Editorial
ਫਿਲਮਾਂ ਤੇ ਸੀਰੀਅਲਾਂ ਵਿੱਚ ਕਿਉਂ ਉਡਾਇਆ ਜਾਂਦਾ ਹੈ ਸਿੱਖਾਂ ਦਾ ਮਜ਼ਾਕ? ਬਾਲੀਵੁੱਡ ਫਿਲਮਾਂ ਵਿੱਚ ਕਿਉਂ ਨਹੀਂ ਦਿਖਾਈ ਜਾਂਦੀ ਸਿੱਖਾਂ ਦੀ ਬਹਾਦਰੀ ਅਤੇ ਦੇਸ਼ ਭਗਤੀ
ਬਾਲੀਵੁੱਡ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ਵਿੱਚ ਸਿੱਖਾਂ ਦੇ ਸਾਹਸ, ਦਲੇਰੀ, ਹੌਂਸਲੇ, ਬਹਾਦਰੀ ਅਤੇ ਦੇਸ਼ ਭਗਤੀ ਦੀ ਥਾਂ ਸਿੱਖਾਂ ਦਾ ਅਕਸਰ ਮਜ਼ਾਕ ਉਡਾਇਆ ਜਾਂਦਾ ਹੈ। ਸਰਦਾਰਾਂ ਦੇ ਚੁਟਕਲਿਆਂ ਦੇ ਨਾਮ ਤੇ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਚੁਟਕਲੇ ਸੋਸ਼ਲ ਮੀਡੀਆ, ਫ਼ਿਲਮਾਂ ਅਤੇ ਟੀ ਵੀ ਸੀਰੀਅਲਾਂ ਵਿੱਚ ਵੀ ਦਿਖਾਏ ਜਾਂਦੇ ਹਨ। ਅਕਸਰ ਹਿੰਦੀ ਫ਼ਿਲਮਾਂ ਵਿੱਚ ਸਿੱਖਾਂ ਨੂੰ ਬੁੱਧੀਹੀਣ, ਅਨਪੜ੍ਹ, ਮੂਰਖ ਜਾਂ ਸਿੱਧੜ ਦਿਖਾਇਆ ਜਾਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਫ਼ਿਲਮਾਂ ਵਿੱਚ ਸਿੱਖਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਮਜ਼ਾਕ ਉਡਾਇਆ ਜਾਂਦਾ ਹੈ, ਉਹਨਾਂ ਫ਼ਿਲਮਾਂ ਨੂੰ ਸੈਂਸਰ ਬੋਰਡ ਵੱਲੋਂ ਪਾਸ ਵੀ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਅਹਿਸਾਸ ਹੁੰਦਾ ਹੈ ਕਿ ਸਿੱਖਾਂ ਦਾ ਫ਼ਿਲਮਾਂ ਵਿੱਚ ਮਜ਼ਾਕ ਉਡਾਉਣ ਲਈ ਕਿਤੇ ਕੋਈ ਗਹਿਰੀ ਸਾਜ਼ਿਸ਼ ਤਾਂ ਨਹੀਂ ਹੋ ਰਹੀ।
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਬਾਲੀਵੁੱਡ ਫ਼ਿਲਮਾਂ ਅਤੇ ਸੀਰੀਅਲਾਂ ਵਿੱਚ ਵਿਖਾਏ ਜਾਦੇ ਅਜਿਹੇ ਦ੍ਰਿਸ਼ਾਂ (ਜਿਹਨਾਂ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ) ਦਾ ਵਿਰੋਧ ਵੀ ਕੀਤਾ ਜਾਂਦਾ ਹੈ ਅਤੇ ਕਈ ਵਾਰ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਵੱਲੋਂ ਅਜਿਹੇ ਦ੍ਰਿਸ਼ਾਂ ਦਾ ਵਿਰੋਧ ਕਰਨ ਤੇ ਇਹ ਦ੍ਰਿਸ਼ ਫ਼ਿਲਮ ਵਿਚੋਂ ਕੱਢ ਵੀ ਦਿੱਤੇ ਜਾਂਦੇ ਹਨ ਜਾਂ ਬਦਲ ਦਿੱਤੇ ਜਾਂਦੇ ਹਨ ਪਰ ਫਿਰ ਵੀ ਅਜਿਹੇ ਦ੍ਰਿਸ਼ਾਂ ਵਾਲੀਆਂ ਫ਼ਿਲਮਾਂ ਅਤੇ ਸੀਰੀਅਲ ਲਗਾਤਾਰ ਦਿਖਾਏ ਜਾਂਦੇ ਹਨ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗਦੀ ਹੈ। ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀਆਂ ਫ਼ਿਲਮਾਂ ਅਤੇ ਸੀਰੀਅਲਾਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਇਹਨਾਂ ਫ਼ਿਲਮਾਂ ਅਤੇ ਸੀਰੀਅਲਾਂ ਦੀ ਸੂਚੀ ਪੇਸ਼ ਕਰਨਾ ਤਕ ਸੰਭਵ ਨਹੀਂ ਹੈ।
ਕੁੱਝ ਵਿਦਵਾਨ ਕਹਿੰਦੇ ਹਨ ਕਿ ਸਿੱਖ ਚੁਟਕਲੇ 1800 ਦੇ ਦਹਾਕੇ ਤੋਂ ਚੱਲ ਰਹੇ ਹਨ। ਉਸ ਸਮੇਂ ਦੌਰਾਨ ਸਿੱਖ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਆਪਣੇ ਬਹਾਦਰੀ ਭਰੇ ਕਾਰਨਾਮਿਆਂ ਲਈ ਵਿਆਪਕ ਤੌਰ ਤੇ ਜਾਣੇ ਜਾਂਦੇ ਸਨ। ਉਹ ਦੁਨੀਆਂ ਭਰ ਵਿੱਚ ਮਹਾਨ ਯੋਧੇ ਅਤੇ ਬਹਾਦਰ ਵਜੋਂ ਮਸ਼ਹੂਰ ਸਨ। ਇਹ ਵੀ ਅੰਦਾਜ਼ਾ ਲਗਾਇਆ ਗਿਆ ਸੀ ਕਿ, ਦੂਜੇ ਵਿਸ਼ਵ ਯੁੱਧ ਦੌਰਾਨ, ਸਿੱਖਾਂ ਨੇ ਅਡੌਲਫ ਹਿਟਲਰ ਨੂੰ ਫਰਾਂਸ ਦੇ ਖ਼ਿਲਾਫ਼ ਲੜਾਈ ਜਿੱਤਣ ਵਿੱਚ ਮਦਦ ਕੀਤੀ ਸੀ ਅਤੇ ਬਦਲੇ ਵਿੱਚ ਉਸ ਨੇ ਸਿੱਖਾਂ ਦੀ ਮਦਦ ਕਰਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ।
