Connect with us

Editorial

ਕੀ ਕਿਸਾਨਾਂ ਦਾ ਕਰਜ਼ਾ ਘਟਾਉਣ ਦੇ ਸਮਰਥ ਹੋਵੇਗਾ ਝੋਨੇ ਦੇ ਸਮਰਥਨ ਮੁੱਲ ਵਿੱਚ ਕੀਤਾ ਵਾਧਾ? ਘਾਟਾ ਪੈਣ ਕਾਰਨ ਖੇਤੀ ਤੋਂ ਦੂਰ ਹੋ ਰਹੇ ਨੇ ਕਿਸਾਨਾਂ ਦੇ ਬੱਚੇ

Published

on

ਕੇਂਦਰ ਸਰਕਾਰ ਵੱਲੋਂ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2024-25 ਲਈ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 117 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਝੋਨੇ ਦਾ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ, ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਝੋਨੇ ਦੇ ਮੁੱਲ ਵਿੱਚ ਕੀਤੇ ਗਏ ਵਾਧੇ ਨਾਲ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ? ਅਤੇ ਕੀ ਇਹ ਵਾਧਾ ਕਿਸਾਨਾਂ ਸਿਰ ਚੜਿਆ ਕਰਜ਼ਾ ਘਟਾ ਸਕੇਗਾ?

ਜਿਥੋਂ ਤੱਕ ਪੰਜਾਬ ਵਿੱਚ ਖੇਤੀਬਾੜੀ ਦਾ ਸਵਾਲ ਹੈ ਤਾਂ ਕਾਫੀ ਸਮੇਂ ਤੋਂ ਇਹ ਕਿੱਤਾ ਘਾਟੇ ਵਿੱਚ ਜਾ ਰਿਹਾ ਹੈ। ਇਸੇ ਕਾਰਨ ਕਿਸਾਨਾਂ ਦੀ ਨਵੀਂ ਪੀੜ੍ਹੀ ਖੇਤੀਬਾੜੀ ਦੇ ਕਿੱਤੇ ਤੋਂ ਦੂਰ ਹੋ ਰਹੀ ਹੈ ਅਤੇ ਸ਼ਹਿਰਾਂ ਵਿੱਚ ਨੌਕਰੀਆਂ ਕਰਨ ਜਾਂ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਖੇਤਾਂ ਦੇ ਜੰਮੇ ਜਾਏ ਹੀ ਖੇਤੀ ਤੋਂ ਦੂਰ ਹੋ ਰਹੇ ਹਨ, ਜਿਸ ਨੂੰ ਪੰਜਾਬ ਦੇ ਭਵਿੱਖ ਲਈ ਸਹੀ ਨਹੀਂ ਕਿਹਾ ਜਾ ਸਕਦਾ।

ਇੱਕ ਪਾਸੇ ਖੇਤੀ ਲਾਗਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦੋਂ ਕਿ ਖੇਤੀ ਆਮਦਨੀ ਘਟ ਰਹੀ ਹੈ। ਕਿਸਾਨ ਕਹਿ ਰਹੇ ਹਨ ਕਿ ਖੇਤੀ ਬਾੜੀ ਵਿਚੋਂ ਉਹਨਾਂ ਨੂੰ ਖਰਚੇ ਵੀ ਨਹੀਂ ਮੁੜਦੇ, ਲਾਭ ਤਾਂ ਕੀ ਹੋਣਾ ਸੀ। ਇਸੇ ਕਾਰਨ ਕਿਸਾਨਾਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਕਰਜ਼ਾ ਲੈਣਾ ਪੈਂਦਾ ਹੈ। ਇੱਕ ਰਿਪੋਰਟ ਅਨੁਸਾਰ ਜਨਵਰੀ 2024 ਤੱਕ ਸਾਰੇ ਦੇਸ਼ ਦਾ ਕਿਸਾਨੀ ਕਰਜ਼ਾ 20.39 ਲੱਖ ਕਰੋੜ ਸੀ। ਦੇਸ਼ ਵਿੱਚ ਹਰੀ ਕ੍ਰਾਂਤੀ ਤੋਂ ਪਹਿਲਾਂ ਕਿਸਾਨਾਂ ਨੂੰ ਖੇਤੀਬਾੜੀ ਲਈ ਕਰਜ਼ੇ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਸੀ। ਘਰੇਲੂ ਜ਼ਰੂਰਤਾਂ ਲਈ ਲੋੜੀਂਦਾ ਥੋੜ੍ਹਾ-ਬਹੁਤਾ ਕਰਜ਼ਾ ਸ਼ਾਹੂਕਾਰਾਂ ਕੋਲੋਂ ਹੀ ਮਿਲ ਜਾਂਦਾ ਸੀ।

