Connect with us

Editorial

ਆਸਟ੍ਰੇਲੀਆ ਦਾ ਮੂੰਹ ਮੱਥਾ ਸਵਾਰਨ ਵਿੱਚ ਪੰਜਾਬੀਆਂ ਨੇ ਵੀ ਦਿੱਤਾ ਵੱਡਾ ਯੋਗਦਾਨ

Published

on

 

 

ਮਿਹਨਤਕਸ਼ ਪੰਜਾਬੀ ਸਿੱਖਾਂ ਨੇ ਦੁਨੀਆਂ ਦੇ ਅਨੇਕਾਂ ਹੋਰ ਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਵੀ ਖਾਲੀ ਹੱਥ ਪਹੁੰਚ ਕੇ ਦੁਨੀਆਂ ਦੀਆਂ ਹੋਰ ਬਾਕੀ ਕੌਮਾਂ ਨੂੰ ਆਪਣੀ ਸਖਤ ਮਿਹਨਤ ਜਰੀਏ ਹੈਰਾਨ ਕੀਤਾ ਹੈ। 18ਵੀਂ ਅਤੇ 19ਵੀਂ ਸਦੀ ਵਿੱਚ ਗਰੀਬੀ ਦੀ ਮਾਰ ਨਾ ਸਹਿੰਦੇ ਹੋਏ ਪੰਜਾਬੀ, ਸਮੁੰਦਰੀ ਕਿਸ਼ਤੀਆਂ ਅਤੇ ਜਹਾਜਾਂ ਤੇ ਚੜ੍ਹਕੇ ਸੰਸਾਰ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਆਸਟ੍ਰੇਲੀਆ ਵਿਚ ਵੀ ਆਣ ਪਹੁੰਚੇ ਸਨ। ਉਦੋਂ ਪੇਂਡੂ ਬੋਲੀ ਵਿੱਚ ਇਸ ਦੇਸ਼ ਨੂੰ ਸਾਡੇ ਲੋਕੀਂ ਤੇਲੀਆ ਕਹਿੰਦੇ ਸਨ।

ਉਸ ਵੇਲੇ ਜਦੋਂ ਬ੍ਰਿਟਿਸ਼ ਸਰਕਾਰ ਦਾ ਰਾਜ ਸਾਰੀ ਦੁਨੀਆਂ ਵਿੱਚ ਫੈਲ ਰਿਹਾ ਸੀ। ਬ੍ਰਿਟਿਸ਼ ਸਰਕਾਰ ਨੇ ਕੈਪਟਨ ਕੁੱਕਨਾ ਦੇ ਕਪਤਾਨ ਨੂੰ ਕਮਜੋਰ ਰਾਜ ਪ੍ਰਬੰਧ ਵਾਲੇ ਦੇਸ਼ਾਂ ਅਤੇ ਵਿਹਲੀਆਂ ਧਰਤੀਆਂ ਵਾਲੇ ਦੇਸ਼ ਲੱਭਣ ਲਈ ਭੇਜਿਆ। ਉਸਦਾ ਸਮੁੰਦਰੀ ਬੇੜਾ 1770 ਵਿੱਚ ਇਸ ਵਿਹਲੀ ਪਈ ਧਰਤੀ (ਆਸਟ੍ਰੇਲੀਆ ਅਤੇ ਨਿਊਜੀਲੈਂਡ) ਪੰਹੁਚਿਆ। ਨਾ ਮਾਤਰ ਮੂਲਵਾਸੀਆਂ ਦੀ ਵਸੋਂ ਵਾਲੀ ਇਸ ਧਰਤੀ ਦਾ ਆਪਣੀ ਪਾਰਖੂ ਅੱਖ ਨਾਲ ਜਾਇਜਾ ਲੈ ਕੇ ਅਤੇ ਅਨਮੋਲ ਖਣਿਜ ਪਦਾਰਥਾਂ ਵਾਲੇ ਵਡਮੁਲੇ ਅਨਮੋਲ ਖਜਾਨੇ ਵਾਲੀ ਵਿਹਲੀ ਪਈ ਧਰਤੀ ਨੂੰ ਆਬਾਦ ਕਰਨ ਦੀ ਨੀਯਤ ਨਾਲ ਉਹ ਬ੍ਰਿਟਿਸ਼ ਸਰਕਾਰ ਨੂੰ ਜਾਣਕਾਰੀ ਦੇਣ ਲਈ ਵਾਪਿਸ ਮੁੜ ਗਿਆ।

ਇਸਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਕੈਪਟਨ ਔਰਥਰ ਫਿਲਪ ਦੀ ਕਮਾਂਡ ਹੇਠ ਆਪਣੇ ਰਾਜ ਹੇਠ ਆਉਂਦੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਸਜਾ ਦੇਣ ਦੀ ਨੀਯਤ ਨਾਲ ਅਤੇ ਉਨ੍ਹਾਂ ਤੋਂ ਹੀ ਕਲੋਨੀਆਂ ਬਣਵਾਉਣ ਲਈ ਅਤੇ ਆਸਟ੍ਰੇਲੀਆ ਉੱਤੇ ਕਬਜਾ ਕਰਨ ਲਈ 11 ਸਮੁੰਦਰੀ ਬੇੜਿਆਂ ਤੇ ਹਰ ਕਿਸਮ ਦਾ ਸਾਜੋ-ਸਮਾਨ ਲੱਦ ਕੇ ਅਤੇ 1500 ਦੇ ਕਰੀਬ ਕਾਮਿਆਂ ਨੂੰ ਭੇਜਿਆ ਗਿਆ। ਇਨ੍ਹਾਂ ਵਿੱਚ ਕਾਲੇਪਾਣੀ ਸਜਾ ਯਾਫਤਾ 778 ਅਪਰਾਧੀ ਕਿਸਮ ਦੇ ਲੋਕਵੀ ਸਨ ਜਿਹਨਾਂ ਜਿਨ੍ਹਾਂ ਵਿੱਚ 192 ਔਰਤਾਂ ਤੇ 586 ਆਦਮੀ ਸਨ। ਇਨ੍ਹਾਂ ਸਾਰਿਆਂ ਨੂੰ ਇੰਗਲੈਂਡ ਤੋਂ ਲਿਆ ਕੇ 26 ਜਨਵਰੀ 1788 ਨੂੰ ਆਸਟ੍ਰੇਲੀਆ ਦੇ (ਨਿਊ ਸਾਊਥਵੇਲਜ) ਸੂਬੇ ਦੇ ਸਮੁੰਦਰੀ ਕਿਨਾਰੇ ਆਪਣਾ ਬ੍ਰਿਟਿਸ਼ ਸਰਕਾਰ ਦਾ ਝੰਡਾ ਗੱਡ ਦਿੱਤਾ ਗਿਆ ਸੀ।

ਉਸ ਵੇਲੇ ਤੋਂ ਹੀ ਇਸ ਧਰਤੀ ਦਾ ਅਮਲੀ ਤੌਰ ਤੇ ਵਿਕਾਸ ਹੋਣਾ ਸ਼ੁਰੂ ਹੋਇਆ। ਉਸ ਵੇਲੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਅਬਾਦ ਹੋ ਰਹੀ ਇਸ ਧਰਤੀ ਉੱਤੇ ਪੰਜਾਬ ਵਿੱਚ ਅਮੀਰ ਸ਼ਾਹੂਕਾਰਾ ਤੰਤਰ ਵਲੋਂ ਸਤਾਏ ਅਤੇ ਕੁਦਰਤ ਦੀ ਮਾਰ ਹੇਠ ਆਏ ਪੰਜਾਬੀ ਗਰੀਬੀ ਦੀ ਮਾਰ ਨਾ ਸਹਿੰਦੇ ਹੋਏ ਆਪਣਾ ਵਧੀਆ ਭਵਿਖ ਬਨਾਉਣ ਲਈ ਇਸ ਧਰਤੀ ਤੇ ਪਹੁੰਚੇ ਸਨ ਅਤੇ ਆਸਟ੍ਰੇਲੀਆ ਦੇ ਵਿਕਾਸ ਵਿਚ ਇਨ੍ਹਾਂ ਮਿਹਨਤੀ ਪੰਜਾਬੀ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਉਦੋਂ ਇਸ ਦੇਸ਼ ਦੇ ਵਿਕਾਸ ਲਈ ਕੁੱਝ ਕਰਨ ਲਈ ਬੰਦਿਆਂ ਦੀ ਬਹੁਤ ਵੱਡੀ ਘਾਟ ਸੀ। ਨਾ ਤਾਂ ਇੱਥੇ ਪੱਕੀਆਂ ਸੜਕਾਂ ਸਨ ਅਤੇ ਨਾ ਹੀ ਰੇਲਗੱਡੀਆਂ ਦੀਆਂ ਲਾਈਨਾਂ ਵਿਛੀਆਂ ਸਨ। ਬਿਜਲੀ ਦਾ ਪ੍ਰਬੰਧ ਵੀ ਨਹੀਂ ਸੀ। ਉਸ ਵੇਲੇ ਸ਼ਹਿਰ ਤੇ ਕਲੋਨੀਆਂ ਵੀ ਨਹੀਂ ਸਨ। ਇਹ ਧਰਤੀ ਵਿਹਲੀ ਪਈ ਸੀ, ਬੀਆਵਾਨ ਅਤੇ ਉਜਾੜ ਜਮੀਨ ਵਿੱਚ ਜੰਗਲ ਹੀ ਜੰਗਲ ਸਨ। ਉਸ ਵੇਲੇ ਸਿਰੜੀ ਅਤੇ ਸਖਤ ਕੰਮ ਕਰਨ ਵਾਲੇ ਪੰਜਾਬੀ ਕਿਸਾਨ (ਜਿਹੜੇ ਕਿ ਘੱਟ ਜਮੀਨ ਵਾਲੇ ਦੁਆਬੇ ਖੇਤਰ ਨਾਲ ਸਬੰਧਿਤ ਸਨ) ਪੰਜਾਬ ਤੋਂ ਇੱਥੇ ਪਹੁੰਚੇ। ਉਹਨਾਂ ਨੇ ਇੱਥੇ ਆ ਕੇ ਜੰਗਲ ਕੱਟ ਕੇ ਵਾਹੀ ਯੋਗ ਉਪਜਾਊ ਜਮੀਨ ਬਣਾਉਣ ਦਾ ਕੰਮ ਵੀ ਕੀਤਾ, ਭੇਡਾਂ, ਬਕਰੀਆਂ, ਗਾਵਾਂ ਆਦਿ ਪਾਲਣ ਦੇਨਾਲ ਨਾਲ ਫਾਰਮਾਂ ਵਿਚ ਵੀ ਸਖਤ ਕੰਮ ਕੀਤਾ। ਸੜਕਾਂ ਦੀ ਉਸਾਰੀ ਕਰਨ, ਰੇਲਗੱਡੀਆਂ ਦੀਆਂ ਲਾਈਨਾਂ ਵਿਛਾਉਣ, ਬਿਜਲੀ ਦੀਆਂ ਤਾਰਾਂ ਪਾਉਣ, ਖੰਭੇ ਗੱਡਣ, ਫਾਰਮਾਂ ਵਿਚ ਸਬਜੀਆਂ ਉਗਾਣ, ਅਨਾਜ ਉਗਾਉਣ, ਫਲ਼ ਵਗੈਰਾ ਦੇ ਬੂਟੇ ਲਗਵਾਉਣ, ਫਲ ਤੋੜਨ, ਜਮੀਨ ਵਿਚੋਂ ਸੋਨਾ ਅਤੇ ਹੋਰ ਧਾਤਾਂ ਕੱਢਣ ਦਾ ਕੰਮ ਵੀ ਇਨ੍ਹਾਂ ਮਿਹਨਤੀ ਪੰਜਾਬੀਆਂ ਨੇ ਕੀਤਾ।

ਪੰਜਾਬੀਆਂ ਨੇ ਪੇਂਡੂ ਖੇਤਰ ਵਿਚ ਦੂਰ ਦੁਰਾਡੇ ਰਹਿੰਦੇ ਲੋਕਾਂ ਦੀ ਸਹੂਲੀਅਤ ਲਈ ਪਹਿਲਾਂ ਪਹਿਲ ਊਠਾਂ, ਘੋੜਿਆਂ ਦੀਆਂ ਪਿੱਠਾਂ ਤੇ ਲੱਦ ਕੇ ਖਾਣ ਪੀਣ ਅਤੇ ਹੋਰ ਘਰੇਲੂ ਜਰੂਰਤਾਂ ਵਾਲਾ ਸਮਾਨ ਲੋਕਾਂ ਦੇ ਘਰੋ ਘਰੀਂ ਜਾ ਕੇ ਹੋਕਾ ਦੇ ਕੇ ਵੇਚਣ ਵਾਲਾ ਹਾਕਰ ਵਾਲਾ ਕੰਮ ਵੀ ਕੀਤਾ। ਉਸ ਤੋਂ ਬਾਅਦ ਊਠ ਗੱਡੀਆਂ ਘੋੜਾ ਗੱਡੀਆਂ ਬਣਾਕੇ ਦੂਰ ਦੁਰਾਡੇ ਪਿੰਡਾਂ ਵਿਚ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਲਾ ਸਮਾਨ ਹੋਕਾ ਦੇ ਕੇ ਵੇਚਿਆ। ਆਪਣੀ ਬਚਤ ਵਿਚੋਂ ਉਹ ਪੰਜਾਬ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਪੈਸੇ ਭੇਜਦੇ ਰਹੇ ਜਿਨ੍ਹਾਂ ਉੱਥੇ ਜਮੀਨਾਂ ਖਰੀਦੀਆਂ ਅਤੇ ਆਪਣੇ ਵੱਧੀਆ ਘਰ ਮਕਾਨ ਵੀ ਬਣਾਏ। ਪੰਜਾਬੀਆਂ ਨੇ ਆਪਣੀ ਬਚਤ ਨਾਲ ਇੱਥੇ ਵੀ ਦੁਕਾਨਾਂ ਅਤੇ ਵੱਡੇ ਸਟੋਰ ਬਣਾਏ।

ਕਿਸਾਨੀ ਘਰਾਣੇ ਨਾਲ ਸਬੰਧਿਤ ਉੱਤਮ ਸਿੰਘ ਦੀ ਕਹਾਣੀ ਵੀ ਅਜਿਹੀ ਹੀ ਹੈ। ਉਹਨਾਂ ਨੇ 1881 ਵਿੱਚ ਮੋਗਾ (ਪੰਜਾਬ) ਤੋਂ ਸਮਾਟਰਾ ਪਹੁੰਚ ਕੇ ਪੰਜ ਸਾਲ ਤੱਕ ਤੰਬਾਕੂ ਦੀ ਖੇਤੀ ਵਿੱਚ ਭਾਰਤੀ ਕਾਮਿਆਂ ਦੀ ਸੁਪਰਵੀਜਨ ਕੀਤੀ। ਬਾਅਦ ਵਿੱਚ ਬ੍ਰਿਟਿਸ਼ ਪੁਲੀਸ ਵਿੱਚ ਭਰਤੀ ਹੋ ਗਏ ਅਤੇ ਫਿਰ ਪੰਜਾਬ ਵਾਪਿਸ ਜਾਣ ਦਾ ਮਨ ਬਣਾ ਲਿਆ। ਉੱਥੇ ਜਾ ਕੇ ਜਮੀਨ ਖਰੀਦ ਲਈ ਪਰ ਉੱਥੇ ਜਾ ਕੇ ਦਿਲ ਨਹੀਂ ਲਗਿਆ। ਥੋੜੇ ਸਮੇਂ ਬਾਅਦ ਆਪਣੇ ਭਰਾ ਨੂੰ ਵੀ ਆਪਣੇ ਨਾਲ ਲੈ ਕੇ ਬਟਾਵੀਆ (ਜਕਾਰਤਾ) ਹੁੰਦੇ ਹੋਏ (1890) ਵਿੱਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਪਹੁੰਚ ਗਏ। ਮੈਲਬੋਰਨ ਪਹੁੰਚ ਕੇ ਪਹਿਲਾਂ ਪਹਿਲ ਪੇਂਡੂ ਇਲਾਕਿਆਂ ਵਿਚ ਜਾ ਕੇ ਘਰੇਲੂ ਵਰਤੋਂ ਵਾਲਾ ਸਮਾਨ ਘਰੋ-ਘਰੀਂ ਜਾ ਕੇ ਹੋਕਾ ਦੇ ਕੇ ਵੇਚਦੇ ਰਹੇ। ਉੱਤਮ ਸਿੰਘ ਨੇ ਸਖਤ ਮਿਹਨਤ ਕਰਦਿਆਂ ਨੇ ਕਾਫੀ ਸਾਰੇ ਪੈਸੇ ਜੋੜੇ ਅਤੇ ਫਿਰ 1902 ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਕੰਗਾਰੂ ਆਈਲੈਂਡ ਤੇ ਕਿੰਗਸਕੋਟ ਵਿਖੇ ਘਰੇਲੂ ਵਰਤੋਂ ਵਾਲੀਆਂ ਵਸਤਾਂ ਦਾ ਪਹਿਲਾ ਜਨਰਲ ਸਟੋਰ ਬਣਾਇਆ।

