Editorial
ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਖਿਲਾਫ ਕਾਰਵਾਈ ਕਰੇ ਪ੍ਰਸ਼ਾਸਨ
ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਹਾਲਾਤ ਇਹ ਹੋ ਚੁੱਕੇ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਹਰ ਵੇਲੇ ਇਹਨਾਂ ਆਟੋ ਰਿਕਸ਼ਿਆਂ ਦੀ ਭੀੜ ਦਿਖਦੀ ਹੈ। ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਨੂੰ ਸੜਕਾਂ ਤੇ ਧੂੰਆਂ ਉਡਾਊਂਦਿਆਂ ਤੇਜ ਰਫਤਾਰ ਵਿੱਚ ਇੱਕ ਦੁੂਜੇ ਨਾਲ ਰੇਸ ਲਗਾਉਂਦੇ ਅਤੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖਿਆ ਜਾ ਸਕਦਾ ਹੈ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਆਮ ਵਾਹਨ ਚਾਲਕਾਂ ਦੇ ਹਰ ਮਾਮੂਲੀ ਗਲਤੀ ਤਕ ਲਈ ਉਹਨਾਂ ਦਾ ਤੁਰੰਤ ਚਾਲਾਨ ਵਾਲੀ ਮੁਹਾਲੀ ਟੈ੍ਰਫਿਕ ਪੁਲੀਸ ਦੇ ਮੁਲਾਜਮ ਇਹਨਾਂ ਆਟੋ ਰਿਕਸ਼ਿਆਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੰਦੇ ਹਨ।
ਹਾਲਾਤ ਇਹ ਹਨ ਕਿ ਕਿਸੇ ਵੀ ਮੁੱਖ ਸੜਕ ਤੇ ਤੇਜ ਰਫਤਾਰ ਨਾਲ ਜਾ ਰਿਹਾ ਕੋਈ ਆਟੋ ਰਿਕਸ਼ਾ ਚਾਲਕ ਅਚਾਨਕ ਕਿਸੇ ਸਵਾਰੀ ਨੂੰ ਵੇਖ ਕੇ ਸੜਕ ਦੇ ਵਿਚਕਾਰ ਕਦੋਂ ਬਰੇਕ ਲਗਾ ਦੇਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੋਣ ਤੇ ਜਾਂ ਤਾਂ ਆਟੋ ਦੇ ਪਿੱਛੇ ਆ ਰਹੇ ਵਾਹਨ ਖੁਦ ਨੂੰ ਆਟੋ ਨਾਲ ਟਕਰਾਊਣ ਤੋਂ ਬਹੁਤ ਮੁਸ਼ਕਿਲ ਨਾਲ ਬਚਾਉਂਦੇ ਹਨ ਜਾਂ ਫਿਰ ਉਸ ਨਾਲ ਟਕਰਾ ਜਾਂਦੇ ਹਨ। ਅਜਿਹੇ ਵਿੱਚ ਜੇਕਰ ਕੋਈ ਵਾਹਨ ਚਾਲਕ ਇਹਨਾਂ ਆਟੋ ਰਿਕਸ਼ਿਆਂ ਚਾਲਕਾਂ ਨੂੰ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਠੀਕ ਤਰੀਕੇ ਨਾਲ ਆਟੋ ਚਲਾਉਣ ਲਈ ਕਹਿੰਦਾ ਹੈ ਤਾਂ ਇਹ ਉਲਟਾ ਉਸ ਵਿਅਕਤੀ ਨਾਲ ਹੀ ਲੜਣ ਲੱਗ ਜਾਂਦੇ ਹਨ ਅਤੇ ਮਿੰਟਾਂ ਵਿੱਚ ਹੀ ਉੱਥੇ ਵੱਡੀ ਗਿਣਤੀ ਆਟੋ ਚਾਲਕ ਇਕੱਠੇ ਹੋ ਕੇ ਉਲਟਾ ਦੂਜੇ ਵਾਹਨ ਚਾਲਕਾਂ ਤੇ ਹੀ ਦਬਾਓ ਪਾਉਣਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਆਟੋ ਚਾਲਕਾਂ ਨੇ ਆਪੋ ਆਪਣੀਆਂ ਯੂਨੀਅਨਾਂ, ਧੜੇ ਅਤੇ ਗਰੁਪ ਵੀ ਬਣਾਏ ਹੋਏ ਹਨ ਜਿਹੜੇ ਕਿਸੇ ਮਾਮੂਲੀ ਜਿਹੀ ਗੱਲ ਤੇ ਲੜਾਈ ਝਗੜਾ ਕਰਨ ਲਗਦੇ ਹਨ ਅਤੇ ਤੁਰੰਤ ਇਕਠੇ ਹੋ ਕੇ ਆਮ ਲੋਕਾਂ ਉਪਰ ਦਬਾਓ ਪਾਉਂਦੇ ਹਨ।