ਅੰਗਰੇਜ਼ਾਂ ਨੇ, ਸਿੱਖਾਂ ਦੀ ਬਹਾਦਰੀ ਤੋਂ ਡਰਦੇ ਹੋਏ, ਉਹਨਾਂ ਨੂੰ ਬਦਨਾਮ ਕਰਨ ਅਤੇ ਨਿਰਾਸ਼ ਕਰਨ ਦੀ ਕੋਸ਼ਿਸ਼ ਵਿੱਚ ਉਹਨਾਂ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਇੱਕ ਆਮ ਭੁਲੇਖਾ ਸੀ ਕਿ ਸਿੱਖ ਅਜਿਹੇ ਚਲਾਕ ਨਹੀਂ ਹਨ ਅਤੇ ਸਿਰਫ਼ ਹੁਕਮਾਂ ਦੀ ਪਾਲਣਾ ਕਰਦੇ ਹਨ। ਇਹ ਚੁਟਕਲੇ ਉਨ੍ਹਾਂ ਦੀ ਬਾਰ ਰੂਮ ਗੱਲਬਾਤ ਅਤੇ ਆਮ ਗੱਲਬਾਤ ਦੌਰਾਨ ਫੈਲਣ ਲੱਗੇ ਅਤੇ ਦੇਸ਼ ਦੁਨੀਆ ਵਿੱਚ ਫੈਲ ਗਏ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਬਹਾਦਰ, ਜੀਵੰਤ, ਹਸਮੁਖ, ਹੁਸ਼ਿਆਰ ਅਤੇ ਜੋਸ਼ ਨਾਲ ਭਰਪੂਰ ਕੌਮ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਉਹ ਨਿੱਘੇ, ਪਰਾਹੁਣਚਾਰੀ ਅਤੇ ਦੋਸਤਾਂ ਦੇ ਮਿੱਤਰ ਹਨ। ਭਾਰਤ ਦੇ ਇਤਿਹਾਸ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜੋ ਉਨ੍ਹਾਂ ਦੀ ਬਹਾਦਰੀ, ਦਲੇਰੀ, ਬਹਾਦਰੀ ਅਤੇ ਕਦੇ ਵੀ ਹੌਂਸਲਾ ਨਾ ਛੱਡਣ ਦੀ ਕਹਾਣੀ ਨੂੰ ਦਰਸਾਉਂਦੀਆਂ ਹਨ। ਫਿਲਮਾਂ ਅਤੇ ਸੀਰੀਅਲਾਂ ਵਿੱਚ ਉਨ੍ਹਾਂ ਦੇ ਗਲਤ ਚਿਤਰਣ ਕਾਰਨ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਜਾਂ ਮਿੱਥਾਂ ਵੀ ਹਨ।
ਹਾਲਾਂਕਿ ਬਾਲੀਵੁਡ ਵਿੱਚ ਕੁੱਝ ਫਿਲਮਾਂ ਅਜਿਹੀਆਂ ਵੀ ਬਣੀਆਂ ਹਨ, ਜਿਹਨਾਂ ਵਿੱਚ ਸਿੱਖਾਂ ਦੀ ਬਹਾਦਰੀ ਨੂੰ ਪੇਸ਼ ਕੀਤਾ ਗਿਆ ਹੈ, ਪਰ ਅਜਿਹੀਆਂ ਫਿਲਮਾਂ ਦੀ ਗਿਣਤੀ ਬਹੁਤ ਘੱਟ ਹੈ। ਵੱਡੀ ਗਿਣਤੀ ਫਿਲਮਾਂ ਤੇ ਸੀਰੀਅਲਾਂ ਵਿੱਚ ਤਾਂ ਸਿੱਖਾਂ ਦਾ ਮਜਾਕ ਉਡਾਉਣ ਦੇ ਯਤਨ ਹੀ ਕੀਤੇ ਜਾਂਦੇ ਹਨ।
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੀਆਂ ਫਿਲਮਾਂ ਅਤੇ ਸੀਰੀਅਲਾਂ ਵਿੱਚ ਸਿੱਖਾਂ ਦਾ ਮਜਾਕ ਉੜਾਇਆ ਜਾਂਦਾ ਹੈ, ਉਹਨਾਂ ਫਿਲਮਾਂ ਅਤੇ ਫਿਲਮਾਂ ਨੂੰ ਬਣਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰੇ ਤਾਂ ਕਿ ਅਜਿਹੀਆਂ ਫਿਲਮਾਂ ਅਤੇ ਸੀਰੀਅਲਾਂ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਫਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਫੌਕੀ ਵਾਹ ਵਾਹ ਲਈ ਸਿੱਖਾਂ ਦਾ ਮਜਾਕ ਉਡਾਉਣ ਵਾਲੇ ਸੀਨ ਫਿਲਮਾਂ ਸੀਰੀਅਲਾਂ ਵਿੱਚ ਨਾ ਪਾਉਣ ਬਲਕਿ ਸਿੱਖਾਂ ਦੀ ਦੇਸ਼ ਭਗਤੀ ਬਾਰੇ ਦ੍ਰਿਸ਼ ਦਿਖਾਏ ਜਾਣ।
Editorial
ਹੋਲੀ ਦੇ ਤਿਉਹਾਰ ਮੌਕੇ ਹੁੜਦੰਗ ਮਚਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ
ਹੋਲੀ ਦਾ ਤਿਉਹਾਰ ਨੇੜੇ ਆ ਗਿਆ ਹੈ ਅਤੇ ਇਸਦੇ ਨੇੜੇ ਆਉਣ ਦੇ ਨਾਲ ਹੀ ਲੋਕਾਂ ਵਿੱਚ ਰੰਗਾਂ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਉਤਸਾਹ ਦਾ ਮਾਹੌਲ ਦਿਖ ਰਿਹਾ ਹੈ। ਇਸ ਮੌਕੇ ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਣਾਉਂਦੇ ਹਨ ਅਤੇ ਤਿਉਹਾਰ ਦਾ ਮਜਾ ਲੈਂਦੇ ਹਨ। ਆਮ ਲੋਕਾਂ ਵਲੋਂ ਇਸ ਤਿਉਹਾਰ ਨੂੰ ਮਣਾਉਣ ਲਈ ਵਿਸ਼ੇਸ਼ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਹੋਲੀ ਦੇ ਤਿਉਹਾਰ ਲਈ ਦੁਕਾਨਦਾਰਾਂ ਨੇ ਵੀ ਰੰਗ, ਗੁਲਾਲ, ਪਿਚਕਾਰੀਆਂ ਅਤੇ ਹੋਲੀ ਨਾਲ ਸਬੰਧਿਤ ਹੋਰ ਸਮਾਨ ਵੇਚਣ ਲਈ ਆਪਣੀਆਂ ਦੁਕਾਨਾਂ ਸਜਾ ਲਈਆਂ ਹਨ, ਜਿੱਥੇ ਹੋਲੀ ਦਾ ਤਿਉਹਾਰ ਮਣਾਉਣ ਦੇ ਚਾਹਵਾਨ ਲੋਕ ਬੱਚਿਆਂ ਸਮੇਤ ਉਤਸ਼ਾਹ ਨਾਲ ਰੰਗ, ਗੁਲਾਲ ਅਤੇ ਪਿਚਕਾਰੀਆਂ ਆਦਿ ਖਰੀਦ ਰਹੇ ਹਨ।
ਇੱਕ ਪਾਸੇ ਜਿੱਥੇ ਲੋਕ ਖੁਸ਼ੀ ਖੁਸ਼ੀ ਇਹ ਤਿਉਹਾਰ ਮਣਾਉਂਦੇ ਹਨ ਉੱਥੇ ਦੂਜੇ ਪਾਸੇ ਹੋਲੀ ਦੇ ਤਿਉਹਾਰ ਮੌਕੇ ਨੌਜਵਾਨਾਂ ਵਲੋਂ ਕੀਤੀ ਜਾਂਦੀ ਹੁਲੱੜਬਾਜੀ ਵੀ ਆਮ ਹੈ। ਹੋਲੀ ਵਾਲੇ ਦਿਨ ਖੁੱਲੀਆਂ ਜੀਪਾਂ ਅਤੇ ਦੋ ਪਹੀਆ ਵਾਹਨਾਂ ਤੇ ਸਵਾਰ ਨੌਜਵਾਨਾਂ ਦੇ ਟੋਲੇ ਸਾਰਾ ਦਿਨ ਸੜਕਾਂ, ਗਲੀਆਂ ਵਿੱਚ ਖੜਦੂੰਗ ਪਾਉਂਦੇ ਘੁੰਮਦੇ ਵੇਖੇ ਜਾਂਦੇ ਹਨ। ਇਸ ਦੌਰਾਨ ਹੁਲੜਬਾਜੀ ਕਰਨ ਵਾਲੇ ਇਹਨਾਂ ਨੌਜਵਾਨਾਂ ਵਿੱਚ ਝਗੜਾ ਹੋਣਾ ਵੀ ਆਮ ਹੈ ਅਤੇ ਤਿਉਹਾਰ ਦੇ ਮੌਕੇ ਤੇ ਕਿਸੇ ਵੱਡੀ ਅਣਹੋਣੀ ਦੇ ਵਾਪਰਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸਤੋਂ ਇਲਾਵਾ ਹੋਲੀ ਵਾਲੇ ਦਿਨ ਸੜਕਾਂ ਗਲੀਆਂ ਵਿੱਚ ਅਜਿਹੇ ਸਿਰਫਿਰੇ ਨੌਜਵਾਨ ਵੀ ਆਮ ਦਿਖਦੇ ਹਨ ਜਿਹੜੇ ਜਰੂਰੀ ਕੰਮ ਜਾ ਰਹੀਆਂ ਲੜਕੀਆਂ ਉਪਰ ਰੰਗ ਸੁੱਟਦੇ ਹਨ। ਅਜਿਹੇ ਨੌਜਵਾਨ ਕਈ ਵਾਰ ਰਾਹ ਜਾਂਦੀਆਂ ਲੜਕੀਆਂ ਨੂੰ ਇੱਕਲੀਆਂ ਦੇਖ ਕੇ ਉਹਨਾਂ ਨੂੰ ਘੇਰ ਲੈਂਦੇ ਹਨ ਅਤੇ ਉਹਨਾਂ ਨੂੰ ਫੜ ਕੇ ਜਬਰਦਸਤੀ ਰੰਗ ਲਗਾਉਂਦੇ ਹਨ।
ਜੇਕਰ ਇਸ ਸੰਬੰਧੀ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਹਰ ਸਾਲ ਹੋਲੀ ਦੇ ਤਿਉਹਾਰ ਮੌਕੇ ਹਾਲਾਤ ਇਹ ਹੁੰਦੇ ਹਨ ਕਿ ਸ਼ਹਿਰ ਦੀ ਲਗਭਗ ਹਰ ਮਾਰਕੀਟ ਅਤੇ ਹਰ ਗਲੀ ਮੁਹਲੇ ਵਿੱਚ ਨੌਜਵਾਨਾਂ ਵਲੋਂ ਹੋਲੀ ਦੇ ਬਹਾਨੇ ਹੁੜਦੁੰਗ ਮਚਾਇਆ ਜਾਂਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਖਾਸ ਕਰ ਮਹਿਲਾਵਾਂ ਅਤੇ ਲੜਕੀਆਂ ਲਈ ਘਰ ਤੋਂ ਬਾਹਰ ਨਿਕਲਣਾ ਤਕ ਮੁਸ਼ਕਿਲ ਹੋ ਜਾਂਦਾ ਹੈ। ਹੋਲੀ ਦੇ ਤਿਉਹਾਰ ਮੌਕੇ ਜਨਤਕ ਥਾਵਾਂ ਤੇ ਹੁੱਲੜਬਾਜੀ ਕਰਨ ਵਾਲੇ ਇਹਨਾਂ ਨੌਜਵਾਨਾਂ ਵਿੱਚ ਵੱਡੇ ਘਰਾਂ ਦੇ ਕਾਕੇ ਵੀ ਸ਼ਾਮਲ ਹੁੰਦੇ ਹਨ, ਜਿਸ ਕਾਰਨ ਪੁਲੀਸ ਇਹਨਾਂ ਨੌਜਵਾਨਾਂ ਖਿਲਾਫ ਕਾਰਵਾਈ ਕਰਨ ਤੋਂ ਝਿਜਕਦੀ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਨੌਜਵਾਨ ਹੋਲੀ ਖੇਡਣ ਦੇ ਬਹਾਨੇ ਮੁਹਾਲੀ ਵਿੱਚ ਆ ਕੇ ਹੁੜਦੰਗ ਮਚਾੳਂੁਦੇ ਹਨ ਅਤੇ ਸ਼ਰਾਰਤਾਂ ਕਰਦੇ ਹਨ, ਜਿਸ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।