ਇਹ ਗੱਲ ਆਮ ਤੌਰ ਤੇ ਆਖੀ ਜਾਂਦੀ ਹੈ ਕਿ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈਂਦੀ, ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਕਿਸਾਨਾਂ ਨੂੰ ਬੈਂਕਾਂ ਰਾਹੀਂ ਕਰਜ਼ਾ ਦੇਣ ਦੀ ਸਹੂਲਤ ਦਿੱਤੀ ਹੋਈ ਹੈ। ਹੁਣ ਬੈਂਕ ਕਿਸਾਨਾਂ ਨੂੰ ਵੱਖ-ਵੱਖ ਖੇਤੀ ਲੋੜਾਂ ਦੀ ਪੂਰਤੀ ਲਈ ਕਰਜ਼ੇ ਦਿੰਦੇ ਹਨ। ਉਹ ਖੇਤੀਬਾੜੀ ਮਸ਼ੀਨਰੀ ਦੀ ਖ਼ਰੀਦ, ਖੇਤੀਬਾੜੀ ਦੇ ਸੰਦਾਂ ਦੀ ਮੁਰੰਮਤ, ਤੇਲ-ਖਾਦ, ਬੀਜਾਂ ਤੇ ਦਵਾਈਆਂ ਦੀ ਖ਼ਰੀਦ, ਜਿਨਸ ਦੀ ਢੋਆ-ਢੁਆਈ ਵਾਸਤੇ ਵਹੀਕਲ ਖਰੀਦਣ ਲਈ ਕਰਜ਼ੇ ਦਿੰਦੇ ਹਨ। ਇਹੀ ਨਹੀਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਜਿਵੇਂ ਡੇਅਰੀ ਫਾਰਮ, ਪੋਲਟਰੀ, ਸੂਰ ਪਾਲਣ ਦੇ ਧੰਦੇ, ਭੇਡਾਂ-ਬੱਕਰੀਆਂ ਪਾਲਣ, ਮੱਛੀ ਫਾਰਮ ਲਈ ਵੀ ਕਰਜ਼ੇ ਮਿਲਦੇ ਹਨ। ਸਬਜ਼ੀਆਂ ਤੇ ਬਾਗ਼ਬਾਨੀ, ਫਾਰੈਸਟਰੀ, ਖਾਦ-ਦਵਾਈਆਂ ਆਦਿ ਦੀਆਂ ਦੁਕਾਨਾਂ ਲਈ, ਰਹਿਨ ਕੀਤੀ ਜ਼ਮੀਨ ਛੁਡਵਾਉਣ, ਟਿਊਬਵੈਲ, ਖੇਤੀਬਾੜੀ ਵਾਲੀ ਜ਼ਮੀਨ ਖ਼ਰੀਦਣ ਲਈ ਵੀ ਬੈਂਕਾਂ ਵੱਲੋਂ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।

ਖੇਤੀ ਮਾਹਿਰ ਕਹਿੰਦੇ ਹਨ ਕਿ ਕਿਸਾਨੀ ਦੇ ਨਾਂ ਤੇ ਲਿਆ ਕਰਜ਼ਾ ਘਰ-ਮਕਾਨ, ਕੋਠੀ, ਕਾਰ, ਬੱਚਿਆਂ ਦੇ ਵਿਆਹ ਜਾਂ ਫਿਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਪਰ ਕਿਸਾਨਾਂ ਦੀ ਹਾਲਤ ਅਜਿਹੀ ਹੈ ਕਿ ਉਹਨਾਂ ਨੇ ਆਪਣੀਆਂ ਨਿੱਜੀ ਲੋੜਾਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਹਨ, ਜਿਸ ਕਾਰਨ ਉਹਨਾਂ ਨੂੰ ਖੇਤੀ ਲਈ ਲਏ ਕਰਜ਼ੇ ਨੂੰ ਬੱਚਿਆਂ ਦੇ ਵਿਆਹਾਂ ਜਾਂ ਹੋਰ ਘਰੇਲੂ ਕੰਮਾਂ ਲਈ ਵਰਤਣਾ ਪੈ ਜਾਂਦਾ ਹੈ। ਜਿਸ ਕਾਰਨ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਂਦੀ ਹੈ। ਜਿਹੜਾ ਕਿਸਾਨ ਇੱਕ ਵਾਰ ਕਰਜ਼ਾ ਲੈ ਲੈਂਦਾ ਹੈ, ਉਹ ਫਿਰ ਪੂਰੀ ਜਿੰਦਗੀ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਵਿੱਚ ਹੀ ਲੱਗਿਆ ਰਹਿ ਜਾਂਦਾ ਹੈ। ਕਈ ਵਾਰ ਕਿਸਾਨਾਂ ਦੀ ਜਿੰਦਗੀ ਤਾਂ ਮੁੱਕ ਜਾਂਦੀ ਹੈ ਪਰ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੁਕਦੀਆਂ। ਇਸੇ ਕਾਰਨ ਕਰਜ਼ੇ ਤੋਂ ਦੁਖੀ ਹੋ ਕੇ ਅਨੇਕਾਂ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਖ਼ਬਰਾਂ ਵੀ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ।

ਕੁੱਝ ਸਿਆਸੀ ਆਗੂ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ ਤਿੰਨ ਰਾਜਾਂ ਅਤੇ ਦਿੱਲੀ ਵਿੱਚ ਅਗਾਮੀ ਚੋਣਾਂ ਦੇ ਮੱਦੇ ਨਜ਼ਰ ਝੋਨੇ ਦੇ ਭਾਅ ਵਿੱਚ ਵਾਧਾ ਕੀਤਾ ਹੈ ਅਤੇ ਇਸ ਮੁੱਦੇ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਿਸਾਨਾਂ ਸਿਰ ਚੜੇ ਕਰਜ਼ੇ ਤੇ ਵੀ ਲੰਬੇ ਸਮੇਂ ਤੋਂ ਸਿਆਸਤ ਹੋ ਰਹੀ ਹੈ, ਪਰ ਕਿਸਾਨਾਂ ਸਿਰ ਚੜੇ ਕਰਜ਼ੇ ਨੂੰ ਉਤਾਰਨ ਵਿੱਚ ਕਿਸੇ ਵੀ ਸਰਕਾਰ ਵੱਲੋਂ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ, ਜਿਸ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸਦੇ ਜਾ ਰਹੇ ਹਨ।

ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਦੇ ਕਰਜ਼ੇ ਘਟਾਉਣ ਵਿੱਚ ਕਿੰਨਾ ਕੁ ਸਹਾਇਕ ਸਾਬਿਤ ਹੁੰਦਾ ਹੈ।

Continue Reading

Editorial

ਲਗਾਤਾਰ ਵੱਧਦੀ ਮਹਿੰਗਾਈ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਖੁਦਰਾ ਬਾਜਾਰ ਤੇ ਲਗਾਮ ਕਸੇ ਸਰਕਾਰ