ਸਥਾਨਕ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਸਹੂਲੀਅਤ ਨਾ ਦਿੱਤੇ ਜਾਣ ਕਾਰਨ ਆਮ ਲੋਕ ਇਹਨਾਂ ਆਟੋ ਰਿਕਸ਼ਿਆਂ ਤੇ ਸਫਰ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਇਹ ਆਟੋ ਚਾਲਕ ਲੋਕਾਂ ਦੀ ਇਸ ਮਜਬੂਰੀ ਦਾ ਪੂਰਾ ਫਾਇਦਾ ਚੁੱਕਦੇ ਹਨ। ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਰਿਕਸ਼ਿਆਂ ਦੇ ਰੇਟ ਤੈਅ ਨਾ ਕੀਤੇ ਜਾਣ ਕਾਰਨ ਇਹ ਆਟੋ ਚਾਲਕ ਲੋਕਾਂ ਤੋਂ ਮੂੰਹ ਮੰਗਿਆ ਕਿਰਾਇਆ ਮੰਗਦੇ ਹਨ। ਸਵੇਰ ਅਤੇ ਸ਼ਾਮ ਵੇਲੇ (ਜਦੋਂ ਲੋਕਾਂ ਨੂੰ ਆਪਣੇ ਦਫਤਰ ਜਾਂ ਕੰਮ ਤੇ ਪਹੁੰਚਣ ਅਤੇ ਵਾਪਸ ਪਰਤਣ ਦੀ ਜਲਦੀ ਹੁੰਦੀ ਹੈ) ਇਹ ਆਟੋ ਵਾਲੇ ਮੁਲਾਜਮਾਂ ਦੀ ਮਜਬੂਰੀ ਦਾ ਪੂਰਾ ਫਾਇਦਾ ਚੁਕਦੇ ਹਨ ਅਤੇ ਉਹਨਾਂ ਤੋਂ ਮੂੰਹ ਮੰਗੇ ਪੈਸੇ ਵਸੂਲਦੇ ਹਨ।
ਹਾਲਾਂਕਿ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਦੇ ਕਿਰਾਏ ਬਾਰੇ ਤਾਂ ਫਿਰ ਵੀ ਲੋਕਾਂ ਨੂੰ ਥੋੜ੍ਹੀ ਜਾਣਕਾਰੀ ਹੁੰਦੀ ਹੈ ਪਰੰਤੂ ਜਿਹੜੇ ਵਿਅਕਤੀ ਹੋਰਨਾਂ ਇਲਾਕਿਆਂ ਤੋਂ ਕਿਸੇ ਕੰਮ ਲਈ ਮੁਹਾਲੀ ਆ ਕੇ ਆਟੋ ਰਿਕਸ਼ੇ ਦੀ ਸਵਾਰੀ ਲੈਂਦੇ ਹਨ ਉਹਨਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਆਟੋ ਚਾਲਕ ਉਸ ਵਿਅਕਤੀ ਨੂੰ ਬਿਨਾ ਵਜ੍ਹਾ ਇਧਰ ਉਧਰ ਘੁੰਮਾਉਣ ਅਤੇ ਲੰਬਾ ਗੇੜਾ ਲਵਾਉਣ ਤੋਂ ਬਾਅਦ ਉਸਦੀ ਮੰਜਿਲ ਤਕ ਪੰਹੁਚਾਉਦੇ ਹਨ ਅਤੇ ਫਿਰ ਮੂੰਹ ਮੰਗਿਆ ਕਿਰਾਇਆ ਵਸੂਲਦੇ ਹਨ। ਅਜਿਹਾ ਹੋਣ ਕਾਰਨ ਜਿੱਥੇ ਲੋਕਾਂ ਦਾ ਜਰੂਰੀ ਸਮਾਂ ਬਰਬਾਦ ਹੁੰਦਾ ਹੈ ਉੱਥੇ ਉਹਨਾਂ ਦੀ ਸਿੱਧੇ ਤਰੀਕੇ ਨਾਲ ਲੁੱਟ ਵੀ ਕੀਤੀ ਜਾਂਦੀ ਹੈ।
ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਹੋਰਨਾਂ ਰਾਜਾਂ ਤੋਂ ਆਏ ਪਰਵਾਸੀ ਹਨ, ਜਿਹਨਾਂ ਵਿੱਚੋਂ ਕਈ ਤਾਂ ਅਜਿਹੇ ਹਨ ਜਿਹਨਾਂ ਨੂੰ ਨਾ ਤਾਂ ਆਟੋ ਚਲਾਉਣ ਦਾ ਕੋਈ ਤਜਰਬਾ ਹੁੰਦਾ ਹੈ ਅਤੇ ਨਾ ਹੀ ਉਹਨਾਂ ਕੋਲ ਇਸਦਾ ਕੋਈ ਲਾਈਸੰਸ ਹੀ ਹੁੰਦਾ ਹੈ। ਇਹ ਵਿਅਕਤੀ ਯੂ ਪੀ, ਬਿਹਾਰ ਤੋਂ ਰੁਜਗਾਰ ਦੀ ਭਾਲ ਵਿੱਚ ਇੱਥੇ ਆਉਂਦੇ ਹਨ ਅਤੇ ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਆਪਣੇ ਨਾਲ ਚਾਰ ਪੰਜ ਦਿਨ ਆਟੋ ਤੇ ਘੁਮਾ ਕੇ ਆਟੋ ਚਲਾਉਣ ਦੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ, ਜਿਸਤੋਂ ਬਾਅਦ ਇਹ ਸਿਖਾਂਦਰੂ ਚਾਲਕ ਕਿਰਾਏ ਤੇ ਆਟੋ ਲੈ ਕੇ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਂਦੇ ਰਹਿੰਦੇ ਹਨ।
