ ਦੀ ਪੈਦਾਵਾਰ ਘਰੇਲੂ ਖਪਤ ਅਤੇ ਪ੍ਰਾਈਵੇਟ ਪਲਾਟਾਂ, ਦੋਧੀਆਂ ਆਦਿ ਕੋਲ ਚਲੀ ਜਾਂਦੀ ਹੈ।

ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਸਹਿਕਾਰੀ ਯੂਨੀਅਨਾਂ ਦੇ ਪ੍ਰਬੰਧਕੀ ਬੋਰਡ ਦੁੱਧ ਦਾ ਰੇਟ ਮਿਥਿਆ ਕਰਦੇ ਸਨ, ਪਰ ਹੁਣ ਇਹ ਕੰਮ ਮਿਲਕਫ਼ੈਡ ਦੀ ਅਫ਼ਸਰਸ਼ਾਹੀ ਦੇ ਹੱਥ ਚਲਾ ਗਿਆ ਹੈ। ਇਸ ਵੇਲੇ ਵੇਰਕਾ ਅਧੀਨ ਮਿਲਕ ਪਲਾਂਟਾਂ ਵਿੱਚ ਮਿਲਕਫ਼ੈਡ ਨੇ ਮੱਝ ਦੇ ਦੁੱਧ ਦਾ ਰੇਟ 82 ਰੁਪਏ 10.0 ਫ਼ੈਟ ਅਤੇ ਗਾਂ ਦਾ 38 ਰੁਪਏ 35 ਪੈਸੇ 4.5 ਫ਼ੈਟ ਦਾ ਰੇਟ ਤਹਿ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਵੇਰਕਾ ਦਾ ਦੁੱਧ ਦਾ ਰੇਟ ਹਮੇਸ਼ਾ ਗੁਜਰਾਤ ਦੇ ਅਮੁੱਲ ਨਾਲੋਂ ਜਿਆਦਾ ਰਿਹਾ ਹੈ। ਪਰੰਤੂ ਹੁਣ ਜਦੋਂ ਪੰਜਾਬ ਵਿੱਚ ਅਮੁੱਲ ਨੇ ਦੁੱਧ ਦੇ ਖੇਤਰ ਵਿੱਚ ਪੈਰ ਪਸਾਰਨੇ ਸ਼ੁਰੂ ਕੀਤੇ ਹਨ ਤਾਂ ਉਹ ਵੇਰਕਾ ਨਾਲੋਂ 20 ਰੁਪਏ ਪ੍ਰਤੀ ਫ਼ੈਟ ਦਾ ਵੱਧ ਰੇਟ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਵੇਰਕਾ ਅਤੇ ਮਿਲਕਫ਼ੈਡ ਫੇਲ੍ਹ ਕਰਕੇ ਅਮੁੱਲ ਨੂੰ ਕਬਜਾ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਇਸ ਦੇ ਗੁਜਰਾਤ ਦੀ ਸਹਿਕਾਰੀ ਸਭਾ ਹੋਣ ਕਾਰਨ ਲਾਭ ਦਾ ਸਾਰਾ ਹਿੱਸਾ ਗੁਜਰਾਤ ਦੇ ਕਿਸਾਨਾਂ ਨੂੰ ਜਾਵੇਗਾ, ਪੰਜਾਬ ਦੇ ਕਿਸਾਨਾਂ ਦੇ ਇਸ ਵੱਡੇ ਦੁੱਧ ਉਤਪਾਦਨ ਦੇ ਕਿੱਤੇ ਨੂੰ ਭਾਰੀ ਸੱਟ ਵੱਜੇਗੀ।

ਉਹਨਾਂ ਮੰਗ ਕੀਤੀ ਕਿ ਦੁੱਧ ਪਲਾਂਟਾਂ ਅਤੇ ਮਿਲਕਫ਼ੈਡ ਦੇ ਬਹੁ ਕਰੋੜੀ ਘਪਲੇ ਦੀ ਤੁਰੰਤ ਨਿਆਇਕ ਜਾਂਚ ਕਰਵਾਈ ਜਾਵੇ ਕਿਉਂਕਿ ਵਿਭਾਗੀ ਜਾਂਚ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕਾਂ ਸਾਮ੍ਹਣੇ ਸਚਾਈ ਨਾ ਲਿਆਂਦੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਇਸ ਮੌਕੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਚਾਲਾਕੀ, ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਓ, ਬਲਦੇਵ ਸਿੰਘ ਚੱਕਲ, ਲੱਖਵਿੰਦਰ ਸਿੰਘ ਕਰਾਲਾ, ਬਲਦੀਪ ਸਿੰਘ ਸੰਗਤਪੁਰਾ, ਹਰਮਨਪ੍ਰੀਤ ਸਿੰਘ ਸਹੇੜੀ, ਤੇਜਿੰਦਰ ਸਿੰਘ ਪੂਨੀਆ, ਯਾਦਵਿੰਦਰ ਸਿੰਘ ਮੁੰਡੀ ਖਰੜ ਵੀ ਹਾਜਿਰ ਸਨ।