Published

on

By

 

ਲਗਾਤਾਰ ਵੱਧਦੀ ਮਹਿੰਗਾਈ ਇਸ ਵੇਲੇ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਬਣੀ ਹੋਈ ਹੈ ਅਤੇ ਹਾਲਾਤ ਇਹ ਹਨ ਕਿ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਛੋਟੇ ਵੱਡੇ ਸਾਮਾਨ ਜਿਵੇਂ ਕਿਤਾਬਾਂ, ਦਵਾਈਆਂ, ਕਪੜੇ, ਮਿਠਾਈਆਂ, ਮਕਾਨ ਉਸਾਰੀ ਦਾ ਸਮਾਨ ਸਮੇਤ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਇਹ ਗੱਲ ਹੋਰ ਹੈ ਕਿ ਇਸ ਦੌਰਾਨ ਸਰਕਾਰ ਵਲੋਂ ਸਮੇਂ ਸਮੇਂ ਤੇ ਮਹਿੰਗਾਈ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮਹਿੰਗਾਈ ਲਗਾਤਾਰ ਵੱਧਦੀ ਅਤੇ ਹੋਰ ਵੱਧਦੀ ਜਾ ਰਹੀ ਹੈ ਅਤੇ ਆਮ ਆਦਮੀ ਨੂੰ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਕੋਈ ਰਾਹਤ ਨਹੀਂ ਮਿਲ ਰਹੀ ਅਤੇ ਉਸ ਲਈ ਆਪਣੇ ਜਰੂਰੀ ਖਰਚਿਆਂ ਦੀ ਭਰਪਾਈ ਵੀ ਔਖੀ ਹੋ ਗਈ ਹੈ।

ਪਿਛਲੇ ਸਾਲਾਂ ਦੌਰਾਨ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੀ ਹੋਇਆ ਹੈ ਅਤੇ ਆਮ ਜਨਤਾ ਨੂੰ ਮਹਿੰਗਾਈ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ। ਇਸ ਦੌਰਾਨ ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਇੱਕ ਤਾਂ ਪਿਛਲੇ ਚਾਰ ਪੰਜ ਸਾਲਾਂ ਤੋਂ ਚਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੀ ਆਮਦਨੀ ਪਹਿਲਾਂ ਹੀ ਘੱਟ ਹੋ ਗਈ ਹੈ ਅਤੇ ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਵੀ ਔਖਾ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਕੇਂਦਰ ਸਰਕਾਰ ਵਲੋਂ ਭਾਵੇਂ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਦੇਸ਼ ਦੀ ਮਹਿੰਗਾਈ ਦਰ ਦਾ ਅੰਕੜਾ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਘੱਟ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮਹਿੰਗਾਈ ਦਰ ਵਿਚਲੀ ਇਹ ਕਟੌਤੀ ਸਿਰਫ ਅਕੰੜਿਆਂ ਤਕ ਹੀ ਸੀਮਿਤ ਹੈ ਜਿਹੜੀ ਆਮ ਲੋਕਾਂ ਨੂੰ ਕਿਤੇ ਨਜਰ ਨਹੀਂ ਆਉਂਦੀ। ਵੈਸੇ ਵੀ ਸਰਕਾਰ ਵਲੋਂ ਮਹਿੰਗਾਈ ਤੇ ਕਾਬੂ ਕਰਨ ਲਈ ਜਿਹੜੀ ਕਾਰਵਾਈ ਕੀਤੀ ਵੀ ਜਾਂਦੀ ਹੈ ਉਹ ਵੀ ਵੱਖ ਵੱਖ ਵਸਤੂਆਂ ਦੀਆਂ ਥੋਕ ਕੀਮਤਾਂ ਦੇ ਅੰਕੜੇ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਖੁਦਰਾ ਬਾਜਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਕੀਮਤ ਤੈਅ ਕਰਨ ਲਈ ਸਰਕਾਰ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ। ਇਸ ਦੌਰਾਨ ਜੇਕਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ (ਸਰਕਾਰ ਦੇ ਅੰਕੜਿਆਂ ਅਨੁਸਾਰ) ਕੁੱਝ ਕਮੀ ਆਉਂਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰਾਂ ਵਲੋਂ ਇਹਨਾਂ ਵਸਤੂਆਂ ਦੇ ਦਾਮ ਨਹੀਂ ਘਟਾਏ ਜਾਂਦੇ ਅਤੇ ਖੁਦਰਾ ਬਾਜਾਰ ਦੇ ਦੁਕਾਨਦਾਰ ਥੋਕ ਬਾਜਾਰ ਵਿੱਚ ਕੀਮਤਾਂ ਘਟਣ ਦੇ ਬਾਵਜੂਦ ਭਾਰੀ ਮੁਨਾਫੇ ਦੇ ਲਾਲਚ ਵਿੱਚ ਖੁਦਰਾ ਬਾਜਾਰ ਵਿੱਚ ਕੀਮਤਾਂ ਉੱਚੀਆਂ ਰੱਖ ਕੇ ਮਹਿੰਗਾਈ ਵਿੱਚ ਵਾਧਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ।

ਇਸ ਮੁਨਾਫਾਖੋਰੀ ਵਿੱਚ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹਨ ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਥੋਕ ਬਾਜਾਰ ਵਿੱਚ ਕੀਮਤਾਂ ਵਿੱਚ ਆਈ ਕਮੀ ਕਾਰਨ ਇਹਨਾਂ ਕੰਪਨੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਦੀ ਲਾਗਤ ਵੀ ਭਾਵੇਂ ਘੱਟ ਜਾਂਦੀ ਹੈ ਪਰੰਤੂ ਉਹਨਾਂ ਵਲੋਂ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲਦੀ।