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਇਸ ਸੰਬੰਧੀ ਜਿੱਥੇ ਇਹਨਾਂ ਆਟੋ ਰਿਕਸ਼ਿਆਂ ਦਾ ਕਿਰਾਇਆ ਤੈਅ ਕੀਤਾ ਜਾਣਾ ਚਾਹੀਦਾ ਹੈ ਉੱਥੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਰਿਕਸ਼ਿਆਂ ਦੇ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਵਲੋਂ ਕੀਤੀਆਂ ਜਾਂਦੀਆਂ ਆਪਹੁਦਰੀਆਂ ਤੇ ਰੋਕ ਲੱਗੇ ਅਤੇ ਆਮ ਵਾਹਨ ਚਾਲਕਾਂ ਦੀ ਪਰੇਸ਼ਾਨੀ ਦੂਰ ਹੋਵੇ।
Editorial
ਜਨਤਕ ਥਾਵਾਂ ਤੇ ਹੁੰਦੀ ਸਿਗਰਟਨੋਸ਼ੀ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ ਅਤੇ ਜਿਲ੍ਹੇ ਨੂੰ ਤੰਬਾਕੂ ਦੇ ਧੂਏਂ ਤੋਂ ਰਹਿਤ ਸ਼ਹਿਰ ਅਤੇ ਜਿਲ੍ਹੇ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ਹਿਰ ਅਤੇ ਜਿਲ੍ਹੇ ਕਈ ਸਾਲ ਪਹਿਲਾਂ ਇਹ ਦਰਜਾ ਦਿੱਤੇ ਜਾਣ ਦੇ ਬਾਵਜੂਦ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਖੁੱਲੇਆਮ ਸਿਗਰਟਨੋਸ਼ੀ ਕੀਤੇ ਜਾਣ ਅਤੇ ਨਾਜ਼ਾਇਜ਼ ਕਬਜ਼ੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਦੀ ਕਾਰਵਾਈ ਆਮ ਨਜਰ ਆ ਜਾਂਦੀ ਹੈ। ਇਸ ਸੰਬੰਧੀ ਭਾਵੇਂ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਸਿਗਰਟਨੋਸ਼ੀ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਥਾਂ ਥਾਂ ਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਅਨੇਕਾਂ ਫੜੀਆਂ ਲੱਗਦੀਆਂ ਹਨ, ਜਿਹਨਾਂ ਰਾਂਹੀ ਆਮ ਲੋਕਾਂ ਨੂੰ ਜਨਤਕ ਤੌਰ ਤੇ ਸਿਗਰਟ, ਬੀੜੀ, ਜਰਦਾ ਅਤੇ ਤੰਬਾਕੂ ਦਾ ਅਜਿਹਾ ਹੋਰ ਸਾਜੋ ਸਾਮਾਨ ਵੇਚਿਆ ਜਾਂਦਾ ਹੈ।
ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਸ਼ੋਰੂਮਾਂ ਵਿੱਚ ਪਈਆਂ ਖਾਲੀ ਥਾਵਾਂ ਵਿੱਚ ਆਪਣੇ ਠੀਏ ਬਣਾ ਕੇ ਚਾਹ ਅਤੇ ਹੋਰ ਨਿੱਕ ਸੁੱਕ ਵੇਚਣ ਵਾਲੇ ਅਜਿਹੇ ਕਈ ਦੁਕਾਨਦਾਰ ਹਨ ਜਿਹੜੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਕਰਦੇ ਹਨ ਅਤੇ ਇਹਨਾਂ ਫੜੀ ਵਾਲਿਆਂ ਦੇ ਆਸ ਪਾਸ ਲੋਕਾਂ ਵਲੋਂ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀਆਂ ਸ਼ਿਕਾਇਤਾਂ ਵੀ ਆਮ ਹਨ। ਇਸੇ ਤਰ੍ਹਾਂ ਮੁੱਖ ਸੜਕਾਂ ਦੇ ਕਿਨਾਰੇ ਵੀ ਪੇੜਾਂ ਥੱਲੇ ਆਪਣੇ ਝੋਲੇ ਰੱਖ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਫੜੀਆਂ ਵਾਲੇ ਨਜਰ ਆ ਜਾਂਦੇ ਹਨ, ਪਰੰਤੂ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਪੂਰੇ ਖੇਤਰ ਵਿੱਚ ਅਣਅਧਿਕਾਰਤ ਤਰੀਕੇ ਨਾਲ ਸ਼ਰ੍ਹੇਆਮ ਹੁੰਦੀ ਤੰਬਾਕੂ ਉਤਪਾਦਾਂ ਦੀ ਇਸ ਵਿਕਰੀ ਤੇ ਰੋਕ ਲਗਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਤਰੀਕੇ ਨਾਲ ਜਨਤਕ ਥਾਵਾਂ ਤੇ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਸਜਾਯੋਗ ਅਪਰਾਧ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿੱਚ ਕਈ ਸਾਲ ਪਹਿਲਾਂ ਤੋਂ ਹੀ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਲਾਗੂ ਕੀਤਾ ਜਾ ਚੁੱਕਿਆ ਹੈ ਜਿਸਦੇ ਤਹਿਤ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਇਸ ਕਾਰਵਾਈ ਨੂੰ ਖੁੱਲ੍ਹੇਆਮ ਅੰਜਾਮ ਦਿੱਤਾ ਜਾਂਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਕਾਰਵਾਈ ਨੂੰ ਸਖਤੀ ਨਾਲ ਰੋਕਣ ਦੀ ਥਾਂ ਇਸਨੂੰ ਅਕਸਰ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
ਸਥਾਨਕ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਸਮਰਥ ਕਾਰਵਾਈ ਦੀ ਅਣਹੋਂਦ ਕਾਰਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਸੰਬੰਧੀ ਭਾਵੇਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ ਤੇ ਗੈਰਕਾਨੂੰਨੀ ਢੰਗ ਨਾਲ ਅੰਜਾਮ ਦਿੱਤੀ ਜਾਣ ਵਾਲੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਬਾਕਾਇਦਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਕਮੇਟੀ ਵਲੋਂ ਕਦੇ ਕਦਾਰ ਇਸ ਸੰਬੰਧੀ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਸ਼ਹਿਰ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਦੀ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਕਾਬੂ ਕਰਨ ਦੀ ਸਮਰਥ ਨਹੀਂ ਹੈ ਅਤੇ ਇਸਦਾ ਕੋਈ ਖਾਸ ਅਸਰ ਵੀ ਨਹੀਂ ਦਿਖਦਾ।
ਸ਼ਹਿਰ ਅਤੇ ਜਿਲ੍ਹੇ ਵਿੱਚ ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ਼ ਕਬਜ਼ੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ।
