Connect with us

Editorial

ਲਗਾਤਾਰ ਪਲੀਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ

Published

on

ਦੋ ਢਾਈ ਦਹਾਕੇ ਪਹਿਲਾਂ ਤਕ ਜਦੋਂ ਸਾਡੇ ਸ਼ਹਿਰ ਦਾ ਇੰਨਾ ਜਿਆਦਾ ਪਸਾਰ ਨਹੀਂ ਹੋਇਆ ਸੀ, ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਦੀ ਗਿਣਤੀ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਸਭ ਤੋਂ ਘੱਟ ਪ੍ਰਦੂਸ਼ਨ ਵਾਲੇ ਖੇਤਰਾਂ ਵਿੱਚ ਹੁੰਦੀ ਸੀ। ਇਸ ਪੂਰੇ ਖੇਤਰ ਵਿੱਚ ਹਰ ਪਾਸੇ ਛਾਈ ਹਰਿਆਲੀ, ਸਾਫ ਸੁਥਰੀ ਹਵਾ ਅਤੇ ਪਾਣੀ ਕਾਰਨ ਇਸਨੂੰ ਪੰਜਾਬ ਦੇ ਸਭ ਤੋਂ ਚੰਗੇ ਵਾਤਾਵਰਨ ਵਾਲੇ ਖੇਤਰ ਵਿੱਚ ਗਿਣਿਆ ਜਾਂਦਾ ਸੀ। ਉਸ ਵੇਲੇ ਇਹ ਗੱਲ ਆਮ ਆਖੀ ਜਾਂਦੀ ਸੀ ਕਿ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਪੰਜਾਬੀ ਮੁਹਾਲੀ ਸ਼ਹਿਰ ਵਿੱਚ ਆਪਣਾ ਇੱਕ ਅਦਦ ਘਰ ਬਣਾਉਣ ਦਾ ਸੁਫਨਾ ਵੇਖਿਆ ਕਰਦੇ ਹਨ ਤਾਂ ਜੋ ਜਦੋਂ ਵੀ ਉਹ ਪੰਜਾਬ ਆਉਣ, ਇੱਥੋਂ ਦੇ ਸਾਫ ਸੁਥਰੇ ਵਾਤਾਵਰਨ ਦਾ ਲਾਹਾ ਲੈ ਸਕਣ ਅਤੇ ਉਸ ਸਮੇਂ ਹਰ ਵਿਅਕਤੀ ਇੱਥੇ ਆਪਣਾ ਪੱਕਾ ਟਿਕਾਣਾ ਕਰਨ ਦਾ ਚਾਹਵਾਨ ਹੁੰਦਾ ਸੀ।

ਪਰੰਤੂ ਪਿਛਲੇ 20-25 ਸਾਲਾਂ ਦੌਰਾਨ ਇੱਥੇ ਪ੍ਰਦੂਸ਼ਨ ਦੇ ਪੱਧਰ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ ਅਤੇ ਸਮੇਂ ਦੇ ਨਾਲ ਵਿਕਾਸ ਦੀ ਦੌੜ ਵਿੱਚ ਉਲਝਿਆ ਸਾਡਾ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਚਲੀ ਅੰਨ੍ਹੀ ਦੌੜ ਦੀ ਸਾਡੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਪੂਰੇ ਖੇਤਰ ਦੇ ਵਾਤਾਵਰਨ ਨੇ ਭਾਰੀ ਕੀਮਤ ਅਦਾ ਕੀਤੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਰਿਹਾ ਹੈ।

ਸ਼ਹਿਰ ਵਿੱਚ ਚਲਦੇ ਵਾਹਨਾਂ ਅਤੇ ਇੱਥੇ ਲੱਗੀਆਂ ਫੈਕਟ੍ਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂਆਂ ਹੋਵੇ ਜਾਂ ਸ਼ਹਿਰ ਦੀ ਸਫਾਈ ਦਾ ਕੰਮ ਕਰਨ ਵਾਲੇ ਕਾਮਿਆਂ ਵਲੋਂ ਦਰਖਤਾਂ ਤੋਂ ਡਿੱਗਦੇ ਪੱਤਿਆਂ ਅਤੇ ਹੋਰ ਆੜ ਕਬਾੜ ਦੀਆਂ ਢੇਰੀਆਂ ਬਣਾ ਕੇ ਉਹਨਾਂ ਨੂੰ ਅੱਗ ਲਗਾਉਣ ਦੀ ਕਾਰਵਾਈ, ਇਹ ਸਾਰੇ ਮਿਲ ਕੇ ਸਾਡੇ ਸ਼ਹਿਰ ਦੇ ਵਾਤਾਵਰਣ ਵਿੱਚ ਜਿਹੜਾ ਜ਼ਹਿਰ ਘੋਲਦੇ ਹਨ ਉਸਦਾ ਸਿੱਧਾ ਨੁਕਸਾਨ ਸ਼ਹਿਰਵਾਸੀਆਂ ਦੀ ਸਿਹਤ ਨੂੰ ਹੀ ਹੁੰਦਾ ਹੈ। ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਕੁੱਝ ਵੱਡੀਆਂ ਕੰਪਨੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਵਾਤਾਵਰਨ ਵਿੱਚ ਆਪਣਾ ਜ਼ਹਿਰੀਲਾ ਧੂਆਂ ਛੱਡਿਆ ਜਾਂਦਾ ਰਿਹਾ ਹੈ ਅਤੇ ਇਹਨਾਂ ਫੈਕਟ੍ਰੀਆਂ ਦੀ ਇਹ ਕਾਰਵਾਈ ਸ਼ਹਿਰ ਅਤੇ ਇਸਦੇ ਆਸਪਾਸ ਦੇ ਲੰਮੇ ਚੌੜੇ ਖੇਤਰ ਦੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ।

