Connect with us

Mohali

ਮਾਨਸਿਕ ਰੋਗੀ ਹੈ ਭਾਜਪਾ ਦੀ ਸਾਂਸਦ ਕੰਗਣਾ ਰਨੌਤ : ਪਰਮਜੀਤ ਸਿੰਘ ਕਾਹਲੋਂ

Published

on

 

ਐਸ ਏ ਐਸ ਨਗਰ, 26 ਅਗਸਤ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਭਾਜਪਾ ਦੀ ਸਾਂਸਦ ਕੰਗਨਾ ਰਨੌਤ ਮਾਨਸਿਕ ਰੋਗੀ ਹੈ ਅਤੇ ਭਾਜਪਾ ਨੂੰ ਇਸਦਾ ਕਿਸੇ ਚੰਗੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੰਗਨਾ ਰਨੌਤ ਦੀਆਂ ਹਰਕਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੰਗਨਾ ਦੇ ਦਿਮਾਗ ਵਿੱਚ ਪੰਜਾਬੀਆਂ (ਖਾਸ ਕਰਕੇ ਸਿੱਖਾਂ) ਪ੍ਰਤੀ ਨਫਰਤ ਕੁੱਟ ਕੁੱਟ ਕੇ ਭਰੀ ਹੋਈ ਹੈ। ਉਹ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਭੱਡਦੀ ਰਹੀ ਹੈ ਅਤੇ ਕਿਸਾਨ ਔਰਤਾਂ ਨੂੰ 100-100 ਰੁਪਏ ਤੇ ਵਿਕਣ ਵਾਲੀਆਂ ਔਰਤਾਂ ਕਹਿ ਕੇ ਸੰਬੋਧਨ ਕਰਦੀ ਰਹੀ ਹੈ।

ਉਹਨਾਂ ਕਿਹਾ ਕਿ ਇਸ ਫਿਲਮੀ ਅਦਾਕਾਰਾ ਦੀ ਨਫਰਤ ਭਰੀ ਸੋਚ ਦੇ ਬਾਵਜੂਦ ਭਾਜਪਾ ਨੇ ਇਸਨੂੰ ਐਮ ਪੀ ਦੀ ਟਿਕਟ ਦਿੱਤੀ ਜਿਸ ਕਾਰਨ ਇਸ ਦੇ ਹੌਸਲੇ ਹੋਰ ਵਧ ਗਏ ਅਤੇ ਹੁਣ ਇਹ ਆਪਣੇ ਨਫਰਤੀ ਵਿਚਾਰਾਂ ਨੂੰ ਸਮਾਜ ਅੰਦਰ ਅੱਗ ਲਾਉਣ ਵਾਲੇ ਮਨਸੂਬਿਆਂ ਰਾਹੀਂ ਹਕੀਕਤ ਵਿੱਚ ਬਦਲਣ ਲੱਗ ਪਈ।

ਉਹਨਾਂ ਕਿਹਾ ਕਿ ਕੰਗਨਾ ਰਨੌਤ ਵਲੋਂ ਇਤਿਹਾਸ ਤੋਂ ਕੋਰੀ ਹੋਣ ਦੇ ਬਾਵਜੂਦ ਐਮਰਜੈਂਸੀ ਫਿਲਮ ਬਣਾਉਣਾ ਇਸਦੀ ਨਫਰਤੀ ਸੋਚ ਦਾ ਹੀ ਪ੍ਰਗਟਾਵਾ ਹੈ, ਜਿਸ ਵਿੱਚ ਇਸ ਨੇ ਸਿੱਖਾਂ ਦੀ ਭੂਮਿਕਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਐਮਰਜਂਸੀ ਦੇ ਖਿਲਾਫ ਸੰਘਰਸ਼ ਹੀ ਪੰਜਾਬੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਲੜਿਆ ਹੈ ਜਿਸ ਦਾ ਪੰਜਾਬੀਆਂ ਨੂੰ ਬਹੁਤ ਵੱਡਾ ਮੁੱਲ ਤਾਰਨਾ ਪਿਆ ਹੈ।

ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਚਨਾ ਪ੍ਰਸਾਰਣ ਮੰਤਰੀ ਅਤੇ ਭਾਜਪਾ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਉਹ ਦੇਸ਼ ਦੇ ਵੱਡੇ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਕੰਗਨਾ ਰਨੌਤ ਦੀਆਂ ਦੇਸ਼ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਨੱਥ ਪਾਉਣ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਪਰਮਿੰਦਰ ਸਿੰਘ ਮਲੋਆ ਅਤੇ ਸੀਨੀਅਰ ਆਗੂ ਭਲਿੰਦਰ ਸਿੰਘ ਮਾਨ ਵੀ ਹਾਜਿਰ ਸਨ।

Continue Reading

Mohali

ਮੁਹਾਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ, 351 ਕੈਮਰੇ ਕੱਟਣਗੇ ਚਲਾਨ

Published

on

By

 

 

ਮੁੱਖ ਮੰਤਰੀ ਵਲੋਂ ਮੁਹਾਲੀ ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਐਸ.ਏ.ਐਸ. ਨਗਰ, 6 ਮਾਰਚ (ਸ.ਬ.) ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਾਸਤੇ ਬੁਰੀ ਖਬਰ ਹੈ। ਅਜਿਹੇ ਵਾਹਨ ਚਾਲਕਾਂ ਤੇ ਕਾਬੂ ਕਰਨ ਲਈ ਸ਼ਹਿਰ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਨਾਲ ਲੈਸ ਆਧੁਨਿਕ ਕੈਮਰੇ ਲਗਾਏ ਗਏ ਹਨ ਜਿਹਨਾਂ ਵਲੋਂ ਅਜਿਹੇ ਵਾਹਨਾਂ ਦੇ ਚਾਲਾਨ ਕੱਟੇ ਜਾਣਗੇ ਅਤੇ ਬਾਅਦ ਵਿੱਚ ਟੈzzਫਿਕ ਪੁਲੀਸ ਵਲੋਂ ਵਾਹਨ ਮਾਲਕ ਦੇ ਘਰ ਫੋਟੋ ਸਮੇਤ ਚਾਲਾਨ ਭੇਜ ਦਿੱਤਾ ਜਾਵੇਗਾ। ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁਹਾਲੀ ਵਿੱਚ 21.60 ਕਰੋੜ ਰੁਪਏ ਦੀ ਲਾਗਤ ਵਾਲੇ ਤਿਆਰ ਕੀਤੇ ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਪੁਖ਼ਤਾ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਉੱਨਤ ਏ. ਆਈ. ਆਧਾਰਤ ਨਿਗਰਾਨੀ ਅਤੇ ਟ੍ਰੈਫਿਕ ਨਿਗਰਾਨੀ ਪ੍ਰਣਾਲੀਆਂ ਨਾਲ ਲੈਸ ਇਸ ਅਤਿ-ਆਧੁਨਿਕ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣਾ, ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣਾ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਕਿਹਾ ਕਿ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ, ਜਨਤਕ ਸੁਰੱਖਿਆ ਵਧਾਉਣ ਅਤੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਇਸ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏ. ਐਨ. ਪੀ. ਆਰ) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ (ਆਰ. ਐਲ. ਵੀ. ਡੀ) ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀ.ਟੀ.ਜ਼ੈਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਲ ਹਨ।

ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਲਾਲ ਬੱਤੀ, ਓਵਰ ਸਪੀਡ, ਟ੍ਰਿਪਲ ਰਾਈਡਿੰਗ, ਗ਼ਲਤ ਸਾਈਡ ਡਰਾਈਵਿੰਗ, ਬਿਨਾਂ ਹੈਲਮੇਟ ਸਵਾਰੀ ਅਤੇ ਸਟਾਪ ਲਾਈਨ, ਜ਼ੈਬਰਾ ਕਰਾਸਿੰਗ ਜਿਹੀਆਂ ਉਲੰਘਣਾਵਾਂ ਲਈ ਈ-ਚਲਾਨ ਆਪਣੇ ਆਪ ਤਿਆਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਸਟਮ ਪ੍ਰਤੀ ਦਿਨ ਔਸਤਨ 5,000 ਤੋਂ 6,000 ਚਲਾਨ ਕਰੇਗਾ, ਜਿਸ ਨਾਲ ਟ੍ਰੈਫਿਕ ਨਿਯਮ ਲਾਗੂਕਰਨ ਅਤੇ ਨਿਯਮ ਦੀ ਪਾਲਣਾ ਕਰਨ ਵਿੱਚ ਕਾਫ਼ੀ ਸੁਧਾਰ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮਾਰਟ ਟ੍ਰੈਫਿਕ ਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ, ਜੋ ਵਾਹਨਾਂ ਦੀ ਆਵਾਜਾਈ ਅਤੇ ਭੀੜ ਨੂੰ ਘਟਾਉਣ ਲਈ ਅਸਲ-ਸਮੇਂ ਦੇ ਟ੍ਰੈਫਿਕ ਪ੍ਰਵਾਹ ਦੇ ਅਨੁਕੂਲ ਹੋਣਗੀਆਂ। ਉਨ੍ਹਾਂ ਕਿਹਾ ਕਿ ਏਕੀਕ੍ਰਿਤ ਟ੍ਰੈਫਿਕ ਕੋਰੀਡੋਰ ਵੀ ਬਣਾਏ ਜਾਣਗੇ, ਜਿਸ ਨਾਲ ਮੁਹਾਲੀ, ਖਰੜ, ਜ਼ੀਰਕਪੁਰ ਅਤੇ ਡੇਰਾ ਬੱਸੀ ਵਿੱਚ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਸਫਲਤਾਪੂਰਵਕ ਲਾਗੂ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਜ਼ਿਲ੍ਹੇ ਭਰ ਵਿੱਚ ਹੋਰ ਥਾਵਾਂ ਨੂੰ ਕਵਰ ਕਰਨ ਵਾਲੇ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਸ਼ਹਿਰ ਦੇ ਨਿਗਰਾਨੀ ਨੈਟਵਰਕ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

ਜਿਕਰਯੋਗ ਹੈ ਕਿ 21.60 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਤਿਆਰ ਹੋਇਆ ਇਹ ਪ੍ਰਾਜੈਕਟ ਸੈਕਟਰ-79, ਮੁਹਾਲੀ ਵਿਖੇ ਸਥਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ ਮੁਹਾਲੀ ਦੀਆਂ 17 ਅਹਿਮ ਥਾਵਾਂ ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀ.ਸੀ.ਟੀ.ਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ। ਐਸ ਏ ਐਸ ਨਗਰ ਵਿੱਚ ਇਸ ਪ੍ਰੋਜੈਕਟ ਦੇ ਤਹਿਤ ਚਾਵਲਾ ਚੌਂਕ ਕਰੋਸਿੰਗ, ਫੇਜ਼ ਤਿੰਨ ਪੰਜ ਦੀਆਂ ਲਾਈਟਾਂ, ਮਾਈਕਰੋ ਟਾਵਰ ਫੇਜ਼ ਦੋ ਤਿੰਨ ਏ ਕਰੋਸਿੰਗ, ਮੈਕਸ ਹਸਪਤਾਲ, ਸੰਨੀ ਇਨਕਲੇਵ, ਆਈਸ਼ਰ ਚੌਂਕ, ਏਅਰਪੋਰਟ ਚੌਂਕ, ਚੀਮਾ ਬਾਇਲਰ ਚੌਂਕ, ਲਾਂਡਰਾਂ ਲੋਕੇਸ਼ਨ, ਸੈਕਟਰ 105/106 ਡਿਵਾਈਡਿੰਗ, ਟੀ ਪੁਆਇੰਟ ਲਾਂਡਰਾਂ ਬਨੂੜ ਰੋਡ, ਪੰਜਾਬ ਅਪਾਰਟਮੈਂਟ ਕ੍ਰਾਸਿੰਗ ਸੈਕਟਰ 89, ਟੀ ਪੁਆਇੰਟ ਸੈਕਟਰ 90/ਅੱਠ ਬੀ, ਫੇਜ਼ ਸੱਤ ਕਰੋਸਿੰਗ, ਟੀ ਡੀ ਆਈ ਗਿਲਕੋਗੇਟ ਨੇੜੇ, ਫਰੈਂਕੋ ਲਾਈਟ ਅਤੇ ਏਅਰਪੋਰਟ ਚੌਂਕ ਤੋਂ ਜੀਰਕਪੁਰ ਰੋਡ ਤੇ ਕੈਮਰੇ ਲਗਾਏ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਆਈ.ਸੀ.ਸੀ.ਸੀ. ਪ੍ਰਾਜੈਕਟ ਸ਼ਹਿਰੀ ਸੁਰੱਖਿਆ ਅਤੇ ਸਮਾਰਟ ਟ੍ਰੈਫਿਕ ਪ੍ਰਬੰਧਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਮੁਹਾਲੀ ਦੇ ਵਪਾਰਕ, ਆਈ.ਟੀ. ਅਤੇ ਰਿਹਾਇਸ਼ੀ ਹੱਬ ਵਜੋਂ ਤੇਜ਼ੀ ਨਾਲ ਵਿਸਥਾਰ ਦੇ ਮੱਦੇਨਜ਼ਰ ਇਹ ਉਪਰਾਲਾ ਕਾਨੂੰਨ ਵਿਵਸਥਾ ਬਣਾਈ ਰੱਖਣ, ਨਿਰਵਿਘਨ ਟ੍ਰੈਫਿਕ ਪ੍ਰਵਾਹ ਯਕੀਨੀ ਬਣਾਉਣ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਅਤ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਅਤਿ-ਆਧੁਨਿਕ ਤਕਨਾਲੌਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ ਤਾਂ ਜੋ ਸ਼ਹਿਰੀ ਪ੍ਰਸ਼ਾਸਨ ਅਤੇ ਸੁਰੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਜਾ ਸਕਣ।