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਸ਼ਹਿਰ ਵਿੱਚ ਵੱਡੇ ਪੱਧਰ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਅਤੇ ਰੋਕ ਲਗਾਉਣ ਲਈ ਸਮਰਥ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
Editorial
ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਵਿੱਚ ਨਾਕਾਮ ਹੈ ਸਰਕਾਰ
ਜਰੂਰੀ ਖਰਚਿਆਂ ਵਿੱਚ ਵਾਧੇ ਨੇ ਹਿਲਾਇਆ ਲੋਕਾਂ ਦਾ ਘਰੇਲੂ ਬਜਟ
ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਪਰੇਸ਼ਾਨ ਹੈ। ਇਸ ਦੌਰਾਨ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਸਰਕਾਰ ਤੇ ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਅਗਵਾਈ ਵਾਲੀ ਸਰਕਾਰ ਮਹਿੰਗਾਈ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਗਈ ਹੈ।
ਕਾਂਗਰਸੀ ਆਗੂ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਰੋਕਣ ਲਈ ਠੋਸ ਉਪਰਾਲੇ ਤਾਂ ਕੀ ਕਰਨੇ ਸਨ ਅਜੇ ਤਕ ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਲਈ ਗੋਹਲੇ ਵਿਚੋਂ ਪੂਣੀ ਵੀ ਨਹੀਂ ਕੱਤੀ, ਜਿਸ ਕਰਕੇ ਮਹਿੰਗਾਈ ਬੇਲਗਾਮ ਹੋ ਰਹੀ ਹੈ।
ਆਮ ਲੋਕਾਂ ਨੂੰ ਆਸ ਸੀ ਕਿ ਕੇਂਦਰ ਸਰਕਾਰ ਬਜਟ ਵਿੱਚ ਕੁਝ ਅਜਿਹੇ ਉਪਾਅ ਜਰੂਰ ਕਰੇਗੀ, ਜਿਸ ਨਾਲ ਭਾਰਤ ਵਿੱਚ ਬੇਲਗਾਮ ਹੋ ਰਹੀ ਮਹਿੰਗਾਈ ਨੂੰ ਕੋਈ ਲਗਾਮ ਪਵੇਗੀ ਪਰ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਬਜਟ ਪੇਸ਼ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ।
ਕੁਝ ਸਿਆਸੀ ਮਾਹਿਰ ਤਾਂ ਕੇਂਦਰ ਸਰਕਾਰ ਦੇ ਇਸ ਬਜਟ ਨੂੰ ਕਾਰਪੋਰੇਟ ਪੱਖੀ ਕਹਿ ਰਹੇ ਹਨ। ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵੀ ਦੋਸ਼ ਲਗਾ ਰਹੀਆਂ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਅਤੇ ਕਾਰਪੋਰੇਟ ਪੱਖੀ ਹੈ, ਜਿਸ ਕਰਕੇ ਇਸ ਦੀਆਂ ਨੀਤੀਆਂ ਸਿਰਫ ਧਨਾਢਾਂ ਤੇ ਧੰਨਾ ਸੇਠਾਂ ਨੂੰ ਲਾਭ ਪਹੁੰਚਾਉਂਦੀਆਂ ਹਨ, ਜਦੋਂਕਿ ਆਮ ਲੋਕ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ।