ਪਿਛਲੇ ਕਹੀ ਸਾਲਾਂ ਤੋਂ ਹਰ ਸਾਲ ਹੋਲੀ ਵਾਲੇ ਦਿਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨੌਜਵਾਨਾਂ (ਮੁੰਡੇ ਕੁੜੀਆਂ) ਦੇ ਇਹ ਟੋਲੇ ਇਕੱਠੇ ਹੁੰਦੇ ਹਨ ਅਤੇ ਇਹਨਾਂ ਵਲੋਂ ਵੱਡੇ ਗਰੁੱਪਾਂ ਵਿੱਚ ਇਕੱਠੇ ਹੋ ਕੇ ਹੋਲੀ ਖੇਡੀ ਜਾਂਦੀ ਹੈ। ਇਸ ਦੌਰਾਨ ਹੁਲੱੜਬਾਜੀ ਵੀ ਹੁੰਦੀ ਹੈ ਅਤੇ ਨਸ਼ੇ ਵਿੱਚ ਟੱਲੀ ਹੋਏ ਨੌਜਵਾਨਾਂ ਵਲੋਂ ਕੁੜੀਆਂ ਨਾਲ ਛੇੜਛਾੜ ਵੀ ਕੀਤੀ ਜਾਂਦੀ ਹੈ ਜਿਸ ਕਾਰਨ ਇਹਨਾਂ ਵਿੱਚ ਝਗੜੇ ਵੀ ਹੁੰਦੇ ਹਨ। ਹੋਲੀ ਮੌਕੇ ਹੋਣ ਵਾਲੇ ਇਹ ਇਕੱਠ ਇਹਨਾਂ ਨੌਜਵਾਨਾਂ ਦੀਆਂ ਪੁਰਾਣੀਆਂ ਦੁਸ਼ਮਣੀਆਂ ਕੱਢਣ ਦਾ ਵੀ ਜਰੀਆ ਬਣਦੇ ਹਨ ਅਤੇ ਇਹਨਾਂ ਦਾ ਆਪਸ ਵਿੱਚ ਟਕਰਾਓ ਵੀ ਹੁੰਦਾ ਹੈ। ਮਾਰਕੀਟਾਂ ਵਿੱਚ ਪੂਰਾ ਦਿਨ ਚਲਣ ਵਾਲਾ ਇਹ ਹੁੜਦੰਗ ਸ਼ਹਿਰ ਦੇ ਮਾਹੌਲ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।
ਹੋਲੀ ਖੇਡਣ ਦੇ ਬਹਾਨੇ ਹੁੜਦੁੰਗ ਮਚਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਕਾਫੀ ਜਿਆਦਾ ਹੋਣ ਕਾਰਨ ਵੀ ਪੁਲੀਸ ਇਹਨਾਂ ਉਪਰ ਸਖਤ ਕਾਰਵਾਈ ਤੋਂ ਪਰਹੇਜ ਕਰਦੀ ਹੈ ਜਿਸਦਾ ਇਹ ਨੌਜਵਾਨ ਨਾਜਾਇਜ ਫਾਇਦਾ ਚੁੱਕਦੇ ਹਨ। ਇਸ ਦੌਰਾਨ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਆਮ ਲੋਕਾਂ ਤੇ ਰੰਗਾਂ ਦੀ ਥਾਂ ਲੋਕਾਂ ਤੇ ਗਰੀਸ, ਕਾਲਾ ਤੇਲ, ਸੜਿਆ ਤੇਲ ਜਾਂ ਕੋਈ ਹੋਰ ਤਰਲ ਪਦਾਰਥ ਸੁੱਟ ਕੇ ਉਹਨਾਂ ਨੂੰ ਪ੍ਰੇਸ਼ਾਨ ਕਰਕੇ ਮਜਾ ਲੈਂਦੇ ਹਨ। ਮੁਹਾਲੀ ਨਗਰ ਨਿਗਮ ਦੇ ਅਧੀਨ ਪੈਂਦੇ ਪਿੰਡ ਸੋਹਾਣਾ ਵਿੱਚ ਤਾਂ ਗੰਦੇ ਪਾਣੀ ਨਾਲ ਹੋਲੀ ਖੇਡਣ ਅਤੇ ਲੋਕਾਂ ਦੇ ਘਰਾਂ ਅੱਗੇ ਹੱਡਾ ਰੋੜੀ ਦੀ ਗੰਦਗੀ ਸੁੱਟਣ ਦੀ ਪੁਰਾਣੀ ਰਵਾਇਤ ਹੈ। ਜਿਸ ਕਾਰਨ ਜੇ ਕੋਈ ਅਣਜਾਣ ਵਿਅਕਤੀ ਭੁੱਲ ਭੁਲੇਖੇ ਜਾਂ ਕਿਸੇ ਕੰਮ ਉਸ ਪਿੰਡ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਉਥੇ ਗੰਦੇ ਪਾਣੀ ਨਾਲ ਹੋਲੀ ਖੇਡਦੇ ਲੋਕਾਂ ਅਤੇ ਗਲੀਆਂ ਵਿੱਚ ਪਈਆਂ ਜਾਨਵਰਾਂ ਦੀਆਂ ਹੱਡੀਆਂ ਕਾਰਨ ਬਹੁਤ ਪ੍ਰੇਸ਼ਾਨੀ ਹੁੰਦੀ ਹੈ।
ਸਥਾਨਕ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਹੋਲੀ ਦੇ ਤਿਉਹਾਰ ਮੌਕੇ ਹੋਲੀ ਖੇਡਣ ਦੇ ਬਹਾਨੇ ਹੁਲੜਬਾਜੀ ਕਰਨ, ਸ਼ਰਾਰਤਾਂ ਕਰਨ, ਹੁੜਦੁੰਗ ਮਚਾਉਣ ਅਤੇ ਬੁਲੇਟ ਦੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਪ੍ਰਬੰਧ ਕਰੇ। ਇਸ ਤਰੀਕੇ ਨਾਲ ਕੀਤੀ ਜਾਂਦੀ ਇਸ ਹੁੱਲੜਬਾਜੀ ਤੇ ਕਾਬੂ ਕਰਨਾ ਪੁਲੀਸ ਪ੍ਰਸ਼ਾਸ਼ਨ ਦੀ ਜਿੰਮੇਵਰੀ ਹੈ ਅਤ।ੇ ਇਸ ਸੰਬੰਧੀ ਅਗਾਉਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਵਿੱਚ ਸੁਰਖਿਆ ਭਾਵਨਾ ਬਾਣੀ ਰਹੇ ਅਤੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਰਕਰਾਰ ਰਹੇ।
Editorial
ਭਾਰਤੀ ਵਿਦਿਆਰਥੀਆਂ ਵਿੱਚ ਘਟਿਆ ਵਿਦੇਸ਼ ਜਾ ਕੇ ਪੜਾਈ ਕਰਨ ਦਾ ਰੁਝਾਨ

ਵਿਕਸਿਤ ਦੇਸ਼ਾਂ ਵਲੋਂ ਲਾਗੂ ਪਾਬੰਦੀਆਂ ਕਾਰਨ ਵਿਦੇਸ਼ ਜਾ ਕੇ ਪੜ੍ਹਣ ਵਾਲਿਆਂ ਦੀ ਗਿਣਤੀ ਘਟੀ
