Chandigarh
ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਅੰਦਰ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ
ਖਨੌਰੀ ਬਾਰਡਰ ਤੇ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਐਸ ਆਈ ਟੀ ਬਣਾਉਣ ਦੇ ਹੁਕਮ
ਚੰਡੀਗੜ੍ਹ, 10 ਜੁਲਾਈ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸ਼ੰਭੂ ਬਾਰਡਰ ਤੇ ਬੰਦ ਰਾਹ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਈਕੋਰਟ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਇਕ ਹਫ਼ਤੇ ਦੇ ਅੰਦਰ ਬੈਰੀਕੇਡ ਹਟਾ ਲਵੇ। ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਅੰਦਰ ਸੜਕ ਸਾਫ਼ ਕਰਨ ਅਤੇ ਬੈਰੀਕੇਟ ਹਟਾਉਣ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਕਿਹਾ ਕਿ ਸਰਹੱਦ ਤੇ ਸਥਿਤੀ ਸਾਫ਼ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ। ਇਸ ਲਈ ਉਨ੍ਹਾਂ ਨੂੰ ਦਿੱਲੀ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਖਨੌਰੀ ਬਾਰਡਰ ਤੇ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਐਸਆਈਟੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।
ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਮੌਤ ਦੇ ਮਾਮਲੇ ਵਿੱਚ ਹਾਈਕੋਰਟ ਵਿਚ ਦਾਖਲ ਕੀਤੀ ਗਈ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸ਼ੁੱਭਕਰਨ ਦੀ ਮੌਤ ਪੁਲੀਸ ਵਲੋਂ ਚਲਾਈ ਗਈ ਗੋਲ਼ੀ ਨਾਲ ਨਹੀਂ ਸਗੋਂ ਸ਼ਾਟ ਗੰਨ ਨਾਲ ਹੋਈ ਹੈ। ਹਾਈਕੋਰਟ ਨੇ ਟਿੱਪਣੀ ਕਰਦਿਆਂ ਆਖਿਆ ਕਿ ਸ਼ੁੱਭਕਰਨ ਦੀ ਮੌਤ ਸ਼ਾਟ ਗੰਨ ਨਾਲ ਹੋਈ ਹੈ ਅਤੇ ਪੁਲੀਸ ਕਦੇ ਵੀ ਸ਼ਾਟ ਗੰਨ ਦੀ ਵਰਤੋਂ ਨਹੀਂ ਕਰਦੀ ਹੈ। ਫਿਲਹਾਲ ਇਹ ਗੋਲ਼ੀ ਕਿੱਥੋਂ ਅਤੇ ਕਿਸ ਵਲੋਂ ਚਲਾਈ ਗਈ ਹੈ, ਇਹ ਜਾਂਚ ਦਾ ਵਿਸ਼ਾ ਹੈ। ਐਸ. ਆਈ. ਟੀ. ਪੂਰੇ ਮਾਮਲੇ ਦੀ ਜਾਂਚ ਵਿੱਚ ਅਤੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