ਤਰਾਸਦੀ ਇਹ ਵੀ ਹੈ ਕਿ ਸਰਕਾਰ ਪੱਖੀ ਮੀਡੀਆ ਅਤੇ ਅੰਧ ਭਗਤ ਭਾਰਤ ਵਿੱਚ ਮਹਿੰਗਾਈ ਵਿੱਚ ਹੋ ਰਹੇ ਵਾਧੇ ਬਾਰੇ ਚਿੰਤਾ ਕਰਨ ਦੀ ਥਾਂ ਅਮਰੀਕਾ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਮਹਿੰਗਾਈ ਵਿੱਚ ਹੋ ਰਹੇ ਵਾਧੇ ਦੀ ਮਿਸਾਲ ਦੇ ਕੇ ਕਹਿੰਦੇ ਹਨ ਕਿ ਉਹਨਾਂ ਦੇਸ਼ਾਂ ਵਿੱਚ ਸਮਾਨ ਭਾਰਤ ਨਾਲੋਂ ਵੀ ਮਹਿੰਗਾ ਮਿਲਦਾ ਹੈ। ਇਹਨਾਂ ਅੰਧ ਭਗਤਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹਨਾਂ ਦੇਸ਼ਾਂ ਵਿੱਚ ਜੇ ਹਰ ਸਮਾਨ ਮਹਿੰਗਾ ਮਿਲਦਾ ਹੈ ਤਾਂ ਉਥੇ ਡਾਲਰਾਂ ਵਿੱਚ ਹੋਣ ਵਾਲੀ ਕਮਾਈ ਹੋਰ ਵੀ ਵੱਧ ਹੁੰਦੀ ਹੈ। ਇੱਕ ਅਮਰੀਕੀ ਡਾਲਰ ਦੇ ਭਾਰਤ ਵਿੱਚ ਕਿੰਨੇ ਰੁਪਏ ਬਣ ਜਾਂਦੇ ਹਨ, ਇਸ ਦਾ ਆਮ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ।
ਸਾਡੇ ਦੇਸ਼ ਵਿੱਚ ਤਾਂ ਹਾਲਾਤ ਇਹ ਹਨ ਕਿ ਮਹਿੰਗਾਈ ਵਿੱਚ ਵਾਧੇ ਕਾਰਨ ਲੋਕ ਜਰੂਰੀ ਸਮਾਨ ਵੀ ਪੂਰਾ ਨਹੀਂ ਖਰੀਦ ਪਾ ਰਹੇ ਹਨ। ਹਾਲਾਂਕਿ ਅੱਜ ਕੱਲ ਸਬਜੀਆਂ ਦੀ ਕੀਮਤ ਵਿੱਚ ਕੁਝ ਕਮੀ ਆਉਣ ਨਾਲ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਜਰੂਰ ਮਿਲੀ ਹੈ ਪਰ ਅੱਜ ਹਫਤੇ ਦੀ ਸ਼ੁਰੂਆਤ ਵਿੱਚ ਹੀ ਫਲਾਂ ਦੇ ਭਾਅ ਵਿੱਚ ਤੇਜੀ ਵੇਖੀ ਗਈ ਹੈ।
ਹੋਰ ਤਾਂ ਹੋਰ ਆਮ ਲੋਕਾਂ ਦੀ ਸਵਾਰੀ ਮੰਨਿਆ ਜਾਂਦਾ ਸਾਈਕਲ ਵੀ ਏਨਾ ਮਹਿੰਗਾ ਹੋ ਗਿਆ ਹੈ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਵਾਹਨ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਹੋਣ ਕਾਰਨ ਵੱਡੀ ਗਿਣਤੀ ਲੋਕ ਸਾਈਕਲ ਚਲਾਉਣ ਨੂੰ ਤਰਜੀਹ ਦੇਣ ਲੱਗੇ ਹਨ ਪਰ ਸਾਈਕਲ ਬਹੁਤ ਜਿਆਦਾ ਮਹਿੰਗੇ ਹੋਣ ਕਾਰਨ ਕਈ ਲੋਕ ਸਾਈਕਲ ਵੀ ਕਿਸ਼ਤਾਂ ਤੇ ਲੈ ਰਹੇ ਹਨ। ਇਹੋ ਜਿਹਾ ਹਾਲ ਹੀ ਹੋਰ ਸਮਾਨ ਦਾ ਹੋ ਗਿਆ ਹੈ ਅਤੇ ਹਰ ਸਮਾਨ ਦੀ ਕੀਮਤ ਵਿੱਚ ਪਿਛਲੇ ਦਿਨਾਂ ਦੌਰਾਨ ਕਾਫ਼ੀ ਵਾਧਾ ਹੋ ਗਿਆ ਹੈ।
ਇੱਕ ਪਾਸੇ ਆਮ ਲੋਕਾਂ ਦੀ ਆਮਦਨੀ ਘੱਟ ਰਹੀ ਹੈ, ਜਾਂ ਪਹਿਲਾਂ ਜਿੰਨੀ ਹੀ ਹੈ ਪਰ ਮਹਿੰਗਾਈ ਵਿੱਚ ਵਾਧੇ ਕਾਰਨ ਉਹਨਾਂ ਦੇ ਖਰਚੇ ਵੱਧ ਰਹੇ ਹਨ, ਜਿਸ ਕਾਰਨ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਗੜਬੜਾ ਗਿਆ ਹੈ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਮਹਿੰਗਾਈ ਵਿੱਚ ਹੁੰਦੇ ਲਗਾਤਾਰ ਵਾਧੇ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇ।
ਬਿਊਰੋ
Editorial