ਮਹਿੰਗਾਈ ਵਿੱਚ ਹੁੰਦੇ ਇਸ ਲਗਾਤਾਰ ਵਾਧੇ ਤੇ ਕਾਬੂ ਕਰਨ ਲਈ ਇਹ ਜਰੂਰੀ ਹੈ ਕਿ ਸਰਕਾਰ ਪਰਚੂਨ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਕਾਬ ਕਰਨ ਲਈ ਲੋੜੀਂਦੀ ਕਾਰਵਾਈ ਕਰੇ। ਇਸ ਕਾਰਵਾਈ ਦੇ ਤਹਿਤ ਜਿੱਥੇ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਉੱਥੇ ਪਰਚੂਨ ਦੁਕਾਨਦਾਰਾਂ ਲਈ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ। ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਵਾਜਿਬ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹ ਕੇ ਜਨਤਾ ਨੂੰ ਜਰੂਰੀ ਸਾਮਾਨ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

Continue Reading

Editorial

ਪੰਜਾਬ ਦੀ ਆਰਥਿਕਤਾ ਦਾ ਧੁਰਾ ਹਨ ਪਰਵਾਸੀ ਪੰਜਾਬੀਆਂ ਵਲੋਂ ਭੇਜੇ ਜਾਂਦੇ ਪੌਂਡ ਅਤੇ ਡਾਲਰ

Published

on

By

 

ਗਰੀਬ ਕਿਸਾਨਾਂ ਅਤੇ ਮਜਦੂਰਾਂ ਦੀ ਬਾਂਹ ਵੀ ਫੜਨ ਪਰਵਾਸੀ

ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬੀ ਵੱਡੇ ਪੱਧਰ ਉਪਰ ਦੂਜੇ ਮੁਲਕਾਂ ਨੂੰ ਪਰਵਾਸ ਨਾ ਕਰਦੇ ਤਾਂ ਪੰਜਾਬ ਵਿੱਚ ਖੁਦਕਸ਼ੀਆਂ ਦੀ ਫਸਲ ਬਹੁਤੇਰੀ ਹੋਣੀ ਸੀ ਅਤੇ ਹਰ ਦਿਨ ਹਰ ਪਿੰਡ ਵਿੱਚੋਂ ਹੀ ਕਈ ਕਈ ਅਰਥੀਆਂ ਉਠਣੀਆਂ ਸਨ। ਇਸ ਤਰ੍ਹਾਂ ਪੰਜਾਬੀਆਂ (ਖਾਸ ਕਰ ਪੰਜਾਬੀ ਨੌਜਵਾਨਾਂ) ਵਲੋਂ ਦੂਜੇ ਮੁਲਕਾਂ ਨੂੰ ਕੀਤੇ ਜਾ ਰਹੇ ਪਰਵਾਸ ਅਤੇ ਪਰਵਾਸੀ ਪੰਜਾਬੀਆਂ ਵਲੋਂ ਆਪਣੇ ਪਰਿਵਾਰਾਂ ਅਤੇ ਪਿੰਡਾਂ ਲਈ ਭੇਜੇ ਜਾਂਦੇ ਡਾਲਰਾਂ, ਪੌਂਡਾਂ ਕਾਰਨ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਚਲ ਰਹੀ ਹੈ ਅਤੇ ਉਹ ਆਪਣੀ ਜਿੰਦਗੀ ਨੂੰ ਸੌਖਿਆਂ ਹੀ ਬਤੀਤ ਕਰ ਰਹੇ ਹਨ। ਜੇ ਇਹਨਾਂ ਲੋਕਾਂ ਦੇ ਧੀਆਂ ਪੁੱਤ ਜਾਂ ਰਿਸ਼ਤੇਦਾਰ ਪਰਵਾਸ ਨਾ ਕਰਦੇ ਅਤੇ ਵਿਦੇਸ਼ੀ ਮੁਲਕਾਂ ਵਿਚੋਂ ਡਾਲਰ ਤੇ ਪੌਂਡ, ਵਲੈਤੀ ਕਪੜੇ ਤੇ ਹੋਰ ਸਮਾਨ ਭੇਜ ਕੇ ਇਹਨਾਂ ਦੀ ਜੂਨ ਨਾ ਬਦਲਦੇ ਤਾਂ ਇਹਨਾਂ ਵਲੋਂ ਵੀ ਖੁਦਕਸ਼ੀਆਂ ਕਰਨ ਦੇ ਰਾਹ ਹੀ ਤੁਰ ਪੈਣ ਦਾ ਖਦਸ਼ਾ ਸੀ।