ਉਤੱਮ ਸਿੰਘ ਅਜਿਹੇ ਇਕੱਲੇ ਪੰਜਾਬੀ ਨਹੀਂ ਹਨ ਬਲਕਿ ਅਜਿਹੇ ਹੋਰ ਵੀ ਬਹੁਤ ਸਾਰੇ ਪੰਜਾਬੀ ਹਨ ਜਿਹਨਾਂ ਨੇ 18ਵੀਂ ਅਤੇ 19ਵੀਂ ਸਦੀ ਵਿੱਚ ਆਸਟ੍ਰੇਲੀਆ ਪਹੁੰਚ ਕੇ ਸਖਤ ਮਿਹਨਤ ਕਰਦਿਆਂ ਇਸਦੇ ਵਿਕਾਸ ਵਿੱਚ ਬਣਦਾ ਯੋਗਦਾਨ ਦਿੰਦਿਆਂ ਨਾ ਸਿਰਫ ਆਸਟ੍ਰੇਲੀਆ ਦਾ ਮੂੰਹ ਮੱਥਾ ਸੰਵਾਰਿਆ ਹੈ ਬਲਕਿ ਨਾਲ ਹੀ ਆਪਣੀ ਮਿਹਨਤ ਦੀ ਕਮਾਈ ਜੋੜ ਕੇ ਆਪਣੇ ਕਾਰੋਬਾਰ ਵੀ ਚਲਾਏ ਹਨ।

ਮਨਮੋਹਨ ਸਿੰਘ ਖੇਲਾ

ਸਿਡਨੀ

Continue Reading

Editorial

ਮਨਚਲੇ ਨੌਜਵਾਨਾਂ ਵਲੋਂ ਜਨਤਕ ਥਾਵਾਂ ਤੇ ਕੀਤੀ ਜਾਂਦੀ ਹੁੱਲੜਬਾਜੀ ਤੇ ਸਖਤੀ ਨਾਲ ਰੋਕ ਲੱਗੇ

Published

on

By

 

 

ਸਰਦੀ ਦਾ ਅਸਰ ਵਧਣ ਲੱਗ ਗਿਆ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਛੋਟੇ ਹੋਣ ਲੱਗ ਗਏ ਹਨ। ਇਸ ਦੌਰਾਨ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਹੋਣ ਵਾਲਾ ਮਨਚਲੇ ਨੌਜਵਾਨਾਂ ਦਾ ਇਕੱਠ ਅਤੇ ਇਹਨਾਂ ਸ਼ੋਹਦਿਆਂ ਵਲੋਂ ਕੀਤੀ ਜਾਣ ਵਾਲੀ ਹੁਲੱੜਬਾਜੀ ਵੀ ਵੱਧ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਨਾ ਸਿਰਫ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਬਲਕਿ ਇਸ ਕਾਰਨ ਆਮ ਲੋਕ ਖੁਦ ਨੂੰ ਅਸੁਰਖਿਅਤ ਮਹਿਸੂਸ ਕਰਦੇ ਹਨ।

ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਵਿੱਚ ਹੁੱਲੜਬਾਜੀ ਦੀਆਂ ਇਹਨਾਂ ਘਟਨਾਵਾਂ ਵਿੱਚ ਮੁੜ ਵਾਧਾ ਵੇਖਿਆ ਜਾ ਰਿਹਾ ਹੈ ਅਤੇ ਹੁੱਲੜਬਾਜਾਂ ਦੇ ਇਹ ਟੋਲੇ ਸ਼ਹਿਰ ਦੀਆਂਵੱਖ ਵੱਖ ਮਾਰਕੀਟਾਂ ਵਿੱਚ ਆਮ ਦਿਖਦੇ ਹਨ। ਇਸ ਦੌਰਾਨ ਫੇਜ਼ 3 ਬੀ ਦੀ ਮਾਰਕੀਟ (ਜਿਸਨੂੰ ਅਜਿਹੇ ਮਨਚਲਿਆਂ ਵਲੋਂ ਗੇੜੀ ਰੂਟ ਲਈ ਸਭਤੋਂ ਵੱਧ ਵਰਤਿਆ ਜਾਂਦਾ ਸੀ) ਵਿੱਚ ਪੁਲੀਸ ਵਲੋਂ ਕੀਤੀ ਗਈ ਸਖਤੀ ਕਾਰਨ ਉੱਥੇ ਵਾਹਨ ਚਾਲਕਾਂ ਦੀ ਹੁਲੱੜਬਾਜੀ ਕੱਝ ਹੱਦ ਤਕ ਘੱਟ ਜਰੂਰ ਹੋਈ ਹੈ ਪਰੰਤੂ ਰੇਹੜੀਆਂ ਫੜੀਆਂ ਤੇ ਇਹਨਾਂ ਹੁਲੱੜਬਾਜਾਂ ਦੀ ਭੀੜ ਪਹਿਲਾਂ ਵਾਂਗ ਹੀ ਦਿਖਦੀ ਹੈ। ਮਾਰਕੀਟਾਂ ਵਿੱਚ ਟਿਕਾਣੇ ਬਣਾ ਕੇ ਖੜ੍ਹਦੇ ਇਹਨਾਂ ਸ਼ੋਹਦਿਆਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਲੋਕ ਮਾਰਕੀਟਾਂ ਵਿੱਚ ਆਉਣ ਤੋਂ ਹੀ ਡਰਦੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਦਿਵਾਲੀ ਦਾ ਤਿਉਹਾਰ ਭਾਵੇਂ ਲੰਘ ਗਿਆ ਹੈ ਪਰੰਤੂ ਫਿਰ ਵੀ ਬਾਜਾਰਾਂ ਵਿੱਚ ਕਾਫੀ ਰੌਣਕ ਦਿਖਦੀ ਹੈ। ਅਤੇ ਬਾਜਾਰਾਂ ਵਿੱਚ ਭੀੜ ਭੜੱਕਾ ਵੀ ਹੁੰਦਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਸਮੇਤ ਬਾਜਾਰਾਂ ਵਿੱਚ ਪਹੁੰਚਦੇ ਹਨ। ਪਰੰਤੂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਇਹਨਾਂ ਲੋਕਾਂ ਨੂੰ ਉਸ ਵੇਲੇ ਕਾਫੀ ਜਿਆਦਾ ਨਮੋਸ਼ੀ ਸਹਿਣੀ ਪੈਂਦੀ ਹੈ ਜਦੋਂ ਉਹਨਾਂ ਦਾ ਸਾਮ੍ਹਣਾ ਜਨਤਕ ਥਾਵਾਂ ਤੇ ਇਕੱਠੇ ਹੋਣ ਵਾਲੇ ਹੁਲੱੜਬਾਜ ਕਿਸਮ ਦੇ ਨੌਜਵਾਨਾਂ ਨਾਲ ਹੁੰਦਾ ਹੈ। ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੇ ਆਸਪਾਸ ਅਜਿਹੇ ਵਿਹਲੜ ਨੌਜਵਾਨਾਂ ਦੀਆਂ ਮੰਡਲੀਆਂ ਆਮ ਨਜਰ ਆਉਂਦੀਆਂ ਹਨ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਟਿੱਚਰਾਂ ਤਕ ਕਰਦੇ ਹਨ।