 

Continue Reading

Mohali

ਝੂਠੇ ਪੁਲੀਸ ਮੁਕਾਬਲੇ ਵਿੱਚ 2 ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਵਿੱਚ ਤਤਕਾਲੀ ਐਸ.ਐਚ.ਓ ਨੂੰ ਉਮਰ ਕੈਦ ਅਤੇ ਥਾਣੇਦਾਰ ਨੂੰ 5 ਸਾਲ ਦੀ ਕੈਦ

Published

on

By

 

ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਡੇਢ ਡੇਢ ਲੱਖ ਰੁਪਏ ਮੁਆਵਜਾ ਦੇਣ ਦੇ ਹੁਕਮ

ਐਸ ਏ ਐਸ ਨਗਰ, 6 ਮਾਰਚ (ਪਰਵਿੰਦਰ ਕੌਰ ਜੱਸੀ) 1993 ਵਿੱਚ ਹੋਏ ਇਕ ਹੋਰ ਝੂਠੇ ਪੁਲੀਸ ਮੁਕਾਬਲੇ ਵਿੱਚ ਦੋ ਨੌਜਵਾਨਾਂ ਗੁਰਦੇਵ ਸਿੰਘ ਉਰਫ ਦੇਬਾ ਅਤੇ ਸੁਖਵੰਤ ਸਿੰਘ ਨੂੰ ਮਾਰਨ ਦੇ ਦੋਸ਼ ਵਿੱਚ ਮੁਹਾਲੀ ਵਿਚਲੀ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਲੋਂ ਉਸ ਸਮੇਂ ਦੇ ਐਸ.ਐਚ.ਓ ਪੱਟੀ ਰਹੇ ਸੀਤਾ ਰਾਮ ਨੂੰ ਕਤਲ ਦੀ ਧਾਰਾ 302 ਵਿੱਚ ਉਮਰ ਕੈਦ, 2 ਲੱਖ ਰੁਪਏ ਜੁਰਮਾਨਾ, ਧਾਰਾ 201 ਵਿੱਚ 5 ਸਾਲ ਦੀ ਕੈਦ 50 ਹਜ਼ਾਰ ਜੁਰਮਾਨਾ ਅਤੇ ਧਾਰਾ 218 ਵਿੱਚ 2 ਸਾਲ ਦੀ ਕੈਦ ਅਤੇ 20 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸੇ ਤਰਾਂ ਦੋਸ਼ੀ ਥਾਣੇਦਾਰ ਰਾਜਪਾਲ ਸਿੰਘ ਨੂੰ ਧਾਰਾ 201 ਅਤੇ 120ਬੀ ਵਿੱਚ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰਾਂ ਨੂੰ ਡੇਢ ਡੇਢ ਲੱਖ ਰੁਪਏ ਮੁਆਵਜਾ ਵੀ ਦਿੱਤਾ ਜਾਵੇ, ਜੋ ਕਿ ਦੋਸ਼ੀਆਂ ਨੂੰ ਕੀਤੇ ਗਏ ਜੁਰਮਾਨੇ ਤੋਂ ਵੱਖਰਾ ਹੋਵੇਗਾ।