ਇਹ ਇੱਕ ਹਕੀਕਤ ਹੈ ਕਿ ਵੱਡੀ ਗਿਣਤੀ ਪੰਜਾਬੀਆਂ ਵਲੋਂ ਕੀਤੇ ਗਏ (ਅਤੇ ਕੀਤੇ ਜਾ ਰਹੇ) ਪਰਵਾਸ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਸੱਤ ਸਮੁੰਦਰ ਪਾਰ ਕਰਕੇ ਬੇਗਾਨੇ ਮੁਲਕਾਂ ਵਿੱੱਚ ਵਸੇ ਹੋਏ ਪੰਜਾਬੀਆਂ ਦੀਆਂ ਜੜਾਂ ਅਜੇ ਵੀ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਇਹ ਹੀ ਕਾਰਨ ਹੈ ਕਿ ਪਰਵਾਸੀ ਪੰਜਾਬੀ ਹਰ ਸਾਲ ਹੀ ਕਰੋੜਾਂ ਰੁਪਏ ਦੇ ਰੂਪ ਵਿੱਚ ਬੇਗਾਨੇ ਮੁਲਕਾਂ ਵਿਚੋਂ ਪੰਜਾਬ ਵਿੱਚ ਡਾਲਰ ਅਤੇ ਪੌਂਡ ਭੇਜਦੇ ਹਨ, ਜਿਸ ਕਾਰਨ ਇਧਰ ਰਹਿੰਦੇ ਉਹਨਾਂ ਦੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਦੀ ਰੋਜੀ ਰੋਟੀ ਚਲਣ ਦੇ ਨਾਲ ਹੀ ਉਹਨਾਂ ਨੂੰ ਅਨੇਕਾਂ ਹੀ ਵੱਡਮੁਲੀਆਂ ਸਹੂਲਤਾਂ ਵੀ ਮਿਲ ਰਹੀਆਂ ਹਨ। ਇਹ ਅੰਦਾਜੇ ਮੁਤਾਬਕ ਪੰਜਾਬ ਦੇ ਹਰ ਤੀਸਰੇ ਘਰ ਵਿਚਂ ਰਹਿੰਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜਾਂ ਫਿਰ ਰਿਸ਼ਤੇਦਾਰ ਪਰਵਾਸ ਕਰਕੇ ਵਿਦੇਸ਼ ਗਿਆ ਹੋਇਆ ਹੈ, ਜੋ ਕਿ ਇਹਨਾਂ ਦਾ ਵਿਦੇਸ਼ ਵਿੱਚ ਸਖਤ ਮਿਹਨਤ ਕਰਦਾ ਹੋਇਆ ਵੀ ਪੂਰਾ ਧਿਆਨ ਰੱਖਦਾ ਹੈ। ਵਿਦੇਸ਼ ਰਹਿੰਦੇ ਇਸ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵਲੋਂ ਭੇਜੇ ਜਾਂਦੇ ਡਾਲਰਾਂ ਤੇ ਪੌਂਡਾਂ ਦੀ ਚਮਕ ਇਹਨਾ ਪੰਜਾਬੀਆਂ ਦੇ ਨਾਲ ਨਾਲ ਹੋਰਨਾਂ ਲੋਕਾਂ ਦੀਆਂ ਵੀ ਅੱਖਾਂ ਚੁੰਧਿਆਈ ਰੱਖਦੀ ਹੈ ਅਤੇ ਇਹ ਲੋਕ ਵਿਦੇਸ਼ ਤੋਂ ਭੇਜੇ ਜਾਂਦੇ ਪੈਸੇ ਦੇ ਸਿਰ ਉਪਰ ਐਸ਼ ਭਰੀ ਜਿੰਦਗੀ ਬਤੀਤ ਕਰ ਰਹੇ ਹਨ।

ਅੱਜ ਪੰਜਾਬ ਦੇ ਹਰ ਪਿੰਡ ਵਿੱਚ ਹੀ ਆਲੀਸ਼ਾਨ ਕੋਠੀਆਂ ਬਣੀਆਂ ਹੋਈਆਂ ਹਨ, ਇਹ ਸਭ ਕੁਝ ਪਰਵਾਸੀ ਪੰਜਾਬੀਆਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਇਹ ਵੀ ਹਕੀਕਤ ਹੈ ਕਿ ਜੇ ਪੰਜਾਬੀ ਪਰਵਾਸ ਨਾ ਕਰਦੇ ਅਤੇ ਵਿਦੇਸ਼ਾਂ ਵਿਚੋਂ ਕਮਾਈ ਕਰਕੇ ਮੋਟਾ ਪੈਸਾ ਪੰਜਾਬ ਨਾ ਭੇਜਦੇ ਤਾਂ ਅਜੇ ਵੀ ਪੰਜਾਬ ਵਿੱਚ ਕੱਚੇ ਢਾਰਿਆਂ ਅਤੇ ਬੋੜੇ ਦਰਾਂ ਵਾਲੇ ਘਰਾਂ ਦੀ ਗਿਣਤੀ ਬਹੁਤ ਹੋਣੀ ਸੀ। ਇਹ ਸਭ ਕੁਝ ਪਰਵਾਸੀ ਪੰਜਾਬੀਆਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਹਰ ਪਿੰਡ ਵਿੱਚ ਹੀ ਆਲੀਸ਼ਾਨ ਅਤੇ ਮਹਿਲਾਂ ਵਰਗੀਆ ਕੋਠੀਆਂ ਪਈਆਂ ਹੋਈਆਂ ਹਨ।

ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪਰਵਾਸੀ ਪੰਜਾਬੀ ਪੰਜਾਬ ਰਹਿੰਦੇ ਆਪਣੇ ਭੈਣਾਂ ਭਰਾਵਾਂ ਤੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਵਿਦੇਸ਼ਾਂ ਵਿਚੋ ਪੈਸਾ ਭੇਜਣਾ ਬਿਲਕੁਲ ਹੀ ਬੰਦ ਕਰ ਦੇਣ ਤਾਂ ਕੀ ਹੋਵੇਗਾ? ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਜੇਕਰ ਸਾਰੇ ਪਰਵਾਸੀ ਪੰਜਾਬੀਆ ਵਲੋਂ ਪੰਜਾਬ ਰਹਿੰਦੇ ਆਪਣੇ ਪਰਿਵਾਰ ਨੂੰ ਵਿਦੇਸ਼ਾਂ ਵਿਚੋਂ ਪੈਸਾ ਭੇਜਣਾ ਬੰਦ ਕਰ ਦਿੱਤਾ ਉਦੋਂ ਕੀ ਭਾਣਾਂ ਵਰਤੇਗਾ। ਭਾਵੇਂ ਕਿ ਅਜਿਹਾ ਕੁਝ ਹੋਣਾ ਸੰਭਵ ਨਹੀਂ ਪਰ ਇਸ ਸਮੱਸਿਆ ਬਾਰੇ ਸੋਚਣਾ ਜਰੂਰ ਚਾਹੀਦਾ ਹੈ।

ਇਸ ਸਮੇਂ ਹਾਲ ਇਹ ਹੈ ਕਿ ਵੱਡੀ ਗਿਣਤੀ ਪੰਜਾਬੀਆਂ ਦੇ ਘਰ ਦੇ ਚੁੱਲੇ ਚੌਂਕੇ ਵਿੱਚ ਅੱਗ ਪਰਵਾਸੀ ਪੰਜਾਬੀਆਂ ਵਲੋਂ ਭੇਜੇ ਪੈਸੇ ਨਾਲ ਹੀ ਬਲਦੀ ਹੈ। ਉਹਨਾਂ ਦੀ ਰੋਟੀ ਰੋਜ਼ੀ ਉਹਨਾਂ ਦੇ ਵਿਦੇਸ਼ ਗਏ ਧੀ-ਪੁੱਤ ਵਲੋਂ ਭੇਜੇ ਪੈਸੇ ਨਾਲ ਹੀ ਤੁਰਦੀ ਹੈ। ਪੰਜਾਬ ਵਿਚ ਰਹਿੰਦਾ ਉਹਨਾਂ ਦਾ ਪੁੱਤ ਜਾਂ ਤਾਂ ਬੇਰੁਜ਼ਗਾਰ ਹੈ ਤੇ ਜਾਂ ਫਿਰ ਕੋਈ ਪ੍ਰਾਈੇਵੇਟ ਨੌਕਰੀ ਜਾਂ ਛੋਟਾ ਮੋਟਾ ਕੰਮ ਕਰਦਾ ਹੈ, ਜਿਸ ਦਾ ਕਿ ਆਪਣਾ ਖਰਚਾ ਹੀ ਮਸਾਂ ਪੂਰਾ ਹੁੰਦਾ ਹੈ। ਇਸਤੋਂ ਇਲਾਵਾ ਉਹਨਾ ਮਾਪਿਆਂ ਬਾਰੇ ਕਦੇ ਕਿਸੇ ਨੇ ਸੋਚਿਆ ਹੈ ਜਿਹਨਾਂ ਦੇ ਜਵਾਨ ਪੁੱਤ ਕੋਈ ਕੰਮ ਕਰਨ ਦੀ ਥਾਂ ਨਸ਼ਿਆਂ ਦੀ ਦਲ ਦਲ ਵਿਚ ਫਸਕੇ ਕਿਸ਼ਤਾਂ ਵਿਚ ਖੁਦਕਸ਼ੀਆਂ ਕਰ ਰਹੇ ਹਨ।

ਜੇਕਰ ਪਰਵਾਸੀ ਪੰਜਾਬੀ ਆਪਣੇ ਪੰਜਾਬ ਰਹਿੰਦੇ ਪਰਿਵਾਰਾਂ ਨੂੰ ਪੈਸਾ ਭੇਜਣਾ ਬੰਦ ਕਰ ਦੇਣ ਤਾਂ ਵੱਡੀ ਗਿਣਤੀ ਪੰਜਾਬੀਆਂ ਦੇ ਘਰਾਂ ਵਿਚ ਰੋਟੀ ਪਕਣੀ ਹੀ ਬੰਦ ਹੋ ਜਾਂਣੀ ਹੈ। ਜੇ ਸਰਕਾਰ ਪੰਜਾਬੀਆਂ ਦੇ ਪਰਵਾਸ ਉਪਰ ਰੋਕ ਲਗਾ ਦੇਵੇ ਜਾਂ ਫਿਰ ਵਿਦੇਸ਼ੀ ਮੁਲਕ ਪਰਵਾਸੀ ਪੰਜਾਬੀਆ ਵਲੋਂ ਪੰਜਾਬ ਭੇਜਿਆ ਜਾਂਦਾ ਪੈਸਾ ਭੇਜਣ ਉਪਰ ਰੋਕ ਲਗਾ ਦੇਣ ਤਾਂ ਪੰਜਾਬ ਵਿੱਚ ਹਰ ਪਾਸੇ ਹੀ ਬੇਰੁਜ਼ਗਾਰਾਂ ਨੌਜਵਾਨਾਂ ਦੀ ਫੌਜ ਨਜ਼ਰ ਆਵੇਗੀ ਜੋ ਕਿ ਸਮਾਜ ਲਈ ਵੱਡਾ ਖਤਰਾ ਬਣ ਜਾਵੇਗੀ। ਇਸ ਲਈ ਪੰਜਾਬੀਆਂ ਦੇ ਪਰਵਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਪਰਵਾਸ ਸਿਰਫ ਜਾਇਜ਼ ਅਤੇ ਕਾਨੂੰਨੀ ਤਰੀਕੇ ਨਾਲ ਹੀ ਹੋਵੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਹੁੰਦੇ ਪਰਵਾਸ ਨੂੰ ਨੱਥ ਪਾਉਣੀ ਜ਼ਰੂੁਰੀ ਹੈ।

ਜਿਹੜੇ ਪਰਵਾਸੀ ਪੰਜਾਬੀ ਪੰਜਾਬ ਵਿੱਚ ਸੱਭਿਆਚਾਰ ਮੇਲਿਆਂ ਅਤੇ ਖੇਡ ਮੇਲਿਆਂ ਲਈ ਲੱਖਾਂ ਡਾਲਰ ਭੇਜ ਸਕਦੇ ਹਨ ਤਾਂ ਉਹ ਪਰਵਾਸੀ ਪੰਜਾਬੀ ਆਪਣੇ ਪਿੰਡ ਦੇ ਜੇ ਇੱਕ ਇੱਕ ਗਰੀਬ ਪਰਿਵਾਰ ਦੀ ਵੀ ਸਹਾਇਤਾ ਕਰ ਦੇਣ ਤਾਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਗਰੀਬ ਕਿਸਾਨ, ਮਜਦੂਰ ਜਾਂ ਹੋਰ ਪੰਜਾਬੀ ਖੁਦਕਸ਼ੀ ਕਰਨ ਬਾਰੇ ਨਹੀਂ ਸੋਚੇਗਾ। ਕਰਜ਼ੇ ਦੇ ਝੰਬੇ ਅਤੇ ਜਵਾਨ ਧੀ ਦੀ ਡੋਲੀ ਨਾ ਤੋਰ ਸਕਣ ਦਾ ਗਮ ਦਿਲ ਨੂੰ ਲਾਈ ਬੈਠੇ ਵੱਡੀ ਗਿਣਤੀ ਗਰੀਬ ਪੰਜਾਬੀਆਂ ਨੂੰ ਖੁਦਕਸ਼ੀਆਂ ਕਰਨ ਤੋਂ ਰੋਕਣ ਲਈ ਪਰਵਾਸੀ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਬਿਊਰੋ

Continue Reading

Editorial

ਲਾਟਰੀ ਦੇ ਲਾਲਚ ਵਿੱਚ ਫਸੀ ਦੁਨੀਆ

Published

on

By

 

ਅੱਜ ਕੱਲ ਹਰ ਪਾਸੇ ਹੋਲੀ ਬੰਪਰ ਲਾਟਰੀ ਦੇ ਨਿਕਲੇ ਇਨਾਮਾਂ ਦੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਵਿਸਾਖੀ ਬੰਪਰ ਦੀਆਂ ਟਿਕਟਾਂ ਵੀ ਮਾਰਕੀਟ ਵਿੱਚ ਵਿਕਣ ਲਈ ਆ ਗਈਆਂ ਹਨ। ਵੱਡੀ ਗਿਣਤੀ ਲਾਟਰੀਆਂ ਸਰਕਾਰੀ ਹਨ, ਜੋ ਕਿ ਪੰਜਾਬ ਸਰਕਾਰ ਸਮੇਤ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਕੁਝ ਪ੍ਰਾਈਵੇਟ ਕੰਪਨੀਆਂ ਵੀ ਲਾਟਰੀਆਂ ਚਲਾ ਰਹੀਆਂ ਹਨ ਜਾਂ ਪ੍ਰਾਈਵੇਟ ਕੰਪਨੀਆਂ ਦਾ ਕਿਸੇ ਨਾ ਕਿਸੇ ਰਾਜ ਸਰਕਾਰ ਨਾਲ ਲਾਟਰੀ ਸਬੰਧੀ ਸਮਝੌਤਾ ਹੈ।

ਵੇਖਣ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਲੋਕ ਲਾਟਰੀ ਖਰੀਦਦੇ ਹਨ ਅਤੇ ਕੁਝ ਲੋਕਾਂ ਦੇ ਇਨਾਮ ਵੀ ਨਿਕਲ ਆਉਂਦੇ ਹਨ। ਜਿਹੜੇ ਲੋਕਾਂ ਦੇ ਇਨਾਮ ਨਿਕਲਦੇ ਹਨ, ਉਹਨਾਂ ਬਾਰੇ ਜਾਣਕਾਰੀ ਅਖਬਾਰਾਂ ਅਤੇ ਸੋਸਲ ਮੀਡੀਆ ਉਤੇ ਆ ਜਾਂਦੀ ਹੈ, ਜਿਸ ਕਰਕੇ ਹੋਰ ਲੋਕ ਵੀ ਉਤਸ਼ਾਹਿਤ ਹੋ ਕੇ ਲਾਟਰੀ ਖਰੀਦਦੇ ਹਨ। ਕਈ ਲੋਕ ਤਾਂ ਮਹੀਨੇ ਵਿੱਚ ਲਾਟਰੀ ਦੀ ਸਿਰਫ ਇੱਕ ਟਿਕਟ ਹੀ ਖਰੀਦਦੇ ਹਨ ਜਦੋਂ ਕਿ ਵੱਡੀ ਗਿਣਤੀ ਲੋਕ ਹਰ ਦਿਨ ਹੀ ਵੱਖ ਵੱਖ ਕਿਸਮ ਦੀ ਲਾਟਰੀ ਦੀਆਂ ਕਈ ਕਈ ਟਿਕਟਾਂ ਖਰੀਦ ਲੈਂਦੇ ਹਨ। ਇਸ ਤੋਂ ਇਲਾਵਾ ਕਈ ਲੋਕ ਖਾਸ ਕਰਕੇ ਮਜਦੂਰ ਤਬਕਾ ਆਪਣਂੀ ਦਿਨ ਭਰ ਦੀ ਕਮਾਈ ਨਾਲ ਹੀ ਲਾਟਰੀ ਦੀਆਂ ਟਿਕਟਾਂ ਖਰੀਦ ਲੈਂਦਾ ਹੈ। ਆਮ ਮੱਧ ਵਰਗੀ ਲੋਕਾਂ ਦਾ ਵੱਡਾ ਸਮੂਹ ਵੀ ਲਾਟਰੀ ਦੇ ਮਕੜਜਾਲ ਵਿੱਚ ਫਸਿਆ ਹੋਇਆ ਹੈ ਅਤੇ ਮੱਧ ਵਰਗ ਨਾਲ ਸੰਬਧਿਤ ਲੋਕ ਵੀ ਲਾਟਰੀ ਦੀਆਂ ਟਿਕਟਾਂ ਖਰੀਦਦੇ ਵੇਖੇ ਜਾਂਦੇ ਹਨ। ਇਸ ਤੋਂ ਇਲਾਵਾ ਅਮੀਰ ਵਰਗ ਦੇ ਨਾਲ ਸਬੰਧਿਤ ਕੁਝ ਲੋਕ ਵੀ ਲਾਟਰੀ ਟਿਕਟਾਂ ਖਰੀਦਦੇ ਹਨ।

