Mohali
ਮੁਹਾਲੀ ਦੇ ਡੰਪਿਗ ਮੈਦਾਨ ਵਿੱਚ ਕੂੜਾ ਸੁੱਟਣ ਤੇ ਲੱਗੀ ਰੋਕ ਦਾ ਮਾਮਲਾ ਭਖਿਆ

ਡਿਪਟੀ ਮੇਅਰ ਕੁਲਜੀਤ ਸਿੋੰਘ ਬੇਦੀ ਵਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੂੜੇ ਦੇ ਪ੍ਰਬੰਧ ਲਈ ਐਮਰਜੈਂਸੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ
ਦੋ ਦਿਨਾਂ ਦੇ ਅੰਦਰ ਮਸਲਾ ਨਾ ਹੱਲ ਹੋਣ ਤੇ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਅਧਿਕਾਰੀਆਂ ਖਿਲਾਫ ਧਰਨਾ ਦੇਣ ਦੀ ਚਿਤਾਵਨੀ
ਐਸ.ਏ.ਐਸ. ਨਗਰ, 19 ਜੂਨ (ਸ.ਬ.) ਮੁਹਾਲੀ ਦੇ ਡੰਪਿਗ ਮੈਦਾਨ ਵਿੱਚ ਕੂੜਾ ਸੁੱਟੇ ਜਾਣ ਤੋਂ ਬਾਅਦ ਜਿੱਥੇ ਕੂੜੇ ਦੀ ਸਾਂਭ ਸੰਭਾਲ ਦਾ ਕੰਮ ਰੁਕ ਜਾਣ ਕਾਰਨ ਸ਼ਹਿਰ ਵਿੱਚ ਇਕੱਤਰ ਹੋਣ ਵਾਲਾ ਕੂੜਾ ਟਰਾਲੀਆਂ ਵਿੱਚ ਹੀ ਇਕੱਠਾ ਹੋਣ ਲੱਗ ਗਿਆ ਹੈ ਉੱਥੇ ਇਸ ਮੁੱਦੇ ਤੇ ਸਿਆਸਤ ਵੀ ਭਖਣ ਲੱਗ ਗਈ ਹੈ। ਮੁਹਾਲੀ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਕੂੜੇ ਦੇ ਪ੍ਰਬੰਧ ਦਾ ਉਪਰਾਲਾ ਨਾ ਕੀਤਾ ਗਿਆ ਤਾਂ ਉਹ ਇਹਨਾਂ ਵਿਭਾਗਾਂ ਦੇ ਖਿਲਾਫ ਧਰਨਾ ਦੇਣਗੇ। ਇਸ ਮਾਮਲੇ ਵਿੱਚ ਡਿਪਟੀ ਮੇਅਰ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਇੱਕ ਪੱਤਰ ਲਿਖ ਕੇ ਇਸ ਸਬੰਧੀ ਐਮਰਜੈਂਸੀ ਮੀਟਿੰਗ ਸੱਦਣ ਦੀ ਬੇਨਤੀ ਵੀ ਕੀਤੀ ਹੈ ਤਾਂ ਜੋ ਮੁਹਾਲੀ ਵਿੱਚ ਇਕੱਠੇ ਹੋ ਰਹੇ ਕੂੜੇ ਦੇ ਨਿਪਟਾਰੇ ਦਾ ਮਸਲਾ ਹੱਲ ਹੋ ਸਕੇ।
ਇਸ ਦੌਰਾਨ ਸ਼ਹਿਰ ਵਿੱਚੋਂ ਨਿਕਲਦੇ ਕੂੜੇ ਦੀ ਨਿਕਾਸੀ ਨਾ ਹੋਣ ਕਾਰਨ ਸਫਾਈ ਸੇਵਕਾਂ ਵਲੋਂ ਸਥਾਨਕ ਫੇਜ਼ 8 ਵਿੱਚ (ਕਿਸਾਨ ਮੰਡੀ ਲੱਗਣ ਵਾਲੀ ਥਾਂ ਤੇ) ਸਫਾਈ ਸੇਵਕਾਂ ਨੇ ਕੂੜੇ ਦੀਆਂ ਟਰਾਲੀਆਂ ਖੜੀਆਂ ਕਰ ਦਿੱਤੀਆਂ ਹਨ। ਇਹਨਾਂ ਟ੍ਰਾਲੀਆਂ ਵਾਲੀ ਥਾਂ ਤੇ ਪੁੱਜੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜਿਹੀਆਂ ਕਈ ਟਰਾਲੀਆਂ ਸ਼ਹਿਰ ਵਿੱਚ ਕੂੜੇ ਨਾਲ ਭਰੀਆਂ ਖੜੀਆਂ ਹਨ ਅਤੇ ਇਸ ਕੂੜੇ ਨੂੰ ਡੰਪਿੰਗ ਗਰਾਊਂਡ ਵਿੱਚ ਨਹੀਂ ਸੁੱਟਣ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਨਾ ਕੀਤੇ ਜਾਣ (ਸੈਗਰੀਗੇਸ਼ਨ) ਕਾਰਨ ਗਾਈਡਲਾਈਨਾਂ ਦੀ ਉਲੰਘਣਾ ਦੇ ਚਲਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕਰਵਾਇਆ ਗਿਆ ਹੈ। ਸz. ਬੇਦੀ ਨੇ ਕਿਹਾ ਕਿ ਜੇਕਰ ਇਸ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕਰਵਾਉਣਾ ਸੀ ਤਾਂ ਇਸ ਤੋਂ ਪਹਿਲਾਂ ਇਸਦਾ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸz. ਬੇਦੀ ਨੇ ਕਿਹਾ ਅਸਲ ਗੱਲ ਇਹ ਹੈ ਕਿ ਪ੍ਰਸ਼ਾਸਨਿਕ ਅਮਲਾ ਆਪਣੀ ਜਿੰਮੇਵਾਰੀ ਤੋਂ ਭੱਜਦਾ ਰਿਹਾ ਹੈ ਅਤੇ ਇਸ ਨਿੱਕੀ ਸਮੱਸਿਆ ਨੂੰ ਬਹੁਤ ਵੱਡੀ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਦੀਆਂ ਅਣਗਹਿਲੀਆਂ ਦੀ ਸਜਾ ਸ਼ਹਿਰ ਵਾਸੀਆਂ ਨੂੰ ਭੁਗਤਣੀ ਪੈ ਰਹੀ ਹੈ ਅਤੇ ਸ਼ਹਿਰ ਵਿੱਚ ਇਕੱਠੇ ਹੁੰਦੇ ਕੂੜੇ (ਜੋ ਤੇਜ ਗਰਮੀ ਅਤੇ ਬਰਸਾਤਾਂ ਦੇ ਆਉਂਦੇ ਮੌਸਮ ਦੌਰਾਨ ਸੜਣਾ ਸ਼ੁਰੂ ਹੋ ਜਾਂਣਾ ਹੈ) ਕਾਰਨ ਸ਼ਹਿਰ ਤੇ ਬਿਮਾਰੀਆਂ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ ਪਰੰਤੂ ਅਧਿਕਾਰੀ ਬੇਬੁਨਿਆਦ ਦਲੀਲਾਂ ਦੇ ਕੇ ਮਾਮਲੇ ਤੋਂ ਹੱਥ ਝਾੜਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਿਹਾ ਕਿ ਗਮਾਡਾ ਵੱਲੋਂ ਸਮੇਂ ਸਿਰ ਆਪਣੇ ਨਵੇਂ ਸੈਕਟਰਾਂ ਅਤੇ ਪ੍ਰਾਈਵੇਟ ਕਲੋਨੀਆਂ ਦੇ ਕੂੜੇ ਤੇ ਰੱਖ ਰਖਾਓ ਲਈ ਥਾਂ ਅਤੇ ਮਸ਼ੀਨਰੀ ਦਿੱਤੀ ਜਾਣੀ ਚਾਹੀਦੀ ਸੀ, ਜੋ ਕਿ ਨਹੀਂ ਦਿੱਤੀ ਗਈ। ਇਸਦੇ ਨਾਲ ਹੀ ਹਰੇ ਕੂੜੇ (ਦਰਖਤਾਂ ਦੇ ਪੱਤੇ ਅਤੇ ਪਰੂਨਿੰਗ ਕਾਰਨ ਪੈਦਾ ਹੋਇਆ ਹਰਾ ਕੂੜਾ ਅਤੇ ਨਾਲ ਘਰਾਂ ਦੇ ਕਿਚਨ ਗਾਰਡਨ ਦੇ ਬੂਟਿਆਂ ਤੇ ਦਰਖਤਾਂ ਦਾ ਹਰਾ ਕੂੜਾ ਸ਼ਾਮਿਲ ਹੈ) ਦੇ ਰੱਖ ਰਖਾਓ ਅਤੇ ਪ੍ਰਬੰਧ ਵਾਸਤੇ ਵੀ ਕੋਈ ਕਾਰਵਾਈ ਨਈਂ ਕੀਤੀ ਗਈ।
ਉਹਨਾਂ ਕਿਹਾ ਕਿ ਉਹਨਾਂ ਵਲੋਂ ਜਨਹਿਤ ਦੇ ਮੁੱਦੇ ਚੁੱਕਣ ਅਤੇ ਪਿਛਲੇ ਦਿਨੀ ਸਫਾਈ ਵਿਵਸਥਾ ਦੀ ਬਦਹਾਲੀ ਸੰਬੰਧੀ ਕਮਿਸ਼ਨਰ ਨੂੰ ਲਿਖੇ ਪੱਤਰ ਬਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ, ਉਹਨਾਂ ਦੇ ਵਿਰੁੱਧ ਬੋਲ ਰਹੇ ਹਨ, ਉਹਨਾਂ ਨੂੰ ਉਹ ਖੁੱਲਾ ਸੱਦਾ ਦਿੰਦੇ ਹਨ ਕਿ ਉਹ ਅੱਗੇ ਹੋ ਕੇ ਆਪਣੇ ਵਿਧਾਇਕ ਰਾਹੀਂ ਇਹ ਕੰਮ ਕਰਵਾਉਣ ਅਤੇ ਉਹ ਡਿਪਟੀ ਮੇਅਰ ਹੋਣ ਦੇ ਨਾਤੇ ਇਸ ਦੀ ਸ਼ਲਾਘਾ ਕਰਨਗੇ।
ਸz. ਬੇਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜਿਹੜੀ ਦਿੱਲੀ ਵਿੱਚ ਪਾਣੀ ਲਈ ਤਰਾਹੀ ਤਰਾਹੀ ਕਰ ਰਹੇ ਲੋਕਾਂ ਦੇ ਮਸਲੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੀ ਹੈ ਦੱਸੇ ਕਿ ਮੁਹਾਲੀ ਵਿੱਚ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਨਾ ਕਰਨ ਵਿੱਚ ਉਸਦੀ ਜਿੰਮੇਵਾਰੀ ਕਿਉਂ ਨਾ ਤੈਅ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਗਮਾਡਾ ਦੇ ਚੇਅਰਮੈਨ ਹਨ ਅਤੇ ਗਮਾਡਾ ਵੱਲੋਂ ਕੂੜੇ ਦੇ ਪ੍ਰਬੰਧ ਲਈ ਡੱਕਾ ਵੀ ਨਹੀਂ ਤੋੜਿਆ ਜਾ ਰਿਹਾ ਅਤੇ ਇਸ ਮਸਲੇ ਨੂੰ ਲਗਾਤਾਰ ਲਮਕਾਇਆ ਗਿਆ ਹੈ ਜਿਸ ਕਾਰਨ ਅੱਜ ਇਹ ਹਾਲਾਤ ਬਣ ਗਏ ਹਨ।
ਡਿਪਟੀ ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਰਹੇ ਹਨ ਅਤੇ ਸਫਾਈ ਕਰਮਚਾਰੀਆਂ ਨੂੰ ਕੂੜੇ ਨਾਲ ਭਰੀਆਂ ਟਰਾਲੀਆਂ ਫੇਜ਼ ਅੱਠ ਵਿੱਚ ਖੜੀਆਂ ਕਰਨੀਆਂ ਪਈਆਂ ਹਨ। ਉਹਨਾਂ ਕਿਹਾ ਕਿ ਹੁਣ ਸਫਾਈ ਕਰਮਚਾਰੀ ਵੀ ਪੂਰੀ ਤਰ੍ਹਾਂ ਮਜਬੂਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਦੋ ਦਿਨਾਂ ਦੇ ਅੰਦਰ ਇਸ ਮਸਲੇ ਦਾ ਨਿਪਟਾਰਾ ਨਾ ਹੋਇਆ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ ਧਰਨਾ ਦੇਣਗੇ ਜਿਸ ਦੀ ਸਾਰੀ ਜਿੰਮੇਵਾਰੀ ਜਿਲਾ ਪ੍ਰਸ਼ਾਸਨ ਦੀ ਹੋਵੇਗੀ।
Mohali
ਅਦਾਲਤ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਕੋਲੋਂ ਹੈਰੋਇਨ ਅਤੇ ਅਸਲੇ ਦੀ ਬਰਾਮਦਗੀ ਸਾਬਿਤ ਨਹੀਂ ਕਰ ਪਾਈ ਪੁਲੀਸ

ਅਦਾਲਤ ਨੇ ਦਿਲਪ੍ਰੀਤ ਬਾਬਾ, ਦੋ ਸਕੀਆਂ ਭੈਣਾਂ ਸਮੇਤ 4 ਹੋਰਨਾਂ ਨੂੰ ਕੀਤਾ ਬਰੀ
ਐਸ. ਏ. ਐਸ. ਨਗਰ, 25 ਮਾਰਚ (ਪਰਵਿੰਦਰ ਕੌਰ ਜੱਸੀ) ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਬਾਕੀ 4 ਸਾਥੀਆਂ ਨੂੰ ਹੈਰੋਇਨ ਦੀ ਤਸਕਰੀ ਕਰਨ ਅਤੇ ਉਨਾਂ ਕੋਲੋਂ ਨਜਾਇਜ ਅਸਲਾ ਬਰਾਮਦ ਹੋਣ ਦੇ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਗੈਂਗਸਟਰ ਦਿਲਪ੍ਰੀਤ ਬਾਬਾ, ਹਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ (ਦੋਵੇਂ ਭੈਣਾਂ), ਵਿਪਨ ਕੁਮਾਰ ਅਤੇ ਅਰੁਣ ਕੁਮਾਰ ਉਰਫ ਸਨੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।