ਇਸ ਮਾਮਲੇ ਵਿੱਚ ਅਦਾਲਤ ਵਲੋਂ ਸਾਬਕਾ ਏ.ਆਈ.ਜੀ ਕਸ਼ਮੀਰ ਸਿੰਘ ਗਿੱਲ, ਉਸ ਸਮੇਂ ਦੇ ਕੈਰੋਂ ਚੌਂਕੀ ਇਚਾਰਜ ਰਹੇ ਨੌਰੰਗ ਸਿੰਘ, ਗੋਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਫਕੀਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਪੁਲੀਸ ਨੇ 1993 ਵਿੱਚ ਦੋ ਨੌਜਵਾਨਾਂ ਨੂੰ ਮ੍ਰਿਤਕ ਦਿਖਾਇਆ ਸੀ। ਸੀ.ਬੀ.ਆਈ ਨੇ 1995 ਵਿਚ ਦਿੱਤੇ ਗਏ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ। ਸੀ.ਬੀ.ਆਈ ਵਲੋਂ ਫਰਵਰੀ 1997 ਵਿਚ ਪੱਟੀ ਦੇ ਏ. ਐਸ. ਆਈ ਨੋਰੰਗ ਸਿੰਘ ਅਤੇ ਹੋਰਾਂ ਵਿਰੁੱਧ ਧਾਰਾ 364/34 ਅਧੀਨ ਕੇਸ ਦਰਜ ਕੀਤਾ ਸੀ। ਸੀ.ਬੀ.ਆਈ ਦੇ ਸਰਕਾਰੀ ਵਕੀਲ ਅਨਮੋਲ ਨਾਰੰਗ ਮੁਤਾਬਕ ਸੀ.ਬੀ.ਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਜਾਂਚ ਕੀਤੀ ਜੋ ਇਹ ਸਾਬਤ ਕਰਦੇ ਹਨ ਕਿ 30 ਜਨਵਰੀ 1993 ਨੂੰ ਗੁਰਦੇਵ ਸਿੰਘ ਉਰਫ਼ ਦੇਬਾ ਪੁੱਤਰ ਗਿਆਨ ਸਿੰਘ ਵਾਸੀ ਗਲੀਲੀਪੁਰ ਜਿਲਾ ਤਰਨਤਾਰਨ ਨੂੰ ਚੌਕੀ ਇੰਚਾਰਜ ਏ. ਐਸ. ਆਈ ਨੋਰੰਗ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਉਸਦੀ ਰਿਹਾਇਸ਼ ਤੋਂ ਚੁੱਕਿਆ ਸੀ ਅਤੇ ਇਸ ਤੋਂ ਬਾਅਦ 5 ਫਰਵਰੀ 1993 ਨੂੰ ਇਕ ਹੋਰ ਨੌਜਵਾਨ ਸੁਖਵੰਤ ਸਿੰਘ ਨੂੰ ਏ. ਐਸ. ਆਈ ਦੀਦਾਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਤਰਨਤਾਰਨ ਦੇ ਪਿੰਡ ਬਾਹਮਣੀਵਾਲਾਵਿਖੇ ਉਸਦੀ ਰਿਹਾਇਸ਼ ਤੋਂ ਚੁੱਕਿਆ ਸੀ।