ਇਸ ਸੰਬੰਧੀ ਅੰਬਾਲਾ ਨਿਵਾਸੀ ਐਡਵੋਕੇਟ ਵਾਸੂ ਸ਼ਾਂਡਿਲਿਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਡੱਲੇਵਾਲ ਸਮੇਤ ਕੇਂਦਰ, ਹਰਿਆਣਾ ਅਤੇ ਪੰਜਾਬ ਨੂੰ ਧਿਰ ਬਣਾਇਆ ਗਿਆ ਸੀ। ਜਿਕਰਯੋਗ ਹੈ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਕਾਰਨ ਪਿਛਲੇ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਧਰਨਾ ਲਾਇਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ। ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਕੂਚ ਕਰਨਾ ਚਾਹੁੰਦੇ ਸਨ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਨੇ ਇੱਥੇ 7 ਲੇਅਰ ਬੈਰੀਕੇਡਿੰਗ ਕੀਤੀ ਹੋਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਨੈਸ਼ਨਲ ਹਾਈਵੇ-44 ਕਰੀਬ ਪੰਜ ਮਹੀਨਿਆਂ ਤੋਂ ਬੰਦ ਪਿਆ ਹੈ।
ਇਸਤੋਂ ਪਹਿਲਾਂ ਅੰਬਾਲਾ ਦੇ ਕਾਰੋਬਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲ੍ਹਣ ਲਈ ਮੁਹਿੰਮ ਚਲਾਈ ਸੀ। ਵਪਾਰੀਆਂ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਵਪਾਰੀਆਂ ਦੀ ਮੰਗ ਸੀ ਕਿ ਬਾਰਡਰ ਬੰਦ ਹੋਣ ਕਾਰਨ ਅੰਬਾਲਾ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ 10 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਤੋਂ ਹੀ ਸ਼ੰਭੂ ਬਾਰਡਰ ਬੰਦ ਹੈ ਅਤੇ ਲੋਕ ਪੰਜਾਬ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਪੰਜਾਬ ਜਾਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਲਈ ਮਜਬੂਰ ਹਨ।
ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣ ਅਤੇ ਬੈਰੀਕੇਡਿੰਗ ਹਟਾਉਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਾਈਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਹੈ ਕਿ ਜੇਕਰ ਬੈਰੀਕੇਡਿੰਗ ਖੁੱਲ੍ਹਦੀ ਹੈ ਤਾਂ ਅਸੀਂ ਦਿੱਲੀ ਜਾਵਾਂਗੇ। ਉਹਨਾਂ ਕਿਹਾ ਕਿ ਅਸੀਂ ਦਿੱਲੀ ਜਾਣ ਲਈ ਹੀ ਘਰੋਂ ਨਿਕਲੇ ਸੀ ਅਤੇ ਦਿੱਲੀ ਹੀ ਜਾਵਾਂਗੇ। ਡੱਲੇਵਾਲ ਨੇ ਕਿਹਾ ਕਿ ਹਾਈਕੋਰਟ ਦੇ ਇਸ ਫ਼ੈਸਲੇ ਤੋਂ ਸਾਫ ਹੋ ਗਿਆ ਹੈ ਕਿ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਹਰਿਆਣਾ ਸਰਕਾਰ ਨੇ ਬੇਕਸੂਰ ਕਿਸਾਨਾਂ ਤੇ ਗੋਲ਼ੀਆਂ ਚਲਾਈਆਂ, ਜਿਸ ਵਿਚ ਸਾਡਾ ਨੌਜਵਾਨ ਸ਼ੁੱਭਕਰਨ ਸ਼ਹੀਦ ਹੋ ਗਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਅਦਾਲਤ ਨੂੰ ਸਪੱਸ਼ਟ ਕੀਤਾ ਸੀ ਕਿ ਅਸੀਂ ਰਾਹ ਨਹੀਂ ਰੋਕਿਆ ਹੋਇਆ, ਬੈਰੀਕੇਡਿੰਗ ਕੇਂਦਰ ਅਤੇ ਹਰਿਆਣਾ ਸਰਕਾਰ ਵਲੋਂ ਹੋਈ ਹੈ ਅਤੇ ਇਸੇ ਗੱਲ ਤੇ ਅਦਾਲਤ ਨੇ ਅੱਜ ਮੋਹਰ ਲਾਈ ਹੈ। ਪੰਧੇਰ ਨੇ ਕਿਹਾ ਕਿ ਅਸੀਂ 16 ਜੁਲਾਈ ਨੂੰ ਮੀਟਿੰਗ ਸੱਦੀ ਹੈ, ਜਿਸ ਵਿੱਚ ਇਸ ਬਾਰੇ ਸੋਚ-ਵਿਚਾਰ ਕੀਤਾ ਜਾਵੇਗਾ।
Chandigarh
ਵਿਜੀਲੈਂਸ ਬਿਊਰੋ ਵੱਲੋਂ 10000 ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲਾ ਨਿੱਜੀ ਸੁਰੱਖਿਆ ਗਾਰਡ ਗ੍ਰਿਫ਼ਤਾਰ
ਚੰਡੀਗੜ੍ਹ, 16 ਜਨਵਰੀ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਸਿਵਲ ਹਸਪਤਾਲ ਜਲੰਧਰ ਵਿੱਚ ਤਾਇਨਾਤ ਇੱਕ ਨਿੱਜੀ ਸੁਰੱਖਿਆ ਗਾਰਡ ਨਰਿੰਦਰ ਕੁਮਾਰ, ਵਾਸੀ ਪਿੰਡ ਚੱਕ ਸਾਧੂ ਵਾਲਾ (ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਇੱਕ ਪੀ ਸੀ ਐਮ ਐਸ ਡਾਕਟਰ ਦੇ ਨਾਮ ਤੇ 10,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਲਾਂਵਾਲਾ ਖਾਸ ਦੇ ਵਸਨੀਕ ਲੋਕੇਸ਼ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਆਪਣੀ ਰਿਸ਼ਤੇਦਾਰ ਲਈ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਲਈ ਸਿਵਲ ਸਰਜਨ ਜਲੰਧਰ ਦੇ ਦਫ਼ਤਰ ਵਿੱਚ ਇੱਕ ਆਰਥੋਪੀਡਿਕਸ ਮਾਹਰ ਕੋਲ ਪਹੁੰਚ ਕੀਤੀ ਸੀ ਪਰ ਈ-ਟਰਾਈਸਾਈਕਲ ਖਰੀਦਣ ਲਈ ਉਹ ਲੋੜੀਂਦੀ ਅਪੰਗਤਾ ਫੀਸਦ ਪ੍ਰਾਪਤ ਨਹੀਂ ਕਰ ਸਕੀ ਸੀ।
ਸ਼ਿਕਾਇਤ ਕਰਤਾ ਅਨੁਸਾਰ ਬਾਅਦ ਵਿੱਚ ਸਬੰਧਤ ਡਾਕਟਰ ਦੇ ਦਫ਼ਤਰ ਦੇ ਬਾਹਰ ਤਾਇਨਾਤ ਕੀਤੇ ਉਕਤ ਸੁਰੱਖਿਆ ਗਾਰਡ ਨੇ ਅਪੰਗਤਾ ਸਰਟੀਫਿਕੇਟ ਦੀ ਫ਼ੀਸਦ ਵਧਾਉਣ ਬਦਲੇ 10000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਆਪਣੇ ਫ਼ੋਨ ਤੇ ਰਿਕਾਰਡ ਕਰ ਲਈ ਸੀ ਜਿਸਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਜਮ੍ਹਾਂ ਕਰਵਾ ਦਿੱਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਤਸਦੀਕ ਦੌਰਾਨ ਇਹ ਦਰੁਸਤ ਪਾਏ ਗਏ ਹਨ ਕਿਉਂਕਿ ਇਨ੍ਹਾਂ ਨੂੰ ਮੌਖਿਕ ਸਬੂਤਾਂ ਦੇ ਨਾਲ-ਨਾਲ ਗੱਲਬਾਤ ਦੀ ਰਿਕਾਰਡਿੰਗ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤਸਦੀਕ ਰਿਪੋਰਟ ਦੇ ਆਧਾਰ ਤੇ, ਉਕਤ ਮੁਲਜ਼ਮ ਨਰਿੰਦਰ ਕੁਮਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਉਕਤ ਦੋਸ਼ੀ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਹੋਰ ਜਾਂਚ ਜਾਰੀ ਹੈ।
Chandigarh
ਚਾਇਨਾ ਡੋਰ ਦੀ ਵਿਕਰੀ ਤੱਕ ਨਾ ਰੋਕ ਸਕਣ ਵਾਲੀ ਸਰਕਾਰ ਨਸ਼ਿਆਂ ਅਤੇ ਅਪਰਾਧਾਂ ਤੇ ਕਿਵੇਂ ਕਾਬੂ ਕਰੇਗੀ : ਅਮਨਜੋਤ ਰਾਮੂੰਵਾਲੀਆ
ਚੰਡੀਗੜ, 14ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਸੂਬੇ ਵਿੱਚ ਲੋਕ ਚਾਇਨਾ ਡੋਰ ਨਾਲ ਹੋ ਰਹੇ ਹਾਦਸਿਆਂ ਕਾਰਨ ਤ੍ਰਾਹੀ-ਤ੍ਰਾਹੀ ਕਰ ਰਹੇ ਹਨ। ਲੋਹੜੀ ਦੇ ਤਿਉਹਾਰ ਤੇ ਹੋਈ ਪਤੰਗਬਾਜ਼ੀ ਦੌਰਾਨ ਮਨਚਲਿਆਂ ਵੱਲੋਂ ਧੜੱਲੇ ਨਾਲ਼ ਵਰਤੀ ਚਾਈਨਾ ਡੋਰ ਕਾਰਨ ਕੱਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਥਾਵਾਂ ਤੋਂ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਦੂਜੇ ਪਾਸੇ ਸਰਕਾਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ।
ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪੂਰੇ ਜੋਰ ਨਾਲ ਐਲਾਨ ਕੀਤਾ ਸੀ ਉਹ ਚਾਇਨਾ ਡੋਰ ਨਹੀਂ ਵਿਕਣ ਦੇਵੇਗੀ, ਪਰ ਸਰਕਾਰ ਦਾ ਇਹ ਐਲਾਨ ਹਵਾ ਹਵਾਈ ਹੀ ਸਾਬਿਤ ਹੋਇਆ ਹੈ ਅਤੇ ਚਾਈਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਉਹਨਾਂ ਕਿਹਾ ਕਿ ਗੱਪੀਆਂ ਦੀ ਇਹ ਸਰਕਾਰ ਜੋ ਦੁਕਾਨਾਂ ਤੇ ਖੁੱਲੇਆਮ ਵਿਕਦੀ ਇਸ ਡੋਰ ਦੀ ਵਿਕਰੀ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ ਉਹ ਸੂਬੇ ਵਿੱਚ ਵੱਡੇ ਪੱਧਰ ਤੇ ਹੁੰਦੀ ਨਸ਼ਿਆਂ ਦੀ ਵਿਕਰੀ ਤੇ ਕਿਵੇਂ ਕਾਬੂ ਕਰੇਗੀ।
ਉਹਨਾਂ ਕਿਹਾ ਕਿ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੈ ਅਤੇ ਅਪਰਾਧਿਕ ਘਟਨਾਵਾਂ ਵਿੱਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ,ਜੋ ਪੰਜਾਬ ਦੀ ਜਨਤਾ ਸਾਹਮਣੇ ਹੈ।
ਉਹਨਾਂ ਕਿਹਾ ਕਿ ਗੱਲਾਂ ਦੇ ਕੜਾਹ ਕਰਨ ਵਾਲੀ ਸਰਕਾਰ ਤੋਂ ਦਿੱਲੀ ਦੇ ਲੋਕਾਂ ਦਾ ਵੀ ਮੋਹ ਭੰਗ ਹੋ ਗਿਆ ਹੈ ਅਤੇ ਪੰਜਾਬ ਵਾਸੀ ਵੀ ਹੁਣ ਪਛਤਾ ਰਹੇ ਹਨ, ਕਿ ਉਹ ਛਲਾਵੇ ਵਿੱਚ ਆ ਗਏ।