ਸ਼ਹਿਰ ਦੀਆਂ ਮਾਰਕੀਟਾਂ ਅਤੇ ਜਨਤਕ ਥਾਵਾਂ ਤੇ ਦੇਰ ਰਾਤ ਤਕ ਡੇਰਾ ਜਮਾਉਣ ਵਾਲੇ ਇਹ ਹੁਲੱੜਬਾਜ ਕਈ ਵਾਰ ਖੁੱਲੀ ਥਾਂ ਤੇ ਸ਼ਰਾਬ ਪੀਂਦੇ ਵੀ ਨਜਰ ਆ ਜਾਂਦੇ ਹਨ ਅਤੇ ਇਹਨਾਂ ਕਾਰਨ ਸ਼ਹਿਰ ਦਾ ਸ਼ਾਂਤ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਹਨਾਂ ਸ਼ੋਹਦਿਆਂ (ਜਿਹਨਾਂ ਵਿੱਚ ਜਿਆਦਾਤਰ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ) ਵਲੋਂ ਗਲੀ ਮੁਹੱਲਿਆਂ ਵਿੱਚ ਖੁੱਲੀਆਂ ਜੀਪਾਂ ਅਤੇ ਮੋਟਰਸਾਈਕਲਾਂ ਤੇ ਗੇੜੀਆਂ ਕੱਢਣ ਅਤੇ ਲੋਕਾਂ ਨਾਲ ਦੁਰਵਿਵਹਾਰ ਅਤੇ ਲੜਾਈ ਝਗੜੇ ਦੀਆਂ ਕਾਰਵਾਈਆਂ ਵੀ ਆਮ ਹਨ। ਆਪਣੀਆਂ ਕਾਰਵਾਈਆਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਹੁੱਲੜਬਾਜਾਂ ਦਾ ਮੁੱਖ ਨਿਸ਼ਾਨਾ ਅਕਸਰ ਨੌਜਵਾਨ ਕੁੜੀਆਂ ਹੁੰਦੀਆਂ ਹਨ ਜਿਹਨਾਂ ਉੱਪਰ ਆਪਣਾ ਫਿਜੂਲ ਦਾ ਰੌਹਬ ਜਮਾਉਣ ਲਈ ਇਹ ਗੁੰਡਾ ਅਨਸਰ ਇਹ ਸਾਬਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਨਾ ਤਾਂ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਹੈ ਅਤੇ ਨਾ ਹੀ ਕੋਈ ਉਹਨਾਂ ਦਾ ਕੋਈ ਕੁੱਝ ਵਿਗਾੜ ਹੀ ਸਕਦਾ ਹੈ। ਇਹ ਹੁਲੱੜਬਾਜ ਜਦੋਂ ਖੁੱਲੀਆਂ ਗੱਡੀਆਂ ਵਿੱਚ ਬਹੁਤ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹੋਏ ਨਿਕਲਦੇ ਹਨ ਤਾਂ ਇਸ ਕਾਰਨ ਆਸਪਾਸ ਦਾ ਮਾਹੌਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਇਸ ਸੰਬੰਧੀ ਭਾਵੇਂ ਪੁਲੀਸ ਵਲੋਂ ਸਮੇਂ ਸਮੇਂ ਤੇ ਨਾਕੇਬੰਦੀ ਕਰਕੇ ਅਜਿਹੇ ਨੌਜਵਾਨਾਂ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ ਜਿਸਦਾ ਅਸਰ ਵੀ ਨਜਰ ਆਉਂਦਾ ਹੈ ਅਤੇ ਪੁਲੀਸ ਦੀ ਕਾਰਵਾਈ ਤੋਂ ਡਰਦੇ ਇਹ ਹੁੱਲੜਬਾਜ (ਥੋੜ੍ਹੇ ਸਮੇਂ ਲਈ) ਗਾਇਬ ਵੀ ਹੋ ਜਾਂਦੇ ਹਨ ਪਰੰਤੂ ਪੁਲੀਸ ਦੀ ਕਾਰਵਾਈ ਦੇ ਰੁਕਦਿਆਂ ਹੀ ਇਹ ਵਾਪਸ ਪਰਤ ਆਉਂਦੇ ਹਨ। ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਗੁੰਡਾ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਵਾਸਤੇ ਮਾਰਕੀਟਾਂ ਵਿੱਚ ਵਿਸ਼ੇਸ਼ ਤੌਕ ਤੇ ਪੁਲੀਸ ਫੋਰਸ ਦੀ ਤੈਨਾਤੀ ਕੀਤੀ ਜਾਵੇ ਜਿਸ ਵਲੋਂ ਸ਼ਹਿਰ ਵਾਸੀਆਂ ਦੇ ਦਿਲੋ ਦਿਮਾਗ ਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲਗਾਤਾਰ ਵਾਪਰਦੀਆਂ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਤੇ ਕਾਬੂ ਕਰਨ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਵਿੱਚ ਵੱਧ ਰਹੀ ਅਸੁਰਖਿਆ ਦੀ ਭਾਵਨਾ ਨੂੰ ਕਾਬੂ ਕਰਕੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਹਾਲ ਰੱਖਿਆ ਜਾ ਸਕੇ।