ਮੁਫਤ ਬੱਸ ਸਫਰ ਦੀ ਸਹੂਲੀਅਤ ਕਾਰਨ ਔਰਤਾਂ ਨੂੰ ਹੀ ਹੋਣਾ ਪੈਂਦਾ ਹੈ ਪ੍ਰੇਸ਼ਾਨ
ਪੰਜਾਬ ਦੀ ਸੱਤਾ ਤੇ ਕਾਬਿਜ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿੱਚ ਔਰਤਾਂ ਲਈ ਮੁਫਤ ਬੱਸ ਸਫਰ ਦੀ ਸਹੁੂਲਤ ਸ਼ੁਰੂ ਕੀਤੀ ਗਈ ਸੀ ਜਿਹੜੀ ਹੁਣ ਵੀ ਜਾਰੀ ਹੈ। ਮੁਫਤ ਸਫਰ ਦਾ ਆਨੰਦ ਮਾਣਨ ਲਈ ਵੱਡੀ ਗਿਣਤੀ ਮਹਿਲਾਵਾਂ ਬੱਸਾਂ ਵਿੱਚ ਸਫਰ ਕਰਦੀਆਂ ਹਨ, ਜਿਸ ਕਾਰਨ ਬੱਸਾਂ ਵਿੱਚ ਭੀੜ ਭੜੱਕਾ ਹੋ ਜਾਂਦਾ ਹੈ ਅਤੇ ਇਹ ਸਹੂਲੀਅਤ ਕਈ ਵਾਰ ਮਹਿਲਾਵਾਂ ਲਈ ਹੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ।
ਇਹ ਵੀ ਵੇਖਣ ਵਿੱਚ ਆਇਆ ਹੈ ਕਿ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਵਲੋਂ ਵੀ ਮੁਫਤ ਸਫਰ ਕਰਨ ਵਾਲੀਆਂ ਮਹਿਲਾਵਾਂ ਨਾਲ ਅਕਸਰ ਠੀਕ ਵਤੀਰਾ ਨਹੀਂ ਕੀਤਾ ਜਾਂਦਾ ਅਤੇ ਉਹ ਇਹਨਾਂ ਮਹਿਲਾਵਾਂ ਨੂੰ ਬੋਲ ਕੁਬੋਲ ਵੀ ਬੋਲਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜਿਸ ਬੱਸ ਸਟਾਪ ਤੇ ਮਹਿਲਾਵਾਂ ਖੜੀਆਂ ਹੋਣ, ਉੱਥੇ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਕਈ ਡਰਾਇਵਰ ਜਾਂ ਤਾਂ ਆਪਣੀਆਂ ਬੱਸਾਂ ਰੋਕਦੇ ਹੀ ਨਹੀਂ ਹਨ ਜਾਂ ਬੱਸ ਅੱਡੇ ਤੋਂ ਥੋੜ੍ਹਾ ਪਹਿਲਾਂ ਜਾਂ ਥੋੜ੍ਹਾ ਅੱਗੇ ਲਿਜਾ ਕੇ ਬੱਸ ਰੋਕਦੇ ਹਨ ਤਾਂ ਕਿ ਮਹਿਲਾਵਾਂ ਬੱਸ ਵਿੱਚ ਨਾ ਚੜ ਸਕਣ। ਇਸ ਤੋਂ ਇਲਾਵਾ ਅਕਸਰ ਹੀ ਬੱਸ ਵਿੱਚ ਮੁਫਤ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਡਰਾਇਵਰਾਂ ਵੱਲੋਂ ਉਹਨਾਂ ਦੇ ਅੱਡੇ ਤੇ ਨਹੀਂ ਉਤਾਰਿਆ ਜਾਂਦਾ ਅਤੇ ਅਕਸਰ ਹੀ ਦੋ ਬੱਸ ਅੱਡਿਆਂ ਦੇ ਅੱਧ ਵਿਚਾਲੇ ਜਾਂ ਫਲਾਈਓਵਰ ਉਪਰ ਹੀ ਉਤਾਰ ਦਿਤਾ ਜਾਂਦਾ ਹੈ, ਜਿਸ ਕਾਰਨ ਇਹਨਾਂ ਮਹਿਲਾਵਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਦੌਰਾਨ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਬੱਸਾਂ ਵਿੱਚ ਮੁਫਤ ਸਫਰ ਕਰਨ ਵਾਲੀਆਂ ਬੀਬੀਆਂ ਸੀਟਾਂ ਤੇ ਬੈਠੀਆਂ ਹੁੰਦੀਆਂ ਹਨ, ਜਦੋਂਕਿ ਟਿਕਟ ਖਰੀਦ ਕੇ ਸਫਰ ਕਰਨ ਵਾਲੇ ਮਰਦਾਂ ਨੂੰ ਅਕਸਰ ਖੜ੍ਹੇ ਹੋ ਕੇ ਸਫਰ ਕਰਨਾ ਪੈਂਦਾ ਹੈ ਅਤੇ ਉਹ ਪਰੇਸ਼ਾਨ ਹੁੰਦੇ ਰਹਿੰਦੇ ਹਨ।