Continue Reading

Chandigarh

ਰਾਜਪੁਰਾ ਵਿੱਚ ਮੋਬਾਈਲ ਰਿਪੇਅਰ ਦੀ ਦੁਕਾਨ ਵਿੱਚ ਚੋਰੀ

Published

on

By

 

ਰਾਜਪੁਰਾ, 19 ਜੁਲਾਈ (ਜਤਿੰਦਰ ਲੱਕੀ ) ਰਾਜਪੁਰਾ ਦੇ ਐਨ ਟੀ ਸੀ ਸਕੂਲ ਨੇੜੇ ਐਪਲ ਕੈਫੇ ਨਾਮ ਦੀ ਮੋਬਾਈਲ ਰਿਪੇਅਰ ਦੀ ਇੱਕ ਦੁਕਾਨ ਤੋਂ ਚੋਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਤੇ ਮਾਲਿਕ ਵਿਵੇਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਉਹਨਾਂ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਦੋਸਤ ਵੱਲੋਂ ਉਹਨਾਂ ਨੂੰ ਵਾਰਦਾਤ ਬਾਰੇ ਦੱਸਿਆ ਗਿਆ ਅਤੇ ਜਦੋਂ ਉਹ ਦੁਕਾਨ ਤੇ ਪਹੁੰਚੇ ਤਾਂ ਵੇਖਿਆ ਕਿ ਸ਼ਟਰ ਅਤੇ ਤਾਲੇ ਟੁੱਟੇ ਹੋਏ ਸੀ।

ਉਹਨਾਂ ਦੱਸਿਆ ਕਿ ਉਹਨਾਂ ਦਾ ਮੋਬਾਈਲ ਰਿਪੇਅਰ ਦਾ ਕੰਮ ਹੈ ਅਤੇ ਦੁਕਾਨ ਵਿੱਚ ਮਰੰਮਤ ਲਈ ਆਏ ਮੋਬਾਈਲ ਚੋਰੀ ਹੋ ਗਏ ਹਨ। ਇਸਦੇ ਨਾਲ ਹੀ ਉਹਨਾ ਦੀ 10,000 ਰੁਪਏ ਨਕਦੀ ਵੀ ਚੋਰੀ ਹੋਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਲਗਭਗ ਡੇਢ ਕੁ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਉਹਨਾਂ ਦੱਸਿਆ ਕਿ ਸੀ ਸੀ ਟੀ ਵੀ ਵਿੱਚ ਤਿੰਨ ਵਿਅਕਤੀ ਉਹਨਾਂ ਦੀ ਦੁਕਾਨ ਵਿੱਚ ਚੋਰੀ ਕਰਦੇ ਦਿਖਦੇ ਹਨ। ਉਹਨਾਂ ਦੱਸਿਆ ਕਿ ਇਸ ਬਾਰੇ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲੀਸ ਨੂੰ ਸੀ ਸੀ ਟੀ ਵੀ ਫੁਟੇਜ ਵੀ ਦੇ ਦਿੱਤੀ ਗਈ ਹੈ।

ਇਸ ਸੰਬੰਧੀ ਜਾਂਚ ਅਧਿਕਾਰੀ ਨੇ ਕਿਹਾ ਕਿ ਉਹਨਾਂ ਵਲੋਂ ਮੌਕੇ ਤੇ ਜਾਣਕਾਰੀ ਇਕੱਠੀ ਕਰਕੇ ਦੁਕਾਨ ਦੇ ਮਾਲਿਕ ਵਿਵੇਕ ਕੁਮਾਰ ਦੇ ਬਿਆਨਾਂ ਦੇ ਅਧਾਰ ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਸੀ ਸੀ ਟੀ ਵੀ ਫੁਟੇਜ ਦੀ ਚੈਕਿੰਗ ਤੋਂ ਬਾਅਦ ਬਣਦੀ ਕਾਰਵਾਈ ਕਰਦਿਆਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Continue Reading

Latest News

Trending