 

Continue Reading

Editorial

ਕਦੋਂ ਲੱਗੇਗੀ ਸੜਕ ਹਾਦਸਿਆਂ ਦੀ ਰਫ਼ਤਾਰ ਨੂੰ ਬਰੇਕ?

Published

on

By

 

ਪੰਜਾਬ ਵਿੱਚ ਇਸ ਸਮੇਂ ਧੁਆਂਖੀ ਧੁੰਦ ਛਾਉਣ ਲੱਗ ਗਈ ਹੈ, ਜਿਸ ਕਰਕੇ ਦਿਨ ਵੇਲੇ ਵੀ ਵਾਹਨਾਂ ਨੂੰ ਲਾਈਟਾਂ ਜਗਾ ਕੇ ਚਲਾਉਣਾ ਪੈ ਰਿਹਾ ਹੈ। ਅਜਿਹੇ ਮੌਸਮ ਵਿੱਚ ਰਾਤ ਸਮੇਂ ਵਾਹਨ ਚਲਾਉਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੀ ਵੱਧ ਗਿਆ ਹੈ।

ਪੰਜਾਬ ਵਿੱਚ ਜਿਵੇਂ ਜਿਵੇਂ ਵਾਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਸੇ ਹਿਸਾਬ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਾਲਾਂਕਿ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਵਿੱਚ ਅਨੇਕਾਂ ਨਵੀਆਂ ਸੜਕਾਂ ਬਣੀਆਂ ਹਨ ਅਤੇ ਦੋ ਮਾਰਗੀ ਸੜਕਾਂ ਨੂੰ ਚਾਰ ਮਾਰਗੀ ਸੜਕਾਂ ਵਿੱਚ ਵੀ ਬਦਲਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚੋਂ ਨਿਕਲਦੇ ਨੈਸ਼ਨਲ ਹਾਈਵੇ ਵੀ ਚੰਗੀ ਹਾਲਤ ਵਿੱਚ ਹਨ। ਪਰੰਤੂ ਇਸ ਦੇ ਬਾਵਜੂਦ ਸੜਕ ਹਾਦਸਿਆਂ ਦੀ ਰਫਤਾਰ ਨੂੰ ਅਜੇ ਤਕ ਬਰੇਕਾਂ ਨਹੀਂ ਲੱਗ ਸਕੀਆਂ ਹਨ।

ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਵੀ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਹਨਾਂ ਦੇ ਵੱਖ ਵੱਖ ਕਾਰਨ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਸਾਲ ਗਲੋਬਲ ਰੋਡ ਸੇਫਟੀ ਵੀਕ ਦੌਰਾਨ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ ਅਨੁਸਾਰ ਵਿਸ਼ਵ ਪੱਧਰ ਤੇ ਹਰ ਸਾਲ ਸੜਕ ਹਾਦਸਿਆਂ ਵਿੱਚ 1.35 ਮਿਲੀਅਨ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ 50 ਮਿਲੀਅਨ ਤੋਂ ਵੱਧ ਲੋਕਾਂ ਨੂੰ ਗੰਭੀਰ ਸੱਟਾਂ ਲੱਗਦੀਆਂ ਹਨ।

ਰਿਪੋਰਟ ਮੁਤਾਬਕ ਦੁਨੀਆ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 11 ਫੀਸਦੀ ਹਿੱਸਾ ਭਾਰਤ ਦਾ ਹੈ। ਸੜਕ ਹਾਦਸਿਆਂ ਕਾਰਨ ਭਾਰਤ ਨੂੰ ਹੋਏ ਨੁਕਸਾਨ ਦੇ ਵਿਸ਼ਵ ਬੈਂਕ ਦੇ ਮੁਲਾਂਕਣ ਦੇ ਅਨੁਸਾਰ, 18-45 ਸਾਲ ਦੀ ਉਮਰ ਦੇ ਲੋਕਾਂ ਵਿੱਚ ਸੜਕ ਹਾਦਸਿਆਂ ਕਾਰਨ ਮੌਤ ਦਰ ਸਭ ਤੋਂ ਵੱਧ 69 ਪ੍ਰਤੀਸ਼ਤ ਹੈ। ਇਸ ਤੋਂ ਇਲਾਵਾ, 54 ਪ੍ਰਤੀਸ਼ਤ ਮੌਤਾਂ ਅਤੇ ਗੰਭੀਰ ਸੱਟਾਂ ਦੇ ਮਾਮਲੇ ਮੁੱਖ ਤੌਰ ਤੇ ਕਮਜ਼ੋਰ ਵਰਗਾਂ ਜਿਵੇਂ ਕਿ ਪੈਦਲ ਚੱਲਣ ਵਾਲੇ, ਸਾਇਕਲ ਸਵਾਰਾਂ ਅਤੇ ਦੋਪਹੀਆ ਵਾਹਨ ਸਵਾਰਾਂ ਆਦਿ ਵਿੱਚ ਦੇਖੇ ਜਾਂਦੇ ਹਨ। ਭਾਰਤ ਵਿੱਚ 5-29 ਸਾਲ ਦੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਵਿੱਚ ਮੌਤ ਦਾ ਮੁੱਖ ਕਾਰਨ ਸੜਕ ਹਾਦਸੇ ਹਨ।