Chandigarh
ਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਪ੍ਰਧਾਨ
ਚੰਡੀਗੜ੍ਹ, 11 ਜਨਵਰੀ (ਸ.ਬ.) ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੀਆਂ ਸਾਲਾਨਾ ਚੋਣਾਂ ਵਿੱਚ ਸ਼੍ਰੀ ਅਸ਼ਵਨੀ ਚਾਵਲਾ ਨੂੰ ਪ੍ਰੈਸ ਗੈਲਰੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਚੋਣ ਮੌਕੇ ਹਾਜਿਰ ਮੈਂਬਰਾਂ ਨੇ ਸ਼੍ਰੀ ਅਸ਼ਵਨੀ ਚਾਵਲਾ (ਸੱਚ ਕਹੂੰ) ਨੂੰ ਸਰਵਸੰਮਤੀ ਨਾਲ ਬਿਨਾ ਮੁਕਾਬਲਾ ਪ੍ਰਧਾਨ ਚੁਣ ਲਿਆ।
ਇਸ ਦੌਰਾਨ ਅਮਿਤ ਕੁਮਾਰ ਪਾਂਡੇ ਨੂੰ ਸੀਨੀਅਰ ਮੀਤ ਪ੍ਰਧਾਨ ਦੀਪਕ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਚੋਣ ਦੌਰਾਨ ਪ੍ਰੈਸ ਗੈਲਰੀ ਤੇ ਪਹਿਲਾਂ ਕਾਬਜ਼ ਰਹੇ ਧੜੇ ਦੇ 9 ਮੈਂਬਰਾਂ ਵਲੋਂ ਪ੍ਰਧਾਨ ਦੇ ਅਹੁਦੇ ਲਈ ਅਸ਼ਵਨੀ ਚਾਵਲਾ ਦਾ ਸਮਰਥਨ ਕੀਤਾ ਗਿਆ ਪੰਰਤੂ ਬਾਕੀ ਅਹੁਦੇਦਾਰਾਂ ਦੇ ਨਾਮ ਤੇ ਸਹਿਮਤੀ ਨਹੀ ਬਣੀ ਅਤੇ ਇਹਨਾਂ ਨੂੰ ਬਹੁਸੰਮਤੀ ਨਾਲ ਚੁਣਿਆ ਗਿਆ। ਇਸ ਦੌਰਾਨ ਕਾਬਿਜ ਧੜੇ ਦੇ ਮੈਂਬਰ ਚੋਣ ਮੀਟਿੰਗ ਛੱਡ ਕੇ ਚਲੇ ਗਏ।
ਇਸਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਰਾਮ ਲੋਕ ਖਟਾਣਾ ਨੇ ਵੋਟਿੰਗ ਕਰਵਾਉਣ ਲਈ ਹਾਜ਼ਰ ਮੀਟਿੰਗ ਮੈਂਬਰਾਂ ਤੋਂ ਸਹਿਮਤੀ ਮੰਗੀ ਤਾਂ ਮੀਟਿੰਗ ਵਿੱਚ ਹਾਜਿਰ 18 ਮੈਂਬਰਾਂ ਵਲੋਂ ਚਾਵਲਾ-ਪਾਂਡੇ ਪੈਨਲ ਦੇ ਉਮੀਦਵਾਰਾਂ ਨੂੰ ਸਹਿਮਤੀ ਦਿੱਤੀ ਗਈ ਅਤੇ ਵਿਰੋਧ ਕਰਨ ਵਾਲੇ 9 ਮੈਂਬਰ ਇਹ ਕਹਿ ਕੇ ਚਲੇ ਗਏ ਕਿ ਉਹ ਸਹਿਮਤ ਨਹੀਂ ਹਨ।
ਇਸ ਮੌਕੇ ਪੰਕਜ ਕਪਾਹੀ, ਕਰਨ ਕਪੂਰ, ਪਰਮਿੰਦਰ ਸਿੰਘ ਜੱਟਪੁਰੀ, ਮੈਡਮ ਅਕਾਂਸ਼ਾ ਸਕਸੈਨਾ, ਨੇਹਾ ਸ਼ਰਮਾ, ਮਨੋਜ ਕੁਮਾਰ, ਨਰੇਸ਼ ਸ਼ਰਮਾ, ਮਨੋਜ ਜੋਸ਼ੀ, ਵਨੀਤ ਕਪੂਰ, ਵਿਜੇ ਡਾਵਰ, ਬਿਭੋਰ ਮੋਹਨ, ਨਵੀਨ ਸੇਠੀ, ਅਨਮੋਲ ਗੁਲਾਟੀ, ਵਿਸ਼ਾਲ ਪਾਠਕ, ਅੰਕੁਸ਼ ਮਹਾਜਨ ਵੀ ਮੌਜੂਦ ਸਨ।
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
Mohali2 months ago
ਇਪਟਾ, ਪੰਜਾਬ ਵੱਲੋਂ ਦਸਤਾਵੇਜ਼ੀ ਫਿਲਮ ‘ਪੋੜੀ’ ਦਾ ਪ੍ਰਦਰਸ਼ਨ
-
National2 months ago
ਬ੍ਰੇਕਾਂ ਫੇਲ੍ਹ ਹੋਣ ਕਾਰਨ ਐਚ ਆਰ ਟੀ ਸੀ ਬੱਸ ਘਰ ਨਾਲ ਟਕਰਾਈ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