ਸ਼ਹਿਰ ਦੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦਾ ਇਹ ਜ਼ਹਿਰ ਹੌਲੀ-ਹੌਲੀ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਿਕਾਰ ਵੀ ਬਣਾ ਰਿਹਾ ਹੈ। ਸ਼ਹਿਰ ਦੇ ਵਾਤਾਵਰਣ ਦੇ ਲਗਾਤਾਰ ਗੰਧਲੇ ਹੋਣ ਦਾ ਹੀ ਅਸਰ ਹੈ ਕਿ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੇ ਵਸਨੀਕ ਵਾਤਾਵਰਣ ਵਿੱਚ ਲਗਾਤਾਰ ਵੱਧਦੇ ਜਾ ਰਹੇ ਪ੍ਰਦੂਸ਼ਨ ਦੇ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਸ਼ਹਿਰ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਸ਼ਹਿਰ ਦੇ ਵਾਤਾਵਰਨ ਵਿੱਚ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਸ਼ਹਿਰਵਾਸੀ ਇਸ ਵਾਸਤੇ ਨਾ ਸਿਰਫ ਖੁਦ ਲਾਮਬੰਦ ਹੋਣ ਬਲਕਿ ਇਕੱਠੇ ਹੋ ਕੇ ਸਰਕਾਰ ਨੂੰ ਮਜ਼ਬੂਰ ਕਰਨ ਕਿ ਉਹ ਸ਼ਹਿਰ ਦੇ ਬੁਰੀ ਤਰ੍ਹਾਂ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ। ਇਸ ਸੰਬੰਧੀ ਵਾਤਾਵਰਣ ਦੀ ਸਾਂਭ ਸੰਭਾਲ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸ਼ਹਿਰ ਦੇ ਵਾਤਾਵਰਣ ਵਿੱਚ ਘੁਲਦੇ ਜਾ ਰਹੇ ਜਹਿਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਇਆ ਜਾਂਦਾ ਹੈ ਪਰੰਤੂ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।

ਚੌਗਿਰਦੇ ਨੂੰ ਬਚਾਉਣ ਅਤੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਇਮਾਨਦਾਰੀ ਨਾਲ ਕਦਮ ਚੁੱਕੇ ਜਾਣ। ਇਸ ਲਈ ਜਿੱਥੇ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਦੀ ਲੋੜ ਹੈ ਉੱਥੇ ਹਵਾ ਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜਨਤਕ ਥਾਵਾਂ ਤੇ ਫੁਹਾਰੇ ਲਗਾਏ ਜਾਣੇ ਚਾਹੀਦੇ ਹਨ। ਸ਼ਹਿਰਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦੇ ਵਾਤਾਵਰਣ ਨੂੰ ਸੰਭਾਲਣ ਲਈ ਸਰਗਰਮ ਹਿੱਸੇਦਾਰੀ ਪਾਉਣ ਅਤੇ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਮਿਲ ਕੇ ਹੰਭਲਾ ਮਾਰਨ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

Continue Reading

Editorial

ਪੰਜਾਬ ਵਿੱਚ ਕਿਸ ਪਾਰਟੀ ਦੀ ਬਣੇਗੀ ਅਗਲੀ ਸਰਕਾਰ?

Published

on

By

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ। ਦੂਜੇ ਪਾਸੇ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ। ਰਾਜਾ ਵੜਿੰਗ ਵੀ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਬਾਰੇ ਕਈ ਵਾਰ ਕਹਿ ਚੁੱਕੇ ਹਨ। ਇਹੋ ਕੁਝ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਵੀ ਕਹਿ ਰਹੇ ਹਨ। ਭਾਜਪਾ ਦੇ ਆਗੂ ਵੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ ਅਤੇ ਭਾਜਪਾ ਦੀ ਮੋਗਾ ਰੈਲੀ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਜਿਹੜੇ ਰਾਜਾਂ ਵਿੱਚ ਭਾਜਪਾ ਨੇ ਪਹਿਲਾਂ 19 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ, ਅਗਲੀ ਵਾਰ ਉਥੇ ਭਾਜਪਾ ਦੀ ਸਰਕਾਰ ਬਣੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਪੰਜਾਬ ਵਿੱਚ 19 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਕਾਰਨ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਹੋਰ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ।