ਬੀਤੇ ਦਿਨ ਲੋਕ ਸਭਾ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਨੇ ਇੱਕ ਰਿਪੋਰਟ ਪੇਸ਼ ਕਰਕੇ ਦਾਅਵਾ ਕੀਤਾ ਕਿ ਕੈਨੇਡਾ, ਅਮਰੀਕਾ ਅਤੇ ਯੂ ਕੇ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਇੱਕ ਸਾਲ ਵਿੱਚ 27 ਫੀਸਦੀ ਘਟ ਗਈ ਹੈ। ਇਹ ਗਿਣਤੀ 2023 ਵਿੱਚ 604,926 ਸੀ ਜੋ 2024 ਵਿੱਚ ਘਟ ਕੇ 440,556 ਹੋ ਗਈ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਇਹ ਗਿਰਾਵਟ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਕੁੱਲ 15 ਫੀਸਦੀ ਗਿਰਾਵਟ ਤੋਂ ਵੱਧ ਹੈ, ਜੋ ਕਿ ਇਸੇ ਸਮੇਂ ਦੌਰਾਨ 892,989 ਤੋਂ ਘਟ ਕੇ 759,064 ਰਹਿ ਗਈ।
ਇਹਨਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨੋਂ ਦਿਨ ਘੱਟ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਕਾਨੂੰਨ ਸਖਤ ਕਰ ਦਿਤੇ ਗਏ ਹਨ। ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ਾਂ ਵਿੱਚ ਪੜ੍ਹਣ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਸਤੀ ਲੇਬਰ ਸਮਝਿਆ ਜਾਂਦਾ ਹੈ। ਇਸ ਕਰਕੇ ਹੀ ਵਿਦਿਆਰਥੀਆਂ ਨੂੰ ਕੰਮ ਬਦਲੇ ਘੱਟ ਪੈਸੇ ਦਿਤੇ ਜਾਂਦੇ ਹਨ, ਜਦੋਂ ਕਿ ਉਹਨਾਂ ਦੇਸ਼ਾਂ ਦੇ ਮੁੂਲ ਲੋਕਾਂ ਨੂੰ ਉੇਸੇ ਕੰਮ ਬਦਲੇ ਵੱਧੇ ਪੈਸੇ ਦਿਤੇ ਜਾਂਦੇ ਹਨ। ਇਸ ਤਰ੍ਹਾਂ ਵਿਦੇਸ਼ਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਿੱਖਿਆ ਵੀ ਬਹੁਤ ਮਹਿੰਗੀ ਹੋ ਰਹੀ ਹੈ, ਜਿਸ ਕਾਰਨ ਵਿਦੇਸ਼ ਜਾ ਕੇ ਪੜਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ।
ਜ਼ਿਕਰਯੋਗ ਹੈ ਲੋਕ ਸਭਾ ਵਿੱਚ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਅੰਕੜਾ ਕੇਰਲ ਦੇ ਮਲੱਪੁਰਮ ਤੋਂ ਆਈ. ਯੂ. ਐਮ. ਐਲ. ਸੰਸਦ ਮੈਂਬਰ ਈ ਟੀ ਮੁਹੰਮਦ ਬਸ਼ੀਰ ਦੇ ਸਵਾਲਾਂ ਦੇ ਜਵਾਬ ਵਿੱਚ ਸਾਂਝਾ ਕੀਤਾ ਗਿਆ ਸੀ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਉਨ੍ਹਾਂ ਭਾਰਤੀਆਂ ਬਾਰੇ ਬਿਊਰੋ ਆਫ਼ ਇਮੀਗ੍ਰੇਸ਼ਨ ਦਾ ਅੰਕੜਾ ਸਾਂਝਾ ਕੀਤਾ ਜਿਨ੍ਹਾਂ ਨੇ ਵਿਦੇਸ਼ ਯਾਤਰਾ ਲਈ ‘ਪੜ੍ਹਾਈ/ਸਿੱਖਿਆ’ ਨੂੰ ਆਪਣਾ ਉਦੇਸ਼ ਦਸਿਆ ਸੀ।
ਵਿਦੇਸ਼ ਜਾ ਕੇ ਪੜਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਜਾਣ ਦਾ ਇੱਕ ਅਰਥ ਇਹ ਵੀ ਹੈ ਕਿ ਉਹਨਾਂ ਵਿਦਿਆਰਥੀਆਂ ਵੱਲੋਂ ਹੁਣ ਭਾਰਤ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸਿਖਿਆ ਪ੍ਰਾਪਤ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹਨਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਰੌਣਕਾਂ ਪਰਤ ਆਈਆਂ ਹਨ। ਇਸ ਤੋਂ ਇਲਾਵਾ ਪੰਜਾਬ ਸਮੇਤ ਵੱਖ- ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਪੜੇ ਲਿਖੇ ਨੌਜਵਾਨਾਂ ਲਈ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਜਿਸ ਕਾਰਨ ਵੀ ਵਿਦਿਆਰਥੀਆਂ ਵਿੱਚ ਵਿਦੇਸ਼ ਜਾ ਕੇ ਪੜਾਈ ਕਰਨ ਤੇ ਕੰਮ ਕਰਨ ਦੀ ਥਾਂ ਭਾਰਤ ਵਿੱਚ ਰਹਿ ਕੇ ਹੀ ਪੜਾਈ ਕਰਨ ਅਤੇ ਨੌਕਰੀਆਂ ਪ੍ਰਾਪਤ ਕਰਨ ਜਾਂ ਕੋਈ ਕੰਮ ਧੰਦਾ ਕਰਨਾ ਦਾ ਰੁਝਾਨ ਵੱਧਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਲੱਖਾਂ ਵਿਦਿਆਰਥੀ ਪੜਾਈ ਕਰਨ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ। ਜਿਹਨਾਂ ਦਾ ਇੱਕੋ ਇੱਕ ਮਕਸਦ ਉਹਨਾਂ ਦੇਸ਼ਾਂ ਦੀ ਨਾਗਰਿਕਤਾ ਪ੍ਰਾਪਤ ਕਰਨਾ ਹੈ। ਇਹ ਵਿਦਿਆਰਥੀ ਵਿਦੇਸ਼ ਜਾ ਕੇ ਪੜਾਈ ਦੇ ਨਾਲ ਕੰਮ ਵੀ ਕਰਦੇ ਹਨ। ਜਿਸ ਕਰਕੇ ਉਹ ਆਪਣੀ ਪੜਾਈ ਦਾ ਖਰਚਾ ਕੱਢ ਲੈਂਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਵਿਦਿਆਰਥੀਅ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾ ਅੱਗੇ ਰੁਜਗਾਰ ਅਤੇ ਰਿਹਾਇਸ਼ ਦੇ ਮਸਲੇ ਖੜੇ ਹੋ ਗਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਮਹਿੰਗਾਈ ਸਭ ਹੱਦਾਂ ਬੰਨੇ ਟੱਪ ਗਈ ਹੈ। ਵਿਹਲੇ ਵਿਦਿਆਰਥੀਆਂ ਕੋਲ ਆਪਣੀਆਂ ਫੀਸਾਂ ਭਰਨ ਲਈ ਵੀ ਪੈਸੇ ਨਹੀਂ ਹੁੰਦੇ, ਜਿਸ ਲਈ ਉਹ ਭਾਰਤ ਆਪਣੇ ਮਾਪਿਆਂ ਨੂੰ ਫੀਸਾਂ ਲਈ ਪੈਸੇ ਭੇਜਣ ਲਈ ਕਹਿੰਦੇ ਹਨ, ਜਦੋਂਕਿ ਉਹਨਾਂ ਨੂੰ ਵਿਦੇਸ਼ਾਂ ਵਿੱਚ ਕੰਮ ਨਹੀਂ ਮਿਲਦੇ ਜਾਂ ਬਹੁਤ ਘੱਟ ਪੈਸੇ ਤੇ ਕੰਮ ਮਿਲਦੇ ਹਨ।
ਇਸ ਤੋਂ ਇਲਾਵਾ ਵਿਦੇਸ਼ਾਂ ਦੇ ਕਈ ਕਾਲਜਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸਾਂ ਲਗਾ ਕੇ ਪੜਾਉਣ ਦੀ ਥਾਂ ਆਨ ਲਾਈਨ ਸਿੱਖਿਆ ਦਿਤੀ ਜਾ ਰਹੀ ਹੈ, ਜਿਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਮਹਿਸੂਸ ਕਰ ਰਹੇ ਹਨ ਕਿ ਜੇ ਉਹਨਾਂ ਨੇ ਆਨਲਾਈਨ ਸਿਖਿਆ ਹੀ ਪ੍ਰਾਪਤ ਕਰਨੀ ਹੈ ਤਾਂ ਉਹਨਾਂ ਨੂੰ 25-25 ਲੱਖ ਰੁਪਏ ਖਰਚ ਕੇ ਵਿਦੇਸ਼ ਆਉਣ ਦੀ ਕੀ ਲੋੜ ਹੈ। ਆਨ ਲਾਈਨ ਸਿਖਿਆ ਤਾਂ ਉਹ ਆਪਣੇ ਦੇਸ਼ ਵਿੱਚ ਰਹਿ ਕੇ ਵੀ ਪ੍ਰਾਪਤ ਕਰ ਸਕਦੇ ਹਨ। ਇਸ ਕਾਰਨ ਵੀ ਭਾਰਤ ਦੇ ਵੱਡੀ ਗਿਣਤੀ ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ ਹੈ। ਭਾਰਤ ਵਿੱਚ ਸਿਖਿਆ ਪ੍ਰਾਪਤ ਕਰਨ ਦੇ ਇਹਨਾਂ ਵਿਦਿਆਰਥੀਆਂ ਨੂੰ ਬਹੁਤ ਫਾਇਦੇ ਹਨ। ਇਕ ਤਾਂ ਉਹਨਾਂ ਦੇ ਖਰਚੇ ਘੱਟ ਹੁੰਦੇ ਹਨ, ਦੂਜਾ ਉਹ ਆਪਣੇ ਪਰਿਵਾਰ ਦੇ ਨਾਲ ਵੀ ਰਹਿੰਦੇ ਹਨ।
ਹਾਲਾਂਕਿ ਇਹ ਰੁਝਾਨ ਤਤਕਾਲੀ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਵਿਦੇਸ਼ ਜਾ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੋਰ ਘਟੇਗੀ ਜਾਂ ਵਧੇਗੀ, ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸੇਗਾ।
ਬਿਊਰੋ
Editorial
ਹੋਲੀ ਮੌਕੇ ਹੁੰਦੀ ਕੈਮੀਕਲ ਰੰਗਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗੇ
ਹੋਲੀ ਮੌਜਮਸਤੀ ਦਾ ਤਿਉਹਾਰ ਹੈ ਅਤੇ ਲੋਕ ਇਸਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਦਿਨ ਲੋਕ ਪੁਰਾਣੀ ਦੁਸ਼ਮਣੀ ਭੁਲਾ ਕੇ ਅਤੇ ਇੱਕ ਦੂਜੇ ਤੇ ਰੰਗ ਪਾ ਕੇ ਗਲੇ ਲੱਗਦੇ ਹਨ ਅਤੇ ਇਕੱਠੇ ਹੋ ਕੇ ਖੁਸ਼ੀਆਂ ਮਣਾਉਂਦੇ ਹਨ। ਹੋਲੀ ਦਾ ਤਿਉੁਹਾਰ ਇਸੇ ਹਫਤੇ ਮਣਾਇਆ ਜਾਣਾ ਹੈ ਅਤੇ ਬਾਜਾਰਾਂ ਵਿੱਚ ਹੋਲੀ ਦੌਰਾਨ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਮਾਨ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਵਲੋਂ ਹੋਲੀ ਨਾਲ ਸਬੰਧਿਤ ਸਮਾਨ ਅਤੇ ਵੱਖ ਵੱਖ ਤਰਾਂ ਦੇ ਰੰਗ ਸਜਾ ਕੇ ਵੇਚਣ ਲਈ ਦੁਕਾਨਾਂ ਸਜਾ ਲਈਆਂ ਗਈਆਂ ਹਨ ਅਤੇ ਇਸ ਦੌਰਾਨ ਲੋਕਾਂ ਵਲੋਂ ਹੋਲੀ ਦਾ ਸਾਮਾਨ ਵੇਚਣ ਵਾਲੀਆਂ ਇਹਨਾਂ ਦੁਕਾਨਾਂ ਤੇ ਲੋਕਾਂ ਵਲੋਂ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।
ਹਰ ਸਾਲ ਅਜਿਹਾ ਵੇਖਣ ਵਿੱਚ ਆਉਂਦਾ ਹੈ ਕਿ ਹੋਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਲੋਕਾਂ ਵਲੋਂ ਆਮ ਰੰਗਾਂ ਦੀ ਥਾਂ ਕੈਮੀਕਲ ਵਾਲੇ ਜਾਂ ਤੇਜ ਅਸਰ ਵਾਲੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇਹ ਰੰਗ ਬਹੁਤ ਪੱਕੇ ਹੁੰਦੇ ਹਨ ਅਤੇ ਕਈ ਕਈ ਦਿਨ ਤਕ ਨਹੀਂ ਉਤਰਦੇ। ਇਸਦੇ ਨਾਲ ਹੀ ਇਹ ਰੰਗ ਮਨੁਖ ਦੀ ਚਮੜੀ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ ਅਤੇ ਇਹਨਾਂ ਕਾਰਨ ਅਕਸਰ ਲੋਕਾਂ ਨੂੰ ਐਲਰਜੀ ਹੋ ਜਾਂਦੀ ਹੈ ਜਾਂ ਉਹਨਾਂ ਦੀ ਚਮੜੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ। ਕਈ ਵਿਅਕਤੀਆਂ ਉਪਰ ਇਸ ਤਰਾਂ ਦੇ ਰੰਗ ਸੁੱਟਣ ਕਾਰਨ ਉਹਨਾਂ ਦੀ ਚਮੜੀ ਜਲਣ ਲੱਗਦੀ ਹੈ ਅਤੇ ਚਮੜੀ ਵਿਚ ਖਾਰਸ ਹੋਣ ਲੱਗਦੀ ਹੈ। ਕਈ ਕਈ ਦਿਨ ਤਕ ਨਾ ਉਤਰਨ ਵਾਲੇ ਇਹਨਾਂ ਰੰਗਾਂ ਕਾਰਨ ਲੋਕਾਂ ਦੀ ਚਮੜੀ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੇ ਕਪੜਿਆਂ ਤੇ ਚੜ੍ਹਿਆ ਇਹ ਪੱਕਾ ਰੰਗ ਉਤਰਦਾ ਹੀ ਨਹੀਂ ਹੈ। ਇਸ ਦੌਰਾਨ ਇਨਾਂ ਰੰਗਾਂ ਨੂੰ ਉਤਾਰਨ ਦੇ ਚੱਕਰ ਵਿੱਚ ਅਕਸਰ ਕਪੜੇ ਜਰੂਰ ਬਦਰੰਗ ਜਿਹੇ ਜਰੂਰ ਹੋ ਜਾਂਦੇ ਹਨ।
ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਕੈਮੀਕਲ ਅਤੇ ਤੇਜ ਅਸਰ ਵਾਲੇ ਰੰਗ ਭਾਰਤ ਵਿੱਚ ਨਹੀਂ ਬਣਦੇ ਅਤੇ ਇਹਨਾਂ ਨੂੰ ਚੀਨ ਤੋਂ ਮੰਗਾਇਆ ਜਾਂਦਾ ਹੈ। ਇਹਨਾਂ ਲੋਕਾਂ ਦੀ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਇਨਾਂ ਰੰਗਾਂ ਨੂੰ ਵੇਚਣ ਵਾਲੇ ਹੀ ਜਾਣਦੇ ਹੋਣਗੇ, ਪਰ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਇਹਨਾਂ ਰੰਗਾਂ ਕਾਰਨ ਅਕਸਰ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦ ੇਹਨ। ਇਸ ਤੋਂ ਇਲਾਵਾ ਹੋਲੀ ਮੌਕੇ ਕੁਝ ਸ਼ਰਾਰਤੀ ਅਨਸਰ ਰੰਗਾਂ ਦੇ ਨਾਲ ਕਾਲੇ ਤੇਲ, ਗਰੀਸ ਅਤੇ ਅਜਿਹੇ ਹੋਰ ਪਦਾਰਥਾਂ ਨੂੰ ਮਿਲਾ ਕੇ ਦੂਜਿਆਂ ਦੇ ਸ਼ਰੀਰ ਉਪਰ ਮਲ ਦਿੰਦੇ ਹਨ। ਜਿਸ ਵਿਅਕਤੀ ਦੇ ਸ਼ਰੀਰ ਉੱਪਰ ਇਹ ਗੰਦਗੀ ਮਲੀ (ਜਾਂ ਸੁੱਟੀ) ਜਾਂਦੀ ਹੈ ਉਸਨੂੰ ਭਾਰੀ ਤਕਲੀਫ ਸਹਿਣੀ ਪੈਂਦੀ ਹੈ। ਪਰੰਤੂ ਅਜਿਹਾ ਕਰਨ ਵਾਲੇ ਦੂਜਿਆਂ ਨੂੰ ਤਕਲੀਫ ਦੇ ਕੇ ਹੋਰ ਵੀ ਖੁਸ਼ ਹੁੰਦੇ ਹਨ। ਅਜਿਹੇ ਲੋਕ ਅਸਲ ਵਿੱਚ ਮਾਨਸਿਕ ਰੋਗੀ ਹੁੰਦੇ ਹਨ, ਜਿਹੜੇ ਦੂਜੇ ਲੋਕਾਂ ਨੰ ਦੁਖ ਪਹੁੰਚਾਊਣ ਲਈ ਕਿਸੇ ਨਾ ਕਿਸੇ ਬਹਾਨੇ ਦੀ ਭਾਲ ਵਿੱਚ ਰਹਿੰਦੇ ਹਨ ਅਤੇ ਹੋਲੀ ਮੌਕੇ ਆਪਣੀਆਂ ਕਾਰਵਾਈਆਂ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।
ਹੋਲੀ ਮੌਕੇ ਜਿਹੜੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ, ਉਹਨਾਂ ਰੰਗਾਂ ਵਿੱਚ ਮਿਲਾਵਟ ਵੀ ਕੀਤੀ ਜਾਂਦੀ ਹੈ ਅਤੇ ਕੁੱਝ ਲਾਲਚੀ ਕਿਸਮ ਦੇ ਦੁਕਾਨਦਾਰ ਵਧੇਰੇ ਮੁਨਾਫਾ ਕਮਾਉਣ ਲਈ ਅਸਲੀ ਰੰਗਾਂ ਵਿਚ ਨਕਲੀ ਰੰਗ ਮਿਲਾਉਂਦੇ ਹਨ ਜਾਂ ਫਿਰ ਅਸਲੀ ਕਹਿ ਕੇ ਨਕਲੀ ਰੰਗ ਵੇਚ ਦਿੰਦੇ ਹਨ। ਅਜਿਹਾ ਕਰਕੇ ਇਹ ਦੁਕਾਨਦਾਰ ਖੁਦ ਤਾਂ ਮੋਟੀ ਕਮਾਈ ਕਰਦੇ ਹਨ ਪਰ ਇਹ ਲੋਕ ਦੂਜਿਆਂ ਨੂੰ ਨਕਲੀ ਰੰਗਾਂ ਦੇ ਰੂਪ ਵਿੱਚ ਬਿਮਾਰੀਆਂ ਵੇਚਦੇ ਹਨ। ਆਮ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਹੋਲੀ ਖੇਡਣ ਲਈ ਜਿਹੜੇ ਰੰਗ ਲੈ ਕੇ ਦੇ ਰਹੇ ਹਨ, ਉਹ ਅਸਲੀ ਹਨ ਜਾਂ ਨਕਲੀ। ਇਹਨਾਂ ਰੰਗਾਂ ਵਿਚ ਕੀਤੀ ਗਈ ਮਿਲਾਵਟ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਜਿੱਦ ਅੱਗੇ ਝੁਕਦਿਆਂ ਉਹਨਾਂ ਦੀ ਪਸੰਦ ਦੇ ਰੰਗ ਖਰੀਦਣੇ ਪਂੈਦੇ ਹਨ। ਬੱਚਿਆ ਨੂੰ ਅਕਸਰ ਕੈਮੀਕਲ ਵਾਲੇ ਚਟਕੀਲੇ ਰੰਗ ਪਸੰਦ ਆਉਦੇ ਹਨ ਅਤੇ ਇਹਨਾਂ ਕੈਮੀਕਲ ਰੰਗਾਂ ਦੀ ਵੱਡੇ ਪੱਧਰ ਤੇ ਵਿਕਰੀ ਹੁੰਦੀ ਹੈ।
ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਕੈਮੀਕਲ ਵਾਲੇ, ਖਤਰਨਾਕ ਅਤੇ ਨਕਲੀ ਰੰਗਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਮਾਰਕੀਟ ਵਿਚ ਸਿਰਫ ਅਸਲੀ ਰੰਗ ਵਿਕਣ ਲਈ ਰੱਖਣ ਦਿੱਤੇ ਜਾਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹੋਲੀ ਮੌਕੇ ਆਪਣੀ ਜਾਣ ਪਹਿਚਾਣ ਵਾਲੇ ਦੁਕਾਨਦਾਰ ਤੋਂ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਰੰਗ ਖਰੀਦਣ। ਪ੍ਰਸ਼ਾਸ਼ਨ ਵਲੋਂ ਹੋਲੀ ਮੌਕੇ ਰੰਗਾਂ ਤੋਂ ਇਲਾਵਾ ਹੋਰ ਵਸਤਾਂ ਦੀ ਵਰਤੋਂ ਤੇ ਨਾਲ ਸਖਤੀ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਹੋਲੀ ਦੇ ਤਿਉਹਾਰ ਮੌਕੇ ਕਿਸੇ ਨੂੰ ਪਰੇਸ਼ਾਨ ਨਾ ਹੋਣਾ ਪਵੇ।
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International2 months ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
Editorial1 month ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
National2 months ago
ਕਪਿਲ ਸ਼ਰਮਾ, ਰੇਮੋ ਡਿਸੂਜ਼ਾ, ਸੁਗੰਧਾ ਮਿਸ਼ਰਾ ਅਤੇ ਰਾਜਪਾਲ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