ਪੰਜਾਬ ਪੁਲੀਸ ਦਾ ਐਸ. ਐਸ. ਓ. ਸੀ ਵਿੰਗ ਉਕਤ ਮੁਲਜਮਾਂ ਕੋਲੋਂ ਬਰਾਮਦ ਹੈਰੋਇਨ ਅਤੇ ਨਜਾਇਜ ਅਸਲੇ ਸਬੰਧੀ ਅਦਾਲਤ ਵਿੱਚ ਇਹ ਸਾਬਤ ਹੀ ਨਹੀਂ ਕਰ ਪਾਇਆ ਕਿ ਉਕਤ 1 ਕਿਲੋ ਹੈਰੋਇਨ ਅਤੇ ਨਾਜਾਇਜ ਅਸਲਾ ਉਨਾਂ ਕੋਲੋਂ ਬਰਾਮਦ ਹੋਇਆ ਹੈ। ਅਦਾਲਤ ਦੇ ਇਸ ਫੈਸਲੇ ਕਾਰਨ ਪੰਜਾਬ ਪੁਲੀਸ ਦੀ ਜਿਥੇ ਕਿਰਕਿਰੀ ਹੋਈ, ਉਥੇ ਹੀ ਪੁਲੀਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਵੀ ਲੱਗੇ ਹਨ।
ਪੁਲੀਸ ਦੀ ਕਹਾਣੀ ਮੁਤਾਬਕ ਐਸ. ਐਸ. ਓ. ਸੀ ਵਲੋਂ ਆਪਣੀ ਚਾਰਜਸ਼ੀਟ ਵਿੱਚ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸੈਕਟਰ-43 ਚੰਡੀਗੜ੍ਹ ਬੱਸ ਸਟੈਂਡ ਦੇ ਕੋਲ ਝੜਪ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀ ਗ੍ਰਿਫਤਾਰੀ ਕੀਤੀ ਗਈ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਬਾਬੇ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਦੋ ਔਰਤਾਂ ਹਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਰੂਬੀ (ਜੋ ਆਪਸ ਵਿਚ ਭੈਣਾਂ ਹਨ), ਉਨਾਂ ਦੇ ਕੋਲ ਦਿਲਪ੍ਰੀਤ ਬਾਬਾ ਅਕਸਰ ਆਉਂਦਾ ਜਾਂਦਾ ਸੀ। ਪੁਲੀਸ ਅਨੁਸਾਰ ਦਿਲਪ੍ਰੀਤ ਬਾਬਾ ਉਕਤ ਦੋਵਾਂ ਭੈਣਾਂ ਦੇ ਕੋਲ ਹੈਰੋਇਨ ਅਤੇ ਨਾਜਾਇਜ ਅਸਲਾ ਰਖਦਾ ਸੀ ਅਤੇ ਉਥੋਂ ਹੀ ਆਪਣਾ ਨਜਾਇਜ ਕਾਰੋਬਾਰ ਚਲਾਉਂਦਾ ਸੀ।
ਪੁਲੀਸ ਵਲੋਂ ਰੁਪਿੰਦਰ ਕੌਰ ਦੇ ਚੰਡੀਗੜ੍ਹ ਵਿਚਲੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਪ੍ਰੰਤੂ ਉਹ ਨਹੀਂ ਮਿਲੀ। ਪੁਲੀਸ ਨੇ ਸੂਚਨਾ ਮਿਲਣ ਤੇ ਰੁਪਿੰਦਰ ਕੌਰ ਨੂੰ ਮੁਹਾਲੀ ਤੋਂ ਹਿਰਾਸਤ ਵਿਚ ਲਿਆ ਅਤੇ ਉਸ ਦੀ ਪੁੱਛਗਿੱਛ ਤੋਂ ਬਾਅਦ ਪੁਲੀਸ ਰੁਪਿੰਦਰ ਕੌਰ ਨੂੰ ਆਪਣੇ ਨਾਲ ਲੈ ਕੇ ਉਸ ਦੀ ਭੈਣ ਹਰਪ੍ਰੀਤ ਕੌਰ ਦੇ ਘਰ ਨਵਾਂ ਸ਼ਹਿਰ ਜਿਲੇ ਵਿੱਚ ਪਹੁੰਚੀ, ਜਿਥੇ ਉਨਾਂ ਦੇ ਘਰ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਹੋਈ ਦੱਸੀ ਗਈ। ਪੁਲੀਸ ਨੇ ਹਰਪ੍ਰੀਤ ਕੌਰ ਦੀ ਪੁੱਛਗਿੱਛ ਕੀਤੀ ਅਤੇ ਘਰ ਵਿੱਚ ਮੌਜੂਦ ਗੱਦੇ ਦੇ ਹੇਠਾਂ ਤੋਂ 1 ਪਿਸਟਲ 30 ਬੋਰ, 40 ਜਿੰਦਾ ਕਾਰਤੂਸ ਅਤੇ ਇਕ 12 ਬੋਰ ਦੀ ਰਾਈਫਲ ਪੰਪ ਐਕਸ਼ਨ ਬਰਾਮਦ ਹੋਏ ਦਿਖਾਏ ਗਏ।