ਵਿਸ਼ਵ ਸੜਕ ਅੰਕੜਿਆਂ ਦੇ ਅਨੁਸਾਰ, 2018 ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਸਥਾਨ ਤੇ ਹੈ। ਇਸ ਤੋਂ ਬਾਅਦ ਚੀਨ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਸੜਕ ਹਾਦਸੇ ਆਮ ਤੌਰ ਤੇ ਤੇਜ਼ ਰਫਤਾਰ ਅਤੇ ਗਲਤ ਪਾਸੇ ਤੋਂ ਵਾਹਨ ਚਲਾਉਣ ਕਾਰਨ ਵਾਪਰਦੇ ਹਨ। ਇਸ ਸਮੇਂ ਧੁਆਂਖੀ ਧੁੰਦ ਕਾਰਨ ਪਹਿਲਾਂ ਹੀ ਸੜਕਾਂ ਤੇ ਦੂਰ ਤਕ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ, ਅਜਿਹੇ ਮੌਸਮ ਵਿੱਚ ਅਚਾਨਕ ਹੀ ਕੋਈ ਵਾਹਨ ਉਲਟੀ ਦਿਸ਼ਾ ਵਿਚੋਂ ਆ ਜਾਵੇ ਜਾਂ ਲਿੰਕ ਰੋਡ ਜਾਂ ਕੱਚੇ ਰਸਤੇ ਤੋਂ ਅਚਾਨਕ ਹੀ ਮੁੱਖ ਸੜਕ ਤੇ ਚੜ ਆਵੇ ਤਾਂ ਮੁੱਖ ਸੜਕ ਤੇ ਤੇਜ਼ ਰਫਤਾਰ ਨਾਲ ਜਾ ਰਹੇ ਵਾਹਨਾਂ ਨਾਲ ਉਸਦੀ ਟੱਕਰ ਹੋਣ ਦਾ ਖਤਰਾ ਬਣ ਜਾਂਦਾ ਹੈ। ਖਰਾਬ ਮੌਸਮ ਕਾਰਨ ਭਾਵੇਂ ਵਾਹਨਾਂ ਦੀ ਰਫਤਾਰ ਮੱਠੀ ਹੁੰਦੀ ਹੈ ਪਰ ਡਿਊਟੀ ਅਤੇ ਹੋਰ ਕੰਮ ਧੰਦਿਆਂ ਨੂੰ ਜਾਣ ਵਾਲੇ ਲੋਕਾਂ ਨੇ ਸਮੇਂ ਸਿਰ ਆਪਣੀ ਮੰਜਿਲਾ ਤੇ ਪਹੁੰਚਣਾ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਤੇਜ ਰਫਤਾਰ ਵਾਹਨ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ। ਉਂਝ ਵੀ ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਤੇ ਵਾਹਨ ਤੇਜ਼ ਰਫਤਾਰ ਵਿੱਚ ਹੀ ਚੱਲਦੇ ਹਨ। ਇਸ ਕਰਕੇ ਕੱਚੇ ਰਸਤਿਆਂ, ਲਿੰਕ ਰੋਡਾਂ ਅਤੇ ਨਾਜਾਇਜ਼ ਕੱਟਾਂ ਤੋਂ ਮੁੱਖ ਸੜਕਾਂ ਤੇ ਆਉਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ‘ਰੋਡ ਐਕਸੀਡੈਂਟਸ ਇਨ ਇੰਡੀਆ’ ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 68 ਫ਼ੀਸਦੀ ਮੌਤਾਂ ਪੇਂਡੂ ਖੇਤਰਾਂ ਵਿੱਚ ਹੋਈਆਂ, ਜਦੋਂ ਕਿ ਕੁੱਲ ਹਾਦਸਿਆਂ ਵਿੱਚ ਸ਼ਹਿਰੀ ਖੇਤਰਾਂ ਦਾ ਯੋਗਦਾਨ 32 ਫ਼ੀਸਦੀ ਸੀ। ਹਾਦਸਿਆਂ ਅਤੇ ਮੌਤਾਂ ਦੋਵਾਂ ਵਿੱਚ ਦੋਪਹੀਆ ਵਾਹਨਾਂ ਦਾ ਸਭ ਤੋਂ ਵੱਧ ਹਿੱਸਾ ਸੀ। ਅਕਸਰ ਵੇਖਣ ਵਿੱਚ ਆਇਆ ਹੈ ਕਿ ਦੋ ਪਹੀਆ ਵਾਹਨ ਚਾਲਕ ਤੇਜ ਰਫਤਾਰ ਨਾਲ ਵਾਹਨ ਚਲਾਉਂਦੇ ਹਨ। ਇਸ ਤੋਂ ਇਲਾਵਾ ਸਕੂੁਲੀ ਬੱਚੇ ਵੀ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਵਾਹਨਾਂ ਨਾਲ ਸੜਕਾਂ ਤੇ ਕਰਤੱਬ ਦਿਖਾਉਂਦੇ ਹਨ। ਇਸ ਕਾਰਨ ਵੀ ਅਕਸਰ ਹਾਦਸੇ ਵਾਪਰ ਜਾਂਦੇ ਹਨ।

ਸੜਕ ਹਾਦਸੇ ਰੋਕਣ ਲਈ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਤੇਜ ਰਫਤਾਰ ਵੀ ਸੀਮਿਤ ਕੀਤੀ ਜਾਣੀ ਚਾਹੀਦੀ ਹੈ। ਸੜਕਾਂ ਚੌੜੀਆਂ ਕਰਨ ਸਮੇਂ ਸੜਕ ਹਾਦਸੇ ਰੋਕਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਬਿਊਰੋ

Continue Reading

Editorial

ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ

Published

on

By

 

ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਜ਼ਿਮਨੀ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਚੋਣ ਲੜ ਰਹੀਆਂ ਸਾਰੀਆਂ ਧਿਰਾਂ ਆਪੋ ਆਪਣੀ ਜਿੱਤ ਲਈ ਪੱਬਾਂ ਭਾਰ ਹਨ। ਅਕਾਲੀ ਦਲ ਬਾਦਲ ਇਹਨਾਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ ਅਤੇ ਇਸ ਸਮੇਂ ਇਹਨਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਹੈ। ਤਿੰਨੇ ਪਾਰਟੀਆਂ ਦੇ ਆਗੂ ਆਪੋ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਹਨ।

ਦਿਲਚਸਪ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਵੱਲੋਂ ਹਿੱਸਾ ਨਾ ਲੈਣ ਦੇ ਬਾਵਜੂਦ ਚਾਰੇ ਸੀਟਾਂ ਤੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਅਤੇ ਚੋਣ ਲੜ ਰਹੀਆਂ ਪਾਰਟੀਆਂ ਵਿੱਚ ਸਿਰ ਧੜ ਦੀ ਬਾਜੀ ਲੱਗ ਗਈ ਹੈ।

ਸਿਆਸੀ ਪਾਰਟੀਆਂ ਨੇ ਇਹਨਾਂ ਚੋਣਾਂ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ ਅਤੇ ਇਹ ਚਾਰੇ ਹਲਕੇ ਚੋਣ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਗਏ ਹਨ। ਇਹਨਾਂ ਹਲਕਿਆਂ ਵਿੱਚ ਹਰ ਪਾਸੇ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ। ਇਹਨਾਂ ਹਲਕਿਆਂ ਦੇ ਵੋਟਰਾਂ ਨਾਲ ਗੱਲਬਾਤ ਕਰਨ ਤੇ ਉਹ ਕਹਿੰਦੇ ਹਨ ਕਿ ਉਹ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਵਰਕਰ ਤੇ ਸਮਰਥਕ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟਾਂ ਪਾਉਣ ਦੀ ਗੱਲ ਕਹਿੰਦੇ ਹਨ।

ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਨੂੰ ਆਪਣੀ ਸਰਕਾਰ ਵੱਲੋਂ ਦਿਤੀ ਮੁਫਤ ਬਿਜਲੀ ਅਤੇ ਹੋਰ ਸਹੂਲਤਾਂ ਦੇ ਆਧਾਰ ਤੇ ਵੋਟਾਂ ਮੰਗ ਰਹੀ ਹੈ, ਜਦੋਂਕਿ ਦੂਜੀਆਂ ਸਿਆਸੀ ਪਾਰਟੀਆਂ ਹਰ ਮੋਰਚੇ ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਇਹਨਾਂ ਚੋਣਾਂ ਦੌਰਾਨ ਇਹ ਗੱਲ ਵੀ ਵੇਖਣ ਵਿੱਚ ਆਈ ਕਿ ਕਿਸੇ ਵੀ ਸਿਆਸੀ ਪਾਰਟੀ ਕੋਲ ਪੰਜਾਬ ਦੇ ਮੁੱਖ ਮਸਲਿਆਂ ਨੂੰ ਹੱਲ ਕਰਨ ਲਈ ਕੋਈ ਠੋਸ ਉਪਾਅ ਜਾਂ ਪ੍ਰੋਗਰਾਮ ਨਹੀਂ ਹੈ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਇੱਕੋ ਇੱਕ ਮਕਸਦ ਚੋਣਾਂ ਜਿੱਤਣਾ ਹੀ ਹੈ।

ਇਸ ਸਮੇਂ ਪੰਜਾਬ ਵਿੱਚ ਧੁਆਂਖੀ ਧੁੰਦ ਛਾਈ ਹੋਈ ਹੈ, ਇਸ ਦੇ ਬਾਵਜੂਦ ਜ਼ਿਮਨੀ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਵਿਚੋਂ ਕਿਸੇ ਨੇ ਵੀ ਵਾਤਾਵਰਣ ਨੂੰ ਚੋਣ ਮੁੱਦਾ ਨਹੀਂ ਬਣਾਇਆ, ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਇਹ ਸਿਆਸੀ ਪਾਰਟੀਆਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਕਿੰਨੀਆਂ ਕੁ ਫਿਕਰਮੰਦ ਹਨ। ਸਾਰੇ ਸਿਆਸੀ ਆਗੂਆਂ ਦਾ ਜੋਰ ਆਪਣੀ ਪਾਰਟੀ ਦੇ ਉਮੀਦਵਾਰਾਂ ਤੇ ਪਾਰਟੀ ਦੇ ਗੁਣ ਗਾਉਣ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਨਿਖੇਧੀ ਕਰਨ ਤੇ ਲੱਗ ਰਿਹਾ ਹੈ।

ਜਿਵੇਂ ਜਿਵੇਂ ਵੋਟਾਂ ਪੈਣ ਦਾ ਦਿਨ ਨੇੜੇ ਆਵੇਗਾ ਚੋਣ ਸਥਿਤੀ ਹੋਰ ਸਪਸ਼ਟ ਹੁੰਦੀ ਜਾਵੇਗੀ। ਇਸ ਸਮੇਂ ਤਾਂ ਜ਼ਿਮਨੀ ਚੋਣਾਂ ਵਾਲੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਖ਼ਤ ਮੁਕਾਬਲੇ ਹੁੰਦੇ ਦਿਖਾਈ ਦੇ ਰਹੇ ਹਨ।

ਬਿਊਰੋ

Continue Reading

Latest News

Trending