ਬਾਅਦ ਵਿੱਚ ਦੋਵਾਂ ਨੂੰ 6 ਫਰਵਰੀ 1993 ਨੂੰ ਥਾਣਾ ਪੱਟੀ ਦੇ ਭਾਗੂਪੁਰ ਖੇਤਰ ਵਿਚ ਇਕ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਦਿਖਾਇਆ ਗਿਆ ਅਤੇ ਮੁਕਾਬਲੇ ਦੀ ਕਹਾਣੀ ਬਣਾ ਕੇ ਥਾਣਾ ਪੱਟੀ, ਤਰਨਤਾਰਨ ਵਿਖੇ ਐਫ ਆਈ ਆਰ ਦਰਜ ਕੀਤੀ ਗਈ। ਦੋਵਾਂ ਲਾਸ਼ਾਂ ਦਾ ਸਸਕਾਰ ਲਾਵਾਰਿਸ ਹਾਲਤ ਵਿਚ ਕਰ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਗਈਆਂ। ਉਸ ਸਮੇਂ ਪੁਲੀਸ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕਤਲ, ਜਬਰਦਸਤੀ ਆਦਿ ਦੇ 300 ਮਾਮਲਿਆਂ ਵਿਚ ਸ਼ਾਮਲ ਸਨ, ਪਰ ਸੀ.ਬੀ.ਆਈ ਜਾਂਚ ਦੌਰਾਨ ਇਹ ਤੱਥ ਗਲਤ ਪਾਇਆ ਗਿਆ।

ਸੀ.ਬੀ.ਆਈ ਨੇ ਸਾਲ 2000 ਵਿਚ ਜਾਂਚ ਪੂਰੀ ਕਰਨ ਤੋਂ ਬਾਅਦ ਤਰਨਤਾਰਨ ਦੇ 11 ਪੁਲੀਸ ਅਧਿਕਾਰੀਆਂ (ਨੋਰੰਗ ਸਿੰਘ ਤਤਕਾਲੀ ਇੰਚਾਰਜ ਚੌਂਕੀ ਕੈਰੋਂ, ਏ.ਐਸ.ਆਈ ਦੀਦਾਰ ਸਿੰਘ, ਕਸ਼ਮੀਰ ਸਿੰਘ ਤਤਕਾਲੀ ਡੀ.ਐਸ.ਪੀ ਪੱਟੀ, ਸੀਤਾ ਰਾਮ ਤਤਕਾਲੀ ਐਸ.ਐਚ.ਓ ਪੱਟੀ, ਦਰਸ਼ਨ ਸਿੰਘ, ਗੋਬਿੰਦਰ ਸਿੰਘ ਤਤਕਾਲੀ ਐਸ.ਐਚ.ਓ ਵਲਟੋਹਾ, ਏ.ਐਸ.ਆਈ ਸ਼ਮੀਰ ਸਿੰਘ, ਏ.ਐਸ.ਆਈ ਫਕੀਰ ਸਿੰਘ, ਸਿਪਾਹੀ ਸਰਦੂਲ ਸਿੰਘ, ਸਿਪਾਹੀ ਰਾਜਪਾਲ ਅਤੇ ਸਿਪਾਹੀ ਅਮਰਜੀਤ ਸਿੰਘ) ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਸੀ ਅਤੇ ਉਨ੍ਹਾਂ ਵਿਰੁੱਧ ਸਾਲ 2001 ਵਿਚ ਦੋਸ਼ ਤੈਅ ਕੀਤੇ ਗਏ ਸਨ।

ਹੈਰਾਨੀ ਦੀ ਗੱਲ ਹੈ ਕਿ ਸੀ.ਬੀ.ਆਈ ਵਲੋਂ ਇਕੱਠੇ ਕੀਤੇ ਗਏ ਸਾਰੇ ਸਬੂਤ ਇਸ ਕੇਸ ਦੀ ਨਿਆਂਇਕ ਫਾਈਲ ਵਿੱਚੋਂ ਗਾਇਬ ਹੋ ਗਏ ਅਤੇ ਉੱਚ ਅਦਾਲਤ ਵਲੋਂ ਸੂਚਿਤ ਕਰਨ ਤੋਂ ਬਾਅਦ, ਹਾਈ ਕੋਰਟ ਦੇ ਹੁਕਮਾਂ ਤੇ ਰਿਕਾਰਡ ਨੂੰ ਦੁਬਾਰਾ ਤਿਆਰ ਕੀਤਾ ਗਿਆ। ਅੰਤ ਵਿੱਚ ਘਟਨਾ ਤੋਂ 30 ਸਾਲ ਬਾਅਦ, ਸਾਲ 2023 ਵਿਚ ਪਹਿਲੇ ਸਰਕਾਰੀ ਗਵਾਹ ਦਾ ਬਿਆਨ ਦਰਜ ਕੀਤਾ ਗਿਆ।

ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਹੈ ਕਿ ਸੀ.ਬੀ.ਆਈ ਨੇ ਇਸ ਕੇਸ ਵਿਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ, ਪਰ ਮੁਕੱਦਮੇ ਦੌਰਾਨ ਸਿਰਫ਼ 22 ਗਵਾਹਾਂ ਨੂੰ ਹੀ ਪੇਸ਼ ਕੀਤਾ ਗਿਆ ਕਿਉਂਕਿ 23 ਗਵਾਹਾਂ ਦੀ ਕੇਸ ਵਿੱਚ ਦੇਰੀ ਹੋਣ ਕਾਰਨ ਅਤੇ ਉਕਤ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਇਸ ਤੱਥ ਕਾਰਨ ਕੁਝ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚਾਰ ਮੁਲਜ਼ਮਾਂ ਸਰਦੂਲ ਸਿੰਘ, ਅਮਰਜੀਤ ਸਿੰਘ, ਦੀਦਾਰ ਸਿੰਘ ਅਤੇ ਸਮੀਰ ਸਿੰਘ ਦੀ ਮੌਤ ਚੱਲ ਰਹੇ ਮੁਕੱਦਮੇ ਦੌਰਾਨ ਹੋ ਗਈ।

 

Continue Reading

Mohali

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਪ ਪਾਰਟੀ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ : ਬਲਬੀਰ ਸਿੰਘ ਸਿੱਧੂ

Published

on

By

 

ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਮੁਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ

ਐਸ ਏ ਐਸ ਨਗਰ, 6 ਮਾਰਚ (ਸ.ਬ.) ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਅੱਜ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੁਹਾਲੀ ਦੇ ਫੇਜ਼-1 ਉਦਯੋਗਿਕ ਖੇਤਰ ਦਫਤਰ ਵਿਖੇ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਚੋਣਾਂ ਲਈ ਕਮਰਕੱਸੇ ਕਰ ਲੈਣ ਦਾ ਸੱਦਾ ਦਿੱਤਾ।

ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ ਆ ਚੁਕੇ ਹਨ, ਕਿਉਂਕਿ ਜਿਨ੍ਹਾਂ ਦਾਅਵਿਆਂ ਤੇ ਵਾਅਦਿਆਂ ਦੇ ਸਹਾਰੇ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਸੂਬੇ ਦੀ ਸੱਤਾ ਸੰਭਾਲੀ ਸੀ ਉਨ੍ਹਾਂ ਨੂੰ ਪੂਰਾ ਕਰਨ ਵਿਚ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।

ਉਹਨਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਆਪ ਪਾਰਟੀ ਦੀ ਗੁੰਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਕਿਸੇ ਕਾਂਗਰਸੀ ਵਰਕਰ ਨਾਲ ਧੱਕਾ ਕਰੇਗੀ ਤਾਂ ਉਹ ਖੁਦ ਉਸ ਕਾਂਗਰਸੀ ਵਰਕਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਣਗੇ।

ਇਸ ਮੀਟਿੰਗ ਨੂੰ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਲੇਬਰਫੈਡ ਦੇ ਮੀਤ ਚੈਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਨਾ, ਸ ਭਗਤ ਸਿੰਘ ਨਾਮਧਾਰੀ, ਹਰਚਰਨ ਸਿੰਘ ਗਿੱਲ ਲਾਂਡਰਾਂ, ਗੁਰਬਾਜ ਸਿੰਘ ਮੌਲੀ ਬੈਦਵਾਨ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸਾਬਕਾ ਸਰਪੰਚ ਕੂਰੜਾ, ਮਨਜੀਤ ਸਿੰਘ ਤੰਗੌਰੀ ਮੀਤ ਚੈਅਰਮੈਨ ਬਲਾਕ ਸੰਮਤੀ ਖਰੜ, ਕਰਮ ਸਿੰਘ ਸਾਬਕਾ ਸਰਪੰਚ ਮਾਣਕਪੁਰ ਕੱਲਰ, ਚੌਧਰੀ ਰਿਸ਼ੀ ਪਾਲ ਸਾਬਕਾ ਸਰਪੰਚ ਸਨੇਟਾ, ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਹਰਭਜਨ ਸਿੰਘ ਰਾਏਪੁਰ ਕਲਾਂ, ਅਵਤਾਰ ਸਿੰਘ ਭਾਗੋ ਮਾਜਰਾ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ, ਕੁਲਵੰਤ ਸਿੰਘ ਫੌਜ਼ੀ ਗੀਗੇ ਮਾਜਰਾ, ਸੁਖਵਿੰਦਰ ਸਿੰਘ ਸਰਪੰਚ ਮਿੰਢੇ ਮਾਜਰਾ, ਪ੍ਰਦੀਪ ਸਿੰਘ ਤੰਗੌਰੀ, ਸੋਮ ਨਾਥ ਤੰਗੋਰੀ, ਅਮਰਜੀਤ ਸਿੰਘ ਸੁਖਗੜ੍ਹ, ਰਾਮਈਸ਼ਰ ਸਾਬਕਾ ਸਰਪੰਚ ਗੋਬਿੰਦਗੜ੍ਹ, ਜਗਦੀਸ਼ ਸਿੰਘ ਲਾਂਡਰਾਂ, ਅਵਤਰ ਸਿੰਘ ਲਾਂਡਰਾਂ, ਗੁਰਮੁੱਖ ਸਿੰਘ ਨਿਊ ਲਾਂਡਰਾਂ, ਗੁਰਿੰਦਰ ਸਿੰਘ ਖੱਟੜਾ ਦੇੜੀ, ਜਸਵਿੰਦਰ ਸਿੰਘ ਪੱਪਾ ਗਿੱਦੜਪੁਰ ਸਾਬਕਾ ਸਰਪੰਚ, ਸੁਦੇਸ਼ ਕੁਮਾਰ ਗੋਗਾ ਬੇਰੋਂਪੁਰ, ਅਵਤਾਰ ਸਿੰਘ ਭਾਗੋ ਮਾਜਰਾ, ਹਰਜਸ ਸਿੰਘ ਮੌਲੀ ਬੈਦਵਾਨ, ਮਨਜੀਤ ਸਿੰਘ ਮੋਟੇ ਮਾਜਰਾ, ਸਰਨਜੀਤ ਸਿੰਘ ਲਾਲੀ ਰਾਏਪੁਰ ਕਲਾਂ, ਸੰਜੀਵ ਕੁਮਾਰ ਬੰਟੀ ਗੋਬਿੰਦਗੜ੍ਹ, ਭਗਤ ਰਾਮ ਸਾਬਕਾ ਸਰਪੰਚ ਸਨੇਟਾ, ਪੰਡਿਤ ਭੁਪਿੰਦਰ ਨਗਾਰੀ, ਧਰਮਪਾਲ ਸਿੰਘ ਦੁਰਾਲੀ, ਨਰਿੰਦਰ ਸਿੰਘ ਸੋਨੀ ਸਰਪੰਚ ਸੈਦਪੁਰ, ਮਨਦੀਪ ਸਿੰਘ ਗੋਲਡੀ ਸਾਬਕਾ ਸਰਪੰਚ ਸੈਦਪੁਰ, ਚਾਦ ਸੰਭਾਲਕੀ, ਵੇਦ ਪ੍ਰਕਾਸ਼ ਸੰਭਾਲਕੀ, ਗੁਰਵਿੰਦਰ ਸਿੰਘ ਬੜੀ, ਬਲਜੀਤ ਸਿੰਘ ਭਾਗੋ ਮਾਜਰਾ, ਜਸਵਿੰਦਰ ਸਿੰਘ ਭੋਲਾ, ਰਣਧੀਰ ਸਿੰਘ ਚਾਉ ਮਾਜਰਾ, ਗੁਲਜ਼ਾਰ ਸਿੰਘ ਕੁਰੜਾ, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।

Continue Reading

Latest News

Trending