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਾਂ ਪਿਛਲੇ ਡੇਢ ਸਾਲ ਤੋਂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ ਦਲ ਬਾਦਲ ਦੀ ਹੀ ਬਣੇਗੀ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਲਈ ਪੰਜਾਬ ਵਿੱਚ ਸਿਰਫ਼ ਚੋਣਾਂ ਹੋਣ ਦੀ ਦੇਰ ਹੈ ਅਤੇ ਅਗਲੀ ਸਰਕਾਰ ਹਰ ਹਾਲਤ ਵਿੱਚ ਅਕਾਲੀ ਦਲ ਬਾਦਲ ਦੀ ਬਣੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਹੁਣੇ ਤੋਂ ਮੁੱਖ ਮੰਤਰੀ ਵਾਂਗ ਵਿਚਰਨਾ ਸ਼ੁਰੂ ਕਰ ਦਿਤਾ ਹੈ ਅਤੇ ਅਕਾਲੀ ਆਗੂਆਂ ਨੂੰ ਆਪਣੀ ਕਲਪਿਤ ਕੈਬਨਿਟ ਦੇ ਮੰਤਰੀਆਂ ਦੇ ਅਹੁਦੇ ਵੀ ਵੰਡਣੇ ਸ਼ੁਰੂ ਕਰ ਦਿਤੇ ਹਨ।

ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਰ ਸਿਆਸੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਸ ਦੀ ਰੈਲੀ ਵਿੱਚ ਸਭ ਤੋਂ ਵੱਧ ਇਕੱਠ ਹੋ ਰਿਹਾ ਹੈ। ਜਦੋਂ ਕਿ ਸਿਆਸੀ ਆਗੂ ਇਕ ਦੂਜੇ ਉਪਰ ਦੋਸ਼ ਵੀ ਲਗਾ ਰਹੇਹਨ ਕਿ ਉਹ ਰੈਲੀਆਂ ਵਿੱਚ ਵਧੇਰੇ ਇਕੱਠਾ ਦਿਖਾਉਣ ਲਈ ਦਿਹਾੜੀ ਤੇ ਬੰਦੇ ਲਿਆਉਂਦੇ ਹਨ। ਇਹਨਾਂ ਰੈਲੀਆਂ ਦੌਰਾਨ ਸਿਆਸੀ ਆਗੂਆਂ ਦਾ ਸਾਰਾ ਜੋਰ ਇੱਕ ਦੂਜੇ ਦੀ ਨਿਖੇਧੀ ਕਰਨ ਵੱਲ ਲੱਗਿਆ ਰਹਿੰਦਾ ਹੈ ਅਤੇ ਹਰ ਆਗੂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਜਾਂ ਮੰਤਰੀ ਬਣਨ ਲਈ ਕਾਹਲਾ ਦਿਖਦਾ ਹੈ। ਕਈ ਵਾਰ ਤਾਂ ਸਿਆਸੀ ਆਗੂ ਇੱਕ ਦੂਜੇ ਦੀ ਨਿਖੇਧੀ ਕਰਨ ਲਈ ਮਾਵਾਂ ਧੀਆਂ ਭੈਣਾਂ ਬਾਰੇ ਵੀ ਕੁਬੋਲ ਬੋਲ ਦਿੰਦੇ ਹਨ, ਜਿਸ ਕਾਰਨ ਅਕਸਰ ਵਿਵਾਦ ਖੜਾ ਹੋ ਜਾਂਦਾ ਹੈ।

ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਇਸ ਸਮੇਂ ਪੰਜਾਬ ਦੇ ਖੇਤਾਂ ਵਿੱਚ ਕਣਕ ਦੀ ਫਸਲ ਪੱਕ ਗਈ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਅਤੇ ਮਜਦੂਰ ਵਾਢੀ ਵਿੱਚ ਰੁਝ ਗਏ ਹਨ। ਕਈ ਇਲਾਕਿਆਂ ਵਿੱਚ ਫਸਲ ਦੀ ਕਟਾਈ ਦਾ ਕੰਮ ਚਲ ਰਿਹਾ ਹੈ, ਜਦੋਂ ਕਿ ਕੁਝ ਇਲਾਕਿਆਂ ਵਿਚ ਕਣਕ ਦੀ ਫਸਲ ਵਿਕਣ ਲਈ ਵੀ ਆ ਗਈ ਹੈ।