ਪੁਲੀਸ ਦੀ ਕਹਾਣੀ ਮੁਤਾਬਕ ਦੋਵਾਂ ਭੈਣਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ, ਜਿਨਾਂ ਪੁਲੀਸ ਨੂੰ ਦੱਸਿਆ ਕਿ ਅਰੁਣ ਕੁਮਾਰ ਉਰਫ ਸਨੀ ਵਾਸੀ ਜਿਲਾ ਰੂਪਨਗਰ ਨਾਂ ਦਾ ਵਿਅਕਤੀ ਦਿਲਪ੍ਰੀਤ ਬਾਬਾ ਅਤੇ ਉਸ ਦੇ ਬਾਕੀ ਸਾਥੀਆਂ ਦੀ ਮੱਦਦ ਕਰਦਾ ਹੈ। ਪੁਲੀਸ ਨੇ ਅਰੁਣ ਕੁਮਾਰ ਸਨੀ ਨੂੰ ਗ੍ਰਿਫਤਾਰ ਕੀਤਾ ਅਤੇ ਸਨੀ ਨੇ ਪੁਲੀਸ ਨੂੰ ਦੱਸਿਆ ਕਿ ਵਿਪਨ ਕੁਮਾਰ ਵਾਸੀ ਸੋਲਨ ਨਾਂ ਦਾ ਵਿਅਕਤੀ ਦਿਲਪ੍ਰੀਤ ਬਾਬਾ ਦੇ ਠਹਿਰਨ ਦਾ ਪ੍ਰਬੰਧ ਕਰਦਾ ਹੈ। ਇਸ ਤੋਂ ਇਲਾਵਾ ਵਿਪਨ ਬੱਦੀ ਨਾਲਾਗੜ੍ਹ ਵਿਖੇ ਬਹੁਤ ਸਾਰੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਦਿਲਪ੍ਰੀਤ ਬਾਬਾ ਨੂੰ ਦਿੰਦਾ ਹੈ। ਜਿਹੜੇ ਲੋਕ ਪੈਸੇ ਨਹੀਂ ਦਿੰਦੇ ਉਨਾਂ ਨੂੰ ਦਿਲਪ੍ਰੀਤ ਬਾਬਾ ਤੋਂ ਧਮਕੀ ਭਰਿਆ ਫੋਨ ਕਰਵਾ ਕੇ ਉਨਾਂ ਲੋਕਾਂ ਦੀ ਪ੍ਰੋਟੈਕਸ਼ਨ ਮਨੀ ਦੇ ਰੂਪ ਵਿਚ ਪੈਸੇ ਹਾਸਲ ਕਰਦਾ ਹੈ।
ਪੁਲੀਸ ਦੀ ਕਹਾਣੀ ਮੁਤਾਬਕ ਉਨਾਂ ਇਸ ਮਾਮਲੇ ਵਿੱਚ ਜੁਲਾਈ 2018 ਨੂੰ ਵਿਪਨ ਕੁਮਾਰ ਨੂੰ ਤਫਤੀਸ਼ ਵਿਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਅਤੇ ਪੁਲੀਸ ਵਲੋਂ ਵਿਪਨ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦਿਖਾਇਆ ਗਿਆ। ਐਸ.ਐਸ.ਓ.ਸੀ ਵਲੋਂ ਫੇਜ਼ 1 ਮੁਹਾਲੀ ਵਿਚਲੇ ਥਾਣੇ ਵਿਚ ਦਿਲਪ੍ਰੀਤ ਬਾਬਾ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਅਰੁਣ ਕੁਮਾਰ ਸਨੀ ਅਤੇ ਵਿਪਨ ਕੁਮਾਰ ਵਿਰੁਧ ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ, ਧਾਰਾ 212, 216 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
Mohali
ਚੀਮਾ ਹਸਪਤਾਲ ਦੇ ਡਾਇਰੈਕਟਰ ਅਤੇ ਪਰਿਵਾਰ ਖਿਲਾਫ ਸਿਟੀ ਸਕੈਨ ਮਸ਼ੀਨ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਦਰਜ

ਐਸ ਏ ਐਸ ਨਗਰ, 25 ਮਾਰਚ (ਪਰਵਿੰਦਰ ਕੌਰ ਜੱਸੀ) ਥਾਣਾ ਫੇਜ਼ 1 ਦੀ ਪੁਲੀਸ ਵਲੋਂ ਮੁਹਾਲੀ ਵਿਚਲੇ ਫੇਜ਼ 4 ਦੇ ਚੀਮਾ ਹਸਪਤਾਲ ਦੇ ਨਵੇਂ ਡਾਇਰੈਕਟਰ ਅਤੇ ਉਸ ਦੇ ਪਰਿਵਾਰ ਵਿਰੁਧ ਹਸਪਤਾਲ ਵਿੱਚੋਂ ਸਿਟੀ ਸਕੈਨ ਮਸ਼ੀਨ ਦੇ ਪੁਰਜੇ ਚੋਰੀ ਕਰਨ ਦੇ ਦੋਸ਼ ਵਿੱਚ ਧਾਰਾ 324(4), 305 ਅਤੇ 61(2) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਐਫ. ਆਈ. ਆਰ ਦਰਜ ਕੀਤੀ ਗਈ ਹੈ, ਉਨ੍ਹਾਂ ਦੀ ਪਛਾਣ ਸੁਨੀਲ ਕੁਮਾਰ ਅਗਰਵਾਲ, ਉਸ ਦੀ ਪਤਨੀ ਸ਼ਸ਼ੀ ਅਗਰਵਾਲ ਅਤੇ ਗੌਰਵ ਅਗਰਵਾਲ ਵਜੋਂ ਹੋਈ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਅਨੂ ਸੰਦੀਪ ਬਰਮੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਚੀਮਾ ਹਸਪਤਾਲ ਵਿਚ ਸਾਲ 2019 ਵਿੱਚ ਸਿਟੀ ਸਕੈਨ ਮਸ਼ੀਨ ਕੰਟਰੈਕਟ ਤੇ ਲਗਾਈ ਹੋਈ ਸੀ। ਜਿਸ ਦਾ ਕੰਟਰੈਕਟ ਉਸ ਦੀ ਕੰਪਨੀ ਏ.ਬੀ ਡਾਇਗਨੋਸਟਿਕਸ ਦੇ ਨਾਲ ਸੀ। ਉਸ ਨੂੰ ਪਤਾ ਚੱਲਿਆ ਕਿ ਉਸ ਵਲੋਂ ਚੀਮਾ ਹਸਪਤਾਲ ਵਿਚ ਲਗਾਈ ਗਈ ਮਸ਼ੀਨ ਦੇ ਮੇਜਰ ਪਾਰਟਸ (ਐਕਸ ਰੇ ਕੰਨਟ੍ਰੋਲਰ, ਸਟੈਪ ਡਾਊਨ, ਯੂ.ਪੀ.ਐਸ, ਕੰਨਸੋਲ, ਪ੍ਰੀਟਰ, ਵਰਕ ਸਟੇਸ਼ਨ ਸਰਵੋ ਸਟੈਪਲਾਈਜਰ, ਕੰਪਿਊਟਰ ਆਦਿ) ਕੰਪਨੀ ਦੇ ਡਾਇਰੈਕਟਰ ਸੁਨੀਲ ਕੁਮਾਰ ਅਗਰਵਾਲ ਨੇ ਉਸ ਦੀ ਮਰਜੀ ਅਤੇ ਜਾਣਕਾਰੀ ਤੋਂ ਬਿਨਾਂ ਕਮਰੇ ਵਿਚ ਦਾਖਲ ਹੋ ਕੇ ਚੋਰੀ ਕਰ ਲਏ ਹਨ ਅਤੇ ਕਮਰੇ ਨੂੰ ਤਾਲਾ ਵੀ ਲਗਾ ਦਿੱਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਸਮਾਨ ਦੀ ਕੀਮਤ 25 ਤੋਂ 30 ਲੱਖ ਰੁਪਏ ਦੇ ਕਰੀਬ ਹੈ।
ਐਸ. ਐਸ. ਪੀ ਵਲੋਂ ਇਸ ਮਾਮਲੇ ਦੀ ਪੜਤਾਲ ਇਕ ਸੀਨੀਅਰ ਅਫਸਰ ਨੂੰ ਸੌਂਪੀ ਗਈ, ਜਿਨ੍ਹਾਂ ਥਾਣਾ ਫੇਜ਼ 1 ਦੇ ਮੁਖੀ ਨੂੰ ਦੋਹਾਂ ਧਿਰਾਂ ਦੇ ਦੇ ਬਿਆਨ ਕਲਮਬੱਧ ਕਰਕੇ ਰਿਪੋਰਟ ਬਣਾਉਣ ਦੇ ਹੁਕਮ ਦਿੱਤੇ। ਪੁਲੀਸ ਨੇ ਦੋਹਾਂ ਧਿਰਾਂ ਨੂੰ ਬੁਲਾ ਕੇ ਆਪਣਾ ਆਪਣਾ ਪੱਖ ਰੱਖਣ ਨੂੰ ਕਿਹਾ। ਪੁਲੀਸ ਮੁਤਾਬਕ ਸੁਨੀਲ ਕੁਮਾਰ ਅਗਰਵਾਲ ਹਸਪਤਾਲ ਵਿੱਚੋਂ ਚੋਰੀ ਹੋਏ ਸਮਾਨ ਬਾਰੇ ਤਸੱਲੀਬਖਸ਼ ਕੋਈ ਜਵਾਬ ਪੇਸ਼ ਨਹੀਂ ਕਰ ਸਕਿਆ, ਜਿਸ ਕਾਰਨ ਪੁਲੀਸ ਨੇ ਹਸਪਤਾਲ ਵਿੱਚੋਂ ਸਮਾਨ ਆਦੀ ਕੱਢ ਕੇ ਅਮਾਨਤ ਵਿਚ ਖਿਆਨਤ ਕਰਨ ਵਾਲੇ ਸੁਨੀਲ ਕੁਮਾਰ ਅਗਰਵਾਲ ਸਮੇਤ 3 ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਥਾਣਾ ਫੇਜ਼ 1 ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ, ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮੁਲਜਮਾਂ ਨੂੰ ਨੋਟਿਸ ਭੇਜਿਆ ਗਿਆ ਹੈ।