ਇਹ ਗੱਲ ਠੀਕ ਹੈ ਕਿ ਲਾਟਰੀ ਦੀਆਂ ਟਿਕਟਾਂ ਖਰੀਦ ਕੇ ਇਨਾਮ ਨਿਕਲਣ ਤੋਂ ਬਾਅਦ ਕੁਝ ਲੋਕ ਕਰੋੜਪਤੀ ਅਤੇ ਲੱਖਪਤੀ ਬਣ ਗਏ ਹਨ ਪਰ ਇਹ ਇਨਾਮ ਕੁਝ ਲੋਕਾਂ ਦੇ ਹੀ ਨਿਕਲਦੇ ਹਨ ਅਤੇ ਬਾਕੀ ਲੋਕ ਇਨਾਮ ਤੋਂ ਵਾਂਝੇ ਰਹਿ ਜਾਂਦੇ ਹਨ। ਵੱਖ ਵੱਖ ਕਿਸਮਾਂ ਦੀਆਂ ਲਾਟਰੀ ਦੀਆਂ ਟਿਕਟਾਂ ਹਰ ਸ਼ਹਿਰ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਹਨ।

ਇਨਾਮ ਹਰ ਇਨਸਾਨ ਨੂੰ ਚੰਗਾ ਲੱਗਦਾ ਹੈ ਪਰ ਕੁਝ ਲੋਕ ਸਿਰਫ ਲਾਟਰੀ ਦੀਆਂ ਟਿਕਟਾਂ ਨੂੰ ਹੀ ਜਿੰਦਗੀ ਸਮਝ ਲੈਂਦੇ ਹਨ ਅਤੇ ਉਹ ਹੋਰ ਕੋਈ ਰੁਜ਼ਗਾਰ ਜਾਂ ਕੰਮ ਧੰਦਾ ਨਹੀਂ ਕਰਦੇ, ਜਿਸ ਕਾਰਨ ਉਹਨਾਂ ਦੇ ਘਰ ਦੇ ਆਰਥਿਕ ਹਾਲਾਤ ਵਿਗੜ ਜਾਂਦੇ ਹਨ। ਉਹ ਜੋ ਵੀ ਕੁਝ ਕਮਾਉਂਦੇ ਹਨ ਉਹ ਲਾਟਰੀ ਦੀਆਂ ਟਿਕਟਾਂ ਵਿੱਚ ਬਰਬਾਦ ਕਰ ਦਿੰਦੇ ਹਨ। ਇਸ ਤਰਾਂ ਲਾਟਰੀ ਵੀ ਇੱਕ ਨਸ਼ਾ ਬਣਦੀ ਜਾ ਰਹੀ ਹੈ।

ਲਾਟਰੀ ਦੀ ਟਿਕਟ ਖਰੀਦਣ ਲਈ ਕੁਝ ਲੋਕ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਬਿਮਾਰੀ ਜਾਂ ਹੋਰ ਬਹਾਨੇ ਲਾ ਕੇ ਪੈਸੇ ਵੀ ਉਧਾਰ ਲੈ ਲੈਂਦੇ ਹਨ ਪਰ ਬਾਅਦ ਵਿੱਚ ਇਹ ਪੈਸੇ ਮੋੜੇ ਨਹੀਂ ਜਾਂਦੇ। ਇਸ ਕਾਰਨ ਕਈ ਵਾਰ ਦੋਸਤੀ ਅਤੇ ਰਿਸਤੇਦਾਰੀ ਵਿੱਚ ਫਰਕ ਪੈ ਜਾਂਦਾ ਹੈ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੇ ਰੁਜ਼ਗਾਰ ਅਤੇ ਕੰਮ ਧੰਦੇ ਵੱਲ ਧਿਆਨ ਦੇਣ ਅਤੇ ਉਸ ਤੋਂ ਬਾਅਦ ਹੀ ਆਪਣੇ ਕਮਾਏ ਹੋਏ ਪੈਸੇ ਨਾਲ ਲਾਟਰੀ ਦੀਆਂ ਟਿਕਟਾਂ ਲੈਣ ਬਾਰੇ ਸੋਚਣ। ਆਮ ਲੋਕਾਂ ਨੂੰ ਲਾਟਰੀ ਦੇ ਲਾਲਚ ਵਿੱਚ ਫਸਣ ਦੀ ਥਾਂ ਮਿਹਨਤ ਕਰਨ ਅਤੇ ਆਪਣੇ ਕੰਮ ਧੰਦੇ ਵੱਲ ਧਿਆਨ ਦੇਣਾ ਚਾਹੀਦਾ ਹੈ।

ਵੈਸੇ ਹਰ ਇਨਸਾਨ ਨੂੰ ਲਾਟਰੀ ਦੇਲਾਲਚ ਵਿੱਚ ਫਸਣ ਦੀ ਥਾਂ ਆਪਣੇ ਰੁਜਗਾਰ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਜੇ ਲੋਕਾਂ ਨੇ ਆਪਣੀ ਕਿਸਮਤ ਅਜਮਾਉਣੀ ਹੀ ਹੈ ਤਾਂ ਹਫਤੇ ਵਿੱਚ ਲਾਟਰੀ ਦੀ ਇੱਕ ਟਿਕਟ ਲੈਣੀ ਹੀ ਬਹੁਤ ਹੁੰਦੀ ਹੈ, ਜੇ ਇਨਾਮ ਨਿਕਲਣਾ ਹੋਇਆ ਤਾਂ ਉਸ ਟਿਕਟ ਤੇ ਹੀ ਨਿਕਲ ਆਉਣਾ ਹੈ ਪਰ ਹਰ ਦਿਨ ਵੱਡੀ ਗਿਣਤੀ ਵਿੱਚ ਲਾਟਰੀ ਦੀਆਂ ਟਿਕਟਾਂ ਖਰੀਦਣਾ ਅਕਲਮੰਦੀ ਨਹੀਂ ਕਿਹਾ ਜਾ ਸਕਦਾ।

ਬਿਊਰੋ

Continue Reading

Latest News

Trending