ਇਸ ਵੇਲੇ ਕਿਸਾਨਾਂ ਕੋਲ ਸਿਆਸੀ ਰੈਲੀਆਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਪਰ ਇਸ ਦੇ ਬਾਵਜੂਦ ਵੱਖ ਵੱਖ ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਪਿਛਲੇ ਦਿਨੀਂ ਬਰਸਾਤ ਪੈਣ ਕਾਰਨ ਕਿਸਾਨਾਂ ਦੀ ਕਾਫੀ ਫਸਲ ਖਰਾਬ ਹੋ ਗਈ ਹੈ, ਜਿਸ ਕਰਕੇ ਮੰਡੀਆਂ ਵਿੱਚ ਫਸਲ ਵੇਚਣ ਲਈ ਕਿਸਾਨਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਬਰਸਾਤ ਕਾਰਨ ਖਰਾਬ ਹੋਈਆਂ ਫਸਲਾਂ ਤੇ ਵੀ ਸਿਆਸੀ ਆਗੂਆਂ ਵੱਲੋਂ ਸਿਆਸਤ ਸ਼ੁਰੂ ਕਰ ਦਿਤੀ ਗਈ ਹੈ। ਜਿਥੇ ਪੰਜਾਬ ਦੇ ਮੁੱਖ ਮੰਤਰੀ ਨੇ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਲਈ ਗਿਰਦਾਵਰੀਆਂ ਕਰਵਾਉਣ ਦੇ ਹੁਕਮ ਦੇ ਦਿਤੇ ਹਨ। ਉਥੇ ਵੱਖ ਵੱਖ ਸਿਆਸੀ ਆਗੂ ਵੀ ਕਿਸਾਨਾਂ ਨਾਲ ਹੇਜ ਜਤਾ ਰਹੇ ਹਨ। ਅਸਲ ਵਿੱਚ ਸਾਰੇ ਸਿਆਸੀ ਆਗੂ ਕਿਸਾਨਾਂ ਦੀ ਖਰਾਬ ਹੋਈ ਫਸਲ ਬਾਰੇ ਬੋਲ ਕੇ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਦਾ ਯਤਨ ਕਰ ਰਹੇ ਹਨ।

ਜਮੀਨੀ ਹਾਲਾਤ ਇਹ ਹਨ ਕਿ ਕਣਕ ਦੀ ਫਸਲ ਦੀ ਕਟਾਈ ਅਤੇਮੰਡੀਆਂ ਵਿੱਚ ਪਹਬੁੰਚਦੀ ਫਸਲ ਦੌਰਾਨ ਕਿਸਾਨਾਂ ਦੇ ਨਾਲ ਨਾਲ ਖੇਤੀ ਨਾਲ ਜੁੜੇ ਲੋਕ ਪੰਜਾਬ ਦੇ ਵੱਡੀ ਗਿਣਤੀ ਲੋਕ ਇਸ ਕੰਮ ਵਿੱਚ ਰੁਝ ਗਏ ਹਨ ਅਤੇ ਇਸ ਵੇਲੇ ਉਹਨਾਂ ਕੋਲ ਪੰਜਾਬ ਦੀ ਅਗਲੀ ਸਰਕਾਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਵਿੱਚ ਅਗਲੀ ਸਰਕਾਰ ਬਣਨ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਹਵਾ ਹਵਾਈ ਹੀ ਕਿਹਾ ਜਾ ਸਕਦਾ ਹੈ।

ਬਿਊਰੋ

Continue Reading

Editorial

ਜਾਗਰੂਕਤਾ ਅਤੇ ਜਾਣਕਾਰੀ ਦੀ ਘਾਟ ਕਾਰਨ ਠੱਗੇ ਜਾਂਦੇ ਹਨ ਵਿਦੇਸ਼ ਜਾਣ ਦੇ ਚਾਹਵਾਨ ਲੋਕ

Published

on

By

ਅੱਜਕੱਲ ਪੰਜਾਬ ਵਿੱਚ ਵਿਦੇਸ਼ਾਂ ਤੋਂ ਆਉਂਦੇ ਡਾਲਰਾਂ ਅਤੇ ਉਹਨਾਂ ਕਾਰਨ ਪੰਜਾਬ ਦੀ ਆਰਥਿਕਤਾ ਦੇ ਮਜਬੂਤ ਹੋਣ ਦੀ ਚਰਚਾ ਹੋ ਰਹੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਪੰਜਾਬ ਤੋਂ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਰਹਿ ਕੇ ਕੋਈ ਨਾ ਕੋਈ ਕੰਮ ਧੰਦਾ ਕਰਨ ਲੱਗ ਪਏ ਹਨ ਪਰੰਤੂ ਇਸਦੇ ਬਾਵਜੂਦ ਹਰ ਸਾਲ ਡੇਢ ਲੱਖ ਪੰਜਾਬੀ ਵਿਦੇਸ਼ ਜਾ ਰਹੇ ਹਨ, ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਪੰਜਾਬੀਆਂ ਵਿੱਚ ਅਜੇ ਵੀ ਵਿਦੇਸ਼ ਜਾਣ ਦਾ ਰੁਝਾਨ ਜਾਰੀ ਹੈ।