ਕਈ ਵਾਰ ਬੱਸਾਂ ਵਿੱਚ ਮੁਫਤ ਸਫਰ ਕਰਨ ਵਾਲੀਆਂ ਜਨਾਨੀਆਂ ਆਪਸ ਵਿੱਚ ਵੀ ਲੜਦੀਆਂ ਵੇਖੀਆਂ ਜਾਂਦੀਆਂ ਹਨ, ਜਿਹਨਾਂ ਦੀਆਂ ਅਨੇਕਾਂ ਵੀਡੀਓ ਸਮੇਂ ਸਮੇਂ ਵਾਇਰਲ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਹਰ ਦਿਨ ਅਨੇਕਾਂ ਮਹਿਲਾਵਾਂ ਸਬਜੀ ਲੈਣ, ਚੁੰਨੀ ਰੰਗਾਉਣ ਅਤੇ ਵਿਹਲਾ ਸਮਾਂ ਪਾਸ ਕਰਨ ਲਈ ਇੱਕ ਸ਼ਹਿਰ ਤੋਂ ਦੂੁਜੇ ਸ਼ਹਿਰ ਮੁਫਤ ਬੱਸ ਸਫਰ ਦੀ ਸਹੂਲਤ ਦਾ ਆਨੰਦ ਲੈਂਦੀਆਂ ਜਾਂਦੀਆਂ ਹਨ, ਜਿਸ ਕਾਰਨ ਅਕਸਰ ਬੱਸਾਂ ਵਿੱਚ ਸਮਰਥਾ ਤੋਂ ਵਧੇਰੇ ਸਵਾਰੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਬੱਸ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਤਰਾ ਬਣ ਜਾਂਦਾ ਹੈ।
ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਮ ਲੋਕਾਂ ਲਈ ਬੱਸਾਂ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪਰ ਮਹਿਲਾਵਾਂ ਲਈ ਮੁਫਤ ਬੱਸ ਸਫਰ ਦੀ ਸਹੂੁਲਤ ਪਹਿਲਾਂ ਵਾਂਗ ਹੀ ਜਾਰੀ ਹੈ। ਕੁਝ ਲੋਕ ਕਹਿੰਦੇ ਹਨ ਕਿ ਮਹਿਲਾਵਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਮੌਜੂਦਾ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਹੈ। ਜੇ ਮੌਜੂਦਾ ਸਰਕਾਰ ਇਸ ਸਹੂਲਤ ਨੂੰ ਬੰਦ ਕਰਦੀ ਹੈ ਤਾਂ ਉਸ ਨੂੰ ਮਹਿਲਾਵਾਂ ਦੀਆਂ ਵੋਟਾਂ ਖੁਸਣ ਦਾ ਡਰ ਹੁੰਦਾ ਹੈ ਅਤੇ ਮਹਿਲਾਵਾਂ ਦੀਆਂ ਵੋਟਾਂ ਲੈਣ ਲਈ ਮੌਜੂਦਾ ਸਰਕਾਰ ਨੇ ਵੀ ਇਹ ਸਹੂਲਤ ਜਾਰੀ ਰੱਖੀ ਹੋਈ ਹੈ।
ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਵਿੱਚ ਭਾਵੇਂ ਪੰਜਾਬ ਸਰਕਾਰ ਨੇ ਨਵੀਆਂ ਬੱਸਾਂ ਪਾਈਆਂ ਹਨ ਅਤੇ ਹੋਰ ਵੀ ਨਵੀਆਂ ਬੱਸਾਂ ਪਾਉਣ ਦੀ ਯੋਜਨਾ ਦੱਸੀ ਜਾ ਰਹੀ ਹੈ ਪਰ ਹੁਣੇ ਵੀ ਕਈ ਪੁਰਾਣੀਆਂ ਸਰਕਾਰੀ ਬੱਸਾਂ ਸੜਕਾਂ ਤੇ ਚਲ ਰਹੀਆਂ ਹਨ। ਇਸ ਦੌਰਾਨ ਜਿਸ ਰੂਟ ਤੇ ਮੁਫਤ ਸਫਰ ਕਰਨ ਵਾਲੀਆਂ ਮਹਿਲਾਵਾਂ ਦੀ ਗਿਣਤੀ ਜਿਆਦਾ ਹੁੰਦੀ ਹੈ, ਅਕਸਰ ਉਸ ਰੂਟ ਤੇ ਪੁਰਾਣੀਆਂ ਸਰਕਾਰੀ ਬੱਸਾਂ ਚਲਦੀਆਂ ਦਿਖਾਈ ਦਿੰਦੀਆਂ ਹਨ।
ਕੁੱਝ ਲੋਕ ਕਹਿੰਦੇ ਹਨ ਕਿ ਮਹਿਲਾਵਾਂ ਨੂੰ ਮੁਫਤ ਸਫਰ ਸਹੂਲਤ ਦੇਣ ਦੀ ਥਾਂ ਮਹਿਲਾਵਾਂ ਦੀ ਅੱਧੀ ਟਿਕਟ ਕੱਟਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਬਿਨਾ ਕੰਮ ਤੋਂ ਹੀ ਮੁਫਤ ਬੱਸ ਸਫਰ ਦਾ ਆਨੰਦ ਲੈਣ ਵਾਲੀਆਂ ਮਹਿਲਾਵਾਂ ਦੀ ਗਿਣਤੀ ਘਟੇ ਅਤੇ ਬੱਸਾਂ ਵਿੱਚ ਭੀੜ ਭੜੱਕਾ ਘੱਟ ਹੋਵੇ।
ਬਿਊਰੋ
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