Mohali
ਮੁਹਾਲੀ ਹਲਕੇ ਨਾਲ ਸਬੰਧਿਤ ਸਿਹਤ ਸਹੂਲਤਾਂ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨਸਭਾ ਵਿੱਚ ਚੁੱਕੀ ਮੰਗ, ਸਿਹਤ ਮੰਤਰੀ ਨੂੰ ਕੀਤੇ ਸਵਾਲ

ਸੈਕਟਰ 69, ਸਨੇਟਾ ਅਤੇ ਸੈਕਟਰ -79 ਵਿਚਲੀਆਂ ਡਿਸਪੈਂਸਰੀਆਂ ਵਿੱਚ ਆਖਿਰ ਕਦੋਂ ਸ਼ੁਰੂ ਹੋਣਗੀਆਂ ਸਿਹਤ ਸਹੂਲਤਾਂ
ਐਸ ਏ ਐਸ ਨਗਰ, 25 ਮਾਰਚ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਸz. ਕੁਲਵੰਤ ਸਿੰਘ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਮੁਹਾਲੀ ਹਲਕੇ ਨਾਲ ਸੰਬੰਧਿਤ ਸਿਹਤ ਸਹੂਲਤਾਂ ਸਬੰਧੀ ਮੁੱਦਾ ਚੁੱਕਦਿਆਂ ਸੈਕਟਰ- 69 ਅਤੇ ਪਿੰਡ ਸਨੇਟਾਂ ਦੀਆਂ ਡਿਸਪੈਂਸਰੀਆਂ ਵਿੱਚ ਲੋੜੀਂਦਾ ਅਮਲਾ ਤਾਇਨਾਤ ਕਰਨ ਦੀ ਮੰਗ ਉਠਾਈ। ਵਿਧਾਨ ਸਭਾ ਸੈਸ਼ਨ ਵਿੱਚ ਆਪਣਾ ਸਵਾਲ ਰੱਖਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਬਲਵੀਰ ਸਿੰਘ ਤੋਂ ਪੁੱਛਿਆ ਕਿ ਸੈਕਟਰ- 69 ਅਤੇ ਇਸ ਦੇ ਨਾਲ ਲੱਗਦੇ ਪਿੰਡ ਸਨੇਟਾ ਵਿਖੇ ਡਿਸਪੈਂਸਰੀਆ ਲਈ ਉਸਾਰੀਆਂ ਗਈਆਂ ਨਵੀਆਂ ਇਮਾਰਤਾਂ ਦੇ ਵਿੱਚ ਲੋੜੀਂਦਾ ਸਿਹਤ ਅਮਲਾ ਕਦੋਂ ਤੱਕ ਤਾਇਨਾਤ ਕਰਕੇ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਹਨਾਂ ਇਹ ਵੀ ਸਵਾਲ ਕੀਤਾ ਕਿ ਸੈਕਟਰ- 79 ਵਿਖੇ ਉਸਾਰੀ ਅਧੀਨ ਡਿਸਪੈਂਸਰੀ ਦੀ ਇਮਾਰਤ ਦਾ ਕੰਮ ਆਖਿਰ ਕਦੋਂ ਤੱਕ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਸਵਾਲ ਕੀਤਾ ਕਿ ਸੈਕਟਰ -79 ਵਿਚਲੀ ਡਿਸਪੈਂਸਰੀ ਦਾ ਕੰਮ 2021 ਵਿੱਚ ਸ਼ੁਰੂ ਹੋਇਆ ਸੀ, ਜੋ ਕਿ ਸਿਹਤ ਮੰਤਰੀ ਵੱਲੋਂ ਮਿਲੇ ਜਵਾਬ ਦੇ ਅਨੁਸਾਰ 40 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ ਅਤੇ ਸਿਹਤ ਮੰਤਰੀ ਦੱਸਣ ਕਿ ਇਹ ਡਿਸਪੈਂਸਰੀ ਆਖਿਰ ਕਦੋਂ ਤੱਕ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਡਿਸਪੈਂਸਰੀ ਵਿੱਚ ਆਰਜੀ ਸਟਾਫ ਰੱਖ ਕੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਜਦੋਂਕਿ ਸਿਹਤ ਸਹੂਲਤਾਂ ਦੇਣ ਲਈ ਪੱਕੇ ਸਟਾਫ ਦੀ ਜਰੂਰਤ ਹੈ ਅਤੇ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਇੱਥੇ ਪੱਕਾ ਸਟਾਫ ਤਾਇਨਾਤ ਕਰਕੇ ਸਿਹਤ ਸਹੂਲਤਾਂ ਕਦੋਂ ਤੱਕ ਸ਼ੁਰੂ ਹੋ ਸਕਣਗੀਆਂ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਸਨੇਟਾ ਅਤੇ ਸੈਕਟਰ- 69 ਵਿਚਲੀ ਡਿਸਪੈਂਸਰੀਆਂ ਨਾਲ ਸੰਬੰਧਿਤ ਅੱਜ ਸਟਾਫ ਪਹੁੰਚ ਚੁੱਕਾ ਹੈ ਅਤੇ ਕੰਮ ਸ਼ੁਰੂ ਹੋ ਗਿਆ ਹੈ। ਇਸਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਦੇ ਅਮਲੇ ਫੈਲੇ ਵੱਲੋਂ ਇਸ ਸਬੰਧੀ ਉਹਨਾਂ ਨੂੰ ਸਹੀ ਜਾਣਕਾਰੀ ਉਪਲਬਧ ਨਹੀਂ ਕਰਵਾਈ ਗਈ ਹੈ ਕਿਉਂਕਿ ਅੱਜ ਸਵੇਰੇ 9 ਵਜੇ ਤੱਕ ਸਿਹਤ ਵਿਭਾਗ ਦਾ ਕੋਈ ਵੀ ਸਟਾਫ ਅਤੇ ਨੁਮਾਇੰਦਾ ਇਹਨਾਂ ਡਿਸਪੈਂਸਰੀਆਂ ਵਿੱਚ ਨਹੀਂ ਪੁੱਜਾ ਸੀ। ਇਸਤੇ ਸਿਹਤ ਮੰਤਰੀ ਨੇ ਕਿਹਾ ਕਿ ਹੋ ਸਕਦਾ ਥੋੜਾ ਬਹੁਤ ਲੇਟ ਹੋ ਗਏ ਹੋਣ, ਪਰ ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਇਹਨਾਂ ਡਿਸਪੈਂਸਰੀਆਂ ਵਿੱਚ ਪਹੁੰਚੇ ਸਟਾਫ ਦੇ ਨਾਮ ਵੀ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਪੜ੍ਹ ਕੇ ਸੁਣਾਏ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ- 69, ਸਨੇਟਾ ਅਤੇ ਸੈਕਟਰ-79 ਵਿਚਲੀਆਂ ਡਿਸਪੈਂਸਰੀਆਂ ਦਾ ਵਿੱਚ ਸਿਹਤ ਸਹੂਲਤਾਂ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਲਈ ਭਰੋਸਾ ਦਵਾਇਆ ਜਾਵੇ ਕਿ ਇਹ ਕਦੋਂ ਤੱਕ ਸ਼ੁਰੂ ਹੋ ਜਾਵੇਗਾ।
-
International2 months ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Editorial1 month ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
National2 months ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
National2 months ago
ਡਿਪੋਰਟ ਕੀਤੇ 200 ਭਾਰਤੀਆਂ ਵਾਲਾ ਅਮਰੀਕੀ ਜਹਾਜ਼ ਭਲਕੇ ਸਵੇਰੇ ਅੰਮ੍ਰਿਤਸਰ ਵਿੱਚ ਉਤਰੇਗਾ
-
Punjab2 months ago
ਪਿੰਡ ਜੰਗਪੁਰਾ ਵਾਸੀਆਂ ਵਲੋਂ ਦਸ਼ਮੇਸ਼ ਨਹਿਰ ਦਾ ਵਿਰੋਧ
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