ਮੀਡੀਆ ਵਿੱਚ ਅਕਸਰ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ ਜਿਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਚੁਸਤ ਟ੍ਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਪੰਜਾਬੀਆਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਲੁੱਟ ਲਿਆ ਜਾਂਦਾ ਹੈ। ਇਹ ਏਜੰਟ ਵਿਦੇਸ਼ ਭੇਜਣ ਲਈ ਲੋਕਾਂ ਤੋਂ ਲੱਖਾਂ ਰੁਪਏ ਲੈ ਲੈਂਦੇ ਹਨ ਪਰ ਇਹ ਏਜੰਟ ਨਾ ਤਾਂ ਇਹਨਾਂ ਲੋਕਾਂ ਨੂੰ ਵਿਦੇਸ਼ ਭੇਜਦੇ ਹਨ ਤੇ ਨਾ ਹੀ ਪੈਸੇ ਵਾਪਸ ਕਰਦੇ ਹਨ, ਜਿਸ ਕਰਕੇ ਵੱਡੀ ਗਿਣਤੀ ਲੋਕਾਂ ਨਾਲ ਠੱਗੀ ਹੋ ਜਾਂਦੀ ਹੈ।

ਪੰਜਾਬ ਦੇ ਵੱਡੀ ਗਿਣਤੀ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਜ਼ਿਆਦਾਤਰ ਲੋਕ ਅਨਪੜ੍ਹ ਵੀ ਹਨ, ਜੋ ਕਿ ਪੜੇ ਲਿਖੇ ਪੰਜਾਬੀਆਂ ਅਤੇ ਵਿਦਿਆਰਥੀਆਂ ਵਾਂਗ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਇਹਨਾਂ ਅਨਪੜ ਅਤੇ ਘੱਟ ਪੜੇ ਲਿਖੇ ਪੰਜਾਬੀਆਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਅਸਲੀ ਭਾਵ ਸਰਕਾਰ ਜਾਂ ਪ੍ਰਸ਼ਾਸਨ ਕੋਲ ਰਜਿਸਟਰਡ ਟ੍ਰੈਵਲ ਏਜੰਟ ਕਿਹੜਾ ਹੈ ਅਤੇ ਗੈਰ ਰਜਿਸਟਰਡ ਏਜੰਟ ਕਿਹੜਾ ਹੈ। ਐਸ ਏ ਐਸ ਨਗਰ ਮੁਹਾਲੀ ਅਤੇ ਜਲੰਧਰ ਦੇ ਪ੍ਰਸ਼ਾਸਨ ਵੱਲੋਂ ਤਾਂ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ ਜਨਤਕ ਕੀਤੀ ਹੋਈ ਹੈ, ਜਿਸ ਕਾਰਨ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਸਰਗਰਮ ਏਜੰਟਾਂ ਬਾਰੇ ਪਤਾ ਚੱਲ ਜਾਂਦਾ ਹੈ ਕਿ ਉਹ ਪ੍ਰਸ਼ਾਸਨ ਕੋਲ ਰਜਿਸਟਰਡ ਹਨ ਜਾਂ ਨਹੀਂ ਪਰ ਹੋਰਨਾਂ ਸ਼ਹਿਰਾਂ ਵਿੱਚ ਪ੍ਰਸ਼ਾਸਨ ਵੱਲੋਂ ਅਜਿਹੀ ਕੋਈ ਸੂਚੀ ਜਨਤਕ ਨਹੀਂ ਕੀਤੀ ਗਈ ਜਿਸ ਕਾਰਨ ਹੋਰ ਸ਼ਹਿਰਾਂ ਖਾਸ ਕਰਕੇ ਛੋਟੇ ਤੇ ਦਰਮਿਆਨੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਗੈਰ ਰਜਿਸਟਰਡ ਟ੍ਰੈਵਲ ਏਜੰਟ ਸਰਗਰਮ ਹਨ, ਜੋ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦਾਅਵਾ ਕਰਦੇ ਹਨ।

ਇਹਨਾਂ ਟ੍ਰੈਵਲ ਏਜੰਟਾਂ ਵੱਲੋਂ ਆਪਣੇ ਬੰਦੇ ਵੀ ਫੀਲਡ ਵਿੱਚ ਛੱਡੇ ਹੋਏ ਹਨ ਜੋ ਕਿ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਪਾਰਕਾਂ ਵਿੱਚ ਬੈਠੇ ਲੋਕਾਂ ਕੋਲ ਜਾ ਕੇ ਆਪਣੇ ਮਾਲਕ ਟ੍ਰੈਵਲ ਏਂਜਟਾਂ ਦੇ ਗੁਣ ਗਾਉਂਦੇ ਹਨ ਅਤੇ ਆਮ ਲੋਕਾਂ ਨੂੰ ਉਹਨਾਂ ਦੇ ਟ੍ਰੇਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਲਈ ਉਕਸਾਉਂਦੇ ਹਨ। ਇਹਨਾਂ ਟ੍ਰੇਵਲ ਏਜੰਟਾਂ ਵੱਲੋਂ ਆਮ ਲੋਕਾਂ ਕੋਲ ਕਈ ਤਰ੍ਹਾਂ ਦੇ ਦਾਅਵੇ ਅਤੇ ਵਾਅਦੇ ਵੀ ਕੀਤੇ ਜਾਂਦੇ ਹਨ। ਇਹਨਾਂ ਵੱਲੋਂ ਅਜਿਹੇ ਲੋਕਾਂ ਨੂੰ ਵੀ ਵਿਦੇਸ਼ ਭੇਜਣ ਦਾ ਦਾਅਵਾ ਕੀਤਾ ਜਾਂਦਾ ਹੈ ਜਿਹਨਾਂ ਨੂੰ ਕਿਸੇ ਕਾਰਨ ਵੀਜ਼ੇ ਨਹੀਂ ਮਿਲਦੇ।

ਇਹ ਗੈਰ ਰਜਿਸਟਰਡ ਟ੍ਰੈਵਲ ਏਜੰਟ ਆਪਣੇ ਬੰਦਿਆਂ ਰਾਹੀਂ ਗਾਹਕ ਫਸਾਉਂਦੇ ਹਨ ਅਤੇ ਉਹਨਾਂ ਤੋਂ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਦਿੰਦੇ ਹਨ। ਕੁਝ ਲੋਕਾਂ ਨੂੰ ਇਹ ਸਹੀ ਤਰੀਕੇ ਨਾਲ ਵਿਦੇਸ਼ ਭੇਜ ਵੀ ਦਿੰਦੇ ਹਨ ਤਾਂ ਲੋਕਾਂ ਉਪਰ ਇਹਨਾਂ ਦਾ ਵਿਸ਼ਵਾਸ ਬਣਿਆ ਰਹੇ। ਇਸ ਤੋਂ ਇਲਾਵਾ ਇਹ ਏਜੰਟ ਡੰਕੀ ਰੂਟ ਰਾਹੀਂ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਦਾਅਵਾ ਕਰਦੇ ਹਨ ਅਤੇ ਲੱਖਾਂ ਰੁਪਏ ਲੈ ਕੇ ਇਹਨਾਂ ਲੋਕਾਂ ਨੂੰ ਡੰਕੀ ਰੂਟ ਤੇ ਭੇਜ ਦਿੰਦੇ ਹਨ। ਫਿਰ ਡੰਕੀ ਰੂਟ ਰਾਹੀਂ ਅਮਰੀਕਾ ਅਤੇ ਯੂਰੋਪ ਜਾਣ ਵਾਲੇ ਲੋਕਾਂ ਨਾਲ ਜੋ ਬੀਤਦੀ ਹੈ, ਉਹ ਸਭ ਨੂੰ ਪਤਾ ਹੀ ਹੈ।

ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ ਜਾਣ ਲਈ ਟ੍ਰੈਵਲ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਇਹ ਪਤਾ ਕਰ ਲੈਣ ਕਿ ਇਹ ਟ੍ਰੈਵਲ ਏਜੰਟ ਸਰਕਾਰ ਜਾਂ ਪ੍ਰਸ਼ਾਸਨ ਕੋਲ ਰਜਿਸਟਰਡ ਵੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਸਹੀ ਅਤੇ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣਾ ਚਾਹੀਦਾ ਹੈ। ਇਸੇ ਵਿੱਚ ਉਨਾਂ ਦੀ ਭਲਾਈ ਹੈ।

ਬਿਊਰੋ

Continue Reading

Editorial

ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਸਮੱਸਿਆ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕੰਮ ਕਰਨ ਦੀ ਲੋੜ

Published

on

By

ਪਿਛਲੇ ਦਹਾਕਿਆਂ ਦੌਰਾਨ ਧਰਤੀ ਦੇ ਵਾਤਾਵਰਨ ਵਿਚਲੇ ਤਾਪਮਾਨ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਦੇ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦਾ ਮੁੱਦਾ ਇਸ ਵੇਲੇ ਪੂਰੀ ਦੁਨੀਆ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਗਲੋਬਲ ਵਾਰਮਿੰਗ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਰੁੱਤਾਂ ਅਤੇ ਮੌਸਮ ਆਪਣਾ ਸਮਾਂ ਬਦਲ ਰਹੇ ਹਨ ਉੱਥੇ ਕਈ ਤਰ੍ਹਾਂ ਦੇ ਵਾਤਾਵਰਨ ਵਿਗਾੜ ਵੀ ਸਾਹਮਣੇ ਆ ਰਹੇ ਹਨ। ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਕਾਰਨ ਜਿੱਥੇ ਧਰਤੀ ਦੀ ਸਤਹਿ ਦਾ ਤਾਪਮਾਨ ਵਧ ਰਿਹਾ ਹੈ ਉੱਥੇ ਇਸ ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੋਇਆ ਹੈ।

ਇਸ ਦੌਰਾਨ ਜਿੱਥੇ ਗਰਮੀਆਂ ਦੇ ਮੌਸਮ ਦੌਰਾਨ ਇੰਤਹਾ ਗਰਮੀ ਪੈਣ ਲੱਗ ਗਈ ਹੈ ਉੱਥੇ ਸਰਦੀ ਦੇ ਮੌਸਮ ਵਿੱਚ ਪਹਿਲਾਂ ਦੇ ਮੁਕਾਬਲੇ ਠੰਡ ਵੀ ਜਿਆਦਾ ਪੈਂਦੀ ਹੈ। ਇਸੇ ਤਰ੍ਹਾਂ ਕਦੇ ਬਹੁਤ ਜਿਆਦਾ ਬਰਸਾਤ ਹੋ ਜਾਂਦੀ ਹੈ ਅਤੇ ਕਦੇ ਸੋਕੇ ਦੀ ਨੌਬਤ ਆ ਜਾਂਦੀ ਹੈ। ਵਿਗਿਆਨੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਗਲੋਬਲ ਵਾਰਮਿੰਗ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਮੁੰਦਰ ਨੇੜਲੇ ਇਲਾਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣਗੇ ਅਤੇ ਅਜਿਹਾ ਹੋਣਾ ਸ਼ੁਰੂ ਵੀ ਹੋ ਚੁੱਕਿਆ ਹੈ। ਜਾਹਿਰ ਹੈ ਕਿ ਜੇਕਰ ਅਸੀਂ ਹੁਣੇ ਵੀ ਨਾ ਸੰਭਲੇ ਤਾਂ ਲਗਾਤਾਰ ਵੱਧਦੀ ਇਸ ਗਲੋਬਲ ਵਾਰਮਿੰਗ ਨੇ ਦੁਨੀਆ ਦੇ ਜੀਵਨ ਚੱਕਰ ਨੂੰ ਹੀ ਖਤਮ ਕਰ ਦੇਣਾ ਹੈ।

ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਦੀ ਇਸ ਸਮੱਸਿਆ ਲਈ ਅੱਜ ਦਾ ਇਨਸਾਨ ਹੀ ਸਭ ਤੋਂ ਵੱਧ ਜਿੰਮੇਵਾਰ ਹੈ ਜਿਸਨੇ ਆਪਣੇ ਨਿਜੀ ਲਾਲਚ ਅਤੇ ੁਸਵਾਰਥ ਦੀ ਪੂਰਤੀ ਲਈ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਹੈ। ਸਾਡੀਆਂ ਇਹਨਾਂ ਕਾਰਵਾਈਆਂ ਨੇ ਧਰਤੀ ਤੋਂ ਦਰਖਤਾਂ ਦੇ ਪੂਰੇ ਦੇ ਪੂਰੇ ਜੰਗਲ ਗਾਇਬ ਕਰ ਦਿਤੇ ਹਨ ਅਤੇ ਹਾਲਾਤ ਇਹ ਹਨ ਕਿ ਜਿੱਥੇ ਇੱਕ ਪਾਸੇ ਸੰਸਾਰ ਭਰ ਵਿੱਚ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟ ਰਿਹਾ ਹੈ ਉੱਥੇ ਦੂਜੇ ਪਾਸੇ ਮਨੁੱਖ ਵਲੋਂ ਚਲਾਏ ਜਾ ਰਹੇ ਉਦਯੋਗਾਂ ਅਤੇ ਸੜਕਾਂ ਤੇ ਚਲਦੇ ਵਾਹਨਾਂ ਵਿੱਚੋਂ ਨਿਕਲਣ ਵਾਲਾ ਜਹਿਰੀਲਾ ਧੂੰਆਂ ਸਾਡੇ ਵਾਤਾਵਰਨ ਵਿੱਚ ਫੈਲ ਕੇ ਪੂਰੇ ਵਾਤਾਵਰਨ ਨੂੰ ਗੰਧਲਾ ਕਰ ਰਿਹਾ ਹੈ।

ਇਸੇ ਦਾ ਨਤੀਜਾ ਹੈ ਕਿ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਧਰਤੀ ਦੇ ਵਾਤਾਵਰਨ ਵਿੱਚ ਆਉਣ ਤੋਂ ਰੋਕਣ ਵਾਲੀ ਓਜੋਨ ਪਰਤ ਦਾ ਛੇਦ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਸਾਡੇ ਆਲੇ ਦੁਆਲੇ ਪ੍ਰਦੂਸ਼ਨ ਇੰਨਾ ਜਿਆਦਾ ਵੱਧ ਚੁੱਕਿਆ ਹੈ ਕਿ ਕੁਝ ਦੂਰੀ ਤੋਂ ਬਾਅਦ ਅਕਸਰ ਧੂੰਦਲਾ ਦਿਖਾਈ ਦਿੰਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ 2020 ਵਿੱਚ ਆਈ ਕੋਰੋਨਾ ਦੀ ਮਹਾਮਾਰੀ ਤੇ ਕਾਬੂ ਕਰਨ ਲਈ ਜਦੋਂ ਦੇਸ਼ ਭਰ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਇਆ ਗਿਆ ਸੀ ਅਤੇ ਸਭ ਕੁਝ ਬੰਦ ਹੋ ਗਿਆ ਸੀ ਉਸ ਵੇਲੇ ਵਾਤਾਵਰਨ ਵਿੱਚ ਕਾਫੀ ਸੁਧਾਰ ਹੋਇਆ ਸੀ ਅਤੇ ਪੰਜਾਬ ਵਾਸੀਆਂ ਨੂੰ ਦੂਰ ਦੇ ਪਹਾੜ ਵੀ ਬਹੁਤ ਸਾਫ ਸੁਥਰੇ ਨਜਰ ਆਉਣ ਲੱਗ ਪਏ ਸਨ। ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਜੀਵਨ ਆਮ ਵਾਂਗ ਹੁੰਦਾ ਗਿਆ, ਪ੍ਰਦੂਸ਼ਨ ਦਾ ਪੱਧਰ ਵੀ ਲਗਾਤਾਰ ਵੱਧਦਾ ਗਿਆ ਅਤੇ ਹੁਣ ਫਿਰ ਹਾਲ ਹੋ ਗਿਆ ਹੈ ਕਿ ਹਰ ਪਾਸੇ ਸਾਨੂੰ ਧੂੰਆਂ ਅਤੇ ਧੂੜ ਮਿੱਟੀ ਉੱਡਦੀ ਦਿਖਦੀ ਹੈ।

ਵਾਤਾਵਰਨ ਵਿੱਚ ਲਗਾਤਾਰ ਵੱਧਦੇ ਇਸ ਪ੍ਰਦੂਸ਼ਣ ਵਾਸਤੇ ਖੁਦ ਮਨੁੱਖ ਹੀ ਜਿੰਮੇਵਾਰ ਹੈ ਜਿਸਨੇ ਆਪਣੇ ਲਾਲਚ ਅਤੇ ਦੁਨੀਆਵੀ ਸੁਖਾਂ ਲਈ ਕੁਦਰਤੀ ਸਰੋਤਾਂ ਦਾ ਦੋਹਨ ਕਰਕੇ ਵਾਤਾਵਰਨ ਨੂੰ ਤਬਾਹ ਕਰਨ ਦਾ ਕੰਮ ਕੀਤਾ ਹੈ। ਮੈਦਾਨੀ ਇਲਾਕਿਆਂ ਵਿੱਚ ਜਿਥੇ ਮਨੁੱਖ ਵਲੋਂ ਫੈਕਟਰੀਆਂ ਅਤੇ ਵਾਹਨਾਂ ਰਾਹੀਂ ਵਾਤਾਵਰਨ ਵਿੱਚ ਜਹਿਰੀਲਾ ਧੂਆਂ ਅਤੇ ਕਈ ਤਰ੍ਹਾਂ ਦੇ ਕੈਮੀਕਲ ਛੱਡ ਕੇ ਵਾਤਾਵਰਨ ਵਿੱਚ ਜਹਿਰ ਘੋਲਿਆ ਜਾ ਰਿਹਾ ਹੈ, ਉਥੇ ਪਹਾੜੀ ਇਲਾਕਿਆਂ ਵਿੱਚ ਪਹਾੜਾਂ ਦੀਆਂ ਜੜਾਂ ਵਿਚੋਂ ਖਣਿਜ ਪਦਾਰਥਾਂ ਦਾ ਦੋਹਨ ਕਰਕੇ ਪਹਾੜ ਵੀ ਖੋਖਲੇ ਕਰ ਦਿੱਤੇ ਗਏ ਹਨ, ਜਿਸ ਕਰਕੇ ਅਕਸਰ ਪਹਾੜ ਟੁੱਟ ਕੇ ਡਿੱਗਣ ਲੱਗ ਪਏ ਹਨ ਅਤੇ ਇਸ ਕਾਰਨ ਵੀ ਭਾਰੀ ਨੁਕਸਾਨ ਹੋ ਰਿਹਾ ਹੈ।

ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਪੂਰੇ ਸੰਸਾਰ ਵਿੱਚ ਪ੍ਰਦੂਸ਼ਨ ਨੂੰ ਰੋਕਣ ਲਈ ਸਾਂਝੇ ਉਪਰਾਲੇ ਤਹਿਤ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਅਤੇ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਅਤੇ ਇਸ ਵਾਸਤੇ ਜੰਗੀ ਪੱਧਰ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਪ੍ਰਦੂਸ਼ਨ ਦੇ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗਲੋਬਲ ਵਾਰਮਿੰਗ ਤੋਂ ਬਚਣ ਲਈ ਹਰ ਮਨੁੱਖ ਨੂੰ ਅੱਗੇ ਆ ਕੇ ਪਹਿਲ ਕਰਨੀ ਪੈਣੀ ਹੈ ਤਾਂ ਹੀ ਅਸੀਂ ਆਪਣੀ ਇਸ ਦੁਨੀਆ ਨੂੰ ਬਚਾ ਸਕਦੇ ਹਾਂ।

Continue Reading

Latest News

Trending